Source :- BBC PUNJABI
“ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹਨੀ ਸਿੰਘ ਖ਼ਤਮ ਹੋ ਗਿਆ, ਗਾਣੇ ਨਹੀਂ ਚੱਲ ਰਹੇ, ਮੋਟਾ ਹੋ ਗਿਆ, ਪਾਗਲਖ਼ਾਨੇ ਭੇਜ ਦਿੱਤਾ…ਮੈਂ ਉੱਥੋਂ ਆ ਰਿਹਾ ਹਾਂ।”
‘ਯੋ-ਯੋ ਹਨੀ ਸਿੰਘ-ਫੇਮਸ’ ਡਾਕੂਮੈਂਟਰੀ ਵਿੱਚ ਜਦੋਂ ਹਨੀ ਸਿੰਘ ਆਪਣੀ ਮੈਂਟਲ ਹੈਲਥ ਬਾਰੇ ਗੱਲ ਕਰਦੇ ਹਨ ਅਤੇ ਇਸ ਨਾਲ ਸੰਘਰਸ਼ ਬਾਰੇ ਦੱਸਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਡਰ ਨਜ਼ਰ ਆਉਂਦਾ ਹੈ।
ਨੈਟਫ਼ਲਿਕਸ ਉਪਰ 20 ਦਸੰਬਰ ਨੂੰ ਰਿਲੀਜ਼ ਹੋਈ ਇਸ 80 ਮਿੰਟ ਦੀ ਡਾਕੂਮੈਂਟਰੀ ਫਿਲਮ ਵਿੱਚ ਹਨੀ ਸਿੰਘ ਦੇ ਬਾਏ-ਪੋਲਰ ਡਿਸਆਰਡਰ ਨਾਲ ਪੀੜਤ ਹੋਣ, ਸੰਗੀਤ ਜਗਤ ਦੀਆਂ ਉਚਾਈਆਂ ਛੂਹਣ, ਫੈਨਜ਼ ਦੇ ਕਰੇਜ਼, ਗਾਣਿਆਂ ਵਿਚਲੇ ਬੋਲਾਂ ‘ਤੇ ਵਿਵਾਦ, ਨਿੱਜੀ ਜ਼ਿੰਦਗੀ ਦੇ ਝਮੇਲੇ, ਮੋਟਾਪਾ, ਅਸਫ਼ਲਤਾ ਅਤੇ ਨਿਰਾਸ਼ਾ ‘ਚੋਂ ਨਿਕਲਣ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
ਪੱਛਮੀ ਦਿੱਲੀ ਦੇ ਕਰਮਪੁਰਾ ਇਲਾਕੇ ਦੇ ਰਹਿਣ ਵਾਲੇ ਹਨੀ ਸਿੰਘ ਇੱਕ ਸਧਾਰਨ ਪੰਜਾਬੀ ਪਰਿਵਾਰ ਵਿੱਚੋਂ ਉੱਠੇ ਸਨ। ਇਸ ਡਾਕੂਮੈਂਟਰੀ ਵਿੱਚ ਹਨੀ ਸਿੰਘ ਦੇ ਸਫ਼ਰ ਅਤੇ ਸੰਗੀਤਕ ਪ੍ਰਾਪਤੀਆਂ ਬਾਰੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ, ਪੰਜਾਬੀ ਗਾਇਕ ਜੈਜ਼ੀ ਬੈਂਸ ਅਤੇ ਮਿਊਜ਼ਕ ਜਗਤ ਦੀਆਂ ਕਈ ਹਸਤੀਆਂ ਗੱਲ ਕਰਦੀਆਂ ਹਨ।
ਜਦੋਂ ਹਨੀ ਸਿੰਘ ਦੀ ਭੈਣ ਸਨੇਹਾ ਸਿੰਘ ਅਤੇ ਮਾਂ ਭੁਪਿੰਦਰ ਕੌਰ ਬਿਮਾਰੀ ਦੇ ਸਮੇਂ ਨੂੰ ਯਾਦ ਕਰਦੀਆਂ ਹਨ ਤਾਂ ਸੀਨ ਭਾਵੁਕ ਬਣ ਜਾਂਦੇ ਹਨ।
ਹਨੀ ਸਿੰਘ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
ਹਾਲਾਂਕਿ ਯੋ-ਯੋ ਹਨੀ ਸਿੰਘ ਦੀ ਬਿਮਾਰੀ, ਸਫ਼ਲਤਾ-ਅਸਫ਼ਲਤਾ ਅਤੇ ਵਾਦ-ਵਿਵਾਦਾਂ ਬਾਰੇ ਪਹਿਲਾਂ ਹੀ ਬਹੁਤ ਕੁਝ ਮੀਡੀਆ ਵਿੱਚ ਆ ਚੁੱਕਾ ਹੈ ਪਰ ਇਸ ਡਾਕੂਮੈਂਟਰੀ ਵਿੱਚ ਬਹੁਤ ਸਾਰੀਆਂ ਘਟਨਾਵਾਂ ਅਤੇ ਮੈਂਟਲ ਹੈਲਥ ਬਾਰੇ ਹਨੀ ਸਿੰਘ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆਉਂਦੇ ਹਨ।
ਜਦੋਂ ਹਨੀ ਸਿੰਘ ਨੇ ਆਪਣੇ-ਆਪ ਦੇ ਬਿਮਾਰ ਹੋਣ ਬਾਰੇ ਮੰਨ ਲਿਆ ਤਾਂ ਉਨ੍ਹਾਂ ਆਪਣੇ ਪਰਿਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਹੁਣ ਡਾਕਟਰ ਦੀ ਲੋੜ ਹੈ।
ਬਾਏ-ਪੋਲਰ ਡਿਸਆਰਡਰ ਦੀ ਗੰਭੀਰਤਾ ਨੂੰ ਬਿਆਨ ਕਰਦਿਆਂ ਉਹ ਕਹਿੰਦੇ ਹਨ, “ਲੀਵਰ ਕਿਡਨੀ ਖ਼ਰਾਬ ਹੁੰਦੀ ਹੈ ਤਾਂ ਭਰਾ ਤਿਆਰ ਹੋ ਜਾਂਦੇ ਹਨ ਆਪਣੀ ਕਿਡਨੀ ਦੇਣ ਲਈ, ਉਹ ਨਾ ਤਿਆਰ ਹੋਣ ਬਜ਼ਾਰ ਵਿੱਚ ਜਾ ਕੇ ਕਿਡਨੀ ਮਿਲ ਜਾਂਦੀ ਹੈ, ਦਿਮਾਗ਼ ਗਿਆ ਤਾਂ ਕੌਣ ਦੇਵੇਗਾ?”
ਹਨੀ ਸਿੰਘ ਸ਼ਾਹਰੁਖ਼ ਖ਼ਾਨ ਨਾਲ ਵਰਲਡ ਟੂਰ ‘ਤੇ ਗਏ ਹੋਏ ਸਨ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਬਿਮਾਰੀ ਨੇ ਝਟਕਾ ਦਿੱਤਾ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਸ਼ਾਹਰੁਖ ਨਾਲ ਕਦੇ ਕੋਈ ਝਗੜਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਖ਼ੁਦ ਹੀ ਸਿਰ ਵਿੱਚ ਗਲਾਸ ਮਾਰਿਆ ਸੀ।
ਇੱਕ ਸੀਨ ਵਿੱਚ ਹਨੀ ਸਿੰਘ ਇਹ ਵੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਉਨ੍ਹਾਂ ਨੇ ਇਸ ਘਟਨਾ ਤੋਂ 9 ਸਾਲ ਬਾਅਦ ਫਿਰ ਅਮਰੀਕਾ ਦੇ ਸ਼ਿਕਾਗੋ ਵਿੱਚ ਸ਼ੋਅ ਲਗਾਇਆ ਅਤੇ ਉਹ ਸ਼ੋਅ ਤੋਂ ਪਹਿਲਾਂ ਫਿਰ ਤਣਾਅ ਮਹਿਸੂਸ ਕਰਨ ਲੱਗੇ।
ਉਹ ਕਹਿੰਦੇ ਹਨ, “ਮੈਂ ਆਪਣੇ ਡਾਕਟਰ ਨੂੰ ਫੋਨ ਕੀਤਾ, ਉਹ ਮੇਰੇ ਲਈ ਫਰਿਸ਼ਤਾ ਹੈ। ਉਨ੍ਹਾਂ ਨੇ ਕਿਹਾ ਕੁਝ ਨਹੀਂ ਹੋਵੇਗਾ। ਸ਼ੋਅ ਹੀ ਖ਼ਰਾਬ ਹੋ ਜਾਵੇਗਾ ਪਰ ਟੈਨਸ਼ਨ ਨਹੀਂ ਲੈਣੀ। ਫਿਰ ਮੈਂ ਸ਼ੋਅ ਕੀਤਾ ਪਰ ਲੋਕਾਂ ਨਾਲ ਨਜ਼ਰ ਨਹੀਂ ਮਿਲਾਈ। ਵਾਪਸ ਕਾਰ ਵਿੱਚ ਆ ਕੇ ਮੈਂ ਰਿਲੈਕਸ ਹੋ ਗਿਆ। ਮੈਂ ਕਿਹਾ ਬੱਸ ਇਹੋ ਸੀ।”
ਬਾਏ-ਪੋਲਰ ਡਿਸਆਰਡਰ ਕੀ ਹੈ? ਇਸ ‘ਤੇ ਗੱਲ ਕਿਉਂ ਜ਼ਰੂਰੀ ਹੈ?
ਨੈਸ਼ਨਲ ਹੈਲਥ ਸਰਵਿਸ ਯੂਕੇ ਮੁਤਾਬਕ ਬਾਏ-ਪੋਲਰ ਡਿਸਆਰਡਰ ਇੱਕ ਮਾਨਸਿਕ ਸਿਹਤ ਸਥਿਤੀ ਹੈ ਜਿੱਥੇ ਤੁਹਾਡੇ ਮੂਡ ਵਿੱਚ ਬਹੁਤ ਜ਼ਿਆਦਾ ਬਦਲਾਅ ਹੁੰਦੇ ਹਨ।
ਇਸ ਦਾ ਪ੍ਰਮੁੱਖ ਲੱਛਣ ਹੈ ਕਿ ਇਸ ਨਾਲ ਸਾਡੇ ਮੂਡ ਵਿੱਚ ਬਹੁਤ ਜਲਦੀ ਬਦਲਾਅ ਆਉਂਦਾ ਹੈ। ਅਸੀਂ ਕਦੇ ਬਹੁਤ ਖੁਸ਼, ਉਤਸ਼ਾਹਿਤ ਜਾਂ ਊਰਜਾਵਾਨ ਮਹਿਸੂਸ ਕਰਦੇ ਹਾਂ ਜਾਂ ਇਸ ਦੇ ਉਲਟ ਬਿਲਕੁਲ ਉਦਾਸ, ਥੱਕੇ ਹੋਏ ਜਾਂ ਨਿਰਾਸ਼।
ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਦੇ ਮਨੋਰੋਗ ਵਿਭਾਗ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਬਾਏ-ਪੋਲਰ ਡਿਸਆਰਡਰ ਦੋ ਤਰ੍ਹਾਂ ਦਾ ਹੁੰਦਾ ਹੈ।
ਪਹਿਲੇ ਵਿੱਚ ਇਨਸਾਨ ਉਤੇਜਿਤ ਹੋ ਜਾਂਦਾ ਹੈ, ਉਹ ਹਰ ਕੰਮ ਬੜੇ ਜੋਸ਼ ਅਤੇ ਉਲਾਸ ਨਾਲ ਕਰਦਾ ਹੈ। ਦੂਜੇ ਵਿੱਚ ਉਹ ਨਿਰਾਸ਼ਾਜਨਕ ਹੋ ਜਾਂਦਾ ਹੈ ਜਿਸ ਵਿੱਚ ਕੰਮ ਕਰਨ ਦਾ ਮਨ ਨਹੀਂ ਹੁੰਦਾ। ਉਹ ਨਕਾਰਤਮਕ ਢੰਗ ਨਾਲ ਚੀਜ਼ਾਂ ਨੂੰ ਦੇਖਦਾ ਹੈ।
ਮਨੋਰੋਗ ਦੇ ਡਾਕਟਰ ਕਹਿੰਦੇ ਹਨ ਇਸ ਦੇ ਕਾਰਨ ਪਰਿਵਾਰਕ ਹਿਸਟਰੀ, ਤਣਾਅ, ਸ਼ਰਾਬ ਅਤੇ ਡਰੱਗਜ਼ ਹੋ ਸਕਦੇ ਹਨ।
ਉਹ ਦੱਸਦੇ ਹਨ ਕਿ ਇਸ ਦਾ ਇਲਾਜ ਸੰਭਵ ਹੈ ਅਤੇ ਕਈ ਵਾਰ ਬਿਮਾਰੀ ਦੇ ਹਿਸਾਬ ਨਾਲ ਮਰੀਜ਼ ਨੂੰ ਦਾਖ਼ਲ ਵੀ ਕਰਨਾ ਪੈ ਸਕਦਾ ਹੈ।
ਡਾਕਟਰ ਕਹਿੰਦੇ ਹਨ ਕਿ ਅੱਜ ਦੇ ਤਣਾਅ ਅਤੇ ਮੁਕਾਬਲੇ ਦੇ ਯੁੱਗ ਵਿੱਚ ਮੈਂਟਲ ਹੈਲਥ ਉਪਰ ਗੱਲ ਹੋਣੀ ਅਤੇ ਚੇਤਨਾ ਬਹੁਤ ਜ਼ਰੂਰੀ ਹੈ।
ਚੰਡੀਗੜ੍ਹ ਵਿੱਚ ਗਾਇਕ ਏਪੀ ਢਿੱਲੋਂ ਦੇ ਇੱਕ ਸ਼ੋਅ ਦੌਰਾਨ ਪਿਛਲੇ ਦਿਨੀਂ ਗਾਇਕ ਜੈਜ਼ੀ ਬੀ ਨੇ ਸਟੇਜ ਤੋਂ ਕਿਹਾ ਕਿ ‘ਮੈਂਟਲ ਹੈਲਥ ਸਾਡੇ ਸਮਾਜ ਵਿੱਚ ਵੱਡਾ ਮੁੱਦਾ ਹੈ।’
ਜੈਜ਼ੀ ਬੀ ਨੇ ਕਿਹਾ, “ਤੁਸੀਂ ਡਾਕੂਮੈਂਟਰੀ ਵਿੱਚ ਦੇਖਿਆ ਹੈ ਕਿ ਹਨੀ ਸਿੰਘ ਇਸ ਵਿੱਚੋਂ ਲੰਘਿਆ ਹੈ। ਯੁਧਵੀਰ ਮਾਣਕ ਵੀ ਇਸ ਵਿੱਚੋਂ ਲੰਘਿਆ ਹੈ। ਜੇ ਕੋਈ ਇਸ ਵਿੱਚੋਂ ਲੰਘ ਰਿਹਾ ਹੈ ਤਾਂ ਆਪਣੇ ਮਾਪਿਆਂ ਜਾਂ ਆਪਣੇ ਦੋਸਤਾਂ ਨਾਲ ਗੱਲ ਕਰੋ। ਸੋਸ਼ਲ ਮੀਡੀਆ ‘ਤੇ ਹੀ ਨਾ ਰਿਹਾ ਕਰੋ।”
ਸੰਗਰੂਰ ਵਿੱਚ ਮਨੋਰੋਗ ਦੇ ਮਾਹਿਰ ਡਾਕਟਰ ਦੀਪਕ ਕਹਿੰਦੇ ਹਨ ਕਿ ਜਦੋਂ ਕੋਈ ਇਸ ਬਿਮਾਰੀ ਨਾਲ ਪੀੜਤ ਮਹਿਸੂਸ ਕਰਦਾ ਹੈ, ਉਦਾਸ ਹੁੰਦਾ ਹੈ ਜਾਂ ਕਿਸੇ ਗੱਲ ਤੋਂ ਡਰਦਾ ਹੈ ਤਾਂ ਉਸ ਨੂੰ ਆਪਣੇ ਮਾਤਾ-ਪਿਤਾ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।
ਡਾਕਟਰ ਦੀਪਕ ਮੁਤਾਬਕ, “ਸਾਡੇ ਸਮਾਜ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਕਈ ਟੈੱਬੂ ਹਨ ਇਸ ਲਈ ਅਕਸਰ ਮਾਪੇ ਵੀ ਘਬਰਾ ਜਾਂਦੇ ਹਨ ਜਿਸ ਕਰਕੇ ਅਜਿਹੇ ਮਾਹੌਲ ਵਿੱਚ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।”
‘ਕਲਾ ਨਾਲ ਧੱਕਾ ਨਹੀਂ ਹੋ ਸਕਦਾ’
ਜਦੋਂ ਹਨੀ ਸਿੰਘ ਸਫ਼ਲਤਾ ਦੀਆਂ ਬੁਲੰਦੀਆਂ ਛੂਹ ਰਹੇ ਸਨ ਤਾਂ ਉਹ ਹਜ਼ਾਰਾਂ ਲੋਕਾਂ ਵਿੱਚ ਪਰਫੌਰਮ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਉਹ ਘਰ ਵੀ ਘੱਟ ਹੀ ਆਉਂਦੇ ਸਨ ਪਰ ਫਿਰ ‘ਇਕ ਸਮਾਂ ਅਜਿਹਾ ਆਇਆ ਕਿ ਉਹ ਚਾਰ ਲੋਕਾਂ ਸਾਹਮਣੇ ਜਾਣ ਤੋਂ ਵੀ ਡਰਦੇ ਰਹੇ’।
ਪਵਨਪ੍ਰੀਤ ਸਿੰਘ ਇੱਕ ਸੰਗੀਤ ਪ੍ਰੇਮੀ ਹਨ। ਉਹ ਡਾਕੂਮੈਂਟਰੀ ਦੇਖਣ ਤੋਂ ਬਾਅਦ ਕਹਿੰਦੇ ਹਨ ਕਿ ਕਲਾ ਨਾਲ ਧੱਕਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਮੁਤਾਬਕ, “ਇਸ ਫਿਲਮ ਵਿੱਚ ਮੈਂਟਲ ਹੈਲਥ ਦੇ ਸਾਰੇ ਪੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਬੰਦਾ ਸੱਚੀਂ ਉਪਰ ਜਾਂਦਾ ਹੈ ਪਰ ਕਲਾ ਨੂੰ ਸਮਾਂ ਚਾਹੀਦਾ ਹੈ। ਕਲਾ ਨਾਲ ਤੁਸੀਂ ਧੱਕਾ ਨਹੀਂ ਕਰ ਸਕਦੇ ਕਿ ਬਿਨਾਂ ਬਰੇਕ ਤੋਂ ਕੰਮ ਚੱਲਦਾ ਰਹੇ।”
ਗੁਰਮੀਤ ਸਿੰਘ ਇਸ ਡਾਕੂਮੈਂਟਰੀ ਨੂੰ ਦੇਖਣ ਤੋਂ ਬਾਅਦ ਕਹਿੰਦੇ ਹਨ ਕਿ ਫ਼ਿਲਮ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਹਨੀ ਸਿੰਘ ਨੂੰ ਆਪਣੀ ਬਿਮਾਰੀ ਵਿੱਚੋਂ ਆਪ ਹੀ ਨਿੱਕਲਣਾ ਪਿਆ।
ਉਹ ਕਹਿੰਦੇ ਹਨ, “ਲੋਕ ਮੋਟੂ ਹਨੀ ਸਿੰਘ ਨਹੀਂ ਦੇਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਆਪਣੀ ਮੈਂਟਲ ਹੈਲਥ ਦੇ ਨਾਲ-ਨਾਲ ਸਿਹਤ ‘ਤੇ ਵੀ ਕੰਮ ਕਰਨਾ ਪਿਆ ਜਿਸ ਲਈ ਉਹ ਜਿੰਮ ਜਾਂਦੇ ਸਨ।”
ਹਨੀ ਸਿੰਘ ਦਾ ਦੌਰ ਅਤੇ ਨਵੀਂ ਤਲਾਸ਼
ਹਨੀ ਸਿੰਘ ਨੇ ਸ਼ੁਰੂਆਤ ਵਿੱਚ ‘ਗਲਾਸੀ’ ਵਰਗੇ ਗਾਣੇ ਤੋਂ ਬਾਅਦ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਅਤੇ ਹੋਰ ਉੱਭਰਦੇ ਪੰਜਾਬੀ ਗਾਇਕਾਂ ਨਾਲ ਮਸ਼ਹੂਰ ਗਾਣੇ ਦਿੱਤੇ।
ਫਿਰ ਉਨ੍ਹਾਂ ਦੀ ਬੌਲੀਵੁੱਡ ਵਿੱਚ ਐਂਟਰੀ ਵੀ ਹੋਈ ਜਿੱਥੇ ‘ਪਾਰਟੀ ਆਲ ਨਾਈਟ, ‘ਮੈਂ ਸ਼ਰਾਬੀ’ ਅਤੇ ‘ਲੂੰਗੀ ਡਾਂਸ’ ਵਰਗੇ ਗਾਣੇ ਇੱਕ ਨਵਾਂ ਸੰਗੀਤ ਲੈ ਕੇ ਆਏ।
ਹਾਲਾਂਕਿ ਹਨੀ ਸਿੰਘ ਉਪਰ ਔਰਤ ਵਿਰੋਧੀ ਗਾਣੇ ਗਾਉਣ ਅਤੇ ਵੀਡੀਓ ਵਿੱਚ ਔਰਤਾਂ ਦੀ ਪੇਸ਼ਕਾਰੀ ਬਾਰੇ ਲਗਾਤਾਰ ਸਵਾਲ ਵੀ ਉੱਠਦੇ ਰਹੇ। ਇਹ ਸਵਾਲ ਇਸ ਡੈਕੂਮੈਂਟਰੀ ਵਿੱਚ ਵੀ ਕੁਝ ਔਰਤਾਂ ਵੱਲੋਂ ਚੁੱਕੇ ਗਏ ਹਨ।
ਹਨੀ ਸਿੰਘ ਡਾਕੂਮੈਂਟਰੀ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਜੋ ਨੌਜਵਾਨ ਸੁਣਦੇ ਸਨ ਸ਼ਾਇਦ ਉਹ ਵਿਆਹੇ ਗਏ ਅਤੇ ਹੁਣ ਉਨ੍ਹਾਂ ਨੂੰ ਆਪਣੇ ਨਵੇਂ ਦਰਸ਼ਕ ਲੱਭਣ ਲਈ ਹੋਮਵਰਕ ਕਰਨਾ ਪਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI