Source :- BBC PUNJABI

ਤਸਵੀਰ ਸਰੋਤ, Reuters
ਅਪਡੇਟ ਇੱਕ ਘੰਟਾ ਪਹਿਲਾਂ
ਭਾਰਤ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤੀ ਫੌਜ ਨੇ “ਆਪ੍ਰੇਸ਼ਨ ਸਿੰਦੂਰ” ਸ਼ੁਰੂ ਕਰ ਦਿੱਤਾ ਹੈ।
ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ, “ਇਸ ਕਾਰਵਾਈ ਹੇਠ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਭਾਰਤ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ ਸੀ।”
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਕੁੱਲ ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।”
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਬਹੁਤ ਤਣਾਅਪੂਰਨ ਹੋ ਗਏ ਹਨ।
ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।
ਰਾਇਟਰਜ਼ ਨਿਊਜ਼ ਏਜੰਸੀ ਦੇ ਮੁਤਾਬਕ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਵੀ ਭਾਰੀ ਗੋਲਾਬਾਰੀ ਅਤੇ ਜ਼ੋਰਦਾਰ ਧਮਾਕਿਆਂ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਹਮਲੇ ‘ਤੇ ਪ੍ਰਤੀਕਿਰਿਆ ਦਿੰਦੀਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪਾਈ ਇੱਕ ਪੋਸਟ ‘ਚ ਲਿਖਿਆ, “ਮੱਕਾਰ ਦੁਸ਼ਮਣ ਨੇ ਪਾਕਿਸਤਾਨ ਦੇ ਪੰਜ ਟਿਕਾਣਿਆਂ ‘ਤੇ ਕਾਇਰਤਾਪੂਰਨ ਹਮਲੇ ਕੀਤੇ ਹਨ।”
“ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਜ਼ੋਰਦਾਰ ਜਵਾਬ ਦੇਣ ਦਾ ਪੂਰਾ ਹੱਕ ਹੈ, ਅਤੇ ਜ਼ੋਰਦਾਰ ਜਵਾਬ ਦਿੱਤਾ ਜਾ ਰਿਹਾ ਹੈ।”
ਉਨ੍ਹਾਂ ਨੇ ਅੱਗੇ ਲਿਖਿਆ, “ਪੂਰਾ ਦੇਸ਼ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਦੇ ਨਾਲ ਖੜ੍ਹਾ ਹੈ, ਅਤੇ ਪੂਰੇ ਪਾਕਿਸਤਾਨੀ ਰਾਸ਼ਟਰ ਦਾ ਮਨੋਬਲ ਅਤੇ ਭਾਵਨਾ ਮਜ਼ਬੂਤ ਹੈ।”
“ਪਾਕਿਸਤਾਨੀ ਕੌਮ ਅਤੇ ਪਾਕਿਸਤਾਨੀ ਹਥਿਆਰਬੰਦ ਫੌਜਾਂ ਜਾਣਦੀਆਂ ਹਨ ਕਿ ਦੁਸ਼ਮਣ ਨਾਲ ਕਿਵੇਂ ਨਜਿੱਠਣਾ ਹੈ। ਅਸੀਂ ਦੁਸ਼ਮਣ ਨੂੰ ਉਨ੍ਹਾਂ ਦੇ ਨਾਪਾਕ ਇਰਾਦਿਆਂ ਵਿੱਚ ਕਦੇ ਵੀ ਸਫਲ ਨਹੀਂ ਹੋਣ ਦੇਵਾਂਗੇ।”

ਤਸਵੀਰ ਸਰੋਤ, X/CMShehbaz
ਡੌਨਲਡ ਟਰੰਪ ਨੇ ਵੀ ਕੀਤੀ ਟਿੱਪਣੀ
ਪਾਕਿਸਤਾਨ ਦੇ ਅੰਦਰ ਭਾਰਤੀ ਹਮਲਿਆਂ ‘ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਆਪਣੀ ਪਹਿਲੀ ਟਿੱਪਣੀ ਦਿੱਤੀ ਹੈ।
ਟਰੰਪ ਨੇ ਕਿਹਾ, “ਇਹ ਇੱਕ ਸ਼ਰਮਨਾਕ ਗੱਲ ਹੈ। ਮੈਨੂੰ ਲੱਗਦਾ ਹੈ ਕਿ ਲੋਕ ਅਤੀਤ ਦੇ ਆਧਾਰ ‘ਤੇ ਜਾਣਦੇ ਸਨ ਕਿ ਕੁਝ ਹੋਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਲੜ ਰਹੇ ਹਨ। ਜੇ ਤੁਸੀਂ ਇਸ ਬਾਰੇ ਵਿਚਾਰੋ ਤਾਂ ਉਹ ਦਹਾਕਿਆਂ ਅਤੇ ਸਦੀਆਂ ਤੋਂ ਲੜ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਇਹ ਬਹੁਤ ਜਲਦੀ ਖ਼ਤਮ ਹੋ ਜਾਵੇਗਾ।”
ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਆਦੇਸ਼

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਦੋਵਾਂ ਹੀ ਦੇਸ਼ਾਂ ਦੇ ਕੁਝ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।
ਪੰਜਾਬ ਵਿੱਚ ਕਈ ਥਾਵਾਂ ਉਪਰ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬੇ ਵਿੱਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਫਾਜ਼ਿਲਕਾ ਵਿੱਚ ਸਕੂਲਾਂ ਨੂੰ ਅਗਲੇ 72 ਘੰਟਿਆਂ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਬੀਬੀਸੀ ਪੱਤਰਕਾਰ ਅਜ਼ਾਦੇਹ ਮੋਸ਼ਿਰੀ ਦੇ ਮੁਤਾਬਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅਤੇ ਪੰਜਾਬ ਸੂਬੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।
ਕਸ਼ਮੀਰ ਤੋਂ ਬੀਬੀਸੀ ਪੱਤਰਕਾਰ ਸ਼ਫ਼ਤ ਫਾਰੂਕ ਦੀ ਰਿਪੋਰਟ ਮੁਤਾਬਕ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਹਨ।
ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਸ਼ਮੀਰ ਦੇ ਜੰਮੂ, ਸਾਂਬਾ, ਕਠੁਆ, ਰਾਜੌਰੀ ਅਤੇ ਪੁੰਛ ਖੇਤਰਾਂ ਵਿੱਚ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਅੱਜ ਬੰਦ ਰਹਿਣਗੀਆਂ।
ਭਾਰਤੀ ਏਅਰਲਾਈਨਜ਼ ਦੀ ਐਡਵਾਇਜ਼ਰੀ, ਕਈ ਉਡਾਣਾਂ ਰੱਦ

ਤਸਵੀਰ ਸਰੋਤ, Getty Images
ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਈ ਏਅਰਲਾਈਨਜ਼ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।
ਏਅਰ ਇੰਡੀਆ, ਸਪਾਈਸਜੈੱਟ ਅਤੇ ਇੰਡੀਗੋ ਨੇ ਟਰੈਵਲ ਐਡਵਾਇਜ਼ਰੀ ਜਾਰੀ ਕਰਕੇ ਦੱਸਿਆ ਹੈ ਕਿ ਕਈ ਖੇਤਰਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਣਗੀਆਂ।
ਏਅਰ ਇੰਡੀਆ ਨੇ ਐਕਸ ‘ਤੇ ਲਿਖਿਆ, “ਮੌਜੂਦਾ ਸਥਿਤੀ ਦੇ ਮੱਦੇਨਜ਼ਰ ਏਅਰ ਇੰਡੀਆ ਨੇ 7 ਮਈ ਨੂੰ ਦੁਪਹਿਰ 12 ਵਜੇ ਤੱਕ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਤੋਂ ਆਉਣ-ਜਾਣ ਵਾਾਲੀਆ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।”
ਏਅਰਲਾਈਨ ਨੇ ਅੱਗੇ ਦੱਸਿਆ, “ਅੰਮ੍ਰਿਤਸਰ ਜਾਣ ਵਾਲੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਦਿੱਲੀ ਵੱਲੋਂ ਮੋੜਿਆ ਜਾ ਰਿਹਾ ਹੈ।”
ਸਪਾਈਸਜੈੱਟ ਨੇ ਪੋਸਟ ਕੀਤਾ, “ਮੌਜੂਦਾ ਸਥਿਤੀ ਦੇ ਕਾਰਨ ਧਰਮਸ਼ਾਲਾ, ਲੇਹ, ਜੰਮੂ, ਸ਼੍ਰੀਨਗਰ ਅਤੇ ਅੰਮ੍ਰਿਤਸਰ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਵਾਈ ਅੱਡੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।”
ਇੰਡੀਹੋ ਨੇ ਐਕਸ ‘ਤੇ ਲਿਖਿਆ, “ਹਵਾਈ ਖੇਤਰ ਦੇ ਬਦਲਦੇ ਹਾਲਾਤਾਂ ਕਾਰਨ ਸ਼੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ ਅਤੇ ਧਰਮਸ਼ਾਲਾ ਤੋਂ ਆਉਣ-ਜਾਣ ਵਾਲੀਆਂ ਸਾਡੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।””
ਤਿੰਨਾਂ ਹੀ ਏਅਰਲਾਈਨਜ਼ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਫਲਾਇਟ ਦਾ ਸਟੇਟਸ ਚੈੱਕ ਕਰਕੇ ਹੀ ਏਅਰਪੋਰਟ ਪਹੁੰਚਣ।
ਉਧਰ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਕਤਰ ਏਅਰਵੇਜ਼ ਨੇ ਪਾਕਿਸਤਾਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਹਨ।
ਵਿਰੋਧੀ ਆਗੂਆਂ ਨੇ ਕੀ-ਕੀ ਕਿਹਾ

ਤਸਵੀਰ ਸਰੋਤ, Getty Images
ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਲਿਖਿਆ: “ਸਾਨੂੰ ਆਪਣੀ ਫੌਜ ‘ਤੇ ਮਾਣ ਹੈ। ਜੈ ਹਿੰਦ।”
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਸ ਮੁੱਦੇ ‘ਤੇ ਆਪਣੇ ਐਕਸ ਅਕਾਉਂਟ ‘ਤੇ ਲਿਖਿਆ ਹੈ, “ਪਾਕਿਸਤਾਨ ਅਤੇ ਪੀਓਕੇ ਤੋਂ ਪੈਦਾ ਹੋਣ ਵਾਲੇ ਹਰ ਤਰ੍ਹਾਂ ਦੇ ਅੱਤਵਾਦ ਵਿਰੁੱਧ ਭਾਰਤ ਦੀ ਇੱਕ ਦ੍ਰਿੜ ਕੌਮੀ ਨੀਤੀ ਹੈ। ਸਾਨੂੰ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਠਿਕਾਣਿਆਂ ‘ਤੇ ਫ਼ੌਜ ਵਲੋਂ ਕੀਤੇ ਹਮਲੇ ‘ਤੇ ਮਾਣ ਹੈ।”
ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਫੌਜੀ ਕਾਰਵਾਈ ‘ਤੇ ਕਿਹਾ ਹੈ, “ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦ ਦੇ ਸਾਰੇ ਸਰੋਤਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਭਾਰਤ ਦੀ ਦ੍ਰਿੜ ਨੀਤੀ ਹੋਣੀ ਚਾਹੀਦੀ ਹੈ ਅਤੇ ਇਹ ਨੀਤੀ ਹਮੇਸ਼ਾ ਸਰਵਉੱਚ ਰਾਸ਼ਟਰੀ ਹਿੱਤ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ।”
“ਇਹ ਏਕਤਾ ਅਤੇ ਏਕਤਾ ਦਾ ਸਮਾਂ ਹੈ। 22 ਅਪ੍ਰੈਲ ਦੀ ਰਾਤ ਤੋਂ, ਇੰਡੀਅਨ ਨੈਸ਼ਨਲ ਕਾਂਗਰਸ ਇਹ ਸਪੱਸ਼ਟ ਕਰ ਰਹੀ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਦੇਸ਼ ਦੀ ਕਾਰਵਾਈ ਵਿੱਚ ਸਰਕਾਰ ਨੂੰ ਸਾਡਾ ਪੂਰਾ ਸਮਰਥਨ ਪ੍ਰਾਪਤ ਹੋਵੇਗਾ। ਕਾਂਗਰਸ ਪਾਰਟੀ ਸਾਡੇ ਹਥਿਆਰਬੰਦ ਬਲਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।”
ਏਆਈਐੱਮਆਈਐੱਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਲਿਖਿਆ ਹੈ, “ਮੈਂ ਸਾਡੇ ਰੱਖਿਆ ਬਲਾਂ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ‘ਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦਾ ਸਵਾਗਤ ਕਰਦਾ ਹਾਂ।”
“ਪਾਕਿਸਤਾਨੀ ਡੀਪ ਸਟੇਟ ਨੂੰ ਇੰਨਾ ਸਖ਼ਤ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਕਿ ਮੁੜ ਕਦੇ ਵੀ ਇੱਕ ਹੋਰ ਪਹਿਲਗਾਮ ਨਾ ਹੋਵੇ। ਪਾਕਿਸਤਾਨ ਦੇ ਅੱਤਵਾਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਹੈ। ਜੈ ਹਿੰਦ!”
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਇੱਕ ਪੋਸਟ ਵਿੱਚ ਲਿਖਿਆ, “ਦਹਿਸ਼ਤਗਰਦਾਂ ਦੇ ਠਿਕਾਣਿਆਂ ਨੂੰ ਸਟੀਕ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ। ਇਹ ਠੀਕ ਉਸੇ ਤਰ੍ਹਾਂ ਹੈ, ਜਿਸ ਦੀ ਮੈਂ ਪਿਛਲੇ ਹਫ਼ਤੇ ਵਕਾਲਤ ਕੀਤੀ ਸੀ-ਸਖ਼ਤ ਹਮਲਾ ਕਰੋ, ਚਲਾਕੀ ਨਾਲ ਕਰੋ। ਮੈਂ ਇਸ ਦੀ ਸ਼ਲਾਘਾ ਕਰਦਾ ਹਾਂ ਅਤੇ ਫੌਜ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।”
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ, “ਸਾਨੂੰ ਭਾਰਤੀ ਫੌਜ ਅਤੇ ਆਪਣੇ ਜਵਾਨਾਂ ਉਪਰ ਮਾਣ ਹੈ। ਦਹਿਸ਼ਤਗਰਦ ਖ਼ਿਲਾਫ਼ ਇਸ ਲੜਾਈ ਵਿੱਚ 140 ਕਰੋੜ ਭਾਰਤ ਵਾਸੀ ਫੌਜ ਦੇ ਨਾਲ ਖੜ੍ਹੇ ਹਨ। ਭਾਰਤੀ ਫੌਜ ਦੀ ਹਿੰਮਤ, ਹਰ ਦੇਸ਼ ਵਾਸੀ ਦਾ ਵਿਸ਼ਵਾਸ ਹੈ। ਅਸੀਂ ਸਾਰੇ ਇਕੱਠੇ ਹਾਂ ਅਤੇ ਦਹਿਸ਼ਤਗਰਦ ਦੇ ਖ਼ਿਲਾਫ਼ ਇਕਜੁੱਟ ਹਾਂ।”
ਚਸ਼ਮਦੀਦਾਂ ਨੇ ਕੀ ਕਿਹਾ?
ਬੀਬੀਸੀ ਨਾਲ ਗੱਲ ਕਰਦੇ ਹੋਏ, ਕੁਝ ਚਸ਼ਮਦੀਦਾਂ ਨੇ ਹਮਲੇ ਵਾਲੀ ਥਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ।
ਮੁਜ਼ੱਫਰਾਬਾਦ ਦੇ ਵਸਨੀਕ ਸ਼ਾਹਨਵਾਜ਼ ਨੇ ਕਿਹਾ, “ਅਸੀਂ ਆਪਣੇ ਘਰਾਂ ਵਿੱਚ ਗੂੜ੍ਹੀ ਨੀਂਦ ਸੁੱਤੇ ਹੋਏ ਸੀ ਜਦੋਂ ਧਮਾਕਿਆਂ ਦੀ ਆਵਾਜ਼ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ। ਹੁਣ ਅਸੀਂ ਆਪਣੇ ਪਰਿਵਾਰਾਂ, ਔਰਤਾਂ ਅਤੇ ਬੱਚਿਆਂ ਨਾਲ ਬਾਹਰ ਹਾਂ ਅਤੇ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਭਟਕ ਰਹੇ ਹਾਂ।”
ਸ਼ਹਿਰ ਵਿੱਚ ਡਰ ਦਾ ਮਾਹੌਲ ਹੈ, ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਹੋਰ ਹਮਲੇ ਹੋ ਸਕਦੇ ਹਨ।
ਮੁਜ਼ੱਫਰਾਬਾਦ ਦੇ ਨਿਵਾਸੀ ਮੁਹੰਮਦ ਵਹੀਦ ਨੇ ਕਿਹਾ “ਮੈਂ ਡੂੰਘੀ ਨੀਂਦ ਵਿੱਚ ਸੀ ਜਦੋਂ ਪਹਿਲੇ ਧਮਾਕੇ ਨੇ ਮੇਰਾ ਘਰ ਹਿਲਾ ਦਿੱਤਾ।”
ਉਨ੍ਹਾਂ ਨੇ ਅੱਗੇ ਕਿਹਾ, “ਮੈਂ ਤੁਰੰਤ ਬਾਹਰ ਭੱਜਿਆ ਅਤੇ ਦੇਖਿਆ ਕਿ ਹੋਰ ਲੋਕ ਵੀ ਇਹੀ ਕਰ ਰਹੇ ਸਨ। ਅਸੀਂ ਅਜੇ ਵੀ ਸਥਿਤੀ ਨੂੰ ਸਮਝ ਨਹੀਂ ਸਕੇ ਸੀ ਜਦੋਂ ਤਿੰਨ ਹੋਰ ਮਿਜ਼ਾਈਲਾਂ ਡਿੱਗ ਪਈਆਂ, ਜਿਸ ਨਾਲ ਪੂਰੇ ਖੇਤਰ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI