Home ਰਾਸ਼ਟਰੀ ਖ਼ਬਰਾਂ ਨੱਕ ਤੋਂ ਦਿਮਾਗ਼ ਤੱਕ: ਬਦਬੂ ਦਾ ਸਾਡੇ ਸਰੀਰ ‘ਤੇ ਕੀ ਅਸਰ ਹੋ...

ਨੱਕ ਤੋਂ ਦਿਮਾਗ਼ ਤੱਕ: ਬਦਬੂ ਦਾ ਸਾਡੇ ਸਰੀਰ ‘ਤੇ ਕੀ ਅਸਰ ਹੋ ਸਕਦਾ ਹੈ

4
0

Source :- BBC PUNJABI

ਬਦਬੂ

ਤਸਵੀਰ ਸਰੋਤ, Serenity Strull/ BBC/ Getty Images

ਤੁਹਾਡੇ ਵੱਲ ਆਉਂਦੀ ਹੋਈ ਬਦਬੂ ਸਿਰਫ਼ ਤੁਹਾਨੂੰ ਉਲਟੀ ਜਿਹਾ ਹੀ ਮਹਿਸੂਸ ਨਹੀਂ ਕਰਾਉਂਦੀ, ਇਹ ਤੁਹਾਡੇ ਸਰੀਰ ਅਤੇ ਦਿਮਾਗ਼ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਐਲਨ ਕਾਰਨਰ ਲਈ, ਗਰਮੀਆਂ ਦੇ ਦਿਨਾਂ ਵਿੱਚ ਆਪਣੇ ਬਾਗ਼ ਵਿੱਚ ਕਦਮ ਰੱਖਣਾ ਅਸਹਿਣਯੋਗ ਹੋ ਸਕਦਾ ਹੈ। ਉਹ ਇਸ ਨੂੰ “ਖੁੱਲ੍ਹੇ ਕੂੜੇ ਦੇ ਟਰੱਕ ਦੇ ਪਿੱਛੇ ਚੱਲਣ” ਵਰਗਾ ਦੱਸਦੀ ਹੈ।

ਇੰਗਲੈਂਡ ਦੇ ਵੈਸਟਬਰੀ ਸ਼ਹਿਰ ਵਿੱਚ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਬੰਦ ਰੱਖਣ ਦੇ ਬਾਵਜੂਦ, ਰਿਟਾਇਰਡ ਅਧਿਆਪਕ ਕਾਰਨਰ ਕਹਿੰਦੀ ਹੈ ਕਿ ਨੇੜਲੇ ਵੇਸਟ ਟ੍ਰੀਟਮੈਂਟ ਪਲਾਂਟ ਤੋਂ ਆਉਣ ਵਾਲੀ ਜੀਅ ਘਬਰਾ ਦੇਣ ਵਾਲੀ ਬਦਬੂ ਤੋਂ ਉਹ ਅਕਸਰ ਬਚ ਨਹੀਂ ਸਕਦੀ।

ਕਾਰਨਰ ਨੇ ਕਿਹਾ, “ਅਸੀਂ ਆਪਣੇ ਬਾਗ਼ ਦਾ ਇਸਤੇਮਾਲ ਨਹੀਂ ਕਰ ਸਕਦੇ ਜਾਂ ਟਹਿਲਣ ਨਹੀਂ ਜਾ ਸਕਦੇ, ਤੁਹਾਨੂੰ ਲੱਗਦਾ ਹੈ ਜਿਵੇਂ ਤੁਹਾਨੂੰ ਉਲਟੀ ਆ ਜਾਏਗੀ।”

ਕਦੇ ਨਾ ਕਦੇ, ਅਸੀਂ ਸਾਰਿਆਂ ਨੇ ਹੀ ਕੂੜਾ ਸੁੱਟਣ ਵੇਲੇ ਸੜਦੇ ਹੋਏ ਕੂੜੇ ਦੀ ਬਦਬੂ ਮਹਿਸੂਸ ਕੀਤੀ ਹੈ, ਕੂੜੇ ਦੇ ਢੇਰ ਕੋਲੋਂ ਲੰਘਦੇ ਹੋਏ ਜਾਂ ਕਿਸੇ ਫੈਕਟਰੀ ਤੋਂ ਆਉਂਦੀ ਗੰਦੀ ਬਦਬੂ ਦਾ ਸਾਹਮਣਾ ਕੀਤਾ ਹੈ।

ਜ਼ਰਾ ਸੋਚੋ, ਜੇ ਤੁਹਾਨੂੰ ਲਗਾਤਾਰ ਇਸ ਤਰ੍ਹਾਂ ਦੀ ਬਦਬੂ ਨਾਲ ਰਹਿਣਾ ਪਏ, ਤਾਂ ਕੀ ਹੋਵੇਗਾ?

ਫਿਰ ਵੀ ਅਸੀਂ ਇਸ ਤਰ੍ਹਾਂ ਦੇ ‘ਬਦਬੂ ਪ੍ਰਦੂਸ਼ਣ’ ਦੇ ਸਿਹਤ ਉੱਤੇ ਪ੍ਰਭਾਵ ਬਾਰੇ ਬਹੁਤ ਘੱਟ ਧਿਆਨ ਦਿੰਦੇ ਹਾਂ। ਗੰਦੀ ਬਦਬੂ ਨੂੰ ਅਕਸਰ ਨਿੱਜੀ ਜਾਂ ਛੋਟੀ ਸਮੱਸਿਆ ਮੰਨ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਔਰਤ

ਤਸਵੀਰ ਸਰੋਤ, Getty Images

ਇਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਲੰਮੇ ਸਮੇਂ ਤੱਕ ਰਹਿ ਸਕਦੇ ਹਨ।

ਵਧ ਰਹੀ ਖੋਜ ਇਹ ਸਮਝਣ ਵਿੱਚ ਮਦਦ ਕਰ ਰਹੀ ਹੈ ਕਿ ਮਹਿਕ ਸਾਡੇ ਸਰੀਰ ਅਤੇ ਦਿਮਾਗ ਦੀ ਸਿਹਤ ਵਿੱਚ ਹੈਰਾਨੀਜਨਕ ਤੌਰ ‘ਤੇ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਖ਼ਤਰੇ ਦੀ ਬਦਬੂ

ਔਰਤ

ਤਸਵੀਰ ਸਰੋਤ, Getty Images

ਸੁੰਘਣ ਦੀ ਸਮਰੱਥਾ ਹਿੱਸੇ ਵਿੱਚ ਇੱਕ ਸ਼ੁਰੂਆਤੀ ਚੇਤਾਵਨੀ ਸੰਕੇਤ ਵਜੋਂ ਵਿਕਸਿਤ ਹੋਈ ਹੈ, ਤਾਂ ਜੋ ਅਸੀਂ ਬੀਮਾਰ ਜਾਂ ਸੰਕਰਮਿਤ ਹੋਣ ਤੋਂ ਬਚ ਸਕੀਏ। ਜੋ ਚੀਜ਼ ਸੜੀ ਹੋਈ ਬਦਬੂ ਦਿੰਦੀ ਹੈ, ਉਸ ਵਿੱਚ ਅਕਸਰ ਹਾਨੀਕਾਰਕ ਬੈਕਟੀਰੀਆ ਹੁੰਦੇ ਹਨ।

ਸਵੀਡਨ ਦੇ ਸਟਾਕਹੋਮ ਸਥਿਤ ਕੈਰੋਲਿੰਸਕਾ ਇੰਸਟੀਚਿਊਟ ਵਿੱਚ ਬਦਬੂ ਵਿਗਿਆਨ ਦੇ ਪ੍ਰੋਫੈਸਰ ਜੋਹਾਨ ਲੁੰਡਸਟਰੋਮ ਕਹਿੰਦੇ ਹਨ ਕਿ ਸੁੰਘਣ ਦੀ ਸਮਰੱਥਾ ਸਾਡੇ ਇਮਿਊਨ ਸਿਸਟਮ ਦਾ ਹਿੱਸਾ ਹੈ।

ਲੁੰਡਸਟਰੋਮ ਕਹਿੰਦੇ ਹਨ, “ਇਹ ਇੱਕ ਬਚਾਅ ਪ੍ਰਣਾਲੀ ਵਾਂਗ ਕੰਮ ਕਰਦੀ ਹੈ, ਜੋ ਸਾਨੂੰ ਵਾਤਾਵਰਣ ਵਿੱਚ ਖ਼ਤਰੇ ਬਾਰੇ ਚੇਤਾਵਨੀ ਦੇਣਾ ਸਿਖਾਉਂਦੀ ਹੈ।”

ਉਨ੍ਹਾਂ ਦੀ ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਗੰਧ ਦੇ ਸੰਕੇਤ ਨੱਕ ਰਾਹੀਂ ਅੰਦਰ ਜਾਣ ਤੋਂ ਲਗਭਗ 300 ਮਿਲੀਸੈਕੰਡ ਦੇ ਅੰਦਰ ਦਿਮਾਗ਼ ਵਿੱਚ ਪ੍ਰੋਸੈਸ ਹੋ ਜਾਂਦੇ ਹਨ। ਖੋਜ ਦੌਰਾਨ ਗੰਦੀ ਬਦਬੂ ਦੇ ਸੰਪਰਕ ਵਿੱਚ ਆਏ ਲੋਕਾਂ ਨੇ ਤੇਜ਼ ਸਰੀਰਕ ਪ੍ਰਤੀਕਿਰਿਆ ਦਿਖਾਈ ਅਤੇ ਸੁਭਾਵਿਕ ਤੌਰ ‘ਤੇ ਬਦਬੂ ਵਾਲੀ ਥਾਂ ਤੋਂ ਦੂਰ ਹੋ ਗਏ।

ਸੁੰਘਣ ਦੀ ਰੱਖਿਆਤਮਕ ਪ੍ਰਵਿਰਤੀ ਕਿਸੇ ਨੂੰ ਇਹ ਯਕੀਨ ਕਰਨਾ ਆਸਾਨ ਬਣਾ ਦਿੰਦੀ ਹੈ ਕਿ ਕੋਈ ਗੰਧ ਖਰਾਬ ਹੈ, ਭਾਵੇਂ ਉਹ ਆਮ ਤੌਰ ‘ਤੇ ਚੰਗੀ ਮੰਨੀ ਜਾਂਦੀ ਹੋਵੇ।

ਬਦਬੂ

ਸੁੰਘਣ ਦੀ ਸੁਰੱਖਿਆ ਵਾਲੀ ਕੁਦਰਤੀ ਪ੍ਰਵਿਰਤੀ ਕਾਰਨ ਕਿਸੇ ਨੂੰ ਇਹ ਮਨਾਉਣਾ ਆਸਾਨ ਹੁੰਦਾ ਹੈ ਕਿ ਕੋਈ ਮਹਿਕ ਮਾੜੀ ਹੈ, ਭਾਵੇਂ ਉਹ ਆਮ ਤੌਰ ‘ਤੇ ਚੰਗੀ ਮੰਨੀ ਜਾਂਦੀ ਹੋਵੇ।

ਲੁੰਡਸਟਰੋਮ ਕਹਿੰਦੇ ਹਨ, “ਜੇ ਅਸੀਂ ਕਿਸੇ ਮਹਿਕ ਨੂੰ ਪਛਾਣ ਨਹੀਂ ਸਕਦੇ, ਤਾਂ ਉਹ ਲਗਭਗ ਹਮੇਸ਼ਾ ਨਕਾਰਾਤਮਕ ਅਨੁਭਵ ਹੁੰਦੀ ਹੈ।”

ਇਸੇ ਤਰ੍ਹਾਂ, ਸੜੇ ਹੋਏ ਆਂਡਿਆਂ ਵਰਗੀ ਬਦਬੂ ਵਾਲੀ ਗੈਸ ‘ਹਾਈਡਰੋਜਨ ਸਲਫਾਈਡ’, ਜੋ ਗੰਦਗੀ ਦੇ ਪ੍ਰੋਸੈਸ ਵਿੱਚ ਬਣਦੀ ਹੈ, ਨੂੰ ਮਨੁੱਖ ਸਿਰਫ਼ 0.5 ਹਿੱਸੇ ਪ੍ਰਤੀ ਅਰਬ ਜਿੰਨੀ ਘੱਟ ਮਾਤਰਾ ਵਿੱਚ ਵੀ ਮਹਿਸੂਸ ਕਰ ਸਕਦੇ ਹਨ, ਇਹ ਇੱਕ ਚੇਤਾਵਨੀ ਸੰਕੇਤ ਹੈ, ਕਿਉਂਕਿ ਵੱਧ ਮਾਤਰਾ ਵਿੱਚ ਇਹ ਗੈਸ ਘਾਤਕ ਹੋ ਸਕਦੀ ਹੈ।

ਸਿਹਤ ‘ਤੇ ਅਸਰ

ਔਰਤ

ਤਸਵੀਰ ਸਰੋਤ, Getty Images

ਸੁੰਘਣਾ ਸਿਰਫ਼ ਖ਼ਤਰੇ ਦੀ ਪਛਾਣ ਤੱਕ ਹੀ ਸੀਮਤ ਨਹੀਂ ਹੈ। ਬਦਬੂ ਦਾ ਲੋਕਾਂ ਦੀ ਸਿਹਤ ਅਤੇ ਜੀਵਨ ਉੱਤੇ ਡੂੰਘਾ ਅਸਰ ਪੈ ਸਕਦਾ ਹੈ।

ਇਸ ਦੇ ਉਲਟ, ਇਹ ਵੀ ਸਬੂਤ ਹਨ ਕਿ ਖ਼ਰਾਬ ਗੰਧ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਹਾਲਾਂਕਿ ਵਿਗਿਆਨੀ ਅਜੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ‘ਬਦਬੂ ਪ੍ਰਦੂਸ਼ਣ’ ਅਤੇ ਸਿੱਧੇ ਸਰੀਰਕ ਪ੍ਰਭਾਵਾਂ ਵਿਚਕਾਰ ਸਹੀ ਸਬੰਧ ਕੀ ਹੈ।

2021 ਦੇ ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਮਾੜੀ ਬਦਬੂ ਨਾਲ ਸਿਰਦਰਦ ਜਾਂ ਉਲਟੀ ਵਰਗੇ ਲੱਛਣਾਂ ਦੇ ਪਿੱਛੇ ਕੁਝ “ਜੈਵਿਕ ਕਾਰਨ” ਹੁੰਦੇ ਹਨ।

ਉਦਾਹਰਣ ਲਈ, ਮਾੜੀ ਬਦਬੂ ‘ਵੇਗਸ ਨਰਵ’ ਨੂੰ ਸਰਗਰਮ ਕਰ ਸਕਦੀ ਹੈ, ਜੋ ਦਿਮਾਗ਼ ਅਤੇ ਅੰਤੜੀਆਂ ਨੂੰ ਜੋੜਨ ਵਾਲੀ ਦਿਮਾਗੀ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਨਾਲ ਵਿਅਕਤੀ ਨੂੰ ਜੀਅ ਘਬਰਾਉਣਾ ਮਹਿਸੂਸ ਹੋ ਸਕਦੀ ਹੈ। ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਪਸ਼ਟ ਨਤੀਜੇ ਤੱਕ ਪਹੁੰਚਣ ਲਈ ਹੋਰ ਖੋਜ ਦੀ ਲੋੜ ਹੈ।

ਸਾਡੀ ਸਿਹਤ ਉੱਤੇ ਪ੍ਰਭਾਵ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਉਸ ਬਦਬੂ ਨੂੰ ਲੈ ਕੇ ਕਿੰਨੇ ਚਿੰਤਤ ਹਾਂ।

ਅਮਰੀਕਾ ਦੇ ਫਿਲਾਡੈਲਫੀਆ ਸਥਿਤ ‘ਮੋਨੇਲ ਕੈਮੀਕਲ ਸੈਂਸ ਸੈਂਟਰ’ ਦੀ ਮਨੋਵਿਗਿਆਨੀ ਪਾਮੇਲਾ ਡਾਲਟਨ ਕਹਿੰਦੀ ਹੈ, “ਸਿਹਤ ਉੱਤੇ ਅਸਰ ਵਿਅਕਤੀ ਦੀ ਉਸ ਮਹਿਕ ਪ੍ਰਤੀ ਨਾਪਸੰਦ ਜਾਂ ਡਰ ਰਾਹੀਂ ਹੁੰਦਾ ਹੈ।”

ਉਨ੍ਹਾਂ ਨੇ 32 ਸਾਲਾਂ ਤੱਕ ਬਦਬੂ ਦੇ ਸਿਹਤ ਉੱਤੇ ਅਸਰ ਦਾ ਅਧਿਐਨ ਕੀਤਾ ਹੈ। ਜਿੰਨਾ ਵੱਧ ਤੁਸੀਂ ਕਿਸੇ ਬਦਬੂ ਨੂੰ ਲੈ ਕੇ ਚਿੰਤਤ ਹੁੰਦੇ ਹੋ, ਓਨਾਂ ਹੀ ਇਹ ਤੁਹਾਡੀ ਸਿਹਤ ਅਤੇ ਜੀਵਨ ਉੱਤੇ ਅਸਰ ਪਾਉਂਦੀ ਹੈ।

ਜੀਵਨਸ਼ੈਲੀ ਵਿੱਚ ਬਦਲਾਅ

ਨੱਕ

ਤਸਵੀਰ ਸਰੋਤ, Serenity Strull/ BBC/ Getty Images

ਲਗਾਤਾਰ ਰਹਿਣ ਵਾਲੀ ਮਾੜੀ ਬਦਬੂ ਜੀਵਨ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਲੋਕਾਂ ਨੂੰ ਜੀਵਨਸ਼ੈਲੀ ਵਿੱਚ ਬਦਲਾਅ ਕਰਨ ਲਈ ਮਜਬੂਰ ਕਰ ਸਕਦੀ ਹੈ, ਜੋ ਅੱਗੇ ਜਾ ਕੇ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਨ੍ਹਾਂ ਨੂੰ “ਮੈਲਐਡੈਪਟਿਵ ਐਕਸ਼ਨਜ਼” ਕਿਹਾ ਜਾਂਦਾ ਹੈ।

ਉਦਾਹਰਨ ਲਈ, ਕੋਈ ਵਿਅਕਤੀ ਗਰਮੀਆਂ ਵਿੱਚ ਵੀ ਖਿੜਕੀਆਂ ਬੰਦ ਰੱਖ ਸਕਦਾ ਹੈ ਜਾਂ ਬਾਹਰ ਜਾ ਕੇ ਕਤਸਰ ਕਰਨ ਜਾਂ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਕਤਰਾਉਂਦਾ ਹੈ।

ਇਹ ਸੰਭਵ ਹੈ ਕਿ ਲੋਕ ਸਮੇਂ ਦੇ ਨਾਲ ਖ਼ਰਾਬ ਬਦਬੂ ਦੇ ਆਦੀ ਹੋ ਜਾਣ, ਪਰ ਲੈਂਡਫਿਲ ਵਰਗੀ ਬਦਬੂ ਨੂੰ ਸਹਿਣਾ ਲਾਜ਼ਮੀ ਨਹੀਂ ਕਿ ਸੌਖਾ ਹੋ ਜਾਵੇ।

ਇਸ ਦੇ ਉਲਟ, ਆਮ ਜਾਂ ਚੰਗੀ ਮਹਿਕ ਪ੍ਰਤੀ ਆਦੀ ਹੋ ਜਾਣਾ ਆਮ ਗੱਲ ਹੈ।

ਲੁੰਡਸਟਰੋਮ ਕਹਿੰਦੇ ਹਨ, “ਜਦੋਂ ਤੁਸੀਂ ਕਿਸੇ ਮਹਿਕ ਨੂੰ ਪਛਾਣ ਲੈਂਦੇ ਹੋ ਅਤੇ ਸਮਝ ਲੈਂਦੇ ਹੋ ਕਿ ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗੀ, ਤਾਂ ਤੁਸੀਂ ਉਸਨੂੰ ਮਹਿਸੂਸ ਕਰਨਾ ਬੰਦ ਕਰ ਦਿੰਦੇ ਹੋ।”

ਬਦਬੂ ਨਾਲ ਜੰਗ

ਸਪਰੇਅ

ਤਸਵੀਰ ਸਰੋਤ, Getty Images

ਕਈ ਵਾਰ ਬਦਬੂ ਹਵਾ ਦੀ ਦਿਸ਼ਾ ਨਾਲ ਆਉਂਦੀ-ਜਾਂਦੀ ਰਹਿੰਦੀ ਹੈ ਜਾਂ ਕਿਸੇ ਇਲਾਕੇ ਦੇ ਕੁਝ ਹਿੱਸਿਆਂ ਵਿੱਚ ਹੀ ਮਹਿਸੂਸ ਹੁੰਦੀ ਹੈ।

ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਵਾਤਾਵਰਣ ਮਾਡਲਿੰਗ ਅਤੇ ਨੀਤੀ ਦੀ ਐਸੋਸੀਏਟ ਪ੍ਰੋਫੈਸਰ ਅਮਾਂਡਾ ਜਿਆਂਗ ਕਹਿੰਦੇ ਹਨ, “ਬਦਬੂ ਬਹੁਤ ਸਥਾਨਕ ਹੋ ਸਕਦੀ ਹੈ। ਮੈਂ ਇੱਕ ਬਲਾਕ ਦੂਰ ਰਹਿ ਸਕਦੀ ਹਾਂ ਅਤੇ ਮੈਨੂੰ ਪਤਾ ਵੀ ਨਾ ਲੱਗੇ ਕਿ ਨੇੜਲੇ ਇਲਾਕੇ ਵਿੱਚ ਸੜੀ ਮੱਛੀ ਵਰਗੀ ਮਹਿਕ ਆ ਰਹੀ ਹੈ।”

ਉਨ੍ਹਾਂ ਨੇ ਵੈਂਕੂਵਰ ਵਿੱਚ ਬਦਬੂ ਪ੍ਰਦੂਸ਼ਣ ਦੇ ਅਸਰ ਦਾ ਅਧਿਐਨ ਕੀਤਾ ਹੈ। ਪਰ ਹਰ ਕੋਈ ਇਸ ਬਦਬੂ ਨੂੰ ਇੱਕੋ ਜਿਹਾ ਮਹਿਸੂਸ ਨਹੀਂ ਕਰਦਾ। ਸ਼ਹਿਰਾਂ ਦੇ ਘੱਟ ਆਮਦਨ ਵਾਲੇ ਇਲਾਕੇ ਅਕਸਰ ਬਦਬੂਦਾਰ ਲੈਂਡਫਿਲ ਸਾਈਟਾਂ ਜਾਂ ਭਾਰੀ ਉਦਯੋਗਾਂ ਦੇ ਨੇੜੇ ਹੁੰਦੇ ਹਨ।

ਯੂਰਪ ਅਤੇ ਬ੍ਰਿਟੇਨ ਵਿੱਚ ਕੀਤੇ ਅਧਿਐਨ ਦੱਸਦੇ ਹਨ ਕਿ ਕੁਝ ਦੇਸ਼ਾਂ ਵਿੱਚ ਘੱਟ ਆਮਦਨ ਵਾਲੇ ਲੋਕ, ਉੱਚ ਆਮਦਨ ਵਾਲਿਆਂ ਦੇ ਮੁਕਾਬਲੇ ਕੂੜਾ ਸਾੜਨ ਵਾਲੇ ਪਲਾਂਟਾਂ, ਲੈਂਡਫਿਲ ਅਤੇ ਖ਼ਤਰਨਾਕ ਕੂੜੇ ਵਾਲੀਆਂ ਥਾਵਾਂ ਤੋਂ ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਮਾੜੀ ਬਦਬੂ ਬਾਰੇ ਸ਼ਿਕਾਇਤਾਂ ਬਦਲਾਅ ਲਿਆ ਸਕਦੀਆਂ ਹਨ। ਸੀਵਰੇਜ ਪਲਾਂਟ ਤੋਂ ਲੈ ਕੇ ਮੱਛੀ ਪ੍ਰੋਸੈਸਿੰਗ ਫੈਕਟਰੀਆਂ ਤੱਕ, ਕਈ ਥਾਵਾਂ ਨੂੰ ਸਥਾਨਕ ਲੋਕਾਂ ਦੇ ਅਭਿਆਨ ਤੋਂ ਬਾਅਦ ਬੰਦ ਕਰਨਾ ਪਿਆ ਹੈ।

ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਬਦਬੂ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਵੱਧ ਰਹੀਆਂ ਹਨ, ਹਾਲਾਂਕਿ ਇਹ ਹਰ ਜਗ੍ਹਾ ਇੱਕੋ ਜਿਹੀਆਂ ਨਹੀਂ ਹਨ।

ਉਦਾਹਰਣ ਵਜੋਂ, ਚਿਲੀ ਵਿੱਚ ਮੱਛੀ ਦੇ ਚਾਰੇ ਵਾਲੇ ਪਲਾਂਟਾਂ ਤੋਂ ਆਉਣ ਵਾਲੀ ਬਦਬੂ ‘ਤੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜਦਕਿ ਲਿਥੂਆਨੀਆ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਕੰਪਨੀਆਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਬਦਬੂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

ਗੰਧ ਦੇ ਫਾਇਦੇ

ਮੱਛੀ ਬਜ਼ਾਰ

ਤਸਵੀਰ ਸਰੋਤ, Getty Images

ਜੋ ਲੋਕ ਅਜਿਹੇ ਇਲਾਕਿਆਂ ਵਿੱਚ ਰਹਿੰਦੇ ਹਨ ਜਿੱਥੇ ਮਾੜੀ ਬਦਬੂ ਹੁੰਦੀ ਹੈ, ਉਨ੍ਹਾਂ ਲਈ ਜੀਵਨ ਮੁਸ਼ਕਲ ਹੋ ਸਕਦਾ ਹੈ, ਪਰ ਇੱਕ ਸਕਾਰਾਤਮਕ ਗੱਲ ਇਹ ਹੈ ਕਿ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਸੁੰਘਣ ਦੀ ਸਮਰੱਥਾ ਚੰਗੀ ਸਿਹਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਖੋਜ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਸੁੰਘਣ ਦੀ ਸਮਰੱਥਾ ਤੇਜ਼ ਹੁੰਦੀ ਹੈ, ਉਹ ਖਾਣ-ਪੀਣ ਅਤੇ ਇੱਥੋਂ ਤੱਕ ਕਿ ਜਿਨਸੀ ਜੀਵਨ ਦਾ ਵੀ ਵਧੇਰੇ ਆਨੰਦ ਲੈਂਦੇ ਹਨ।

2018 ਦੇ ਇੱਕ ਅਧਿਐਨ ਵਿੱਚ 70 ਬਾਲਗ਼ਾਂ ‘ਤੇ ਕੀਤੀ ਗਈ ਖੋਜ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਦੀ ਸੁੰਘਣ ਦੀ ਸਮਰੱਥਾ ਵਧੀਆ ਹੁੰਦੀ ਹੈ, ਉਨ੍ਹਾਂ ਨੂੰ ਸੈਕਸ ਤੋਂ ਵੱਧ ਸੰਤੁਸ਼ਟੀ ਮਿਲਦੀ ਹੈ। ਇਸੇ ਖੋਜ ਮੁਤਾਬਕ ਔਰਤਾਂ ਨੇ ਸੈਕਸ ਦੌਰਾਨ ਵੱਧ ਵਾਰ ਆਰਗੈਜ਼ਮ ਹੋਣ ਦੀ ਗੱਲ ਮੰਨੀ।

ਪਾਮੇਲਾ ਡਾਲਟਨ ਕਹਿੰਦੀ ਹੈ, “ਮੈਨੂੰ ਖਰਾਬ ਗੰਧ ਤੋਂ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਇਸ ਦਾ ਮਤਲਬ ਹੈ ਕਿ ਮੇਰੀ ਸੁੰਘਣ ਦੀ ਸਮਰੱਥਾ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ।”

ਦੁਨੀਆ ਵਿੱਚ ਲਗਭਗ ਪੰਜ ਫੀਸਦ ਲੋਕਾਂ ਵਿੱਚ ਸੁੰਘਣ ਦੀ ਸਮਰੱਥਾ ਨਹੀਂ ਹੁੰਦੀ। ਇਸ ਸਥਿਤੀ ਨੂੰ ਐਨੋਸਮੀਆ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਨੂੰ ਕਈ ਕਿਸਮ ਦੇ ਸਿਹਤ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜਿਹੇ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਖਾਣ ਦਾ ਆਨੰਦ ਨਾ ਲੈ ਸਕਣ ਕਾਰਨ ਉਨ੍ਹਾਂ ਦੀ ਖੁਰਾਕ ਵੀ ਪ੍ਰਭਾਵਿਤ ਹੋ ਸਕਦੀ ਹੈ।

ਲੁੰਡਸਟਰੋਮ ਕਹਿੰਦੇ ਹਨ, “ਜੇ ਤੁਸੀਂ ਆਪਣੀ ਸੁੰਘਣ ਦੀ ਸਮਰੱਥਾ ਗੁਆ ਬੈਠਦੇ ਹੋ, ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡੀ ਭੁੱਖ ਘੱਟ ਹੋ ਗਈ ਹੈ।”

ਖੋਜ ਦੱਸਦੀ ਹੈ ਕਿ ਬਜ਼ੁਰਗਾਂ ਵਿੱਚ ਸੁੰਘਣ ਦੀ ਕਮਜ਼ੋਰ ਸਮਰੱਥਾ 10 ਸਾਲਾਂ ਦੇ ਅੰਦਰ ਮੌਤ ਦੇ ਖ਼ਤਰੇ ਨੂੰ 46 ਫੀਸਦੀ ਤੱਕ ਵਧਾ ਸਕਦੀ ਹੈ। ਵਿਗਿਆਨੀ ਅਜੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ, ਹਾਲਾਂਕਿ ਇਸਦਾ ਸਬੰਧ ਦਿਲ ਦੀ ਬਿਮਾਰੀ, ਅਲਜ਼ਾਈਮਰ ਅਤੇ ਪਾਰਕਿੰਸਨ ਵਰਗੀਆਂ ਨਿਊਰੋਡਿਜਨਰੇਟਿਵ ਬਿਮਾਰੀਆਂ ਨਾਲ ਜੋੜਿਆ ਜਾ ਰਿਹਾ ਹੈ।

ਡਾਲਟਨ ਕਹਿੰਦੀ ਹੈ, “ਇੱਕ ਅਜਿਹੇ ਵਿਅਕਤੀ ਵਜੋਂ ਜਿਸ ਨੇ ਦਹਾਕਿਆਂ ਤੱਕ ਬਦਬੂ ‘ਤੇ ਖੋਜ ਕੀਤੀ ਹੈ, ਮੈਨੂੰ ਮਾੜੀ ਬਦਬੂ ਤੋਂ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਇਸ ਦਾ ਮਤਲਬ ਹੈ ਕਿ ਮੇਰੀ ਸੁੰਘਣ ਦੀ ਸਮਰੱਥਾ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI