Home ਰਾਸ਼ਟਰੀ ਖ਼ਬਰਾਂ ਲਾਹੌਰ: ਸਿੱਖ ਰਾਜ ਤੇ ਹੋਰ ਧਰਮਾਂ ਦੀ ਵਿਰਾਸਤ ਸਾਂਭੀ ਬੈਠੇ ਕਿਲ੍ਹੇ ਦੀ...

ਲਾਹੌਰ: ਸਿੱਖ ਰਾਜ ਤੇ ਹੋਰ ਧਰਮਾਂ ਦੀ ਵਿਰਾਸਤ ਸਾਂਭੀ ਬੈਠੇ ਕਿਲ੍ਹੇ ਦੀ ਇੰਝ ਹੋ ਰਹੀ ਹੈ ਦੇਖ-ਰੇਖ

29
0

Source :- BBC PUNJABI

ਲਾਹੌਰ ਕਿਲ੍ਹਾ

ਸ਼ਾਹੀ ਲਾਹੌਰ ਕਿਲ੍ਹਾ ਸਦੀਆਂ ਤੋਂ ਵੱਖ-ਵੱਖ ਸਮਿਆਂ ਅਤੇ ਸੱਭਿਆਚਾਰਾਂ ਦਾ ਰਖਵਾਲਾ ਰਿਹਾ ਹੈ।

ਯੂਨੈਸਕੋ ਦੀ ਵਿਸ਼ਵ ਸੱਭਿਆਚਾਰਕ ਵਿਰਾਸਤ ਵਿੱਚ ਸ਼ਾਮਲ ਇਸ ਥਾਂ ਨੇ ਅੱਜ ਵੀ ਮੁਗ਼ਲ, ਸਿੱਖ, ਹਿੰਦੂ ਅਤੇ ਬ੍ਰਿਟਿਸ਼ ਦੌਰ ਦੇ ਨਿਸ਼ਾਨ ਸੰਭਾਲੇ ਹੋਏ ਹਨ।

ਹਾਲ ਦੇ ਸਾਲਾਂ ਵਿੱਚ ਇਸ ਇਤਿਹਾਸਕ ਵਿਰਾਸਤ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਗਈ, ਜਿਸ ਤਹਿਤ ਕਿਲ੍ਹੇ ਦੇ ਅੰਦਰ ਮੌਜੂਦ ਘੱਟ ਜਾਣੇ-ਪਛਾਣੇ ਪਰ ਧਾਰਮਿਕ ਅਤੇ ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਸਥਾਨਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।

ਅਕਤੂਬਰ 2022 ਵਿੱਚ ਆਗ਼ਾ ਖ਼ਾਨ ਕਲਚਰਲ ਸਰਵਿਸ ਪਾਕਿਸਤਾਨ ਨੇ ਵਾਲਡ ਸਿਟੀ ਆਫ ਲਾਹੌਰ ਅਥਾਰਟੀ ਦੇ ਸਹਿਯੋਗ ਨਾਲ ਇੱਕ ਸਾਂਝਾ ਪ੍ਰੋਜੈਕਟ ਸ਼ੁਰੂ ਕੀਤਾ ਹੈ।

ਇਸ ਪਹਿਲ ਨੂੰ ਅਮਰੀਕੀ ਰਾਜਦੂਤ ਫੰਡ ਫਾਰ ਕਲਚਰਲ ਪ੍ਰਿਜ਼ਰਵੇਸ਼ਨ ਵੱਲੋਂ ਵਿੱਤੀ ਸਹਾਇਤਾ ਮਿਲੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਲਾਹੌਰ ਕਿਲ੍ਹੇ ਦੇ ਅੰਦਰ ਮੌਜੂਦ ਛੋਟੇ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਨੂੰ ਉਭਾਰਨਾ ਸੀ, ਜੋ ਵੱਖ-ਵੱਖ ਸਮਿਆਂ ਅਤੇ ਧਰਮਾਂ ਦੀ ਨੁਮਾਇੰਦਗੀ ਕਰਦੇ ਹਨ।

ਹਾਲਾਂਕਿ, ਇਸ ਤੋਂ ਪਹਿਲਾਂ ਉਨ੍ਹਾਂ ਵੱਲ ਕਿਸੇ ਦਾ ਧਿਆਨ ਘੱਟ ਗਿਆ ਸੀ।

ਇਸ ਪ੍ਰੋਜੈਕਟ ਹੇਠ ਪੰਜ ਅਹਿਮ ਛੋਟੀਆਂ ਥਾਵਾਂ ਦੀ ਸੰਭਾਲ ਅਤੇ ਮੁਰੰਮਤ ਦਾ ਕੰਮ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪ੍ਰਾਚੀਨ ਲੋਹ ਮੰਦਰ, ਸੇਹ-ਦਰਰਾ ਪਵੇਲੀਅਨ ਜਿਸ ਵਿੱਚ ਇਸਾਈ ਇਤਿਹਾਸਕ ਪੇਂਟਿੰਗਜ਼ ਹਨ, ਅੱਠ-ਦਰਰਾ ਪਵੇਲੀਅਨ ਜੋ ਸਿੱਖ ਦੌਰ ਦੀ ਵਾਸਤੂਕਲਾ ਨੂੰ ਦਰਸਾਉਂਦਾ ਹੈ।

ਇਸ ਵਿੱਚ ਸਿੱਖ ਦੌਰ ਦਾ ਹਮਾਮ ਜੋ ਮੁਗ਼ਲ ਦੌਰ ਵਿੱਚ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਸਿੱਖ ਹਮਾਮ ਵਿੱਚ ਬਦਲ ਦਿੱਤਾ ਗਿਆ ਅਤੇ ਸ਼ਾਹ ਜਹਾਂ ਦੇ ਦੌਰ ਦੀ ਨਿਸ਼ਾਨੀ ਜਨਾਨਾ ਮਸਜਿਦ ਜਿਸ ਨੂੰ ਮੋਤੀ ਮਸਜਿਦ ਵੀ ਕਿਹਾ ਜਾਂਦਾ ਹੈ।

ਲੋਹ ਮੰਦਰ

ਲਾਹੌਰ ਨਾਲ ਸਬੰਧਤ ਲੋਹ ਮੰਦਰ ਦੀ ਮੁਰੰਮਤ

ਕਨਜ਼ਰਵੇਸ਼ਨ ਆਰਕੀਟੈਕਟ ਮੁੰਤਹਾ ਅਹਿਸਨ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਚਾਹੁੰਦੇ ਸੀ ਕਿ ਕਿਲ੍ਹੇ ਦੇ ਅੰਦਰ ਮੌਜੂਦ ਸਾਰੇ ਛੋਟੇ ਸਥਾਨ, ਜੋ ਵੱਖ-ਵੱਖ ਧਰਮਾਂ ਦੀ ਨੁਮਾਇੰਦਗੀ ਕਰਦੇ ਹਨ, ਚਰਚਾ ਵਿੱਚ ਆਉਣ ਤਾਂ ਜੋ ਲੋਕ ਉਨ੍ਹਾਂ ਨਾਲ ਜੁੜਾਅ ਅਤੇ ਅਪਣਾਪਨ ਮਹਿਸੂਸ ਕਰ ਸਕਣ।”

ਰਿਵਾਇਤ ਅਨੁਸਾਰ ਲੋਹ ਮੰਦਰ ਦਾ ਸਬੰਧ ਭਗਵਾਨ ਰਾਮ ਅਤੇ ਸੀਤਾ ਦੇ ਜੌੜੇ ਪੁੱਤਰਾਂ ਵਿੱਚੋਂ ਇੱਕ ਲੋਹ ਨਾਲ ਜੋੜਿਆ ਜਾਂਦਾ ਹੈ, ਜਦਕਿ ਦੂਜੇ ਪੁੱਤਰ ਦਾ ਨਾਮ ਕਸੋ ਦੱਸਿਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਲਾਹੌਰ ਸ਼ਹਿਰ ਦਾ ਨਾਮ ਲੋਹ ਦੇ ਨਾਮ ‘ਤੇ ਰੱਖਿਆ ਗਿਆ ਅਤੇ ਜਦਕਿ ਸ਼ਹਿਰ ਕਸੂਰ ਕਸੋ ਦੇ ਨਾਮ ‘ਤੇ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਲਈ ਕੋਈ ਪੱਕਾ ਇਤਿਹਾਸਕ ਸਬੂਤ ਮੌਜੂਦ ਨਹੀਂ ਹੈ।

ਲਾਹੌਰ ਕਿਲ੍ਹੇ ਦੇ ਅੰਦਰ, ਹਜ਼ੂਰੀ ਬਾਗ਼ ਅਤੇ ਆਲਮਗੀਰੀ ਗੇਟ ਦੇ ਨੇੜੇ ਇੱਕ ਛੋਟਾ ਬਿਨ੍ਹਾਂ ਛੱਤ ਵਾਲਾ ਲੋਹ ਮੰਦਰ ਮੌਜੂਦ ਹੈ। ਭਾਵੇਂ ਇਸ ਦੀ ਮੂਲ ਕਥਾ ਲੋਹ ਨਾਲ ਜੋੜੀ ਜਾਂਦੀ ਹੈ, ਪਰ ਮੌਜੂਦਾ ਢਾਂਚਾ ਉਸ ਸਮੂਹ ਦਾ ਹਿੱਸਾ ਹੈ ਜਿਸ ਵਿੱਚ ਮੁਗ਼ਲ ਦੌਰ ਅਤੇ ਬਾਅਦ ਵਿੱਚ ਸਿੱਖ ਸਾਮਰਾਜ ਦੇ ਦੌਰਾਨ ਤਬਦੀਲੀਆਂ ਅਤੇ ਵਾਧੇ ਕੀਤੇ ਗਏ।

ਲਾਹੌਰ ਕਿਲ੍ਹਾ

ਖੁਦਾਈ ਦੌਰਾਨ ਨਵੀਆਂ ਖੋਜਾਂ ਸਾਹਮਣੇ ਆਈਆਂ

ਲੋਹ ਮੰਦਰ ਇੱਕ ਛੋਟਾ ਬਿਨ੍ਹਾਂ ਛੱਤ ਵਾਲਾ ਧਾਰਮਿਕ ਸਥਾਨ ਹੈ ਜੋ ਇੱਕ ਕਮਰੇ ਦੇ ਅੰਦਰ ਬਣਿਆ ਹੋਇਆ ਹੈ।

ਇਹ ਸਥਾਨ ਆਮ ਤੌਰ ‘ਤੇ ਜਨਤਾ ਲਈ ਖੁੱਲ੍ਹਾ ਨਹੀਂ ਰਹਿੰਦਾ ਸੀ ਅਤੇ ਜ਼ਿਆਦਾਤਰ ਸਮੇਂ ਬੰਦ ਰਹਿੰਦਾ ਸੀ। ਹਾਲਾਂਕਿ ਸਾਲ ਵਿੱਚ ਇੱਕ ਜਾਂ ਦੋ ਵਾਰ ਭਾਰਤ ਅਤੇ ਪਾਕਿਸਤਾਨ ਤੋਂ ਹਿੰਦੂ ਯਾਤਰੀ ਇੱਥੇ ਦਰਸ਼ਨ ਕਰਨ ਆਉਂਦੇ ਸਨ।

ਮੁੰਤਹਾ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਇਸੇ ਕਮਰੇ ਤੋਂ ਸ਼ੁਰੂ ਹੋਇਆ ਜੋ ਸੰਭਵ ਸੀ। ਉਨ੍ਹਾਂ ਨੇ ਦੇਖਿਆ ਕਿ 2019 ਵਿੱਚ ਵੀ ਇਸ ਸਥਾਨ ‘ਤੇ ਮੁਰੰਮਤ ਦਾ ਕੰਮ ਕੀਤਾ ਗਿਆ ਸੀ।

ਕੰਮ ਦੀ ਸ਼ੁਰੂਆਤ ਵਿੱਚ ਸਭ ਤੋਂ ਵੱਡੀ ਸਮੱਸਿਆ ਪਾਣੀ ਦਾ ਰਿਸਾਅ ਸੀ ਕਿਉਂਕਿ ਮੰਦਰ ਦੀ ਛੱਤ ਨਹੀਂ ਹੈ, ਇਸ ਲਈ ਮੀਂਹ ਦਾ ਪਾਣੀ ਕਮਰੇ ਵਿੱਚ ਇਕੱਠਾ ਹੋ ਜਾਂਦਾ ਸੀ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ। ਇਸ ਕਰਕੇ ਇਸ ਥਾਂ ਨੂੰ ਵਾਟਰਪ੍ਰੂਫ ਕਰਨ ਦਾ ਫ਼ੈਸਲਾ ਕੀਤਾ ਗਿਆ। ਖੁਦਾਈ ਦੌਰਾਨ ਲੋਹ ਮੰਦਰ ਨਾਲ ਜੁੜੇ ਹੋਰ ਤਿੰਨ ਕਮਰੇ ਵੀ ਮਿਲੇ।

ਮੁੰਤਹਾ ਅਹਿਸਾਨ ਨੇ ਦੱਸਿਆ, “ਸਾਨੂੰ ਪਲਾਸਟਰ ਅਤੇ ਫ੍ਰੈਸਕੋਸ ਦੇ ਨਿਸ਼ਾਨ ਮਿਲੇ। ਜਦੋਂ ਅਸੀਂ ਲਗਭਗ ਛੇ ਫੁੱਟ ਤੱਕ ਖੁਦਾਈ ਕੀਤੀ ਤਾਂ ਹੋਰ ਕਮਰੇ ਸਾਹਮਣੇ ਆਏ। ਜਦੋਂ ਅਸੀਂ ਮਲਬਾ ਹਟਾਉਣਾ ਸ਼ੁਰੂ ਕੀਤਾ ਤਾਂ ਖਾਲੀ ਸ਼ਰਾਬ ਦੀਆਂ ਬੋਤਲਾਂ, ਕੱਚ ਦੇ ਟੁੱਕੜੇ, ਲਾਲ ਮਿੱਟੀ ਦੀਆਂ ਚੀਜ਼ਾਂ ਦੇ ਅਵਸ਼ੇਸ਼ ਅਤੇ ਛੱਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਟਾਇਲਾਂ ਦੇ ਟੁੱਟੇ ਹਿੱਸੇ ਮਿਲੇ।”

ਇਹ ਵੀ ਧਿਆਨਯੋਗ ਹੈ ਕਿ ਲੋਹ ਮੰਦਰ ਦੇ ਕੋਲ ਹੀ ਸ਼ਾਹੀ ਬਾਵਰਚੀ ਖਾਨਾ (ਰਸੋਈ) ਮੌਜੂਦ ਹੈ।

ਇਤਿਹਾਸਕ ਰਿਕਾਰਡਾਂ ਅਨੁਸਾਰ ਬ੍ਰਿਟਿਸ਼ ਦੌਰ ਵਿੱਚ ਇਸ ਦੇ ਕੁਝ ਹਿੱਸਿਆਂ ਨੂੰ ਰੰਮ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ। ਬਾਅਦ ਵਿੱਚ ਇਸ ਇਲਾਕੇ ਦਾ ਮਲਬਾ ਉਨ੍ਹਾਂ ਕਮਰਿਆਂ ਨੂੰ ਭਰਨ ਲਈ ਵਰਤਿਆ ਗਿਆ ਜੋ ਹੁਣ ਮਿਲੇ ਹਨ।

ਮੁੰਤਹਾ ਦੇ ਅਨੁਸਾਰ ਸਥਾਨ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹਰ ਹਕੂਮਤ ਦੇ ਦੌਰ ਦੌਰਾਨ ਇੱਥੇ ਤਬਦੀਲੀਆਂ ਹੋਈਆਂ ਅਤੇ ਇਸ ਨੂੰ ਆਪਣੇ ਤਰੀਕੇ ਨਾਲ ਵਰਤਿਆ।

ਉਨ੍ਹਾਂ ਦਾ ਕਹਿਣਾ ਹੈ, “ਜੋ ਕਮਰੇ ਅਸੀਂ ਲੱਭੇ ਹਨ, ਉਹ ਸਿੱਖ ਦੌਰ ਵਿੱਚ ਕੀਤੀਆਂ ਤਬਦੀਲੀਆਂ ਨੂੰ ਦਰਸਾਉਂਦੇ ਹਨ। ਉਸ ਸਮੇਂ ਆਖ਼ਰੀ ਕਮਰਾ ਬੰਦ ਕਰ ਦਿੱਤਾ ਗਿਆ ਸੀ।”

“ਪਹਿਲੇ ਕਮਰੇ ਵਿੱਚ ਸਿੱਖਾਂ ਨੇ ਇੱਕ ਨਵੀਂ ਪਰਤ ਸ਼ਾਮਲ ਕੀਤੀ ਅਤੇ ਉੱਥੋਂ ਦੀਆਂ ਪੇਂਟਿੰਗਜ਼ ਦਾ ਅੰਦਾਜ਼ ਵੀ ਸਿੱਖ ਦੌਰ ਨੂੰ ਦਰਸਾਉਂਦਾ ਹੈ। ਵਿਚਕਾਰਲੇ ਕਮਰੇ ਵਿੱਚ ਵੀ ਇੱਕ ਸੰਭਾਵਿਤ ਧਾਰਮਿਕ ਸਥਾਨ ਦੇ ਨਿਸ਼ਾਨ ਨਜ਼ਰ ਆਉਂਦੇ ਹਨ।”

ਲਾਹੌਰ ਕਿਲ੍ਹਾ

ਸਿੱਖ ਹਮਾਮ ਅਤੇ ਅੱਠ ਦਰਰਾ ਦੀ ਮੁਰੰਮਤ

ਲਾਹੌਰ ਕਿਲ੍ਹੇ ਵਿੱਚ ਵੱਖ-ਵੱਖ ਇਤਿਹਾਸਕ ਸਮਿਆਂ ਦੀਆਂ ਪਰਤਾਂ ਮੌਜੂਦ ਹਨ। ਜਿੱਥੇ ਇੱਕ ਪਾਸੇ ਮੁਗਲ ਯੁੱਗ ਦੀ ਆਰਕੀਟੈਕਚਰਲ ਸੁੰਦਰਤਾ ਸਾਫ਼ ਦਿਖਾਈ ਦਿੰਦੀ ਹੈ, ਉੱਥੇ ਸਿੱਖ ਕਾਲ ਦੇ ਨਿਸ਼ਾਨ ਵੀ ਕਾਫ਼ੀ ਪ੍ਰਮੁੱਖ ਹਨ। ਇਨ੍ਹਾਂ ਵਿੱਚ ਸਿੱਖ ਹਮਾਮ ਅਤੇ ਅੱਠ ਦਰਰਾ ਸ਼ਾਮਲ ਹਨ।

ਸ਼ੀਸ਼ ਮਹਿਲ ਦੇ ਵਿਹੜੇ ਵਿੱਚ ਸਥਿਤ ਇਹ ਦੋਵੇਂ ਢਾਂਚੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੀਆਂ ਲੋੜਾਂ ਅਨੁਸਾਰ ਵਰਤੇ ਗਏ। ਇਨ੍ਹਾਂ ਦੀ ਮੁਰੰਮਤ ਦਾ ਕੰਮ 2023 ਵਿੱਚ ਸ਼ੁਰੂ ਹੋਇਆ।

ਆਗ਼ਾ ਖ਼ਾਨ ਕਲਚਰਲ ਸਰਵਿਸ ਨਾਲ ਜੁੜੇ ਇੰਜੀਨੀਅਰ ਮੁਹੰਮਦ ਹੈਦਰ ਅਲੀ ਨੇ ਦੱਸਿਆ, “ਛੱਤ ‘ਤੇ ਬਣੀਆਂ ਫ੍ਰੈਸਕੋ ਪੇਂਟਿੰਗਜ਼ ਅਤੇ ਕੰਧਾਂ ‘ਤੇ ਸੇੱਕੋ ਪੇਂਟਿੰਗਜ਼ ਤੇ ਸੋਨੇ ਦੀ ਨੱਕਾਸ਼ੀ ਨੂੰ ਮੁੜ ਆਪਣੇ ਅਸਲ ਰੂਪ ਵਿੱਚ ਲਿਆਂਦਾ ਗਿਆ ਹੈ। ਇਹ ਮੂਲ ਵਿੱਚ ਮੁਗ਼ਲ ਸਮਾਰਕ ਸੀ, ਪਰ ਬਾਅਦ ਵਿੱਚ ਸਿੱਖਾਂ ਨੇ ਇਸਦਾ ਇਸਤੇਮਾਲ ਕੀਤਾ, ਇਸ ਕਰਕੇ ਇਸਨੂੰ ਸਿੱਖ ਹਮਾਮ ਕਿਹਾ ਜਾਂਦਾ ਹੈ।”

ਇਹ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਫ੍ਰੈਸਕੋ ਇੱਕ ਪੇਂਟਿੰਗ ਤਕਨੀਕ ਹੈ ਜੋ ਕੰਧਾਂ ਅਤੇ ਛੱਤਾਂ ‘ਤੇ ਵਰਤੀ ਜਾਂਦੀ ਹੈ, ਜਿਸਦੇ ਤਿੰਨ ਮੁੱਖ ਰੂਪ ਹੁੰਦੇ ਹਨ, ਬੂਓਨ (ਗਿੱਲਾ), ਸੇੱਕੋ (ਸੁੱਕਾ) ਅਤੇ ਮੇਜ਼ੋ (ਦਰਮਿਆਨਾ)। ਫਰਕ ਇਸ ਗੱਲ ਵਿੱਚ ਹੁੰਦਾ ਹੈ ਕਿ ਪੇਂਟਿੰਗ ਗਿੱਲੇ ਚੂਨੇ ਦੇ ਪਲਾਸਟਰ ‘ਤੇ ਕੀਤੀ ਜਾਂਦੀ ਹੈ ਜਾਂ ਸੁੱਕੇ ਪਲਾਸਟਰ ‘ਤੇ।

ਸਿੱਖ ਹਮਾਮ ਦੇ ਨਾਲ ਹੀ ਇੱਕ ਦਰਵਾਜ਼ਾ ਹੈ ਜੋ ਰਣਜੀਤ ਸਿੰਘ ਦੇ ਸਮੇਂ ਸਿੱਖ ਦਰਬਾਰ ਵੱਲ ਖੁੱਲ੍ਹਦਾ ਸੀ। ਇਸ ਸਥਾਨ ਨੂੰ ਅੱਠ ਦਰਰਾ ਪਵੇਲੀਅਨ ਕਿਹਾ ਜਾਂਦਾ ਹੈ।

“ਅੱਠ ਦਰਰਾ” ਦਾ ਅਰਥ ਹੈ ਅੱਠ ਦਰਵਾਜ਼ੇ। ਇਸ ਢਾਂਚੇ ਵਿੱਚ ਚਿੱਟੇ ਸੰਗਮਰਮਰ ਅਤੇ ਲਾਲ ਬਲੂਆ ਪੱਥਰ ਦਾ ਵਰਤੋਂ ਕੀਤਾ ਗਿਆ ਹੈ। ਛੱਤ ‘ਤੇ ਜਿਓਮੈਟ੍ਰਿਕ ਡਿਜ਼ਾਈਨ ਅਤੇ ਨੱਕਾਸ਼ੀ ਹੈ, ਜਦਕਿ ਸੰਗਮਰਮਰ ‘ਤੇ ਸੋਨੇ ਦੀਆਂ ਪੇਂਟਿੰਗਜ਼ ਬਣੀਆਂ ਹਨ। ਇੱਕ ਕੰਧ ‘ਤੇ ਰਾਧਾ-ਕ੍ਰਿਸ਼ਨ ਦੀ ਕਹਾਣੀ ਦਰਸਾਉਂਦੀਆਂ ਪੇਂਟਿੰਗਜ਼ ਵੀ ਦਿੱਸਦੀਆਂ ਹਨ।

ਮੁਹੰਮਦ ਹੈਦਰ ਅਲੀ ਦੇ ਅਨੁਸਾਰ, “ਅਸੀਂ ਸਿਰਫ਼ ਸਫਾਈ ਦਾ ਕੰਮ ਕੀਤਾ ਅਤੇ ਇਸ ਨੂੰ ਆਪਣੇ ਅਸਲ ਰੂਪ ਵਿੱਚ ਸੰਭਾਲਿਆ। ਚੰਗੀ ਗੱਲ ਇਹ ਹੈ ਕਿ ਇੱਥੇ ਕੋਈ ਗ੍ਰਾਫ਼ੀਟੀ (ਭਿੱਤੀ ਚਿੱਤਰ) ਨਹੀਂ ਹੈ। ਲੋਕਾਂ ਦੀ ਪਹੁੰਚ ਸੀਮਤ ਰਹਿਣ ਕਾਰਨ ਇਹ ਆਪਣੀ ਅਸਲ ਹਾਲਤ ਵਿੱਚ ਬਚਿਆ ਰਿਹਾ।”

ਲਾਹੌਰ ਦਾ ਸ਼ਾਹੀ ਕਿਲ੍ਹਾ

ਭਾਰਤ ਤੋਂ ਸੰਗਮਰਮਰ ਬਿਨ੍ਹਾਂ ਵਿਰਾਸਤ ਦੀ ਮੁਰੰਮਤ

ਮਾਹਰਾਂ ਅਨੁਸਾਰ ਲਾਹੌਰ ਕਿਲ੍ਹੇ ਦੇ ਜ਼ਿਆਦਾਤਰ ਢਾਂਚੇ ਮੁਗ਼ਲ ਦੌਰ ਵਿੱਚ ਬਣੇ ਸਨ। ਇਨ੍ਹਾਂ ਵਿੱਚ ਚਿੱਟੇ ਸੰਗਮਰਮਰ ਅਤੇ ਲਾਲ ਬਲੂਆ ਪੱਥਰ ਦੀ ਵਿਆਪਕ ਵਰਤੋਂ ਕੀਤੀ ਗਈ ਸੀ। ਉਸ ਵੇਲੇ ਸੰਗਮਰਮਰ ਭਾਰਤ ਦੇ ਮਕਰਾਨਾ ਖੇਤਰ ਤੋਂ ਲਿਆਂਦਾ ਜਾਂਦਾ ਸੀ।

ਸਿੱਖ ਦੌਰ ਵਿੱਚ ਉਨ੍ਹਾਂ ਦੇ ਅਧੀਨ ਇਲਾਕਿਆਂ ਵਿੱਚ ਨਾ ਤਾਂ ਸੰਗਮਰਮਰ ਦੀਆਂ ਖਾਨਾਂ ਸਨ ਅਤੇ ਨਾ ਹੀ ਲਾਲ ਬਲੂਆ ਪੱਥਰ ਦੇ ਸਰੋਤ। ਇਸ ਲਈ ਉਨ੍ਹਾਂ ਨੇ ਮੁਗ਼ਲ ਦੌਰ ਦੇ ਢਾਂਚਿਆਂ ਨੂੰ ਆਪਣੀਆਂ ਲੋੜਾਂ ਮੁਤਾਬਕ ਢਾਲਿਆ।

ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਰੁਕਣ ਕਾਰਨ ਭਾਰਤ ਤੋਂ ਸੰਗਮਰਮਰ ਲਿਆਉਣਾ ਅਸੰਭਵ ਹੋ ਗਿਆ। ਇਸ ਨਾਲ ਮੁਰੰਮਤ ਦਾ ਕੰਮ ਮੁਸ਼ਕਲ ਹੋ ਗਿਆ, ਪਰ ਆਖ਼ਿਰਕਾਰ ਪਾਕਿਸਤਾਨ ਅੰਦਰੋਂ ਹੀ ਉਚਿਤ ਬਦਲ ਲੱਭ ਲਏ ਗਏ।

ਇੰਜੀਨੀਅਰ ਮੁਹੰਮਦ ਹੈਦਰ ਅਲੀ ਨੇ ਦੱਸਿਆ, “ਅੱਠ ਦਰਰਾ ਦੀ ਮੁਰੰਮਤ ਵਿੱਚ ਸਭ ਤੋਂ ਵੱਡੀ ਚੁਣੌਤੀ ਸਮੱਗਰੀ ਹਾਸਲ ਕਰਨਾ ਸੀ। ਚਿੱਟੇ ਸੰਗਮਰਮਰ ਲਈ ਸਾਨੂੰ ਖ਼ੈਬਰ ਪਖ਼ਤੂਨਖ਼ਵਾ ਦੇ ਸ਼ਬਕਦਰ ਖੇਤਰ ਵਿੱਚ ਮਕਰਾਨਾ ਵਰਗਾ ਸੰਗਮਰਮਰ ਮਿਲਿਆ।”

ਉਨ੍ਹਾਂ ਨੇ ਅੱਗੇ ਦੱਸਿਆ, “ਇੱਕ ਖ਼ਾਸ ਕਿਸਮ ਦੀ ਲੱਕੜ ਲਗਭਗ ਸਤਾਰਾਂ ਤੋਂ ਅਠਾਰਾਂ ਫੁੱਟ ਲੰਬੀ ਸੀ। ਸਾਡੀ ਟੀਮ ਖ਼ੈਬਰ ਪਖਤੂਨਖਵਾ ਦੇ ਚਕਦਾਰਾ ਗਈ ਜਿੱਥੇ ਉਨ੍ਹਾਂ ਨੂੰ ਲੋੜੀਂਦੀ ਲੰਬਾਈ ਦੀ ਦੇਵਦਾਰ ਲੱਕੜ ਮਿਲੀ।”

“ਲਾਲ ਬਲੂਆ ਪੱਥਰ ਜੋ ਹੁਣ ਬਹੁਤ ਘੱਟ ਮਿਲਦਾ ਹੈ ਅਤੇ ਜ਼ਿਆਦਾਤਰ ਭਾਰਤ ਵਿੱਚ ਮਿਲਦਾ ਹੈ, ਉਸਨੂੰ ਸਥਾਨਕ ਬਾਜ਼ਾਰ ਵਿੱਚ ਲੱਭਣਾ ਬਹੁਤ ਮੁਸ਼ਕਲ ਸੀ, ਪਰ ਆਖ਼ਰਕਾਰ ਇਹ ਵੀ ਹਸਾਲ ਕਰ ਲਿਆ ਗਿਆ।”

ਲਾਹੌਰ ਦਾ ਸ਼ਾਹੀ ਕਿਲ੍ਹਾ

‘ਅਸੀਂ ਕਿਸੇ ਵੀ ਇਤਿਹਾਸਕ ਦੌਰ ਨੂੰ ਮਿਟਾਉਂਦੇ ਨਹੀਂ’

ਵਾਲਡ ਸਿਟੀ ਆਫ ਲਾਹੌਰ ਅਥਾਰਟੀ ਦੇ ਡਾਇਰੈਕਟਰ ਜਨਰਲ ਨਜਮ ਸਾਕਿਬ ਦੇ ਅਨੁਸਾਰ, ਇਸ ਪ੍ਰੋਜੈਕਟ ਦੀ ਬੁਨਿਆਦੀ ਨੀਤੀ ਕਿਸੇ ਵੀ ਇਤਿਹਾਸਕ ਪਰਤ ਨੂੰ ਮਿਟਾਉਣਾ ਨਹੀਂ, ਸਗੋਂ ਹਰ ਦੌਰ ਦੀਆਂ ਪਰਤਾਂ ਨੂੰ ਉਨ੍ਹਾਂ ਦੇ ਸਬੂਤਾਂ ਸਮੇਤ ਸੰਭਾਲਣਾ ਹੈ।

ਉਨ੍ਹਾਂ ਨੇ ਸਮਝਾਇਆ, “ਅਸੀਂ ਕਿਸੇ ਬਾਅਦ ਵਿੱਚ ਬਣੀ ਪਰਤ ਨੂੰ ਸਿਰਫ਼ ਇਸ ਲਈ ਨਹੀਂ ਹਟਾਉਂਦੇ ਕਿ ਉਹ ਅਕਬਰ ਦੇ ਦੌਰ ਦੀ ਇਮਾਰਤ ਉੱਤੇ ਬਣੀ ਹੈ। ਇਸਦੀ ਬਜਾਏ, ਅਸੀਂ ਸਾਰੇ ਸਮਿਆਂ ਨੂੰ ਉਨ੍ਹਾਂ ਦੇ ਇਤਿਹਾਸਕ ਸਬੂਤਾਂ ਸਮੇਤ ਇਕੱਠੇ ਸੰਭਾਲਦੇ ਹਾਂ।”

“ਇਸ ਨੀਤੀ ਤਹਿਤ ਅਕਬਰ ਦੇ ਦੌਰ ਤੋਂ ਲੈ ਕੇ ਬ੍ਰਿਟਿਸ਼ ਦੌਰ ਤੱਕ ਦੀਆਂ ਇਮਾਰਤਾਂ ਨੂੰ ਇਕੱਠੇ ਸੰਭਾਲਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਮਝ ਸਕਣ ਕਿ ਇਹ ਇਤਿਹਾਸਕ ਵਿਰਾਸਤ ਕਿਵੇਂ ਵਿਕਸਿਤ ਹੋਈ।”

ਨਜਮ ਸਾਕਿਬ ਨੇ ਇਹ ਵੀ ਦਰਸਾਇਆ ਕਿ ਇਸ ਸਮੇਂ ਪੰਜਾਬ ਭਰ ਵਿੱਚ ਇੱਕ ਸੌ ਤੋਂ ਵੱਧ ਵਿਰਾਸਤੀ ਸਥਾਨਾਂ ‘ਤੇ ਕੰਮ ਜਾਰੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ, “ਸਮੇਂ ਦੇ ਨਾਲ ਹੁਨਰਮੰਦ ਕਾਰੀਗਰ ਹੌਲੀ-ਹੌਲੀ ਘੱਟ ਰਹੇ ਸਨ। ਖੁਸ਼ਕਿਸਮਤੀ ਨਾਲ, ਵਾਲਡ ਸਿਟੀ ਅਥਾਰਟੀ ਅਤੇ ਸਰਕਾਰ ਦੀਆਂ ਪਹਿਲਾਂ ਰਾਹੀਂ ਲੋਕਾਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਇਸ ਖੇਤਰ ਵਿੱਚ ਵੀ ਵਧੀਆ ਰੁਜ਼ਗਾਰ ਦੇ ਮੌਕੇ ਹਨ।”

“ਪਿਛਲੇ ਪੰਜ ਤੋਂ ਛੇ ਸਾਲਾਂ ਵਿੱਚ ਉਨ੍ਹਾਂ ਦੀ ਗਿਣਤੀ ਵਿੱਚ ਸੁਧਾਰ ਆਇਆ ਹੈ। ਹੁਣ ਸਾਡੇ ਕੋਲ ਫ੍ਰੈਸਕੋ ਪੇਂਟਿੰਗ, ਲੱਕੜ ਦੀ ਇਨਲੇਅ ਅਤੇ ਨੱਕਾਸ਼ੀ, ਕੈਲੀਗ੍ਰਾਫੀ, ਟਾਇਲ ਵਰਕ, ਮੋਜ਼ੈਕ, ਪਲਾਸਟਰ ਵਰਕ ਅਤੇ ਹੋਰ ਰਵਾਇਤੀ ਕਲਾਵਾਂ ਵਿੱਚ ਕੰਮ ਕਰਨ ਵਾਲੇ ਕਾਫ਼ੀ ਹੁਨਰਮੰਦ ਕਾਰੀਗਰ ਹਨ।”

ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਭਰ ਵਿੱਚ ਇਤਿਹਾਸਕ ਵਿਰਾਸਤ ਦੀ ਮੁਰੰਮਤ ਨਾਲ ਸੈਰ-ਸਪਾਟੇ ਨੂੰ ਵਾਧਾ ਮਿਲੇਗਾ।

ਉਹ ਆਖਦੇ ਹਨ, “ਅਸੀਂ ਧਰਮਾਂ ਵਿਚਕਾਰ ਸਾਂਝ ‘ਤੇ ਵੀ ਕੰਮ ਕਰ ਰਹੇ ਹਾਂ। ਡਬਲਯੂਸੀਐੱਲਏ ਮੰਦਰਾਂ, ਗਿਰਜਾਘਰਾਂ, ਦਰਗਾਹਾਂ ਅਤੇ ਹੋਰ ਇਤਿਹਾਸਕ ਸਥਾਨਾਂ ‘ਤੇ ਸੰਭਾਲ ਦਾ ਕੰਮ ਕਰ ਰਹੀ ਹੈ। ਸਾਡਾ ਮਕਸਦ ਆਪਣੀ ਵਿਰਾਸਤ ਨੂੰ ਸੰਭਾਲਣਾ ਹੈ ਤਾਂ ਜੋ ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਬਚੀ ਰਹੇ ਅਤੇ ਨਾਲ ਹੀ ਸੈਰ-ਸਪਾਟੇ ਨੂੰ ਵੀ ਵਧਾਇਆ ਜਾਵੇ, ਭਾਵੇਂ ਉਹ ਦੇਸੀ ਹੋਵੇ, ਵਿਦੇਸ਼ੀ ਜਾਂ ਧਾਰਮਿਕ।”

ਰਮੇਸ਼ ਸਿੰਘ ਅਰੋੜਾ

ਪੰਜਾਬ ਵਿੱਚ ਧਾਰਮਿਕ ਸਥਾਨਾਂ ਦੀ ਮੁਰੰਮਤ ਅਤੇ ਧਾਰਮਿਕ ਸੈਰ-ਸਪਾਟਾ

ਘੱਟ ਗਿਣਤੀਆਂ ਦੇ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਬਹਾਲੀ ‘ਤੇ ਖੁਸ਼ੀ ਜਤਾਈ ਅਤੇ ਕਿਹਾ, “ਲੋਹ ਮੰਦਰ, ਅੱਠ ਦਰਰਾ ਅਤੇ ਸਿੱਖ ਹਮਾਮ ਸਮੇਤ ਹਿੰਦੂ ਧਾਰਮਿਕ ਸਥਾਨਾਂ ਦੀ ਮੁਰੰਮਤ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ ਅਤੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਵਾਂਝੇਪਣ ਦੀ ਭਾਵਨਾ ਨੂੰ ਘਟਾਉਣ ਵਿੱਚ ਮਦਦ ਕਰੇਗਾ।”

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਵਿੱਚ ਸਤਾਰਾਂ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਆਉਣ ਵਾਲੇ ਸਾਲ ਵਿੱਚ ਹੋਰ ਪ੍ਰੋਜੈਕਟ ਵੀ ਸ਼ਾਮਲ ਕੀਤੇ ਜਾਣਗੇ।

ਰਮੇਸ਼ ਸਿੰਘ ਅਰੋੜਾ ਨੇ ਕਿਹਾ, “ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਉਨ੍ਹਾਂ ਦੇ ਅਸਲ ਰੂਪ ਵਿੱਚ ਸੰਭਾਲਿਆ ਜਾਵੇਗਾ। ਕਿਸੇ ਵੀ ਸਿੱਖ ਗੁਰਦੁਆਰੇ ਨੂੰ ਨਾ ਢਾਹਿਆ ਜਾਵੇਗਾ ਅਤੇ ਨਾ ਹੀ ਦੁਬਾਰਾ ਤਿਆਰ ਕੀਤਾ ਜਾਵੇਗਾ,ਅਤੇ ਨਾ ਹੀ ਬੇਲੋੜੀ ਤੌਰ ‘ਤੇ ਸੰਗਮਰਮਰ ਲਗਾਇਆ ਜਾਵੇਗਾ।”

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ, “ਇਹ ਉਨ੍ਹਾਂ ਦੀ ਸੋਚ ਹੈ ਅਤੇ ਉਹ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਘੱਟ ਗਿਣਤੀ ਸਾਡੇ ਸਮਾਜ ਦਾ ਤਾਜ ਹਨ। ਉਨ੍ਹਾਂ ਦੀ ਸੁਰੱਖਿਆ ਸਾਡੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI