Home ਰਾਸ਼ਟਰੀ ਖ਼ਬਰਾਂ ਦੇਸ਼ ਭਰ ਵਿੱਚ ਜਨਗਣਨਾ 2027 ਦੀ ਤਿਆਰੀ, ਪਹਿਲੀ ਵਾਰ ਡਿਜੀਟਲ ਤਰੀਕੇ ਨਾਲ...

ਦੇਸ਼ ਭਰ ਵਿੱਚ ਜਨਗਣਨਾ 2027 ਦੀ ਤਿਆਰੀ, ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਹੋ ਰਹੀ ਜਨਗਣਨਾ ਦੀ ਪੂਰੀ ਪ੍ਰਕਿਰਿਆ ਸਮਝੋ

12
0

Source :- BBC PUNJABI

ਜਨਗਣਨਾ

ਤਸਵੀਰ ਸਰੋਤ, Getty Images

ਪੰਜਾਬ ਸਣੇ ਦੇਸ਼ ਭਰ ਵਿੱਚ ਜਨਗਣਨਾ 2027 ਦੀਆਂ ਤਿਆਰੀਆਂ ਹੋ ਗਈਆਂ ਹਨ।

ਦੁਨੀਆ ਦੀ ਸਭ ਤੋਂ ਵੱਡੀ ਦੱਸੀ ਜਾ ਰਹੀ ਇਸ ਜਨਗਣਨਾ ਦੇ ਤਹਿਤ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, 7,092 ਉਪ-ਜ਼ਿਲ੍ਹਿਆਂ, 5,128 ਕਾਨੂੰਨੀ ਸ਼ਹਿਰਾਂ, 4,580 ਜਨਗਣਨਾ ਸ਼ਹਿਰਾਂ ਅਤੇ 6,39,902 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਪਹਿਲੀ ਵਾਰ ਪੂਰੀ ਜਨਗਣਨਾ ਡਿਜੀਟਲ ਤਰੀਕੇ ਨਾਲ ਕਰਵਾਈ ਜਾਵੇਗੀ ਅਤੇ ਲੋਕਾਂ ਨੂੰ ਸਵੈ-ਗਣਨਾ ਦਾ ਬਦਲ ਵੀ ਦਿੱਤਾ ਜਾਵੇਗਾ।

ਇਸੇ ਸੰਦਰਭ ਵਿੱਚ ਆਓ ਜਨਗਣਨਾ ਬਾਰੇ ਸਭ ਕੁਝ ਸਮਝੀਏ।

ਜਨਗਣਨਾ ਕੀ ਹੁੰਦੀ ਹੈ?

ਜਨਗਣਨਾ ਦਾ ਮਤਲਬ ਹੈ ਕਿ ਕਿਸੇ ਖ਼ਾਸ ਖੇਤਰ ਵਿੱਚ ਕਿੰਨੇ ਲੋਕ ਰਹਿੰਦੇ ਹਨ, ਇਸ ਦੀ ਗਿਣਤੀ ਕਰਨਾ।

ਜਾਤੀ ਨਾਲ ਸਬੰਧਤ ਵੇਰਵਿਆਂ ਨੂੰ ਦਰਜ ਕਰਨ ਵਾਲੀ ਜਨਗਣਨਾ ਨੂੰ ਜਾਤੀ ਜਨਗਣਨਾ ਕਿਹਾ ਜਾਂਦਾ ਹੈ। ਪਰ ਇਹ ਪ੍ਰਕਿਰਿਆ ਸਿਰਫ਼ ਗਿਣਤੀ ਤੱਕ ਸੀਮਤ ਨਹੀਂ ਹੁੰਦੀ, ਇਸ ਵਿੱਚ ਹੋਰ ਪੱਖ ਵੀ ਸ਼ਾਮਲ ਹੁੰਦੇ ਹਨ।

ਜਨਗਣਨਾ ਐਕਟ, 1948 ਦੀ ਧਾਰਾ 8 ਅਨੁਸਾਰ, ਹਰ ਨਾਗਰਿਕ ਲਈ ਇਹ ਲਾਜ਼ਮੀ ਹੈ ਕਿ ਉਹ ਜਨਗਣਨਾ ਦੌਰਾਨ ਪੁੱਛੇ ਗਏ ਸਵਾਲਾਂ ਦੇ ਸੱਚੇ ਜਵਾਬ ਦੇਵੇ।

ਆਬਾਦੀ

ਤਸਵੀਰ ਸਰੋਤ, Getty Images

ਜਨਗਣਨਾ 2027 ਕਿਵੇਂ ਕਰਵਾਈ ਜਾਵੇਗੀ? ਇਸਦੇ ਕਿੰਨੇ ਪੜਾਅ ਹਨ?

ਪਹਿਲੀ ਵਾਰ ਭਾਰਤ ਵਿੱਚ ਡਿਜੀਟਲ ਜਨਗਣਨਾ ਕੀਤੀ ਜਾ ਰਹੀ ਹੈ।

ਇਸ ਦੇ ਤਿੰਨ ਅਹਿਮ ਗੇੜ ਹਨ।

ਸਵੈ-ਗਿਣਤੀ– ਇਸਦਾ ਮਤਲਬ ਹੈ ਕਿ ਲੋਕ ਆਪ ਆਪਣੀ ਜਾਣਕਾਰੀ ਆਨਲਾਈਨ ਭਰ ਸਕਦੇ ਹਨ। ਕਿਉਂਕਿ ਲੋਕ ਆਪਣੀ ਜਾਣਕਾਰੀ ਖ਼ੁਦ ਭਰਨਗੇ, ਇਸ ਕਰਕੇ ਗ਼ਲਤੀਆਂ ਦੀ ਸੰਭਾਵਨਾ ਘੱਟ ਰਹੇਗੀ।

ਇਸ ਦੇ ਨਾਲ ਹੀ, ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਹਾਲਾਂਕਿ ਇਹ ਗੇੜ ਲਾਜ਼ਮੀ ਨਹੀਂ ਹੈ। ਜੇ ਤੁਸੀਂ ਆਨਲਾਈਨ ਜਾਣਕਾਰੀ ਭਰ ਦਿੰਦੇ ਹੋ, ਤਾਂ ਵੀ ਅਧਿਕਾਰੀ ਤੁਹਾਡੇ ਘਰ ਆ ਕੇ ਜਾਣਕਾਰੀ ਇਕੱਠੀ ਕਰਨਗੇ। ਜੇ ਤੁਸੀਂ ਆਨਲਾਈਨ ਜਾਣਕਾਰੀ ਭਰੀ ਹੈ, ਤਾਂ ਤੁਹਾਨੂੰ ਇਸਦੀ ਪੁਸ਼ਟੀ ਐੱਸਈ (ਸਕਿਓਰ ਐਲੀਮੈਂਟ ਆਈਡੈਂਟੀਫਾਇਰ) ਆਈਡੀ ਰਾਹੀਂ ਕਰਨੀ ਪਵੇਗੀ।

ਘਰ ਸੂਚੀਬੰਦੀ ਅਤੇ ਹਾਉਸਿੰਗ ਜਨਗਣਨਾ– ਇਸ ਦੌਰਾਨ ਖੇਤਰ ਵਿੱਚ ਹਰੇਕ ਢਾਂਚੇ, ਇਮਾਰਤ ਅਤੇ ਘਰ ਦੀ ਸੂਚੀ ਤਿਆਰ ਕਰਕੇ ਉਸ ਨੂੰ ਨੰਬਰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਅਗਲੇ ਗੇੜ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਇਸ ਨਾਲ ਗਿਣਤੀ ਕਰਨ ਵਾਲਿਆਂ ਲਈ ਬਲਾਕ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕੋਈ ਵੀ ਇਮਾਰਤ ਜਾਂ ਘਰ ਛੱਡਿਆ ਨਾ ਜਾਵੇ।

ਇਸ ਗੇੜ ਵਿੱਚ ਘਰ ਦੀ ਕਿਸਮ, ਉਸ ਦੀ ਹਾਲਤ, ਉਪਲਬਧ ਸੁਵਿਧਾਵਾਂ, ਵਰਤੇ ਜਾਣ ਵਾਲਾ ਇੰਧਨ, ਬਾਥਰੂਮ ਦੀ ਉਪਲਬਧਤਾ, ਨਿਵਾਸੀਆਂ ਦੀਆਂ ਜਾਇਦਾਦਾਂ ਅਤੇ ਘਰ ਕਿਰਾਏ ‘ਤੇ ਹੈ ਜਾਂ ਆਪਣਾ ਹੈ, ਵਰਗੇ ਵੇਰਵੇ ਵੀ ਦਰਜ ਕੀਤੇ ਜਾਂਦੇ ਹਨ।

ਜਨਸੰਖਿਆ ਗਿਣਤੀ– ਇਸ ਗੇੜ ਵਿੱਚ ਗਿਣਤੀ ਕਰਮਚਾਰੀ ਘਰ-ਘਰ ਜਾ ਕੇ ਹਰ ਵਿਅਕਤੀ ਦੀ ਗਿਣਤੀ ਕਰਦੇ ਹਨ ਅਤੇ ਉਸ ਬਾਰੇ ਖ਼ਾਸ ਜਾਣਕਾਰੀ ਇਕੱਠੀ ਕਰਦੇ ਹਨ।

ਔਰਤਾਂ

ਤਸਵੀਰ ਸਰੋਤ, Getty Images

ਜਨਗਣਨਾ 2027 ਲਈ ਇਨ੍ਹਾਂ ਗੇੜਾਂ ਦੀ ਸਮਾਂ-ਸਾਰਣੀ ਕੀ ਹੈ?

ਅਪ੍ਰੈਲ ਤੋਂ ਸਤੰਬਰ 2026– ਘਰ ਸੂਚੀਬੰਦੀ ਅਤੇ ਹਾਉਸਿੰਗ ਜਨਗਣਨਾ (ਐੱਚਐੱਲਓ) ਕਰਵਾਈ ਜਾਵੇਗੀ। ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 30 ਦਿਨਾਂ ਦੀ ਇੱਕ ਖ਼ਾਸ ਸਮਾਂ ਤੈਅ ਕੀਤੀ ਗਈ ਹੈ। ਇਸ ਸਮੇਂ ਤੋਂ 15 ਦਿਨ ਪਹਿਲਾਂ ਸਵੈ-ਗਿਣਤੀ ਦਾ ਬਦਲ ਉਪਲਬਧ ਹੋਵੇਗਾ। ਇਹ ਵੈੱਬਸਾਈਟ https://test.census.gov.in/se/ ਅਤੇ ਐਪ 16 ਭਾਸ਼ਾਵਾਂ ਵਿੱਚ ਉਪਲਬਧ ਹੋਣਗੇ।

ਫਰਵਰੀ 2027 ਵਿੱਚ ਅਸਲ ਜਨਸੰਖਿਆ ਗਿਣਤੀ ਕੀਤੀ ਜਾਵੇਗੀ। ਹਾਲਾਂਕਿ, ਜਿਨ੍ਹਾਂ ਖੇਤਰਾਂ ਵਿੱਚ ਇਸ ਸਮੇਂ ਦੌਰਾਨ ਬਰਫ਼ਬਾਰੀ ਹੁੰਦੀ ਹੈ, ਉੱਥੇ ਇਹ ਪ੍ਰਕਿਰਿਆ ਸਤੰਬਰ 2026 ਵਿੱਚ ਹੀ ਕਰਵਾਈ ਜਾਵੇਗੀ। ਇਸ ਵਿੱਚ ਲੱਦਾਖ ਦਾ ਪੂਰਾ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਯੂਟੀ ਅਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਬਰਫ਼ ਨਾਲ ਬੱਝੇ ਗੈਰ-ਸਮਕਾਲੀ ਖੇਤਰ ਸ਼ਾਮਲ ਹਨ।

ਇਸ ਦੂਜੇ ਗੇੜ ਵਿੱਚ ਜਾਤੀਆਂ ਦੀ ਗਿਣਤੀ ਵੀ ਦਰਜ ਕੀਤੀ ਜਾਵੇਗੀ।

ਇਸਦੇ ਨਾਲ ਨਾਲ ਹਰ ਵਿਅਕਤੀ ਤੋਂ ਜਨਸੰਖਿਆ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਵਿੱਚ ਉਮਰ, ਲਿੰਗ, ਆਮਦਨ, ਧਰਮ, ਭਾਸ਼ਾ, ਸਿੱਖਿਆ, ਬੱਚਿਆਂ ਦੀ ਗਿਣਤੀ ਅਤੇ ਕੀ ਮਾਈਗ੍ਰੇਸ਼ਨ ਹੋਈ ਹੈ, ਵਰਗੇ ਵੇਰਵੇ ਸ਼ਾਮਲ ਹਨ।

ਪੰਜਾਬ ਵਿੱਚ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਿਣਤੀ ਦਾ ਬਦਲ ਉਪਲਬਧ ਹੋਵੇਗਾ, ਜਦਕਿ 15 ਮਈ ਤੋਂ 13 ਜੂਨ ਤੱਕ ਘਰ ਸੂਚੀਬੰਦੀ ਅਤੇ ਹਾਉਸਿੰਗ ਜਨਗਣਨਾ ਕਰਵਾਈ ਜਾਵੇਗੀ।

ਔਰਤ

ਤਸਵੀਰ ਸਰੋਤ, Getty Images

ਡਿਜੀਟਲ ਜਨਗਣਨਾ ਕਿਹੋ ਜਿਹੀ ਹੋਵੇਗੀ?

ਜੋ ਵਿਅਕਤੀ ਜਨਗਣਨਾ ਦਾ ਡਾਟਾ ਇਕੱਠਾ ਕਰਦਾ ਹੈ, ਉਸਨੂੰ ਐਨਿਊਮਿਰੇਟਰ ਕਿਹਾ ਜਾਂਦਾ ਹੈ। ਦੇਸ਼ ਭਰ ਵਿੱਚ 2027 ਦੀ ਜਨਗਣਨਾ ਲਈ 30 ਲੱਖ ਤੋਂ ਵੱਧ ਐਨਿਊਮਿਰੇਟਰ, ਨਿਗਰਾਨ ਅਤੇ ਹੋਰ ਅਧਿਕਾਰੀ ਕੰਮ ਕਰਨਗੇ।

ਐਨਿਊਮਿਰੇਟਰ ਸਮਾਰਟਫੋਨ ਦੀ ਮਦਦ ਨਾਲ ਮੋਬਾਈਲ ਐਪ ‘ਤੇ ਜਾਣਕਾਰੀ ਦਰਜ ਕਰੇਗਾ ਅਤੇ ਡਾਟਾ ਜਮ੍ਹਾਂ ਕਰੇਗਾ। ਸਰਕਾਰ ਨੇ ਕਿਹਾ ਹੈ ਕਿ ਡਾਟਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ।

ਜਨਗਣਨਾ

ਤਸਵੀਰ ਸਰੋਤ, Getty Images

ਜਨਗਣਨਾ ਦਾ ਇਤਿਹਾਸ

1872 ਵਿੱਚ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਵਾਇਸਰਾਏ ਲਾਰਡ ਮੇਯੋ ਨੇ ਜਨਗਣਨਾ ਦੀ ਸ਼ੁਰੂਆਤ ਕੀਤੀ। 1931 ਤੱਕ ਜਦੋਂ ਵੀ ਬ੍ਰਿਟਿਸ਼ ਜਨਗਣਨਾ ਕਰਦੇ ਸਨ ਉਦੋਂ ਜਾਤੀ ਨਾਲ ਸੰਬੰਧਿਤ ਜਾਣਕਾਰੀ ਦਰਜ ਕੀਤੀ ਜਾਂਦੀ ਸੀ। 1881 ਤੋਂ ਭਾਰਤ ਵਿੱਚ ਹਰ ਦੱਸ ਸਾਲਾਂ ਬਾਅਦ ਜਨਗਣਨਾ ਕੀਤੀ ਜਾਂਦੀ ਹੈ।

ਆਜ਼ਾਦ ਭਾਰਤ ਦੀ ਪਹਿਲੀ ਜਨਗਣਨਾ 1951 ਵਿੱਚ ਹੋਈ ਸੀ। ਸਮਾਜਿਕ ਵੰਡ ਅਤੇ ਵਿਤਕਰੇ ਤੋਂ ਬਚਣ ਲਈ ਵਿਸਥਾਰਿਤ ਜਾਤੀ ਜਾਣਕਾਰੀ ਇਕੱਠੀ ਨਹੀਂ ਕੀਤੀ ਗਈ ਅਤੇ ਵਰਗੀਕਰਨ ਸਿਰਫ਼ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ), ਹੋਰ ਪਿੱਛੜੇ ਵਰਗ (ਓਬੀਸੀ) ਅਤੇ ਜਨਰਲ ਵਰਗ ਤੱਕ ਸੀਮਤ ਰਿਹਾ।

ਉਸ ਤੋਂ ਬਾਅਦ ਭਾਰਤ ਸਰਕਾਰ ਨੇ ਨੀਤੀਗਤ ਫ਼ੈਸਲੇ ਵਜੋਂ ਜਾਤੀ ਅਧਾਰਿਤ ਜਨਗਣਨਾ ਕਰਨਾ ਬੰਦ ਕਰ ਦਿੱਤਾ।

ਜਨਗਣਨਾ

ਤਸਵੀਰ ਸਰੋਤ, Getty Images

ਜਨਗਣਨਾ ਕੌਣ ਕਰਦਾ ਹੈ?

ਭਾਰਤ ਦੀ ਜਨਗਣਨਾ ਗ੍ਰਹਿ ਮੰਤਰਾਲੇ ਦੇ ਅਧੀਨ ਰਜਿਸਟ੍ਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੁਆਰਾ ਕਰਵਾਈ ਜਾਂਦੀ ਹੈ। ਭਾਰਤ ਵਿੱਚ ਆਮ ਤੌਰ ‘ਤੇ ਹਰ ਦੱਸ ਸਾਲਾਂ ਬਾਅਦ ਜਨਗਣਨਾ ਹੁੰਦੀ ਸੀ, ਪਰ 2011 ਤੋਂ ਬਾਅਦ ਇਹ ਨਹੀਂ ਹੋਈ।

2011 ਵਿੱਚ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ ਕਰਵਾਈ ਗਈ ਸੀ, ਪਰ ਇਸਦਾ ਡਾਟਾ ਕਦੇ ਜਨਤਕ ਨਹੀਂ ਕੀਤਾ ਗਿਆ। 2015 ਵਿੱਚ ਵੀ ਜਾਤੀ ਅਧਾਰਿਤ ਜਨਗਣਨਾ ਕੀਤੀ ਗਈ ਸੀ, ਪਰ ਇਸਦਾ ਡਾਟਾ ਵੀ ਜਾਰੀ ਨਹੀਂ ਕੀਤਾ ਗਿਆ।

ਕੇਂਦਰ ਸਰਕਾਰ ਨੇ ਇੱਕ ਸੁਣਵਾਈ ਦੌਰਾਨ ਦਿੱਤੇ ਗਏ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਇਹ ਡਾਟਾ ਖ਼ਰਾਬ ਅਤੇ ਗ਼ਲਤ ਸੀ, ਜਿਸ ਕਰਕੇ ਇਸਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ।

2021 ਲਈ ਤੈਅ ਜਨਗਣਨਾ ਗਲੋਬਲ ਕੋਵਿਡ ਮਹਾਮਾਰੀ ਕਾਰਨ ਟਾਲ ਦਿੱਤੀ ਗਈ ਸੀ। ਇਸ ਕਾਰਨ ਹੁਣ ਜਨਗਣਨਾ 2027 ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI