Source :- BBC PUNJABI

ਤਸਵੀਰ ਸਰੋਤ, @CRPaatil
44 ਮਿੰਟ ਪਹਿਲਾਂ
ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ ਹੈ ਕਿ ‘ਸਰਕਾਰ ਇੱਕ ਰਣਨੀਤੀ ‘ਤੇ ਕੰਮ ਕਰ ਰਹੀ ਹੈ ਕਿ ਭਾਰਤ ਤੋਂ ਪਾਣੀ ਦੀ ਇੱਕ ਵੀ ਬੂੰਦ ਵੀ ਪਾਕਿਸਤਾਨ ਨਾ ਜਾਵੇ।’
ਉਨ੍ਹਾਂ ਦੀ ਇਹ ਟਿੱਪਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸ਼ੁੱਕਰਵਾਰ ਨੂੰ ਆਈ।
ਪਾਟਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਨਿਰਦੇਸ਼ ਜਾਰੀ ਕੀਤੇ ਹਨ।
22 ਅਪ੍ਰੈਲ, ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।
ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਅਟਾਰੀ ਸਰਹੱਦ ਬੰਦ ਕਰਨ ਸਮੇਤ ਕਈ ਫ਼ੈਸਲੇ ਲਏ ਹਨ।
ਜਿਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਸ਼ਿਮਲਾ ਸਮਝੌਤੇ ਨੂੰ ਮੁਅੱਤਲ ਕਰਨ ਦਾ ਐਲਾਨ ਕਰਨਾ ਹੈ।

ਤਸਵੀਰ ਸਰੋਤ, Getty Images
ਸਿੰਧੂ ਜਲ ਸੰਧੀ ਤਹਿਤ ਭਾਰਤ ਨੂੰ ਬਿਆਸ, ਰਾਵੀ ਅਤੇ ਸਤਲੁਜ ਦਰਿਆਵਾਂ ਦੇ ਪਾਣੀ ‘ਤੇ ਅਧਿਕਾਰ ਦਿੱਤੇ ਗਏ ਸਨ, ਜਦਕਿ ਪਾਕਿਸਤਾਨ ਨੂੰ ਤਿੰਨ ਪੱਛਮੀ ਨਦੀਆਂ ਸਿੰਧੂ, ਚੇਨਾਬ ਅਤੇ ਜੇਹਲਮ ਦੇ ਪਾਣੀ ‘ਤੇ ਅਧਿਕਾਰ ਦਿੱਤੇ ਗਏ ਸਨ।
ਹਾਲਾਂਕਿ, ਇਸ ਸੰਧੀ ਦੇ ਤਹਿਤ, ਇਨ੍ਹਾਂ ਤਿੰਨਾਂ ਨਦੀਆਂ (ਸਿੰਧ, ਚੇਨਾਬ, ਜੇਹਲਮ) ਦੇ ਪਾਣੀ ਦਾ 20 ਫੀਸਦੀ ਹਿੱਸਾ ਭਾਰਤ ਕੋਲ ਵੀ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਬੋਲੇ ‘..ਤਾਂ ਇਹ ਜੰਗ ਦਾ ਐਲਾਨ ਮੰਨਿਆ ਜਾਵੇਗਾ’

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਹੈ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਬਾਰੇ ਕੋਈ ਕਾਰਵਾਈ ਕਰਦਾ ਹੈ, ਤਾਂ ਇਸਨੂੰ ਜੰਗ ਦਾ ਐਲਾਨ ਮੰਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਪਾਣੀ ਤੋਂ ਵਾਂਝਾ ਨਹੀਂ ਕਰ ਸਕਦਾ। ਇਹ ਉਸ ਦਾ ਹੱਕ ਹੈ।
ਬੀਬੀਸੀ ਪੱਤਰਕਾਰ ਅਜ਼ਾਦੇਹ ਮੋਸ਼ੀਰੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ”ਭਾਰਤ ਇਸ ਸੰਧੀ ਤੋਂ ਇੱਕਪਾਸੜ ਤੌਰ ‘ਤੇ ਪਿੱਛੇ ਨਹੀਂ ਹੱਟ ਸਕਦਾ।”
ਉਨ੍ਹਾਂ ਕਿਹਾ, “ਅਸੀਂ ਇਸ ਮਾਮਲੇ ਬਾਰੇ ਵਿਸ਼ਵ ਬੈਂਕ ਕੋਲ ਜਾਵਾਂਗੇ ਕਿਉਂਕਿ ਇਹ ਸੰਧੀ ਉਨ੍ਹਾਂ ਦੀ ਵਿਚੋਲਗੀ ਹੇਠ ਹੋਈ ਸੀ। ਇਹ ਸੰਧੀ 1960 ਵਿੱਚ ਹਸਤਾਖ਼ਰ ਕੀਤੀ ਗਈ ਸੀ ਅਤੇ ਇਹ ਲੰਬੇ ਸਮੇਂ ਤੋਂ ਸਫਲ ਰਹੀ ਹੈ। ਪਰ ਉਹ (ਭਾਰਤ) ਇਸ ਤੋਂ ਇੱਕਪਾਸੜ ਤੌਰ ‘ਤੇ ਨਹੀਂ ਹੱਟ ਸਕਦਾ।”
ਜਦੋਂ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਦੇ ਸਮੇਂ ਦਿੱਤੀ ਗਈ ‘ਚੇਤਾਵਨੀ’ ਬਾਰੇ ਪੁੱਛਿਆ ਗਿਆ, ਤਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਇਸਨੂੰ ਜੰਗ ਦਾ ਐਲਾਨ ਮੰਨਿਆ ਜਾਵੇਗਾ।
ਉਨ੍ਹਾਂ ਕਿਹਾ, ”ਅਜਿਹਾ ਕਰਕੇ ਤੁਸੀਂ ਸਾਨੂੰ ਪਾਣੀ ਤੋਂ ਵਾਂਝਾ ਕਰ ਦਿਓਗੇ, ਜੋ ਕਿ ਸਾਡਾ ਹੱਕ ਹੈ। ਭਾਰਤ ਨੇ ਸਾਡੇ ਇਸ ਹੱਕ ਨੂੰ ਮੰਨਿਆ ਹੈ। ਇਹ ਗੱਲ ਸਿੰਧੂ ਜਲ ਸੰਧੀ ਵਿੱਚ ਲਿਖੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸੰਧੀ ਜਾਰੀ ਰਹੇ।”

ਹੁਣ ਤੱਕ ਦਾ ਘਟਨਾਕ੍ਰਮ
- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ।
- ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਦੀ ਕਰੜੀ ਨਿੰਦਾ ਕੀਤੀ ਅਤੇ ਕਿਹਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- ਭਾਰਤ ਸਰਕਾਰ ਨੇ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਬਾਅਦ ਪਾਕਿਸਤਾਨ ਖਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ।
- ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੋਕਣ, ਅਟਾਰੀ ਪੋਸਟ ਬੰਦ ਕਰਨ, ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ।
- ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਪਾਕਿਸਤਾਨੀ ਹਿੰਦੂਆਂ ਨੂੰ ਜਾਰੀ ਲੰਬੇ ਸਮੇਂ ਦੇ ਵੀਜ਼ਾ ‘ਤੇ ਇਹ ਬਦਲਾਅ ਲਾਗੂ ਨਹੀਂ ਹੋਵੇਗਾ।
- ਪਾਕਿਸਤਾਨ ਨੂੰ ਭਾਰਤ ‘ਚ ਕੰਮ ਕਰ ਰਹੇ ਆਪਣੇ ਕੁਝ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਹੈ।
- ਵੀਰਵਾਰ ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਪਾਕਿਸਤਾਨ ਬਾਰੇ ਲਏ ਗਏ ਫ਼ੈਸਲੇ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ।
- ਵਿਰੋਧੀ ਪਾਰਟੀਆਂ ਨੇ ਭਵਿੱਖ ਵਿੱਚ ਅੱਤਵਾਦ ਵਿਰੁੱਧ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਦਾ ਸਮਰਥਨ ਦੇਣ ਲਈ ਕਿਹਾ।
- ਪਾਕਿਸਤਾਨ ਵਿੱਚ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਕਈ ਫ਼ੈਸਲੇ ਲਏ ਗਏ।
- ਇਨ੍ਹਾਂ ਵਿੱਚ – ਭਾਰਤ ਨਾਲ ਦੁਵੱਲੇ ਸਮਝੌਤਿਆਂ ਨੂੰ ਰੱਦ ਕਰਨਾ, ਹਵਾਈ ਖੇਤਰ ਅਤੇ ਸਰਹੱਦਾਂ ਨੂੰ ਬੰਦ ਕਰਨਾ ਅਤੇ ਵਪਾਰ ਨੂੰ ਬੰਦ ਕਰਨਾ ਸ਼ਾਮਲ ਹੈ।
- ਪਾਕਿਸਤਾਨ ਨੇ ਵੀ ਰੱਖਿਆ ਸਲਾਹਕਾਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ ਅਤੇ ਆਪਣੇ ਕੂਟਨੀਤਕ ਸਟਾਫ਼ ਨੂੰ ਸੀਮਤ ਕਰ ਦਿੱਤਾ ਹੈ।
- ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ, “ਜੇਕਰ ਭਾਰਤ ਪਾਕਿਸਤਾਨ ‘ਤੇ ਕੋਈ ਕਾਰਵਾਈ ਕਰਦਾ ਹੈ ਤਾਂ ਨਤੀਜੇ ਭੁਗਤਣੇ ਪੈਣਗੇ।’

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI