Home ਰਾਸ਼ਟਰੀ ਖ਼ਬਰਾਂ ਵਿਗਿਆਨ ਪੜ੍ਹ ਕੇ ਫ਼ਿਲਮਾਂ ਵੱਲ ਮੁੜੀ ਪੰਜਾਬਣ ਦਾ ਤਜਰਬਾ, ‘ਮਿਹਨਤ ਦਾ ਕੋਈ...

ਵਿਗਿਆਨ ਪੜ੍ਹ ਕੇ ਫ਼ਿਲਮਾਂ ਵੱਲ ਮੁੜੀ ਪੰਜਾਬਣ ਦਾ ਤਜਰਬਾ, ‘ਮਿਹਨਤ ਦਾ ਕੋਈ ਬਦਲ ਨਹੀਂ’

2
0

Source :- BBC PUNJABI

ਗੁਰਪ੍ਰੀਤ ਕੌਰ

ਕਈ ਵਾਰ ਮੁਕੱਦਰ ਸਾਨੂੰ ਉਨ੍ਹਾਂ ਰਾਹਾਂ ਉੱਤੇ ਲੈ ਜਾਂਦਾ ਹੈ, ਜਿੱਥੇ ਜਾਣ ਬਾਰੇ ਅਸੀਂ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ। ਮੋਹਾਲੀ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦਾ ਸਫਰ ਵੀ ਕੁਝ ਅਜਿਹਾ ਹੀ ਰਿਹਾ ਹੈ।

ਸਾਇੰਸ ਦੀ ਵਿਦਿਆਰਥਣ ਰਹੀ ਗੁਰਪ੍ਰੀਤ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਬਾਰੇ ਜ਼ਰੂਰ ਆਸਵੰਦ ਰਹਿੰਦੀ ਸੀ, ਪਰ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਫ਼ਿਲਮ ਇੰਡਸਟਰੀ ਵਿੱਚ ਕਰੀਅਰ ਬਣਾਏਗੀ।

ਪਿਛਲੇ 7-8 ਸਾਲਾਂ ਤੋਂ ਗੁਰਪ੍ਰੀਤ ਨੇ ਕਈ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦੀ ਕਾਸਟਿੰਗ, ਅਕਾਊਂਟਸ, ਪ੍ਰੋਡਕਸ਼ਨ ਅਤੇ ਡਿਜੀਟਲ ਡਿਸਟ੍ਰੀਬਿਊਸ਼ਨ ਵਿੱਚ ਕੰਮ ਕੀਤਾ ਕੀਤਾ ਹੈ ਅਤੇ ਉਹ ਇਸੇ ਕੰਮ ਵਿੱਚ ਆਪਣਾ ਭਵਿੱਖ ਦੇਖ ਰਹੇ ਹਨ।

ਬੀਬੀਸੀ ਪੰਜਾਬੀ

ਸਾਇੰਸ ਖੇਤਰ ਤੋਂ ਫ਼ਿਲਮਾਂ ਵਿੱਚ ਕਿਵੇਂ ਆਈ ?

ਗੁਰਪ੍ਰੀਤ ਮੋਹਾਲੀ ਦੇ ਜੰਮ-ਪਲ ਹਨ। ਉਨ੍ਹਾਂ ਦੇ ਪਰਿਵਾਰ ਵਿੱਚੋਂ ਜ਼ਿਆਦਾਤਰ ਜੀਅ ਮੈਡੀਕਲ, ਵਕਾਲਤ, ਸਿਵਲ ਸਰਵਿਸਜ਼ ਜਿਹੇ ਖੇਤਰਾਂ ਨਾਲ ਸਬੰਧਤ ਹਨ।

ਗੁਰਪ੍ਰੀਤ ਦੱਸਦੇ ਹਨ ਕਿ ਫ਼ਿਲਮ ਇੰਡਸਟਰੀ ਵਿੱਚ ਪੈਰ ਧਰਨ ਵਾਲੀ ਉਹ ਆਪਣੇ ਪਰਿਵਾਰ ਵਿੱਚੋਂ ਪਹਿਲੀ ਹੈ।

ਉਹ ਵਿਗਿਆਨ ਦੇ ਵਿਦਿਆਰਥੀ ਰਹੇ ਹਨ। ਗੁਰਪ੍ਰੀਤ ਨੇ ਬਾਇਓ-ਟੈਕਨਾਲੌਜੀ ਵਿੱਚ ਗ੍ਰੈਜੁਏਸ਼ਨ ਅਤੇ ਪੋਸਟ ਗ੍ਰੈਜੁਏਸ਼ਨ ਕੀਤੀ ਹੈ।

ਪੜ੍ਹਾਈ ਤਾਂ ਉਨ੍ਹਾਂ ਦੇ ਪਰਿਵਾਰ ਦੀ ਸੋਚ-ਸਮਝ ਮੁਤਾਬਕ ਕਰ ਲਈ ਪਰ ਇਸ ਖੇਤਰ ਵਿੱਚ ਨੌਕਰੀ ਨਹੀਂ ਕਰਨਾ ਚਾਹੁੰਦੇ ਸੀ।

ਗੁਰਪ੍ਰੀਤ ਕੌਰ

ਗੁਰਪ੍ਰੀਤ ਦੱਸਦੇ ਹਨ ਕਿ ਇਸੇ ਖੇਤਰ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਦੇ ਸਕੂਲ-ਕਾਲਜ ਦੇ ਜ਼ਿਆਦਾਤਰ ਸਾਥੀ ਜਾਂ ਤਾਂ ਰਿਸਰਚ ਖੇਤਰ ਵਿੱਚ ਗਏ ਜਾਂ ਵਿਦੇਸ਼ਾਂ ਵਿੱਚ ਸੈੱਟਲ ਹੋ ਗਏ।

ਪਰ ਉਨ੍ਹਾਂ ਨੂੰ ਖ਼ੁਦ ਲਈ ਇਹ ਦੋਵੇਂ ਵਿਕਲਪ ਹੀ ਸਹੀ ਨਹੀਂ ਸਨ ਲੱਗਦੇ। ਨਾ ਉਹ ਪੰਜਾਬ ਵਿੱਚ ਛੱਡਣਾ ਚਾਹੁੰਦੇ ਸੀ ਅਤੇ ਨਾ ਹੀ 9-5 ਵਾਲੀ ਰਵਾਇਤੀ ਨੌਕਰੀ ਕਰਨਾ ਚਾਹੁੰਦੇ ਸੀ।

ਗੁਰਪ੍ਰੀਤ ਨੇ ਕਿਹਾ, “ਮੈਂ ਸ਼ੁਰੂ ਤੋਂ ਇਹੀ ਚਾਹੁੰਦੀ ਸੀ ਕਿ ਮੋਹਾਲੀ ਦੇ ਆਲੇ-ਦੁਆਲੇ ਹੀ ਰਹਾਂ। ਮੈਂ ਆਪਣਾ ਸ਼ਹਿਰ ਨਹੀਂ ਛੱਡਣਾ ਚਾਹੁੰਦੀ ਸੀ।”

ਬਾਇਓ-ਟੈਕਨਾਲੌਜੀ ਖੇਤਰ ਵਿੱਚ ਨੌਕਰੀ ਨਹੀਂ ਕਰਨੀ, ਇਹ ਤਾਂ ਗੁਰਪ੍ਰੀਤ ਨੂੰ ਪਤਾ ਸੀ, ਪਰ ਉਨ੍ਹਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਫ਼ਿਲਮੀ ਦੁਨੀਆਂ ਵਿੱਚ ਆਪਣਾ ਕਰੀਅਰ ਬਣਾਉਣਗੇ।

ਉਹ ਕਹਿੰਦੇ ਹਨ, “ਕਿਸਮਤ ਜਿੱਧਰ ਨੂੰ ਲੈ ਕੇ ਗਈ, ਮੈਂ ਤੁਰਦੀ ਗਈ ਪਰ ਇਹ ਆਪੇ ਨਹੀਂ ਹੋਇਆ ਮੈਂ ਸਖ਼ਤ ਮਿਹਨਤ ਦਾ ਲੜ ਕਦੇ ਨਹੀਂ ਛੱਡਿਆ।”

ਫ਼ਿਲਮ ਪ੍ਰੋਡਕਸ਼ਨ ਵਿੱਚ ਪੈਰ ਰੱਖਣਾ

ਗੁਰਪ੍ਰੀਤ ਕੌਰ

ਸਾਲ 2018 ਵਿੱਚ ਪੋਸਟ ਗ੍ਰੈਜੁਏਸ਼ਨ ਦੇ ਇਮਤਿਹਾਨਾਂ ਬਾਅਦ ਗੁਰਪ੍ਰੀਤ ਦੀ ਨੌਕਰੀ ਦੀ ਤਲਾਸ਼ ਸ਼ੁਰੂ ਹੀ ਗਈ ਤਾਂ ਜੋ ਵਿਹਲੇ ਰੁੱਝੇਵਾਂ ਵੀ ਹੋਵੇ ਅਤੇ ਨਾਲ ਹੀ ਜੇਬ ਖ਼ਰਚਾ ਵੀ ਚੱਲ ਸਕੇ।

ਉਹ ਕਿਸੇ ਦਫ਼ਤਰ ਵਿੱਚ ਪ੍ਰਬੰਧਕੀ ਕੰਮ ਲੱਭ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਪ੍ਰੋਡਕਸ਼ਨ ਹਾਊਸ ਵਿੱਚ ਨੌਕਰੀ ਦੀ ਪੇਸ਼ਕਸ਼ ਆਈ।

ਗੁਰਪ੍ਰੀਤ ਨੇ ਉੱਥੇ ਦਫ਼ਤਰੀ ਕੰਮਾਂ ਤੋਂ ਨੌਕਰੀ ਸ਼ੁਰੂ ਕੀਤੀ ਅਤੇ ਹੌਲੀ-ਹੋਲੀ ਪ੍ਰੋਡਕਸ਼ਨ ਵੱਲ ਰੁਖ਼ ਕਰ ਲਿਆ। ਇਸ ਤਰ੍ਹਾਂ ਪ੍ਰੋਡਕਸ਼ਨ ਹਾਊਸ ਦੇ ਸਾਰੇ ਕੰਮਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਹੋਣ ਲੱਗੀ, ਤਜ਼ਰਬੇ ਦੇ ਨਾਲ-ਨਾਲ ਕੰਮ ਦੇ ਮੌਕੇ ਵੀ ਵੱਧਣ ਲੱਗੇ।

ਕਿਉਂਕਿ ਗੁਰਪ੍ਰੀਤ ਦੇ ਪਰਿਵਾਰ ਵਿੱਚੋਂ ਕਦੇ ਕਿਸੇ ਨੇ ਫ਼ਿਲਮ ਸਨਅਤ ਵਿੱਚ ਕੰਮ ਨਹੀਂ ਕੀਤਾ, ਇਸ ਕਰਕੇ ਉਨ੍ਹਾਂ ਲਈ ਗੁਰਪ੍ਰੀਤ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਬਹੁਤਾ ਸੌਖਾ ਨਹੀਂ ਸੀ।

ਗੁਰਪ੍ਰੀਤ ਨੇ ਦੱਸਿਆ, “ਸ਼ੁਰੂਆਤ ਵਿੱਚ ਪਰਿਵਾਰ ਚਾਹੁੰਦਾ ਸੀ ਕਿ ਜਿਸ ਖੇਤਰ ਵਿੱਚ ਪੜ੍ਹਾਈ ਕੀਤੀ ਹੈ, ਉਸੇ ਵਿੱਚ ਕਰੀਅਰ ਬਣਾਇਆ ਜਾਵੇ। ਪਰ ਹੌਲੀ-ਹੌਲੀ ਜਿਵੇਂ-ਜਿਵੇਂ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਵਿੱਚ ਮੇਰੇ ਕੰਮ ਬਾਰੇ ਸਮਝ ਆਈ ਤਾਂ ਉਨ੍ਹਾਂ ਨੇ ਸਹਿਯੋਗ ਕੀਤਾ।”

“ਮੇਰੇ ਪਰਿਵਾਰ ਨੂੰ ਭਰੋਸਾ ਸੀ ਕਿ ਮੈਂ ਆਪਣੇ ਭਵਿੱਖ ਲਈ ਕੋਈ ਗ਼ਲਤ ਫ਼ੈਸਲਾ ਨਹੀਂ ਲਵਾਂਗੀ।”

‘ਕਿਸੇ ਵੀ ਆਮ ਦਫ਼ਤਰ ਜਿਹਾ ਹੀ ਹੁੰਦਾ ਹੈ ਪ੍ਰੋਡਕਸ਼ਨ ਹਾਊਸ ਦਾ ਦਫ਼ਤਰੀ ਕੰਮ’

ਫ਼ਿਲਮ ਟੱਬਰ ਦਾ ਪੋਸਟਰ

ਗੁਰਪ੍ਰੀਤ ਮੋਹਾਲੀ ਦੇ ਇੱਕ ਪ੍ਰੋਡਕਸ਼ਨ ਹਾਊਸ ਥੀਏਟਰ ਆਰਮੀ ਫ਼ਿਲਮਜ਼ ਨਾਲ ਕੰਮ ਕਰਦੇ ਹਨ।

ਇਸੇ ਪ੍ਰੋਡਕਸ਼ਨ ਹਾਊਸ ਦੀ ਲਾਈਨ ਪ੍ਰੋਡਕਸ਼ਨ ਦੌਰਾਨ ਬਾਲੀਵੁੱਡ ਫ਼ਿਲਮ ਸਟ੍ਰੀਟ ਡਾਂਸਰਜ਼ 3ਡੀ ਲਈ ਗੁਰਪ੍ਰੀਤ ਨੂੰ ਪਹਿਲੀ ਵਾਰ ਫ਼ਿਲਮ ਦੀ ਪ੍ਰੋਡਕਸ਼ਨ ਅਤੇ ਅਕਾਊਂਟਸ ਦੇ ਤਜਰਬੇ ਦਾ ਮੌਕਾ ਮਿਲਿਆ।

ਗੁਰਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਨੇ ਪ੍ਰੋਡਕਸ਼ਨ ਦਾ ਕੰਮ ਬਹੁਤ ਹੌਲੀ-ਹੌਲੀ ਸਿੱਖਿਆ।

ਪ੍ਰੋਡਕਸ਼ਨ ਵਿੰਗ ਦੀ ਜ਼ਿੰਮੇਵਾਰੀ ਫ਼ਿਲਮ ਲਈ ਲੋੜੀਂਦੀ ਲੋਕੇਸ਼ਨ ਦੀਆਂ ਕਾਨੂੰਨੀ ਪ੍ਰਵਾਨਗੀਆਂ ਦਵਾਉਣ ਤੋਂ ਲੈ ਕੇ, ਫ਼ਿਲਮ ਸੈਂਟ ‘ਤੇ ਖਾਣ-ਪੀਣ, ਵੈਨਿਟੀ ਵੈਨਜ਼, ਕਾਸਟਿਊਮ, ਕਲਾਕਾਰਾਂ ਦੀ ਰਿਹਾਇਸ਼, ਆਉਣ-ਜਾਣ, ਸਮੇਤ ਹਰ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਤਾਂ ਕਿ ਸ਼ੂਟ ਵਿੱਚ ਕੋਈ ਅੜਚਨ ਨਾ ਆਵੇ ਅਤੇ ਤੈਅ ਸਮੇਂ ਤੇ ਬਜਟ ਵਿੱਚ ਪ੍ਰੌਜੈਕਟ ਪੂਰਾ ਹੋ ਸਕੇ।

ਗੁਰਪ੍ਰੀਤ ਨੇ ਕਿਹਾ ਕਿ ਨਵੇਂ ਖੇਤਰ ਵਿੱਚ ਸਹਿਜ ਹੋਣ ਲਈ ਉਨ੍ਹਾਂ ਨੂੰ ਛੇ ਮਹੀਨੇ ਤੋਂ ਸਾਲ ਦਾ ਸਮਾਂ ਲੱਗਿਆ, ਪਰ ਉਹ ਮਿਹਨਤ ਨਾਲ ਸਿੱਖਦੇ ਗਏ।

ਹੁਣ ਗੁਰਪ੍ਰੀਤ ਮਹਿਸੂਸ ਕਰਦੇ ਹਨ ਕਿ ਪ੍ਰੋਡਕਸ਼ਨ ਹਾਊਸ ਦਾ ਕੰਮ ਵੀ ਕਿਸੇ ਹੋਰ ਦਫ਼ਤਰ ਦੀ ਤਰ੍ਹਾਂ ਹੀ ਹੁੰਦਾ ਹੈ।

ਗੁਰਪ੍ਰੀਤ ਕੌਰ
ਇਹ ਵੀ ਪੜ੍ਹੋ-

ਗੁਰਪ੍ਰੀਤ ਦਫ਼ਤਰ ਤੋਂ ਵੀ ਕੰਮ ਕਰਦੇ ਹਨ ਅਤੇ ਲੋੜ ਮੁਤਾਬਕ ਫ਼ਿਲਮ ਦੇ ਸੈਂਟ ‘ਤੇ ਜਾ ਕੇ ਵੀ ਨਿਗਰਾਨੀ ਰੱਖਦੇ ਹਨ।

ਪਿਛਲੇ ਅੱਠ ਸਾਲਾਂ ਵਿੱਚ ਉਨ੍ਹਾਂ ਨੇ ਕਈ ਫ਼ਿਲਮਾਂ ਲਈ ਕੰਮ ਕੀਤਾ ਪਰ ਮੁੱਖ ਤੌਰ ‘ਤੇ ਫ਼ਿਲਮ ਇੱਕੋ-ਮਿੱਕੇ, ਮਸਤਾਨੇ, ਜਲਵਾਯੂ ਇਨਕਲੇਵ ਤੇ ਵੈੱਬ ਸੀਰੀਜ਼ ਟੱਬਰ ਸਮੇਤ ਕਈ ਪ੍ਰੌਜੌਕਟਾਂ ਦੀ ਕਾਸਟਿੰਗ ਕੀਤੀ ਹੈ।

ਫਿਲਮ ‘ਵਾਈਟ ਪੰਜਾਬ’ ਵਿੱਚ ਬਤੌਰ ਐਸੋਸੀਏਟ ਪ੍ਰੋਡਿਊਸਰ ਵਜੋਂ ਭੂਮਿਕਾ ਰਹੀ। ਕੈਂਪਸ ਡਾਇਰੀਜ਼, ਦਿ ਡਿਪਲੋਮੇਟ, ਚਮਕੀਲਾ ਜਿਹੀਆਂ ਫ਼ਿਲਮਾਂ ਵਿੱਚ ਅਕਾਊਂਟਿੰਗ ਐਡਮਨਿਸਟ੍ਰੇਟਰ ਵਜੋਂ ਕੰਮ ਕੀਤਾ ਹੈ।

“ਨਿੱਜੀ ਦੋਸਤੀਆਂ ਨਾਲੋਂ ਮਿਹਨਤ ਵੱਧ ਸਾਥ ਦਿੰਦੀ ਹੈ”

ਫ਼ਿਲਮਾਂ ਦੇ ਪੋਸਟਰ

ਗੁਰਪ੍ਰੀਤ ਦੱਸਦੇ ਹਨ, ਇਹ ਸਪਸ਼ਟ ਹੈ ਕਿ ਪੰਜਾਬ ਦੀ ਫ਼ਿਲਮ ਤੇ ਸੰਗੀਤ ਸਨਅਤ ਵਿੱਚ ਕੈਮਰੇ ਪਿੱਛੇ ਕੰਮ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਆਦਮੀਆਂ ਮੁਕਾਬਲੇ ਕਾਫ਼ੀ ਘੱਟ ਹੈ। ਕਈ ਕੁੜੀਆਂ ਨੂੰ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਫਿਲਮ ਸਨਅਤ ਵਿੱਚ ਕੰਮ ਕਰਦਿਆਂ ਕਦੇ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨਾਲ ਅਜਿਹਾ ਕੋਈ ਤਜਰਬਾ ਹੋਇਆ ਜਿੱਥੇ ਇੱਕ ਕੁੜੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਸਹਿਜ ਮਹਿਸੂਸ ਕਰਵਾਇਆ ਗਿਆ ਹੋਵੇ।

ਉਨ੍ਹਾਂ ਨੇ ਕਿਹਾ, “ਕੋਈ ਤੁਹਾਨੂੰ ਕਿਵੇਂ ਦੇਖ ਰਿਹਾ ਹੈ, ਤੁਸੀਂ ਸਾਰੀ ਦੁਨੀਆਂ ਨੂੰ ਕਾਬੂ ਨਹੀਂ ਕਰ ਸਕਦੇ। ਤੁਸੀਂ ਖ਼ੁਦ ਮਜ਼ਬੂਤ ਰਹੋ ਅਤੇ ਆਪਣੀ ਸ਼ਖਸੀਅਤ ਉਸ ਤਰ੍ਹਾਂ ਦੀ ਰੱਖੋ ਕਿ ਕਿਸੇ ਦੀ ਹਿੰਮਤ ਨਾ ਹੋ ਸਕੇ ਤੁਹਾਨੂੰ ਅਸੁਰੱਖਿਅਤ ਮਹਿਸੂਸ ਕਰਵਾ ਸਕੇ।”

ਉਨ੍ਹਾਂ ਕਿਹਾ ਕਿ ਉਹ ਕੰਮ ਤੋਂ ਬਿਨ੍ਹਾਂ, ਜ਼ਿਆਦਾ ਲੋਕਾਂ ਨਾਲ ਕਦੇ ਰਾਬਤਾ ਨਹੀਂ ਰੱਖਦੇ।

ਉਨ੍ਹਾਂ ਕਿਹਾ, “ਜਦੋਂ ਟੀਚਾ ਸਿਰਫ਼ ਕੰਮ ਹੋਵੇ ਤਾਂ ਜ਼ਿਆਦਾ ਦਿੱਕਤਾਂ ਨਹੀਂ ਆਉਂਦੀਆਂ। ਤੁਸੀਂ ਜਿਵੇਂ ਵਿਚਰਦੇ ਹੋ, ਤੁਹਾਨੂੰ ਦੁਨੀਆਂ ਉਸੇ ਤਰ੍ਹਾਂ ਦੇਖਦੀ ਹੈ।”

“ਜੇ ਤੁਸੀਂ ਪ੍ਰੋਫ਼ੈਸ਼ਨਲ ਤਰੀਕੇ ਨਾਲ ਕੰਮ ਕਰੋਗੇ ਤੇ ਗੱਲਬਾਤ ਕਰੋਗੇ ਤਾਂ ਕਿਸੇ ਦੀ ਹਿੰਮਤ ਨਹੀਂ ਹੋਏਗੀ ਤੁਹਾਨੂੰ ਕੁਝ ਗ਼ਲਤ ਕਹਿਣ ਦੀ।”

ਗੁਰਪ੍ਰੀਤ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫ਼ਿਲਮ ਇੰਡਸਟਰੀ ਵਿੱਚ ਭਾਵੇਂ ਨੈੱਟਵਰਕਿੰਗ ਜ਼ਰੂਰੀ ਹੈ ਪਰ ਨਿੱਜੀ ਦੋਸਤੀਆਂ ਨਾਲੋਂ ਮਿਹਨਤ ਵੱਧ ਸਾਥ ਦਿੰਦੀ ਹੈ।”

ਗੁਰਪ੍ਰੀਤ

ਕੈਮਰੇ ਪਿੱਛੇ ਦੀਆਂ ਭੂਮਿਕਾਵਾਂ ਵਿੱਚ ਕੁੜੀਆਂ ਘੱਟ ਕਿਉਂ ਆਉਂਦੀਆਂ ਹਨ, ਇਸ ਬਾਰੇ ਗੁਰਪ੍ਰੀਤ ਨੂੰ ਵੱਡਾ ਕਾਰਨ ‘ਕੰਮ ਦੇ ਵੱਧ ਘੰਟੇ ਅਤੇ ਦੇਰ ਰਾਤ ਤੱਕ ਕੰਮ ਕਰਨ ਦੀ ਲੋੜ’ ਜਾਪਦਾ ਹੈ।

ਉਨ੍ਹਾਂ ਇਸ ਮਸਲੇ ‘ਤੇ ਵਿਸਥਾਰ ਵਿੱਚ ਕੋਈ ਟਿੱਪਣੀ ਨਹੀਂ ਕਰਨ ਤੋਂ ਇਨਕਾਰ ਕਰ ਦਿੱਤਾ।

ਪਰ ਨਾਲ ਹੀ ਉਹ ਕਹਿੰਦੇ ਹਨ ਕਿ ਇਹ ਜ਼ਰੂਰ ਹੈ ਕਿ ਕੁੜੀਆਂ ਦੀ ਕਾਬਲੀਅਤ ‘ਤੇ ਸ਼ੱਕ ਕੀਤਾ ਜਾਂਦਾ ਹੈ ਕਿ ਕੰਮ ਕਰ ਸਕੇਗੀ ਜਾਂ ਨਹੀਂ।

“ਇਹ ਸੰਦੇਹ ਕੁੜੀਆਂ ਨੂੰ ਪਿੱਛੇ ਧੱਕਦਾ ਹੈ। ਪਰ ਅਜਿਹਾ ਹੋਣਾ ਨਹੀਂ ਚਾਹੀਦਾ।”

ਗੁਰਪ੍ਰੀਤ ਮਹਿਸੂਸ ਕਰਦੇ ਹਨ ਕਿ ਇੱਥੇ ਲਿੰਗਭੇਦ ਹੁੰਦਾ ਹੈ ਅਤੇ ਕੁੜੀਆਂ ਨੂੰ ਕਿਤੇ ਨਾ ਕਿਤੇ Appreciation ਘੱਟ ਮਿਲਦੀ ਹੈ।

ਗੁਰਪ੍ਰੀਤ ਨੇ ਕਿਹਾ, “ਕੁੜੀਆਂ ਨੂੰ ਉਨ੍ਹਾਂ ਦੇ ਕੰਮ ਦਾ ਕ੍ਰੈਡਿਟ ਵੀ ਦੇ ਕੇ ਰਾਜ਼ੀ ਨਹੀਂ ਹੁੰਦੇ। ਸਿਰਫ਼ ਕੰਮ ਦੇਖਿਆ ਜਾਣਾ ਚਾਹੀਦਾ ਹੈ, ਕੁੜੀ ਕਰ ਰਹੀ ਹੈ ਜਾਂ ਮੁੰਡਾ ਇਹ ਫ਼ਰਕ ਨਹੀਂ ਹੋਣਾ ਚਾਹੀਦਾ।”

ਡਿਜੀਟਲ ਮੀਡੀਆ ਨੇ ਪਿਛਲੇ ਕੁਝ ਸਾਲਾਂ ਤੋਂ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦਾ ਟਰੈਂਡ ਬਦਲਿਆ ਹੈ ਅਤੇ ਡਿਜੀਟਲ ਡਿਸਟ੍ਰਿਬਿਊਸ਼ਨ ਆਪਣੇ ਆਪ ਵਿੱਚ ਵੱਡਾ ਕਾਰੋਬਾਰ ਬਣ ਰਿਹਾ ਹੈ।

ਗੁਰਪ੍ਰੀਤ ਨੇ ਇੱਛਾ ਜਤਾਈ ਹੈ ਕਿ ਉਹ ਭਵਿੱਖ ਵਿੱਚ ਡਿਜੀਟਲ ਡਿਸਟ੍ਰਿਬਿਊਸ਼ਨ ਦੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI