Source :- BBC PUNJABI
ਤਸਵੀਰ ਸਰੋਤ, Bhagwant Mann/X
ਅਪਡੇਟ 5 ਘੰਟੇ ਪਹਿਲਾਂ
ਪੜ੍ਹਨ ਦਾ ਸਮਾਂ: 14 ਮਿੰਟ
ਪੰਜਾਬ ‘ਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦਾ ਪੰਜਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਪਣੇ ਬਜਟ ਭਾਸ਼ਣ ਦੀ ਸ਼ੁਰੂਆਤ ਕੀਤੀ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2026–27 ਲਈ ਕੁੱਲ 2,60,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ।
ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੂਬੇ ਦੀਆਂ ਸਾਰੀਆਂ ਬਾਲਗ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਬਾਰੇ ਬੋਲਦਿਆਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋ ਬਜਟ ਪੇਸ਼ ਕੀਤਾ ਉਹ ਲੋਕਪੱਖੀ ਹੈ ਅਤੇ ‘ਕੋਈ ਵੀ ਸਹੂਲਤ ਔਰਤ ‘ਤੇ ਆ ਕੇ ਮੁੱਕ ਜਾਂਦੀ ਹੈ’।
ਚੇਤੇ ਰਹੇ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ਵਿੱਚ 2021 ਵਿੱਚ ‘ਮਿਸ਼ਨ ਪੰਜਾਬ’ ਰੈਲੀ ਦੌਰਾਨ ‘ਆਪ’ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1,000 ਰੁਪਏ ਮਹੀਨਾਵਾਰ ਭੱਤਾ ਦਿੱਤਾ ਜਾਵੇਗਾ।
ਹੁਣ ਸਰਕਾਰ ਨੇ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਇਹ ਭੱਤਾ ਦੇਣ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਬਜਟ ਵਿੱਚ ਔਰਤਾਂ ਲਈ ਹੋਏ ਐਲਾਨ ਨੂੰ “ਇਤਿਹਾਸਕ ਫੈਸਲਾ” ਕਰਾਰ ਦਿੱਤਾ। ਡਾ. ਗੁਰਪ੍ਰੀਤ ਕੌਰ ਨੇ ਕਿਹਾ,
“ਪੰਜਾਬ ਦੀਆਂ ਔਰਤਾਂ ਲਈ ਇਹ ਦਿਨ ਬੇਹੱਦ ਇਤਿਹਾਸਕ ਅਤੇ ਖੁਸ਼ੀਆਂ ਭਰਿਆ ਹੈ ਕਿਉਂਕਿ ਸਰਕਾਰ ਨੇ 1000 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕੀਤਾ। ਇਹ ਪਹਿਲੀ ਸਰਕਾਰ ਹੈ ਜਿਸਨੇ ਆਪਣੀ ਇੱਕ-ਇੱਕ ਗਾਰੰਟੀ ਪੂਰੀ ਕੀਤੀ ਹੈ। ਪਿਛਲੀਆਂ ਸਰਕਾਰਾਂ ਵਿੱਚ ਮੈਨੀਫੈਸਟੋ ਬਣਾ ਦਿੱਤੇ ਜਾਂਦੇ ਸੀ ਪਰ ਉਹ ਪੂਰੇ ਨਹੀਂ ਹੁੰਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਗਾਰੰਟੀਆਂ ਵੀ ਪੂਰੀਆਂ ਕੀਤੀਆਂ, ਜੋ ਦਿੱਤੀਆਂ ਵੀ ਨਹੀਂ ਸਨ।”
ਕੀ ਹੈ ਮਹਿਲਾਵਾਂ ਲਈ ਯੋਜਨਾ ਤੇ ਕਦੋਂ ਹੋਵੇਗੀ ਸ਼ੁਰੂ
ਤਸਵੀਰ ਸਰੋਤ, Getty Images
ਬਜਟ ਦੌਰਾਨ ਸਰਕਾਰ ਵੱਲੋਂ ਐਲਾਨੀ ਗਈ ‘ਮੁੱਖ ਮੰਤਰੀ ਮਾਵਾਂ-ਧੀਆਂ ਦਾ ਸਤਿਕਾਰ’ ਯੋਜਨਾ ਤਹਿਤ ਸਾਰੀਆਂ ਬਾਲਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਹੋਇਆ ਹੈ।
ਇਸ ਸਕੀਮ ਲਈ ਮਹਿਲਾਵਾਂ ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ ਅਤੇ ਪੈਸੇ ਸਿੱਧਾ ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ।
ਜੋ ਮਹਿਲਾਵਾਂ ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮ ਅਧੀਮ ਬੁਢਾਪਾ ਸਕੀਮ ਪੈਨਸ਼ਨ, ਵਿਧਵਾ ਪੈਨਸ਼ਨ, ਮਹਿਲਾ ਪੈਨਸ਼ਨ, ਅਪੰਗ ਪੈਨਸ਼ਨ ਆਦਿ ਦਾ ਲਾਭ ਲੈ ਰਹੀਆਂ ਹਨ, ਉਹ ਇਸ ਨਵੀਂ ਸਕੀਮ ਦਾ ਲਾਭ ਲੈ ਸਕਣਗੀਆਂ।
ਹਾਲਾਂਕਿ, ਮੌਜੂਦਾ ਜਾਂ ਸਾਬਕਾ ਸਥਾਈ ਸਰਕਾਰੀ ਕਰਮਚਾਰੀਆਂ, ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਜਾਂ ਇਨਕਮ ਟੈਕਸ ਦੇਣ ਵਾਲਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ।
ਬਜਟ ਦੇ ਮੁੱਖ ਐਲਾਨ
ਤਸਵੀਰ ਸਰੋਤ, Getty Images
ਮਹਿਲਾ ਸਸ਼ਕਤੀਕਰਨ ਤੇ ਸਮਾਜ ਭਲਾਈ
- ਮਹਿਲਾ ਸਸ਼ਕਤੀਕਰਨ ਲਈ ਨਵੀਂ ਸਕੀਮ ‘ਮੁੱਖ ਮੰਤਰੀ ਮਾਵਾਂ-ਧੀਆਂ ਦਾ ਸਤਿਕਾਰ’ ਯੋਜਨਾ ਦਾ ਐਲਾਨ
- ਸਾਰੀਆਂ ਬਾਲਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ
- ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ
- ਮੌਜੂਦਾ ਜਾਂ ਸਾਬਕਾ ਸਥਾਈ ਸਰਕਾਰੀ ਕਰਮਚਾਰੀਆਂ, ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਜਾਂ ਇਨਕਮ ਟੈਕਸ ਦੇਣ ਵਾਲਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ
- ਉਹ ਮਹਿਲਾਵਾਂ ਵੀ ਇਸ ਸਕੀਮ ਲਈ ਯੋਗ ਹਨ ਜੋ ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮ ਅਧੀਮ ਬੁਢਾਪਾ ਸਕੀਮ ਪੈਨਸ਼ਨ, ਵਿਧਵਾ ਪੈਨਸ਼ਨ, ਮਹਿਲਾ ਪੈਨਸ਼ਨ, ਅਪੰਗ ਪੈਨਸ਼ਨ ਆਦਿ ਦਾ ਲਾਭ ਲੈ ਰਹੀਆਂ ਹਨ
- ਪੰਜਾਬ ਦੀਆਂ ਕਰੀਬ 97 ਫੀਸਦ ਬਾਲਗ ਔਰਤਾਂ ਇਸ ਸਕੀਮ ਹੇਠ ਕਵਰ ਹੋਣਗੀਆਂ
- ਇਸ ਸਕੀਮ ਲਈ 9300 ਕਰੋੜ ਦਾ ਬਜਟ ਰੱਖਿਆ ਗਿਆ, ਮਾਂਵਾਂ ਧੀਆਂ ਸਤਿਕਾਰ ਸਕੀਮ ਲਈ ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ
- ਮਹਿਲਾਵਾਂ ਦੇ ਮੁਫ਼ਤ ਸਫ਼ਰ ਨੂੰ ਜਾਰੀ ਰੱਖਣ ਲਈ 600 ਕਰੋੜ ਦਾ ਬਜਟ
- ਸਮਾਜਿਕ ਭਲਾਈ ਅਤੇ ਨਿਆਂ ਖੇਤਰ ਲਈ 18,304 ਕਰੋੜ ਦਾ ਬਜਟ
- ਅਸ਼ੀਰਵਾਦ ਸਕੀਮ ਲਈ 360 ਕਰੋੜ
- ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 261 ਕਰੋੜ
- ਆਦਰਸ਼ ਗ੍ਰਾਮ ਯੋਜਨਾ ਲਈ 75 ਕਰੋੜ
- ਅਨੁਸੂਚਿਤ ਜਾਤੀ ਉਪ-ਯੋਜਨਾ ਲਈ 17,700 ਕਰੋੜ ਦਾ ਬਜਟ ਰੱਖਿਆ
ਖੁਰਾਕ ਅਤੇ ਸਿਵਿਲ ਸਪਲਾਈ
- ਐਨਐਫਐਸਏ ਸਮਾਰਟ ਰਾਸ਼ਨ ਕਾਰਡ ਅਧੀਨ ਆਉਂਦੇ ਲਗਭਗ 40 ਲੱਖ ਪਰਿਵਾਰਾਂ ਨੂੰ ਉਨ੍ਹਾਂ ਦੇ ਮੌਜੂਦਾ ਅਨਾਜ ਹੱਕ ਤੋਂ ਇਲਾਵਾ ਇੱਕ ਤਿਮਾਹੀ ‘ਚ 2 ਕਿੱਲੋ ਖੰਡ, 2 ਕਿੱਲੋ ਚਨਾ ਦਾਲ, ਇੱਕ ਲੀਟਰ, 200 ਗਰਾਮ ਹਲਦੀ, ਇੱਕ ਕਿੱਲੋ ਨਮਕ ਵਾਲੀਆਂ ਕਿੱਟਾਂ ਮੁਫ਼ਤ ਦਿੱਤੀਆਂ ਜਾਣਗੀਆਂ
- ਆਉਂਦੇ ਸਾਲ ਵਿੱਚ 10 ਲੱਖ ਨਵੇਂ ਲਾਭਪਾਤਰੀਆਂ ਨੂੰ ਖੁਰਾਕ ਸੁਰੱਖਿਆ
- ਅਗਲੇ ਇੱਕ-ਦੋ ਮਹੀਨਿਆਂ ਵਿੱਚ ਸੂਬੇ ਸੇ ਲਗਭਗ 7500 ਨਿਵਾਸੀਆਂ ਨੂੰ ਵਾਜਬ ਮੁੱਲ ਦੀਆਂ ਦੁਕਾਨਾਂ, ਰਾਸ਼ਨ ਡਿਪੋ ਚਲਾਉਣ ਦੇ ਲਾਇਸੈਂਸ ਜਾਰੀ ਕੀਤੇ ਜਾਣਗੇ
ਤਸਵੀਰ ਸਰੋਤ, Govt. of Punjab/YT
ਬੁਨਿਆਦੀ ਢਾਂਚਾ
- ਸੜਕਾਂ, ਪੁੱਲਾਂ, ਜਨਤਕ ਇਮਾਰਤਾਂ ਦੀ ਉਸਾਰੀ, ਨਵੀਨੀਕਰਣਨ ਅਤੇ ਰੱਖ-ਰਖਾਅ ਲਈ ਬਜਟ ਦੋਗੁਣਾ ਕਰਕੇ 5440 ਕਰੋੜ ਕੀਤਾ ਗਿਆ
- 2570 ਕਿਮੀ ਲੰਬੀਆਂ ਪਲਾਨ ਸੜਕਾਂ ਦੇ ਅਪਗ੍ਰੇਡੇਸ਼ਨ ਅਤੇ ਕੁਨੈਕਟਿਵੀਟੀ ‘ਚ ਸੁਧਾਰ ਲਈ 1500 ਕਰੋੜ ਦੇ ਸ਼ੁਰੂਆਤੀ ਖਰਚੇ ਦੀ ਤਜਵੀਜ਼
- 31 ਪੁਲਾਂ ਨੂੰ ਮੁਕੰਮਲ ਕਰਨ ਅਤੇ ਨਵੇਂ ਪੁਲਾਂ ਲਈ 130 ਕਰੋੜ ਦਾ ਬਜਟ
- ਪ੍ਰਧਾਨਮੰਤਰੀ ਗ੍ਰਾਮ ਸੜਕ ਯੋਜਨਾ ਲਈ ਇਸ ਸਾਲ 400 ਕਰੋੜ ਦੇ ਅੰਦਾਜ਼ਨ ਖਰਚੇ ਨਾਲ 400 ਕਿਲੋਮੀਟਰ ਸੜਕਾਂ ਅਪਗ੍ਰੇਡ ਕਰਨ ਦੀ ਤਜ਼ਵੀਜ਼
- ਸੀਆਰਆਐਫ ਤਹਿਤ 100 ਕਿਮੀ ਸੜਕਾਂ ਅਪਗ੍ਰੇਡੇਸ਼ਨ ਅਤੇ 6 ਰੇਲਵੇ ਅੰਡਰ ਜਾਂ ਓਵਰ ਬ੍ਰਿਜ ਲਈ 300 ਕਰੋੜ ਦਾ ਬਜਟ
ਪਬਲਿਕ ਟ੍ਰਾਂਸਪੋਰਟ
- ਪਬਲਿਕ ਟ੍ਰਾਂਸਪੋਰਟ ਨੂੰ ਵਧਾਉਣ ਦੀ ਯੋਜਨਾ, 1279 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਕੁਝ ਬੱਸਾਂ ਪਹਿਲਾਂ ਹੀ ਚੱਲ ਰਹੀਆਂ ਹਨ, ਬਾਕੀ ਨਵੰਬਰ 2026 ਤੱਕ ਸ਼ਾਮਲ ਹੋ ਜਾਣਗੀਆਂ
ਜਲ ਸਰੋਤ ਅਤੇ ਸੈਨੀਟੇਸ਼ਨ
- ਅਸੀਂ ਨਹਿਰੀ ਸਿੰਜਾਈ ਸਮਰੱਥਾ ਨੂੰ 2022 ਦੇ 2.23 ਮਿਲੀਅਨ ਏਕੜ ਤੋਂ ਵਧਾ ਕੇ 2026 ‘ਚ ਕੇ 5.3 ਮਿਲੀਅਨ ਏਕੜ ਤੱਕ ਪਹੁੰਚਾ ਦੇਵਾਂਗੇ
- ਅੱਜ ਨਹਿਰੀ ਪਾਣੀ ਪਹਿਲੀ ਵਾਰ 1365 ਟਿਕਾਣਿਆਂ ‘ਤੇ ਪਹੁੰਚਿਆ ਹੈ, ਜੋ 20-50 ਸਾਲ ਤੋਂ ਨਹਿਰੀ ਪਾਣੀ ਨੂੰ ਤਰਸ ਗਏ ਸਨ
- ਸਰਕਾਰ ਨੇ ਫਿਰੋਜ਼ਪੁਰ ਫੀਡਰ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਇਸ ਪ੍ਰੋਜੈਕਟ ਦਾ ਉਦੇਸ਼ ਪ੍ਰੋਜੈਕਟ ਦੀ ਸਮਰੱਥਾ ਨੂੰ 2600 ਕਿਊਸਕ ਤੋਂ ਵਧਾ ਕੇ 13 ਹਜ਼ਾਰ 845 ਕਿਊਸਕ ਕਰਨਾ ਹੈ
- ਇਸ ਸੈਕਟਰ ਲਈ 1487 ਕਰੋੜ ਦਾ ਬਜਟ ਰੱਖਿਆ
- ਪਾਣੀ ਦੀ ਸਪਲਾਈ ਸੇਵਾਵਾਂ ਨੂੰ ਮਜਬੂਤ ਕਰਨ ਲਈ “ਨਲ ਜਲ ਮਿੱਤਰ” ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਹਰ ਗ੍ਰਾਮ ਪੰਚਾਇਤ ਵਿੱਚ ਇੱਕ ਵਿਅਕਤੀ ਨੂੰ ਸਿਖਲਾਈ ਦਿੱਤੀ ਜਾਵੇਗੀ
- 2025-26 ਵਿੱਚ 195 ਕਰੋੜ ਦੀ ਲਗਾਤ ਨਾਲ 17 ਕਿਮੀ ਨਹਿਰ ਦੀ ਲਾਈਨਿੰਗ ਦਾ ਕੰਮ ਮੁਕੰਮਲ ਕੀਤਾ ਗਿਆ, ਜਿਸ ਨਾਲ ਅਬੋਹਰ ਤੇ ਫਾਜ਼ਿਲਕਾ ਦੇ ਦੁਰੇਢੇ ਇਲਾਕਿਆਂ ਨੂੰ ਪਾਣੀ ਸਪਲਾਈ ਯਕੀਨੀ ਹੋਵੇਗੀ
- ਨਵਾਂਸ਼ਹਿਰ ਵਿੱਛ ਕਾਠਗੜ ਲਿਫਟ ਸਕੀਮ ਸਟੇਜ- 2 ਲਾਗੂ ਕੀਤਾ ਜਾ ਰਿਹਾ।
- ਮਲੇਰਕੋਟਲਾ ਵਿੱਚ ਮਾਹੋਰਾਣਾ ਰਜਬਾਹੇ ਦੇ ਮੁੜ ਨਿਰਮਾਣ ਅਤੇ ਮਲੇਰਕੋਟਲਾ ਮਾਈਨਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤ ਗਿਆ, ਇਸ ਵਾਸਤੇ ਇਸ ਸਾਲ 190 ਕਰੋੜ ਦਾ ਬਜਟ ਰੱਖਿਆ ਗਿਆ
- ਨਹਿਰੀ ਸਿੰਚਾਈ ਅਧੀਨ ਆਉਣ ਵਾਲੇ ਰਕਬੇ ਨੂੰ ਵਧਾਉਣ ਬਾਬਤ ਯੋਜਨਾ ਲਈ ਇਸ ਸਾਲ 2971 ਕਰੋੜ ਦਾ ਬਜਟ ਰੱਖਿਾ ਗਿਆ
- ਇਸ ਸਾਲ ਦੇ ਅਖੀਰ ਤੱਕ ਨਹਿਰੀ ਸਿੰਚਾਈ ਅਧੀਨ ਕੁੱਲ ਰਕਬਾ 70 ਲੱਖ ਏਕੜ ਦੇ ਕਰੀਬ ਹੋ ਜਾਵੇਗਾ, ਜੋ ਤੈਅ ਟੀਚੇ ਦਾ ਕਰੀਬ 90 ਫੀਸਦ ਬਣਦਾ ਹੈ
- ਹੜਾਂ ਦੇ ਮੱਦੇਨਜ਼ਰ , 371 ਹੜ ਸੁਰੱਖਿਆ ਅਤੇ ਰੋਕਥਾਮ ਕਾਰਜਾਂ ਦੀ ਪਛਾਣ ਕੀਤੀ, ਜਿਸ ਤੇ 1500 ਕਰੋੜ ਤੋਂ ਵੱਧ ਲਾਗਤ ਆਵੇਗੀ। ਇਸ ਚੋਂ 489 ਕਰੋੜ ਦੀ ਲਾਗਤ ਵਾਲੇ 142 ਕਾਰਜ 31 ਮਾਰਚ 2026 ਤੱਕ ਪੂਰਾ ਕਰਨ ਦਾ ਟੀਚਾ, ਬਾਕੀ ਕਾਰਜ 2026-27 ਵਿੱਚ ਕੀਤੇ ਜਾਣਗੇ
ਗ੍ਰਹਿ ਮੰਤਰਾਲਾ, ਨਿਆਂ ਅਤੇ ਜੇਲ੍ਹਾਂ
ਤਸਵੀਰ ਸਰੋਤ, Govt. of Punjab/YT
- ਇਸ ਸੈਕਟਰ ਲਈ 11,577 ਕਰੋੜ ਦਾ ਫੰਡ ਰੱਖਿਆ
- ਜੇਲ੍ਹਾਂ ਵਿੱਚ ਅਣਅਧਿਕਾਰਤ ਸੰਚਾਰ ਰੋਕਣ ਲਈ ਵੀ-ਕਵਚ 2-0 ਜੈਮਰ ਸਿਸਟਮ ਲਗਾਏ ਜਾ ਰਹੇ
- ਅੰਦਰੂਨੀ ਸੁਰੱਖਿਆ ਵਿੱਚ ਸੁਧਾਰ ਲਈ ਏ ਆਈ ਅਧਾਰਿਤ ਸੀਸੀਟੀਵੀ ਨਿਗਰਾਨੀ ਦਾ ਵਿਸਥਾਰ ਕੀਤਾ ਜਾ ਰਿਹਾ
- ਇਸ ਦੇ ਲਈ 535 ਕਰੋੜ ਦਾ ਬਜਟ ਪ੍ਰਸਤਾਵਿਤ
ਡੋਰ ਸਟੈੱਪ ਡਿਲਵਰੀ ਅਤੇ ਸੇਵਾ ਕੇਂਦਰ
- ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਲਿਆਂਦੀ ਗਈ
- 2025 ਵਿੱਚ 43 ਤੋਂ ਵੱਧਕੇ 412 ਸੇਵਾਵਾਂ ਬਿਨਾਂ ਕਿਸੇ ਸਰਕਾਰੀ ਦਫਤਰ ਜਾਏ, ਘਰੇ ਹੀ ਮਿਲਦੀਆਂ ਹਨ
ਮਾਲੀਆ ਅਤੇ ਮੁੜ ਵਸੇਬਾ
- 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਵਾਂ ਪ੍ਰਸ਼ਾਸਕੀ ਕੰਪਲੈਕਸ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਇਸਦਾ ਡਿਜ਼ਾਈਲ ਵਿਰਾਸਤੀ ਆਰਕੀਟੈਕਟਰ ਸ਼ੈਲੀ ਵਿੱਚ ਤਿਆਰ ਹੋਵੇਗਾ
- ਪੰਜਾਬ ਪਹਿਲਾ ਸੂਬਾ ਜਿੱਥੇ ਈਜ਼ੀ ਜਮਾਬੰਦੀ ਪਹਿਲ ਸ਼ੁਰੂ ਕੀਤੀ ਗਈ ਇਸ ਤਹਿਤ ਪੰਜਾਬ ਵਿੱਚ ਕੁੱਲ 6.17 ਲੱਖ ਰਜਿਸਟਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ
- 2025-26 ਦੌਰਾਨ ਰਾਹਤ ਅਤੇ ਬਚਾਅ ਕਾਰਜ ਲਈ 1010 ਕਰੋੜ ਜਾਰੀ ਕੀਤੇ , ਮੁਆਵਜ਼ਾ ਸਿੱਧਾ ਪੀੜਤਾਂ ਦੇ ਖਾਤਿਆਂ ਤੱਕ ਪਹੁੰਚਾਇਆ
- ਡਿਜੀਟਲ ਫਲੱਡ ਰਿਲੀਫ ਸਿਸਟਮ ਦਾ ਆਗਾਜ਼ ਕੀਤਾ, ਜੋ ਭਾਰਤ ‘ਚ ਪਹਿਲੀ ਵਾਰ ਹੋਇਆ
- ਹੜ੍ਹਾਂ ਦੇ ਕੁਝ ਮਹੀਨਿਆਂ ਦੇ ਅੰਦਰ-ਅੰਦਰ ਲਗਭਗ ਸਾਰੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਪਹੁੰਚਾ ਦਿੱਤੀ
ਸੈਰ ਸਪਾਟਾ ਅਤੇ ਸੱਭਿਆਚਾਰਕ ਖੇਤਰ
- ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ, ਇਸ ਵਾਸਤੇ 100 ਕਰੋੜ ਦਾ ਬਜਟ ਰੱਖਿਆ
- ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲਈ 2026-27 ਵਿੱਚ 7.15 ਲੱਖ ਸ਼ਰਧਾਲੂਆਂ ਨੂੰ ਯਾਤਰਾ ਕਰਵਾਉਣ ਲਈ 312 ਕਰੋੜ ਦਾ ਬਜਟ ਰੱਖਿਆ
ਰੁਜ਼ਗਾਰ
- 261 ਸਵੈ-ਰੁਜ਼ਗਾਰ ਕੈਂਪਾਂ ਨੇ 15 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਕਰਜ਼ਾ ਸਹਾਇਤਾ ਪ੍ਰਾਪਤ ਕਰਨ ਯੋਗ ਬਣਾਇਆ
- ਚੀਮਾ ਵਿਖੇ ਡਿਗਰੀ ਕਾਲਜ ਦੇ ਨਾਲ ਮੁੰਡਿਆਂ ਲਈ ਸੰਤ ਅਤਰ ਸਿੰਘ ਜੀ ਮਹਾਰਾਜਾ ਹਥਿਆਰਬੰਦ ਬਲ ਤਿਆਰ ਸੰਸਥਾ ਤਿਆਰ ਕਰਨ ਦਾ ਪ੍ਰਸਤਾਵ
- ਹਥਿਆਰਬੰਦ ਬਲਾਂ ‘ਚ ਭਰਤੀ ਹੋਣ ਸਬੰਧੀ ਵੱਖ-ਵੱਖ ਸਕੀਮਾਂ ਤਹਿਤ 287 ਕਰੋੜ ਰੁਪਏ ਦਾ ਬਜਟ
ਪੇਂਡੂ ਵਿਕਾਸ
- 2026-27 ਵਿੱਚ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਰਾਹੀਂ ਬਾਕੀ ਰਹਿੰਦੀਆਂ 19,876 ਕਿਲੋਮੀਟਰ ਪੇਂਡੂ ਸੜਕਾਂ ਦੇ ਕੰਮ ਪੂਰਾ ਕਰਨ ਦੀ ਤਜਵੀਜ਼ ਹੈ, ਜਿਸ ਤੇ 7606 ਕਰੋੜ ਦੀ ਲਾਗਤ ਆਵੇਗੀ
- ਮਨਰੇਗਾ ਨੂੰ ਪੰਜਾਬ ਸਰਕਾਰ ਕੇਂਦਰ ਵੱਲੋਂ ਕੀਤੇ ਬਦਲਾਅ ਦੇ ਉਲਟ ਇਸਦੀ ਅਸਲ ਭਾਵਨਾ ਅਤੇ ਵਿਆਪਕ ਢਾਂਚੇ ਵਿੱਚ ਹੀ ਜਾਰੀ ਰੱਖੇਗੀ। ਮੌਜੂਦਾ ਸਾਲ ਵਿੱਚ ਮਨਰੇਗਾ ਤਹਿਤ 1100 ਕਰੋੜ ਦਾ ਖਰਚਾ ਕੀਤਾ ਗਿਆ, ਜਿਸ ਨਾਲ 223 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਿਆ।
- 2026-27 ਲਈ ਮਨਰੇਗਾ ਤਹਿਤ 1500 ਕਰੋੜ ਖਰਚ ਹੋਣ ਦਾ ਅਨੁਮਾਨ ਹੈ
- 2026-27 ਵਿੱਚ ਪੀਐਮਏਵਾਈ ਗ੍ਰਾਮੀਣ ਅਧੀਨ ਇੱਕ ਲੱਖ ਹੋਰ ਘਰਾਂ ਨੂੰ ਕਵਰ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਵਾਸਤੇ 800 ਕਰੋੜ ਦਾ ਬਜਟ ਰੱਖਿਆ
ਸ਼ਹਿਰੀ ਵਿਕਾਸ
- ਮਿਊਂਸੀਪਲ ਡਿਵਲਪਮੈਂਟ ਫੰਡ 225 ਕਰੋੜ ਤੋਂ ਚਾਰ ਗੁਣਾ ਵਧਾ ਕੇ 1 ਹਜ਼ਾਰ ਕਰੋੜ ਕੀਤਾ, ਜਿਸ ਦਾ 20 ਫੀਸਦ ਹਿੱਸਾ ਜਲ ਸਪਲਾਈ ਤੇ ਸੀਵਰੇਜ ਪ੍ਰੋਜੈਕਟਾਂ ਤੇ ਖਰਚਿਆ ਜਾਵੇਗਾ
- ਪਾਣੀ ਦੀ ਸਪਲਾਈ ਨੂੰ ਲੈਕੇ ਚੱਲ ਰਹੇ ਪੰਜਾਬ ਮਿਊਂਸੀਪਲ ਸਰਵਿਸਿਜ਼ ਇੰਪਰੂਵਮੈਂਟ ਪ੍ਰੋਜੈਕਟ ਲਈ ਇਸ ਸਾਲ 500 ਕਰੋੜ ਦਾ ਬਜਟ ਰੱਖਿਆ
- ਸ਼ਹਿਰੀ ਬੁਨਿਆਦੀ ਢਾਂਚੇ ਦੇ ਸੁਧਾਰਾਂ ਵਿੱਚ ਤੇਜ਼ੀ ਲਿਆਉਣ ਲਈ ਇਸ ਸਾਲ 149 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ 665 ਕਰੋੜ ਦੇ ਖਰਚੇ ਦੀ ਤਜਵੀਜ਼
- ਰਿਹਾਇਸ਼ੀ ਅਤੇ ਸ਼ਹਿਰੀ ਵਿਕਾਸ ਖੇਤਰ ਲਈ 7257 ਕਰੋੜ ਦਾ ਬਜਟ ਰੱਖਿਆ ਗਿਆ

ਖੇਡਾਂ
- ਖੇਡਾਂ ਦੇ ਪ੍ਰੋਤਸਾਹਨ ਲਈ 1 ਹਜ਼ਾਰ 791 ਕਰੋੜ ਰੁਪਏ
- ਖੇਡਾਂ ਲਈ ਪੇਂਡੂ ਇਲਾਕਿਆਂ ਵਿੱਚ 1100 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਨਾਲ ਖੇਡ ਮੈਦਾਨ ਉਸਾਰੀ ਅਧੀਨ ਹਨ, ਜੋ ਜੂਨ 2026 ਤੱਕ ਮੁਕੰਮਲ ਹੋ ਜਾਣਗੇ
- ਪੇਂਡੂ ਇਲਾਕਿਆਂ ਵਿੱਚ ਇੱਕ ਹਜ਼ਾਰ ਜਿੰਮ ਵੀ ਤਿਆਰ ਕੀਤੇ ਜਾਣਗੇ
- ਸਰਕਾਰ ਨੇ ਪੇਂਡੂ ਇਲਾਕਿਆਂ ਵਿੱਚ 6 ਹਜ਼ਾਰ ਹੋਰ ਖੇਡ ਮੈਦਾਨ ਤੇ 5 ਹਜ਼ਾਰ ਜਿੰਮ ਬਣਾਉਣ ਦਾ ਫੈਸਲਾ ਕੀਤਾ ਹੈ
ਰੰਗਲਾ ਪੰਜਾਬ ਵਿਕਾਸ ਸਕੀਮ
- ਰੰਗਲਾ ਪੰਜਾਬ ਵਿਕਾਸ ਸਕੀਮ ਦਾ ਬਜਟ ਇਸ ਸਾਲ 585 ਕਰੋੜ ਤੋਂ ਦੁੱਗਣਾ ਕਰਕੇ 1170 ਕਰੋੜ ਕਰਨ ਦਾ ਪ੍ਰਸਤਾਵ
- ਇਸ ਸਕੀਮ ਤਹਿਤ ਫੰਡਾਂ ਦੀ ਰੀਅਲ ਟਾਈਮ ਟ੍ਰੈਕਿੰਗ ਲਈ ਇੱਕ ਸਮਰਪਿਤ ਡਿਜੀਟਲ ਪੋਰਟਲ ਚਾਲੂ ਕੀਤਾ ਗਿਆ
ਖੇਤੀਬਾੜੀ ਅਤੇ ਬਾਗਬਾਨੀ
- 2026-27 ਲਈ ਖੇਤੀ ਸੈਕਟਰ ਲਈ 15,377 ਕਰੋੜ ਦਾ ਬਜਟ ਰਾਖਵਾਂ
- ਝੋਨੇ ਦੀ ਰਵਾਇਤੀ ਬਿਜਾਈ ਦੇ ਟਿਕਾਊ ਬਦਲ ਨੂੰ ਉਤਸ਼ਾਹਿਤ ਕਰਨ ਲਈ 40 ਕਰੋੜ ਦਾ ਬਜਟ ਰੱਖਿਆ
- ਝੋਨੇ ਤੋਂ ਸਾਉਣੀ ਮੱਕੀ ਵੱਲ ਤਬਦੀਲੀ ਲਈ 6 ਜ਼ਿਲਿਆਂ ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ, ਜਿਸ ਤਹਿਤ 17,500 ਰੁਪਏ ਪ੍ਰਤੀ ਹੈਕਟੇਅਰ ਮਿਲਣਗੇ, ਇਸ ਪ੍ਰੋਜੈਕਟ ਲਈ 15 ਕਰੋੜ ਦਾ ਬਜਟ ਰੱਖਿਆ
- ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ 1,300 ਕਰੋੜ ਰੁਪਏ ਦੀ ਯੋਜਨਾ
- ਖੇਤੀਬਾੜੀ ਲਈ ਬਿਜਲੀ ਸਬਸਿਡੀ 7 ਹਾਜ਼ਰ 715 ਕਰੋੜ ਰੁਪਏ ਪ੍ਰਵਾਨ
- ਗੰਨਾ ਉਤਪਾਦਨ ਖੇਤਰ ਲਈ 270 ਕਰੋੜ ਰੁਪਏ ਦਾ ਬਜਟ
- 2035 ਤੱਕ ਬਾਗਬਾਨੀ ਹੇਠ ਰਕਬਾ 4.59 ਲੱਖ ਹੈਕਟੇਅਰ ਤੋਂ ਵਧਾਕੇ 17.34 ਲੱਖ ਹੈਕਟੇਅਰ ਕਰਨ ਦਾ ਟੀਚਾ
- JICA ਦੀ ਮਦਦ ਨਾਲ ਅਗਲੇ 10 ਸਾਲਾਂ ਵਿੱਚ 1300 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ
- ਡੇਅਰੀ ਖੇਤਰ ਵਿੱਚ ਲਾਹੇਵੰਦ ਭਾਅ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਇਸ ਸਾਲ 100 ਕਰੋੜ ਦਾ ਬਜਟ ਰੱਖਿਆ
ਪਸ਼ੂ ਪਾਲਣ ਅਤੇ ਡੇਅਰੀ
ਤਸਵੀਰ ਸਰੋਤ, Govt. of Punjab/YT
- 2,000 ਤੋਂ ਵੱਧ ਨਵੇਂ ਡੇਅਰੀ ਯੂਨਿਟ ਸਥਾਪਿਤ ਕੀਤੇ ਗਏ ਹਨ
- ਡੇਅਰੀ ਖੇਤਰ ਲਈ ₹100 ਕਰੋੜ ਦਾ ਬਜਟ ਪ੍ਰਸਤਾਵ
ਉਦਯੋਗ
- 2025 ਵਿੱਚ ਪੰਜਾਬ ਵਿੱਚ 55 ਹਜ਼ਾਰ ਕਰੋੜ ਦਾ ਨਿਵੇਸ਼ ਹੋਇਆ, ਇੱਕ ਸਾਲ ਅੰਦਰ ਹੋਇਆ ਸਭ ਤੋਂ ਵੱਡਾ ਨਿਵੇਸ਼
- FDI ਇਨਫਲੋਅ ਵਿੱਚ ਪੰਜਾਬ 15ਵੇਂ ਰੈਂਕ ਤੋਂ 11ਵੇਂ ਰੈਂਕ ਤੇ ਪਹੁੰਚ ਗਿਆ ਹੈ
- ਕਾਰੋਬਾਰ ਨੂੰ ਸੌਖਾ ਬਣਾਉਣ, ਨਿਵੇਸ਼ ਅਧਾਰਿਤ ਵਿਕਾਸ ਨੂੰ ਉਤਸਾਹਿਤ ਕਰਨ ਲਈ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਵੀਂ ਇੰਡਸਟਰੀ ਨੀਤੀ 2026 ਨੂੰ ਪ੍ਰਵਾਨਗੀ
- ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ 2 ਹਜ਼ਾਰ 805 ਕਰੋੜ ਰੁਪਏ ਦਾ ਬਜਟ ਪੇਸ਼, ਇਸ ਵਿੱਚ ਵੱਖ-ਵੱਖ ਉਦਯੋਗਾ ਨੂੰ ਵਿੱਤੀ ਰਿਆਇਤਾਂ ਦੇਣ ਲਈ 500 ਕਰੋੜ ਰੁਪਏ ਸ਼ਾਮਿਲ ਹਨ
- ਉਦਯੋਗਿਕ ਪਲਾਂਟਾਂ ਦੀ ਵਧੀ ਹੋਈ ਜ਼ਮੀਨ ਕੀਮਤ ਅਤੇ ਮੂਲ ਲਾਗਤ ਨਾਲ ਸਬੰਧਿਤ ਬਕਾਇਆ ਰਕਮਾਂ ਦੇ ਨਿਪਟਾਰੇ ਲਈ ਵੱਖਰੀ ਸਕੀਮ ਦਾ ਪ੍ਰਸਤਾਵ
ਸਿੱਖਿਆ – 19 ਹਜ਼ਾਰ 279 ਕਰੋੜ ਰੁਪਏ ਦਾ ਬਜਟ
- ਸਿੱਖਿਆ ਦੇ ਖੇਤਰ ਲਈ 19 ਹਜ਼ਾਰ 279 ਕਰੋੜ ਰੁਪਏ ਦਾ ਬਜਟ ਪੇਸ਼
- ਸਿੱਖਿਆ ਕ੍ਰਾਂਤੀ 2.0 ਲਾਂਚ ਕਰਨ ਦਾ ਫੈਸਲਾ, ਇਸ ਦੇ ਲਈ ਅਗਲੇ 6 ਸਾਲਾਂ ਦੌਰਾਨ 3500 ਕਰੋੜ ਰੁਪਏ ਦਾ ਬਜਟ ਪੇਸ਼
- ਸਕੂਲੀ ਸਿੱਖਿਆ ਦੇ ਕਾਇਆ-ਕਲਪ ਲਈ ਵਿਸ਼ਵ ਬੈਂਕ ਨਾਲ ਕੋਲੈਬੋਰੇਸ਼ਨ
- ਸਕੂਲਾਂ ਦੀ ਸਫ਼ੈਦੀ ਅਤੇ ਸੁੰਦਰੀਕਰਨ ਦੀ ਮੁਹਿੰਮ ਤੇ ਧਿਆਨ ਕੇਂਦਰਿਤ ਰਹੇਗਾ
- ਬੱਚਿਆਂ ਨੂੰ ਨੌਕਰੀ ਅਤੇ ਉੱਚ ਸਿੱਖਿਆ ਦੇ ਫੈਸਲਿਆਂ ਬਾਰੇ ਜਾਗਰੂਕ ਕਰਨ ਲਈ ਕੈਰੀਅਰ ਸਲਾਹਕਾਰ ਸਹਾਇਤਾ ਪੋਰਟਲ ਲਾਂਚ ਕਰਾਂਗੇ
- ਤਕਨੀਕੀ ਸਿੱਖਿਆ ਲਈ 569 ਕਰੋੜ ਰੁਪਏ ਦਾ ਬਜਟ
- ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ
- ਪੰਜਾਬੀ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਗਡਵਾਸੂ ਅਤੇ ਐਫੀਲਿਏਟੈੱਡ ਕਾਲਜਾਂ ਲਈ ਇਸ ਸਾਲ 1760 ਕਰੋੜ ਦਾ ਬਜਟ ਪੇਸ਼
ਸਿਹਤ – 6 ਹਾਜ਼ਰ 879 ਕਰੋੜ ਰੁਪਏ ਦਾ ਬਜਟ

- ਸਿਹਤ ਖੇਤਰ ਲਈ 6 ਹਾਜ਼ਰ 879 ਕਰੋੜ ਰੁਪਏ ਦਾ ਬਜਟ ਪੇਸ਼
- ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦਾ ਹਰ ਪਰਿਵਾਰ ਪ੍ਰਤੀ ਸਾਲ 900 ਤੋਂ ਵੱਧ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਨਕਦ ਇਲਾਜ ਦਾ ਹੱਕਦਾਰ ਹੋਵੇਗਾ
- ਇਸ ਦੇ ਲਈ 2000 ਕਰੋੜ ਰੁਪਏ ਦਾ ਬਜਟ ਪੇਸ਼
- ਬੁਨਿਆਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ 100 ਵਾਧੂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ ਅਤੇ 2026-27 ਵਿੱਚ 143 ਹੋਰ ਕਲੀਨਿਕ ਸਥਾਪਿਤ ਕਰਨ ਦੀ ਯੋਜਨਾ
- ਸ੍ਰੀ ਅਨੰਦਪੁਰ ਸਾਹਿਬ ਵਿਖੇ ਜੱਚਾ-ਬੱਚਾ ਸੰਭਾਲ ਦੇ ਨਾਲ ਆਧੁਨਿਕ ਟ੍ਰਾਮਾ ਸੈਂਟਰ ਸਥਾਪਿਤ ਕਰਨ ਦੀ ਯੋਜਨਾ
ਮੈਡੀਕਲ ਸਿੱਖਿਆ ਅਤੇ ਖੋਜ – 1220 ਕਰੋੜ ਦਾ ਬਜਟ
- ਮੈਡੀਕਲ ਸਿੱਖਿਆ ਅਤੇ ਖੋਜ ਲਈ 1220 ਕਰੋੜ ਦਾ ਬਜਟ ਰੱਖਿਆ ਗਿਆ
- ਮਲੇਰਕੋਟਲਾ ਵਿੱਚ 49 ਕਰੋੜ ਦੀ ਲਾਗਤ ਨਾਲ ਨਵਾਂ ਮੈਡੀਕਲ ਕਾਲਜ ਬਣਾਉਣ ਲਈ 38.50 ਏਕੜ ਜ਼ਮੀਨ ਖਰੀਦੀ ਹੈ
- ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਐਸਬੀਐਸ ਨਗਰ, ਲਹਿਰਾਗਾਗਾ, ਮਲੇਰਕੋਟਲਾ ਅਤੇ ਲੁਧਿਆਣਾ ਵਿੱਚ 7 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਕੰਮ ਚੱਲ ਰਿਹਾ ਜਿਸ ਨਾਲ MBBS ਦੀਆਂ 600 ਨਵੀਆਂ ਸੀਟਾਂ ਦਾ ਵਾਧਾ ਹੋਵੇਗਾ
ਯੁੱਧ ਨਸ਼ਿਆਂ ਵਿਰੁੱਧ
ਤਸਵੀਰ ਸਰੋਤ, Getty Images
- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਈ 100 ਕਰੋੜ ਦਾ ਬਜਟ ਰਾਖਵਾਂ
- 2025-26 ਵਿੱਚ NDPS ਐਕਟ ਤਹਿਤ 52,331 ਤਸਕਰਾਂ ਵਿਰੁੱਧ 36,686 ਕੇਸ ਦਰਜ ਕੀਤੇ ਗਏ
- 33,000 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ
- AGTF ਦੇ ਗਠਨ ਤੋਂ ਲੈਕੇ ਹੁਣ ਤੱਕ 2762 ਗੈਂਗਸਟਰਾਂ ਤੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ
- 34 ਪੁਲਿਸ ਮੁਕਾਬਲਿਆਂ ਚ ਮਾਰੇ ਗਏ, 1062 ਮੌਡਿਊਲਾਂ ਦਾ ਪਰਦਾਫਾਸ, 2203 ਹਥਿਆਰ ਜ਼ਬਤ
ਮਾਲੀਆ ਵਾਧਾ ਅਤੇ ਪੂੰਜੀ ਸਿਰਜਣਾ
- 2026-27 ਵਿੱਚ ਕੁੱਲ ਮਾਲੀਆ ਪ੍ਰਾਪਤੀ – 1,26,190 ਕਰੋੜ ਦਾ ਅਨੁਮਾਨ
- ਕਰ ਮਾਲੀਆ – 70,851 ਕਰੋੜ ਦਾ ਟੀਚਾ
- ਗੈਰ ਟੈਕਸ ਮਾਲੀਆ – 15,687 ਕਰੋੜ ਦਾ ਟੀਚਾ
- 16ਵੇਂ ਵਿੱਤ ਕਮਿਸ਼ਨ ਨੇ ਹੋਰੀਜ਼ੋਂਟਲ ਡਿਵੋਲਿਊਸ਼ਨ ਵਿੱਚ ਪੰਜਾਬ ਦਾ ਹਿੱਸਾ 1.807 ਫੀਸਦ ਤੋਂ ਵਧਾਕੇ 1.996 ਫੀਸਦ ਕਰ ਦਿੱਤਾ, ਜਿਸ ਨਾਲ ਕੇਂਦਰੀ ਕਰਾਂ ਵਿੱਚ ਪੰਜਾਬ ਦੀ ਹਿੱਸੇਦਾਰੀ ਵਧੇਗੀ, ਜਿਸ ਤਹਿਤ ਪੰਜਾਬ ਨੂੰ 2026-27 ਵਿੱਚ 30,464 ਕਰੋੜ ਰੁਪਏ ਆਮਦਨ ਹੋਣ ਦਾ ਅਨੁਮਾਨ, 5293 ਕਰੋੜ ਦਾ ਵਾਧਾ ਹੋਵੇਗਾ।
- ਪੰਜਾਬ ਨੂੰ 2026-27 ਵਿੱਚ ਕੇਂਦਰ ਤੋਂ 9188 ਕਰੋੜ ਗ੍ਰਾਂਟ-ਇਨ-ਏਡ ਮਿਲਣ ਦਾ ਅਨੁਮਾਨ
ਆਪ ਦੇ 5 ਸਾਲ ਦੇ ਕਾਰਜਕਾਲ ਵਿੱਚ…
- ਆਬਕਾਰੀ ਮਾਲੀਆ 53,122 ਕਰੋੜ ਹੋਣ ਦਾ ਅਨੁਮਾਨ
- ਕਾਂਗਰਸ ਦੇ ਪੰਜ ਸਾਲ ਦੇ ਕਾਰਜਕਾਲ ਵਿੱਚ 27,934 ਕਰੋੜ ਸੀ
- ਅਕਾਲੀ-ਭਾਜਪਾ ਸਰਕਾਰ ਸਮੇਂ 20,545 ਕਰੋੜ ਸੀ
ਆਪ ਦੇ 5 ਸਾਲ ਦੇ ਕਾਰਜਕਾਲ ਵਿੱਚ….
- ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ 30,367 ਕਰੋੜ ਆਮਦਨ ਦਾ ਅਨੁਮਾਨ
- ਕਾਂਗਰਸ ਦੇ ਪੰਜ ਸਾਲ ਦੇ ਕਾਰਜਕਾਲ ਵਿੱਚ 12,469 ਕਰੋੜ ਸੀ
- ਅਕਾਲੀ-ਭਾਜਪਾ ਸਰਕਾਰ ਸਮੇਂ 12,387 ਕਰੋੜ ਸੀ
- ਵਿੱਤੀ ਸਾਲ 2026-27 ਵਿੱਚ 9 ਹਜ਼ਾਰ ਕਰੋੜ ਦੀ ਆਮਦਨ ਦਾ ਟੀਚਾ
- 2026-27 ਲਈ GST ਮਾਲੀਏ ਦਾ ਟੀਚਾ 32 ਹਜ਼ਾਰ ਕਰੋੜ ਮਿੱਥਿਆ
- ਕੰਸੋਲੀਡੇਟਿਡ ਸਿੰਕਿੰਗ ਫੰਡ ਅਤੇ ਗਾਰੰਟੀ ਰੀਡੈਂਪਸ਼ਨ ਫੰਡ ਵਿੱਚ 2022 ਵਿੱਚ 3027 ਕਰੋੜ ਤੋਂ 287 ਫੀਸਦ ਵਧਕੇ ਦਸੰਬਰ 2025 ਵਿੱਚ 11,720 ਕਰੋੜ ਰੁਪਏ ਹੋ ਗਿਆ
- ਪਿਛਲੇ 4 ਸਾਲਾਂ ਵਿੱਚ ਸਾਡਾ ਕੁੱਲ ਪੂੰਜੀਗਤ ਖਰਚਾ 32,353 ਕਰੋੜ ਰਿਹਾ, ਪਿਛਲੀ ਸਰਕਾਰ ਦੇ ਮੁਕਾਬਲੇ ਦੁੱਗਣੇ ਤੋਂ ਵੱਧ
- 2026-27 ਲਈ 18,381 ਕਰੋੜ ਦੇ ਪੂੰਜੀਗਤ ਖਰਚੇ ਦੀ ਤਜਵੀਜ਼
- 2022 ਵਿੱਚ ਸਾਨੂੰ 48.25 ਫੀਸਦ ਦਾ ਕਰਜ਼ਾ- ਜੀਐਸਡੀਪੀ ਦੇ ਅਨੁਪਾਤ ਵਿੱਚ ਵਿਰਾਸਤ ਵਿੱਚ ਮਿਲਿਆ, ਜੋ 31 ਜਨਵਰੀ 2026 ਤੱਕ ਘਟਕੇ 44.47 ਫੀਸਦ ਰਹਿ ਗਿਆ
ਬਜਟ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਪਾਉਂਦੀਆਂ ਲਿਖਿਆ, ”ਉਸ ਪਰਮਾਤਮਾ ਦਾ ਕੋਟਿ-ਕੋਟਿ ਧੰਨਵਾਦ, ਜਿਸ ਨੇ ਮੇਰੀ ਕਲਮ ਨੂੰ ਲੋਕ ਭਲਾਈ ਦੇ ਫੈਸਲੇ ਲੈਣ ਦਾ ਬਲ ਬਖ਼ਸ਼ਿਆ ਹੈ।”
”ਪੰਜਾਬ ਦੇ ਲੋਕਾਂ ਦਾ ਅਥਾਹ ਪਿਆਰ ਅਤੇ ਸਾਥ ਹੀ ਮੇਰੀ ਅਸਲੀ ਤਾਕਤ ਹੈ। ਸਾਡਾ ਮੁੱਖ ਉਦੇਸ਼ ਪੂਰੇ ਪੰਜਾਬ ਦਾ ਭਲਾ ਕਰਨ ਅਤੇ ਸਮੁੱਚੀ ਕੌਮ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ।”
”ਆਓ, ਰਲ-ਮਿਲ ਕੇ ਇੱਕ ਖੁਸ਼ਹਾਲ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਕਰੀਏ।”
ਦੂਜੇ ਪਾਸੇ ਵਿਰੋਧੀ ਧਿਰ ਨੇ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ।
ਇਹ ਕੋਈ ਮੁਫ਼ਤ ਦੀਆਂ ਰਿਓੜੀਆਂ ਨਹੀਂ ਹਨ: ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਬਾਰੇ ਬੋਲਦਿਆਂ ਕਿਹਾ ਕਿ ਕਿਹਾ, “ਜੇ ਮਾਵਾਂ-ਧੀਆਂ ਤੋਂ ਬਿਨਾਂ ਘਰ ਨਹੀਂ ਚੱਲ ਸਕਦੇ ਹਨ ਤਾਂ ਦੇਸ਼ ਵੀ ਨਹੀਂ ਚੱਲ ਸਕਦੇ। ਇਸ ਲਈ 1000 ਅਤੇ 1500 ਰੁਪਏ ਦੀ ਯੋਜਨਾ ਦਾ ਐਲਾਨ ਹੋਇਆ ਹੈ। ਇਹ ਸਿਰਫ਼ ਬਜਟ ਨਹੀਂ ਹੈ ਬਲਕਿ ਇੱਕ ਤਰੱਕੀ ਦਾ ਐਫੀਡੇਵਿਟ ਹੈ।”
“ਇਸ ਵਿੱਚ ਸਿੱਖਿਆ ਲਈ 7 ਫੀਸਦ ਵਾਧਾ ਕੀਤਾ ਗਿਆ ਹੈ। ਖੇਡਾਂ ਲਈ ਵੱਡਾ ਹਿੱਸਾ ਰੱਖਿਆ ਗਿਆ ਹੈ ਕਿਉਂਕਿ ਖੇਡਾਂ ‘ਯੁੱਧ ਨਸ਼ਿਆ ਖ਼ਿਲਾਫ਼’ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਇਸ ਵਿੱਚ ਹਰ ਕਿਸੇ ਨੂੰ ਖੁਸ਼ ਰੱਖਿਆ ਹੈ।”
ਔਰਤਾਂ ਦੀ 1000 ਅਤੇ 1500 ਰੁਪਏ ਦੀ ਸਕੀਮ ਲਈ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦੀ ਰਜਿਸਟ੍ਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ, “ਬਸ ਇਸ ਲਈ ਪੰਜਾਬ ਦਾ ਡੌਮੀਸਾਈਲ ਹੋਣਾ ਜ਼ਰੂਰੀ ਹੈ। ਇਸ ਲਈ 9300 ਕਰੋੜ ਰੁਪਏ ਰੱਖਿਆ ਹੈ।”
ਮਾਨ ਨੇ ਕਿਹਾ, “ਇਹ ਕੋਈ ਮੁਫ਼ਤ ਦੀਆਂ ਰਿਓੜੀਆਂ ਨਹੀਂ ਹਨ, ਫ੍ਰੀਬੀਜ਼ ਨਹੀਂ ਹਨ। ਹੋ ਸਕਦਾ ਹੈ ਕਿਸੇ ਲਈ ਹਜ਼ਾਰ ਰੁਪਇਆ ਕੁਝ ਵੀ ਨਾ ਹੋਵੇ। ਪਰ ਕਈਆਂ ਲਈ ਹਜ਼ਾਰ ਰੁਪਏ ਬਹੁਤ ਵੱਡੀ ਰਕਮ ਵੀ ਹੋ ਸਕਦੀ ਹੈ। ਜਿਹੜੇ 50-100 ਰੁਪਏ ਦਿਨ ਵਿੱਚ ਬਚਾ ਕੇ ਲਿਆਉਂਦੇ ਹਨ, ਉਨ੍ਹਾਂ ਨੂੰ ਪੁੱਛ ਕੇ ਵੇਖੋ ਹਜ਼ਾਰ ਰੁਪਏ ਦੀ ਕੀ ਅਹਿਮੀਅਤ ਹੈ।”
ਵਿਰੋਧੀ ਧਿਰਾਂ ਨੇ ਬਜਟ ਬਾਰੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਜਟ ਨੂੰ “ਝੂਠ ਦੀ ਪੰਡ” ਦੱਸਿਆ।
ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਸੁਖਬੀਰ ਬਾਦਲ ਨੇ ਲਿਖਿਆ, “ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਆਖਰੀ ਬਜਟ ਵਿੱਚ ਕਿਸਾਨਾਂ, ਨੌਜਵਾਨਾਂ, ਗਰੀਬਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਇੱਥੋਂ ਤੱਕ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨਾਲ ਵੀ ਧੋਖਾ ਕੀਤਾ।”
ਉਹਨਾਂ ਅੱਗੇ ਲਿਖਿਆ, “ਔਰਤਾਂ ਲਈ ਐਲਾਨੀ ਸਕੀਮ ਲਈ ਮਹਿਜ਼ 9300 ਕਰੋੜ ਦਾ ਬਜਟ ਰੱਖਿਆ ਗਿਆ ਜਦੋਂਕਿ ਕਰੀਬ 60 ਹਜ਼ਾਰ ਕਰੋੜ ਦੀ ਲੋੜ ਹੈ। 10 ਲੱਖ ਦੀ ਸਿਹਤ ਬੀਮਾ ਯੋਜਨਾ ਲਈ ਸਿਰਫ 2 ਹਜ਼ਾਰ ਕਰੋੜ ਦਾ ਬਜਟ ਜਦੋਂਕਿ 10 ਹਜ਼ਾਰ ਕਰੋੜ ਤੋਂ ਵੱਧ ਦੀ ਲੋੜ। ਰੰਗਲਾ ਪੰਜਾਬ ਸਕੀਮ ਲਈ 1170 ਕਰੋੜ ਦਾ ਫੰਡ ਸੂਬੇ ਦੇ ਖਜ਼ਾਨੇ ‘ਚੋਂ ਦਿੱਤਾ ਗਿਆ। ਹੜ੍ਹ ਪੀੜਤ ਕਿਸਾਨ ਅਜੇ ਵੀ ਮੁਆਵਜ਼ੇ ਦੇ ਇੰਤਜ਼ਾਰ ‘ਚ ਬੈਠੇ। ਪੁਰਾਣੀ ਪੈਨਸ਼ਨ ਸਕੀਮ ਅਤੇ ਬੇਰੁਜ਼ਗਾਰ ਭੱਤੇ ਲਈ ਕੋਈ ਬਜਟ ਨਹੀਂ ਰੱਖਿਆ।”
ਤਸਵੀਰ ਸਰੋਤ, @officeofssbadal
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਲਿਖਿਆ, “ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ‘ਚ ਹਰ ਮਹਿਲਾ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਚਾਰ ਸਾਲਾਂ ਦੀ ਖਾਮੋਸ਼ੀ ਤੋਂ ਬਾਅਦ ਅਚਾਨਕ 2026 ‘ਚ ਇਨ੍ਹਾਂ ਨੂੰ ਵਾਅਦਾ ਯਾਦ ਆਇਆ। ਜੇ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ ਸਨ ਤਾਂ ਔਰਤਾਂ ਨੂੰ 4 ਸਾਲ ਇੰਤਜ਼ਾਰ ਕਿਉਂ ਕਰਨਾ ਪਿਆ ?”
ਬਜਟ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪਰਗਟ ਸਿੰਘ ਨੇ ਕਿਹਾ, “ਜੇਕਰ ਕਿਤੇ ਪੈਨਸ਼ਰਾਂ ਨੂੰ ਜਿਵੇਂ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਹਜ਼ਾਰ ਰੁਪਈਆਂ ਵਧਾ ਦਿੰਦੇ, ਜਿਨ੍ਹਾਂ ਵਿੱਚ ਅਪਾਹਜ ਹਨ, ਬਜ਼ੁਰਗ ਅਤੇ ਔਰਤਾਂ ਤੇ ਲੋੜਵੰਦ ਵੀ ਹਨ ਤਾਂ ਚੰਗਾ ਹੁੰਦਾ।”
“ਸੁਪਰੀਮ ਕੋਰਟ ਨੇ ਵੀ ਫਟਕਾਰ ਲਗਾਈ ਹੈ ਕਿ ਫ੍ਰੀਬੀਜ਼ ਅਤੇ ਵੈਲਫੇਅਰ ਇਕੱਠਾ ਨਹੀਂ ਕਰ ਸਕਦੇ। ਫ੍ਰੀਬੀਜ਼ ਸਾਨੂੰ ਅੱਜ ਜਾਂ ਕੱਲ੍ਹ ਬੰਦ ਕਰ ਦੇਣਾ ਚਾਹੀਦਾ ਹੈ। ਬਿਹਤਰ ਹੁੰਦਾ ਜੇ ਵੇਲਫੇਅਰ ਸਕੀਮਾਂ ਵੱਲ ਜਾਂਦੇ।”
ਉਨ੍ਹਾਂ ਨੇ ਕਿਹਾ, “ਪੰਜਾਬ ਦੇ ਸਿਰ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਅਤੇ ਉਨ੍ਹਾਂ ਹੋਰ ਕਰਜ਼ਾ ਚਾੜ ਦੇਣਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



