Source :- BBC PUNJABI

ਤਸਵੀਰ ਸਰੋਤ, Getty Images
3 ਅਪ੍ਰੈਲ 2025
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੁਨੀਆਂ ਭਰ ਦੇ ਦੇਸ਼ਾਂ ‘ਤੇ ਲਗਾਏ ਗਏ ਟੈਰਿਫਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਰਾਸ਼ਟਰਪਤੀ ਟਰੰਪ ਦੇ ਦਫ਼ਤਰ ਵੱਲੋਂ ਆਪਣੇ ਐਕਸ ਹੈਂਡਲ ‘ਤੇ ਪੋਸਟ ਕੀਤੀ ਗਈ ਹੈ।
ਇਸ ਸੂਚੀ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ ਅਤੇ ਟਰੰਪ ਨੇ ਭਾਰਤ ‘ਤੇ 27 ਫੀਸਦੀ ਟੈਰਿਫ ਲਗਾਇਆ ਹੈ।
ਇਸ ਦੇ ਨਾਲ ਹੀ, ਭਾਰਤ ਦੇ ਗੁਆਂਢੀ ਦੇਸ਼ਾਂ ‘ਤੇ ਵੱਖ-ਵੱਖ ਦਰਾਂ ‘ਤੇ ਟੈਰਿਫ ਲਗਾਏ ਗਏ ਹਨ। ਇਸ ਐਲਾਨ ਵਿੱਚ, ਚੀਨ ‘ਤੇ 34%, ਪਾਕਿਸਤਾਨ ‘ਤੇ 29%, ਬੰਗਲਾਦੇਸ਼ ‘ਤੇ 37%, ਮਿਆਂਮਾਰ ਅਤੇ ਸ਼੍ਰੀਲੰਕਾ ‘ਤੇ 44% ਟੈਰਿਫ ਲਗਾਇਆ ਗਿਆ ਹੈ।
ਟਰੰਪ ਨੇ ਯੂਰਪੀ ਸੰਘ ‘ਤੇ 20% ਟੈਰਿਫ ਲਗਾਇਆ ਹੈ। ਰਾਸ਼ਟਰਪਤੀ ਟਰੰਪ ਪਹਿਲਾਂ ਤੋਂ ਹੀ 2 ਅਪ੍ਰੈਲ ਨੂੰ ‘ਲਿਬਰੇਸ਼ਨ ਡੇਅ’ ਕਹਿੰਦੇ ਆ ਰਹੇ ਹਨ।

ਭਾਰਤ ਨੇ ਦਿੱਤੀ ਪ੍ਰਤੀਕਿਰਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ 27% ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਨੇ ਜਵਾਬ ਦਿੱਤਾ ਹੈ।
ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਨਵੇਂ ਘਟਨਾਕ੍ਰਮ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਸਾਰੀਆਂ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।”
ਮੰਤਰਾਲੇ ਨੇ ਕਿਹਾ ਹੈ, ”ਅਮਰੀਕੀ ਵਪਾਰ ਨੀਤੀ ਵਿੱਚ ਹੋਏ ਨਵੇਂ ਬਦਲਾਵਾਂ ਕਾਰਨ ਪੈਦਾ ਹੋਣ ਵਾਲੇ ਨਵੇਂ ਮੌਕਿਆਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ।”
ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਇੱਕ ਬਿਆਨ ਦੇ ਮੁਤਾਬਕ, “13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਕੇ 500 ਅਰਬ ਡਾਲਰ ਤੱਕ ਪਹੁੰਚਾਉਣ ਦੇ ਸੰਕਲਪ ਦਾ ਐਲਾਨ ਕੀਤਾ ਸੀ।”
ਬਿਆਨ ਵਿੱਚ ਕਿਹਾ ਗਿਆ ਹੈ ”ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਲਾਭਕਾਰੀ ਬਹੁ-ਖੇਤਰੀ ਦੁਵੱਲੇ ਵਪਾਰ ਸਮਝੌਤੇ ਬਾਰੇ ਗੱਲਬਾਤ ਚੱਲ ਰਹੀ ਹੈ। ਵਪਾਰ ਅਤੇ ਨਿਵੇਸ਼ ਵਧਾਉਣ, ਤਕਨਾਲੋਜੀ ਟਰਾਂਸਫਰ ਵਰਗੇ ਮੁੱਦਿਆਂ ‘ਤੇ ਵੀ ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ‘ਤੇ ਅੱਗੇ ਵਧਾਂਗੇ।”
ਰਾਹੁਲ ਗਾਂਧੀ ਨੇ ਕੀਤੀ ਆਲੋਚਨਾ

ਤਸਵੀਰ ਸਰੋਤ, Rahul Gandhi/X
ਵੀਰਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੇ ਰੁਖ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ‘ਅਮਰੀਕੀ ਟੈਰਿਫ ਭਾਰਤੀ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ।’
ਲੋਕ ਸਭਾ ਵਿੱਚ ਬਹਿਸ ਦੌਰਾਨ, ਰਾਹੁਲ ਗਾਂਧੀ ਨੇ ਕਿਹਾ, “ਸਾਡੇ ਸਹਿਯੋਗੀ ਨੇ ਅਚਾਨਕ ਸਾਡੇ ‘ਤੇ 27 ਫ਼ੀਸਦ ਟੈਰਿਫ ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਸਾਡੀ ਆਰਥਿਕਤਾ, ਆਟੋ ਉਦਯੋਗ, ਫਾਰਮਾ ਉਦਯੋਗ, ਖੇਤੀਬਾੜੀ… ਸਭ ‘ਤੇ ਖ਼ਤਰਾ ਹੈ।”
ਭਾਜਪਾ ਸਰਕਾਰ ‘ਤੇ ਅਮਰੀਕਾ ਅੱਗੇ ‘ਝੁਕਣ’ ਦਾ ਇਲਜ਼ਾਮ ਲਗਾਉਂਦੇ ਹੋਏ, ਉਨ੍ਹਾਂ ਪੁੱਛਿਆ, “ਤੁਸੀਂ ਇਸ ਟੈਰਿਫ ਬਾਰੇ ਕੀ ਕਰਨ ਜਾ ਰਹੇ ਹੋ?”
ਹਾਲਾਂਕਿ, ਭਾਰਤ ‘ਤੇ ਲਗਾਏ ਗਏ ਟੈਰਿਫ ਦੂਜੇ ਗੁਆਂਢੀ ਦੇਸ਼ਾਂ ‘ਤੇ ਲਗਾਏ ਗਏ ਟੈਰਿਫਾਂ ਨਾਲੋਂ ਘੱਟ ਹਨ, ਅਤੇ ਭਾਰਤ ਦੇ ਇੱਕ ਵੱਡੇ ਸੈਕਟਰ, ਫਾਰਮਾ ਸੈਕਟਰ, ਨੂੰ ਟੈਰਿਫ ਤੋਂ ਛੋਟ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ 4 ਫਰਵਰੀ ਨੂੰ, ਚੀਨ ਤੋਂ ਆਉਣ ਵਾਲੇ ਸਮਾਨ ‘ਤੇ 10 ਫੀਸਦੀ ਟੈਰਿਫ ਲਗਾਇਆ ਸੀ। ਜਿਸ ਨੂੰ 4 ਮਾਰਚ ਨੂੰ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ, ਅਮਰੀਕਾ ਨੇ 4 ਮਾਰਚ ਤੋਂ ਹੀ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਹੋਣ ਵਾਲੇ ਸਮਾਨ ‘ਤੇ 25 ਫੀਸਦੀ ਟੈਰਿਫ ਲਗਾ ਦਿੱਤਾ ਹੈ। ਕੈਨੇਡਾ ਤੋਂ ਊਰਜਾ ਨਾਲ ਸਬੰਧਤ ਦਰਾਮਦ ‘ਤੇ ਵੀ 10 ਫੀਸਦੀ ਟੈਰਿਫ ਲਗਾਇਆ ਗਿਆ ਹੈ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਟਰੰਪ ਦੇ ਐਲਾਨ ਨਾਲ ਜੁੜੀਆਂ 10 ਮਹੱਤਵਪੂਰਨ ਗੱਲਾਂ:

1. ਭਾਰਤ ‘ਤੇ ਲੱਗਿਆ ਕਿੰਨਾ ਟੈਰਿਫ

ਤਸਵੀਰ ਸਰੋਤ, Getty Images
ਟਰੰਪ ਨੇ ਭਾਰਤ ‘ਤੇ 27 ਫੀਸਦੀ ‘ਛੋਟ ਵਾਲਾ ਰਿਸਪ੍ਰੋਸੀਕਲ ਟੈਰਿਫ’ ਲਗਾਉਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦੇ ਅਨੁਸਾਰ, ਭਾਰਤ ਅਮਰੀਕਾ ‘ਤੇ 52 ਫੀਸਦੀ ਟੈਰਿਫ ਲਗਾਉਂਦਾ ਹੈ।
ਟੈਰਿਫ ਦਾ ਐਲਾਨ ਕਰਦੇ ਸਮੇਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ (ਮੋਦੀ) ਕੁਝ ਦਿਨ ਪਹਿਲਾਂ ਹੀ ਇੱਥੋਂ ਗਏ ਹਨ ਅਤੇ ਉਹ ਮੇਰੇ ਬਹੁਤ ਚੰਗੇ ਦੋਸਤ ਹਨ, ਪਰ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਦੋਸਤ ਹੋ ਪਰ ਤੁਸੀਂ ਸਾਡੇ ਨਾਲ ਸਹੀ ਨਹੀਂ ਕਰ ਰਹੇ।”
“ਉਹ ਸਾਡੇ ਤੋਂ 52 ਫੀਸਦੀ ਚਾਰਜ ਕਰ ਰਹੇ ਹਨ। ਤੁਸੀਂ ਸਮਝ ਰਹੇ ਹੋ… ਇਸ ਲਿਹਾਜ਼ ਨਾਲ ਅਸੀਂ ਉਨ੍ਹਾਂ ਤੋਂ ਸਾਲਾਂ ਅਤੇ ਦਹਾਕਿਆਂ ਤੋਂ ਲਗਭਗ ਨਾ ਦੇ ਬਰਾਬਰ ਚਾਰਜ ਕਰ ਰਹੇ ਹਾਂ।”
2. ਕਦੋਂ ਲਾਗੂ ਹੋਣਗੇ ਟੈਰਿਫ?

ਤਸਵੀਰ ਸਰੋਤ, Getty Images
ਵਿਦੇਸ਼ਾਂ ਵਿੱਚ ਬਣੀਆਂ ਸਾਰੀਆਂ ਆਟੋਮੋਬਾਈਲਜ਼ ‘ਤੇ 25 ਫੀਸਦੀ ਟੈਰਿਫ ਲਗਾਇਆ ਗਿਆ ਹੈ, ਜੋ ਕਿ ਅਮਰੀਕੀ ਸਮੇਂ ਅਨੁਸਾਰ ਅੱਜ ਰਾਤ (ਬੁੱਧਵਾਰ-ਵੀਰਵਾਰ ਅੱਧੀ ਰਾਤ) 12:01 ਵਜੇ ਤੋਂ ਲਾਗੂ ਹੋਵੇਗਾ।
ਇਸ ਤੋਂ ਇਲਾਵਾ, ਅਮਰੀਕੀ ਸਮੇਂ ਅਨੁਸਾਰ 5 ਅਪ੍ਰੈਲ ਨੂੰ ਸਵੇਰੇ 12:01 ਵਜੇ ਤੋਂ ਸਾਰੇ ਦੇਸ਼ਾਂ ‘ਤੇ 10 ਫੀਸਦੀ ਦਾ ਬੇਸਲਾਈਨ ਟੈਰਿਫ ਲਾਗੂ ਹੋ ਜਾਵੇਗਾ।
ਜਦੋਂ ਕਿ 10 ਫੀਸਦੀ ਤੋਂ ਵੱਧ ਟੈਰਿਫ 9 ਅਪ੍ਰੈਲ ਨੂੰ ਅਮਰੀਕੀ ਸਮੇਂ ਅਨੁਸਾਰ 12:01 ਵਜੇ ਤੋਂ ਲਾਗੂ ਹੋਣਗੇ।
3. ਸ਼ੇਅਰ ਬਾਜ਼ਾਰ ‘ਤੇ ਅਸਰ

ਤਸਵੀਰ ਸਰੋਤ, Getty Images
ਟਰੰਪ ਦੇ ‘ਛੋਟ ਵਾਲੇ ਰਿਸਪ੍ਰੋਸੀਕਲ ਟੈਰਿਫ’ ਨਾਲ ਦੁਨੀਆਂ ਭਰ ਵਿੱਚ ਆਰਥਿਕ ਉਥਲ-ਪੁਥਲ ਹੋਣ ਦਾ ਅਨੁਮਾਨ ਹੈ।
ਟੈਰਿਫ ਦੇ ਐਲਾਨ ਤੋਂ ਬਾਅਦ, ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਜਪਾਨ ਦਾ ਸ਼ੇਅਰ ਬਾਜ਼ਾਰ ਚਾਰ ਫੀਸਦੀ ਡਿੱਗਿਆ ਹੈ, ਜਦਕਿ ਆਸਟ੍ਰੇਲੀਆ ਦਾ ਬਾਜ਼ਾਰ ਦੋ ਫੀਸਦੀ ਡਿੱਗਿਆ ਹੈ।
ਦੂਜੇ ਪਾਸੇ, ਟਰੰਪ ਦੇ ਟੈਰਿਫ ਦਾ ਪ੍ਰਭਾਵ ਸੋਨੇ ਦੀ ਕੀਮਤ ‘ਤੇ ਵੀ ਦੇਖਿਆ ਗਿਆ ਹੈ। ਸੋਨੇ ਦੀ ਕੀਮਤ ਰਿਕਾਰਡ ਉੱਚਾਈ ‘ਤੇ ਪਹੁੰਚ ਗਈ ਹੈ।
4. ਕਿਹੜੇ ਦੇਸ਼ਾਂ ‘ਤੇ 10 ਫੀਸਦੀ ਦਾ ਬੇਸਲਾਈਨ ਟੈਰਿਫ?

ਤਸਵੀਰ ਸਰੋਤ, Reuters
ਟਰੰਪ ਦੇ ਭਾਸ਼ਣ ਤੋਂ ਪਹਿਲਾਂ, ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਟਰੰਪ ਸਾਰੇ ਦੇਸ਼ਾਂ ‘ਤੇ 10 ਫੀਸਦੀ ਦਾ ਬੇਸਲਾਈਨ ਟੈਰਿਫ ਲਗਾਉਣਗੇ।
ਟਰੰਪ ਨੇ ਕੁਝ ਦੇਸ਼ਾਂ ‘ਤੇ ਸਿਰਫ਼ ਬੇਸਲਾਈਨ ਟੈਰਿਫ ਹੀ ਲਗਾਏ ਹਨ, ਜਦਕਿ ਕੁਝ ਦੇਸ਼ਾਂ ‘ਤੇ ਇਸ ਤੋਂ ਜ਼ਿਆਦਾ ਟੈਰਿਫ ਲਗਾਏ ਗਏ ਹਨ।
ਬੇਸਲਾਈਨ ਟੈਰਿਫ ਵਾਲੇ ਦੇਸ਼:
- ਬ੍ਰਿਟੇਨ
- ਸਿੰਗਾਪੁਰ
- ਬ੍ਰਾਜ਼ੀਲ
- ਆਸਟ੍ਰੇਲੀਆ
- ਨਿਊਜ਼ੀਲੈਂਡ
- ਤੁਰਕੀ
- ਕੋਲੰਬੀਆ
- ਅਰਜਨਟੀਨਾ
- ਐਲ ਸੈਲਵਾਡੋਰ
- ਸੰਯੁਕਤ ਅਰਬ ਅਮੀਰਾਤ (ਯੂਏਈ)
- ਸਊਦੀ ਅਰਬ

5. ਸਭ ਤੋਂ ਵੱਧ ਟੈਰਿਫ ਕਿਨ੍ਹਾਂ ਦੇਸ਼ਾਂ ‘ਤੇ?
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਮਰੀਕਾ ਲਗਭਗ 60 ਦੇਸ਼ਾਂ ‘ਤੇ ਖਾਸ ਰੈਸੀਪ੍ਰੋਕਲ ਟੈਰਿਫ ਲਗਾਏਗਾ। ਇਸਦਾ ਮਤਲਬ ਹੈ ਕਿ ਇਨ੍ਹਾਂ ਦੇਸ਼ਾਂ ‘ਤੇ ਸਭ ਤੋਂ ਵੱਧ ਟੈਰਿਫ ਲਗਾਇਆ ਗਿਆ ਹੈ।

ਖਾਸ ਰੈਸੀਪ੍ਰੋਕਲ ਟੈਰਿਫ ਵਾਲੇ ਕੁਝ ਦੇਸ਼:
ਯੂਰਪੀਅਨ ਯੂਨੀਅਨ (20%)
ਚੀਨ (34%)
ਵੀਅਤਨਾਮ (46%)
ਥਾਈਲੈਂਡ (36%)
ਜਪਾਨ (24%)
ਕੰਬੋਡੀਆ (49%)
ਦੱਖਣੀ ਅਫਰੀਕਾ (30%)
ਤਾਈਵਾਨ (32%)
6. ਕੈਨੇਡਾ ਅਤੇ ਮੈਕਸੀਕੋ ਨੂੰ ਰਾਹਤ

ਤਸਵੀਰ ਸਰੋਤ, Reuters
ਇਨ੍ਹਾਂ ਨਵੇਂ ਟੈਰਿਫ ਐਲਾਨਾਂ ਵਿੱਚ ਕੈਨੇਡਾ ਅਤੇ ਮੈਕਸੀਕੋ ਦਾ ਜ਼ਿਕਰ ਨਹੀਂ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਇਨ੍ਹਾਂ ਦੇਸ਼ਾਂ ਨਾਲ ਪਿਛਲੇ ਆਦੇਸ਼ਾਂ ਵਿੱਚ ਨਿਰਧਾਰਿਤ ਕੀਤੇ ਗਏ ਢਾਂਚੇ ਦੇ ਤਹਿਤ ਹੀ ਕੰਮ ਕਰਨਗੇ।
ਉਨ੍ਹਾਂ ਆਦੇਸ਼ਾਂ ਵਿੱਚ ਕੈਨੇਡਾ ਅਤੇ ਮੈਕਸੀਕੋ ‘ਤੇ ਫੈਂਟਾਨਿਲ ਅਤੇ ਸਰਹੱਦ ਨਾਲ ਸਬੰਧਤ ਮੁੱਦਿਆਂ ਨੂੰ ਕਾਰਨ ਦੱਸਦੇ ਹੋਏ, ਟੈਰਿਫ ਲਗਾਇਆ ਗਿਆ ਹੈ।
ਉਸ ਵੇਲੇ ਟਰੰਪ ਨੇ ਦੋਵਾਂ ਦੇਸ਼ਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਇਸਨੂੰ ਘਟਾ ਦਿੱਤਾ ਸੀ।
ਟਰੰਪ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਰੋਕਣ ਲਈ ਸਹਿਮਤ ਹੋਏ ਹਨ।
7. ਆਟੋ ਦਰਾਮਦ ‘ਤੇ 25 ਫੀਸਦੀ ਟੈਕਸ
ਇਸ ਤੋਂ ਇਲਾਵਾ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ, ਵਿਦੇਸ਼ਾਂ ਵਿੱਚ ਬਣੇ ਵਾਹਨਾਂ ‘ਤੇ 25 ਫੀਸਦੀ ਟੈਰਿਫ ਲਗਾ ਰਿਹਾ ਹੈ।
ਇਹ ਟੈਕਸ ਲਗਭਗ ਤੁਰੰਤ, 3 ਅਪ੍ਰੈਲ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ।
ਟਰੰਪ ਦੇ ਇਸ ਐਲਾਨ ਦਾ ਸਭ ਤੋਂ ਵੱਧ ਅਸਰ ਅਮਰੀਕੀ ਕਾਰਾਂ ‘ਤੇ ਹੀ ਪੈਣ ਵਾਲਾ ਹੈ। ਅਮਰੀਕਾ ਵੱਡੀ ਗਿਣਤੀ ਵਿੱਚ ਕਾਰਾਂ ਦਰਾਮਦ ਕਰਦਾ ਹੈ ਅਤੇ ਹੁਣ ਉਨ੍ਹਾਂ ਦੀਆਂ ਕੀਮਤਾਂ ਵਧ ਜਾਣਗੀਆਂ।
8. ਅਮਰੀਕਾ ਵਿੱਚ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਤਸਵੀਰ ਸਰੋਤ, Getty Images
ਟੈਰਿਫ ਦੇ ਐਲਾਨ ਦਾ ਸਭ ਤੋਂ ਵੱਡਾ ਪ੍ਰਭਾਵ ਕਾਰਾਂ ‘ਤੇ ਪਵੇਗਾ। ਇੱਕ ਅੰਦਾਜ਼ੇ ਅਨੁਸਾਰ, ਬਹੁਤ ਸਾਰੀਆਂ ਕਾਰਾਂ 4,000 ਡਾਲਰ ਤੋਂ 10,000 ਡਾਲਰ ਤੱਕ ਮਹਿੰਗੀਆਂ ਹੋ ਜਾਣਗੀਆਂ।
ਫਿਲਹਾਲ ਅਮਰੀਕਾ ਵਿੱਚ ਬੀਅਰ, ਵਿਸਕੀ ਅਤੇ ਟਕੀਲਾ ਵਰਗੇ ਡ੍ਰਿੰਕ ਵੀ ਮਹਿੰਗੇ ਹੋ ਜਾਣਗੇ। ਮੈਕਸੀਕੋ ਤੋਂ ਆਉਣ ਵਾਲੀ ਮੋਡੇਲੋ ਅਤੇ ਕੋਰੋਨਾ ਵਰਗੇ ਬੀਅਰ ਬ੍ਰਾਂਡ ਹੁਣ ਅਮਰੀਕਾ ਵਿੱਚ ਮਹਿੰਗੇ ਹੋ ਜਾਣਗੇ।
ਟਰੰਪ ਨੇ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੀ ਵਾਈਨ ‘ਤੇ ਵੀ 200 ਫੀਸਦੀ ਟੈਰਿਫ ਲਗਾਇਆ ਹੈ। ਇਸ ਕਾਰਨ ਸ਼ੈਂਪੇਨ ਜਾਂ ਜਰਮਨ ਬੀਅਰ ਆਦਿ ਮਹਿੰਗੇ ਹੋ ਜਾਣਗੇ।
ਇਸ ਤੋਂ ਇਲਾਵਾ,ਅਮਰੀਕਾ ਵਿੱਚ ਇੰਧਨ, ਮੇਪਸ ਸਿਰਪ, ਐਵੋਕਾਡੋ ਆਦਿ ਵੀ ਮਹਿੰਗੇ ਹੋ ਜਾਣਗੇ।
9. ਦੁਨੀਆਂ ਦੇ ਆਗੂਆਂ ਦੀ ਕੀ ਰਹੀ ਪ੍ਰਤੀਕਿਰਿਆ?

ਤਸਵੀਰ ਸਰੋਤ, Reuters
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਅਮਰੀਕੀ ਟੈਰਿਫਾਂ ਨੂੰ ‘ਗਲਤ’ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ ਵਪਾਰ ਯੁੱਧ ਸ਼ੁਰੂ ਹੋ ਸਕਦਾ ਹੈ।
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, “ਅਸੀਂ ਅਮਰੀਕਾ ਨਾਲ ਸਮਝੌਤਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸਦਾ ਉਦੇਸ਼ ਉਸ ਵਪਾਰ ਯੁੱਧ ਨੂੰ ਰੋਕਣਾ ਹੈ ਜੋ ਪੱਛਮੀ ਦੇਸ਼ਾਂ ਨੂੰ ਕਮਜ਼ੋਰ ਕਰੇਗਾ।”
ਇਸ ਦੌਰਾਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਟੈਰਿਫ “ਅਚਾਨਕ ਨਹੀਂ” ਹਨ ਪਰ ਇਹ “ਪੂਰੀ ਤਰ੍ਹਾਂ ਗੈਰ-ਵਾਜਬ” ਹਨ।
ਉਨ੍ਹਾਂ ਕਿਹਾ, “ਟੈਰਿਫਾਂ ਦਾ ਐਲਾਨ ਕਰਨ ਪਿੱਛੇ ਕੋਈ ਤਰਕ ਨਹੀਂ ਹੈ। ਇਹ ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਸਾਂਝੇਦਾਰੀ ਦੇ ਵਿਰੁੱਧ ਹਨ। ਇਹ ਕਿਸੇ ਦੋਸਤ ਦਾ ਕੰਮ ਨਹੀਂ ਹੈ।”
10. ਅਮਰੀਕਾ ਦੀ ਚੇਤਾਵਨੀ – ਪਲਟਵਾਰ ਕਰਨ ਬਾਰੇ ਨਾ ਸੋਚਣਾ

ਤਸਵੀਰ ਸਰੋਤ, Getty Images
ਅਮਰੀਕਾ ਦੇ ਖਜ਼ਾਨਾ ਸਕੱਤਰ ਸਕਾਟ ਵੇਸੈਂਟ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਦੇਸ਼ ਨੂੰ ਟੈਰਿਫ ਦੇ ਜਵਾਬ ਵਿੱਚ ਕੋਈ ਵੀ ਦੇਸ਼ ਅਮਰੀਕਾ ‘ਤੇ ਟੈਰਿਫ ਲਗਾਉਣ ਦਾ ਐਲਾਨ ਨਾ ਕਰੇ।
ਵੇਸੈਂਟ ਨੇ ਅਮਰੀਕੀ ਨਿਊਜ਼ ਚੈਨਲ ਫੌਕਸ ਨਿਊਜ਼ ਨੂੰ ਦੱਸਿਆ, “ਸਾਰੇ ਦੇਸ਼ਾਂ ਨੂੰ ਮੇਰੀ ਸਲਾਹ ਹੈ ਕਿ ਉਹ ਪਲਟਵਾਰ ਨਾ ਕਰਨ। ਆਰਾਮ ਨਾਲ ਬੈਠੋ, ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਪਰ ਜੇਕਰ ਤੁਸੀਂ ਪਲਟਵਾਰ ਕੀਤਾ ਤਾਂ ਫਿਰ ਗੱਲ ਵਧ ਜਾਵੇਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI