Source :- BBC PUNJABI

ਤਸਵੀਰ ਸਰੋਤ, Shahid Saleem
“ਅਸੀਂ ਪੰਜਾਬੀ ਤੁਹਾਡੇ ਆਪਣੇ ਹਾਂ…ਸਾਨੂੰ ਪੰਜਾਬ ਦੇ ਪਿਆਰ ਬਾਰੇ ਪੂਰੀ ਦੁਨੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਦੋ ਨਹੀਂ, ਸਗੋਂ ਅਸੀਂ ਇੱਕ ਹੀ ਹਾਂ।”
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਪੁਲਿਸ ਹੈੱਡ ਕਾਂਸਟੇਬਲ ਅਤੇ ਸਿੱਖ ਸ਼ਰਧਾਲੂਆਂ ਵਿਚਕਾਰ ਹੋਈ ਇਹ ਗੱਲਬਾਤ ਦੋਵੇਂ ਦੇਸ਼ਾਂ ਦੇ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ।
ਦਰਅਸਲ, ਇਹ ਗੱਲਬਾਤ ਉਸ ਮੌਕੇ ਦੀ ਹੈ ਜਦੋਂ ਪਾਕਿਸਤਾਨ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਸ਼ਾਹਿਦ ਸਲੀਮ ਗੁੱਜਰ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਪਹੁੰਚੇ ਦੁਨੀਆਂ ਭਰ ਦੇ ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ।
ਲਹਿੰਦੇ ਪੰਜਾਬ ਦੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਬਾਰੇ ਲਿਖਿਆ, ”ਕਿ ਸ਼ਾਹਿਦ ਦੀ “ਸੂਫੀ ਕਵਿਤਾ” ਨੇ ਸਿੱਖ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ… ਸ਼ਾਹਿਦ ਵਰਗੇ ਅਧਿਕਾਰੀ ਪੰਜਾਬ ਪੁਲਿਸ ਦਾ ਮਾਣ ਹਨ।”
ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ

ਤਸਵੀਰ ਸਰੋਤ, Punjab Police
ਸ਼ਾਹਿਦ ਨੇ ਉੱਥੋਂ ਸਿੱਖ ਸ਼ਰਧਾਲੂਆਂ ਦਾ ਸਵਾਗਤ ਹਜ਼ਰਤ ਮੀਆਂ ਮੁਹੰਮਦ ਬਖ਼ਸ਼ ਦੇ ਇਨ੍ਹਾਂ ਰੂਹਾਨੀ ਸ਼ਬਦਾਂ ਨਾਲ ਕੀਤਾ –
”ਤੁਰ ਗਏ ਯਾਰ ਮੁਹੱਬਤਾਂ ਵਾਲੇ..ਤੇ ਲੈ ਗਏ ਨਾਲ ਹਾਸੇ।
ਦਿਲ ਨਈਓਂ ਲੱਗਦਾ ਯਾਰ ਮੁਹੰਮਦ..ਦੱਸੋ ਜਾਈਏ ਕਿਹੜੇ ਪਾਸੇ।”
”ਜਿਹੜੀ ਮਹਿੰਦੀ ਮਾਂ ਰੰਗ ਨਾ ਦੇਵੇ..ਕੀ ਫਿਰ ਉਸ ਦਾ ਲਾਉਣਾ।
ਜਿੱਥੇ ਗਿਆਂ ਦੀ ਕਦਰ ਨਾ ਹੋਵੇ..ਕੀ ਫਿਰ ਉੱਥੇ ਜਾਣਾ।”
ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਜਿਸ ਵੇਲੇ ਸ਼ਾਹਿਦ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨੂੰ ਚਾਰੇ ਪਾਸਿਓਂ ਸਿੱਖ ਸ਼ਰਧਾਲੂਆਂ ਨੇ ਘੇਰਿਆ ਹੋਇਆ ਹੈ, ਜੋ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।
ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕੁਝ ਸਿੱਖ ਸ਼ਰਧਾਲੂਆਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਕੁਝ ਨੇ ਭਾਵੁਕ ਹੁੰਦਿਆਂ ਉਨ੍ਹਾਂ ਨੂੰ ਗਲ਼ ਨਾਲ ਲਾ ਲਿਆ।
‘ਸ਼ਾਹਿਦ ਪੁੱਤਰ’

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਾਹਿਦ ਸਲੀਮ ਗੁੱਜਰ 11 ਸਾਲ ਪਹਿਲਾਂ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ ਅਤੇ ਉਦੋਂ ਤੋਂ ਸ਼ੇਖੂਪੁਰਾ ਵਿੱਚ ਹੈੱਡ ਕਾਂਸਟੇਬਲ ਹਨ।
ਉਹ ਪੰਜਾਬ ਦੇ ਕਈ ਇਲਾਕਿਆਂ ਵਿੱਚ ਇੱਕ ਜਾਣੇ-ਪਛਾਣੇ ਨਾਅਤ ਖ਼ਵਾਨ ਵਜੋਂ ਵੀ ਜਾਣੇ ਜਾਂਦੇ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਸ਼ਾਹਿਦ ਨੇ ਕਿਹਾ, “ਮੈਂ ਆਪਣੀ ਪਾਸਿੰਗ ਆਊਟ ਪਰੇਡ ਵਿੱਚ ਵੀ ਇੱਕ ਨਾਅਤ ਪੜ੍ਹੀ ਸੀ।”
ਉਨ੍ਹਾਂ ਕਿਹਾ, “ਨਾਅਤ ਪੜ੍ਹਨ ਤੋਂ ਬਾਅਦ, ਮੈਨੂੰ ਸੂਫ਼ੀ ਕਵਿਤਾ ਵਿੱਚ ਦਿਲਚਸਪੀ ਹੋ ਗਈ, ਜਿਸ ਵਿੱਚ ਮੈਂ ਜ਼ਿਆਦਾਤਰ ਆਪਣੀ ਮਾਂ, ਪਿਤਾ, ਭੈਣਾਂ, ਧੀਆਂ ਅਤੇ ਭਰਾਵਾਂ ਦੇ ਸਨਮਾਨ ਵਿੱਚ ਕਵਿਤਾਵਾਂ ਪੜ੍ਹਦਾ ਹਾਂ।”
ਸ਼ਾਹਿਦ ਸਲੀਮ ਨੇ ਕਿਹਾ ਕਿ ਉਹ ਜ਼ਿਆਦਾਤਰ ਮੀਆਂ ਮੁਹੰਮਦ ਬਖ਼ਸ਼, ਖਵਾਜਾ ਗੁਲਾਮ ਫਰੀਦ ਅਤੇ ਵਾਰਿਸ ਸ਼ਾਹ ਦੀ ਕਵਿਤਾ ਪੜ੍ਹਦੇ ਹਨ।
ਉਨ੍ਹਾਂ ਕਿਹਾ, “ਜਿਵੇਂ-ਜਿਵੇਂ ਮੈਂ ਉਨ੍ਹਾਂ ਦੇ ਸ਼ਬਦਾਂ ਨੂੰ ਪੜ੍ਹਿਆ ਅਤੇ ਸਮਝਿਆ, ਮੇਰੇ ਲਈ ਮਨੁੱਖਤਾ ਦੇ ਸਬਕ ਖੁੱਲ੍ਹਦੇ ਗਏ।”
ਨਨਕਾਣਾ ਸਾਹਿਬ ਵਿੱਚ ਸਿੱਖਾਂ ਦੀ ਆਮਦ ਦੇ ਚੱਲਦਿਆਂ ਸ਼ਾਹਿਦ ਨੂੰ ਨੇੜੇ ਦੇ ਇੱਕ ਚੈੱਕ ਪੋਸਟ ‘ਤੇ ਨਿਯੁਕਤ ਕੀਤਾ ਗਿਆ ਸੀ।
ਉਹ ਕਹਿੰਦੇ ਹਨ, “ਜਦੋਂ ਮੈਂ ਡਿਊਟੀ ‘ਤੇ ਸੀ, ਤਾਂ ਇਨ੍ਹਾਂ ਸਰਦਾਰਾਂ ਨੇ ਮੈਨੂੰ ਖੁਦ ਪਛਾਣ ਲਿਆ… ਉਨ੍ਹਾਂ ਕਿਹਾ- “ਤੁਸੀਂ ਕੁਰਾਨ ਪੜ੍ਹਦੇ ਹੋ। ਅਸੀਂ ਤੁਹਾਡਾ ਵੀਡੀਓ ਦੇਖਿਆ ਹੈ।”
ਸ਼ਾਹਿਦ ਮੁਤਾਬਕ, “ਮੈਨੂੰ ਯਾਦ ਹੈ ਕਿ ਤਿੰਨ ਸਾਲ ਪਹਿਲਾਂ ਵੀ ਜਦੋਂ ਸਾਡੇ ਸਰਦਾਰ ਭਰਾ ਅਤੇ ਮਾਵਾਂ ਸ਼ੇਖੂਪੁਰਾ ਦੇ ਫਾਰੂਕਾਬਾਦ ਆਏ ਸਨ, ਉਦੋਂ ਵੀ ਮੈਂ ਉਨ੍ਹਾਂ ਨੂੰ ਮਾਂ ਦੀ ਮਹਾਨਤਾ ਬਾਰੇ ਇੱਕ ਧਾਰਮਿਕ ਸਤਰਾਂ ਸੁਣਾਈਆਂ ਸਨ। ਉਨ੍ਹਾਂ ਨੇ ਉਸ ਦਾ ਵੀਡੀਓ ਬਣਾਇਆ, ਜੋ ਭਾਰਤ ਵਿੱਚ ਵਾਇਰਲ ਹੋ ਗਿਆ।”
ਸ਼ਾਹਿਦ ਸਲੀਮ ਗੁੱਜਰ ਨੇ ਦੱਸਿਆ, “ਜਦੋਂ ਮੈਂ ਚੈੱਕ ਪੋਸਟ ਰਾਹੀਂ ਸਰਦਾਰਾਂ ਦੀ ਬੱਸ ਲੈ ਕੇ ਜਾ ਰਿਹਾ ਸੀ, ਤਾਂ ਬੱਸ ਵਿੱਚ ਸਵਾਰ ਮਾਵਾਂ ਨੇ ਕਿਹਾ, ‘ਇਹ ਸ਼ਾਹਿਦ ਪੁੱਤਰ ਹੈ’। ਉਨ੍ਹਾਂ ਨੇ ਮੈਨੂੰ ਉਸੇ ਵੇਲੇ ਉੱਥੇ ਹੀ ਧਾਰਮਿਕ ਸਤਰਾਂ ਸੁਣਾਉਣ ਲਈ ਕਿਹਾ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਫਿਲਹਾਲ ਮੈਂ ਡਿਊਟੀ ‘ਤੇ ਹਾਂ ਤੇ ਵਾਅਦਾ ਕੀਤਾ ਕਿ ਡਿਊਟੀ ਪੂਰੀ ਹੋਣ ‘ਤੇ ਮੈਂ ਉਨ੍ਹਾਂ ਨੂੰ ਸਤਰਾਂ ਜ਼ਰੂਰ ਸੁਣਾਵਾਂਗਾ।”
ਉਨ੍ਹਾਂ ਕਿਹਾ, “ਇਨ੍ਹਾਂ ਹੀ ਲੋਕਾਂ ਨੇ ਸ਼ਾਇਦ ਬਾਕੀ ਸਾਰਿਆਂ ਨੂੰ ਵੀ ਦੱਸ ਦਿੱਤਾ ਅਤੇ ਜਿਵੇਂ ਹੀ ਮੇਰੀ ਡਿਊਟੀ ਖਤਮ ਹੋਈ ਤਾਂ ਕਈ ਸਰਦਾਰ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਏ।”

ਤਸਵੀਰ ਸਰੋਤ, Getty Images
ਸ਼ਰਧਾਲੂਆਂ ਦੀਆਂ ਅੱਖਾਂ ਹੋਈਆਂ ਨਮ
ਸ਼ਾਹਿਦ ਸਲੀਮ ਗੁੱਜਰ ਕਹਿੰਦੇ ਹਨ ਕਿ ਜਦੋਂ ਮੈਂ ਉਨ੍ਹਾਂ ਦੇ ਕਹਿਣ ‘ਤੇ ਉਪਦੇਸ਼ ਪੜ੍ਹ ਰਿਹਾ ਸੀ, ਤਾਂ ਸ਼ਾਇਦ ਅਮਰੀਕਾ ਜਾਂ ਯੂਰਪ ਤੋਂ ਆਏ ਕਿਸੇ ਸਰਦਾਰ ਨੇ ਕਿਹਾ ਕਿ ‘ਸਾਨੂੰ ਪਾਕਿਸਤਾਨ ਤੋਂ ਬਹੁਤ ਖ਼ਤਰਾ ਮਹਿਸੂਸ ਹੰਦਾ ਹੈ। ਪਰ ਪਾਕਿਸਤਾਨ ਵਿੱਚ, ਤੁਸੀਂ ਲੋਕ ਬਹੁਤ ਚੰਗੇ ਹੋ, ਤੁਸੀਂ ਸਾਡਾ ਬਹੁਤ ਧਿਆਨ ਰੱਖਦੇ ਹੋ’।”
ਸ਼ਾਹਿਦ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਮੇਰੀ ਧਰਤੀ ਹੈ ਅਤੇ ਪਾਕਿਸਤਾਨ ਮੇਰਾ ਦੇਸ਼ ਹੈ, ਤੇ ਅਸੀਂ ਇੱਥੇ ਉਨ੍ਹਾਂ ਦੀ ਸੇਵਾ ਅਤੇ ਰੱਖਿਆ ਕਰਨ ਲਈ ਹਾਂ।”
ਸ਼ਾਹਿਦ ਖੁਸ਼ ਹੁੰਦੇ ਹਨ ਜਦੋਂ ਸਿੱਖ ਸ਼ਰਧਾਲੂ ਉਨ੍ਹਾਂ ਨੂੰ ਕੁਝ ਸੁਣਾਉਣ ਲਈ ਕਹਿੰਦੇ ਹਨ। ਉਨ੍ਹਾਂ ਕਿਹਾ, ‘ਮੈਂ ਥੱਕਿਆ ਹੋਇਆ ਸੀ, ਮੈਂ ਹੁਣੇ ਡਿਊਟੀ ਖਤਮ ਕੀਤੀ ਸੀ। ਪਰ ਉਹ ਸਾਡਾ ਮਹਿਮਾਨ ਸੀ ਅਤੇ ਜੇਕਰ ਉਹ ਮੈਨੂੰ, ਪਾਕਿਸਤਾਨ ਅਤੇ ਪੰਜਾਬ ਨੂੰ ਪਿਆਰ ਕਰਦਾ ਹੈ ਤਾਂ ਇਸ ਸੰਭਵ ਹੀ ਨਹੀਂ ਸੀ ਕਿ ਮੈਂ ਉਸ ਦੀ ਬੇਨਤੀ ਨੂੰ ਠੁਕਰਾ ਦੇਵਾਂ।”
ਸ਼ਾਹਿਦ ਸਲੀਮ ਗੁੱਜਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮਾਪਿਆਂ ਦੇਹਾਂਤ ਹੋ ਚੁੱਕਿਆ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮੈਨੂੰ ਆਪਣੇ ਮਾਪਿਆਂ ਦੀ ਮਹਾਨਤਾ ਬਾਰੇ ਕੁਝ ਸੁਣਾਉਣ ਲਈ ਕਿਹਾ।
ਸ਼ਾਹਿਦ ਅਨੁਸਾਰ, ”ਉਨ੍ਹਾਂ ਦੇ ਸ਼ਬਦ ਸੁਣ ਕੇ ਕੇ ਅਜਿਹੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉੱਥੇ ਮੌਜੂਦ ਮਾਵਾਂ ਨੇ ਮੇਰੇ ਹੱਥ ਚੁੰਮਣੇ ਸ਼ੁਰੂ ਕਰ ਦਿੱਤੇ।”

ਤਸਵੀਰ ਸਰੋਤ, Shahid Saleem
ਉਹ ਕਹਿੰਦੇ ਹਨ ਕਿ ਕੁਝ ਸਿੱਖ ਸ਼ਰਧਾਲੂਆਂ ਦੀ ਬੇਨਤੀ ‘ਤੇ ਉਨ੍ਹਾਂ ਨੂੰ ਲਾਹੌਰ ਵੀ ਆਉਣਾ ਪਿਆ ਤੇ ਇਸ ਦੇ ਲਈ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਇਜਾਜ਼ਤ ਵੀ ਲੈਣੀ ਪਈ।
ਸ਼ਾਹਿਦ ਸਲੀਮ ਮੁਤਾਬਕ, “ਅੱਜ ਮੇਰਾ ਵੀਡੀਓ ਵਾਇਰਲ ਹੋਣ ਦਾ ਕਾਰਨ ਮੇਰੇ ਮਾਪਿਆਂ, ਭੈਣ-ਭਰਾਵਾਂ ਅਤੇ ਧੀਆਂ ਲਈ ਮੇਰਾ ਪਿਆਰ ਹੈ। ਮਾਂ ਦੀ ਮਹਾਨਤਾ ਤੋਂ ਵੱਡਾ ਕੁਝ ਵੀ ਨਹੀਂ ਹੈ ਅਤੇ ਇਹ ਉਸਦੀਆਂ ਪ੍ਰਾਰਥਨਾਵਾਂ ਦਾ ਨਤੀਜਾ ਹੈ।”
ਦਿੱਲੀ ਤੋਂ ਪਹੁੰਚੇ ਰਣਜੀਤ ਸਿੰਘ ਵੀ ਸ਼ਾਹਿਦ ਗੁੱਜਰ ਦੇ ਸਰੋਤਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਕਿ ਉਨ੍ਹਾਂ ਦੇ ਪਿਤਾ ਦਾ ਦੋ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਸ਼ਾਹਿਦ ਨੂੰ ਸੁਣਨ ਤੋਂ ਬਾਅਦ, ਉਹ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ।”
ਲਾਹੌਰ ਦੇ ਅਜ਼ਾਦੀ ਚੌਕ ‘ਚ ਸ਼ਮੀਮ ਚੌਹਾਨ ਨਾਮਕ ਇੱਕ ਮਹਿਲਾ ਨੇ ਕਿਹਾ ਕਿ “ਮੇਰੇ ਮਾਤਾ-ਪਿਤਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਕੁਝ ਸਮਾਂ ਪਹਿਲਾਂ ਮੈਨੂੰ ਸੋਸ਼ਲ ਮੀਡੀਆ ‘ਤੇ ਸ਼ਾਹਿਦ ਦੇ ਸ਼ਬਦ ਸੁਣਨ ਨੂੰ ਮਿਲੇ। ਉਨ੍ਹਾਂ ਨੇ ਆਪਣੀ ਮਾਂ ਬਾਰੇ ਜੋ ਸ਼ਬਦ ਕਹੇ, ਉਨ੍ਹਾਂ ਨੇ ਮੈਨੂੰ ਇੰਝ ਮਹਿਸੂਸ ਕਰਵਾਇਆ ਜਿਵੇਂ ਕਿਸੇ ਨੇ ਮੇਰਾ ਦਿਲ ਕੱਢ ਲਿਆ ਹੋਵੇ। ਉਹ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ।”
“ਹੁਣ ਜਦੋਂ ਮੈਂ ਸ਼ਾਹਿਦ ਨੂੰ ਦੇਖਿਆ, ਤਾਂ ਮੈਂ ਉਨ੍ਹਾਂ ਦੇ ਹੱਥ ਚੁੰਮਣੋਂ ਰਹਿ ਨਾ ਸਕੀ। ਅਸੀਂ ਸ਼ਨੀਵਾਰ ਨੂੰ ਚਲੇ ਜਾਵਾਂਗੇ। ਪਰ ਮੈਂ ਪਾਕਿਸਤਾਨ ਅਤੇ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਸ਼ਾਹਿਦ ਨਾਲ ਮੁਲਾਕਾਤ ਨੂੰ ਕਦੇ ਨਹੀਂ ਭੁੱਲਾਂਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI