Home ਰਾਸ਼ਟਰੀ ਖ਼ਬਰਾਂ ‘ਦੋਵੇਂ ਪਾਸੇ ਬੈਠੇ ਹੁਕਮਰਾਨਾਂ ਨੇ ਮਰਨ ਵਾਲਿਆਂ ਦੇ ਖ਼ਾਨਦਾਨ ਨੂੰ ਨਾ ਕਦੇ...

‘ਦੋਵੇਂ ਪਾਸੇ ਬੈਠੇ ਹੁਕਮਰਾਨਾਂ ਨੇ ਮਰਨ ਵਾਲਿਆਂ ਦੇ ਖ਼ਾਨਦਾਨ ਨੂੰ ਨਾ ਕਦੇ ਪਹਿਲਾਂ ਇਨਸਾਫ਼ ਦਵਾਇਆ ਹੈ ਤੇ ਨਾ ਹੁਣ ਦਵਾਉਣਾ ਹੈ’ – ਵਲੌਗ

4
0

Source :- BBC PUNJABI

ਕਸ਼ਮੀਰ ਹਮਲਾ

ਤਸਵੀਰ ਸਰੋਤ, Getty Images

  • ਲੇਖਕ, ਮੁਹੰਮਦ ਹਨੀਫ਼
  • ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
  • 26 ਅਪ੍ਰੈਲ 2025, 15:43 IST

    ਅਪਡੇਟ 6 ਘੰਟੇ ਪਹਿਲਾਂ

ਲਓ ਜੀ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਹੁਣ ਮੁੜ ਸ਼ੁਰੂ ਹੋਣ ਲੱਗੀ ਹੈ। ਕਹਿਣ ਵਾਲਿਆਂ ਨੇ ਕਹਿਣਾ ਹੈ ਕਿ ਜੰਗ ਮੁੱਕੀ ਹੀ ਕਦੋਂ ਸੀ।

ਸਨ ਸੰਤਾਲੀ ‘ਚ ਲੜ-ਭਿੜ ਕੇ, ਲੱਖਾਂ ਬੰਦੇ ਕੋਹ ਕੇ, ਕਰੋੜਾਂ ਨੂੰ ਉਜਾੜ ਕਰਕੇ ਅਸੀਂ ਇੱਕ-ਦੂਜੇ ਤੋਂ ਜਾਨ ਛੁਡਾਈ ਸੀ। ਅਜੇ ਸਾਲ ਵੀ ਨਹੀਂ ਸੀ ਲੰਘਿਆ ਕਿ ਸੰਨ ਅੜ੍ਹਤਾਲੀ ‘ਚ ਕਸ਼ਮੀਰ ਵਾਲਾ ਯੁੱਧ ਪੈ ਗਿਆ।

1965 ‘ਚ ਫਿਰ ਲੜ੍ਹ ਪਏ। ਦੋਵਾਂ ਦੇ ਹੱਥ ਕੁਝ ਨਹੀਂ ਆਇਆ। 1971 ‘ਚ ਫਿਰ ਭਰਵੀਂ ਜੰਗ ਹੋਈ ਤੇ ਪਾਕਿਸਤਾਨ ਦੇ ਦੋ ਟੋਟੇ ਹੋ ਗਏ।

ਖਿਆਲ ਸੀ ਕਿ ਹੁਣ ਠੰਢ ਪੈ ਜਾਵੇਗੀ। ਸ਼ਿਮਲਾ ਮੁਆਇਦਾ ਵੀ ਹੋ ਗਿਆ, ਕੈਦੀ ਘਰਾਂ ਨੂੰ ਵਾਪਸ ਆ ਗਏ ਅਤੇ ਲੱਗਾ ਕਿ ਦੋਵੇਂ ਗੁਆਂਢੀ ਹੁਣ ਬੰਦੇ ਦੇ ਪੁੱਤਰਾਂ ਦੀ ਤਰ੍ਹਾਂ ਰਹਿਣਾ ਸਿੱਖ ਲੈਣਗੇ।

‘ਫੌਜੀ ਮਰਵਾਏ, ਲਾਸ਼ਾਂ ਚੁੱਕੀਆਂ ਪਰ ਸਬਰ ਨਹੀਂ ਆਇਆ’

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਮਹੁੰਮਦ ਹਨੀਫ਼

ਤਸਵੀਰ ਸਰੋਤ, Mohammed Hanif

ਇੰਡੀਆ ਨੇ ਐਟਮ ਬੰਬ ਬਣਾਇਆ ਤੇ ਪਾਕਿਸਤਾਨ ਨੇ ਵੀ ਬਣਾ ਲਿਆ। ਉਦੋਂ ਸੁਣੀਦਾ ਸੀ ਕਿ ਜਿਹੜੇ ਦੋ ਮੁਲਕਾਂ ਕੋਲ ਐਟਮ ਬੰਬ ਹੁੰਦਾ ਹੈ, ਉਹ ਕਦੇ ਵੀ ਇੱਕ-ਦੂਜੇ ਨਾਲ ਜੰਗ ਨਹੀਂ ਕਰਦੇ। ਅਸੀਂ ਕਿਹਾ – ਕਰਕੇ ਵਿਖਾਵਾਂਗੇ।

ਸਿਆਚਿਨ ਦੀਆਂ ਬਰਫਾਂ ‘ਚ ਫੌਜੀ ਮਰਵਾਏ, ਕਾਰਗਿਲ ਦੇ ਪਹਾੜ੍ਹਾਂ ਤੋਂ ਲਾਸ਼ਾਂ ਚੁੱਕੀਆਂ ਲੇਕਿਨ ਸਬਰ ਨਹੀਂ ਆਇਆ।

ਬਾਰਡਰਾਂ ‘ਤੇ ਬਿਜਲੀ ਵਾਲੀਆਂ ਤਾਰਾਂ ਖਿੱਚ ਛੱਡੀਆਂ। ਕਦੇ ਕੋਈ ਆਲੂ-ਪਿਆਜ਼ ਦਾ ਧੰਦਾ ਹੁੰਦਾ ਸੀ ਤੇ ਉਹ ਵੀ ਬੰਦ।

ਜਿਹੜੇ ਬਾਰਡਰ ‘ਤੇ ਕਦੇ-ਕਦੇ ਮੋਮਬੱਤੀਆਂ ਲੈ ਕੇ ਆਉਂਦੇ ਸਨ ਤੇ ਭਾਈਚਾਰੇ ਵਾਲੀ ਹਲਕੀ-ਹਲਕੀ ਢੋਲਕੀ ਵਜਾਉਂਦੇ ਸਨ, ਉਹ ਵੀ ਜਾ ਕੇ ਘਰਾਂ ਨੂੰ ਬੈਠ ਗਏ।

ਦਹਿਸ਼ਤਗਰਦੀ ਵਾਲੀ ਜੰਗ

ਭਾਰਤ-ਪਾਕਿਸਤਾਨ

ਤਸਵੀਰ ਸਰੋਤ, Getty Images

ਨਾਲ ਹੀ ਇੱਕ ਦੂਜੀ ਜੰਗ ਵੀ ਸ਼ੁਰੂ ਹੋ ਗਈ- ਦਹਿਸ਼ਤਗਰਦੀ ਵਾਲੀ ਜੰਗ।

ਪਾਕਿਸਤਾਨ ਹੁਣ ਮੰਨਦਾ ਵੀ ਹੈ। ਵਜ਼ੀਰ-ਏ-ਦਫਾ ਨੇ ਕੱਲ੍ਹ ਹੀ ਕਿਹਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਪਹਿਲਾਂ ਗੰਦੇ ਕੰਮ ਕਰਦੇ ਹੁੰਦੇ ਸਾਂ, ਅਮਰੀਕਾ ਅਤੇ ਯੂਰਪ ਦੇ ਕਹਿਣ ‘ਤੇ। ਲੇਕਿਨ ਹੁਣ ਸਾਨੂੰ ਅਕਲ ਆ ਗਈ ਹੈ। ਅਸੀਂ ਇਹ ਕੰਮ ਛੱਡ ਦਿੱਤੇ ਹਨ।

ਉਨ੍ਹਾਂ ਇਹ ਨਹੀਂ ਦੱਸਿਆ ਕਿ ਅਸੀਂ ਪਹਿਲਾਂ ਨਾ ਇਹ ਕੰਮ ਅਵਾਮ ਕੋਲੋਂ ਪੁੱਛ ਕੇ ਸ਼ੁਰੂ ਕੀਤੇ ਸਨ ਅਤੇ ਨਾ ਅਸੀਂ ਅਵਾਮ ਕਲੋਂ ਪੁੱਛ ਕੇ ਬੰਦ ਕੀਤੇ ਹਨ।

ਇੰਡੀਆ ਕਹਿੰਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕਦੇ ਕੀਤਾ ਹੀ ਨਹੀਂ ਲੇਕਿਨ ਹੁਣ ਕਰਾਂਗੇ ਤੇ ਖੁੱਲ੍ਹ ਕੇ ਕਰਾਂਗੇ। ਉਹੀ ਪੁਰਾਣਾ ਨਾਅਰਾ ਕਿ ‘ਘੁਸ ਕੇ ਮਾਰੇਂਗੇ’।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅਤੇ ਅੰਗਰੇਜ਼ੀ ‘ਚ ਕਿਹਾ ਹੈ ਤਾਂ ਜੋ ਪੂਰੀ ਦੁਨੀਆਂ ਸੁਣ ਸਕੇ ਕਿ ਇਸ ਵਾਰ ਤੁਹਾਡੀ ਸੋਚ ਤੋਂ ਵੀ ਅੱਗੇ ਮਾਰ ਪਵੇਗੀ।

ਸਜ਼ਾ ਕਿਸ ਨੂੰ?

ਕਸ਼ਮੀਰ ਹਮਲਾ

ਤਸਵੀਰ ਸਰੋਤ, Getty Images

ਦਹਿਸ਼ਤਗਰਦਾਂ ਨੇ ਮਜ਼ਹਬ ਪੁੱਛ-ਪੁੱਛ ਕੇ ਕਸ਼ਮੀਰ ‘ਚ ਟੂਰਿਸਟਾਂ ਨੂੰ ਮਾਰਿਆ ਹੈ, ਬੇਦਰਦੀ ਨਾਲ ਮਾਰਿਆ ਹੈ। ਹੁਣ ਉਸ ਦੀ ਸਜ਼ਾ ਉਨ੍ਹਾਂ ਨੂੰ ਮਿਲੇਗੀ, ਜਿਨ੍ਹਾਂ ਨੇ ਹਿੰਦੁਸਤਾਨ ਅਤੇ ਕਸ਼ਮੀਰ ਸਿਰਫ ਫਿਲਮਾਂ ‘ਚ ਵੇਖਿਆ ਹੈ।

ਹਿੰਦੁਸਤਾਨ ਵਿੱਚ ਸ਼ਾਇਦ ਹੀ ਕੋਈ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦਾ ਨਾਮ ਜਾਣਦਾ ਹੋਵੇ, ਆਰਮੀ ਚੀਫ਼ ਦਾ ਸ਼ਾਇਦ ਪਤਾ ਹੋਵੇ। ਪਾਕਿਸਤਾਨ ਵਿੱਚ ਇੰਡੀਆ ਦੇ ਆਰਮੀ ਚੀਫ਼ ਦਾ ਨਾਮ ਕੋਈ ਨਹੀਂ ਜਾਣਦਾ, ਵਜ਼ੀਰ-ਏ-ਆਜ਼ਮ ਮੋਦੀ ਦਾ ਸਭ ਨੂੰ ਪਤਾ ਹੈ।

ਦੋਵੇਂ ਪਾਸੇ ਬੈਠੇ ਹੁਕਮਰਾਨਾਂ ਨੇ ਮਰਨ ਵਾਲਿਆਂ ਦੇ ਖਾਨਦਾਨ ਨੂੰ ਨਾ ਕਦੇ ਪਹਿਲਾਂ ਇਨਸਾਫ਼ ਦਵਾਇਆ ਹੈ ਤੇ ਨਾ ਹੁਣ ਦਵਾਉਣਾ ਹੈ। ਜੰਗਾਂ, ਦਹਿਸ਼ਤਗਰਦੀਆਂ, ਘੁਸ ਕੇ ਮਾਰੇਂਗੇ ਵਰਗੇ ਨਾਅਰੇ ਇਹ ਤਾਂ ਆਪਣ ਗੱਦੀ ਮਜ਼ਬੂਤ ਕਰਨ ਲਈ ਹਨ ਅਤੇ ਇਹ ਨਾਅਰੇ ਵੱਜਦੇ ਰਹਿਣਗੇ।

ਪਰ ਇਹ ਨਾ ਭੁੱਲੋ ਕਿ ਜ਼ੁਲਮ ਕਸ਼ਮੀਰ ‘ਚ ਹੋਇਆ ਹੈ ਅਤੇ ਕਸ਼ਮੀਰੀਆਂ ਦੇ ਨਾਲ ਵੀ ਹੋਇਆ ਹੈ। ਉੱਥੇ ਜੇਕਰ ਕਿਸੇ ਗਰੀਬ ਦਾ ਟੂਰਿਜ਼ਮ ਨਾਲ ਰੋਟੀ-ਪਾਣੀ ਜੁੜਿਆ ਸੀ, ਉਹ ਉਹਦੇ ਤੋਂ ਵੀ ਗਿਆ।

ਮੁਹੰਮਦ ਹਨੀਫ਼

‘ਕਸ਼ਮੀਰੀਆਂ ਨੂੰ ਵੀ ਪੁੱਛਣਾ ਕਿ ਭਰਾਵੋ ਤੁਸੀਂ ਕੀ ਚਾਹੁੰਦੇ ਹੋ’

ਕਸ਼ਮੀਰੀ ਔਰਤਾਂ

ਤਸਵੀਰ ਸਰੋਤ, Getty Images

ਪਾਕਿਸਤਾਨ ਅਤੇ ਹਿੰਦੁਸਤਾਨ ਨੇ ਕਸ਼ਮੀਰ ਨੂੰ ਕੋਈ ਖਾਨਦਾਨੀ ਜਾਇਦਾਦ ਦਾ ਝਗੜਾ ਬਣਾ ਲਿਆ ਹੈ, ਜਿਸ ‘ਚ ਨਸਲਾਂ ਇੱਕ-ਦੂਜੇ ਨੂੰ ਕੱਟਦੀਆਂ-ਵੱਢਦੀਆਂ ਰਹਿੰਦਆਂ ਹਨ।

ਪਾਕਿਸਤਾਨ ਕਸ਼ਮੀਰ ਨੂੰ ਆਪਣੀ ਸ਼ਾਹਰਗ ਕਹਿੰਦਾ ਹੈ ਪਰ ਕੀ ਕੋਈ ਆਪਣੀ ਸ਼ਾਹਰਗ ‘ਤੇ ਇੰਨੀ ਵਾਰੀ ਛੁਰੀ/ਚਾਕੂ ਫੇਰਦਾ ਹੈ?

ਇੰਡੀਆ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਕਹਿੰਦਾ ਹੈ ਪਰ ਕੀ ਕੋਈ ਆਪਣੇ ਅੰਗ ਨੂੰ ਇਸ ਤਰ੍ਹਾਂ ਟੋਰਚਰ ਚੈਂਬਰ ‘ਚ ਸੁੱਟ ਸਕਦਾ ਹੈ?

ਜਦੋਂ ਜੰਗ ਦੇ ਢੋਲ ਵੱਜਦੇ ਹਨ ਤਾਂ ਮਾੜਿਆਂ ਦੀ ਗੱਲ ਕੋਈ ਨਹੀਂ ਸੁਣਦਾ। ਜਦੋਂ ਬਦਲੇ ਦੀ ਅੱਗ ਥੋੜ੍ਹੀ ਠੰਡੀ ਹੋ ਜਾਵੇ, ਜਦੋਂ ਰੌਲ਼ਾ ਘਟ ਜਾਵੇ, ਅਗਲੀ ਜੰਗ ਦਾ ਫਿਰ ਇੰਤਜ਼ਾਰ ਸ਼ੁਰੂ ਹੋ ਜਾਵੇ ਤਾਂ ਕਸ਼ਮੀਰੀਆਂ ਨੂੰ ਵੀ ਪੁੱਛਣਾ। ਹਾਲਾਂਕਿ ਅਸੀਂ ਉਨ੍ਹਾਂ ਦੀ ਮੰਨਣੀ ਕੋਈ ਨਹੀਂ, ਪਰ ਪੁੱਛਣਾ ਤਾਂ ਬਣਦਾ ਹੈ ਕਿ – ਬਈ ਭਰਾਵੋ ਤੁਸੀਂ ਕੀ ਚਾਹੁੰਦੇ ਹੋ?

ਰੱਬ ਰਾਖਾ

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI