Home ਰਾਸ਼ਟਰੀ ਖ਼ਬਰਾਂ ਭਾਰਤ ਦੀ ਸਰਹੱਦ ਨੇੜੇ ਬਣੇ ਮਦਰਸਿਆਂ ਨੂੰ ਕਿਉਂ ਬੰਦ ਕਰਾ ਰਿਹਾ ਪਾਕਿਸਤਾਨ?

ਭਾਰਤ ਦੀ ਸਰਹੱਦ ਨੇੜੇ ਬਣੇ ਮਦਰਸਿਆਂ ਨੂੰ ਕਿਉਂ ਬੰਦ ਕਰਾ ਰਿਹਾ ਪਾਕਿਸਤਾਨ?

3
0

Source :- BBC PUNJABI

ਨੀਲਮ ਘਾਟੀ

ਤਸਵੀਰ ਸਰੋਤ, Getty Images

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਵਿੱਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇਸ ਵੇਲੇ ਸਿਖਰ ‘ਤੇ ਹੈ।

ਭਾਰਤ ਦੀ ਕੰਟਰੋਲ ਰੇਖਾ (ਐਲਓਸੀ) ਸਰਹੱਦ ਦੇ ਪਾਰ, ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਵੀਰਵਾਰ ਨੂੰ ਇੱਕ ਸਰਕਾਰੀ ਆਦੇਸ਼ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਧਾਰਮਿਕ ਮਦਰਸਿਆਂ ਨੂੰ ਬੰਦ ਕਰ ਦਿੱਤਾ। ਜਦਕਿ ਖੇਤਰ ਦੇ ਹੋਰ ਇਲਾਕਿਆਂ ਵਿੱਚ ਘੱਟੋ-ਘੱਟ ਇੱਕ ਹਜ਼ਾਰ ਮਦਰਸੇ ਦਸ ਦਿਨਾਂ ਲਈ ਬੰਦ ਕਰਵਾ ਦਿੱਤੇ ਗਏ ਹਨ।

ਹਾਲਾਂਕਿ, ਇੱਥੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਖੁੱਲ੍ਹੀਆਂ ਹਨ।

ਸਥਾਨਕ ਪ੍ਰਸ਼ਾਸਨ ਕੰਟਰੋਲ ਰੇਖਾ ਜਾਂ ਐਲਓਸੀ ਦੇ ਨੇੜੇ ਦੇ ਇਲਾਕਿਆਂ ਵਿੱਚ ਮਦਰਸਿਆਂ ਨੂੰ ਬੰਦ ਕਰਨ ‘ਤੇ ਨਜ਼ਰ ਰੱਖ ਰਿਹਾ ਹੈ।

ਸਰਕਾਰੀ ਪੱਤਰ ਵਿੱਚ ਨਾ ਸਿਰਫ਼ ਮਦਰਸਿਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ, ਸਗੋਂ ਇਲਾਕੇ ਵਿੱਚ ਸੈਲਾਨੀਆਂ ਦੇ ਦਾਖਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਪਾਕਸਿਤਾਨ ਪ੍ਰਸ਼ਾਸਿਤ ਕਸ਼ਮੀਰ

ਤਸਵੀਰ ਸਰੋਤ, Yahya

ਇਸ ਵੇਲੇ, ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਇਲਾਕਿਆਂ ਵਿੱਚ, ਖਾਸ ਕਰਕੇ ਕੰਟਰੋਲ ਰੇਖਾ ਦੇ ਨੇੜਲੇ ਇਲਾਕਿਆਂ ਵਿੱਚ ਲੋਕਾਂ ਨੂੰ ਹਥਿਆਰਾਂ ਨੂੰ ਚਲਾਉਣ, ਆਤਮ-ਰੱਖਿਆ ਅਤੇ ਮੁੱਢਲੀ ਸਹਾਇਤਾ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਅਧਿਕਾਰੀਆਂ ਅਨੁਸਾਰ, ਮੁਜ਼ੱਫਰਾਬਾਦ ਸ਼ਹਿਰ ਵਿੱਚ ਇੱਕ ਐਮਰਜੈਂਸੀ ਫੰਡ ਸਥਾਪਤ ਕੀਤਾ ਗਿਆ ਹੈ, ਜਦਕਿ ਕੰਟਰੋਲ ਰੇਖਾ ਦੇ ਨੇੜਲੇ ਪਿੰਡਾਂ ਵਿੱਚ ਦੋ ਮਹੀਨਿਆਂ ਲਈ ਖਾਣੇ, ਪਾਣੀ ਅਤੇ ਡਾਕਟਰੀ ਸਪਲਾਈ ਭੇਜੀ ਗਈ ਹੈ।

ਮੁਜ਼ੱਫਰਾਬਾਦ ਦੇ ਇਲਾਕੇ ਵਿੱਚ ਰੈੱਡ ਕ੍ਰੀਸੈਂਟ ਦੇ ਮੁਖੀ ਗੁਲਜ਼ਾਰ ਫਾਤਿਮਾ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਜਿਵੇਂ ਹੀ ਇਲਾਕੇ ਵਿੱਚ ਤਣਾਅ ਦੇਖਿਆ ਗਿਆ, ਇਲਾਕੇ ਵਿੱਚ ਮੁੱਢਲੀ ਸਹਾਇਤਾ ਸੇਵਾ ਨਾਲ ਜੁੜੇ ਲੋਕਾਂ ਅਤੇ ਹੋਰ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ ਫੌਜੀ ਕਾਰਵਾਈ ਦੀ ਸੂਰਤ ਵਿੱਚ, ਕੰਟਰੋਲ ਰੇਖਾ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੇ ਪੱਧਰ ‘ਤੇ ਲੋਕਾਂ ਦੇ ਪਲਾਇਨ ਦੀ ਸੰਭਾਵਨਾ ਹੈ, ਇਸ ਲਈ ਉਨ੍ਹਾਂ ਦਾ ਸੰਗਠਨ ਘੱਟੋ-ਘੱਟ 500 ਲੋਕਾਂ ਲਈ ਰਾਹਤ ਕੈਂਪ ਤਿਆਰ ਕਰ ਰਿਹਾ ਹੈ।

ਮਦਰਸੇ ਕਿਉਂ ਬੰਦ ਕਰਵਾਏ ਗਏ?

ਪਾਕਸਿਤਾਨ ਪ੍ਰਸ਼ਾਸਿਤ ਕਸ਼ਮੀਰ

ਤਸਵੀਰ ਸਰੋਤ, Yahya

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਹਜੀਰਾ ਖੇਤਰ ਵਿੱਚ ਕੰਟਰੋਲ ਰੇਖਾ ਤੋਂ ਲਗਭਗ ਨੌਂ ਕਿਲੋਮੀਟਰ ਦੂਰ ਸਥਿਤ ਇੱਕ ਧਾਰਮਿਕ ਮਦਰਸਾ, ਜਾਮਿਆ ਮਦੀਨਾ ਅਰਬਿਆ ਨੂੰ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ‘ਤੇ ਘੱਟੋ-ਘੱਟ ਦਸ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਸ ਮਦਰੱਸੇ ਵਿੱਚ 200 ਤੋਂ ਵੱਧ ਵਿਦਿਆਰਥੀ ਧਾਰਮਿਕ ਸਿੱਖਿਆ ਪ੍ਰਾਪਤ ਕਰਦੇ ਹਨ। ਵੀਰਵਾਰ ਨੂੰ, ਇਨ੍ਹਾਂ ਵਿਦਿਆਰਥੀਆਂ ਨੂੰ ਅਚਾਨਕ ਮਦਰਸਾ ਪ੍ਰਸ਼ਾਸਨ ਨੇ ਐਮਰਜੈਂਸੀ ਆਧਾਰ ‘ਤੇ ਉਨ੍ਹਾਂ ਦੇ ਘਰ ਭੇਜ ਦਿੱਤਾ।

ਜਾਮਿਆ ਮਦੀਨਾ ਅਰਬਿਆ ਮਦਰਸੇ ਦੇ ਮੁਖੀ ਮੌਲਵੀ ਗੁਲਾਮ ਸ਼ਾਕਿਰ ਨੇ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਸਰਕਾਰ ਨੇ ਅਸਾਧਾਰਨ ਸਥਿਤੀ ਦੇ ਕਾਰਨ ਮਦਰਸੇ ਨੂੰ ਬੰਦ ਕਰਨ ਲਈ ਕਿਹਾ ਸੀ।

ਜਦੋਂ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਪੁੱਛਿਆ ਕਿ ਕੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਦੁਆਰਾ ਕਿਸੇ ਵੀ ਸੰਭਾਵੀ ਕਾਰਵਾਈ ਵਿੱਚ ਮਦਰਸੇ ਆਸਾਨ ਨਿਸ਼ਾਨਾ ਬਣ ਸਕਦੇ ਹਨ।

ਮੌਲਵੀ ਗੁਲਾਮ ਸ਼ਾਕਿਰ ਨੇ ਕਿਹਾ ਕਿ ਸਰਕਾਰੀ ਏਜੰਸੀ ਵੱਲੋਂ ਇਹ ਵੀ ਕਿਹਾ ਹੈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਜ਼ਿਆਦਾਤਰ ਬੱਚੇ ਹੋਸਟਲਾਂ ਵਿੱਚ ਨਹੀਂ ਰਹਿੰਦੇ, ਜਦਕਿ ਮਦਰਸਿਆਂ ਵਿੱਚ ਪੜ੍ਹਨ ਵਾਲੇ ਜ਼ਿਆਦਾਤਰ ਬੱਚੇ ਹੋਸਟਲ ਵਿੱਚ ਰਹਿੰਦੇ ਹਨ, ਜਿਸ ਕਾਰਨ ਮਦਰਸੇ ਜ਼ਿਆਦਾ ਖਤਰੇ ਵਿੱਚ ਹਨ।

ਪੁਲਵਾਮਾ ਹਮਲਾ

ਤਸਵੀਰ ਸਰੋਤ, Reuters

ਉਨ੍ਹਾਂ ਕਿਹਾ, “ਸਾਡਾ ਮਦਰਸਾ ਕੰਟਰੋਲ ਰੇਖਾ ਤੋਂ ਥੋੜ੍ਹੀ ਦੂਰੀ ‘ਤੇ ਹੀ ਸਥਿਤ ਹੈ। ਇਸ ਤੋਂ ਪਹਿਲਾਂ 2019 ਵਿੱਚ, ਝੜਪਾਂ ਦੌਰਾਨ ਸਾਡੇ ਮਦਰਸੇ ਦੇ ਨੇੜੇ ਗੋਲੇ ਡਿੱਗੇ ਸਨ, ਪਰ ਉਸ ਸਮੇਂ ਕੋਈ ਨੁਕਸਾਨ ਨਹੀਂ ਹੋਇਆ ਸੀ।”

ਉਨ੍ਹਾਂ ਅੱਗੇ ਕਿਹਾ, “ਜੇਕਰ ਭਾਰਤ ਵੱਲੋਂ ਸਰਹੱਦ ਪਾਰ ਤੋਂ ਗੋਲੀਬਾਰੀ ਵਿੱਚ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਖ਼ਤਰਾ ਹੈ ਕਿ ਸਾਡਾ ਮਦਰਸਾ ਵੀ ਇਸ ਦੇ ਹਮਲੇ ਦੀ ਲਪੇਟ ਵਿੱਚ ਆ ਸਕਦਾ ਹੈ, ਇਸ ਲਈ ਅਸੀਂ ਮਦਰਸੇ ਨੂੰ ਬੰਦ ਕਰਨ ਦੇ ਹੁਕਮ ਦੀ ਪਾਲਣਾ ਕੀਤੀ।”

ਪਾਕਸਿਤਾਨ

ਸਾਲ 2019 ਵਿੱਚ, ਕਸ਼ਮੀਰ ਦੇ ਪੁਲਵਾਮਾ ਵਿੱਚ ਭਾਰਤੀ ਅਰਧ ਸੈਨਿਕ ਬਲਾਂ ਦੇ ਜਵਾਨਾਂ ਨਾਲ ਭਰੀ ਬੱਸ ‘ਤੇ ਇੱਕ ਆਤਮਘਾਤੀ ਹਮਲਾ ਹੋਇਆ ਸੀ, ਜਿਸ ਵਿੱਚ 40 ਤੋਂ ਵੱਧ ਸੈਨਿਕ ਮਾਰੇ ਗਏ ਸਨ।

ਇਸਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।

ਬਾਅਦ ਵਿੱਚ, ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਬਾਲਾਕੋਟ ਖੇਤਰ ਵਿੱਚ ਹਵਾਈ ਹਮਲੇ ਕੀਤੇ ਸਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਰਵਾਈ ਵਿੱਚ ਜੈਸ਼-ਏ-ਮੁਹੰਮਦ ਦਾ ਸਿਖਲਾਈ ਕੈਂਪ ਤਬਾਹ ਕਰ ਦਿੱਤਾ ਗਿਆ ਸੀ ਅਤੇ ਬਹੁਤ ਸਾਰੇ ‘ਅੱਤਵਾਦੀ’ ਮਾਰੇ ਗਏ ਸਨ।

‘ਜਿਵੇਂ ਹੀ ਗੋਲੀਬਾਰੀ ਸ਼ੁਰੂ ਹੁੰਦੀ ਹੈ, ਲੋਕ ਬੰਕਰਾਂ ਵਿੱਚ ਚਲੇ ਜਾਂਦੇ ਹਨ’

ਤੌਬਤ ਘਾਟੀ

ਤਸਵੀਰ ਸਰੋਤ, Getty Images

ਸ਼੍ਰੀਨਗਰ ਤੋਂ ਮਹਿਜ਼ 100 ਕਿਲੋਮੀਟਰ ਦੂਰ, ਕੰਟਰੋਲ ਰੇਖਾ ਦੇ ਦੂਜੇ ਪਾਸੇ ਚਕੋਠੀ ਸੈਕਟਰ ਹੈ, ਜਿੱਥੇ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਆਪਣੇ ਘਰਾਂ ਵਿੱਚ ਬੰਕਰ ਬਣਾ ਲਏ ਹਨ।

22 ਸਾਲਾ ਫੈਜ਼ਾਨ ਇਨਾਇਤ ਨੇ ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲਬਾਤ ਵਿੱਚ ਦੱਸਿਆ ਕਿ “ਜਿਵੇਂ ਹੀ ਗੋਲੀਬਾਰੀ ਸ਼ੁਰੂ ਹੁੰਦੀ ਹੈ, ਲੋਕ ਬੰਕਰਾਂ ਵਿੱਚ ਚਲੇ ਜਾਂਦੇ ਹਨ।”

ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਏ ਤਣਾਅ ਤੋਂ ਬਾਅਦ, ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਗੋਲੀਬਾਰੀ ਲਗਾਤਾਰ ਜਾਰੀ ਹੈ।

ਇਸ ਦੇ ਨਾਲ ਹੀ, ਲੀਪਾ ਘਾਟੀ ਦੇ ਤਹਿਸੀਲ ਪ੍ਰਸ਼ਾਸਨ ਨੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਦੀ ਅਪੀਲ ਕਰਕੇ ਹੋਏ ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਨਾਲ ਸਬੰਧਤ ਸਿਖਲਾਈ ਦਿੱਤੀ ਹੈ।

ਅਧਿਕਾਰੀਆਂ ਦੀ ਇਸ ਅਪੀਲ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਵਲੰਟੀਅਰਾਂ ਵਜੋਂ ਪੇਸ਼ ਕੀਤਾ ਹੈ।

ਅਜਿਹੇ ਹੀ ਇੱਕ ਵਲੰਟੀਅਰ, ਉਮੈਰ ਮੁਹੰਮਦ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਜੇ ਅੱਜ ਨਹੀਂ ਤਾਂ ਕੱਲ੍ਹ, ਅਤੇ ਜੇ ਕੱਲ੍ਹ ਨਹੀਂ ਤਾਂ ਪਰਸੋਂ, ਭਾਰਤ ਨਾਲ ਜੰਗ ਹੋਵੇਗੀ। ਇਹ ਜੰਗ ਸ਼ਾਇਦ ਕੰਟਰੋਲ ਰੇਖਾ ‘ਤੇ ਹੋਵੇਗੀ ਅਤੇ ਸਾਡਾ ਇਲਾਕਾ ਪ੍ਰਭਾਵਿਤ ਹੋਵੇਗਾ, ਇਸ ਲਈ ਮੈਂ ਆਪਣੇ ਦੋਸਤਾਂ ਨਾਲ ਇਹ ਸਿਖਲਾਈ ਲੈਣ ਦਾ ਫੈਸਲਾ ਕੀਤਾ।”

ਇਹ ਵੀ ਪੜ੍ਹੋ-

ਨੀਲਮ ਘਾਟੀ ਸੈਲਾਨੀਆਂ ਤੋਂ ਸੁੰਨੀ

ਤੌਬਾਤ ਘਾਟੀ

ਤਸਵੀਰ ਸਰੋਤ, Yahya

ਮੰਨਿਆ ਜਾਂਦਾ ਹੈ ਕਿ ਨੀਲਮ ਘਾਟੀ, ਦੂਜੇ ਇਲਾਕਿਆਂ ਦੀ ਤੁਲਨਾ ਵਿੱਚ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ।

ਪਿਛਲੇ ਸਾਲ, ਅਪ੍ਰੈਲ ਦੇ ਅਖੀਰ ਅਤੇ ਮਈ ਦੇ ਸ਼ੁਰੂ ਵਿੱਚ, ਕੰਟਰੋਲ ਰੇਖਾ ‘ਤੇ ਨੀਲਮ ਘਾਟੀ ਦੇ ਆਖਰੀ ਪਿੰਡ ਤੌਬਾਤ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਇਸ ਸਾਲ ਵੀ ਅਪ੍ਰੈਲ ਦੇ ਅਖੀਰ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਤੌਬਾਤ ਪਹੁੰਚੇ ਸਨ, ਪਰ ਭਾਰਤ ਵੱਲੋਂ ਸੰਭਾਵੀ ਹਮਲੇ ਦੇ ਮੱਦੇਨਜ਼ਰ, ਇਨ੍ਹਾਂ ਸੈਲਾਨੀਆਂ ਨੂੰ ਇਲਾਕਾ ਖਾਲੀ ਕਰਨ ਲਈ ਕਹਿ ਦਿੱਤਾ ਗਿਆ।

ਨਿਸਾਰ ਅਹਿਮਦ ਅਤੇ ਉਨ੍ਹਾਂ ਦੇ ਪਤਨੀ ਨਸਰੀਨ ਅਹਿਮਦ ਆਪਣੇ ਬੱਚਿਆਂ ਨਾਲ ਬ੍ਰਿਟੇਨ ਤੋਂ ਪਾਕਿਸਤਾਨ ਆਏ ਸਨ। ਪਾਕਿਸਤਾਨ ਦੀ ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਨੀਲਮ ਵੈਲੀ ਤੋਂ ਇਲਾਵਾ ਹੋਰ ਖੇਤਰਾਂ ਦੀ ਵੀ ਸੈਰ ਕਰਵਾਉਣਗੇ, ਪਰ ਹੁਣ ਉਹ ਨਿਰਾਸ਼ ਹਨ।

ਨਿਸਾਰ ਅਹਿਮਦ ਕਹਿੰਦੇ ਹਨ ਕਿ 1 ਮਈ ਨੂੰ ਨੀਲਮ ਘਾਟੀ ਵਿੱਚ ਕਿਹਾ ਗਿਆ ਸੀ ਕਿ ਬਿਹਤਰ ਹੋਵੇਗਾ ਕਿ ਅਸੀਂ ਤੁਰੰਤ ਵਾਪਸ ਚਲੇ ਜਾਈਏ।

ਉਨ੍ਹਾਂ ਕਿਹਾ, “ਉਸ ਤੋਂ ਬਾਅਦ ਅਸੀਂ ਨਿਰਾਸ਼ ਵਾਪਸ ਪਰਤ ਆਏ ਹਾਂ। ਹੁਣ ਮੈਨੂੰ ਨਹੀਂ ਪਤਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਨੀਲਮ ਘਾਟੀ ਦੁਬਾਰਾ ਦਿਖਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ।”

ਨੀਲਮ ਘਾਟੀ

ਤਸਵੀਰ ਸਰੋਤ, Yahya

ਮੁਹੰਮਦ ਯਾਹੀਆ ਸ਼ਾਹ ਤੌਬਾਤ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਹਨ। ਉਹ ਕਹਿੰਦੇ ਹਨ ਕਿ ਸੈਰ-ਸਪਾਟਾ ਤੌਬਾਤ ਅਤੇ ਨੀਲਮ ਘਾਟੀ ਦੇ ਸਥਾਨਕ ਲੋਕਾਂ ਲਈ ਰੋਜ਼ੀ-ਰੋਟੀ ਦਾ ਮੁੱਖ ਸਰੋਤ ਹੈ।

ਉਨ੍ਹਾਂ ਕਿਹਾ ਕਿ ਸਿਰਫ਼ ਦੋ ਦਿਨ ਪਹਿਲਾਂ ਹੀ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਏ ਸਨ, ਪਰ ਹੁਣ ਤੌਬਾਤ ਅਤੇ ਨੀਲਮ ਵੈਲੀ ਸੈਲਾਨੀਆਂ ਤੋਂ ਸੁੰਨੇ ਪਏ ਹਨ।

ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੈਲਾਨੀਆਂ ਦੇ ਦਾਖਲੇ ਨੂੰ ਵੀ ਰੋਕ ਦਿੱਤਾ ਗਿਆ ਹੈ ਅਤੇ ਇਹ ਪਾਬੰਦੀ ਅਸਥਾਈ ਹੋਵੇਗੀ ਅਤੇ ਜਿਵੇਂ ਹੀ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ, ਸੈਲਾਨੀਆਂ ਨੂੰ ਦੁਬਾਰਾ ਆਉਣ ਦੀ ਆਗਿਆ ਦੇ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਈ ਲਈ ਲਗਭਗ ਸਾਰੇ ਗੈਸਟ ਹਾਊਸ ਅਤੇ ਹੋਟਲ 50 ਫੀਸਦੀ ਬੁੱਕ ਹੋ ਚੁੱਕੇ ਹਨ, ਪਰ ਹੁਣ ਜਦੋਂ ਸੈਲਾਨੀਆਂ ਦੇ ਦਾਖਲੇ ‘ਤੇ ਪਾਬੰਦੀ ਹੈ, ਤਾਂ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।

ਪ੍ਰਸ਼ਾਸਨ ਕੀ ਕਹਿ ਰਿਹਾ ਹੈ?

ਨੀਲਮ ਘਾਟੀ

ਤਸਵੀਰ ਸਰੋਤ, Getty Images

ਸਥਾਨਕ ਪ੍ਰਸ਼ਾਸਨ ਦੇ ਬੁਲਾਰੇ ਪੀਰ ਮਜ਼ਹਰ ਸਈਦ ਸ਼ਾਹ ਨੇ ਬੀਬੀਸੀ ਨੂੰ ਦੱਸਿਆ ਕਿ ਕਿਸੇ ਨੂੰ ਵੀ ਸੰਭਾਵੀ ਭਾਰਤੀ ਹਮਲੇ ਦਾ ਡਰ ਨਹੀਂ ਹੈ, ਪਰ ਲੋਕ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਨ੍ਹਾਂ ਕਿਹਾ ਕਿ ਸਕੂਲ ਅਤੇ ਕਾਲਜ ਖੁੱਲ੍ਹੇ ਹਨ, ਪਰ ਭਾਰਤ ਵੱਲੋਂ ਸੰਭਾਵੀ ਹਮਲੇ ਦੇ ਮੱਦੇਨਜ਼ਰ ਕੁਝ ਮਦਰੱਸੇ ਬੰਦ ਕਰ ਦਿੱਤੇ ਗਏ ਹਨ, ਜਦਕਿ ਬਾਕੀਆਂ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਕਿ ਉਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਬਾਰੇ ਜਲਦ ਹੀ ਫੈਸਲਾ ਲਿਆ ਜਾਵੇਗਾ।

ਪੀਰ ਮਜ਼ਹਰ ਸਈਦ ਸ਼ਾਹ ਨੇ ਕਿਹਾ ਕਿ ਇਸੇ ਡਰ ਕਾਰਨ ਸੈਲਾਨੀਆਂ ਨੂੰ ਕੁਝ ਦਿਨਾਂ ਲਈ ਇੱਥੇ ਆਉਣ ਤੋਂ ਵੀ ਰੋਕ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ 27 ਅਤੇ 28 ਅਪ੍ਰੈਲ ਨੂੰ ਲਗਭਗ 1250 ਸੈਲਾਨੀ ਨੀਲਮ ਘਾਟੀ ਵਿੱਚ ਦਾਖਲ ਹੋਏ।

“ਇਹ ਇੱਕ ਵੱਡੀ ਗਿਣਤੀ ਹੈ ਜੋ ਸਾਬਤ ਕਰਦੀ ਹੈ ਕਿ ਕੋਈ ਵੀ ਡਰਿਆ ਨਹੀਂ ਹੈ। ਹਾਲਾਂਕਿ ਭਾਰਤ ਦੀਆਂ ਧਮਕੀਆਂ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਸੈਲਾਨੀਆਂ ਨੂੰ ਰੋਕ ਦਿੱਤਾ ਗਿਆ ਸੀ, ਪਰ ਜੋ ਪਹਿਲਾਂ ਹੀ ਸੈਰ-ਸਪਾਟਾ ਸਥਾਨਾਂ ‘ਤੇ ਸਨ, ਉਨ੍ਹਾਂ ਨੂੰ ਕੱਢਿਆ ਨਹੀਂ ਗਿਆ।”

ਉਨ੍ਹਾਂ ਦਾਅਵਾ ਕੀਤਾ ਕਿ ਇਸ ਇਲਾਕੇ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI