Home ਰਾਸ਼ਟਰੀ ਖ਼ਬਰਾਂ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਨਾਲ ਭਾਰਤ ਨੂੰ ਕਿੰਨਾ ਨੁਕਸਾਨ ਹੋ ਸਕਦਾ...

ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਨਾਲ ਭਾਰਤ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ, ਯਾਤਰੀਆਂ ਨੂੰ ਕੀ ਆਵੇਗੀ ਮੁਸ਼ਕਲ

4
0

Source :- BBC PUNJABI

ਏਅਰ ਸਪੇਸ ਬੰਦ ਹੋਣ ਕਰਕੇ ਉਡਾਣਾਂ ਨੂੰ ਵਧੇਰੇ ਸਮਾਂ ਲੱਗੇਗਾ

ਤਸਵੀਰ ਸਰੋਤ, Getty Images

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ ਕੁਝ ਸਖ਼ਤ ਕਦਮ ਚੁੱਕੇ ਹਨ।

ਇਸ ਉੱਤੇ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਕੁਝ ਫ਼ੈਸਲੇ ਲਏ ਹਨ।

ਇਨ੍ਹਾਂ ਵਿੱਚੋਂ ਇੱਕ ਹੈ ਪਾਕਿਸਤਾਨ ਦਾ ਭਾਰਤੀ ਏਅਰਲਾਈਨ ਕੰਪਨੀਆਂ ਦੇ ਲਈ ਆਪਣਾ ਏਅਰਸਪੇਸ ਬੰਦ ਕਰਨਾ।

ਇਸ ਦਾ ਮਤਲਬ ਇਹ ਹੈ ਕਿ ਭਾਰਤੀ ਪਲੇਨ ਹੁਣ ਪਾਕਿਸਤਾਨ ਦੇ ਉੱਤੋਂ ਉੱਡ ਕੇ ਦੂਜੇ ਦੇਸ਼ ਨਹੀਂ ਜਾ ਸਕਣਗੇ

22 ਅਪ੍ਰੈਲ ਨੂੰ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਹਜ਼ ‘ਇੰਡੀਆ ਵਨ’ ਦਿੱਲੀ ਤੋਂ ਜੇਦਾਹ ਪਹੁੰਚਿਆ ਤਾਂ ਉਸ ਨੇ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕੀਤੀ।

ਹਾਲਾਂਕਿ, ਉਸੇ ਦਿਨ ਜੰਮੂ-ਕਸ਼ਕੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਦੇ ਬਾਅਦ, ਇੰਡੀਆ ਵਨ ਨੇ ਪਾਕਿਸਤਾਨੀ ਹਵਾਈ ਖੇਤਰ ਦੀ ਬਜਾਏ ਅਰਬ ਸਾਗਰ ਦੇ ਰਸਤੇ ਜੇਦਾਹ ਤੋਂ ਦਿੱਲੀ ਪਰਤਣ ਦਾ ਬਦਲ ਚੁਣਿਆ।

ਸ਼ਾਇਦ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਸੀ ਕਿ ਅੱਗੇ ਕੀ ਹੋਣ ਵਾਲਾ ਹੈ।

ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ, ਜੋ ਭਾਰਤ ਵੱਲੋਂ ਸਿੰਧ ਜਲ ਸੰਧੀ (ਪਾਣੀ ਦੀ ਬਰਾਬਰ ਵੰਡ ਲਈ ਸੰਧੀ) ਨੂੰ ਮੁਅੱਤਲ ਕਰਨ ਅਤੇ ਹੋਰ ਪਾਬੰਦੀਆਂ ਦੇ ਇਲਾਵਾ ਅਟਾਰੀ ਬਾਰਡਰ ਨੂੰ ਬੰਦ ਕਰਨ ਦੇ ਜਵਾਬ ਵਿੱਚ ਹੈ।

ਭਾਰਤ ਨੇ ਅਜੇ ਤੱਕ ਇਸ ਮੁੱਦੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਹਵਾਈ ਖੇਤਰ

ਤਸਵੀਰ ਸਰੋਤ, flightradar24

ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਕਿਹਾ ਹੈ ਕਿ ਪਾਕਿਸਤਾਨ ਹਵਾਈ ਖੇਤਰ ਸਾਰੇ ਭਾਰਤੀ ਰਜਿਸਟਰਡ ਜਹਾਜ਼ਾਂ ਅਤੇ ਭਾਰਤੀ ਏਅਰਲਾਈਨਾਂ ਜਾਂ ਅਪਰੇਟਰਾਂ ਵੱਲੋਂ ਸੰਚਾਲਿਤ, ਮਾਲਕੀ ਵਾਲੇ ਜਾਂ ਲੀਜ਼ ‘ਤੇ ਲਏ ਗਏ ਜਹਾਜ਼ਾਂ ਲਈ ਉਪਲੱਬਧ ਨਹੀਂ ਹੋਵੇਗਾ।

ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਅੱਗੇ ਕਿਹਾ ਕਿ ਇਹ ਫ਼ੈਸਲਾ ਭਾਰਤੀ ਫੌਜੀ ਉਡਾਣਾਂ ‘ਤੇ ਵੀ ਲਾਗੂ ਹੋਵੇਗਾ।

ਹਵਾਈ ਆਵਾਜਾਈ ਦੇ ਅੰਕੜੇ ਉਪਲੱਬਧ ਕਰਾਉਣ ਵਾਲੀ ਵੈੱਬਸਾਈਟ ‘ਫਲਾਈਟ ਰਡਾਰ 24’ ਅਨੁਸਾਰ, ਪਾਕਿਸਤਾਨੀ ਐਲਾਨ ਦੇ ਬਾਅਦ ਕੁਝ ਭਾਰਤੀ ਉਡਾਣਾਂ ‘ਤੇ ਸਭ ਤੋਂ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ, ਜਿਵੇਂ ਦਿੱਲੀ ਤੋਂ ਜਰਮਨੀ, ਟੋਰਾਂਟੋ ਤੋਂ ਦਿੱਲੀ ਅਤੇ ਕੁਵੈਤ ਤੋਂ ਬੈਂਗਲੁਰੂ।

ਐਲਾਨ ਦੇ ਸਮੇਂ ਦੋ ਭਾਰਤੀ ਉਡਾਣਾਂ (ਸ਼ਾਰਜਾਹ ਤੋਂ ਅਹਿਮਦਾਬਾਦ ਅਤੇ ਅੰਮ੍ਰਿਤਸਰ ਤੋਂ ਦੁਬਈ) ਪਾਕਿਸਤਾਨੀ ਹਵਾਈ ਖੇਤਰ ਵਿੱਚ ਸਨ ਅਤੇ ਉਨ੍ਹਾਂ ਨੂੰ ਉਡਾਣ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ ਸੀ।

 ਏਅਰਲਾਈਜ਼ ਦੇ ਲਈ ਪਾਕਿਸਤਾਨੀ ਏਅਰਸਪੇਸ ਮਹੱਤਵਪੂਰਨ ਹੈ

ਤਸਵੀਰ ਸਰੋਤ, Getty Images

ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਕੂਟਨੀਤਕ ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਜੰਮੂ ਕਸ਼ਮੀਰ ਦੇ ਇੱਕ ਹਰਮਨਪਿਆਰੇ ਸੈਲਾਨੀ ਸਥਾਨ ਪਹਿਲਗਾਮ ਵਿੱਚ ਬੰਦੂਕਧਾਰੀਆਂ ਨੇ 26 ਲੋਕਾਂ ਦੀ ਹੱਤਿਆ ਕਰ ਦਿੱਤੀ।

ਇਹ 2008 ਦੇ ਮੁੰਬਈ ਹਮਲਿਆਂ ਦੇ ਬਾਅਦ ਭਾਰਤ ਵਿੱਚ ਨਾਗਰਿਕਾਂ ‘ਤੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਹੈ।

ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਉੱਤੇ ਸਵਾਲ ਖੜੇ ਕੀਤੇ ਹਨ, ਪਰ ਪੁਲਿਸ ਨੇ ਤਿੰਨ ਕਥਿਤ ਹਮਲਾਵਰਾਂ ਦੇ ਸਕੈੱਚ ਜਾਰੀ ਕੀਤੇ ਹਨ ਅਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਨਾਗਰਿਕ ਹਨ।

ਬੇਸ਼ੱਕ ਭਾਰਤੀ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕੋਈ ਸਬੂਤ ਜਾਂ ਬਿਓਰਾ ਜਾਰੀ ਨਹੀਂ ਕੀਤਾ ਹੈ, ਪਰ ਇਸਲਾਮਾਬਾਦ ਨੇ ਅਜਿਹੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਜਦੋਂਕਿ ਪਾਕਿਸਤਾਨ ਪਣ ਬਿਜਲੀ ਅਤੇ ਖੇਤੀ ਜ਼ਰੂਰਤਾਂ ਲਈ ਨਦੀਆਂ ਦੇ ਵਹਾਅ ਲਈ ਭਾਰਤ ‘ਤੇ ਨਿਰਭਰ ਹੈ, ਕਈ ਭਾਰਤੀ ਸ਼ਹਿਰਾਂ ਤੋਂ ਯੂਰਪ, ਅਮਰੀਕਾ ਅਤੇ ਮੱਧ ਪੂਰਬ ਲਈ ਉਡਾਣਾਂ ਆਮਤੌਰ ‘ਤੇ ਪਾਕਿਸਤਾਨ ਹਵਾਈ ਖੇਤਰ ਦੀ ਵਰਤੋਂ ਕਰਦੀਆਂ ਹਨ।

ਭਾਰਤੀ ਏਅਰਲਾਈਨਾਂ ਲਈ ਪਾਕਿਸਤਾਨੀ ਹਵਾਈ ਖੇਤਰ ਕਿਉਂ ਮਹੱਤਵਪੂਰਨ ਹੈ?

ਹਵਾਈ ਖੇਤਰ

ਤਸਵੀਰ ਸਰੋਤ, flightradar24

ਏਅਰਲਾਈਨਾਂ ਕਿਸੇ ਵੀ ਦੇਸ਼ ਦੇ ਉੱਪਰ ਤੋਂ ਉਡਾਣ ਭਰਨ ਲਈ ‘ਓਵਰਫਲਾਈਟ ਫੀਸ’ ਨਾਂ ਦੀ ਡਿਊਟੀ ਦਾ ਭੁਗਤਾਨ ਕਰਦੀਆਂ ਹਨ।

ਜਿਸ ਪ੍ਰਕਾਰ ਕਿਸੇ ਵੀ ਦੇਸ਼ ਨੂੰ ਆਪਣੀ ਜ਼ਮੀਨ ‘ਤੇ ਅਧਿਕਾਰ ਹੁੰਦਾ ਹੈ, ਉਸੇ ਤਰ੍ਹਾਂ ਉਸ ਦਾ ਆਪਣੇ ਹਵਾਈ ਖੇਤਰ ‘ਤੇ ਵੀ ਮਾਲਕਾਨਾ ਹੱਕ ਹੁੰਦਾ ਹੈ।

ਜ਼ਿਆਦਾਤਰ ਦੇਸ਼ ਆਪਣੇ ਹਵਾਈ ਖੇਤਰ ਨੂੰ ਵਿਦੇਸ਼ੀ ਏਅਰਲਾਈਨਾਂ ਨੂੰ ‘ਕਿਰਾਏ’ ‘ਤੇ ਦਿੰਦੇ ਹਨ ਅਤੇ ਉਹ ਏਅਰਲਾਈਨਾਂ ਉਸ ਖੇਤਰ ਤੋਂ ਉਡਾਣ ਭਰ ਸਕਦੀਆਂ ਹਨ।

ਕੁਝ ਦੇਸ਼ ਹਵਾਈ ਟਰੈਫਿਕ ਕੰਟਰੋਲ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ। ਫੀਸ ਦਾ ਕੁਝ ਹਿੱਸਾ ਇਨ੍ਹਾਂ ਸੇਵਾਵਾਂ ਲਈ ਵੀ ਹੈ।

ਹੋਰ ਦੇਸ਼ਾਂ ਦੀ ਤਰ੍ਹਾਂ ਏਅਰਲਾਈਨਾਂ ਤੋਂ ਪ੍ਰਾਪਤ ਇਹ ਹਵਾਈ ਕਿਰਾਏ ਪਾਕਿਸਤਾਨ ਲਈ ਆਮਦਨ ਦਾ ਇੱਕ ਸਰੋਤ ਹਨ।

ਪਾਕਿਸਤਾਨ ਵਿਦੇਸ਼ੀ ਜਹਾਜ਼ਾਂ ਲਈ ਉਡਾਣ ਫੀਸ ਉਡਾਣ ਦੇ ਸਮੇਂ, ਉਨ੍ਹਾਂ ਦੇ ਵਜ਼ਨ ਅਤੇ ਤੈਅ ਕੀਤੀ ਗਈ ਦੂਰੀ (ਕਿਲੋਮੀਟਰ) ਦੇ ਆਧਾਰ ‘ਤੇ ਤੈਅ ਕਰਦਾ ਹੈ।

ਕਦੇ-ਕਦੇ ਏਅਰਲਾਈਨਾਂ ਇਸ ਪ੍ਰਕਾਰ ਦੀ ਫੀਸ ਤੋਂ ਬਚਣ ਲਈ ਲੰਬੇ ਮਾਰਗ ਵੀ ਅਪਣਾਉਂਦੀਆਂ ਹਨ। ਪਰ ਕਿਸੇ ਹਵਾਈ ਖੇਤਰ ਤੋਂ ਬਚਣਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਇਹ ਕਿਸੇ ਦੇਸ਼ ਦੇ ਆਕਾਰ ਤੋ ਵੀ ਵੱਡਾ ਹੋ ਸਕਦਾ ਹੈ।

ਉਦਾਹਰਣ ਲਈ ਅਮਰੀਕੀ ਹਵਾਈ ਖੇਤਰ ਫਿਲਿਪੀਨਜ਼ ਤੱਕ ਫੈਲਿਆ ਹੋਇਆ ਹੈ, ਪਰ ਸਮੁੰਦਰ ਦੇ ਉੱਪਰ ਉਡਾਣ ਭਰਨਾ ਜ਼ਮੀਨ ਦੇ ਉੱਪਰ ਉਡਾਣ ਭਰਨ ਤੋਂ ਸਸਤਾ ਹੈ।

ਕਤਰ ਏਅਰਵੇਜ਼ ਦਾ ਜਹਾਜ਼

ਬੇਸ਼ੱਕ ਜਲ ਮਾਰਗ ਤੋਂ ਉਡਾਣ ਭਰਨ ਵਿੱਚ ਲਾਗਤ ਘੱਟ ਆਉਂਦੀ ਹੈ, ਫਿਰ ਵੀ ਕੁਝ ਏਅਰਲਾਈਨਾਂ ਨੂੰ ਅਮਰੀਕਾ ਨੂੰ ਭੁਗਤਾਨ ਕਰਨਾ ਪੈਂਦਾ ਹੈ, ਭਾਵੇਂ ਉਹ ਸਿਰਫ਼ ਆਸਟਰੇਲੀਆ ਤੋਂ ਜਪਾਨ ਤੱਕ ਉਡਾਣ ਭਰ ਰਹੀਆਂ ਹੋਣ।

ਇਸ ਪ੍ਰਕਾਰ ਭਾਰਤ ਤੋਂ ਮੱਧ ਅਤੇ ਪੱਛਮੀ ਏਸ਼ੀਆ, ਯੂਰਪ, ਬ੍ਰਿਟੇਨ ਅਤੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਆਮਤੌਰ ‘ਤੇ ਅਰਬ ਸਾਗਰ ਜਾਂ ਮੱਧ ਏਸ਼ੀਆ ਦੇ ਲੰਬੇ ਮਾਰਗ ਦੀ ਬਜਾਏ ਪਾਕਿਸਤਾਨੀ ਹਵਾਈ ਖੇਤਰ ਦਾ ਉਪਯੋਗ ਕਰਦੀਆਂ ਹਨ।

ਜਦੋਂ ਭਾਰਤੀ ਏਅਰਲਾਈਨ ਕੰਪਨੀਆਂ ਵਿਕਲਪਿਕ ਮਾਰਗ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ ਦੀ ਲਾਗਤ, ਜਿਵੇਂ ਈਂਧਣ ਲਾਗਤ ਵਧ ਜਾਂਦੀ ਹੈ।

ਪਾਕਿਸਤਾਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕਰਨ ਦੇ ਬਾਅਦ ਭਾਰਤ ਤੋਂ ਪੱਛਮੀ ਮਾਰਗ ਦਾ ਉਪਯੋਗ ਕਰਨ ਵਾਲੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ, ਏਅਰ ਇੰਡੀਆ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਸ ਕਦਮ ਨਾਲ ‘ਉੱਤਰੀ ਅਮਰੀਕਾ, ਬ੍ਰਿਟੇਨ, ਯੂਰਪ ਅਤੇ ਮੱਧ ਪੂਰਬ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਵਿਕਲਪਿਕ ਲੰਬੀ ਦੂਰੀ ਦੇ ਮਾਰਗਾਂ ਦਾ ਉਪਯੋਗ ਕਰਨ ਲਈ ਮਜਬੂਰ ਹੋਣਾ ਪਵੇਗਾ।

ਏਅਰ ਇੰਡੀਆ ਦਾ ਕਹਿਣਾ ਹੈ ਕਿ ਹਵਾਈ ਖੇਤਰ ਦਾ ਅਪ੍ਰਤੱਖ ਰੂਪ ਨਾਲ ਬੰਦ ਹੋਣਾ ‘ਸਾਡੇ ਕੰਟਰੋਲ ਤੋਂ ਬਾਹਰ ਹੈ” ਅਤੇ ”ਏਅਰ ਇੰਡੀਆ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕਰਦਾ ਹੈ।”

ਇਸ ਵਿਚਕਾਰ ਭਾਰਤੀ ਏਅਰਲਾਈਨ ਇੰਡੀਗੋ ਦਾ ਕਹਿਣਾ ਹੈ ਕਿ ਪਾਕਿਸਤਾਨੀ ਹਵਾਈ ਖੇਤਰ ਦੇ ਅਚਾਨਕ ਬੰਦ ਹੋਣ ਨਾਲ ”ਸਾਡੀਆਂ ਕੁਝ ਅੰਤਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।”

ਭਾਰਤ ਵਲੋਂ ਲਏ ਗਏ ਫ਼ੈਸਲੇ
ਇਹ ਵੀ ਪੜ੍ਹੋ-

ਦੋਵੇਂ ਏਅਰਲਾਈਨਾਂ ਨੇ ਗਾਹਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਉਡਾਣ ਇਸ ਸਮੱਸਿਆ ਨਾਲ ਪ੍ਰਭਾਵਿਤ ਹੁੰਦੀ ਹੈ ਤਾਂ ਉਹ ਪੈਸਾ ਵਾਪਸ ਲੈਣ ਦਾ ਦਾਅਵਾ ਕਰ ਸਕਦੇ ਹਨ।

ਹਵਾਈ ਸੇਵਾ ”ਸੀਰੀਅਮ’ ਨੇ ਭਾਰਤੀ ਨਿਊਜ਼ ਵੈੱਬਸਾਈਟ ਲਾਈਵਮਿੰਟ ਨੂੰ ਦੱਸਿਆ ਹੈ ਕਿ ਇਸ ਕਦਮ ਦਾ ਸਭ ਤੋਂ ਜ਼ਿਆਦਾ ਅਸਰ ਏਅਰ ਇੰਡੀਆ ਅਤੇ ਦਿੱਲੀ ਏਅਰਪੋਰਟ ‘ਤੇ ਪਏਗਾ।

ਇਸ ਦੇ ਅੰਕੜਿਆਂ ਦੇ ਅਨੁਸਾਰ, ਏਅਰ ਇੰਡੀਆ ਦਿੱਲੀ ਤੋਂ ਯੂਰਪ ਅਤੇ ਉੱਤਰੀ ਅਮਰੀਕਾ ਲਈ ਹਰ ਹਫ਼ਤੇ 134 ਉਡਾਣਾਂ ਸੰਚਾਲਿਤ ਕਰਦੀ ਹੈ ਜੋ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਦੀਆਂ ਹਨ।

ਸੀਰੀਅਮ ਦੇ ਅਨੁਸਾਰ, ਦਿੱਲੀ ਹਵਾਈ ਅੱਗੇ ਤੋਂ ਸਾਉਦੀ ਅਰਬ, ਸੰਯੁਕਤ ਅਰਬ ਅਮੀਰਾਤ, ਓਮਾਨ, ਕੁਵੈਤ, ਕਤਰ ਅਤੇ ਬਹਿਰੀਨ ਲਈ ਪ੍ਰਤੀ ਹਫ਼ਤਾ 144 ਉਡਾਣਾਂ ਰਵਾਨਾ ਹੁੰਦੀਆਂ ਹਨ ਅਤੇ ਇਹ ਵੀ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਦੀਆਂ ਹਨ।

ਪਾਕਿਸਤਾਨ ਵਲੋਂ ਲਏ ਗਏ ਫ਼ੈਸਲੇ

ਇਸ ਦਾ ਮਤਲਬ ਇਹ ਹੈ ਕਿ ਇੱਕ ਅਨੁਮਾਨ ਦੇ ਮੁਤਾਬਿਕ ਇੱਕ ਹਫ਼ਤੇ ਵਿੱਚ ਦਿੱਲੀ ਏਅਰਪੋਰਟ ‘ਤੇ ਲਗਭਗ 300 ਉਡਾਣਾਂ ਪ੍ਰਭਾਵਿਤ ਹੋਣਗੀਆਂ ਜਿਸ ਵਿੱਚ ਲਾਗਤ ਵਿੱਚ ਵਾਧੇ ਦੇ ਨਾਲ ਨਾਲ ਉਡਾਣਾਂ ਦੇ ਆਉਣ ਅਤੇ ਜਾਣ ਦੇ ਸਮੇਂ ਵਿੱਚ ਵੀ ਤਬਦੀਲੀ ਆਉਣੀ ਸ਼ਾਮਲ ਹੈ।

ਇਹ ਧਿਆਨ ਦੇਣ ਯੋਗ ਗੱਲ ਹੈ ਕਿ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਸਿਰਫ਼ ਭਾਰਤੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਵਿਦੇਸ਼ੀ ਏਅਰਲਾਈਨਜ਼ ਅਜੇ ਵੀ ਪਾਕਿਸਤਾਨੀ ਹਵਾਈ ਖੇਤਰ ਦਾ ਉਪਯੋਗ ਕਰ ਸਕਦੀਆਂ ਹਨ।

2019 ਵਿੱਚ ਹਵਾਈ ਖੇਤਰ ਬੰਦ ਹੋਣ ਨਾਲ ਪਾਕਿਸਤਾਨ ਅਤੇ ਭਾਰਤ ਨੂੰ ਕਿੰਨਾ ਨੁਕਸਾਨ ਹੋਇਆ?

ਹਵਾਈ ਖੇਤਰ

ਤਸਵੀਰ ਸਰੋਤ, flightradar24

2019 ਦਾ ਪਾਕਿਸਤਾਨ-ਭਾਰਤ ਤਣਾਅ ਹਵਾਈ ਖੇਤਰ ਬੰਦ ਕਰਨ ਦਾ ਇੱਕ ਉਦਾਹਰਨ ਹੈ।

ਫਰਵਰੀ, 2019 ਵਿੱਚ ਭਾਰਤ ਨੇ ਦਾਅਵਾ ਕੀਤਾ ਕਿ ਉਸ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਅਰਧ ਸੈਨਿਕ ਬਲਾਂ ‘ਤੇ ਹਮਲੇ ਦੇ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿੱਚ ਇੱਕ ਅੱਤਵਾਦੀ ਟਿਕਾਣੇ ‘ਤੇ ਹਵਾਈ ਹਮਲਾ ਕੀਤਾ ਸੀ।

ਜਦੋਂਕਿ ਇੱਕ ਪਾਕਿਸਤਾਨ ਨੇ ਭਾਰਤੀ ਲੜਾਕੂ ਜਹਾਜ਼ ਨੂੰ ਡੇਗਣ ਦਾ ਦਾਅਵਾ ਕੀਤਾ ਸੀ।

ਉਸ ਸਾਲ ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਲਗਭਗ ਪੰਜ ਮਹੀਨੇ (ਫਰਵਰੀ ਤੋਂ ਜੁਲਾਈ) ਤੱਕ ਬੰਦ ਕਰ ਦਿੱਤਾ ਸੀ, ਜਿਸ ਨਾਲ ਭਾਰਤ ਦੀ ਰਾਸ਼ਟਰੀ ਏਅਰਲਾਈਨ, ਏਅਰ ਇੰਡੀਆ ਅਤੇ ਹੋਰ ਭਾਰਤੀ ਏਅਰਲਾਈਨਾਂ ਨੂੰ ਵੱਡਾ ਨੁਕਸਾਨ ਹੋਇਆ ਸੀ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਪਾਕਿਸਤਾਨ ਇੱਕ ਮਹੱਤਵਪੂਰਨ ਜਹਾਜ਼ ਗਲਿਆਰਾ ਹੈ। ਪਾਕਿਸਤਾਨੀ ਹਵਾਈ ਖੇਤਰ ਤੋਂ ਲੰਘਣ ਵਾਲੀਆਂ ਭਾਰਤੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਹੋਰ ਉਡਾਣਾਂ ਦਾ ਮਾਰਗ ਬਦਲਣਾ ਪਿਆ।

2019 ਵਿੱਚ ਭਾਰਤ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੰਸਦ ਨੂੰ ਦੱਸਿਆ ਕਿ ਏਅਰ ਇੰਡੀਆ, ਸਪਾਈਸਜੈੱਟ, ਇੰਡੀਗੋ ਅਤੇ ਗੋਏਅਰ ਵਰਗੀਆਂ ਭਾਰਤੀ ਏਅਰਲਾਈਨਾਂ ਨੂੰ ਪਾਕਿਤਸਾਨੀ ਹਵਾਈ ਖੇਤਰ ਬੰਦ ਹੋਣ ਦੇ ਕਾਰਨ 80 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।

ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਇਸ ‘ਇੱਕਪਾਸੜ’ ਕਦਮ ਨਾਲ ਏਅਰ ਇੰਡੀਆ ਨੂੰ 491 ਕਰੋੜ ਰੁਪਏ, ਇੰਡੀਗੋ ਨੂੰ 25.1 ਕਰੋੜ ਰੁਪਏ, ਸਪਾਈਸਜੈੱਟ ਨੂੰ 30.73 ਕਰੋੜ ਰੁਪਏ ਅਤੇ ਗੋਏਅਰ ਨੂੰ 2.1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਸ ਦੇ ਇਲਾਵਾ ਉਨ੍ਹਾਂ ਨੇ ਦਸੰਬਰ 2019 ਵਿੱਚ ਕਿਹਾ ਕਿ ਇਸ ਫ਼ੈਸਲੇ ਨਾਲ ਯਾਤਰਾ ਦਾ ਸਮਾਂ ਵੱਧ ਗਿਆ ਹੈ, ਉਪਭੋਗਤਾਵਾਂ ਲਈ ਟਿਕਟ ਜ਼ਿਆਦਾ ਮਹਿੰਗੇ ਹੋ ਗਏ ਹਨ ਅਤੇ ਹਵਾਈ ਆਵਾਜਾਈ ਕੰਟਰੋਲਰਾਂ ਦਾ ਬੋਝ ਵੱਧ ਗਿਆ ਹੈ।

ਇਸ ਦੌਰਾਨ ਅੰਤਰਾਸ਼ਟਰੀ ਏਅਰਲਾਈਨ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਉਦਾਹਰਨ ਲਈ ਅਮਰੀਕੀ ਕੰਪਨੀ ਯੂਨਾਈਟਿਡ ਏਅਰਲਾਈਨਜ਼ ਨੇ ਹਵਾਈ ਖੇਤਰ ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਸੰਯੁਕਤ ਰਾਜ ਅਮਰੀਕਾ ਤੋਂ ਦਿੱਲੀ ਅਤੇ ਮੁੰਬਈ ਲਈ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ ।

ਏਅਰ ਇੰਡੀਆ

ਤਸਵੀਰ ਸਰੋਤ, Getty Images

ਇਸ ਕਦਮ ਨਾਲ ਸਪੱਸ਼ਟ ਤੌਰ ‘ਤੇ ਭਾਰਤ ਦੀ ਏਅਰਲਾਈਨ ਏਅਰ ਇੰਡੀਆ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਜੁਲਾਈ ਵਿੱਚ ਜਦੋਂ ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਮੁੜ ਖੋਲ੍ਹਿਆ ਤਾਂ ਉਸ ਸਮੇਂ ਏਅਰ ਇੰਡੀਆ ਦੇ ਸੰਚਾਲਨ ਡਾਇਰੈਕਟਰ ਕੈਪਟਨ ਅਮਿਤਾਭ ਸਿੰਘ ਨੂੰ ਕਿਹਾ ਸੀ ਕਿ ਹੁਣ ਭਾਰਤੀ ਉਡਾਣਾਂ ਨਾਲ ਸਮੇਂ ਅਤੇ ਈਂਧਣ ਦੀ ਬੱਚਤ ਹੋਵੇਗੀ।

ਭਾਰਤੀ ਨਿਊਜ਼ ਏਜੰਸੀ ਏਐੱਨਆਈ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ,”ਪਾਕਿਸਤਾਨੀ ਹਵਾਈ ਖੇਤਰ ਖੁੱਲ੍ਹਣ ਨਾਲ ਭਾਰਤ ਤੋਂ ਯੂਰਪ ਅਤੇ ਭਾਰਤ ਤੋਂ ਅਮਰੀਕਾ ਲਈ ਉਡਾਣਾਂ ਦਾ ਸਮਾਂ ਡੇਢ ਤੋਂ ਦੋ ਘੰਟੇ ਘੱਟ ਹੋ ਜਾਵੇਗਾ। ਸਾਡੀ ਈਂਧਣ ਦੀ ਖਪਤ ਘੱਟ ਹੋਵੇਗੀ। ਖਰਚਿਆਂ ਵਿੱਚ ਵੱਡੀ ਕਮੀ ਆਵੇਗੀ।”

ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਨਾਲ ਉਸ ਨੂੰ ਰੋਜ਼ਾਨਾ 60 ਮਿਲੀਅਨ ਰੁਪਏ ਦਾ ਨੁਕਸਾਨ ਹੋਇਆ ਹੈ।

ਪਰ ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਕਦਮ ਪਾਕਿਸਤਾਨ ਨੂੰ ਮਹਿੰਗਾ ਵੀ ਪਿਆ।

ਜੁਲਾਈ 2019 ਨੂੰ ਤਤਕਾਲੀ ਪਾਕਿਸਤਾਨੀ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਕਿ ਫਰਵਰੀ ਤੋਂ 18 ਜੁਲਾਈ ਤੱਕ ਹਵਾਈ ਖੇਤਰ ਪਾਬੰਦੀਆਂ ਕਾਰਨ ਪਾਕਿਸਤਾਨੀ ਸ਼ਹਿਰੀ ਹਵਾਬਾਜ਼ੀ ਨੂੰ 8.5 ਅਰਬ ਰੁਪਏ (50 ਮਿਲੀਅਨ ਡਾਲਰ) ਦਾ ਨੁਕਸਾਨ ਹੋਇਆ ਹੈ।

ਨਾਗਰਿਕ ਹਵਾਬਾਜ਼ੀ ਹੈੱਡਕੁਆਰਟਰ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਜਹਾਜ਼ ਉਦਯੋਗ ਲਈ ਵੱਡਾ ਨੁਕਸਾਨ ਹੈ, ਪਰ ਭਾਰਤ ਇਸ ਪਾਬੰਦੀ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਭਾਰਤ ਦਾ ਨੁਕਸਾਨ ਦੁਹਰਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI