Home ਰਾਸ਼ਟਰੀ ਖ਼ਬਰਾਂ ‘ਭਾਰਤ ‘ਚ ਹਰ ਸਾਲ 10 ਲੱਖ ਲੋਕਾਂ ਨੂੰ ਸੱਪ ਡੰਗਦੇ ਤੇ 50...

‘ਭਾਰਤ ‘ਚ ਹਰ ਸਾਲ 10 ਲੱਖ ਲੋਕਾਂ ਨੂੰ ਸੱਪ ਡੰਗਦੇ ਤੇ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਹੈ’, ਜਾਣੋ ਗਰਮੀਆਂ ‘ਚ ਸੱਪ ਘਰਾਂ ‘ਚ ਵਧੇਰੇ ਕਿਉਂ ਵੜਦੇ ਹਨ

4
0

Source :- BBC PUNJABI

ਸੱਪ

ਤਸਵੀਰ ਸਰੋਤ, Getty Images

  • ਲੇਖਕ, ਜ਼ੇਵੀਅਰ ਸੇਲਵਾਕੁਮਾਰ
  • ਰੋਲ, ਬੀਬੀਸੀ ਤਮਿਲ
  • 3 ਅਪ੍ਰੈਲ 2025, 19:23 IST

    ਅਪਡੇਟ 2 ਘੰਟੇ ਪਹਿਲਾਂ

“ਮੈਂ ਜੋ ਗਲਾਸ ਵਾਈਪਰ ਅਤੇ ਕੋਬਰਾ ਫੜ੍ਹੇ ਸਨ, ਉਹ ਜ਼ਹਿਰੀਲੇ ਸਨ। ਕੈਟ ਸਨੇਕ (ਬਿੱਲੀ ਸੱਪ) ਦਰਮਿਆਨਾ ਜ਼ਹਿਰੀਲਾ ਅਤੇ ਨੁਕਸਾਨ ਰਹਿਤ ਹੈ। ਬਾਕੀ ਦੋ ਹੋਰ ਗੈਰ-ਜ਼ਹਿਰੀਲੇ ਸੱਪ ਹਨ।”

ਮੇਰੇ ਵਾਂਗ ਹੀ ਕੋਇੰਬਟੂਰ ਵਿੱਚ ਵੀ ਕੁਝ ਸੱਪ ਬਚਾਉਣ ਵਾਲਿਆਂ ਨੇ ਚਾਰ ਜਾਂ ਪੰਜ ਸੱਪ ਫੜ੍ਹੇ ਹਨ। ਇਹ ਗਿਣਤੀ ਆਮ ਨਾਲੋਂ ਥੋੜ੍ਹੀ ਵੱਧ ਹੈ।”

ਇਹ ਜਾਣਕਾਰੀ ਅਮੀਨ ਨੇ ਬੀਬੀਸੀ ਨਾਲ ਸਾਂਝਾ ਕੀਤੀ ਹੈ, ਜੋ ਪਿਛਲੇ 27 ਸਾਲਾਂ ਤੋਂ ਕੋਇੰਬਟੂਰ ਵਿੱਚ ਸੱਪਾਂ ਨੂੰ ਬਚਾ ਰਹੇ ਹਨ।

ਸੱਪ ਬਚਾਉਣ ਵਾਲਿਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਸੱਪ ਆਮ ਤੌਰ ‘ਤੇ ਘਰਾਂ ਵਿੱਚ ਜ਼ਿਆਦਾ ਆਉਂਦੇ ਹਨ। ਹਾਲਾਂਕਿ, ਖੋਜਕਰਤਾਵਾਂ ਦੇ ਅਨੁਸਾਰ, ਅਜਿਹਾ ਕੋਈ ਅੰਕੜਾ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਗਰਮੀਆਂ ਦੌਰਾਨ ਸੱਪ ਘਰਾਂ ਦੇ ਨੇੜੇ ਆਉਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ।

ਮਾਹਿਰ ਇਸ ਗੱਲ ‘ਤੇ ਵੀ ਜ਼ੋਰ ਦਿੰਦੇ ਹਨ ਕਿ ਜੇਕਰ ਕੋਈ ਸੱਪ ਦਿਖਾਈ ਦਿੰਦਾ ਹੈ, ਤਾਂ ਜੰਗਲਾਤ ਵਿਭਾਗ ਜਾਂ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ

ਰੈਪਟਾਇਲ ਨੇਚਰ ਐਂਡ ਐਨੀਮਲ ਕੰਜ਼ਰਵੇਸ਼ਨ ਕਮੇਟੀ ਦੇ ਸੰਸਥਾਪਕ ਆਈ ਵਿਸ਼ਵਨਾਥ ਦੇ ਅਨੁਸਾਰ, ਭਾਰਤ ਵਿੱਚ ਪਛਾਣੀਆਂ ਗਈਆਂ ਸੱਪਾਂ ਦੀਆਂ 362 ਪ੍ਰਜਾਤੀਆਂ ਵਿੱਚੋਂ, ਇੱਕਲੇ ਤਾਮਿਲਨਾਡੂ ਵਿੱਚ 134 ਪ੍ਰਜਾਤੀਆਂ ਹਨ, ਜਿਸ ਵਿੱਚ ਪੱਛਮੀ ਘਾਟ, ਪੂਰਬੀ ਘਾਟ ਅਤੇ ਮੈਦਾਨੀ ਖੇਤਰ ਸ਼ਾਮਲ ਹਨ।

ਉਹ ਕਹਿੰਦੇ ਹਨ ਕਿ “ਤਾਮਿਲਨਾਡੂ ਵਿੱਚ ਸੂਚੀਬੱਧ 134 ਸੱਪਾਂ ਵਿੱਚੋਂ ਸਿਰਫ਼ 17 ਹੀ ਬਹੁਤ ਜ਼ਹਿਰੀਲੇ ਹਨ।” ਸੱਪਾਂ ਦੀਆਂ 11 ਅਜਿਹੀਆਂ ਕਿਸਮਾਂ ਦੀ ਪਛਾਣ ਕੀਤੀ ਗਈ ਹੈ, ਜੋ ਕਿ ਗੈਰ-ਜ਼ਹਿਰੀਲੇ ਅਤੇ ਜ਼ਹਿਰੀਲੇ ਦੋਵੇਂ ਹਨ।

ਇਸ ਤੋਂ ਇਲਾਵਾ, 20 ਸੱਪ ਅਜਿਹੇ ਹਨ ਜੋ ਨੁਕਸਾਨਦੇਹ ਅਤੇ ਜ਼ਹਿਰੀਲੇ ਦੋਵੇਂ ਹਨ।

ਵਿਸ਼ਵਨਾਥ ਅਨੁਸਾਰ, “ਇਨ੍ਹਾਂ ਤੋਂ ਇਲਾਵਾ, 86 ਕਿਸਮਾਂ ਦੇ ਸੱਪਾਂ ਨੂੰ ਗੈਰ-ਜ਼ਹਿਰੀਲੇ ਸੱਪਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ।”

ਸੱਪ ਦੇ ਡੰਗਣ ਨਾਲ ਭਾਰਤ ‘ਚ ਸਾਲਾਨਾ 50 ਹਜ਼ਾਰ ਤੋਂ ਵੱਧ ਮੌਤਾਂ

ਮਨੋਜ

ਕ੍ਰਿਸ਼ਨਾਗਿਰੀ ਸਥਿਤ ਗਲੋਬਲ ਸਨੇਕਬਾਈਟ ਐਜੂਕੇਸ਼ਨ ਐਂਡ ਰਿਸਰਚ ਆਰਗੇਨਾਈਜ਼ੇਸ਼ਨ ਦੇ ਸੰਸਥਾਪਕ ਅਤੇ ਮੁੱਖ ਵਿਗਿਆਨੀ ਮਨੋਜ ਦਾ ਕਹਿਣਾ ਹੈ ਕਿ ਸੱਪ ਦੇ ਡੰਗਣ ਵਾਲੇ ਪੀੜਤਾਂ ਦੇ ਮਾਮਲੇ ਵਿੱਚ ਤਾਮਿਲਨਾਡੂ ਦੱਖਣੀ ਭਾਰਤ ਵਿੱਚ ਮੋਹਰੀ ਸੂਬਾ ਹੈ।

ਉਨ੍ਹਾਂ ਕੋਲ ਸੱਪ ਦੇ ਡੰਗਣ ਦੀ ਖੋਜ ਵਿੱਚ ਡਾਕਟਰੇਟ ਹੈ ਅਤੇ ਵਰਤਮਾਨ ਵਿੱਚ ਉਹ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਸਹਿਯੋਗ ਨਾਲ ਖੋਜ ਕਰ ਰਹੇ ਹਨ।

ਮਨੋਜ ਕਹਿੰਦੇ ਹਨ, “ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਹਰ ਸਾਲ 10 ਲੱਖ ਲੋਕਾਂ ਨੂੰ ਸੱਪ ਡੰਗਦੇ ਹਨ ਅਤੇ 58,000 ਲੋਕਾਂ ਦੀ ਮੌਤ ਹੁੰਦੀ ਹੈ।”

ਉਹ ਕਹਿੰਦੇ ਹਨ, “ਭਾਰਤ ਵਿੱਚ ਸੱਪਾਂ ਦੇ ਡੰਗਣ ਦੇ 100 ਵਿੱਚੋਂ, 95 ਫੀਸਦੀ ਗੈਰ-ਜ਼ਹਿਰੀਲੇ ਸੱਪਾਂ ਦੁਆਰਾ ਮਾਰੇ ਗਏ ਡੰਗ ਹੁੰਦੇ ਹਨ ਅਤੇ ਸਿਰਫ਼ ਪੰਜ ਫੀਸਦੀ ਮਾਮਲਿਆਂ ਵਿੱਚ ‘ਵੱਡੇ ਚਾਰ’ ਜ਼ਹਿਰੀਲੇ ਸੱਪਾਂ ਦੁਆਰਾ ਡੰਗ ਮਾਰੇ ਜਾਂਦੇ ਹਨ।”

ਸੱਪ

ਸੱਪ ਬਚਾਉਣ ਵਾਲੇ ਵਿਸ਼ਵਨਾਥ ਦਾ ਕਹਿਣਾ ਹੈ ਕਿ ਕੋਬਰਾ, ਗਲਾਸ ਵਾਈਪਰ ਅਤੇ ਬੈਂਡੇਡ ਵਾਈਪਰ ਵਰਗੇ ਜ਼ਹਿਰੀਲੇ ਸੱਪ ਆਮ ਤੌਰ ‘ਤੇ ਰਿਹਾਇਸ਼ੀ ਖੇਤਰਾਂ ਦੇ ਨੇੜੇ ਰਹਿੰਦੇ ਹਨ, ਪਰ ਇੱਕ ਹੋਰ ਬਹੁਤ ਜ਼ਹਿਰੀਲੀ ਪ੍ਰਜਾਤੀ, ਕਰਲੀ ਵਾਈਪਰ ਸਿਰਫ ਗਰਮ, ਪੱਥਰੀਲੇ ਖੇਤਰਾਂ ਵਿੱਚ ਰਹਿੰਦੀ ਹੈ।

ਵਿਸ਼ਵਨਾਥ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਸੱਪ ਦੇ ਡੰਗਣ ਕਾਰਨ ਮਰ ਰਹੇ ਹਨ।

ਸੱਪ – ਠੰਢੇ ਖੂਨ ਵਾਲਾ ਜਾਨਵਰ

ਸੱਪ

ਤਸਵੀਰ ਸਰੋਤ, Getty Images

ਵਿਸ਼ਵਨਾਥ ਕਹਿੰਦੇ ਹਨ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਸੱਪ ਘਰਾਂ ਅੰਦਰ ਜ਼ਿਆਦਾ ਵੜਦੇ ਹਨ ਅਤੇ ਭੋਜਨ ਦੀ ਘਾਟ ਇਸਦਾ ਇੱਕ ਵੱਡਾ ਕਾਰਨ ਹੈ।

ਉਹ ਕਹਿੰਦੇ ਹਨ, “ਸੱਪ ਇੱਕ ਠੰਢੇ ਖੂਨ ਵਾਲਾ ਜਾਨਵਰ ਹੈ।”

ਇਹ ਆਪਣੇ ਸਰੀਰ ਦੇ ਤਾਪਮਾਨ ਨੂੰ ਆਪਣੇ ਨਿਵਾਸ ਸਥਾਨ ਦੇ ਵਾਤਾਵਰਣ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ।

ਵਿਸ਼ਵਨਾਥ ਅਨੁਸਾਰ, “ਇਸਦਾ ਮਤਲਬ ਹੈ ਕਿ ਜਦੋਂ ਗਰਮੀ ਹੁੰਦੀ ਹੈ, ਇਹ ਥੋੜ੍ਹੀ ਜਿਹੀ ਠੰਢੀ ਜਗ੍ਹਾ ਵੱਲ ਚਲੇ ਜਾਂਦੇ ਹਨ, ਅਤੇ ਜਦੋਂ ਬਹੁਤ ਠੰਢੀ ਹੁੰਦੀ ਹੈ, ਤਾਂ ਇਹ ਗਰਮ ਜਗ੍ਹਾ ਵੱਲ ਚਲੇ ਜਾਂਦੇ ਹਨ।”

ਉਨ੍ਹਾਂ ਅੱਗੇ ਕਿਹਾ, “ਕੋਬਰਾ, ਬੈਂਡੇਡ ਵਾਈਪਰ ਅਤੇ ਗਲਾਸ ਵਾਈਪਰ ਜ਼ਹਿਰੀਲੇ ਸੱਪ ਹਨ, ਜੋ ਘਰਾਂ ਵਿੱਚ ਦਾਖਲ ਹੁੰਦੇ ਹਨ।”

ਮੈਦਾਨੀ ਇਲਾਕਿਆਂ ਵਿੱਚ ਪਾਏ ਜਾਣ ਵਾਲੇ ਗੈਰ-ਜ਼ਹਿਰੀਲੇ ਸੱਪਾਂ ਦੀਆਂ ਸਾਰੀਆਂ 24 ਕਿਸਮਾਂ ਦਾ ਬਸਤੀਆਂ ਵੱਲ ਪਰਵਾਸ ਕਰਨਾ ਕੁਦਰਤੀ ਹੈ।

ਉਹ ਕਹਿੰਦੇ ਹਨ, “ਗਰਮੀਆਂ ਉਹ ਸਮਾਂ ਹੁੰਦਾ ਹੈ ਜਦੋਂ ਸੱਪਾਂ ਦੇ ਬੱਚੇ ਨਿਕਲਦੇ ਹਨ, ਇਸ ਲਈ ਅਸੀਂ ਇਸ ਸਮੇਂ ਦੌਰਾਨ ਜ਼ਿਆਦਾ ਨਿੱਕੇ (ਬੱਚੇ) ਸੱਪਾਂ ਨੂੰ ਬਚਾ ਰਹੇ ਹਾਂ।”

ਕਿਸ ਕਿਸਮ ਦੇ ਸੱਪ ਕਿੱਥੇ ਰਹਿੰਦੇ ਹਨ?

ਵਿਸ਼ਵਨਾਥ

ਵਿਸ਼ਵਨਾਥ ਦੱਸਦੇ ਹਨ ਕਿ ਇਸ ਗਰਮੀਆਂ ਦੇ ਮੌਸਮ ਦੌਰਾਨ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋਣ ਵਾਲੇ ਸਭ ਤੋਂ ਆਮ ਸੱਪ ਹਨ – ਆਮ ਅਜਗਰ, ਮੈਦਾਨੀ ਇਲਾਕਿਆਂ ਵਿੱਚ ਰਹਿਣ ਵਾਲੇ ਕੰਡੰਗੰਗਟਾਈ ਅਤੇ ਕਾਲਿੰਗੁਟੀ ਵਰਗੇ ਪਾਣੀ ਦੇ ਸੱਪ, ਅਤੇ ਗੈਰ-ਜ਼ਹਿਰੀਲੇ ਸੱਪ ਜਿਵੇਂ ਆਇਲ ਪਾਮ ਸੱਪ, ਲੀਫ਼ ਸਨੇਕ, ਵੌਰਮ ਸਨੇਕ, ਸੈਂਡ ਸਨੇਕ, ਰੈੱਡ ਸੈਂਡ ਸਨੇਕ, ਰਿੰਗਡ ਸਨੇਕ, ਰਨਿੰਗ ਸਨੇਕ ਅਤੇ ਹਰੇ ਸੱਪ।

ਉਹ ਦੱਸਦੇ ਹਨ, “ਇਸੇ ਤਰ੍ਹਾਂ, ਪਹਾੜਾਂ ਅਤੇ ਤਲਹਟੀਆਂ ਵਿੱਚ ਕਿੰਗ ਕੋਬਰਾ, ਪਿਟ ਵਾਈਪਰ, ਬੈਂਬੂ ਪਿਟ ਵਾਈਪਰ ਅਤੇ ਪੱਛਮੀ ਘਾਟ ਵਿੱਚ ਮਾਲਾਬਾਰ ਪਿਟ ਵਾਈਪਰ ਵਰਗੇ ਸੱਪ ਗਰਮੀਆਂ ਦੇ ਮਹੀਨਿਆਂ ਦੌਰਾਨ ਨਦੀਆਂ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।”

ਹੰਪ-ਨੋਜ਼ਡ ਪਿਟ ਵਾਈਪਰ ਬਾਗਾਂ ਵਿੱਚ, ਖਾਸ ਕਰਕੇ ਚਾਹ ਦੇ ਬਾਗਾਂ ਵਿੱਚ ਆਮ ਮਿਲਣ ਵਾਲਾ ਸੱਪ ਹੈ।

ਵਿਸ਼ਵਨਾਥ ਕਹਿੰਦੇ ਹਨ, “ਇਸ ਕਿਸਮ ਦਾ ਸੱਪ ਰਾਤ ਨੂੰ ਸਭ ਤੋਂ ਵੱਧ ਸਰਗਰਮ ਹੁੰਦਾ ਹੈ।”

ਇਹ ਵੀ ਪੜ੍ਹੋ –

ਵਾਈਲਡਲਾਈਫ ਐਂਡ ਨੇਚਰ ਕੰਜ਼ਰਵੇਸ਼ਨ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਿਰਾਜੁਦੀਨ ਮੰਨਦੇ ਹਨ ਕਿ ਗਰਮੀਆਂ ਵਿੱਚ ਸੱਪ ਠੰਢਕ ਦੀ ਭਾਲ਼ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਆਉਂਦੇ ਹਨ।

ਪਰ ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ, ਅਸਲ ਵਿੱਚ ਉਹ ਜੰਗਲਾਂ ਵਿੱਚ ਭੋਜਨ ਦੀ ਘਾਟ ਕਾਰਨ ਅਤੇ ਚੂਹਿਆਂ ਵਾਂਗ ਭੋਜਨ ਦੀ ਭਾਲ਼ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਆਉਂਦੇ ਹਨ।

ਉਨ੍ਹਾਂ ਕਿਹਾ, “ਸੱਪਾਂ ਲਈ ਗਰਮੀਆਂ ਵਿੱਚ ਠੰਢੀਆਂ ਥਾਵਾਂ ਅਤੇ ਮਾਨਸੂਨ ਅਤੇ ਸਖ਼ਤ ਠੰਡੇ ਮੌਸਮਾਂ ਵਿੱਚ ਗਰਮ ਥਾਵਾਂ ਦੀ ਭਾਲ਼ ਕਰਨਾ ਆਮ ਗੱਲ ਹੈ।”

ਸਿਰਾਜੁਦੀਨ ਕਹਿੰਦੇ ਹਨ, “ਇਹ ਕਹਿਣ ਦੀ ਬਜਾਏ ਕਿ ਸੱਪ ਮਨੁੱਖੀ ਬਸਤੀਆਂ ਵਿੱਚ ਆ ਰਹੇ ਹਨ, ਸਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਸੱਪ ਭੋਜਨ ਦੀ ਭਾਲ਼ ਵਿੱਚ ਆ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕੁਦਰਤੀ ਨਿਵਾਸ ਸਥਾਨ ਸੁੰਗੜ ਰਿਹਾ ਹੈ।”

ਉਹ ਕਹਿੰਦੇ ਹਨ ਕਿ “ਡੱਡੂ ਅਤੇ ਚੂਹੇ ਸੱਪਾਂ ਦਾ ਮੁੱਖ ਭੋਜਨ ਹਨ।”

ਸਿਰਾਜੁਦੀਨ

ਤਲਾਅ ਅਤੇ ਛੱਪੜਾਂ ਸਮੇਤ ਬਹੁਤ ਸਾਰੇ ਜਲ ਸਰੋਤ ਜਿਹੜੇ ਪਹਿਲਾਂ ਡੱਡੂਆਂ ਨਾਲ ਭਰੇ ਰਹਿੰਦੇ ਹਨ, ਵੱਡੇ ਪੱਧਰ ‘ਤੇ ਤਬਾਹ ਹੋ ਗਏ ਹਨ। ਇਸ ਲਈ ਚੂਹੇ ਸੱਪਾਂ ਦਾ ਮੁੱਖ ਭੋਜਨ ਬਣ ਗਏ ਹਨ। ਚੂਹੇ ਉਨ੍ਹਾਂ ਥਾਵਾਂ ‘ਤੇ ਜ਼ਿਆਦਾ ਹੁੰਦੇ ਹਨ ਜਿੱਥੇ ਭੋਜਨ ਦੀ ਬਰਬਾਦੀ ਬਹੁਤ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਸਮਝਾਇਆ, “ਇਹ ਵੀ ਮੁੱਖ ਕਾਰਨ ਹੈ ਕਿ ਸੱਪ ਘਰਾਂ ਵਿੱਚ ਕਿਉਂ ਦਾਖਲ ਹੁੰਦੇ ਹਨ।”

ਸੱਪਾਂ ਨੂੰ ਘਰਾਂ ‘ਚ ਵੜਣ ਤੋਂ ਰੋਕਣ ਲਈ ਕੀ ਕਰਨਾ ਚਾਹੀਦਾ ਹੈ?

ਸੱਪ ਖੋਜਕਰਤਾ ਇਹ ਵੀ ਦੱਸਦੇ ਹਨ ਕਿ ਆਮ ਲੋਕਾਂ ਨੂੰ ਸੱਪਾਂ ਨੂੰ ਆਪਣੇ ਘਰਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।

ਉਹ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਿਰਫ਼ ਗਰਮੀਆਂ ਦੌਰਾਨ ਹੀ ਨਹੀਂ ਸਗੋਂ ਹਰ ਸਮੇਂ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਹ ਕੁਝ ਗਤੀਵਿਧੀਆਂ ਦਾ ਵੀ ਜ਼ਿਕਰ ਕਰਦੇ ਹਨ, ਜਿਨ੍ਹਾਂ ਤੋਂ ਘਰ ਵਿੱਚ ਬਚਣਾ ਚਾਹੀਦਾ ਹੈ।

ਸੱਪ

ਤਸਵੀਰ ਸਰੋਤ, Getty Images

ਬੀਬੀਸੀ ਨਾਲ ਗੱਲ ਕਰਦਿਆਂ ਸੱਪ ਬਚਾਓ ਮਾਹਰ ਵਿਸ਼ਵਨਾਥ ਨੇ ਕਿਹਾ, “ਬਹੁਤ ਸਾਰੇ ਲੋਕ ਗਰਮੀਆਂ ਵਿੱਚ ਥੋੜ੍ਹੀ ਠੰਢਕ ਲੈਣ ਲਈ ਜ਼ਮੀਨ ‘ਤੇ ਸੌਂਦੇ ਹਨ।”

“ਅਜਿਹੇ ਵਿੱਚ, ਆਪਣੇ ਆਲੇ-ਦੁਆਲੇ ਮੱਛਰਦਾਨੀ ਵਰਗੀ ਸੁਰੱਖਿਆ ਲਗਾਉਣਾ ਜ਼ਰੂਰੀ ਹੈ। ਕੁਝ ਸੱਪ ਦਰਵਾਜ਼ੇ ਰਾਹੀਂ ਆ ਸਕਦੇ ਹਨ। ਉਹ ਰਸੋਈ ਦੇ ਸਿੰਕ ਵਾਲਿਆਂ ਪਾਈਪਾਂ ਰਾਹੀਂ ਵੀ ਆ ਸਕਦੇ ਹਨ। ਅਸੀਂ ਕੁਝ ਅਜਿਹੇ ਸੱਪ ਫੜ੍ਹੇ ਵੀ ਹਨ।”

ਵਿਸ਼ਵਨਾਥ ਕਹਿੰਦੇ ਹਨ, “ਇਸਨੂੰ ਢਕਣਾ ਚਾਹੀਦਾ ਹੈ।”

ਉਹ ਕਹਿੰਦੇ ਹਨ, “ਜੁੱਤਿਆਂ ਨੂੰ ਘਰ ਤੋਂ ਬਾਹਰ ਰੱਖਣ ਦੀ ਵਜਾਏ ਕਿਸੇ ਖੂੰਟੀ ਆਦਿ ‘ਤੇ ਲਟਕਾਉਣਾ ਬਿਹਤਰ ਹੈ। ਨਹੀਂ ਤਾਂ, ਛੋਟੇ ਸੱਪ ਜੁੱਤਿਆਂ ਅੰਦਰ ਜਾ ਕੇ ਲੁਕ ਸਕਦੇ ਹਨ। ਭਾਵੇਂ ਤੁਸੀਂ ਉਨ੍ਹਾਂ ਨੂੰ ਹਿਲਾ ਵੀ ਲਓ, ਉਹ ਬਾਹਰ ਨਹੀਂ ਆਉਣਗੇ।”

”ਠੰਡ ਦੇ ਮੌਸਮ ਵਿੱਚ ਉਹ ਕਾਰਾਂ ਵਿੱਚ ਵੜ ਜਾਂਦੇ ਹਨ। ਸੱਪ ਸੜਕ ‘ਤੇ ਵੀ ਪਏ ਰਹਿੰਦੇ ਹਨ, ਕਿਉਂਕਿ ਐਸਫਾਲਟ ਸੜਕਾਂ ਦਿਨ ਵੇਲੇ ਗਰਮੀ ਨੂੰ ਸੋਖ ਲੈਂਦੀਆਂ ਹਨ ਅਤੇ ਰਾਤ ਨੂੰ ਠੰਡੀਆਂ ਹੋ ਜਾਂਦੀਆਂ ਹਨ।”

ਵਿਸ਼ਵਨਾਥ ਸਲਾਹ ਦਿੰਦੇ ਹਨ, “ਇਸ ਲਈ, ਸਾਨੂੰ ਰਾਤ ਨੂੰ ਹਨ੍ਹੇਰੇ ਵਿੱਚ ਬਿਨਾਂ ਟਾਰਚ ਦੇ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।”

ਸੱਪ

ਸਿਰਾਜੁਦੀਨ ਦੇ ਅਨੁਸਾਰ, ਸੱਪ ਇਮਾਰਤਾਂ ਅਤੇ ਇੱਟਾਂ ਵਾਲੀਆਂ ਥਾਵਾਂ ਦੇ ਖੂੰਜਿਆਂ ਵਿੱਚ ਲੁਕ ਸਕਦੇ ਹਨ, ਜਿੱਥੇ ਤਾਪਮਾਨ ਥੋੜ੍ਹਾ ਘੱਟ ਹੁੰਦਾ ਹੈ ਅਤੇ ਗਰਮੀਆਂ ਵਿੱਚ ਮੁਕਾਬਲਤਨ ਠੰਡਾ ਹੁੰਦਾ ਹੈ। ਇਸ ਲਈ ਤੁਹਾਨੂੰ ਅਜਿਹੀਆਂ ਥਾਵਾਂ ‘ਤੇ ਜਾਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਘਰ ਦੇ ਆਲੇ-ਦੁਆਲੇ ਲੱਕੜ, ਗੱਤੇ ਦੇ ਡੱਬੇ ਅਤੇ ਬੇਲੋੜੇ ਸਮਾਨ ਨੂੰ ਇਕੱਠਾ ਕਰਨ ਤੋਂ ਬਚਣਾ ਸਭ ਤੋਂ ਵਧੀਆ ਹੈ।

ਹਾਲਾਂਕਿ, ਚੇਨਈ ਸਨੇਕ ਪਾਰਕ ਦੇ ਪ੍ਰਸ਼ਾਸਕ ਅਤੇ ਸੱਪ ਖੋਜਕਰਤਾ, ਗਣੇਸ਼ਨ ਦਾ ਕਹਿਣਾ ਹੈ ਕਿ ਇਸ ਦਾ ਸਮਰਥਨ ਕਰਨ ਲਈ ਕੋਈ ਖੋਜ ਜਾਂ ਡੇਟਾ ਨਹੀਂ ਹੈ।

ਇਹ ਇੱਕ ਆਮ ਵਿਸ਼ਵਾਸ ਹੈ ਕਿ ਸੱਪ ਗਰਮੀਆਂ ਦੌਰਾਨ ਘਰਾਂ ਵਿੱਚ ਜ਼ਿਆਦਾ ਆਉਂਦੇ ਹਨ ਅਤੇ ਹੋਰ ਸਮਿਆਂ ‘ਤੇ ਘੱਟ।

ਗਣੇਸ਼ਨ ਕਹਿੰਦੇ ਹਨ, “ਮੌਸਮ ਕੋਈ ਵੀ ਹੋਵੇ, ਸੱਪਾਂ ਦਾ ਨਿਵਾਸ ਸਥਾਨਾਂ ਵੱਲ ਵਧਣਾ ਆਮ ਗੱਲ ਹੈ।”

ਉਹ ਕਹਿੰਦੇ ਹਨ, “ਜੇਕਰ ਕੋਈ ਸੱਪ ਤੁਹਾਡੇ ਘਰ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਉਸ ਨੂੰ ਮਾਰਨ ਜਾਂ ਡਰਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਨਜ਼ਦੀਕੀ ਜੰਗਲਾਤ ਵਿਭਾਗ ਜਾਂ ਫਾਇਰ ਵਿਭਾਗ ਨੂੰ ਸੂਚਿਤ ਕਰਨਾ ਸਭ ਤੋਂ ਵਧੀਆ ਹੈ ਅਤੇ ਸਫਾਈ ਬਣਾਈ ਰੱਖਣਾ ਮਹੱਤਵਪੂਰਨ ਹੈ।”

ਇਹ ਵੀ ਪੜ੍ਹੋ –

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI