Home ਰਾਸ਼ਟਰੀ ਖ਼ਬਰਾਂ ਨੀਂਦ ‘ਚ ਬੋਲਣਾ ਜਾਂ ਤੁਰਨਾ ਕੀ ਕੋਈ ਬਿਮਾਰੀ ਹੈ ? ਜਾਣੋ ਇਸ...

ਨੀਂਦ ‘ਚ ਬੋਲਣਾ ਜਾਂ ਤੁਰਨਾ ਕੀ ਕੋਈ ਬਿਮਾਰੀ ਹੈ ? ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂ

7
0

Source :- BBC PUNJABI

ਨੀਂਦ ’ਚ ਬੋਲਣ ਵਾਲਿਆਂ ਨੂੰ ਅੰਗ੍ਰੇਜ਼ੀ ’ਚ ‘ਸਲੀਪ ਟੌਕਰ’ ਕਹਿੰਦੇ ਹਨ

ਤਸਵੀਰ ਸਰੋਤ, Getty Images

ਤੁਸੀਂ ਕਦੇ ਦੇਖਿਆ ਹੋਵੇਗਾ ਕਿ ਤੁਹਾਡੇ ਨਾਲ ਸੁੱਤਾ ਸ਼ਖਸ ਅਚਾਨਕ ਨੀਂਦ ਵਿੱਚ ਕੁਝ ਬੋਲਣ ਲੱਗ ਪੈਂਦਾ ਹੈ ਜਾਂ ਬੜਬੜਾਉਣ ਲੱਗਦਾ ਹੈ। ਅਜਿਹੇ ਲੋਕਾਂ ਨੂੰ ਅੰਗ੍ਰੇਜ਼ੀ ‘ਚ ‘ਸਲੀਪ ਟੌਕਰ’ ਕਿਹਾ ਜਾਂਦਾ ਹੈ।

ਕਦੇ-ਕਦੇ ਇਹ ਗੱਲਾਂ ਇੰਨੀਆਂ ਅਜੀਬ ਜਾਂ ਨਿੱਜੀ ਹੁੰਦੀਆਂ ਹਨ ਕਿ ਰਿਸ਼ਤਿਆਂ ‘ਚ ਬੇਵਜ੍ਹਾ ਤਣਾਅ ਜਾਂ ਗਲਤਫਹਿਮੀਆਂ ਪੈਦਾ ਕਰ ਦਿੰਦੀਆਂ ਹਨ। ਇਸਨੂੰ ਮੈਡੀਕਲ ਭਾਸ਼ਾ ‘ਚ ‘ਸੋਮਨਿਲੋਕੀ’ ਕਿਹਾ ਜਾਂਦਾ ਹੈ।

ਨੀਂਦ ‘ਚ ਬੜਬੜਾਉਣਾ ਸਿਰਫ਼ ਸੁਣਨ ਵਾਲੇ ਦੀ ਨੀਂਦ ਹੀ ਖ਼ਰਾਬ ਨਹੀਂ ਕਰਦਾ, ਬਲਕਿ ਬੋਲਣ ਵਾਲੇ ਦੀ ਸਿਹਤ ਬਾਰੇ ਵੀ ਬਹੁਤ ਕੁਝ ਦੱਸਦਾ ਹੈ।

ਜ਼ਿਆਦਾਤਰ ਮਾਮਲਿਆਂ ‘ਚ ਨੀਂਦ ਵਿੱਚ ਬੋਲਣਾ ਇੱਕ ਸਧਾਰਨ ਸਥਿਤੀ ਮੰਨੀ ਜਾਂਦੀ ਹੈ ਪਰ ਜੇਕਰ ਤੁਹਾਡੀ ਬੜਬੜਾਹਟ ਵੱਧ ਗਈ ਹੈ ਤਾਂ ਇਸਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਇੱਥੋਂ ਤੱਕ ਕਿ ਕੁਝ ਲੋਕ ਬੜਬੜਾਉਣ ਦੇ ਨਾਲ-ਨਾਲ ਹੱਥ-ਪੈਰ ਵੀ ਚਲਾਉਣ ਲੱਗਦੇ ਹਨ ਜਾਂ ਚੀਕਾਂ ਮਾਰਨ ਲੱਗਦੇ ਹਨ।

ਨੀਂਦ ‘ਚ ਬੋਲਣ ਤੋਂ ਇਲਾਵਾ ਕੁਝ ਲੋਕਾਂ ਨੂੰ ਨੀਂਦ ‘ਚ ਤੁਰਨ ਦੀ ਆਦਤ ਵੀ ਹੁੰਦੀ ਹੈ। ਬੋਲਣ ਦੇ ਮੁਕਾਬਲੇ ਨੀਂਦ ‘ਚ ਚੱਲਣਾ ਜ਼ਿਆਦਾ ਖਤਰਨਾਕ ਹੋ ਸਕਦਾ ਹੈ।

ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਤੋਂ ਬਚਣ ਦੇ ਕੀ ਉਪਾਅ ਹਨ।

ਨੀਂਦ ‘ਚ ਬੋਲਣਾ

ਨੀਂਦ ’ਚ ਬੋਲਣਾ

ਤਸਵੀਰ ਸਰੋਤ, Getty Images

ਜਦੋਂ ਅਸੀਂ ਸੌਂਦੇ ਹਾਂ ਤਾਂ ਦਿਮਾਗ ‘ਚ ਇੱਕ ਤਰ੍ਹਾਂ ਦਾ ਸੁਰੱਖਿਆ ਤੰਤਰ ਕੰਮ ਕਰਦਾ ਹੈ। ਇਹ ਸੁਪਨਿਆਂ ਨਾਲ ਜੁੜੀ ਤੰਤ੍ਰਿਕਾ ਗਤੀਵਿਧੀਆਂ ਨੂੰ ਬੋਲਣ ਜਾਂ ਸਰੀਰ ਦੀਆਂ ਹਰਕਤਾਂ ‘ਚ ਬਦਲਣ ਤੋਂ ਰੋਕਦਾ ਹੈ।

ਪਰ ਇਹ ਸਿਸਟਮ ਪੂਰੀ ਤਰ੍ਹਾਂ ਪਰਫੈਕਟ ਨਹੀਂ ਹੁੰਦਾ। ਕਦੇ-ਕਦੇ ਕੁਝ ਸੰਕੇਤ ‘ਲੀਕ’ ਹੋ ਜਾਂਦੇ ਹਨ। ਇਸੇ ਵਜ੍ਹਾ ਕਰਕੇ ਨੀਂਦ ‘ਚ ਬੜਬੜਾਉਣਾ, ਕੁਰਲਾਉਣਾ, ਸਾਫ਼-ਸਾਫ਼ ਬੋਲਣਾ ਅਤੇ ਕਦੇ-ਕਦੇ ਤੁਰਨਾ ਹੋ ਸਕਦਾ ਹੈ।

ਮਾਹਿਰਾਂ ਮੁਤਾਬਕ, ਇਹ ਕਈ ਸਰੀਰਕ ਅਤੇ ਮਾਨਸਿਕ ਕਾਰਨਾਂ ਨਾਲ ਜੁੜਿਆ ਹੋ ਸਕਦਾ ਹੈ। ਤਣਾਅ, ਡਿਪ੍ਰੈਸ਼ਨ, ਨੀਂਦ ਦੀ ਕਮੀ, ਸ਼ਰਾਬ ਦਾ ਸੇਵਨ ਅਤੇ ਬੁਖ਼ਾਰ ਵਰਗੀਆਂ ਸਥਿਤੀਆਂ ਨੀਂਦ ‘ਚ ਬੋਲਣ ਦੀ ਸੰਭਾਵਨਾ ਵਧਾ ਸਕਦੀਆਂ ਹਨ।

ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਮੋਹਸਿਨ ਵਲੀ ਕਹਿੰਦੇ ਹਨ ਕਿ ਨੀਂਦ ‘ਚ ਬੋਲਣਾ ਆਮ ਤੌਰ ‘ਤੇ ਕੋਈ ਵੱਡੀ ਬਿਮਾਰੀ ਦਾ ਲੱਛਣ ਨਹੀਂ ਹੁੰਦਾ ਪਰ ਇਹ ਤਣਾਅ ਨਾਲ ਜੁੜਿਆ ਹੋ ਸਕਦਾ ਹੈ।

ਉਹ ਦੱਸਦੇ ਹਨ, “ਨੀਂਦ ‘ਚ ਬੋਲਣਾ ਉਨ੍ਹਾਂ ਲੋਕਾਂ ‘ਚ ਦੇਖਿਆ ਜਾ ਸਕਦਾ ਹੈ ਜੋ ਤਣਾਅ ‘ਚ ਸੌਂਦੇ ਹਨ ਜਾਂ ਦਿਨ ਭਰ ਦੇ ਕੰਮ ਨੂੰ ਜ਼ਰੂਰਤ ਤੋਂ ਵੱਧ ਦਿਲ ‘ਤੇ ਲੈ ਲੈਂਦੇ ਹਨ। ਅਜਿਹੇ ਲੋਕ ਕਈ ਵਾਰ ਉਹੀ ਗੱਲਾਂ ਨੀਂਦ ‘ਚ ਵੀ ਬੋਲਣ ਲੱਗਦੇ ਹਨ।” ਇਸ ਵਿੱਚ ਵਿਅਕਤੀ ਸੌਂਦੇ-ਸੌਂਦੇ ਕੁਝ ਵੀ ਬੋਲ ਸਕਦਾ ਹੈ ਅਤੇ ਕਈ ਵਾਰ ਸੁਪਨੇ ‘ਚ ਡਰ ਲੱਗਣ ‘ਤੇ ਵੀ ਬੋਲਣ ਲੱਗਦਾ ਹੈ।

ਡਾਕਟਰਾਂ ਮੁਤਾਬਕ ਇਸ ਦਾ ਕੋਈ ਵੱਖ ਤੋਂ ਇਲਾਜ ਨਹੀਂ ਹੁੰਦਾ ਬਲਕਿ ਇਸਦੇ ਪਿੱਛੇ ਦੀ ਵਜ੍ਹਾ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ।

ਨੀਂਦ ‘ਚ ਬੋਲੀਆਂ ਜਾਣ ਵਾਲੀਆਂ ਗੱਲਾਂ ਅਕਸਰ ਵਿਆਕਰਨ ਦੇ ਹਿਸਾਬ ਨਾਲ ਸਹੀ ਹੁੰਦੀਆਂ ਹਨ। ਹਾਲ ਦੀਆਂ ਘਟਨਾਵਾਂ ਜਾਂ ਤਜ਼ਰਬਿਆਂ ਨਾਲ ਜੁੜੀਆਂ ਹੋ ਸਕਦੀਆਂ ਹਨ ਪਰ ਕਈ ਵਾਰ ਅਜੀਬ ਅਤੇ ਬੇਤੁਕੀਆਂ ਵੀ ਲੱਗਦੀਆਂ ਹਨ।

ਜ਼ਿਆਦਾਤਰ ਮਾਮਲਿਆਂ ‘ਚ ਨੀਂਦ ‘ਚ ਬੋਲਣਾ ਕੋਈ ਬਿਮਾਰੀ ਨਹੀਂ ਹੈ। ਹਾਲਾਂਕਿ ਤਣਾਅ, ਮਾਨਸਿਕ ਦਬਾਅ ਜਾਂ ਮਨੋਵਿਗਿਆਨੀ ਸਮੱਸਿਆਵਾਂ ਇਸਦੀ ਸੰਭਾਵਨਾ ਨੂੰ ਵਧਾ ਸਕਦੀ ਹੈ।

ਮੈਟਰੋ ਗਰੁੱਪ ਆਫ ਹਸਪਤਾਲ ਦੀ ਸੀਨੀਅਰ ਸਲਾਹਕਾਰ ਨਿਊਰੋਲਾਜਿਸਟ ਡਾ. ਸੋਨੀਆ ਲਾਲ ਗੁਪਤਾ ਦੱਸਦੇ ਹਨ ਕਿ ਰਾਤ ‘ਚ ਨੀਂਦ ਦੌਰਾਨ ਬੋਲਣਾ ਇੱਕ ਆਮ ਸਮੱਸਿਆ ਹੈ ਜੋ ਖਾਸ ਤੌਰ ‘ਤੇ ਬੱਚਿਆਂ ‘ਚ ਜ਼ਿਆਦਾ ਦੇਖੀ ਜਾਂਦੀ ਹੈ। ਨਾਲ ਹੀ ਉਹ ਕਹਿੰਦੇ ਹਨ ਕਿ ਜੇਕਰ ਇਹ ਸਮੱਸਿਆ ਵੱਧ ਜਾਵੇ ਤਾਂ ਚਿੰਤਾ ਕਰਨ ਦੀ ਗੱਲ ਹੈ।

ਨੀਂਦ ‘ਚ ਤੁਰਨਾ

ਨੀਂਦ ’ਚ ਚੱਲਣ ਨਾਲ ਹਾਦਸੇ ਦਾ ਖ਼ਤਰਾ ਹੋ ਸਕਦਾ ਹੈ।

ਤਸਵੀਰ ਸਰੋਤ, Getty Images

ਨੀਂਦ ‘ਚ ਤੁਰਨਾ ਖ਼ਤਰਨਾਕ ਹੋ ਸਕਦਾ ਹੈ। ਅਮਰੀਕਾ ਦੇ ਲੂਈਸਿਆਨਾ ‘ਚ ਰਹਿਣ ਵਾਲੀ ਇੱਕ ਬੱਚੀ ਪੇਟਨ 14 ਸਤੰਬਰ ਸਾਲ 2024 ਦੀ ਰਾਤ ਨੀਂਦ ‘ਚ ਆਪਣੇ ਘਰੋਂ ਬਾਹਰ ਨਿਕਲ ਗਈ ਅਤੇ ਚੱਲਦੇ-ਚੱਲਦੇ ਜੰਗਲ ਵਿਚਾਲੇ ਪਹੁੰਚ ਗਈ।

ਬੱਚੀ ਦੇ ਗਾਇਬ ਹੋਣ ‘ਤੇ ਪਰਿਵਾਰ ਨੇ ਪੁਲਿਸ ਨੂੰ ਖ਼ਬਰ ਦਿੱਤੀ ਅਤੇ ਫਿਰ ਬੱਚੀ ਦੀ ਤਲਾਸ਼ ਸ਼ੁਰੂ ਹੋਈ। ਜਦੋਂ ਬੱਚੀ ਆਸ-ਪਾਸ ਕਿਤੇ ਵੀ ਨਾ ਮਿਲੀ ਤਾਂ ਉਸਨੂੰ ਲੱਭਣ ਲਈ ਡ੍ਰੋਨ ਕੈਮਰੇ ਦੀ ਮਦਦ ਲਈ ਗਈ।

ਡਾਕਟਰ ਮੋਹਸਿਨ ਵਲੀ ਵੀ ਮੰਨਦੇ ਹਨ ਕਿ ਨੀਂਦ ‘ਚ ਬੋਲਣਾ ਆਮ ਤੌਰ ‘ਤੇ ਬਿਮਾਰੀ ਨਹੀਂ ਪਰ ਨੀਂਦ ‘ਚ ਚੱਲਣ ‘ਤੇ ਹਾਦਸੇ ਦਾ ਖ਼ਤਰਾ ਹੋ ਸਕਦਾ ਹੈ।

ਉਨ੍ਹਾਂ ਮੁਤਾਬਕ, “ਇਸ ‘ਚ ਵਿਅਕਤੀ ਵਾਕਈ ਉੱਠ ਕੇ ਤੁਰਨ ਲੱਗਦਾ ਹੈ ਅਤੇ ਉਸਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ। ਅਜਿਹੇ ‘ਚ ਡਿੱਗਣ ਜਾਂ ਕਿਸੇ ਚੀਜ਼ ਨਾਲ ਟਕਰਾਉਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਕੋਈ ਛੱਤ ‘ਤੇ ਸੌਂ ਰਿਹਾ ਹੋਵੇ ਤਾਂ ਡਿੱਗਣ ਦਾ ਖ਼ਤਰਾ ਵੀ ਹੋ ਸਕਦਾ ਹੈ।”

ਡਾਕਟਰ ਵਲੀ ਆਪਣੇ ਵਿਦਿਆਰਥੀ ਜੀਵਨ ਦਾ ਇੱਕ ਤਜ਼ਰਬਾ ਵੀ ਦੱਸਦੇ ਹਨ। ਉਹ ਕਹਿੰਦੇ ਹਨ ਕਿ 1968 ‘ਚ ਹਾਈ ਸਕੂਲ ਦੌਰਾਨ ਵਿਗਿਆਨ ਦੇ ਪੇਪਰ ਤੋਂ ਪਹਿਲਾਂ ਉਹ ਬਹੁਤ ਤਣਾਅ ‘ਚ ਸਨ ਅਤੇ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਚਾਰ ਵਜੇ ਦੇ ਆਸ-ਪਾਸ ਉੱਠ ਕੇ ਚੱਲਣ ਲੱਗੇ ਸਨ। ਉਸ ਸਮੇਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਰੋਕ ਲਿਆ ਸੀ।

ਰਾਤ ਦੀ ਨੀਂਦ

ਤਸਵੀਰ ਸਰੋਤ, Getty Images

ਮਾਹਰਾਂ ਮੁਤਾਬਕ ਰਾਤ ਦੀ ਨੀਂਦ ਕਈ ਪੜਾਵਾਂ ‘ਚ ਪੂਰੀ ਹੁੰਦੀ ਹੈ।

ਜਦੋਂ ਅਸੀਂ ਸੌਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਹਲਕੀ ਨੀਂਦ ਆਉਂਦੀ ਹੈ। ਕਰੀਬ 20 ਮਿੰਟ ਬਾਅਦ ਇਹ ਨੀਂਦ ਹੌਲੀ-ਹੌਲੀ ਡੂੰਘੀ ਹੋਣ ਲੱਗਦੀ ਹੈ।

ਇਸ ਤੋਂ ਬਾਅਦ ਨੀਂਦ ਫਿਰ ਕੁਝ ਸਮੇਂ ਲਈ ਹਲਕੀ ਹੁੰਦੀ ਹੈ ਅਤੇ ਫਿਰ ਇਨਸਾਨ ਬਹੁਤ ਡੂੰਘੀ ਨੀਂਦ ‘ਚ ਚਲਾ ਜਾਂਦਾ ਹੈ, ਜਿਸਨੂੰ ਰੈਪਿਡ ਆਈ ਮੂਵਮੈਂਟ (ਆਰਈਐਮ) ਕਿਹਾ ਜਾਂਦਾ ਹੈ।

ਨੀਂਦ ਦੇ ਇਹ ਸਾਰੇ ਪੜਾਅ ਪੂਰੀ ਰਾਤ ‘ਚ ਕਈ ਵਾਰ ਦੁਹਰਾਏ ਜਾਂਦੇ ਹਨ। ਹਰ ਚੱਕਰ ਦੇ ਨਾਲ ਆਰਈਐਮ ਯਾਨੀ ਬਹੁਤ ਡੂੰਘੀ ਨੀਂਦ ਦੀ ਮਿਆਦ ਵੱਧ ਜਾਂਦੀ ਹੈ ਅਤੇ ਇਹੀ ਸਿਲਸਿਲਾ ਸਵੇਰੇ ਨੀਂਦ ਖੁੱਲ੍ਹਣ ਤੱਕ ਚੱਲਦਾ ਰਹਿੰਦਾ ਹੈ।

ਆਰਈਐਮ ਨੀਂਦ ਦੌਰਾਨ ਹੀ ਅਸੀਂ ਸਭ ਤੋਂ ਵੱਧ ਸੁਪਨੇ ਦੇਖਦੇ ਹਾਂ। ਇਸ ਸਥਿਤੀ ‘ਚ ਸਰੀਰ ਪੂਰੀ ਤਰ੍ਹਾਂ ਸਥਿਰ ਰਹਿੰਦਾ ਹੈ ਤਾਂ ਜੋ ਸੁਪਨਿਆਂ ‘ਚ ਚੱਲ ਰਹੀਆਂ ਗਤੀਵਿਧੀਆਂ ਮੁਤਾਬਕ ਸਰੀਰ ਅਸਲ ‘ਚ ਹਰਕਤ ਨਾ ਕਰਨ ਲੱਗੇ।

ਹਾਲਾਂਕਿ ਨੀਂਦ ‘ਚ ਚੱਲਣ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਦਿਮਾਗ ਅਤੇ ਸਰੀਰ ਵਿਚਾਲੇ ਤਾਲਮੇਲ ਵਿਗੜ ਜਾਂਦਾ ਹੈ। ਇਹ ਇੱਕ ਤਰ੍ਹਾਂ ਦੀ ਭਰਮ ਦੀ ਸਥਿਤੀ ਹੈ ਜਿਸ ‘ਚ ਦਿਮਾਗ ਇੰਨਾ ਸਰਗਰਮ ਹੁੰਦਾ ਹੈ ਕਿ ਉਹ ਸਰੀਰ ਨੂੰ ਤੁਰਨ-ਫਿਰਨ ਦੇ ਸੰਕੇਤ ਦਿੰਦਾ ਹੈ ਪਰ ਇੰਨਾ ਸਰਗਰਮ ਨਹੀਂ ਹੁੰਦਾ ਕਿ ਵਿਅਕਤੀ ਪੂਰੀ ਤਰ੍ਹਾਂ ਜਾਗ ਸਕੇ।

ਇਟਲੀ ਦੇ ਮਿਲਾਨ ਸਥਿਤ ਨਿਗੂਆਰਡਾ ਹਸਪਤਾਲ ‘ਚ ਹੋਏ ਇੱਕ ਅਧਿਐਨ ‘ਚ ਨੀਂਦ ‘ਚ ਤੁਰਨ ਵਾਲੇ ਲੋਕਾਂ ਦੇ ਦਿਮਾਗ ਦੀਆਂ ਗਤੀਵਿਧੀਆਂ ਦਾ ਅਧਿਐਨ ਕੀਤਾ ਗਿਆ। ਖੋਜ ‘ਚ ਪਾਇਆ ਗਿਆ ਕਿ ਅਜਿਹੇ ਲੋਕਾਂ ਦੇ ਦਿਮਾਗ ਦੇ ਕੁਝ ਹਿੱਸੇ ਉਸ ਸਮੇਂ ਸਰਗਰਮ ਰਹਿੰਦੇ ਹਨ ਜਦੋਂਕਿ ਬਾਕੀ ਹਿੱਸੇ ਨੀਂਦ ਦੀ ਹਾਲਤ ‘ਚ ਹੁੰਦੇ ਹਨ।

ਇਹ ਅਧਿਐਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਨੀਂਦ ‘ਚ ਤੁਰਨ ਦੀ ਸਮੱਸਿਆ ਨੀਂਦ ਅਤੇ ਜਾਗਣ ਦੀ ਅਵਸਥਾ ਵਿਚਾਲੇ ਪੈਦਾ ਹੋਏ ਅਸੰਤੁਲਨ ਦਾ ਨਤੀਜਾ ਹੁੰਦੀ ਹੈ।

ਚਿੰਤਾ ਕਰਨ ਦੀ ਲੋੜ ਕਦੋਂ ?

ਉਮਰ

ਤਸਵੀਰ ਸਰੋਤ, Getty Images

ਡਾ. ਸੋਨੀਆ ਲਾਲ ਗੁਪਤਾ ਮੁਤਾਬਕ, ਨੀਂਦ ‘ਚ ਬੋਲਣ ਦੀ ਸਥਿਤੀ ‘ਚ ਜ਼ਿਆਦਾ ਚਿੰਤਾ ਦੀ ਲੋੜ ਨਹੀਂ ਹੁੰਦੀ। ਉਹ ਕਹਿੰਦੇ ਹਨ, “ਨੀਂਦ ‘ਚ ਬੋਲਣ ਜਾਂ ਬੜਬੜਾਉਣ ਵਾਲੇ ਲੋਕਾਂ ਨੂੰ ਅਕਸਰ ਸਵੇਰੇ ਇਹ ਯਾਦ ਨਹੀਂ ਰਹਿੰਦਾ ਕਿ ਉਨ੍ਹਾਂ ਨੇ ਰਾਤ ਨੂੰ ਕੀ ਕਿਹਾ ਸੀ। ਜ਼ਿਆਦਾਤਰ ਮਾਮਲਿਆਂ ‘ਚ, ਖਾਸ ਤੌਰ ‘ਤੇ ਬੱਚਿਆਂ ਵਿੱਚ, ਇਲਾਜ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਮਰ ਵਧਣ ਦੇ ਨਾਲ ਇਹ ਸਮੱਸਿਆ ਆਪਣੇ ਆਪ ਖ਼ਤਮ ਹੋ ਜਾਂਦੀ ਹੈ।”

ਡਾਕਟਰ ਗੁਪਤਾ ਕਹਿੰਦੇ ਹਨ ਕਿ ਵੱਧ ਉਮਰ ਦੇ ਲੋਕਾਂ ‘ਚ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਨੀਂਦ ‘ਚ ਬੋਲਣ ਦੀ ਵਜ੍ਹਾ ਕੀ ਹੈ ਅਤੇ ਕੀ ਇਸ ਨਾਲ ਨੀਂਦ ਦੀ ਗੁਣਵੱਤਾ ‘ਤੇ ਅਸਰ ਪੈ ਰਿਹਾ ਹੈ।

ਉਹ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਵਾਰ-ਵਾਰ ਨੀਂਦ ‘ਚ ਬੋਲਣ, ਚੀਕਣ ਜਾਂ ਹਿੰਸਕ ਹਰਕਤਾਂ ਕਰਨ ਦੀ ਸਮੱਸਿਆ ਹੋਵੇ ਅਤੇ ਇਸ ਨਾਲ ਉਸਦੀ ਨੀਂਦ ਪ੍ਰਭਾਵਿਤ ਹੋ ਰਹੀ ਹੋਵੇ ਤਾਂ ਇਸਦੀ ਵਜ੍ਹਾ ਦੀ ਜਾਂਚ ਜ਼ਰੂਰੀ ਹੈ।

ਡਾਕਟਰ ਵਲੀ ਮੁਤਾਬਕ ਅੱਜ ਕੱਲ੍ਹ ਸਮਾਜ ‘ਚ ਬਹੁਤ ਸਾਰੇ ਲੋਕ ਨੀਂਦ ਦੀ ਕਮੀ ਨਾਲ ਜੂਝ ਰਹੇ ਹਨ। ਕੁਝ ਲੋਕਾਂ ‘ਚ ਆਬਸਟ੍ਰਕਟਿਵ ਸਲੀਪ ਐਪਨੀਆ ਵੀ ਪਾਇਆ ਜਾਂਦਾ ਹੈ ਜਿਸ ‘ਚ ਨੀਂਦ ਦੌਰਾਨ ਦਿਮਾਗ ਤੱਕ ਆਕਸੀਜਨ ਸਹੀ ਢੰਗ ਨਾਲ ਨਹੀਂ ਪਹੁੰਚਦੀ ਅਤੇ ਇਸ ਨਾਲ ਦਿਮਾਗ ਤਣਾਅ ‘ਚ ਚਲਾ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਨੀਂਦ ‘ਚ ਤੁਰਨ ਜਾਂ ਨੀਂਦ ‘ਚ ਬੋਲਣ ਦੀ ਸਮੱਸਿਆ ਤਣਾਅ, ਨੀਂਦ ਦੀ ਕਮੀ, ਚਿੰਤਾ ਜਾਂ ਕਿਸੇ ਬਿਮਾਰੀ ਤੋਂ ਬਾਅਦ ਵੀ ਹੋ ਸਕਦੀ ਹੈ।

ਇਲਾਜ

ਸੌਣ ਅਤੇ ਜਾਗਣ ਦਾ ਸਮਾਂ ਤੈਅ ਹੋਣਾ ਚਾਹੀਦਾ ਹੈ

ਤਸਵੀਰ ਸਰੋਤ, Getty Images

ਸੌਣ ਦਾ ਸਮਾਂ ਨਿਯਮਿਤ ਨਾ ਹੋਣ ਨਾਲ ਜਾਂ ਕਈ ਵਾਰ ਕਿਸੇ ਪਰੇਸ਼ਾਨੀ ਕਰਕੇ ਵੀ ਤੁਸੀਂ ਇਸਦਾ ਸ਼ਿਕਾਰ ਹੋ ਸਕਦੇ ਹੋ। ਡਾਕਟਰ ਸਲਾਹ ਦਿੰਦੇ ਹਨ ਕਿ ਇਨ੍ਹਾਂ ਚੀਜ਼ਾਂ ਨੂੰ ਠੀਕ ਕਰ ਲੈਣ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਦੂਰ ਹੋ ਸਕਦੇ ਹੋ।

ਡਾਕਟਰ ਸੋਨੀਆ ਲਾਲ ਗੁਪਤਾ ਨੀਂਦ ਦੀ ਗੁਣਵੱਤਾ ਬਿਹਤਰ ਕਰਨ ਨੂੰ ਲੈਕੇ ਕਹਿੰਦੇ ਹਨ, “ਸੌਣ ਅਤੇ ਜਾਗਣ ਦਾ ਸਮਾਂ ਤੈਅ ਹੋਣਾ ਚਾਹੀਦਾ ਹੈ। ਦੁਪਹਿਰ ਤਿੰਨ ਵਜੇ ਤੋਂ ਬਾਅਦ ਕੈਫੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ।”

ਉਨ੍ਹਾਂ ਕਿਹਾ, “ਜੇਕਰ ਕੋਈ ਵਿਅਕਤੀ ਜ਼ਿਆਦਾ ਤਣਾਅ ਨਾਲ ਸੌਣ ਜਾਂਦਾ ਹੈ ਅਤੇ ਇਹੀ ਸਮੱਸਿਆ ਵਧ ਰਹੀ ਹੈ ਤਾਂ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ।”

ਡਾ. ਗੁਪਤਾ ਵੀ ਕਹਿੰਦੇ ਹਨ ਕਿ ਜੇਕਰ ਨੀਂਦ ਦੌਰਾਨ ਕੋਈ ਵਿਅਕਤੀ ਹਿੰਸਕ ਹਰਕਤਾਂ ਕਰਦਾ ਹੈ, ਜਿਵੇਂ ਸੌਂਦੇ ਸਮੇਂ ਆਪਣੀ ਸਾਥੀ ਨੂੰ ਲੱਤ ਮਾਰਨਾ, ਤਾਂ ਇਹ ਕਿਸੇ ਨਿਊਰੋਲੋਜੀਕਲ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਉਨ੍ਹਾਂ ਕਿਹਾ, “ਬੱਚਿਆਂ ‘ਚ ਨੀਂਦ ਨਾਲ ਜੁੜੀਆਂ ਅਜਿਹੀਆਂ ਸ਼ਿਕਾਇਤਾਂ ਜ਼ਿਆਦਾ ਇਸ ਲਈ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦਾ ਦਿਮਾਗ ਅਜੇ ਵਿਕਸਿਤ ਹੋ ਰਿਹਾ ਹੁੰਦਾ ਹੈ। ਹਾਲਾਂਕਿ ਜੇਕਰ ਬੱਚਾ ਦਿਨ ਸਮੇਂ ਜ਼ਿਆਦਾ ਸੌਂਦਾ ਹੈ ਜਾਂ ਸਕੂਲ ‘ਚ ਉਸਨੂੰ ਵਾਰ-ਵਾਰ ਨੀਂਦ ਆਉਂਦੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਅਤੇ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ।”

ਡਾਕਟਰ ਵਲੀ ਮੁਤਾਬਕ ਇਸਦਾ ਕੋਈ ਸਿੱਧਾ ਇਲਾਜ ਨਹੀਂ ਹੈ। ਅਜਿਹੇ ਮਾਮਲਿਆਂ ‘ਚ ਸਲਾਹ ਮਦਦਗਾਰ ਹੋ ਸਕਦੀ ਹੈ ਜੋ ਆਮ ਤੌਰ ‘ਤੇ ਮਨੋਵਿਗਿਆਨੀ ਕਰਦੇ ਹਨ। ਇਸ ਤੋਂ ਇਲਾਵਾ ਨੀਂਦ ਪੂਰੀ ਲੈਣਾ ਵੀ ਜ਼ਰੂਰੀ ਹੈ।

ਉਨ੍ਹਾਂ ਦੇ ਕਹਿਣਾ ਹੈ ਕਿ ਰਾਤ ਸਮੇਂ ਸਰੀਰ ‘ਚ ਮੇਲੇਟੋਨਿਨ ਬਣਦਾ ਹੈ। ਜੇਕਰ ਲੋੜ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਮੇਲੇਟੋਨਿਨ ਵੀ ਦਿੱਤਾ ਜਾ ਸਕਦਾ ਹੈ।

ਉਹ ਇਹ ਵੀ ਕਹਿੰਦੇ ਹਨ ਕਿ ਆਮ ਤੌਰ ‘ਤੇ ਇਨ੍ਹਾਂ ਸਥਿਤੀਆਂ ‘ਚ ਯਾਦਦਾਸ਼ਤ ‘ਤੇ ਕੋਈ ਅਸਰ ਨਹੀਂ ਪੈਂਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI