Home ਰਾਸ਼ਟਰੀ ਖ਼ਬਰਾਂ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: 4 ਡਾਕਟਰਾਂ ਖ਼ਿਲਾਫ਼ ਐੱਫਆਈਆਰ ਦਰਜ, ਜਾਣੋ ਮੈਡੀਕਲ...

ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: 4 ਡਾਕਟਰਾਂ ਖ਼ਿਲਾਫ਼ ਐੱਫਆਈਆਰ ਦਰਜ, ਜਾਣੋ ਮੈਡੀਕਲ ਬੋਰਡ ਦੀ ਰਿਪੋਰਟ ਵਿੱਚ ਕੀ ਆਇਆ

9
0

Source :- BBC PUNJABI

ਵਰਿੰਦਰ ਸਿੰਘ ਘੁੰਮਣ

ਤਸਵੀਰ ਸਰੋਤ, Varinder Ghuman/FB

21 ਮਾਰਚ 2026, 16:25 IST

ਅਪਡੇਟ 2 ਘੰਟੇ ਪਹਿਲਾਂ

ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਦੇ ਮਸ਼ਹੂਰ ਬੌਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਮਾਮਲੇ ਵਿੱਚ 4 ਡਾਕਟਰਾਂ ਖਿਲਾਫ ਐਫ਼ਆਈਆਰ ਦਰਜ ਕੀਤੀ ਗਈ ਹੈ।

ਵਰਿੰਦਰ ਸਿੰਘ ਘੁੰਮਣ ਦਾ 9 ਅਕਤੂਬਰ 2025 ਨੂੰ ਅੰਮ੍ਰਿਤਸਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਸਰਜਰੀ ਕਰਵਾਉਣ ਮਗਰੋਂ ਦੇਹਾਂਤ ਹੋ ਗਿਆ ਸੀ।

ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਮੌਤ ਆਪ੍ਰੇਸ਼ਨ ਦੌਰਾਨ ਹੋਈ ਡਾਕਟਰੀ ਅਣਗਹਿਲੀ ਕਾਰਨ ਹੋਈ ਹੈ।

ਮਾਮਲੇ ਵਿੱਚ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਇੱਕ ਐਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਗਠਿਤ ਕਰਕੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਸਨ। ਨਾਲ ਹੀ ਇਹ ਹਦਾਇਤ ਵੀ ਦਿੱਤੀ ਗਈ ਸੀ ਕਿ ਐੱਸਆਈਟੀ ਆਪਣੀ ਰਿਪੋਰਟ 2 ਹਫਤਿਆਂ ਦੇ ਅੰਦਰ-ਅੰਦਰ ਸੌਂਪੇ ਤਾਂ ਜੋ ਮਾਮਲੇ ਵਿੱਚ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਇਸ ਸੱਤ ਮੈਂਬਰੀ ਐਸਆਈਟੀ ਵਿੱਚ ਡਾਕਟਰੀ ਪੇਸ਼ੇ ਨਾਲ ਜੁੜੇ ਮਾਹਿਰ ਸ਼ਾਮਲ ਸਨ। ਇਸ ਬੋਰਡ ਦੁਆਰਾ ਪੇਸ਼ ਰਿਪੋਰਟ ਵਿੱਚ ਆਪ੍ਰੇਸ਼ਨ ਦੌਰਾਨ ਅਣਗਹਿਲੀ ਦੀ ਗੱਲ ਕਹੀ ਗਈ ਹੈ।

ਹੁਣ ਇਸ ਮਾਮਲੇ ਵਿੱਚ ਚਾਰੇ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ।

ਐੱਫਆਈਆਰ ਵਿੱਚ ਕੀ ਲਿਖਿਆ ਗਿਆ ਹੈ

ਵਰਿੰਦਰ ਸਿੰਘ ਘੁੰਮਣ

ਤਸਵੀਰ ਸਰੋਤ, Varinder Ghuman/FB

ਇਹ ਐੱਫਆਈਆਰ ਵਰਿੰਦਰ ਦੇ ਪਿਤਾ ਭੁਪਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਲੰਘੀ 20 ਮਾਰਚ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 (1) ਦੇ ਤਹਿਤ ਦਰਜ ਕੀਤੀ ਗਈ ਹੈ।

ਦਰਜ ਐਫਆਈਆਰ ਮੁਤਾਬਕ, ਸੱਤ ਮੈਂਬਰੀ ਕਮੇਟੀ ਦੁਆਰਾ ਜਾਂਚ ਕਰਕੇ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ, ”ਸਾਰੇ ਉਪਲੱਬਧ ਤੱਥਾਂ ਦੀ ਸਮੀਖਿਆ ਤੋਂ ਬਾਅਦ, ਸਬੂਤਾਂ ਦੇ ਆਧਾਰ ‘ਤੇ ਮੈਡੀਕਲ ਬੋਰਡ ਦਾ ਮੰਨਣਾ ਹੈ ਕਿ ਪਾਰਦਰਸ਼ਤਾ ਦੀ ਘਾਟ, ਜਟਿਲਤਾਵਾਂ ਨੂੰ ਸਮਝਾਉਣ ਵਿੱਚ ਅਸਫਲਤਾ ਅਤੇ ਮਿਆਰੀ ਪ੍ਰੋਟੋਕਾਲ ਤੋਂ ਹਟਣ ਦੇ ਮਾਮਲੇ ਸਾਹਮਣੇ ਆਏ ਹਨ। ਮੈਡੀਕਲ ਲਾਪਰਵਾਹੀ ਦਾ ਮਾਮਲਾ ਹੈ, ਜਿਸ ਦੇ ਨਤੀਜੇ ਵਜੋਂ ਮਰੀਜ਼ ਦੇ ਅਧਿਕਾਰਾਂ ਦਾ ਉਲੰਘਣ ਹੋਇਆ ਹੈ।”

ਹਸਪਤਾਲ ਨੇ ਕੀ ਕਿਹਾ?

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ, ਹਸਪਤਾਲ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ।

ਬਿਆਨ ਮੁਤਾਬਕ – ਅਸੀਂ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਨਾਲ ਹੀ ਅਸੀਂ ਲਾਗੂ ਕਾਨੂੰਨੀ ਅਤੇ ਨਿਯਮਕ ਢਾਂਚੇ ਅਨੁਸਾਰ ਉਚਿਤ ਕਾਨੂੰਨੀ ਕਦਮ ਚੁੱਕਾਂਗੇ।

ਸਾਡਾ ਮੰਨਣਾ ਹੈ ਕਿ ਸਾਡੀ ਕਲੀਨਿਕਲ ਟੀਮ ਨੇ ਪੂਰੀ ਲਗਨ ਅਤੇ ਸਦਭਾਵਨਾ ਨਾਲ ਕੰਮ ਕੀਤਾ ਅਤੇ ਮਰੀਜ਼ ਦੇ ਸਰਵਉੱਚ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਡਾਕਟਰੀ ਵਿਵੇਕ ਦਾ ਇਸਤੇਮਾਲ ਕੀਤਾ।

ਸਾਡਾ ਹਸਪਤਾਲ ਆਪਣੀ ਕਲੀਨਿਕਲ ਐਕਸੀਲੈਂਸ, ਨੈਤਿਕ ਕਾਰਜਪ੍ਰਣਾਲੀ ਅਤੇ ਮਰੀਜ਼ਾਂ ਦੀ ਸੁਰੱਖਿਆ ਦੇ ਸਭ ਤੋਂ ਉੱਚੇ ਮਾਪਦੰਡਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਇਹ ਸਾਡੀਆਂ ਸਭ ਤੋਂ ਪਹਿਲੀਆਂ ਤਰਜੀਹਾਂ ਹਨ।

ਹਸਪਤਾਲ ਨੇ ਪਹਿਲਾਂ ਕੀ ਕਿਹਾ ਸੀ?

ਪਿਛਲੇ ਸਾਲ ਅਕਤੂਬਰ ਵਿੱਚ ਹੀ ਹਸਪਤਾਲ ਵੱਲੋਂ ਦੁੱਖ ਪ੍ਰਗਟਾਉਂਦੇ ਹੋਏ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਸੀ ਕਿ 6 ਅਕਤੂਬਰ 2025 ਨੂੰ ਵਰਿੰਦਰ ਸਿੰਘ ਘੁੰਮਣ ਦੇ ਸੱਜੇ ਮੋਢੇ ਵਿੱਚ ਦਰਦ ਅਤੇ ਹਿਲਜੁਲ ਵਿੱਚ ਦਿੱਕਤ ਕਾਰਨ ਓਪੀਡੀ ਵਿੱਚ ਜਾਂਚ ਕੀਤੀ ਗਈ ਸੀ।

ਡਾਕਟਰੀ ਜਾਂਚ ਤੋਂ ਬਾਅਦ, ਆਰਥਰੋਸਕੋਪਿਕ ਰੋਟੇਟਰ ਕਫ਼ ਰਿਪੇਅਰ ਨਾਲ ਬਾਈਸੈਪਸ ਟੇਨੋਡੇਸਿਸ ਕਰਨ ਦੀ ਸਲਾਹ ਦਿੱਤੀ ਗਈ ਸੀ। ਮਰੀਜ਼ ਨੂੰ ਪਹਿਲਾਂ ਤੋਂ ਕੋਈ ਹੋਰ ਬਿਮਾਰੀ ਨਹੀਂ ਸੀ।

ਬਿਆਨ ‘ਚ ਅੱਗੇ ਕਿਹਾ ਗਿਆ ਸੀ, 9 ਅਕਤੂਬਰ 2025 ਨੂੰ ਉਨ੍ਹਾਂ ਨੂੰ ਜਨਰਲ ਐਨੇਸਥੀਸੀਆ ਦੇ ਕੇ ਤੈਅ ਪ੍ਰਕਿਰਿਆ ਅਨੁਸਾਰ ਸਰਜਰੀ ਕੀਤੀ ਗਈ। ਸਰਜਰੀ ਬਿਨ੍ਹਾਂ ਕਿਸੇ ਦਿੱਕਤ ਦੇ ਪੂਰੀ ਹੋ ਗਈ ਅਤੇ ਦੁਪਹਿਰ ਲਗਭਗ 3 ਵਜੇ ਤੱਕ ਖਤਮ ਹੋ ਗਈ। ਇਸ ਦੌਰਾਨ ਮਰੀਜ਼ ਦੇ ਵਾਇਟਲ ਪੈਰਾਮੀਟਰ (ਸਰੀਰਕ ਸੰਕੇਤ) ਸਥਿਰ ਰਹੇ।

ਦੁਪਹਿਰ ਲਗਭਗ 3:35 ਵਜੇ, ਮਰੀਜ਼ ਨੂੰ ਅਚਾਨਕ ਕਾਰਡਿਯਕ ਅਰਿਥਮੀਆ (ਦਿਲ ਦੀ ਧੜਕਣ ਵਿੱਚ ਅਨਿਯਮਿਤਤਾ) ਹੋ ਗਈ। ਐਨੇਸਥੀਸੀਆ, ਕਾਰਡੀਓਲੋਜੀ, ਕਾਰਡੀਐਕ ਐਨੇਸਥੀਸੀਆ ਅਤੇ ਕਰਿਟਿਕਲ ਕੇਅਰ ਟੀਮਾਂ ਨੇ ਤੁਰੰਤ ਐਡਵਾਂਸਡ ਰੀਸਸਿਟੇਸ਼ਨ ਉਪਾਅ ਸ਼ੁਰੂ ਕਰ ਦਿੱਤੇ। ਲਗਾਤਾਰ ਅਤੇ ਮਿਲਜੁਲ ਕੇ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਰੀਜ਼ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਸ਼ਾਮ 5:36 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕੌਣ ਸਨ ਵਰਿੰਦਰ ਸਿੰਘ ਘੁੰਮਣ

ਵਰਿੰਦਰ ਸਿੰਘ ਘੁੰਮਣ

ਤਸਵੀਰ ਸਰੋਤ, Varinder Ghuman/FB

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਕਰੀਬ 42 ਸਾਲਾ ਦੇ ਵਰਿੰਦਰ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ। ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੂਗਲਾ ਵਿੱਚ ਹੋਇਆ ਸੀ ਅਤੇ ਉਹ ਸਾਲ 1988 ਵਿੱਚ ਜਲੰਧਰ ਦੇ ਘਈ ਨਗਰ (ਮਾਡਲ ਹਾਊਸ) ਵਿੱਚ ਰਹਿਣ ਲਈ ਆ ਗਏ ਸਨ।

ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ ਤੋਂ ਐੱਮਬੀਏ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਉਭਪਿੰਦਰ ਸਿੰਘ ਹੈ ਅਤੇ ਮਾਤਾ ਦਾ ਦੇਹਾਂਤ ਹੋ ਗਿਆ ਹੈ।

ਇਹ ਦੋ ਭਰਾ ਸਨ ਅਤੇ ਉਨ੍ਹਾਂ ਦੇ ਇੱਕ ਭਰਾ ਭਗਵੰਤ ਸਿੰਘ ਦਾ ਪਹਿਲਾ ਹੀ ਦੇਹਾਂਤ ਹੋ ਗਿਆ ਸੀ।

ਵਰਿੰਦਰ ਘੁੰਮਣ ਦੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਰਹਿ ਗਏ ਹਨ। ਉਨ੍ਹਾਂ ਦੇ ਦੋ ਬੇਟੇ ਤੇ ਇੱਕ ਬੇਟੀ ਹਨ।

ਵਰਿੰਦਰ ਸਿੰਘ ਘੁੰਮਣ ਕਿਰਸਾਨੀ ਅਤੇ ਡੇਅਰੀ ਫਾਰਮਿੰਗ ਖਿੱਤੇ ਨਾਲ ਜੁੜੇ ਹੋਏ ਸੀ।

ਬੌਡੀ ਬਿਲਡਿੰਗ ਦਾ ਸ਼ੌਕ

ਵਰਿੰਦਰ ਸਿੰਘ ਘੁੰਮਣ

ਤਸਵੀਰ ਸਰੋਤ, Varinder Ghuman/FB

ਵਰਿੰਦਰ ਘੁੰਮਣ ਨੂੰ ਛੋਟੇ ਹੁੰਦਿਆਂ ਤੋਂ ਸਿਹਤ ਬਣਾਉਣ ਦਾ ਸ਼ੌਕ ਪੈ ਗਿਆ ਸੀ। ਉਨ੍ਹਾਂ ਨੇ ਆਪਣੇ ਘਰ ਦੇ ਨੇੜੇ ਜਿਮ ਵੀ ਖੋਲ੍ਹਿਆ ਹੋਇਆ ਹੈ।

ਸਾਲ 2024 ਵਿੱਚ ਇੱਕ ਨਿੱਜੀ ਯੂਟਿਊਬ ਚੈਨਲ ਨਾਲ ਗੱਲ ਕਰਦਿਆਂ ਵਰਿੰਦਰ ਨੇ ਦੱਸਿਆ ਸੀ ਕਿ ਉਹ ਸ਼ੁੱਧ ਸ਼ਾਕਾਹਾਰੀ ਹਨ ਅਤੇ ਉਨ੍ਹਾਂ ਨੇ ਕਦੇ ਆਂਡਾ ਵੀ ਨਹੀਂ ਖਾਦਾ ਸੀ ਕਿਉਂਕਿ ਉਹ ਇੱਕ ਨਾਮਧਾਰੀ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਸਨ। ਇੰਸਟਾਗ੍ਰਾਮ ਉੱਪਰ ਉਨ੍ਹਾਂ ਦੇ 1 ਮਿਲੀਅਨ ਯਾਨੀ 10 ਲੱਖ ਫੌਲੋਅਰਜ਼ ਸਨ।

ਵਰਿੰਦਰ ਨੇ ਸਾਲ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਬੌਡੀ ਬਿਲਡਿੰਗ ਵਿੱਚ ਏਸ਼ੀਆ ਪੱਧਰ ‘ਤੇ ਵੀ ਨਾਮਣਾ ਖੱਟਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸਾਲ 2012 ਵਿੱਚ ਪੰਜਾਬੀ ਫਿਲਮ ਕਬੱਡੀ ਵਨਸ ਅਗੇਨ ਨਾਲ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਲ-ਨਾਲ ਦੱਖਣੀ ਭਾਰਤ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI