Home ਰਾਸ਼ਟਰੀ ਖ਼ਬਰਾਂ ਪਾਕਿਸਤਾਨ ਕਿਉਂ ਸੋਚਦਾ ਹੈ ਕਿ ਭਾਰਤ 24 ਤੋਂ 36 ਘੰਟਿਆਂ ਦੇ ਅੰਦਰ...

ਪਾਕਿਸਤਾਨ ਕਿਉਂ ਸੋਚਦਾ ਹੈ ਕਿ ਭਾਰਤ 24 ਤੋਂ 36 ਘੰਟਿਆਂ ਦੇ ਅੰਦਰ ਫੌਜੀ ਕਾਰਵਾਈ ਕਰ ਸਕਦਾ ਹੈ?

3
0

Source :- BBC PUNJABI

ਖਵਾਜਾ ਆਸਿਫ ਅਤੇ ਸੂਚਨਾ ਮੰਤਰੀ ਅਤਾਉੱਲਾ ਤਰਾਰ

ਤਸਵੀਰ ਸਰੋਤ, Getty and TararAttaullah/X

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਵਧ ਰਹੇ ਤਣਾਅ ਅਤੇ ਟਕਰਾਅ ਦੇ ਡਰ ਦੇ ਵਿਚਕਾਰ, ਕਈ ਦੇਸ਼ਾਂ ਨੇ ਸੰਜਮ ਦੀ ਅਪੀਲ ਕੀਤੀ ਹੈ।

ਸੋਮਵਾਰ ਨੂੰ, ਚੀਨ, ਅਮਰੀਕਾ, ਤੁਰਕੀ ਅਤੇ ਕਤਰ ਨੇ ਉਮੀਦ ਪ੍ਰਗਟਾਈ ਕਿ ਭਾਰਤ ਅਤੇ ਪਾਕਿਸਤਾਨ ਤਣਾਅ ਘਟਾਉਣਗੇ। ਹਾਲਾਂਕਿ, ਪਿਛਲੇ ਕਈ ਦਿਨਾਂ ਤੋਂ ਕੰਟਰੋਲ ਰੇਖਾ ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਗੋਲੀਬਾਰੀ ਵੀ ਹੋ ਰਹੀ ਹੈ।

ਇਸ ਸਭ ਦੇ ਵਿਚਕਾਰ, ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਅਤੇ ਪਾਕਿਸਤਾਨ ਜੰਗ ਦੇ ਕੰਢੇ ‘ਤੇ ਖੜ੍ਹੇ ਹਨ ਅਤੇ ਕੀ ਭਾਰਤ ਅਗਲੇ ਕੁਝ ਦਿਨਾਂ ਵਿੱਚ ਪਾਕਿਸਤਾਨ ਵਿਰੁੱਧ ਕੋਈ ਕਾਰਵਾਈ ਕਰ ਸਕਦਾ ਹੈ?

ਇਸੇ ਤਰ੍ਹਾਂ ਦੇ ਸੰਕੇਤ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਆਪਣੇ ਤਾਜ਼ਾ ਬਿਆਨਾਂ ਵਿੱਚ ਦਿੱਤੇ ਹਨ।

ਇਸ ਤੋਂ ਬਾਅਦ, ਬੁੱਧਵਾਰ ਸਵੇਰੇ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਅਗਲੇ 24 ਤੋਂ 36 ਘੰਟਿਆਂ ਵਿੱਚ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਹੈ।

ਭਾਰਤ ਦੇ ਸੰਭਾਵੀ ਹਮਲੇ ਬਾਰੇ ਬਿਆਨ ਬੁੱਧਵਾਰ ਸਵੇਰੇ ਆਇਆ। ਭਾਰਤੀ ਸਮੇਂ ਅਨੁਸਾਰ ਸਵੇਰੇ 3:09 ਵਜੇ, ਤਰਾਰ ਨੇ ਆਪਣੇ ਐਕਸ ਅਕਾਉਂਟ ‘ਤੇ ਇੱਕ ਵੀਡੀਓ ਅਪਲੋਡ ਕੀਤਾ ਅਤੇ ਉਰਦੂ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ।

ਖਵਾਜ਼ਾ ਆਸਿਫ਼ ਨੇ ਕੀ ਕਿਹਾ?

ਖਵਾਜ਼ਾ ਆਸਿਫ਼

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਹੈ ਕਿ ਭਾਰਤ ਵੱਲੋਂ ‘ਫੌਰਨ ਕਾਰਵਾਈ’ ਕੀਤੀ ਜਾ ਸਕਦੀ ਹੈ।

ਸੋਮਵਾਰ ਨੂੰ ਨਿਊਜ਼ ਏਜੰਸੀ ਰਾਇਟਰਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖਵਾਜ਼ਾ ਆਸਿਫ ਨੇ ਕਿਹਾ, “ਅਸੀਂ ਆਪਣੀਆਂ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਹੈ ਕਿਉਂਕਿ ਹੁਣ ਕੁਝ ਤੁਰੰਤ ਹੋ ਸਕਦਾ ਹੈ। ਇਸ ਸਥਿਤੀ ਵਿੱਚ, ਕੁਝ ਰਣਨੀਤਕ ਫੈਸਲੇ ਲੈਣੇ ਪੈਣਗੇ ਅਤੇ ਉਹ ਫੈਸਲੇ ਲਏ ਗਏ ਹਨ।”

ਖਵਾਜ਼ਾ ਆਸਿਫ਼ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਫੌਜ ਨੇ ਸਰਕਾਰ ਨੂੰ ਭਾਰਤ ਵੱਲੋਂ ਹਮਲੇ ਬਾਰੇ ਚੇਤਾਵਨੀ ਦਿੱਤੀ ਹੈ।

ਇਸ ਇੰਟਰਵਿਊ ਵਿੱਚ ਖਵਾਜ਼ਾ ਆਸਿਫ਼ ਨੇ ਇਹ ਵੀ ਕਿਹਾ ਕਿ ਜੇਕਰ ਪਾਕਿਸਤਾਨ ਦੇ ਵਜੂਦ ਨੂੰ ਸਿੱਧਾ ਖ਼ਤਰਾ ਹੋਇਆਂ, ਤਾਂ ਹੀ ਉਸ ਸਥਿਤੀ ਵਿੱਚ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ।

ਖਵਾਜ਼ਾ ਆਸਿਫ ਨੇ ਆਪਣੇ ਬਿਆਨ ਵਿੱਚ ਰਣਨੀਤਕ ਫ਼ੈਸਲੇ ਲੈਣ ਬਾਰੇ ਗੱਲ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਕੰਟਰੋਲ ਰੇਖਾ ‘ਤੇ ਆਪਣੀ ਫੌਜੀ ਮੌਜੂਦਗੀ ਵਧਾ ਰਿਹਾ ਹੈ।

ਹਾਲਾਂਕਿ, ਇਸ ਇੰਟਰਵਿਊ ਤੋਂ ਬਾਅਦ ਐਕਸਪ੍ਰੈਸ ਟ੍ਰਿਬਿਊਨ ਨਾਲ ਗੱਲ ਕਰਦੇ ਹੋਏ, ਖਵਾਜ਼ਾ ਆਸਿਫ ਨੇ ਕਿਹਾ ਕਿ ਬੀਤੇ ਦਿਨਾਂ ਵਿੱਚ ਸੰਭਾਵਿਤ ਜੰਗ ਬਾਰੇ ਉਨ੍ਹਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ।

ਪਾਕਿਸਤਾਨੀ ਟੀਵੀ ਚੈਨਲ ਸਮਾ ਟੀਵੀ ਨਾਲ ਗੱਲ ਕਰਦਿਆਂ ਖਵਾਜ਼ਾ ਆਸਿਫ ਨੇ ਕਿਹਾ, “ਸਾਨੂੰ ਮਾਨਸਿਕ ਤੌਰ ‘ਤੇ ਤਿਆਰ ਰਹਿਣਾ ਚਾਹੀਦਾ ਹੈ। ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ।”

ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ, “ਇਸ ਗੱਲ ਦੀ ਸੰਭਾਵਨਾ ਹੈ ਕਿ ਅਗਲੇ ਦੋ-ਤਿੰਨ ਜਾਂ ਚਾਰ ਦਿਨਾਂ ਵਿੱਚ ਅਸੀਂ ਜੰਗ ਵਿੱਚ ਹੋ ਸਕਦੇ ਹਾਂ।”

ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਜੀਓ ਨਿਊਜ਼ ਨੂੰ ਦੱਸਿਆ, “ਮੈਨੂੰ ਪੁੱਛਿਆ ਗਿਆ ਸੀ ਕਿ ਜੰਗ ਦੀ ਸੰਭਾਵਨਾ ਕੀ ਹੈ, ਇਸ ਲਈ ਮੈਂ ਕਿਹਾ ਕਿ ਅਗਲੇ ਦੋ-ਤਿੰਨ ਦਿਨ ਅਹਿਮ ਹਨ। ਜੇਕਰ ਕੁਝ ਹੋਣਾ ਹੈ, ਤਾਂ ਇਹ ਅਗਲੇ ਦੋ-ਤਿੰਨ ਦਿਨਾਂ ਵਿੱਚ ਹੋਵੇਗਾ।”

ਖਵਾਜ਼ਾ ਆਸਿਫ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਜੰਗ ਹੋਣ ਦੀ ਭਵਿੱਖਬਾਣੀ ਨਹੀਂ ਸਮਝਣਾ ਚਾਹੀਦਾ, ਸਗੋਂ ਉਨ੍ਹਾਂ ਦਾ ਮਤਲਬ ਸੀ ਕਿ ਅਗਲੇ ਦੋ-ਤਿੰਨ ਦਿਨ ਅਹਿਮ ਹਨ।

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਹਾਲਾਤ ਨੂੰ ਟਾਲਣ ਲਈ ਦੋਸਤਾਨਾ ਦੇਸ਼ਾਂ ਨਾਲ ਸੰਪਰਕ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਖਾੜੀ ਦੇਸ਼ਾਂ ਅਤੇ ਚੀਨ ਨਾਲ ਗੱਲ ਕੀਤੀ ਹੈ ਅਤੇ ਬ੍ਰਿਟੇਨ ਅਤੇ ਅਮਰੀਕਾ ਸਣੇ ਹੋਰ ਦੇਸ਼ਾਂ ਨੂੰ ਵੀ ਸਥਿਤੀ ਤੋਂ ਜਾਣੂ ਕਰਵਾਇਆ ਹੈ।

ਖਵਾਜ਼ਾ ਆਸਿਫ ਤੋਂ ਬਾਅਦ, ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਬੁੱਧਵਾਰ ਸਵੇਰੇ 3 ਵਜੇ ਐਕਸ ‘ਤੇ ਇੱਕ ਪੋਸਟ ਪਾਈ ਹੈ।

ਆਪਣੇ ਬਿਆਨ ਵਿੱਚ, ਤਰਾਰ ਨੇ ਲਿਖਿਆ, “ਪਾਕਿਸਤਾਨ ਕੋਲ ਭਰੋਸੇਯੋਗ ਖੁਫ਼ੀਆ ਜਾਣਕਾਰੀ ਹੈ ਕਿ ਭਾਰਤ ਪਹਿਲਗਾਮ ਘਟਨਾ ਨੂੰ ਬਹਾਨੇ ਵਜੋਂ ਵਰਤਦੇ ਹੋਏ ਅਗਲੇ 24 ਤੋਂ 36 ਘੰਟਿਆਂ ਵਿੱਚ ਫੌਜੀ ਕਾਰਵਾਈ ਕਰਨ ਦਾ ਇਰਾਦਾ ਰੱਖਦਾ ਹੈ।”

“ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਫੈਸਲਾਕੁੰਨ ਜਵਾਬ ਦਿੱਤਾ ਜਾਵੇਗਾ। ਇਲਾਕੇ ਵਿੱਚ ਸੰਭਾਵਿਤ ਵਿਨਾਸ਼ਕਾਰੀ ਨਤੀਜਿਆਂ ਲਈ ਭਾਰਤ ਜ਼ਿੰਮੇਵਾਰ ਹੋਵੇਗਾ।”

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦਾ ਤਣਾਅ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, ANI

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਸੈਲਾਨੀਆਂ ‘ਤੇ ਹੋਏ ਹਮਲੇ ਵਿੱਚ ਇੱਕ ਸਥਾਨਕ ਕਸ਼ਮੀਰੀ ਸਮੇਤ 26 ਲੋਕ ਮਾਰੇ ਗਏ ਸਨ।

ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀ।

ਇਨ੍ਹਾਂ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨਾ ਸ਼ਾਮਲ ਹੈ।

ਜਵਾਬ ਵਿੱਚ, ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਅਤੇ ਸ਼ਿਮਲਾ ਸਮਝੌਤਾ ਮੁਅੱਤਲ ਕਰ ਦਿੱਤਾ।

ਇਹ ਵੀ ਪੜ੍ਹੋ-

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਸਿੰਧੂ ਨਦੀ ਦਾ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਇਸ ਨੂੰ ‘ਜੰਗ ਦੀ ਕਾਰਵਾਈ’ ਸਮਝੇਗਾ।

ਹਮਲੇ ਤੋਂ ਬਾਅਦ ਆਪਣੇ ਪਹਿਲੇ ਜਨਤਕ ਬਿਆਨ ਵਿੱਚ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ “ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ”।

ਹਾਲਾਂਕਿ, ਪਾਕਿਸਤਾਨ ਨੇ ਪਹਿਲਗਾਮ ਹਮਲੇ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕੀਤਾ ਹੈ।

ਪਹਿਲਗਾਮ ਹਮਲੇ ਤੋਂ ਬਾਅਦ ਬਦਲ ਗਏ ਹਨ ਹਾਲਾਤ

ਪਹਿਲਗਾਮ ਹਮਲੇ ਦੇ ਪੀੜਤ

ਤਸਵੀਰ ਸਰੋਤ, Getty Images

ਭਾਰਤ ਨੇ ਹਾਲ ਹੀ ਦੇ ਸਾਲਾਂ ਵਿੱਚ ਕਸ਼ਮੀਰ ਵਿੱਚ ਸਥਿਤੀ ਨੂੰ ਆਮ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਇਸ ਸਾਲ ਉੱਥੇ ਵਿਧਾਨ ਸਭਾ ਚੋਣਾਂ ਵੀ ਹੋਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਉੱਥੇ ਸੈਲਾਨੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਬਦਲ ਗਈ ਹੈ।

ਦੱਖਣੀ ਏਸ਼ੀਆ ਮਾਹਰ ਮਾਈਕਲ ਕੁਗਲਮੈਨ ਨੇ ਨਿਊਜ਼ਵੀਕ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਲਿਖਿਆ,”ਪਹਿਲਗਾਮ ਹਮਲਾ ਇੱਕ ਗੇਮ-ਚੇਂਜਰ ਹੈ,”

ਉਨ੍ਹਾਂ ਲਿਖਿਆ, “2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਇਹ ਭਾਰਤ ਵਿੱਚ ਆਮ ਨਾਗਰਿਕਾਂ ‘ਤੇ ਹੋਣ ਵਾਲਾ ਇਹ ਸਭ ਤੋਂ ਵੱਡਾ ਹਮਲਾ ਹੈ। ਹਮਲਿਆਂ ਦੇ ਨਿਸ਼ਾਨੇ ਅਤੇ ਪੈਮਾਨੇ ਨੂੰ ਦੇਖਦੇ ਹੋਏ, ਇਹ ਯਕੀਨੀ ਹੈ ਕਿ ਭਾਰਤ ਤਾਕਤ ਨਾਲ ਜਵਾਬ ਦੇਵੇਗਾ।”

‘ਦਿ ਗਾਰਡੀਅਨ’ ਨਾਲ ਗੱਲ ਕਰਦੇ ਹੋਏ, ਮਾਈਕਲ ਕੁਗਲਮੈਨ ਨੇ ਕਿਹਾ, “ਦਿੱਲੀ ਦੇ ਦ੍ਰਿਸ਼ਟੀਕੋਣ ਤੋਂ, ਜਨਤਕ ਦਬਾਅ ਅਤੇ ਹਮਲੇ ਦੀ ਵਿਸ਼ਾਲਤਾ ਨੂੰ ਦੇਖਦੇ ਹੋਏ, ਕਿਸੇ ਕਿਸਮ ਦੀ ਫੌਜੀ ਕਾਰਵਾਈ ਦੀ ਬਹੁਤ ਸੰਭਾਵਨਾ ਹੈ।”

“ਜੇਕਰ ਅਜਿਹਾ ਹੁੰਦਾ ਹੈ, ਤਾਂ ਪਾਕਿਸਤਾਨ ਕਮਜ਼ੋਰ ਨਹੀਂ ਦਿਖਣਾ ਚਾਹੇਗਾ। ਇਹ ਯਕੀਨੀ ਹੈ ਕਿ ਪਾਕਿਸਤਾਨ ਵੀ ਜਵਾਬ ਦੇਵੇਗਾ।”

ਮਾਹਰਾਂ ਵੱਲੋਂ ਕੀਤਾ ਗਿਆ ਕੋਈ ਵੀ ਗਲਤ ਮੁਲਾਂਕਣ ਹੋਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਫੌਜੀ ਮਾਹਰ ਸ਼੍ਰੀਨਾਥ ਰਾਘਵਨ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਇੱਕ ਸਖ਼ਤ ਪ੍ਰਤੀਕਿਰਿਆ ਦੇਖ ਸਕਦੇ ਹਾਂ। ਇੱਕ ਅਜਿਹੀ ਪ੍ਰਤੀਕਿਰਿਆ ਜੋ ਨਾ ਸਿਰਫ਼ ਭਾਰਤੀਆਂ ਨੂੰ ਸਗੋਂ ਪਾਕਿਸਤਾਨੀ ਤੱਤਾਂ ਨੂੰ ਵੀ ਭਾਰਤ ਦੇ ਦ੍ਰਿੜ ਇਰਾਦੇ ਦਾ ਸੰਦੇਸ਼ ਦੇ ਸਕਦੀ ਹੈ।”

ਭਾਰਤ ਨੇ ਸਤੰਬਰ 2016 ਵਿੱਚ ਉਰੀ ਵਿੱਚ ਇੱਕ ਫੌਜੀ ਕੈਂਪ ‘ਤੇ ਹੋਏ ਹਮਲੇ ਵਿੱਚ 19 ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਅੰਦਰ ਸਰਜੀਕਲ ਸਟ੍ਰਾਈਕ ਕਰਨ ਦਾ ਦਾਅਵਾ ਕੀਤਾ ਸੀ।

ਇਸ ਤੋਂ ਬਾਅਦ, 2019 ਵਿੱਚ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ‘ਤੇ ਹਮਲੇ ਤੋਂ ਬਾਅਦ, ਭਾਰਤ ਨੇ ਫਰਵਰੀ 2019 ਵਿੱਚ ਐੱਲਓਸੀ ਤੋਂ ਤਕਰੀਬਨ ਪੰਜਾਹ ਕਿਲੋਮੀਟਰ ਦੂਰ ਬਾਲਾਕੋਟ ਵਿੱਚ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਸੀ।

ਸ਼੍ਰੀਨਾਥ ਰਾਘਵਨ ਕਹਿੰਦੇ ਹਨ, “2016 ਅਤੇ ਖਾਸ ਕਰਕੇ 2019 ਤੋਂ, ਬਦਲੇ ਦੀ ਕਾਰਵਾਈ ਦਾ ਪੱਧਰ ਸਰਹੱਦ ਪਾਰ ਜਾਂ ਹਵਾਈ ਹਮਲਿਆਂ ਤੱਕ ਪਹੁੰਚ ਗਿਆ ਹੈ। ਖ਼ਤਰਾ, ਹਮੇਸ਼ਾ ਵਾਂਗ ਇਹ ਹੈ ਕਿ ਮੁਲਾਂਕਣ ਗਲਤ ਹੋ ਸਕਦਾ ਹੈ, ਦੋਵਾਂ ਪਾਸਿਆਂ ਤੋਂ।”

ਪਾਕਿਸਤਾਨ ਵਿੱਚ ਬੇਚੈਨੀ?

ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ

ਤਸਵੀਰ ਸਰੋਤ, YouTube/@ISPR

ਕੀ ਜੰਗ ਦੀਆਂ ਅਟਕਲਾਂ ਦਰਮਿਆਨ ਪਾਕਿਸਤਾਨ ਤੋਂ ਆ ਰਹੇ ਬਿਆਨ ਪਾਕਿਸਤਾਨ ਵਿੱਚ ਡਰ ਜਾਂ ਬੇਚੈਨੀ ਦੇ ਮਾਹੌਲ ਨੂੰ ਦਰਸਾਉਂਦੇ ਹਨ?

ਫੌਜੀ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਬਿਆਨਾਂ ਦਾ ਅਰਥ ਇਹ ਹੈ ਕਿ ਪਾਕਿਸਤਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਭਾਰਤ ਵਲੋਂ ਹੋਣ ਵਾਲੀ ਕਿਸੇ ਵੀ ਸੰਭਾਵਿਤ ਕਾਰਵਾਈ ਲਈ ਤਿਆਰ ਹੈ।

ਫੌਜੀ ਮਾਹਰ ਅਜੇ ਸ਼ੁਕਲਾ ਕਹਿੰਦੇ ਹਨ, “ਅਜਿਹੇ ਬਿਆਨਾਂ ਨਾਲ ਪਾਕਿਸਤਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸਦੀ ਸਰਕਾਰ ਅਤੇ ਫੌਜੀ ਪੱਧਰ ‘ਤੇ ਤਿਆਰੀ ਦੀ ਕੋਈ ਘਾਟ ਨਹੀਂ ਹੈ ਅਤੇ ਭਾਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਪਾਕਿਸਤਾਨ ‘ਤੇ ਹਮਲਾ ਹੁੰਦਾ ਹੈ, ਤਾਂ ਪਾਕਿਸਤਾਨ ਚੁੱਪ ਨਹੀਂ ਰਹੇਗਾ, ਉਹ ਜਵਾਬ ਦੇਵੇਗਾ ਅਤੇ ਜਵਾਬ ਦੇਣ ਲਈ ਤਿਆਰ ਹੈ।”

ਅਜੇ ਸ਼ੁਕਲਾ ਦਾ ਕਹਿਣਾ ਹੈ ਕਿ ਪਾਕਿਸਤਾਨ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਕੋਲ ਭਾਰਤ ਨਾਲ ਫੌਜੀ ਟਕਰਾਅ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਹੈ।

ਅਜੇ ਸ਼ੁਕਲਾ ਕਹਿੰਦੇ ਹਨ, “ਬਾਲਾਕੋਟ ਦੇ ਸਮੇਂ, ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ਇੱਕ ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ।”

“ਪਾਕਿਸਤਾਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸਦੀ ਸਮਰੱਥਾ ਵਿੱਚ ਕੋਈ ਕਮੀ ਆਈ ਹੈ।”

ਕੰਟਰੋਲ ਰੇਖਾ ‘ਤੇ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਵਿਚਕਾਰ ਗੋਲੀਬਾਰੀ ਦੀਆਂ ਹਾਲੀਆ ਘਟਨਾਵਾਂ ਬਾਰੇ ਉਹ ਕਹਿੰਦੇ ਹਨ, “ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਹੈ। ਕੰਟਰੋਲ ਰੇਖਾ ‘ਤੇ ਤਾਇਨਾਤ ਫੌਜਾਂ ਦੇ ਹੱਥ ਬੰਨ੍ਹੇ ਨਹੀਂ ਹਨ। ਗੋਲੀਬਾਰੀ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਬਹੁਤ ਵਧ ਗਿਆ ਹੈ।”

ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਬਾਰੇ ਅਜੈ ਸ਼ੁਕਲਾ ਕਹਿੰਦੇ ਹਨ, “ਪਾਕਿਸਤਾਨ ਦੀ ਫੌਜ ਅਤੇ ਸਰਕਾਰ ਨਾਲ ਜੁੜੇ ਲੋਕਾਂ ਦੇ ਬਿਆਨਾਂ ਨੂੰ ਸਪੱਸ਼ਟ ਤੌਰ ‘ਤੇ ਲਿਆ ਜਾਣਾ ਚਾਹੀਦਾ ਹੈ। ਜੇਕਰ ਉਹ ਕਹਿ ਰਹੇ ਹਨ ਕਿ ਉਹ ਤਾਇਨਾਤ ਹਨ ਅਤੇ ਭਾਰਤ ਤੋਂ ਕਾਰਵਾਈ ਲਈ ਤਿਆਰ ਹਨ, ਤਾਂ ਇਸਦਾ ਮਤਲਬ ਹੈ ਕਿ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪਿੱਛੇ ਹਟਣ ਜਾ ਰਹੇ ਹਾਂ।”

ਜੰਮੂ-ਕਸ਼ਮੀਰ

ਤਸਵੀਰ ਸਰੋਤ, Getty Images

ਅਜੇ ਸ਼ੁਕਲਾ ਦਾ ਮੰਨਣਾ ਹੈ ਕਿ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਭਾਰਤ ਪਾਕਿਸਤਾਨ ਵਿਰੁੱਧ ਫੌਜੀ ਕਾਰਵਾਈ ਕਰੇਗਾ।

ਉਹ ਕਹਿੰਦੇ ਹਨ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਹਮਲੇ ਤੋਂ ਬਾਅਦ, ਪਾਕਿਸਤਾਨ ਅਤੇ ਭਾਰਤ ਦੋਵਾਂ ਵੱਲੋਂ ਦਿੱਤੇ ਗਏ ਸਾਰੇ ਬਿਆਨ ਇਹ ਸਪੱਸ਼ਟ ਕਰਦੇ ਹਨ ਕਿ ਭਾਰਤ ਕਾਰਵਾਈ ਕਰੇਗਾ ਅਤੇ ਇਨ੍ਹਾਂ ਮੌਤਾਂ ਦਾ ਬਦਲਾ ਲਿਆ ਜਾਵੇਗਾ।”

“ਦੋਵਾਂ ਦੇਸ਼ਾਂ ਵਿਚਕਾਰ ਫੌਜੀ ਟਕਰਾਅ ਦੀ ਸੰਭਾਵਨਾ ਵੱਧ ਗਈ ਹੈ। ਬਾਲਾਕੋਟ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਕਦੇ ਵੀ ਇੰਨਾ ਤਣਾਅ ਨਹੀਂ ਸੀ।”

ਅਜੇ ਸ਼ੁਕਲਾ ਮੁਤਾਬਕ, ਸਾਰੇ ਸੰਕੇਤ ਇਹ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਫੌਜੀ ਟਕਰਾਅ ਹੋਣ ਵਾਲਾ ਹੈ।

ਦੂਜੇ ਪਾਸੇ, ਪਾਕਿਸਤਾਨ ਦੀ ਕਾਇਦ-ਏ-ਆਜ਼ਮ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਫੌਜੀ ਮਾਮਲਿਆਂ ਦੇ ਮਾਹਰ ਡਾਕਟਰ ਸਲਮਾ ਮਲਿਕ ਕਹਿੰਦੇ ਹਨ, “ਪਾਕਿਸਤਾਨ ਵਿੱਚ ਕੋਈ ਡਰ, ਕੋਈ ਬੇਚੈਨੀ ਅਤੇ ਕੋਈ ਘਬਰਾਹਟ ਨਹੀਂ ਹੈ। ਪਾਕਿਸਤਾਨ ਆਉਣ ਵਾਲੀ ਸਥਿਤੀ ਲਈ ਤਿਆਰ ਹੈ ਅਤੇ ਇਹੀ ਰੱਖਿਆ ਮੰਤਰੀ ਦੇ ਬਿਆਨ ਦਾ ਮਤਲਬ ਸੀ।”

ਉਹ ਕਹਿੰਦੇ ਹਨ, “ਰੱਖਿਆ ਮੰਤਰੀ ਖਵਾਜ਼ਾ ਆਸਿਫ ਪਾਕਿਸਤਾਨ ਦੇ ਲੋਕਾਂ ਨੂੰ ਕਹਿ ਰਹੇ ਹਨ ਕਿ ਅਸੀਂ ਹਰ ਸਥਿਤੀ ਲਈ ਤਿਆਰ ਹਾਂ। ਜੇਕਰ ਭਾਰਤ ਦੋਸਤੀ ਦਾ ਹੱਥ ਵਧਾਉਂਦਾ ਹੈ, ਤਾਂ ਇਹ ਦੋਸਤੀ ਲਈ ਹੋਵੇਗਾ ਅਤੇ ਜੇਕਰ ਹਮਲਾ ਹੁੰਦਾ ਹੈ, ਤਾਂ ਅਸੀਂ ਉਸ ਲਈ ਵੀ ਤਿਆਰ ਰਹਾਂਗੇ।”

ਸਲਮਾ ਮਲਿਕ ਕਹਿੰਦੇ ਹਨ, “ਪਾਕਿਸਤਾਨ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣਾ ਚਾਹੁੰਦਾ ਹੈ, ਪਰ ਜੇਕਰ ਜੰਗ ਹੁੰਦੀ ਹੈ, ਤਾਂ ਉਹ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਨਹੀਂ ਸਮਝਣਾ ਚਾਹੀਦਾ ਕਿ ਪਾਕਿਸਤਾਨ ਡਰਿਆ ਹੋਇਆ ਹੈ ਜਾਂ ਘਬਰਾਇਆ ਹੋਇਆ ਹੈ, ਪਾਕਿਸਤਾਨ ਜੰਗ ਦੀ ਗੱਲ ਨਹੀਂ ਕਰ ਰਿਹਾ, ਪਾਕਿਸਤਾਨ ਕਹਿ ਰਿਹਾ ਹੈ ਕਿ ਜੇਕਰ ਭਾਰਤ ਵੱਲੋਂ ਕੋਈ ਕਾਰਵਾਈ ਹੁੰਦੀ ਹੈ, ਤਾਂ ਪਾਕਿਸਤਾਨ ਇਸਦਾ ਜਵਾਬ ਦੇਣ ਲਈ ਤਿਆਰ ਹੈ।”

ਉਹ ਕਹਿੰਦੇ ਹਨ, “ਜਦੋਂ ਬਾਲਾਕੋਟ ਹੋਇਆ, ਉਦੋਂ ਵੀ ਪਾਕਿਸਤਾਨ ਪਿੱਛੇ ਨਹੀਂ ਹਟਿਆ। ਭਾਰਤ ਜੋ ਵੀ ਕਾਰਵਾਈ ਕਰੇਗਾ, ਪਾਕਿਸਤਾਨ ਉਸੇ ਤਰ੍ਹਾਂ ਜਵਾਬ ਦੇਵੇਗਾ।”

ਅਗਲੇ ਕੁਝ ਦਿਨਾਂ ਵਿੱਚ ਸਰਹੱਦ ‘ਤੇ ਕੁਝ ਹੋ ਸਕਦਾ ਹੈ ਜਾਂ ਨਹੀਂ, ਇਸ ਦੇ ਜਵਾਬ ਵਿੱਚ, ਡਾਕਟਰ ਸਲਮਾ ਮਲਿਕ ਕਹਿੰਦੇ ਹਨ, “ਦਿੱਲੀ ਵਾਲੇ ਪਾਸੇ ਤੋਂ ਜੋ ਵੀ ਹੋ ਰਿਹਾ ਹੈ, ਸਾਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਕੁਝ ਵੀ ਹੋ ਸਕਦਾ ਹੈ। ਜੇਕਰ ਕੁਝ ਨਹੀਂ ਹੋਣਾ ਸੀ, ਤਾਂ ਇਹ ਸਭ ਕੁਝ ਨਾ ਹੁੰਦਾ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI