Home ਰਾਸ਼ਟਰੀ ਖ਼ਬਰਾਂ ਫੀਫਾ ਵਿਸ਼ਵ ਕੱਪ ਦੇ ਬਹਾਨੇ ਕੈਨੇਡਾ ਦਾ ਵੀਜ਼ਾ ਦਿਵਾਉਣ ਲਈ ਸੋਸ਼ਲ ਮੀਡੀਆ...

ਫੀਫਾ ਵਿਸ਼ਵ ਕੱਪ ਦੇ ਬਹਾਨੇ ਕੈਨੇਡਾ ਦਾ ਵੀਜ਼ਾ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਏਜੰਟ ਸਰਗਰਮ, ਕੈਨੇਡਾ ਸਰਕਾਰ ਨੇ ਕਿਹੜੀ ਚੇਤਾਵਨੀ ਜਾਰੀ ਕੀਤੀ

11
0

Source :- BBC PUNJABI

ਫੀਫਾ ਵਿਸ਼ਵ ਕੱਪ

ਤਸਵੀਰ ਸਰੋਤ, Getty Images

“ਕੈਨੇਡਾ ਵਿੱਚ ਫ਼ੀਫ਼ਾ ਵਰਲਡ ਕੱਪ ਹੋਣ ਜਾ ਰਿਹਾ, ਜਿਸ ਲਈ ਬਹੁਤ ਸਾਰੇ ਵੀਜ਼ੇ ਜਾਰੀ ਕੀਤੇ ਜਾਣਗੇ, ਤੁਹਾਡੇ ਲਈ ਇਹੀ ਸੁਨਹਿਰਾ ਮੌਕਾ ਹੈ, ਕੈਨੇਡਾ ਜਾਣ ਦਾ, ਛੇਤੀ ਸਾਡੇ ਨਾਲ ਇਸ ਨੰਬਰ ਉੱਤੇ ਸੰਪਰਕ ਕਰੋ ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ।”

ਅੱਜਕਲ ਸੋਸ਼ਲ ਮੀਡੀਆ ਉੱਤੇ ਫੀਫ਼ਾ ਵਿਸ਼ਵ ਕੱਪ ਦੇ ਬਹਾਨੇ ਵੀਜ਼ਾ ਲਗਵਾਉਣ ਦਾ ਦਾਅਵਾ ਕਰਨ ਵਾਲੀਆਂ ਅਜਿਹੀਆਂ ਕਈ ਰੀਲਾਂ ਨਜ਼ਰ ਆ ਰਹੀਆਂ ਹਨ।

ਦੂਜੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਏਜੰਟਾਂ ਵੱਲੋਂ ਫੀਫਾ ਵਿਸ਼ਵ ਕੱਪ ਦੇ ਨਾਮ ਉੱਤੇ ਵੀਜ਼ਾ ਦਿਵਾਉਣ ਦੇ ਦਾਅਵਿਆਂ ਸਬੰਧੀ ਲੋਕਾਂ ਨੂੰ ਖ਼ਬਰਦਾਰ ਕਰਨ ਦੇ ਲਈ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ।

2026 ਦਾ ਫ਼ੀਫ਼ਾ ਵਰਲਡ ਕੱਪ 11 ਜੂਨ ਤੋਂ 19 ਜੁਲਾਈ ਤੱਕ ਹੋਵੇਗਾ, ਜਿਸ ਦੇ ਮੈਚ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ਸ਼ਹਿਰ ਸਣੇ ਅਮਰੀਕਾ ਅਤੇ ਮੈਕਸੀਕੋ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ। ਇਹ ਵੀ ਪਹਿਲੀ ਵਾਰ ਹੈ ਕਿ ਤਿੰਨ ਦੇਸ਼ ਮਿਲ ਕੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਹਨ।

ਫ਼ੀਫ਼ਾ ਦੇ ਪ੍ਰੋਗਰਾਮ ਮੁਤਾਬਕ ਟੋਰਾਂਟੋ ਵਿੱਚ ਛੇ ਮੈਚ ਅਤੇ ਵੈਨਕੂਵਰ ਵਿੱਚ ਸੱਤ ਮੈਚ ਹੋਣਗੇ।

ਸੋਸ਼ਲ ਮੀਡੀਆ ‘ਤੇ ਇੱਕ ਹੋਰ ਰੀਲ ਵਿੱਚ ਪੰਜਾਬ ਦੇ ਬਟਾਲਾ ਕਸਬੇ ਦਾ ਏਜੰਟ ਇਹ ਦੱਸਦਾ ਹੈ ਕਿ ਉਸ ਨੇ “ਫ਼ੀਫ਼ਾ ਵਿਸ਼ਵ ਕੱਪ ਦੇ ਲਈ ਕੈਨੇਡਾ ਦੇ ਅੱਠ ਵੀਜ਼ੇ ਲਗਵਾਏ ਹਨ ਅਤੇ ਇਹ ਸਾਰੇ ਵੀਜ਼ੇ ਬਿਨਾ ਸਪਾਂਸਰਸ਼ਿਪ ਦੇ ਲੱਗੇ ਹਨ, ਸਿਰਫ਼ ਹੋਟਲ ਬੁਕਿੰਗ ਦੇ ਆਧਾਰ ਉੱਤੇ, ਛੇਤੀ ਸਾਡੇ ਨਾਲ ਸੰਪਰਕ ਕਰੋ।”

ਪੰਜਾਬ ਦੇ ਕੋਟਕਪੂਰਾ ਦਾ ਇੱਕ ਏਜੰਟ ਸੋਸ਼ਲ ਮੀਡੀਆ ‘ਤੇ ਦਾਅਵਾ ਕਰਦਾ ਹੈ “ਫ਼ੀਫ਼ਾ ਵਿਸ਼ਵ ਕੱਪ ਦੇ ਲਈ ਵੀਜ਼ਾ ਅਪਲਾਈ ਕਰਨ ਦੀ ਫ਼ੀਸ ਪੰਜਾਹ ਹਜ਼ਾਰ ਰੁਪਏ ਅਤੇ ਵੀਜ਼ੇ ਲਈ ਫ਼ੰਡ ਮੇਰੇ ਵੱਲੋਂ ਦਿਖਾਇਆ ਜਾਵੇਗਾ। ਫ਼ੀਫ਼ਾ ਵਿਸ਼ਵ ਕੱਪ ਦੀ ਟਿਕਟ ਕਿਸ ਤਰੀਕੇ ਨਾਲ ਲੈਣੀ ਹੈ, ਇਹ ਵੀ ਮੇਰੇ ਵੱਲੋਂ ਦੱਸਿਆ ਜਾਵੇਗਾ, ਛੇਤੀ ਸੰਪਰਕ ਕਰੋ ਬਹੁਤ ਹੀ ਘੱਟ ਸਮੇਂ ਦੇ ਲਈ ਇਹ ਆਫ਼ਰ ਲਗਾਇਆ ਗਿਆ ਹੈ।”

ਆਗਾਮੀ ਫੁੱਟਬਾਲ ਵਿਸ਼ਵ ਕੱਪ ਦੇ ਨਾਮ ਉੱਤੇ ਏਜੰਟਾਂ ਵੱਲੋਂ ਵੀਜ਼ਾ ਦਿਵਾਉਣ ਸਬੰਧੀ ਸੋਸ਼ਲ ਮੀਡੀਆ ਉੱਤੇ ਇਸ ਸਮੇਂ ਰੀਲਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ।

ਇਨ੍ਹਾਂ ਰੀਲਾਂ ਰਾਹੀਂ ਫੀਫਾ ਵਿਸ਼ਵ ਕੱਪ ਦੇ ਨਾਮ ਉੱਤੇ ਇਹ ਪ੍ਰਚਾਰ ਪੰਜਾਬ, ਭਾਰਤ ਦੇ ਹੋਰਨਾਂ ਸੂਬਿਆਂ ਤੋਂ ਇਲਾਵਾ ਕੈਨੇਡਾ ਅਤੇ ਹੋਰਨਾਂ ਦੇਸ਼ਾਂ ਦੇ ਏਜੰਟਾਂ ਵੱਲੋਂ ਕੀਤਾ ਜਾ ਰਿਹਾ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਚੇਤਾਵਨੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, Getty Images

ਉਧਰ ਦੂਜੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਆਗਾਮੀ ਫ਼ੀਫ਼ਾ ਵਰਲਡ ਕੱਪ-2026 ਦੇ ਲਈ ਕੋਈ ਵੀ ਸਪੈਸ਼ਲ ਵੀਜ਼ਾ ਕੈਟਾਗਰੀ ਜਾਰੀ ਨਹੀਂ ਕੀਤੀ ਗਈ ਹੈ, ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਇਸ ਦੇਸ਼ ਵਿੱਚ ਕੰਮ ਕਰਨ ਜਾਂ ਫਿਰ ਰਹਿਣ ਦੀ ਇਜਾਜ਼ਤ ਦੇਵੇ।

ਇਮੀਗ੍ਰੇਸ਼ਨ ਵਿਭਾਗ ਨੇ ਫ਼ੀਫ਼ਾ ਵਿਸ਼ਵ ਕੱਪ ਦੇ ਨਾਮ ‘ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੇ ਏਜੰਟਾਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ।

ਆਈ.ਆਰ.ਸੀ.ਸੀ (ਇਮੀਗ੍ਰੇਸ਼ਨ, ਰਿਫ਼ਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ) ਨੇ ਆਪਣੀ ਵੈੱਬਸਾਈਟ ਉੱਤੇ ਲਿਖਿਆ ਹੈ, “ਫ਼ੀਫ਼ਾ ਵਿਸ਼ਵ ਕੱਪ-26 ਲਈ ਕੈਨੇਡਾ ਵਿੱਚ ਦਾਖ਼ਲੇ ਦਾ ਵਾਅਦਾ ਕਰਨ ਵਾਲੇ ਇਮੀਗ੍ਰੇਸ਼ਨ ਏਜੰਟਾਂ ਤੋਂ ਸਾਵਧਾਨ ਰਹੋ, ਕੋਈ ਵੀ ਤੁਹਾਨੂੰ ਵੀਜ਼ਾ ਦੀ ਗਾਰੰਟੀ ਨਹੀਂ ਦੇ ਸਕਦਾ।”

ਆਈ.ਆਰ.ਸੀ.ਸੀ ਮੁਤਾਬਕ ਜਦੋਂ ਕੋਈ ਵੀ ਯਾਤਰੀ ਕੈਨੇਡਾ ਪਹੁੰਚਦਾ ਹੈ ਤਾਂ ਦੇਸ਼ ਵਿੱਚ ਦਾਖ਼ਲਾ ਦੇਣ ਬਾਰੇ ਅੰਤਿਮ ਫ਼ੈਸਲਾ ਕੈਨੇਡਾ ਬਾਰਡਰ ਸਰਵਿਸ ਅਧਿਕਾਰੀ ਦਾ ਹੋਵੇਗਾ।

ਆਈ.ਆਰ.ਸੀ.ਸੀ ਨੇ ਲਿਖਿਆ ਹੈ, “ਬਿਨੈਕਾਰ ਆਪਣੀ ਅਰਜ਼ੀ ਵਿੱਚ ਸਾਰੀ ਜਾਣਕਾਰੀ ਲਈ ਜ਼ਿੰਮੇਵਾਰ ਹੈ, ਭਾਵੇਂ ਕੋਈ ਪ੍ਰਤੀਨਿਧੀ ਬਿਨੈਕਾਰ ਲਈ ਇਸ ਨੂੰ ਪੂਰਾ ਕਰੇ। ਯਕੀਨੀ ਬਣਾਓ ਕਿ ਤੁਹਾਡੇ ਸਾਰੇ ਦਸਤਾਵੇਜ਼ ਸਹੀ ਹਨ, ਨਹੀਂ ਤਾਂ ਤੁਹਾਡੇ ‘ਤੇ 5 ਸਾਲ ਦੀ ਪਾਬੰਦੀ ਲੱਗ ਸਕਦੀ ਹੈ।”

ਕੈਨੇਡਾ ਦੀ ਐਡਵਾਈਜ਼ਰੀ

ਇਮੀਗ੍ਰੇਸ਼ਨ ਵਿਭਾਗ ਮੁਤਾਬਕ ਜੇਕਰ ਤੁਸੀਂ ਫੁੱਟਬਾਲ ਦੇ ਪ੍ਰਸ਼ੰਸਕ ਦੇ ਤੌਰ ‘ਤੇ ਫ਼ੀਫ਼ਾ ਵਿਸ਼ਵ ਕੱਪ ਮੈਚ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸੈਲਾਨੀ ਦੇ ਤੌਰ ‘ਤੇ ਕੈਨੇਡਾ ਵਿੱਚ ਦਾਖਲ ਹੋਵੋਗੇ, ਭਾਵ ਵਿਜ਼ਟਰ ਵੀਜ਼ਾ ਉੱਤੇ।

ਇਮੀਗ੍ਰੇਸ਼ਨ ਵਿਭਾਗ ਮੁਤਾਬਕ ਵਿਸ਼ਵ ਕੱਪ ਦੇ ਲਈ ਕੋਈ ਖ਼ਾਸ ਵੀਜ਼ਾ ਸ਼੍ਰੇਣੀ ਨਹੀਂ ਹੈ।

ਕੈਨੇਡਾ ਇਮੀਗ੍ਰੇਸ਼ਨ ਮੁਤਾਬਕ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਲਈ ਬਿਨੈਕਾਰ ਕੋਲ ਫ਼ੀਫ਼ਾ ਵਿਸ਼ਵ ਕੱਪ ਟਿਕਟ ਹੋਣ ਦੀ ਲੋੜ ਨਹੀਂ ਹੈ। ਫੀਫਾ ਮੈਚ ਲਈ ਟਿਕਟ ਹੋਣਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਤੁਹਾਡਾ ਵੀਜ਼ਾ ਅਰਜ਼ੀ ਮਨਜ਼ੂਰ ਹੋ ਜਾਵੇਗੀ।

ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਕਿ ਸਪੋਰਟਸ ਸਟਾਫ਼, ਮੀਡੀਆ, ਫ਼ੀਫ਼ਾ ਦੇ ਸੱਦੇ ਉੱਤੇ ਆਏ ਲੋਕ, ਵਾਲੰਟੀਅਰਾਂ ਅਤੇ ਵਰਕਰਾਂ ਨੂੰ ਵੀ ਵਰਕ ਪਰਮਿਟ ਦੀ ਲੋੜ ਨਹੀਂ ਹੈ।

‘ਅਣਜਾਣ ਲੋਕਾਂ ਨੂੰ ਬਣਾ ਰਹੇ ਹਨ ਨਿਸ਼ਾਨਾ’

ਇੱਕ ਵਿਅਕਤੀ

ਤਸਵੀਰ ਸਰੋਤ, Getty Images

ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਫ਼ੀਫ਼ਾ ਵਿਸ਼ਵ ਕੱਪ ਲਈ ਏਜੰਟਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਸਬੰਧੀ ਚੰਡੀਗੜ੍ਹ ਆਧਾਰਿਤ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਰੁਪਿੰਦਰ ਸਿੰਘ ਮੁਤਾਬਕ ਫ਼ੀਫ਼ਾ ਵਿਸ਼ਵ ਕੱਪ ਦੇ ਨਾਮ ਉੱਤੇ ਏਜੰਟ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਜਾਣਕਾਰੀ ਦੀ ਕਮੀ ਕਰ ਕੇ ਜਾਂ ਸਰਕਾਰੀ ਨਿਯਮਾਂ ਨੂੰ ਖ਼ੁਦ ਜਾਂਚਣ ਤੋਂ ਬਗ਼ੈਰ ਇਨ੍ਹਾਂ ਉੱਤੇ ਭਰੋਸਾ ਕਰ ਲੈਂਦੇ ਹਨ।

ਉਨ੍ਹਾਂ ਦੱਸਿਆ ਕੈਨੇਡਾ ਦਾ ਇਮੀਗ੍ਰਸ਼ਨ ਵਿਭਾਗ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਫ਼ੀਫ਼ਾ ਵਿਸ਼ਵ ਕੱਪ ਦੇ ਨਾਮ ਉੱਤੇ ਕੋਈ ਵੀ ਸਪੈਸ਼ਲ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ।

ਰੁਪਿੰਦਰ ਸਿੰਘ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਖਿਆ, “ਫ਼ੀਫ਼ਾ ਵਰਲਡ ਕੱਪ ਕੈਨੇਡਾ ਵਿੱਚ ਸ਼ਰਨ ਲੈਣ ਦਾ ਮੌਕਾ ਨਹੀਂ ਹੈ ਅਤੇ ਜੋ ਵੀ ਵਿਜ਼ਟਰ ਕੈਨੇਡਾ ਆਵੇਗਾ, ਉਸ ਨੂੰ ਆਪਣੀ ਰਿਹਾਇਸ਼ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਮਨਜ਼ੂਰ ਹੋਇਆ ਸਮਾਂ ਮੁਕੰਮਲ ਹੋਣ ‘ਤੇ ਦੇਸ਼ ਛੱਡਣਾ ਪਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI