Home ਰਾਸ਼ਟਰੀ ਖ਼ਬਰਾਂ ਨੇਵੀ ਮੁਲਾਜ਼ਮ ‘ਤੇ ਮਹਿਲਾ ਦਾ ਕਤਲ ਕਰ ਲਾਸ਼ ਦੇ ਟੁੱਕੜੇ ਫਰਿੱਜ ‘ਚ...

ਨੇਵੀ ਮੁਲਾਜ਼ਮ ‘ਤੇ ਮਹਿਲਾ ਦਾ ਕਤਲ ਕਰ ਲਾਸ਼ ਦੇ ਟੁੱਕੜੇ ਫਰਿੱਜ ‘ਚ ਲੁਕਾਉਣ ਦਾ ਇਲਜ਼ਾਮ, ਡੇਟਿੰਗ ਐਪ ‘ਤੇ ਹੋਈ ਸੀ ਦੋਹਾਂ ਦੀ ਮੁਲਾਕਾਤ

21
0

Source :- BBC PUNJABI

ਮੋਨਿਕਾ ਅਤੇ ਮੁਲਜ਼ਮ ਰਵਿੰਦਰ

ਤਸਵੀਰ ਸਰੋਤ, Venugopala rao/UGC

(ਚਿਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)

ਵਿਸ਼ਾਖਾਪਟਨਮ ਜ਼ਿਲ੍ਹੇ ਦੇ ਗਾਜੁਵਾਕਾ ‘ਚ ਡੇਟਿੰਗ ਐਪ ‘ਤੇ ਮਿਲੀ 29 ਸਾਲਾ ਮਹਿਲਾ ਮੋਨਿਕਾ ਦਾ ਕਤਲ ਕਰ ਲਾਸ਼ ਦੇ ਟੁੱਕੜੇ ਫਰਿੱਜ ‘ਚ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਪੂਰਬੀ ਨੇਵੀ ਕਮਾਨ ‘ਚ ਤਕਨੀਸ਼ੀਅਨ ਵੱਜੋਂ ਕੰਮ ਕਰਨ ਵਾਲੇ 35 ਸਾਲਾ ਰਵਿੰਦਰ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਗਾਜੁਵਾਕਾ ਪੁਲਿਸ ਸਟੇਸ਼ਨ ਦੇ ਸਰਕਲ ਇੰਸਪੈਕਟਰ (ਸੀਆਈ) ਪਾਰਥਸਾਰਥੀ ਨੇ ਬੀਬੀਸੀ ਨੂੰ ਦੱਸਿਆ ਕਿ ਕਤਲ ਤੋਂ ਬਾਅਦ, ਸਰੀਰ ਦੇ ਕੁਝ ਹਿੱਸਿਆਂ ਨੂੰ ਫਰਿੱਜ ‘ਚ ਰੱਖਿਆ ਗਿਆ ਸੀ ਜਦੋਂਕਿ ਬਾਕੀ ਹਿੱਸੇ ਨੂੰ ਇੱਕ ਬੈਗ ‘ਚ ਭਰ ਕੇ ਸਾੜ ਦਿੱਤਾ ਗਿਆ ਸੀ।

ਪੁਲਿਸ ਨੇ ਦੱਸਿਆ, “ਜਦੋਂ ਉਸਦੀ (ਰਵਿੰਦਰ) ਪਤਨੀ ਗਰਭਧਾਰਨ ਤੋਂ ਬਾਅਦ ਆਪਣੇ ਘਰ ਵਿਜੇਨਗਰਮ ਗਈ ਹੋਈ ਸੀ ਅਤੇ ਉੱਥੇ 8 ਮਹੀਨਿਆਂ ਤੋਂ ਰਹਿ ਰਹੀ ਸੀ, ਉਦੋਂ ਉਸਨੇ ਆਪਣੀ ਪ੍ਰੇਮਿਕਾ ਨੂੰ ਘਰ ਸੱਦਿਆ ਅਤੇ ਇਹ ਘਿਣੌਨਾ ਅਪਰਾਧ ਕੀਤਾ।”

ਬੀਬੀਸੀ ਨੇ ਰਵਿੰਦਰ ਦੇ ਪਰਿਵਾਰ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨਾਲ ਸੰਪਰਕ ਹੋਣ ਤੋਂ ਬਾਅਦ ਇਸ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।

ਡੇਟਿੰਗ ਐਪ ‘ਤੇ ਮੁਲਾਕਾਤ

ਮੋਨਿਕਾ (ਫਾਈਲ ਫੋਟੋ)

ਤਸਵੀਰ ਸਰੋਤ, Venugopala rao

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਸੀਆਈ ਪਾਰਥਸਾਰਥੀ ਨੇ ਬੀਬੀਸੀ ਨੂੰ ਸ਼ੁਰੂਆਤੀ ਜਾਂਚ ਦੌਰਾਨ ਮੁਲਜ਼ਮ ਵੱਲੋਂ ਦਿੱਤੀ ਜਾਣਕਾਰੀ ਬਾਰੇ ਦੱਸਿਆ।

ਪੁਲਿਸ ਨੇ ਦੱਸਿਆ, “ਰਵਿੰਦਰ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਇੱਕ ਡੇਟਿੰਗ ਐਪ ਜ਼ਰੀਏ ਮੋਨਿਕਾ ਨੂੰ ਮਿਲਿਆ ਸੀ। ਮੋਨਿਕਾ ਵਿਸ਼ਾਖਾਪਟਨਮ ਦੇ ਇੱਕ ਨਿੱਜੀ ਬੈਂਕ ‘ਚ ਕੰਮ ਕਰਦੀ ਸੀ।”

ਪੁਲਿਸ ਮੁਤਾਬਕ ਰਵਿੰਦਰ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਪਤਨੀ ਬੱਚੇ ਨੂੰ ਜਨਮ ਦੇਣ ਲਈ ਆਪਣੇ ਪੇਕੇ ਗਈ ਹੋਈ ਸੀ।

ਪੁਲਿਸ ਨੇ ਦੱਸਿਆ, “ਇਸ ਦੌਰਾਨ ਰਵਿੰਦਰ ਮੋਨਿਕਾ ਨੂੰ ਆਪਣੇ ਘਰ ‘ਚ ਮਿਲਦੇ ਸਨ। ਐਤਵਾਰ ਦੀ ਸਵੇਰ (29 ਮਾਰਚ, 2026) ਰਵਿੰਦਰ ਨੇ ਮੋਨਿਕਾ ਨੂੰ ਆਪਣੇ ਫਲੈਟ ‘ਤੇ ਸੱਦਿਆ। ਮੁਲਜ਼ਮ ਨੇ ਦੱਸਿਆ ਕਿ ਘਰ ‘ਚ ਮੋਨਿਕਾ ਨਾਲ ਉਸ ਦਾ ਝਗੜਾ ਹੋ ਗਿਆ ਸੀ।”

ਸੀਆਈ ਪਾਰਥਸਾਰਥੀ ਨੇ ਕਿਹਾ,”ਰਵਿੰਦਰ ਨੇ ਦੱਸਿਆ ਕਿ ਉਹ ਮਹਿਲਾ ਪੈਸਿਆਂ ਲਈ ਉਸਨੂੰ ਪਰੇਸ਼ਾਨ ਕਰ ਰਹੀ ਸੀ ਅਤੇ ਉਸ ਦੀ ਪਤਨੀ ਨੂੰ ਸਭ ਕੁਝ ਦੱਸਣ ਦੀ ਧਮਕੀ ਦੇ ਰਹੀ ਸੀ।”

ਪੁਲਿਸ ਨੇ ਜਦੋਂ ਮਕਾਨ ਦੀ ਤਲਾਸ਼ੀ ਲਈ

ਰਵਿੰਦਰ ਦਾ ਫਲੈਟ

ਤਸਵੀਰ ਸਰੋਤ, UGC

ਸੀਆਈ ਪਾਰਥਸਾਰਥੀ ਨੇ ਦੱਸਿਆ, “ਸਾਨੂੰ ਐਤਵਾਰ ਸ਼ਾਮ ਨੂੰ ਇੱਕ ਫੋਨ ਆਇਆ। ਫੋਨ ‘ਤੇ ਦੱਸਿਆ ਗਿਆ ਕਿ ਐਲਵੀ ਨਗਰ ‘ਚ ਰਵਿੰਦਰ ਨਾਂਅ ਦੇ ਇੱਕ ਨੇਵੀ ਮੁਲਾਜ਼ਮ ਨੇ ਕਿਸੇ ਦਾ ਕਤਲ ਕਰ ਦਿੱਤਾ ਹੈ ਅਤੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਅਸੀਂ ਤੁਰੰਤ ਦਿੱਤੇ ਗਏ ਪਤੇ ‘ਤੇ ਪਹੁੰਚੇ ਤਾਂ ਘਰ ਬੰਦ ਮਿਲਿਆ। ਅਸੀਂ ਖਿੜਕੀਆਂ ਅਤੇ ਵੈਂਟੀਲੇਟਰ ਤੋਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਦਿਖਾਈ ਨਹੀਂ ਦਿੱਤਾ। ਇਸ ਲਈ ਅਸੀਂ ਗੁਆਂਢੀਆਂ ਨੂੰ ਸੱਦਿਆ।”

“ਘਰ ਦੇ ਮਾਲਿਕ ਨੂੰ ਸੱਦਿਆ ਗਿਆ। ਅਸੀਂ ਰਵਿੰਦਰ ਦੇ ਭਰਾ ਨੂੰ ਵੀ ਬੁਲਾਇਆ। ਉਸ ਦੀ ਮਦਦ ਨਾਲ ਅਸੀਂ ਘਰ ‘ਚ ਦਾਖਲ ਹੋਏ। ਪੂਰਾ ਘਰ ਇਕਦਮ ਸਾਫ਼-ਸੁਥਰਾ ਸੀ। ਸਪ੍ਰੇਅ ਪੇਂਟ ਦੀ ਗੰਧ ਆ ਰਹੀ ਸੀ। ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਦੋਂ ਅਸੀਂ ਫਰਿੱਜ ਖੋਲ੍ਹਿਆ ਤਾਂ ਉਸ ‘ਚ ਇੱਕ ਧੜ ਮਿਲਿਆ ਜਿਸ ਦਾ ਸਿਰ ਵੱਢਿਆ ਹੋਇਆ ਸੀ। ਅੱਗੇ ਤਲਾਸ਼ੀ ਲੈਣ ‘ਤੇ ਸਾਨੂੰ ਇੱਕ ਸੂਟਕੇਸ ਮਿਲਿਆ ਜਿਸ ‘ਚ ਸਰੀਰ ਦੇ ਕੁਝ ਅੰਗ ਸਨ।”

ਪਾਰਥਸਾਰਥੀ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਤੁਰੰਤ ਰਵਿੰਦਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਸਾਨੂੰ ਉਸ ਦੇ ਮਾਤਾ-ਪਿਤਾ ਦਾ ਫੋਨ ਆਇਆ। ਉਨ੍ਹਾਂ ਦੀ ਮਦਦ ਨਾਲ ਅਸੀਂ ਰਵਿੰਦਰ ਨੂੰ ਪੁਲਿਸ ਸਟੇਸ਼ਨ ਬੁਲਾਇਆ ਅਤੇ ਉਸਨੂੰ ਹਿਰਾਸਤ ‘ਚ ਲੈ ਲਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਕਤਲ ਤੋਂ ਬਾਅਦ ਉਹ ਸਿਰ ਨੂੰ ਆਦੀਵੀਵਰਮ ਦੇ ਧਰਾਪਾਲਮ ਲੈ ਗਿਆ ਅਤੇ ਸਾੜ ਦਿੱਤਾ। ਸਾਡੀਆਂ ਟੀਮਾਂ ਉੱਥੇ ਜਾ ਕੇ ਜਾਂਚ ਕਰ ਰਹੀਆਂ ਹਨ।”

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਤਲ ਤੋਂ ਇੱਕ ਦਿਨ ਪਹਿਲਾਂ ਚਾਕੂ ਖਰੀਦਿਆ ਸੀ।

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

‘ਅਸੀਂ ਡਰ ਕਾਰਨ ਭੱਜ ਗਏ’

ਰਵਿੰਦਰ ਦੇ ਹੀ ਫਲੋਰ ‘ਤੇ ਸਥਿਤ ਇੱਕ ਹੋਰ ਫਲੈਟ ਦੇ ਮਾਲਿਕ ਰਾਮਕ੍ਰਿਸ਼ਨ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਬਾਅਦ ਕੀ ਹੋਇਆ।

ਰਾਮਕ੍ਰਿਸ਼ਨ ਨੇ ਕਿਹਾ, “ਐਤਵਾਰ ਰਾਤ ਕਰੀਬ 8 ਵਜੇ, ਕੁਝ ਲੋਕ ਸਾਡੇ ਨਾਲ ਵਾਲੇ ਫਲੈਟ ਦੀ ਖਿੜਕੀ ਤੋਂ ਝਾਤ ਮਾਰ ਰਹੇ ਸਨ। ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਹੈ ਕਿ ਕੋਈ ਅਪਰਾਧ ਹੋਇਆ ਹੈ। ਉਹ ਪੁਲਿਸ ਵਾਲੇ ਹਨ। ਉਨ੍ਹਾਂ ਨੇ ਰਵਿੰਦਰ ਬਾਰੇ ਕੁਝ ਜਾਣਕਾਰੀ ਮੰਗੀ।”

“ਪੁਲਿਸ ਦੇ ਅੰਦਰ ਜਾਣ ਤੋਂ ਬਾਅਦ ਅਸੀਂ ਰਾਹਤ ਦਾ ਸਾਹ ਲਿਆ ਕਿਉਂਕਿ ਸਭ ਕੁਝ ਸਪੱਸ਼ਟ ਸੀ ਅਤੇ ਕੋਈ ਸ਼ੱਕੀ ਸਥਿਤੀ ਨਹੀਂ ਸੀ। ਹਾਲਾਂਕਿ ਕੁਝ ਹੀ ਦੇਰ ਬਾਅਦ, ਫਰਿੱਜ ਅਤੇ ਸੂਟਕੇਸ ‘ਚ ਧੜ ਅਤੇ ਸਰੀਰ ਦੇ ਕੁਝ ਅੰਗ ਮਿਲੇ, ਜਿਨ੍ਹਾਂ ਨੂੰ ਦੇਖਦੇ ਹੀ ਅਸੀਂ ਡਰ ਕਾਰਨ ਭੱਜ ਗਏ। ਉਹ ਡਰ ਅੱਜ ਵੀ ਘੱਟ ਨਹੀਂ ਹੋਇਆ ਹੈ।”

ਰਵਿੰਦਰ ਦੇ ਫਲੈਟ ਕੋਲ ਲੋਕਾਂ ਦੀ ਭੀੜ

ਤਸਵੀਰ ਸਰੋਤ, UGC

ਉਹ ਪੂਰੇ ਇੱਕ ਸਾਲ ਤੋਂ ਕਿਰਾਏ ‘ਤੇ ਰਹਿ ਰਹੇ ਸਨ।

ਫਲੈਟ ਦੇ ਮਾਲਿਕ ਸ੍ਰੀਰਾਮਮੂਰਤੀ ਨੇ ਦੱਸਿਆ ਕਿ ਠੀਕ ਇੱਕ ਸਾਲ ਪਹਿਲਾਂ, 29 ਮਾਰਚ, 2025 ਨੂੰ, ਉਨ੍ਹਾਂ ਨੇ ਇਹ ਘਰ ਰਵਿੰਦਰ ਨੂੰ ਕਿਰਾਏ ‘ਤੇ ਦਿੱਤਾ ਸੀ ਅਤੇ ਕਤਲ ਦੀ ਖ਼ਬਰ ‘ਤੇ ਪੂਰੇ ਇੱਕ ਸਾਲ ਬਾਅਦ ਉਨ੍ਹਾਂ ਨੂੰ ਫਿਰ ਇਸ ਘਰ ‘ਚ ਆਉਣਾ ਪਿਆ।

ਸ੍ਰੀਰਾਮਮੂਰਤੀ ਨੇ ਕਿਹਾ, “ਉਹ ਘਰ ਕਿਰਾਏ ‘ਤੇ ਲੈਣ ਆਇਆ ਸੀ। ਉਸ ਨੇ ਆਪਣਾ ਪਛਾਣ ਪੱਤਰ ਦਿਖਾਇਆ। ਪਤਾ ਲੱਗਾ ਕਿ ਉਹ ਨੇਵੀ ‘ਚ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਜੱਦੀ ਪਿੰਡ ਰਾਜਾਮ ਹੈ। ਮੈਂ ਵੀ ਬੀਐਸਐਫ ਦਾ ਸੇਵਾਮੁਕਤ ਮੁਲਾਜ਼ਮ ਹਾਂ। ਮੈਂ ਤੁਰੰਤ ਉਸ ਨੂੰ ਘਰ ਕਿਰਾਏ ‘ਤੇ ਦੇ ਦਿੱਤਾ। ਉਹ ਹਰ ਮਹੀਨੇ ਕਿਰਾਇਆ ਦਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਵੀ ਆਪਣੇ ਪੇਕੇ ਚਲੀ ਗਈ ਹੈ। ਇਸ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ।”

‘ਉਸਨੂੰ ਸਖਤ ਸਜ਼ਾ ਮਿਲਣੀ ਚਾਹੀਦੀ’

ਬੀਬੀਸੀ ਨੇ ਮੋਨਿਕਾ ਦੇ ਪਿਤਾ ਵੇਣੂੰਗੋਪਾਲ ਰਾਵ ਨਾਲ ਗੱਲ ਕੀਤੀ ਹੈ

ਵੇਣੂੰਗੋਪਾਲ ਰਾਵ ਨੇ ਕਿਹਾ, “ਉਸ ਨੇ ਸਾਡੀ ਧੀ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਘਰ ਸੱਦਿਆ ਸੀ। ਇਸ ਲਈ ਉਸ ਨੇ ਪਹਿਲਾਂ ਤੋਂ ਹੀ ਚਾਕੂ ਅਤੇ ਸਪ੍ਰੇਅ ਖਰੀਦ ਰੱਖੇ ਸਨ। ਮੇਰੀ ਬੇਟੀ ਹੁਣ ਕਦੇ ਵਾਪਸ ਨਹੀਂ ਆਵੇਗੀ। ਉਸਨੂੰ ਉਸ ਦੇ ਕੀਤੇ ਅਪਰਾਧ ਦੀ ਸਖਤ ਸਜ਼ਾ ਦਿੱਤੀ ਜਾਵੇ। ਇਸ ਨਾਲ ਮੇਰੀ ਬੇਟੀ ਨੂੰ ਘੱਟੋ-ਘੱਟ ਮਨ ਦੀ ਸ਼ਾਂਤੀ ਤਾਂ ਮਿਲੇਗੀ।”

ਗਾਜੁਵਾਕਾ ਦੇ ਸੀਆਈ ਪਾਰਥਸਾਰਥੀ ਨੇ ਕਿਹਾ ਕਿ ਮੋਨਿਕਾ ਦੇ ਪਰਿਵਾਰ ਦੇ ਮੈਂਬਰਾਂ ਤੋਂ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI