Source :- BBC PUNJABI
ਤਸਵੀਰ ਸਰੋਤ, Getty Images
ਕੁਝ ਆਮ ਸਮੱਗਰੀ ਸਾਡੇ ਸਿਹਤ ‘ਤੇ ਬਹੁਤ ਹੀ ਸਕਾਰਾਤਮਕ ਅਸਰ ਪਾ ਸਕਦੀ ਹੈ। ਇੱਥੇ ਅਜਿਹੀਆਂ ਹੀ ਸੱਤ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਹੋਰ ਸ਼ਾਮਲ ਕਰਨ ਦੀ ਲੋੜ ਹੈ।
ਕਦੇ ਵੀ ਇੰਨੇ ਵੱਖ-ਵੱਖ ਕਿਸਮਾਂ ਦੇ ਖਾਣੇ ਚੋਣ ਵਜੋਂ ਮੌਜੂਦ ਨਹੀਂ ਰਹੇ। ਕਈ ਵਾਰ ਇਹ ਫ਼ੈਸਲਾ ਕਰਨਾ ਔਖਾ ਹੋ ਜਾਂਦਾ ਹੈ ਕਿ ਹਰ ਰੋਜ਼ ਕਿਹੜੇ ਪੋਸ਼ਕ ਤੱਤ ਨੂੰ ਤਰਜੀਹ ਦਿੱਤੀ ਜਾਵੇ, ਕੀ ਤੁਸੀਂ ਪ੍ਰੋਟੀਨ ‘ਤੇ ਧਿਆਨ ਦਿਓ, ਜਾਂ ਫਾਈਬਰ ‘ਤੇ ਜਾਂ ਫਿਰ ਵਿਟਾਮਿਨ ਸੀ ‘ਤੇ?
ਇਨ੍ਹਾਂ ਵਿੱਚੋਂ ਸੱਤ ਇੱਥੇ ਦਿੱਤੇ ਗਏ ਹਨ, ਨਾਲ ਹੀ ਇਹ ਸਬੂਤ ਵੀ ਕਿ ਇਹ ਤੁਹਾਡੀ ਅਗਲੀ ਖਰੀਦਦਾਰੀ ਸੂਚੀ ਵਿੱਚ ਕਿਉਂ ਸ਼ਾਮਲ ਹੋਣ ਚਾਹੀਦੇ ਹਨ।
ਇਹ ਸੁੱਕਾ ਫਲ ਮੋਨੋਅਨਸੈਚੂਰੇਟਡ ਫੈਟੀ ਐਸਿਡ ਅਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ।
12 ਹਫ਼ਤਿਆਂ ਤੱਕ ਹਰ ਰੋਜ਼ 320 ਕੈਲੋਰੀ ਬਦਾਮ ਜਾਂ ਕ੍ਰੈਕਰ ਖਾਣ ਲਈ ਕਿਹਾ ਗਿਆ ਸੀ। ਇਸ ਅਧਿਐਨ ਵਿੱਚ ਸ਼ਾਮਲ ਸਾਰੇ ਲੋਕਾਂ ਵਿੱਚ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਦੇ ਕਾਰਕ ਮੌਜੂਦ ਸਨ, ਜਿਵੇਂ ਕਿ ਦਿਲ ਦੀ ਬਿਮਾਰੀ ਜਾਂ ਟਾਈਪ 2 ਸ਼ੂਗਰ ਅਤੇ ਉੱਚ ਹਾਈ ਬਲੱਡ ਪ੍ਰੈਸ਼ਰ ਸੀ।
12 ਹਫ਼ਤਿਆਂ ਬਾਅਦ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੇ ਬਦਾਮ ਖਾਧੇ, ਉਨ੍ਹਾਂ ਵਿੱਚ “ਖ਼ਰਾਬ” ਕੋਲੇਸਟ੍ਰੋਲ ਦੀ ਮਾਤਰਾ ਘੱਟ ਸੀ, ਆਂਦਰਾਂ ਦੀ ਸਿਹਤ ਵਧੀਆ ਸੀ ਅਤੇ ਸਰੀਰ ਵਿੱਚ ਸੋਜਿਸ਼ ਵੀ ਘੱਟ ਸੀ।
2022 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ 87 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਚਾਰ ਹਫ਼ਤਿਆਂ ਤੱਕ ਹਰ ਰੋਜ਼ ਪੂਰੇ ਬਦਾਮ, ਪੀਸੇ ਹੋਏ ਬਦਾਮ ਜਾਂ ਇੱਕ ਮਫ਼ਿਨ ਖਾਧਾ। ਅਧਿਐਨ ਵਿੱਚ ਪਤਾ ਲੱਗਿਆ ਕਿ ਪੂਰੇ ਅਤੇ ਪੀਸੇ ਹੋਏ ਬਦਾਮ ਖਾਣ ਨਾਲ ਸਰੀਰ ਵਿੱਚ ਮੋਨੋਅਨਸੈਚੂਰੇਟਡ ਫੈਟੀ ਐਸਿਡ, ਫਾਈਬਰ, ਪੋਟਾਸ਼ੀਅਮ ਅਤੇ ਹੋਰ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਮਾਤਰਾ ਵਧਦੀ ਹੈ।
ਖੋਜਕਾਰਾਂ ਨੇ ਪਾਇਆ ਕਿ ਬਦਾਮ ਖਾਣ ਵਾਲਿਆਂ ਵਿੱਚ ਬਿਊਟਿਰੇਟ ਦੀ ਮਾਤਰਾ ਕਾਫ਼ੀ ਵੱਧ ਸੀ।
ਬਿਊਟਿਰੇਟ ਇੱਕ ਛੋਟੀ ਚੇਨ ਵਾਲਾ ਫੈਟੀ ਐਸਿਡ ਹੈ ਜੋ ਸਾਡੀ ਵੱਡੀ ਆਂਦਰ ਦੀ ਅੰਦਰਲੀ ਪਰਤ ਵਾਲੀਆਂ ਕੋਸ਼ਿਕਾਵਾਂ ਨੂੰ ਊਰਜਾ ਦਿੰਦਾ ਹੈ।
ਇਹ ਕੋਸ਼ਿਕਾਵਾਂ ਆਂਦਰਾਂ ਵਿੱਚ ਮੌਜੂਦ ਜੀਵਾਣੂਆਂ ਨੂੰ ਵਧਣ-ਫੁੱਲਣ ਲਈ ਢੰਗ ਦਾ ਮਾਹੌਲ ਦਿੰਦੀਆਂ ਹਨ, ਆਂਦਰ ਦੀ ਕੰਧ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਦੀਆਂ ਹਨ ਅਤੇ ਪੋਸ਼ਕ ਤੱਤਾਂ ਨੂੰ ਚੰਗੀ ਤਰ੍ਹਾਂ ਜਜ਼ਬ ਕਰਨ ਵਿੱਚ ਮਦਦ ਕਰਦੀਆਂ ਹਨ।
ਇਸ ਤੋਂ ਇਲਾਵਾ, ਪੂਰੇ ਬਦਾਮ ਖਾਣ ਵਾਲਿਆਂ ਵਿੱਚ ਹੋਰ ਸਮੂਹਾਂ ਨਾਲ ਤੁਲਨਾ ਕਰਨ ਤੇ ਹਫ਼ਤੇ ਵਿੱਚ ਔਸਤਨ 1.5 ਵਾਰ ਵੱਧ ਪੇਟ ਸਾਫ਼ ਹੋਣ ਦੀ ਗਿਣਤੀ ਦਰਜ ਕੀਤੀ ਗਈ।
ਤਸਵੀਰ ਸਰੋਤ, Getty Images
ਸਵਿਸ ਚਾਡ-ਹਰੀ ਪੱਤੇਦਾਰ ਸਬਜ਼ੀ
ਇਹ ਹਰੀ ਪੱਤੇਦਾਰ ਸਬਜ਼ੀ ਬੇਟਾਲੇਨਜ਼ ਦਾ ਇੱਕ ਕਾਫ਼ੀ ਘੱਟ ਮਿਲਣ ਵਾਲਾ ਖੁਰਾਕੀ ਸਰੋਤ ਹੈ। ਬੇਟਾਲੇਨਜ਼ ਇੱਕ ਫਾਈਟੋਕੈਮਿਕਲ ਹੈ ਜਿਸ ਵਿੱਚ “ਨਰਵਾਂ ਦੀ ਰੱਖਿਆ ਕਰਨ ਵਾਲੀਆਂ” ਖੂਬੀਆਂ ਹੁੰਦੀਆਂ ਹਨ।
ਇਸ ਦਾ ਮਤਲਬ ਹੈ ਕਿ ਇਹ ਸਾਡੇ ਨਰਵਸ ਸਿਸਟਮ ਨੂੰ ਨੁਕਸਾਨ ਅਤੇ ਬੁਢਾਪੇ ਦੇ ਅਸਰਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।
ਅਮਰੀਕਾ ਦੀ ਬਿਮਾਰੀਆਂ ਦੀ ਰੋਕਥਾਮ ਤੇ ਕੇਂਦ੍ਰਿਤ ਗ਼ੈਰ-ਮੁਨਾਫ਼ਾ ਸੰਸਥਾ ਐਂਜੀਓਜੀਨੇਸਿਸ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੈਡੀਕਲ ਡਾਇਰੈਕਟਰ ਵਿਲੀਅਮ ਲੀ ਕਹਿੰਦੇ ਹਨ, “ਸਵਿਸ ਚਾਡ ਵਿੱਚ ਨਾਈਟਰੇਟ ਹੁੰਦੇ ਹਨ, ਜੋ ਸਰੀਰ ਨੂੰ ਨਾਈਟ੍ਰਿਕ ਆਕਸਾਈਡ ਬਣਾਉਣ ਵਿੱਚ ਮਦਦ ਕਰਦੇ ਹਨ। ਨਾਈਟ੍ਰਿਕ ਆਕਸਾਈਡ ਇੱਕ ਸੰਕੇਤ ਦੇਣ ਵਾਲਾ ਅਣੂ ਹੈ ਜੋ ਸਾਡੇ ਖੂਨ ਦੇ ਸੰਚਾਰ ਦੀ ਸਿਹਤ ਨੂੰ ਸੁਧਾਰਦਾ ਹੈ।”
ਲੀ ਦੱਸਦੇ ਹਨ ਕਿ ਇਸ ਨਾਲ ਬਲੱਡ ਪ੍ਰੈਸ਼ਰ ਘਟਦਾ ਹੈ, ਖੂਨ ਦਾ ਬਹਾਅ ਵਧੀਆ ਹੁੰਦਾ ਹੈ ਅਤੇ ਉਮਰ ਵੱਧਣ ਨਾਲ ਖੂਨ ਦੀਆਂ ਨਸਾਂ ਦੀ ਅੰਦਰਲੀ ਪਰਤ ਨੂੰ ਹੋ ਸਕਦੇ ਨੁਕਸਾਨ ਨੂੰ ਠੀਕ ਕਰਨ ਵਿੱਚ ਮਦਦ ਮਿਲਦੀ ਹੈ।
ਉਹ ਕਹਿੰਦੇ ਹਨ ਕਿ ਸਵਿਸ ਚਾਰਡ ਵਿੱਚ ਪੋਲੀਫੀਨੋਲ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਕਵੇਰਸਿਟਿਨ, ਕੈਮਫੇਰੋਲ ਅਤੇ ਆਇਸੋਰਹੈਮਨੈਟਿਨ ਸ਼ਾਮਲ ਹਨ। ਇਹ “ਤਾਕਤਵਰ ਐਂਟੀਆਕਸੀਡੈਂਟ ਹਨ ਜੋ ਸਾਡੀਆਂ ਕੋਸ਼ਿਕਾਵਾਂ ਦੀ ਰੱਖਿਆ ਕਰਦੇ ਹਨ ਅਤੇ ਸੋਜਿਸ਼ ਘਟਾਉਣ ਵਿੱਚ ਮਦਦ ਕਰਦੇ ਹਨ।”
ਸਵਿਸ ਚਾਡ ਫਾਈਬਰ ਦਾ ਵੀ ਚੰਗਾ ਸਰੋਤ ਹੈ ਅਤੇ ਇਸ ਵਿੱਚ ਮੈਗਨੀਸ਼ੀਅਮ (ਜੋ ਕੋਸ਼ਿਕਾਵਾਂ ਨੂੰ ਊਰਜਾ ਦੇਣ ਲਈ ਲੋੜੀਂਦਾ ਹੈ), ਵਿਟਾਮਿਨ ਕੇ (ਜੋ ਖੂਨ ਦੇ ਥੱਕੇ ਬਣਾਉਣ ਲਈ ਜ਼ਰੂਰੀ ਹੈ) ਅਤੇ ਲਿਊਟੀਨ ਵੀ ਹੁੰਦਾ ਹੈ, ਜੋ ਅੱਖਾਂ ਅਤੇ ਦਿਮਾਗ਼ ਦੀ ਸਿਹਤ ਲਈ ਮਹੱਤਵਪੂਰਨ ਹੈ।
ਲੀ ਕਹਿੰਦੇ ਹਨ ਕਿ ਸਵਿਸ ਚਾਡ ਨੂੰ ਖਾਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਬਹੁਤ ਜ਼ਿਆਦਾ ਨਾ ਉਬਾਲਿਆ ਜਾਵੇ, ਕਿਉਂਕਿ ਇਸ ਨਾਲ ਕੁਝ ਪੋਸ਼ਕ ਤੱਤ ਨਸ਼ਟ ਹੋ ਸਕਦੇ ਹਨ।
ਲੀ ਦੇ ਮੁਤਾਬਕ, ਸਵਿਸ ਚਾਡ ਖ਼ਾਸ ਤੌਰ ‘ਤੇ ਵੱਡੀ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ, ਜੋ ਖੂਨ ਦਾ ਬਹਾਅ ਸੁਧਾਰਨਾ, ਨਜ਼ਰ ਦੀ ਸਿਹਤ ਬਰਕਰਾਰ ਰੱਖਣਾ ਅਤੇ ਦਿਮਾਗ਼, ਦਿਲ ਅਤੇ ਕੁੱਲ ਨਸਾਂ ਦੀ ਸਿਹਤ ਨੂੰ ਚੰਗਾ ਰੱਖਣਾ ਚਾਹੁੰਦੇ ਹਨ।
ਲੀ ਇਹ ਵੀ ਕਹਿੰਦੇ ਹਨ ਕਿ ਸਵਿਸ ਚਾ੍ਡ ਨੂੰ ਖਾਣ ਸਮੇਂ ਇਸ ਨੂੰ ਬਹੁਤ ਜ਼ਿਆਦਾ ਨਾ ਉਬਾਲਿਆ ਜਾਵੇ, ਕਿਉਂਕਿ ਇਸ ਨਾਲ ਕੁਝ ਪੋਸ਼ਕ ਤੱਤ ਘਟ ਸਕਦੇ ਹਨ। ਉਹ ਇਹ ਵੀ ਦੱਸਦੇ ਹਨ ਕਿ ਸਵਿਸ ਚਾਡ ਦੇ ਪੱਤਿਆਂ ਵਿੱਚ ਹੀ ਜ਼ਿਆਦਾਤਰ ਲਾਭਦਾਇਕ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
ਬ੍ਰੋਕਲੀ, ਬੰਦਗੋਭੀ ਅਤੇ ਵਾਟਰਕ੍ਰੈੱਸ
ਤਸਵੀਰ ਸਰੋਤ, Getty Images
ਵਾਟਰਕ੍ਰੈੱਸ ਵਿੱਚ ਬੀ ਸਮੂਹ ਦੇ ਵਿਟਾਮਿਨ (ਬੀ1, ਬੀ2, ਬੀ3, ਬੀ6, ਸੀ, ਈ) ਦੀ ਉੱਚ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਲੋਹਾ ਅਤੇ ਪੋਲੀਫੀਨੋਲ ਵੀ ਹੁੰਦੇ ਹਨ।
ਇਸ ਵਿੱਚ ਲਿਊਟੀਨ ਅਤੇ ਬੀਟਾ-ਕੈਰੋਟੀਨ ਵੀ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
ਲਗਾਤਾਰ ਵਾਟਰਕ੍ਰੈੱਸ ਖਾਣ ਨਾਲ ਸਰੀਰ ਵਿੱਚ ਸੋਜਿਸ਼ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਲੰਬੇ ਸਮੇਂ ਵਿੱਚ ਸੁਜਨ ਦਿਲ ਦੀ ਬਿਮਾਰੀ ਅਤੇ ਸ਼ੂਗਰ ਦੇ ਖਤਰੇ ਨੂੰ ਵਧਾਉਣ ਨਾਲ ਜੁੜੀ ਹੁੰਦੀ ਹੈ। ਇਹ ਗੈਰ-ਸਿਹਤਮੰਦ ਕੋਲੇਸਟ੍ਰੋਲ ਦੀ ਮਾਤਰਾ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ।
ਵਾਟਰਕ੍ਰੈੱਸ ਵਿੱਚ ਫੀਨੇਥਾਈਲ ਆਈਸੋਥਾਇਓਸਾਇਨੇਟ ਨਾਮ ਦਾ ਇੱਕ ਕੁਦਰਤੀ ਤੱਤ ਵੀ ਹੁੰਦਾ ਹੈ, ਜੋ ਕੈਂਸਰ ਕੋਸ਼ਿਕਾਵਾਂ ਦੀ ਵਾਧੇ ਦੀ ਗਤੀ ਹੌਲੀ ਕਰਨ ਦੀ ਸਮਰੱਥਾ ਨਾਲ ਜੁੜਿਆ ਹੋਇਆ ਹੈ। ਬ੍ਰੋਕਲੀ ਦੇ ਨਾਲ, ਵਾਟਰਕ੍ਰੈੱਸ ਨੂੰ ਫੀਨੇਥਾਈਲ ਆਈਸੋਥਾਇਓਸਾਇਨੇਟ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ।
2018 ਵਿੱਚ ਵਰਲਡ ਜਰਨਲ ਆਫ ਸਾਈਕਾਇਟ੍ਰੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਾਟਰਕ੍ਰੈੱਸ ਨੂੰ ਡਿਪ੍ਰੈਸ਼ਨ ਘਟਾਉਣ ਵਾਲੇ ਸਭ ਤੋਂ ਪ੍ਰਭਾਵਸ਼ਾਲੀ ਪੌਦੇ ਵਜੋਂ ਦਰਜ ਕੀਤਾ ਗਿਆ ਸੀ। ਇਹ ਇਸ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਉੱਚ ਮਾਤਰਾ ਕਾਰਨ ਸੀ, ਜਿਸ ਵਿੱਚ ਲੋਹਾ, ਓਮੇਗਾ-3 ਫੈਟੀ ਐਸਿਡ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸ਼ਾਮਲ ਹਨ।
ਚੁਕੰਦਰ ਦੇ ਪੱਤੇ ਕਿੰਨੇ ਸਿਹਤਮੰਦ ਹੁੰਦੇ ਹਨ
ਤਸਵੀਰ ਸਰੋਤ, Getty Images
ਚੁਕੰਦਰ ਦੇ ਪੱਤੇ ਸਿਹਤਮੰਦ ਮਿਸ਼ਰਣਾਂ ਨਾਲ ਭਰਪੂਰ ਹੁੰਦੇ ਹਨ, ਪਰ ਅਕਸਰ ਉਨ੍ਹਾਂ ਨੂੰ ਨਜ਼ਰਅੰਦਾਜ਼ ਜਾਂ ਰੱਦ ਕਰ ਦਿੱਤਾ ਜਾਂਦਾ ਹੈ।
“ਚੁਕੰਦਰ ਬਹੁਤ ਵੱਧ ਖਾਧਾ ਜਾਂਦਾ ਹੈ, ਪਰ ਅਸੀਂ ਆਮ ਤੌਰ ਤੇ ਸਿਰਫ਼ ਇਸ ਦੀ ਜੜ੍ਹ ਹੀ ਖਾਂਦੇ ਹਾਂ, ਜਦਕਿ ਇਸ ਦੇ ਪੱਤਿਆਂ ਵਿੱਚ ਵੀ ਬਹੁਤ ਸਾਰੇ ਪੋਸ਼ਕ ਤੱਤ ਅਤੇ ਲਾਭਦਾਇਕ ਤੱਤ ਹੁੰਦੇ ਹਨ।”
ਉਹ ਕਹਿੰਦੇ ਹਨ, “ਅਸਲ ਵਿੱਚ ਚੁਕੰਦਰ ਨੂੰ ਆਮ ਤੌਰ ‘ਤੇ ਇਸ ਦੀ ਜੜ੍ਹ ਵਜੋਂ ਹੀ ਸਮਝਿਆ ਜਾਂਦਾ ਹੈ ਅਤੇ ਇਹੀ ਤਰੀਕੇ ਨਾਲ ਇਹ ਵੇਚਿਆ, ਤਿਆਰ ਕੀਤਾ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਯਾਦ ਕੀਤਾ ਜਾਂਦਾ ਹੈ। ਇਸ ਕਰਕੇ ਇਸ ਦੇ ਪੱਤੇ ਆਮ ਖੁਰਾਕੀ ਆਦਤਾਂ ਤੋਂ ਬਾਹਰ ਰਹਿ ਜਾਂਦੇ ਹਨ ਅਤੇ ਅਕਸਰ ਸੁੱਟ ਦਿੱਤੇ ਜਾਂਦੇ ਹਨ।”
“ਸੱਭਿਆਚਾਰਕ ਆਦਤਾਂ ਇਹ ਤੈਅ ਕਰਦੀਆਂ ਹਨ ਕਿ ਕੀ ਖਾਣਯੋਗ ਜਾਂ ਪਸੰਦੀਦਾ ਮੰਨਿਆ ਜਾਂਦਾ ਹੈ। ਕੁਝ ਸੰਦਰਭਾਂ ਵਿੱਚ ਸਬਜ਼ੀਆਂ ਦੇ ਪੱਤੇ ਦੂਸਰੇ ਦਰਜੇ ਦੇ ਸਮਝੇ ਜਾਂਦੇ ਹਨ ਜਾਂ ਰੋਜ਼ਾਨਾ ਦੇ ਪਕਵਾਨਾਂ ਵਿੱਚ ਅਣਜਾਣ ਰਹਿੰਦੇ ਹਨ।”
ਉਹ ਕਹਿੰਦੇ ਹਨ ਕਿ ਇਹ ਗੱਲ ਹੋਰ ਕਈ ਸਬਜ਼ੀਆਂ ਲਈ ਵੀ ਸਹੀ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।
ਚੁਕੰਦਰ ਦੇ ਪੱਤੇ ਕੈਲਸ਼ੀਅਮ, ਲੋਹਾ, ਵਿਟਾਮਿਨ ਕੇ ਅਤੇ ਬੀ ਸਮੂਹ ਦੇ ਵਿਟਾਮਿਨ (ਖ਼ਾਸ ਕਰਕੇ ਰਾਈਬੋਫਲੇਵਿਨ) ਨਾਲ ਭਰਪੂਰ ਹੁੰਦੇ ਹਨ।
ਕੈਂਪਿਨਾਸ ਸਟੇਟ ਯੂਨੀਵਰਸਿਟੀ ਅਤੇ ਯੂਨੀਵਰਸਿਡਾਦੇ ਪੌਲੀਸਤਾ ਅਤੇ ਸੈਂਟਰੋ ਯੂਨੀਵਰਸਿਟਾਰਿਓ ਸੇਨਾਕ ਨਾਲ ਜੁੜੇ ਖੋਜਕਾਰ ਲੁਈਸ ਗੁਸਤਾਵੋ ਸਾਬੋਇਆ ਪੋਂਤੇ ਕਹਿੰਦੇ ਹਨ ਕਿ ਚੁਕੰਦਰ ਦੇ ਪੱਤਿਆਂ ਵਿੱਚ ਪ੍ਰੋਟੀਨ ਅਤੇ ਖਨਿਜਾਂ ਦੀ ਮਾਤਰਾ ਵੱਧ ਹੁੰਦੀ ਹੈ। ਇਨ੍ਹਾਂ ਵਿੱਚ ਫੀਨੋਲਿਕ ਯੋਗਿਕ ਵੀ ਹੁੰਦੇ ਹਨ, ਜੋ ਐਂਟੀਆਕਸੀਡੈਂਟ ਗਤੀਵਿਧੀ ਨਾਲ ਸੰਬੰਧਿਤ ਹਨ।
2019 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਵੱਧ ਵਜ਼ਨ ਅਤੇ ਮੋਟਾਪੇ ਵਾਲੇ ਉਹ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿੱਚ ਐੱਲਡੀਐੱਲ ਜਾਂ “ਖਰਾਬ” ਕੋਲੇਸਟ੍ਰੋਲ ਦੀ ਮਾਤਰਾ ਉੱਚ ਸੀ। ਭਾਗੀਦਾਰਾਂ ਨੇ ਚਾਰ ਹਫ਼ਤਿਆਂ ਤੱਕ ਫ੍ਰੀਜ਼-ਸੁਕਾਏ ਹੋਏ ਚੁੱਕੰਦਰ ਦੇ ਪੱਤੇ ਖਾਧੇ ਅਤੇ ਉਨ੍ਹਾਂ ਦਾ ਐੱਲਡੀਐੱਲ ਕੋਲੇਸਟ੍ਰੋਲ ਘੱਟ ਹੋ ਗਿਆ।
ਭਾਵੇਂ ਚੁਕੰਦਰ ਕਾਫ਼ੀ ਵੱਧ ਖਾਧਾ ਜਾਂਦਾ ਹੈ, ਪਰ ਅਸੀਂ ਲਗਭਗ ਹਮੇਸ਼ਾ ਇਸ ਦੀ ਜੜ੍ਹ ਹੀ ਖਾਂਦੇ ਹਾਂ।

ਅਧਿਐਨ ਵਿੱਚ ਪਤਾ ਲੱਗਿਆ ਕਿ ਚੁਕੰਦਰ ਦੇ ਪੱਤੇ ਪ੍ਰਯੋਗਸ਼ਾਲਾ ਵਿੱਚ ਸਿਮੂਲੇਟਡ ਪਾਚਨ ਤੋਂ ਬਾਅਦ ਜੈਵਿਕ ਤੌਰ ‘ਤੇ ਕਿਰਿਆਸ਼ੀਲ ਰਹਿੰਦੇ ਹਨ। ਪਚਣ ਵਾਲੇ ਪੱਤਿਆਂ ਨੇ ਐਂਟੀਆਕਸੀਡੈਂਟ ਗਤੀਵਿਧੀ ਦਿਖਾਈ ਅਤੇ ਡੀਐਨਏ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕੀਤੀ।
ਪੋਂਤੇ ਨੇ ਹਜ਼ਮ ਕੀਤੇ ਪੱਤਿਆਂ ਨੂੰ ਕੋਲੋਰੈਕਟਲ ਕੈਂਸਰ ਦੀਆਂ ਕੋਸ਼ਿਕਾਵਾਂ ਵਿੱਚ ਵੀ ਜਾਂਚਿਆ ਅਤੇ ਕੋਸ਼ਿਕਾਵਾਂ ਦੀ ਵਾਧੇ ਅਤੇ ਸਮੂਹ ਬਣਾਉਣ ਵਿੱਚ ਕਮੀ ਵੇਖੀ।
ਹਾਲਾਂਕਿ, ਉਹ ਕਹਿੰਦੇ ਹਨ ਕਿ ਇਨ੍ਹਾਂ ਨਤੀਜਿਆਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ। ਜਦੋਂ ਕਿ ਪੱਤਿਆਂ ਵਿੱਚ ਮੌਜੂਦ ਕੁਝ ਮਿਸ਼ਰਣ ਸਿਮੂਲੇਟਡ ਪਾਚਨ ਤੋਂ ਬਾਅਦ ਉਪਲਬਧ ਰਹੇ, ਦੂਜੇ, ਜਿਨ੍ਹਾਂ ਵਿੱਚ ਵਾਈਟੈਕਸਿਨ ਅਤੇ ਐਪੀਜੇਨਿਨ ਸ਼ਾਮਲ ਹਨ, ਪਾਚਨ ਤੋਂ ਬਾਅਦ ਵੀ ਖੋਜੇ ਗਏ, ਹਾਲਾਂਕਿ ਘੱਟ ਮਾਤਰਾ ਵਿੱਚ।
ਪੋਂਤੇ ਪੋਂਟੇ ਦੇ ਸਿਮੂਲੇਟਡ ਪਾਚਨ ਨੇ ਦਿਖਾਇਆ ਕਿ ਜ਼ਿਆਦਾਤਰ ਛੋਟੀ ਆਂਦਰ ਤੱਕ ਕੀ ਹੁੰਦਾ ਹੈ, ਅਤੇ ਕੋਲੋਨਿਕ ਪੜਾਅ ਨੂੰ ਸ਼ਾਮਲ ਨਹੀਂ ਕਰਦਾ ਜੋ ਕਿ ਆਖਰੀ ਹਿੱਸਾ ਹੈ ਜਿੱਥੇ ਵੱਡੀ ਆਂਦਰ ਬਚੇ ਹੋਏ ਵੈਸਟ ਨੂੰ ਪ੍ਰੋਸੈਸ ਕਰਦੀ ਹੈ।
ਪੋਂਤੇ ਦੇ ਅਨੁਸਾਰ, ਇੱਥੇ ਆਂਦਰਾਂ ਦੇ ਜੀਵਾਣੂ ਇਨ੍ਹਾਂ ਤੱਤਾਂ ਦੇ ਕੁਝ ਹਿੱਸਿਆਂ ਨੂੰ ਬਦਲ ਸਕਦੇ ਹਨ ਅਤੇ ਸੰਭਵ ਹੈ ਕਿ ਉਨ੍ਹਾਂ ਦੇ ਪ੍ਰਭਾਵ ਵਿੱਚ ਵੀ ਤਬਦੀਲੀ ਆ ਸਕਦੀ ਹੈ।
ਪੋਂਤੇ ਕਹਿੰਦੇ ਹਨ ਕਿ ਇਹ ਪੂਰੀ ਤਰ੍ਹਾਂ ਸਾਬਤ ਕਰਨ ਲਈ ਕਿ ਅਸੀਂ ਚੁਕੰਦਰ ਦੇ ਪੱਤਿਆਂ ਦੇ ਸਾਰੇ ਪੋਸ਼ਕ ਤੱਤ ਹਾਸਲ ਕਰ ਸਕਦੇ ਹਾਂ, ਮਨੁੱਖੀ ਅਤੇ ਲੈਬ ਅਧਿਐਨਾਂ ਦੀ ਲੋੜ ਹੋਵੇਗੀ ਜੋ ਪੂਰੀ ਹਜ਼ਮ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਣ।
ਫਿਰ ਵੀ, ਪੋਂਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਨਤੀਜੇ ਇਹ ਦਰਸਾਉਂਦੇ ਹਨ ਕਿ ਚੁਕੰਦਰ ਦੇ ਪੱਤੇ ਇੱਕ ਸੰਭਾਵੀ ਤੌਰ ‘ਤੇ ਕੀਮਤੀ ਖੁਰਾਕ ਹੋ ਸਕਦੇ ਹਨ।
ਤਸਵੀਰ ਸਰੋਤ, Getty Images
ਚੀਆ ਬੀਜ
ਇਹ ਛੋਟੇ ਕਾਲੇ ਬੀਜ ਫਾਈਬਰ, ਪ੍ਰੋਟੀਨ, ਅਲਫਾ-ਲਿਨੋਲੇਨਿਕ ਐਸਿਡ, ਫੀਨੋਲਿਕ ਐਸਿਡ ਅਤੇ ਵਿਟਾਮਿਨ, ਖ਼ਾਸ ਕਰਕੇ ਬੀ ਸਮੂਹ ਦੇ ਵਿਟਾਮਿਨ, ਨਾਲ ਭਰਪੂਰ ਹੁੰਦੇ ਹਨ।
ਪਰ ਕੁਝ ਸਬੂਤ ਇਹ ਵੀ ਦਰਸਾਉਂਦੇ ਹਨ ਕਿ ਹੋ ਸਕਦਾ ਹੈ ਅਸੀਂ ਚੀਆ ਬੀਜਾਂ ਤੋਂ ਓਨਾਂ ਲਾਭ ਨਾ ਲੈ ਰਹੇ ਹੋਈਏ, ਜਿੰਨਾ ਅਸੀਂ ਲੈ ਸਕਦੇ ਹਾਂ।
ਆਸਟ੍ਰੇਲੀਆ ਦੀ ਐਡਲੇਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰੇਚਲ ਬਰਟਨ ਕਾਫ਼ੀ ਸਮੇਂ ਤੋਂ ਖੁਰਾਕੀ ਫਾਈਬਰ ਦਾ ਅਧਿਐਨ ਕਰ ਰਹੀ ਸੀ, ਇਸੇ ਦੌਰਾਨ ਉਨ੍ਹਾਂ ਨੇ ਚੀਆ ਬੀਜਾਂ ਬਾਰੇ ਵੀ ਖੋਜ ਕਰਨ ਦਾ ਫ਼ੈਸਲਾ ਕੀਤਾ।
ਉਹ ਕਹਿੰਦੀ ਹੈ, “ਇੰਟਰਨੈੱਟ ਤੇ ਚੀਆ ਬੀਜ ਖਾਣ ਨਾਲ ਜੁੜੇ ਕਈ ਸਿਹਤ ਸੰਬੰਧੀ ਦਾਅਵੇ ਕੀਤੇ ਜਾਂਦੇ ਹਨ, ਖ਼ਾਸ ਕਰਕੇ ਸਾਡੀਆਂ ਆਂਦਰਾਂ ਦੇ ਮਾਈਕ੍ਰੋਬਾਇਓਮ ਲਈ ਲਾਭਦਾਇਕ ਹੋਣ ਬਾਰੇ। ਪਰ ਇਨ੍ਹਾਂ ਦਾਵਿਆਂ ਨੂੰ ਸਮਰਥਨ ਦੇਣ ਲਈ ਮਜ਼ਬੂਤ ਵਿਗਿਆਨਕ ਸਬੂਤ ਘੱਟ ਮਿਲਦੇ ਹਨ।”
ਉਨ੍ਹਾਂ ਲਾਭਾਂ ਵਿੱਚੋਂ ਇੱਕ ਇਸ ਦੀ ਉੱਚ ਫਾਈਬਰ ਮਾਤਰਾ ਵੀ ਸੀ।
ਉਹ ਕਹਿੰਦੀ ਹੈ, “ਖੁਰਾਕੀ ਫਾਈਬਰ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਅਸੀਂ ਵਿੱਚੋਂ ਜ਼ਿਆਦਾਤਰ ਲੋਕ ਇਸ ਨੂੰ ਲੋੜੀਂਦੀ ਮਾਤਰਾ ਵਿੱਚ ਨਹੀਂ ਖਾਂਦੇ। ਜੇ ਚੀਆ ਬੀਜਾਂ ਬਾਰੇ ਕੀਤੇ ਦਾਅਵੇ ਗ਼ਲਤ ਹੋਣ ਅਤੇ ਲੋਕ ਇਸ ਆਧਾਰ ਤੇ ਮਹਿੰਗਾ ਖਾਦ ਪਦਾਰਥ ਖਰੀਦ ਰਹੇ ਹੋਣ, ਤਾਂ ਇਹ ਜਾਣਨਾ ਜ਼ਰੂਰੀ ਹੈ।”
2023 ਦੇ ਆਪਣੇ ਅਧਿਐਨ ਵਿੱਚ ਬਰਟਨ ਨੇ ਲੈਬ ਵਿੱਚ ਕਈ ਟੈਸਟ ਕੀਤੇ। ਉਨ੍ਹਾਂ ਨੇ ਪੂਰੇ ਚੀਆ ਬੀਜਾਂ, ਜਿਨ੍ਹਾਂ ਨੂੰ ਅਸੀਂ ਆਮ ਤੌਰ ‘ਤੇ ਇਸੇ ਤਰ੍ਹਾਂ ਖਾਂਦੇ ਹਾਂ ਅਤੇ ਪਿਸੇ ਹੋਏ ਚੀਆ ਬੀਜਾਂ ਦੀ ਤੁਲਨਾ ਕੀਤੀ। ਲੈਬ ਵਿੱਚ ਮਿਲੇ ਨਤੀਜੇ ਦਰਸਾਉਂਦੇ ਹਨ ਕਿ ਪੂਰੇ ਚੀਆ ਬੀਜ ਖਾਣ ਨਾਲ ਸਾਨੂੰ ਉਨ੍ਹਾਂ ਵਿੱਚ ਮੌਜੂਦ ਪੋਸ਼ਕ ਤੱਤ ਪੂਰੀ ਤਰ੍ਹਾਂ ਜਜ਼ਬ ਨਹੀਂ ਹੁੰਦੇ।
ਚੀਆ ਬੀਜ ਦੋ ਹਿੱਸਿਆਂ ਤੋਂ ਬਣੇ ਹੁੰਦੇ ਹਨ, ਬੀਜ ਦੇ ਬਾਹਰਲਾ ਜੈਲ ਵਰਗਾ ਪਰਤ, ਜਿਸ ਵਿੱਚ ਫਾਈਬਰ ਹੁੰਦਾ ਹੈ ਅਤੇ ਬੀਜ ਦੇ ਅੰਦਰ ਓਮੇਗਾ ਫੈਟ, ਖ਼ਾਸ ਕਰਕੇ ਓਮੇਗਾ-3।
ਉਹ ਕਹਿੰਦੀ ਹੈ, “ਜਦੋਂ ਅਸੀਂ ਚੀਆ ਬੀਜ ਪੂਰੇ ਖਾਂਦੇ ਹਾਂ, ਤਾਂ ਜਿਨ੍ਹਾਂ ਪੋਸ਼ਕ ਤੱਤਾਂ ਦੀ ਪ੍ਰਚਾਰ ਕੀਤਾ ਜਾਂਦਾ ਹੈ, ਉਹ ਅਸਲ ਵਿੱਚ ਉਪਲਬਧ ਨਹੀਂ ਹੁੰਦੇ।”
ਬਾਹਰੀ ਜੈਲ ਵਰਗਾ ਪਰਤ ਬੀਜ ਤੋਂ ਵੱਖ ਨਹੀਂ ਹੁੰਦਾ ਅਤੇ ਓਮੇਗਾ ਫੈਟ ਬੀਜ ਦੇ ਅੰਦਰ ਹੀ ਫਸੇ ਰਹਿੰਦੇ ਹਨ।
ਬਰਟਨ ਕਹਿੰਦੀ ਹੈ, “ਜੇ ਤੱਕ ਤੁਸੀਂ ਇਨ੍ਹਾਂ ਨੂੰ ਬਹੁਤ ਦੇਰ ਤੱਕ ਚੱਬਦੇ ਨਹੀਂ, ਬੀਜ ਲਗਭਗ ਬਿਨਾਂ ਬਦਲੇ ਹੀ ਆਂਦਰਾਂ ਰਾਹੀਂ ਲੰਘ ਜਾਂਦੇ ਹਨ।”
ਇਸ ਲਈ ਚੀਆ ਬੀਜ ਪੀਸਣ ਨਾਲ ਓਮੇਗਾ ਫੈਟ ਸਰੀਰ ਲਈ ਵਧੇਰੇ ਉਪਲਬਧ ਹੋ ਜਾਂਦੇ ਹਨ। ਬਰਟਨ ਇਹ ਵੀ ਸਲਾਹ ਦਿੰਦੀ ਹੈ ਕਿ ਇਸੇ ਕਾਰਨ ਹੋਰ ਬੀਜ, ਜਿਵੇਂ ਅਲਸੀ ਅਤੇ ਲਿਨਸੀਡ, ਵੀ ਪੀਸ ਕੇ ਖਾਣੇ ਚਾਹੀਦੇ ਹਨ।
ਤਸਵੀਰ ਸਰੋਤ, Getty Images
ਕੱਦੂ (ਪਮਕਿਨ) ਦੇ ਬੀਜ
ਕੱਦੂ ਨੂੰ ਦੁਨੀਆ ਭਰ ਵਿੱਚ ਇਸ ਦੀ ਛਿੱਲੜ, ਗੁੱਦਾ ਅਤੇ ਬੀਜਾਂ ਲਈ ਉਗਾਇਆ ਜਾਂਦਾ ਹੈ।
ਕੱਦੂ ਦੇ ਬੀਜਾਂ ਵਿੱਚ ਪੋਲੀਅਨਸੈਚੂਰੇਟਡ ਅਤੇ ਮੋਨੋਅਨਸੈਚੂਰੇਟਡ ਫੈਟੀ ਐਸਿਡ ਦੀ ਉੱਚ ਮਾਤਰਾ ਹੁੰਦੀ ਹੈ, ਜੋ ਕਈ ਸਿਹਤ ਲਾਭਾਂ ਨਾਲ ਜੁੜੇ ਹੋਏ ਹਨ ਅਤੇ ਕਈ ਬਿਮਾਰੀਆਂ ਦੇ ਘੱਟ ਖ਼ਤਰੇ ਨਾਲ ਸਬੰਧਿਤ ਹਨ।
ਕੱਦੂ ਦੇ ਬੀਜਾਂ ਵਿੱਚ ਲਿਨੋਲੇਇਕ ਐਸਿਡ, ਓਲੇਇਕ ਐਸਿਡ ਅਤੇ ਪਾਲਮੀਟਿਕ ਐਸਿਡ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦਿਲ ਦੀ ਸਿਹਤ ਲਈ ਲਾਭਦਾਇਕ ਮੰਨਿਆ ਗਿਆ ਹੈ।
ਕੱਦੂ ਦੇ ਬੀਜਾਂ ਵਿੱਚ ਨਰਵਸ ਸਿਸਟਮ ਦੀ ਰੱਖਿਆ ਕਰਨ ਵਾਲੇ ਲਾਭ ਵੀ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਇਹ ਦਿਮਾਗ, ਨਰਵਾਂ ਜਾਂ ਮਾਨਸਿਕ ਸਿਹਤ ਨੂੰ ਹੋ ਸਕਦੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ ਜੋ ਲਗਾਤਾਰ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ਨਾਲ ਹੋ ਸਕਦਾ ਹੈ।
ਇਨ੍ਹਾਂ ਵਿੱਚ ਸੀਸਾ ਅਤੇ ਪਾਰਾ, ਕੁਝ ਦਵਾਈਆਂ, ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕ ਅਤੇ ਕੁਝ ਐਲਕੋਹਲਿਕ ਡ੍ਰਿੰਕ ਸ਼ਾਮਲ ਹਨ।
2025 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਿਗਿਆਨੀਆਂ ਨੇ 50 ਚੂਹਿਆਂ ਨੂੰ ਪੰਜ ਸਮੂਹਾਂ ਵਿੱਚ ਵੰਡਿਆ। ਦੋ ਹਫ਼ਤਿਆਂ ਲਈ ਇੱਕ ਸਮੂਹ ਨੂੰ ਸਧਾਰਣ ਖੁਰਾਕ ਦਿੱਤੀ ਗਈ ਅਤੇ ਹੋਰ ਸਮੂਹਾਂ ਨੂੰ ਦੋ ਵੱਖ-ਵੱਖ ਮਾਤਰਾਵਾਂ ਵਿੱਚ ਭੁੰਨੇ ਜਾਂ ਕੱਚੇ ਕੱਦੂ ਦੇ ਬੀਜਾਂ ਦੇ ਸਪਲੀਮੈਂਟ ਦਿੱਤੇ ਗਏ।
ਜਿਨ੍ਹਾਂ ਚੂਹਿਆਂ ਨੂੰ ਕੱਦੂ ਦੇ ਬੀਜ ਦਿੱਤੇ ਗਏ, ਉਨ੍ਹਾਂ ਸਭ ਵਿੱਚ ਘਬਰਾਹਟ ਵਿੱਚ ਕਮੀ, ਸੋਚਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਯਾਦਸ਼ਕਤੀ ਵਿੱਚ ਵਾਧਾ ਦੇਖਿਆ ਗਿਆ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਭੁੰਨੇ ਕੱਦੂ ਦੇ ਬੀਜ ਸਭ ਤੋਂ ਵੱਧ ਲਾਭਦਾਇਕ ਸਾਬਤ ਹੋਏ।
ਸੰਭਵ ਹੈ ਕਿ ਭੁੰਨਣ ਦੀ ਪ੍ਰਕਿਰਿਆ ਬੀਜਾਂ ਦੀਆਂ ਕੋਸ਼ਿਕਾਵਾਂ ਨੂੰ ਤੋੜ ਦਿੰਦੀ ਹੈ ਅਤੇ ਇਸ ਨਾਲ ਪੋਸ਼ਕ ਤੱਤ ਸਰੀਰ ਲਈ ਵਧੇਰੇ ਉਪਲਬਧ ਹੋ ਜਾਂਦੇ ਹਨ। ਨਾਲ ਹੀ, ਕੋਸ਼ਿਕਾਵਾਂ ਦੀਆਂ ਕੰਧਾਂ ਨਾਲ ਜੁੜੇ ਐਂਟੀਆਕਸੀਡੈਂਟ ਵੀ ਰਿਹਾਅ ਹੋ ਜਾਂਦੇ ਹਨ।
ਡੈਂਡੀਲਾਇਨ ਦੇ ਪੱਤੇ
ਜਦੋਂ ਗੱਲ ਸਿਹਤਮੰਦ ਅਤੇ ਵੱਖ-ਵੱਖ ਕਿਸਮਾਂ ਦੀ ਖੁਰਾਕ ਖਾਣ ਦੀ ਹੁੰਦੀ ਹੈ, ਤਾਂ ਸਭ ਤੋਂ ਵੱਡੀ ਰੁਕਾਵਟ ਇਹ ਹੁੰਦੀ ਹੈ ਕਿ ਇਹ ਖਾਣੇ ਕਿੰਨੀ ਆਸਾਨੀ ਨਾਲ ਉਪਲਬਧ ਹਨ। ਖੁਸ਼ਕਿਸਮਤੀ ਨਾਲ, ਬਸੰਤ ਆਉਣ ਤੇ ਡੈਂਡੀਲਾਇਨ ਦੇ ਪੱਤੇ ਵੱਧ ਮਾਤਰਾ ਵਿੱਚ ਮਿਲਦੇ ਹਨ ਅਤੇ ਜ਼ਿਆਦਾਤਰ ਲੋਕਾਂ ਲਈ ਉਪਲਬਧ ਹੁੰਦੇ ਹਨ।
ਪਹਿਲੀ ਨਜ਼ਰ ਵਿੱਚ ਡੈਂਡੀਲਾਇਨ ਦੇ ਪੱਤੇ ਰਸੋਈ ਦਾ ਆਮ ਹਿੱਸਾ ਨਹੀਂ ਲੱਗਦੇ। ਪਰ ਇਹ ਲਾਭਦਾਇਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜਿਨ੍ਹਾਂ ਵਿੱਚ ਸੋਜਿਸ਼ ਘਟਾਉਣ ਅਤੇ ਕੈਂਸਰ ਵਿਰੋਧੀ ਪ੍ਰਭਾਵ ਵੀ ਹੋ ਸਕਦੇ ਹਨ।
ਕੁਝ ਅਧਿਐਨ ਦਿਲ ਦੀ ਬਿਮਾਰੀ ਦੇ ਘੱਟ ਖਤਰੇ ਨਾਲ ਇਸਦਾ ਸੰਬੰਧ ਵੀ ਦਰਸਾਉਂਦੇ ਹਨ। ਹਾਲਾਂਕਿ ਇੱਕ ਸਮੀਖਿਆ ਵਿੱਚ ਖੋਜਕਾਰਾਂ ਨੇ ਕਿਹਾ ਕਿ ਮਨੁੱਖਾਂ ਤੇ ਲੋੜੀਂਦੀ ਖੋਜ ਮੌਜੂਦ ਨਹੀਂ ਹੈ, ਇਸ ਲਈ ਪੱਕਾ ਨਤੀਜਾ ਕੱਢਣਾ ਮੁਸ਼ਕਲ ਹੈ।
ਡੈਂਡੀਲਾਇਨ ਦੇ ਪੱਤੇ ਦੁਨੀਆ ਭਰ ਵਿੱਚ ਖਾਏ ਜਾਂਦੇ ਹਨ। ਇਹ ਸਲਾਦ ਅਤੇ ਸੂਪ ਵਿੱਚ ਵਰਤੇ ਜਾਂਦੇ ਹਨ, ਮਸਾਲੇ ਅਤੇ ਸਿਰਪ ਵਜੋਂ ਵਰਤੇ ਜਾਂਦੇ ਹਨ ਅਤੇ ਵਾਈਨ ਵਿੱਚ ਵੀ ਸ਼ਾਮਲ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਚਾਹ ਅਤੇ ਕਾਫੀ ਦੇ ਬਦਲ ਵਜੋਂ ਵੀ ਵਰਤਿਆ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



