Source :- BBC PUNJABI

ਤਸਵੀਰ ਸਰੋਤ, Getty Images
2 ਘੰਟੇ ਪਹਿਲਾਂ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖ਼ਰ ‘ਤੇ ਹੈ।
ਭਾਰਤ ਨੇ ਦੋਵਾਂ ਦੇਸ਼ਾਂ ਵਿਚਕਾਰ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ, ਸਰਹੱਦੀ ਲਾਂਘੇ ਬੰਦ ਕਰਨ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਸਮੇਤ ਕਈ ਫ਼ੈਸਲੇ ਲਏ ਹਨ।
ਇਸ ਦੇ ਜਵਾਬ ਵਿੱਚ, ਪਾਕਿਸਤਾਨ ਨੇ 1960 ਦੇ ਸ਼ਿਮਲਾ ਸਮਝੌਤੇ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਦਰਿਆਵਾਂ ਦੇ ਪਾਣੀ ਨੂੰ ਰੋਕਣ ਜਾਂ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ ਅਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।

ਦੋਵਾਂ ਦੀ ਦੇਸ਼ਾਂ ਦੀ ਸਿਆਸੀ ਅਗਵਾਈ ਵੱਲੋਂ ਇੱਕ-ਦੂਜੇ ਨੂੰ ਸਖ਼ਤ ਚਿਤਾਵਨੀ ਅਤੇ ਮੂੰਹ ਤੋੜ ਜਵਾਬ ਕਾਰਵਾਈ ਕਰਨ ਵਾਲੇ ਤਿੱਖੇ ਬਿਆਨ ਦਿੱਤੇ ਜਾ ਰਹੇ ਹਨ।
ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ʼਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਲੰਘੇ ਵੀਰਵਾਰ ਨੂੰ ਇੱਕ ਰੈਲੀ ਵਿੱਚ ਕਿਹਾ ਸੀ ਕਿ “ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।”
ਉਨ੍ਹਾਂ ਕਿਹਾ, “ਮੈਂ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੰਦਾ ਹਾਂ ਕਿ ਭਾਰਤ ਹਰ ਅੱਤਵਾਦੀ ਦੀ ਪਛਾਣ ਕਰਕੇ ਸਜ਼ਾ ਦੇਵੇਗਾ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਨੂੰ ਵੀ… ਹੁਣ ਅੱਤਵਾਦੀਆਂ ਦੀ ਬਚੀ ਹੋਈ ਜ਼ਮੀਨ ਨੂੰ ਵੀ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ।”
ਜਦੋਂ ਕਿ ਭਾਰਤ ਦੇ ਜਲ ਸਰੋਤ ਮੰਤਰੀ ਸੀਆਰ ਪਾਟਿਲ ਨੇ ਕਿਹਾ ਕਿ ‘ਇਹ ਯਕੀਨੀ ਬਣਾਉਣ ਲਈ ਰਣਨੀਤੀ ਬਣਾਈ ਜਾ ਰਹੀ ਹੈ ਕਿ ਪਾਕਿਸਤਾਨ ਨੂੰ ਪਾਣੀ ਦੀ ਇੱਕ ਬੂੰਦ ਵੀ ਨਾ ਮਿਲੇ।’
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਸੇ ਵੀ ਦਲੇਰੀ ਦਾ ਸਖ਼ਤ ਜਵਾਬ ਦੇਣ ਦੀ ਗੱਲ ਕੀਤੀ ਤਾਂ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ ਆਸਿਫ਼ ਨੇ ਵੀ ਦੁਹਰਾਇਆ ਕਿ ‘ਸਿੰਧੂ ਜਲ ਸੰਧੀ ਨਾਲ ਸਬੰਧਤ ਕਿਸੇ ਵੀ ਕਾਰਵਾਈ ਨੂੰ ਜੰਗ ਦਾ ਐਲਾਨ ਮੰਨਿਆ ਜਾਵੇਗਾ।’

ਤਸਵੀਰ ਸਰੋਤ, Getty Images
ਸੇਵਾਮੁਕਤ ਜਨਰਲ ਨੇ ਕਿਹੜੀ ਚੇਤਾਵਨੀ ਦਿੱਤੀ?
ਦੱਖਣੀ ਏਸ਼ੀਆਈ ਰਾਜਨੀਤੀ ‘ਤੇ ਨਜ਼ਰ ਰੱਖਣ ਵਾਲੇ ਮਾਹਰ ਭਾਰਤ ਵੱਲੋਂ ਸੀਮਤ ਫੌਜੀ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਹਨ, ਜਿਸ ਨਾਲ ਵਿਆਪਕ ਜੰਗ ਛਿੜਨ ਦਾ ਖ਼ਤਰਾ ਹੈ।
ਹਾਲਾਂਕਿ, ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸਐੱਚ ਪਨਾਗ ਨੇ ਫੌਜੀ ਕਾਰਵਾਈ ਬਾਰੇ ਜਲਦਬਾਜ਼ੀ ਵਿੱਚ ਫ਼ੈਸਲੇ ਲੈਣ ਵਿਰੁੱਧ ਚੇਤਾਵਨੀ ਦਿੱਤੀ ਹੈ।
ਦਿ ਪ੍ਰਿੰਟ ਵਿੱਚ ਲਿਖੇ ਇੱਕ ਲੇਖ ਵਿੱਚ, ਉਨ੍ਹਾਂ ਨੇ ਲਿਖਿਆ ਹੈ ਕਿ ਪਾਕਿਸਤਾਨ ਇੱਕ ਪਰਮਾਣੂ ਹਥਿਆਰਾਂ ਨਾਲ ਭਰਪੂਰ ਦੇਸ਼ ਹੈ ਅਤੇ ਇਸ ਕੋਲ ਭਾਰਤੀ ਫੌਜ ਦੁਆਰਾ ਸੀਮਤ ਫੌਜੀ ਕਾਰਵਾਈ ਦਾ ਜਵਾਬ ਦੇਣ ਲਈ ਕਾਫ਼ੀ ਰਵਾਇਤੀ ਸ਼ਕਤੀ ਹੈ।
ਉਨ੍ਹਾਂ ਲਿਖਿਆ, “ਭਾਰਤ ਕੋਲ ਕਿਸੇ ਵੀ ਖੇਤਰ ਵਿੱਚ ਭਾਵੇਂ ਉਹ ਮਿਜ਼ਾਈਲ ਹੋਵੇ, ਡਰੋਨ ਹੋਵੇ ਜਾਂ ਹਵਾਈ ਸੈਨਾ ਦੀ ਤਾਕਤ, ਇੰਨੀ ਤਕਨੀਕੀ ਪ੍ਰਾਪਤੀ ਨਹੀਂ ਹੈ ਕਿ ਉਹ ਬਿਨਾਂ ਕਿਸੇ ਨੁਕਸਾਨ ਦੇ ਜਵਾਬੀ ਸਰਜੀਕਲ ਸਟ੍ਰਾਈਕ ਕਰ ਸਕੇ। ਪਾਕਿਸਤਾਨ ਕੋਲ ਜਵਾਬ ਦੇਣ ਦੀ ਸਮਰੱਥਾ ਹੈ ਅਤੇ ਸਾਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।”
ਉਧਰ ਦੂਜੇ ਪਾਸੇ, ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਆਪਣੀ ਫੌਜ ਦੀ ਤਿਆਰੀ ਬਾਰੇ ਕਿਹਾ, “ਸਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਹੈ। ਅਸੀਂ ਪਹਿਲਾਂ ਹੀ ਤਿਆਰੀ ਕਰ ਲਈ ਹੈ। ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਹਾਂ।”
ਸ਼ਨੀਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਨਵਾਜ਼ ਸ਼ਰੀਫ਼ ਨੇ ਵੀ ਕਿਹਾ ਕਿ ‘ਜੇਕਰ ਕਿਸੇ ਵੀ ਤਰ੍ਹਾਂ ਦੀ ਸਾਹਸੀ ਕਾਰਵਾਈ ਕੀਤੀ ਜਾਂਦੀ ਹੈ ਤਾਂ 2019 ਵਾਂਗ ਜਵਾਬ ਦਿੱਤਾ ਜਾਵੇਗਾ।’
ਉਨ੍ਹਾਂ ਦਾ ਇਸ਼ਾਰਾ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਬਾਲਾਕੋਟ ਵਿੱਚ ਹਵਾਈ ਹਮਲੇ ਵੱਲੋਂ ਸੀ, ਜਦੋਂ ਦੋਵਾਂ ਦੇਸ਼ਾਂ ਦੀ ਹਵਾਈ ਫੌਜ ਵਿੱਚ ਸੀਮਤ ਝੜਪ ਹੋਈ ਸੀ।

ਤਸਵੀਰ ਸਰੋਤ, Getty Images
ਭਾਰਤੀ ਫੌਜ ਦੀ ਤਾਕਤ
ਗਲੋਬਲ ਫਾਇਰ ਪਾਵਰ ਦੇ ਅਨੁਸਾਰ, 2025 ਦੀ ਫੌਜੀ ਤਾਕਤ ਦਰਜਾਬੰਦੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਠ ਸਥਾਨਾਂ ਦਾ ਅੰਤਰ ਹੈ।
ਸਾਲ 2025 ਵਿੱਚ ਵਿਸ਼ਵ ਫੌਜੀ ਸ਼ਕਤੀ ਦੇ ਮਾਮਲੇ ਵਿੱਚ, ਭਾਰਤ 145 ਦੇਸ਼ਾਂ ਵਿੱਚੋਂ ਚੌਥੇ ਸਥਾਨ ‘ਤੇ ਜਦੋਂ ਕਿ ਪਾਕਿਸਤਾਨ 12ਵੇਂ ਸਥਾਨ ‘ਤੇ ਹੈ।
ਭਾਰਤੀ ਫੌਜ ਕੋਲ ਲਗਭਗ 22 ਲੱਖ ਫੌਜੀ ਜਵਾਨ, 4,201 ਟੈਂਕ, ਲਗਭਗ 1.5 ਲੱਖ ਬਖ਼ਤਰਬੰਦ ਵਾਹਨ, 100 ਸੈਲਫ ਪ੍ਰੋਪੇਲਲਡ ਆਰਟਲਰੀ ਅਤੇ 3,975 ਖਿੱਚ ਕੇ ਲੈ ਕੇ ਜਾਣ ਵਾਲੀਆਂ ਆਰਟਲਰੀ ਹਨ। ਇਸ ਤੋਂ ਇਲਾਵਾ, ਮਲਟੀ ਬੈਰਲ ਰਾਕੇਟ ਤੋਪਖ਼ਾਨੇ ਦੀ ਗਿਣਤੀ 264 ਹੈ।

ਤਸਵੀਰ ਸਰੋਤ, Getty Images
ਭਾਰਤੀ ਹਵਾਈ ਫੌਜ ਕੋਲ 3 ਲੱਖ 10 ਹਜ਼ਾਰ ਹਵਾਈ ਫੌਜੀ ਹਨ ਅਤੇ ਕੁੱਲ 2,229 ਜਹਾਜ਼ ਹਨ ਜਿਨ੍ਹਾਂ ਵਿੱਚ 513 ਲੜਾਕੂ ਜਹਾਜ਼ ਅਤੇ 270 ਟਰਾਂਸਪੋਰਟ ਜਹਾਜ਼ ਸ਼ਾਮਲ ਹਨ। ਕੁੱਲ ਜਹਾਜ਼ਾਂ ਵਿੱਚ 130 ਅਟੈਕ, 351 ਟ੍ਰੇਨਰ ਅਤੇ ਛੇ ਟੈਂਕਰ ਫਲੀਟ ਜਹਾਜ਼ ਸ਼ਾਮਲ ਹਨ।
ਭਾਰਤੀ ਫੌਜ ਦੇ ਤਿੰਨਾਂ ਵਿੰਗਾਂ ਕੋਲ ਕੁੱਲ 899 ਹੈਲੀਕਾਪਟਰ ਹਨ, ਜਿਨ੍ਹਾਂ ਵਿੱਚੋਂ 80 ਹਮਲਾਵਰ ਹੈਲੀਕਾਪਟਰ ਹਨ।
ਭਾਰਤੀ ਜਲ ਸੈਨਾ ਕੋਲ 1.42 ਲੱਖ ਮਲਾਹ ਅਤੇ ਕੁੱਲ 293 ਜਹਾਜ਼ ਹਨ ਜਿਨ੍ਹਾਂ ਵਿੱਚ ਦੋ ਏਅਰਕ੍ਰਾਫਟ ਕੈਰੀਅਰ, 13 ਡਿਸਟ੍ਰੋਏਅਰ, 14 ਫ੍ਰੀਗੇਟਸ, 18 ਪਣਡੁੱਬੀਆਂ ਅਤੇ 18 ਕੋਰਵੇਟ ਸ਼ਾਮਲ ਹਨ।
ਲੌਜਿਸਟਿਕਸ ਦੇ ਮਾਮਲੇ ਵਿੱਚ, ਭਾਰਤੀ ਫੌਜ ਕੋਲ 311 ਹਵਾਈ ਅੱਡੇ, 56 ਬੰਦਰਗਾਹਾਂ ਅਤੇ 63 ਲੱਖ ਕਿਲੋਮੀਟਰ ਸੜਕ ਅਤੇ 65 ਹਜ਼ਾਰ ਕਿਲੋਮੀਟਰ ਰੇਲਵੇ ਕਵਰੇਜ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨੀ ਫੌਜ ਦੀ ਤਾਕਤ
ਗਲੋਬਲ ਫਾਇਰ ਪਾਵਰ ਦੇ ਅਨੁਸਾਰ, ਪਾਕਿਸਤਾਨੀ ਫੌਜ ਵਿੱਚ ਲਗਭਗ 13.11 ਲੱਖ ਫੌਜੀ, 1.24 ਲੱਖ ਜਲ ਸੈਨਾ ਅਤੇ 78 ਹਜ਼ਾਰ ਹਵਾਈ ਸੈਨਾ ਦੇ ਕਰਮਚਾਰੀ ਹਨ।
ਪਾਕਿਸਤਾਨ ਕੋਲ ਕੁੱਲ 1,399 ਜਹਾਜ਼ ਹਨ ਜਿਨ੍ਹਾਂ ਵਿੱਚ 328 ਲੜਾਕੂ ਜਹਾਜ਼, 90 ਅਟੈਕ ਟਾਈਪ, 64 ਟਰਾਂਸਪੋਰਟ ਜਹਾਜ਼, 565 ਟ੍ਰੇਨਰ, 4 ਟੈਂਕਰ ਫਲੀਟ ਅਤੇ 373 ਹੈਲੀਕਾਪਟਰ ਹਨ, ਜਿਨ੍ਹਾਂ ਵਿੱਚ 57 ਹਮਲੇ ਵਾਲੇ ਹੈਲੀਕਾਪਟਰ ਸ਼ਾਮਲ ਹਨ।
ਇਸ ਕੋਲ 2,627 ਟੈਂਕ, 17.5 ਹਜ਼ਾਰ ਵਾਹਨ, 662 ਸੈਲਫ ਪ੍ਰੋਪੇਲਡ ਆਰਟਲਰੀ, 2629 ਖਿੱਚ ਕੇ ਲੈ ਕੇ ਜਾਣ ਵਾਲੀ ਆਰਟਲਰੀ ਅਤੇ 600 ਮਲਟੀਬੈਰਲ ਰਾਕੇਟ ਆਰਟਲਰੀ ਹਨ।
ਪਾਕਿਸਤਾਨੀ ਜਲ ਸੈਨਾ ਕੋਲ ਕੁੱਲ 121 ਜੰਗੀ ਜਹਾਜ਼ ਹਨ, ਜਿਨ੍ਹਾਂ ਵਿੱਚ 9 ਫ੍ਰੀਗੇਟਸ, 9 ਕੋਰਵੇਟ, ਅੱਠ ਪਣਡੁੱਬੀਆਂ ਅਤੇ 69 ਗਸ਼ਤੀ ਜਹਾਜ਼ ਸ਼ਾਮਲ ਹਨ।
ਲੌਜਿਸਟਿਕਸ ਦੇ ਮਾਮਲੇ ਵਿੱਚ, ਇਸ ਕੋਲ ਸਿਰਫ਼ ਤਿੰਨ ਬੰਦਰਗਾਹਾਂ, 116 ਹਵਾਈ ਅੱਡੇ ਅਤੇ 60 ਵਪਾਰੀ ਸਮੁੰਦਰੀ ਬੇੜੇ ਹਨ। ਇਸ ਤੋਂ ਇਲਾਵਾ 2.64 ਕਿਲੋਮੀਟਰ ਸੜਕ ਅਤੇ 11.9 ਕਿਲੋਮੀਟਰ ਰੇਲਵੇ ਕਵਰੇਜ ਹੈ।

ਕਿਸ ਕੋਲ ਕਿੰਨੇ ਪਰਮਾਣੂ ਹਥਿਆਰ
ਸਵੀਡਨ ਥਿੰਕ ਟੈਂਕ ਸਟੌਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸਆਈਪੀਆਰਆਈ) ਦੀ 2024 ਦੀ ਰਿਪੋਰਟ ਦੇ ਅਨੁਸਾਰ, ਭਾਰਤ ਕੋਲ 172 ਪਰਮਾਣੂ ਹਥਿਆਰ ਹਨ ਜਦੋਂ ਕਿ ਪਾਕਿਸਤਾਨ ਕੋਲ 170 ਪਰਮਾਣੂ ਹਥਿਆਰ ਹਨ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਦੋਵਾਂ ਦੇਸ਼ਾਂ ਕੋਲ ਕਿੰਨੇ ਪਰਮਾਣੂ ਹਥਿਆਰ ਤੈਨਾਤ ਹਨ।
ਇਸ ਸੰਗਠਨ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਰਤ ਨਾਲ ਮੁਕਾਬਲਾ ਕਰਨ ਲਈ ਪਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ ਜਦਕਿ ਭਾਰਤ ਦਾ ਧਿਆਨ ਲੰਬੀ ਦੂਰੀ ਦੇ ਹਥਿਆਰਾਂ ਦੀ ਤੈਨਾਤੀ ‘ਤੇ ਕੇਂਦਰਿਤ ਹੈ। ਇਸਦਾ ਮਤਲਬ ਹੈ ਕਿ ਅਜਿਹੇ ਹਥਿਆਰ ਜੋ ਚੀਨ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।
ਭਾਰਤ ਅਤੇ ਪਾਕਿਸਤਾਨ ਦੇ ਗੁਆਂਢੀ ਅਤੇ ਦੁਨੀਆਂ ਦੇ ਤੀਜੇ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਚੀਨ ਦੇ ਕੋਲ ਪਰਮਾਣੂ ਹਥਿਆਰਾਂ ਦੀ ਗਿਣਤੀ 22 ਫੀਸਦ ਇਜ਼ਾਫੇ ਦੇ ਨਾਲ 410 ਵਾਰਹੈੱਡ ਤੋਂ ਵਧ ਕੇ 500 ਹੋ ਗਈ ਹੈ।

ਤਸਵੀਰ ਸਰੋਤ, Getty Images
ਡ੍ਰੋਨਾਂ ਦੀ ਗਿਣਤੀ
ਪਿਛਲੇ ਸਾਲ ਨਵੰਬਰ ਵਿੱਚ ਪ੍ਰਕਾਸ਼ਿਤ ਬੀਬੀਸੀ ਉਰਦੂ ਪੱਤਰਕਾਰ ਸ਼ਕੀਲ ਅਖ਼ਤਰ ਦੇ ਇੱਕ ਲੇਖ ਦੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਆਪਣੇ ਡ੍ਰੋਨਾਂ ਦੀ ਗਿਣਤੀ ਤੇਜ਼ੀ ਨਾਲ ਵਧਾ ਰਹੇ ਹਨ।
ਰੱਖਿਆ ਮਾਮਲਿਆਂ ਦੇ ਵਿਸ਼ਲੇਸ਼ਕ ਰਾਹੁਲ ਬੇਦੀ ਦੇ ਅਨੁਸਾਰ, ਭਾਰਤ ਕੋਲ ਅਗਲੇ ਦੋ ਤੋਂ ਚਾਰ ਸਾਲਾਂ ਵਿੱਚ ਲਗਭਗ ਪੰਜ ਹਜ਼ਾਰ ਡ੍ਰੋਨ ਹੋਣਗੇ।
ਉਨ੍ਹਾਂ ਦੇ ਅਨੁਸਾਰ, ਹਾਲਾਂਕਿ ਪਾਕਿਸਤਾਨ ਕੋਲ ‘ਭਾਰਤ ਨਾਲੋਂ ਘੱਟ ਡ੍ਰੋਨ’ ਹਨ, ਇਸ ਦੇ ਬਾਵਜੂਦ, ਇਸ ਕੋਲ ਜੋ ਡਰੋਨ ਹਨ, ਉਨ੍ਹਾਂ ਦੀਆਂ ਸਮਰੱਥਾਵਾਂ ਵੱਖ-ਵੱਖ ਹਨ ਅਤੇ ਇਹ 10 ਤੋਂ 11 ਵੱਖ-ਵੱਖ ਬਣਾਵਟ ਦੇ ਹਨ।
ਪਿਛਲੇ ਸਾਲ ਅਕਤੂਬਰ ਵਿੱਚ, ਭਾਰਤ ਨੇ ਅਮਰੀਕਾ ਨਾਲ 3.5 ਬਿਲੀਅਨ ਡਾਲਰ ਦੇ 31 ਪ੍ਰੀਡੇਟਰ ਡ੍ਰੋਨਜ਼ ਖਰੀਦਣ ਲਈ ਇੱਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਸਨ।
ਪ੍ਰੀਡੇਟਰ ਡ੍ਰੋਨਜ਼ ਦੁਨੀਆ ਦੇ ਸਭ ਤੋਂ ਸਫ਼ਲ ਅਤੇ ਖ਼ਤਰਨਾਕ ਡ੍ਰੋਨ ਮੰਨੇ ਜਾਂਦੇ ਹਨ।
ਇਨ੍ਹਾਂ ਦੇ ਨਾਲ, 500 ਕਰੋੜ ਡਾਲਰ ਦੇ ਉਨ੍ਹਾਂ ਡ੍ਰੋਨਾਂ ਰਾਹੀਂ ਟੀਚਿਆਂ ਨੂੰ ਨਸ਼ਟ ਕਰਨ ਲਈ ਇਸਤੇਮਾਲ ਹੋਣ ਵਾਲੇ ਬੰਬ ਅਤੇ ਲੇਜ਼ਰ ਗਾਈਡਡ ਮਿਜ਼ਾਈਲਾਂ ਵੀ ਖਰੀਦੀਆਂ ਜਾਣਗੀਆਂ।
ਰਾਹੁਲ ਬੇਦੀ ਮੁਤਾਬਕ, ਪਾਕਿਸਤਾਨ ਤੁਰਕੀ ਅਤੇ ਚੀਨ ਤੋਂ ਡ੍ਰੋਨਾਂ ਦਾ ਆਯਾਤ ਕਰਦਾ ਹੈ। ਹਾਲਾਂਕਿ ਉਸ ਨੇ ਜਰਮਨੀ ਅਤੇ ਇਟਲੀ ਤੋਂ ਵੀ ਡ੍ਰੋਨ ਖਰੀਦੇ ਹਨ।
ਪਾਕਿਸਤਾਨ ਦੇ ਬਰਰਾਕ ਅਤੇ ਸ਼ਹਿਪਰ ਵਰਗੇ ਡ੍ਰੋਨ ਖ਼ੁਦ ਵੀ ਬਣਾਏ ਹਨ।
ਪਾਕਿਸਤਾਨ ਕੋਲ ਤੁਰਕੀ ਦੇ ਆਧੁਨਿਕ ʻਬੈਰਾਕਟਰʼ ਡ੍ਰੋਨ ਟੀਬੀ ਟੂ ਅਤੇ ਏਕੰਜੀ ਹਨ ਜਦਕਿ ਉਨ੍ਹਾਂ ਨੇ ਚੀਨ ਤੋਂ ʻਵੈਂਗ ਲੋਂਗ ਟੂʼ ਅਤੇ ʻਸੀਐੱਚ-4ʼ ਵਰਗੇ ਡ੍ਰੋਨ ਵੀ ਹਾਸਿਲ ਕੀਤੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI