Home ਰਾਸ਼ਟਰੀ ਖ਼ਬਰਾਂ ਤੁਸੀਂ ਮੋਟੇ ਹੋ ਜਾਂ ਨਹੀਂ ਇਸ ਦਾ ਪਤਾ ਲਗਾਉਣ ਦੇ ਇਨ੍ਹਾਂ ਨਵੇਂ...

ਤੁਸੀਂ ਮੋਟੇ ਹੋ ਜਾਂ ਨਹੀਂ ਇਸ ਦਾ ਪਤਾ ਲਗਾਉਣ ਦੇ ਇਨ੍ਹਾਂ ਨਵੇਂ ਤਰੀਕਿਆਂ ਦੀ ਸਿਫਾਰਿਸ਼ ਹੋ ਰਹੀ ਹੈ

1
0

Source :- BBC PUNJABI

ਮਾਹਰਾਂ ਦਾ ਮੰਨਣਾ ਹੈ ਕਿ ਮੋਟਾਪਾ ਜਾਂਚਣ ਲਈ ਡਾਕਟਰਾਂ ਨੂੰ ਸਿਰਫ਼ ਬਾਡੀ ਮਾਸ ਇੰਡੈਕਸ (ਬੀਐੱਮਆਈ) ਨੂੰ ਮਾਪਣ ਦੀ ਬਜਾਏ ਹੋਰ ਕਾਰਕ ਵੀ ਵੇਖਣੇ ਚਾਹੀਦੇ ਹਨ

ਤਸਵੀਰ ਸਰੋਤ, Getty Images

ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕ ਮੋਟਾਪੇ ਦੀ ਚਪੇਟ ‘ਚ ਆ ਰਹੇ ਹਨ। ਇਸ ਸਭ ਦੇ ਵਿਚਾਲੇ ਆਈ ਇੱਕ ਗਲੋਬਲ ਰਿਪੋਰਟ ਦਾ ਕਹਿਣਾ ਕਿ ਮੋਟਾਪੇ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਲੋੜ ਹੈ।

ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਮੋਟਾਪੇ ਦੀ ‘ਵਧੇਰੀ ਠੀਕ ਅਤੇ ਸਟੀਕ’ ਪਰਿਭਾਸ਼ਾ ਦੀ ਜ਼ਰੂਰਤ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਮੋਟਾਪਾ ਜਾਂਚਣ ਲਈ ਡਾਕਟਰਾਂ ਨੂੰ ਸਿਰਫ਼ ਬਾਡੀ ਮਾਸ ਇੰਡੈਕਸ (ਬੀਐੱਮਆਈ) ਨੂੰ ਮਾਪਣ ਦੀ ਬਜਾਏ ਅਜਿਹੇ ਮਰੀਜ਼ਾਂ ਦੀ ਸਮੁੱਚੀ ਸਿਹਤ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਜਿਹੜੇ ਮਰੀਜ਼ਾਂ ‘ਚ ਮੋਟਾਪੇ ਕਰਕੇ ਗੰਭੀਰ ਰੋਗ ਪੈਦਾ ਹੋ ਗਏ ਹਨ, ਉਨ੍ਹਾਂ ਦਾ ਨਿਦਾਨ “ਕਲੀਨਿਕਲ ਓਬੇਸਿਟੀ” ਵਜੋਂ ਕੀਤਾ ਜਾਵੇ ਅਤੇ ਜਿਨ੍ਹਾਂ ਨੂੰ ਮੋਟਾਪੇ ਕਰਕੇ ਕੋਈ ਸਿਹਤ ਸਮੱਸਿਆਵਾਂ ਨਹੀਂ ਹਨ ਉਹਨਾਂ ਨੂੰ “ਪ੍ਰੀ-ਕਲੀਨਿਕਲ ਓਬੇਸਿਟੀ” ਦੀ ਸ਼੍ਰੇਣੀ ‘ਚ ਰੱਖਿਆ ਜਾਣਾ ਚਾਹੀਦਾ ਹੈ।

ਦੁਨੀਆ ਭਰ ਵਿੱਚ ਅੰਦਾਜ਼ਨ ਇੱਕ ਅਰਬ ਤੋਂ ਵੱਧ ਲੋਕ ਮੋਟਾਪੇ ਨਾਲ ਜੂਝ ਰਹੇ ਹਨ। ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਮੰਗ ਵੀ ਬਹੁਤ ਜ਼ਿਆਦਾ ਵੱਧ ਗਈ ਹੈ।

‘ਦ ਲੈਂਸਟ ਡਾਇਬਟੀਜ਼ ਐਂਡ ਐਂਡੋਕਰੀਨੋਲੋਜੀ’ ਜਰਨਲ ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਨੂੰ ਦੁਨੀਆਂ ਭਰ ਦੇ 50 ਤੋਂ ਵੱਧ ਡਾਕਟਰੀ ਮਾਹਿਰਾਂ ਦਾ ਸਮਰਥਨ ਪ੍ਰਾਪਤ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੋਟਾਪੇ ਦੀ ‘ਪਰਿਭਾਸ਼ਾ’ ਕੀ ਹੈ?

ਦਿਲ ਤੇ ਬਰਗਰ ਦੀ ਤਸਵੀਰ

ਤਸਵੀਰ ਸਰੋਤ, Getty Images

ਇਸ ਮਾਹਰਾਂ ਦੇ ਸਮੂਹ ਦੀ ਪ੍ਰਧਾਨਗੀ ਕਰਨ ਵਾਲੇ ਕਿੰਗਜ਼ ਕਾਲਜ ਲੰਡਨ ਦੇ ਪ੍ਰੋਫੈਸਰ ਫ੍ਰਾਂਸਿਸਕੋ ਰੂਬੀਨੋ ਦਾ ਕਹਿਣਾ ਹੈ ਕਿ, “ਮੋਟਾਪੇ ਨੂੰ ਵੱਖ-ਵੱਖ ਰੇਂਜ ‘ਚ ਵੰਡਿਆ ਜਾ ਸਕਦਾ ਹੈ।’

“ਕੁਝ ਲੋਕ ਮੋਟੇ ਹੁੰਦੇ ਹਨ ਪਰ ਆਮ ਜੀਵਨ ਜੀਣ ਦੇ ਕਾਬਿਲ ਹੁੰਦੇ ਹਨ, ਆਮ ਤੌਰ ‘ਤੇ ਕੰਮ ਕਰਨ ‘ਚ ਸਮਰੱਥ ਹੁੰਦੇ ਹਨ।”

“ਦੂਜੇ ਪਾਸੇ ਕੁਝ ਅਜਿਹੇ ਮੋਟਾਪਾ ਗ੍ਰਸਤ ਮਰੀਜ਼ ਹੁੰਦੇ ਹਨ ਜੋ ਚੰਗੀ ਤਰ੍ਹਾਂ ਚੱਲ ਨਹੀਂ ਸਕਦੇ ਜਾਂ ਚੰਗੀ ਤਰ੍ਹਾਂ ਸਾਹ ਨਹੀਂ ਲੈ ਸਕਦੇ। ਮੋਟਾਪੇ ਕਰਕੇ ਉਹ ਹੋਰ ਗੰਭੀਰ ਸਮੱਸਿਆਵਾਂ ਨਾਲ ਪੀੜਤ ਹੁੰਦੇ ਹਨ, ਇਥੋਂ ਤੱਕ ਕਿ ਕੁਝ ਤਾਂ ਵ੍ਹੀਲਚੇਅਰ ਨਾਲ ਬੱਝੇ ਹੁੰਦੇ ਹਨ।”

ਇਹਨਾਂ ਦੋ ਸ਼੍ਰੇਣੀਆਂ ‘ਚ ਫ਼ਰਕ ਕਰਨ ਲਈ ਰਿਪੋਰਟ ਵਿੱਚ ਮੋਟਾਪੇ ਦੀ “ਰਿਫ੍ਰੇਮਿੰਗ” ਯਾਨਿ ਨਵੀਂ ਪਰਿਭਾਸ਼ਾ ਦੀ ਮੰਗ ਕੀਤੀ ਗਈ ਹੈ।

ਵਰਤਮਾਨ ਵਿੱਚ, ਬਹੁਤ ਸਾਰੇ ਦੇਸ਼ਾਂ ਵਿੱਚ ਜੇਕਰ ਵਿਅਕਤੀ ਦਾ ਬੀਐੱਮਆਈ 30 ਤੋਂ ਵੱਧ ਹੋਵੇ ਤਾਂ ਉਨ੍ਹਾਂ ਨੂੰ ‘ਓਬਿਸ’ ਯਾਨਿ ਮੋਟਾਪਾ ਗ੍ਰਸਤ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ।

ਬੀਐੱਮਆਈ ਇੱਕ ਮਾਪਢੰਡ ਹੈ ਜੋ ਮਨੁੱਖ ਦੀ ਉਚਾਈ ਅਤੇ ਭਾਰ ਦੇ ਅਧਾਰ ’ਤੇ ਸਰੀਰ ‘ਚ ਮੌਜੂਦ ਵਾਧੂ ਚਰਬੀ ਦਾ ਅਨੁਮਾਨ ਲਗਾਉਣ ਲਈ ਵਰਤਿਆ ਜਾਂਦਾ ਹੈ।

ਪਰ ਅਕਸਰ ਇਸ ਸ਼੍ਰੇਣੀ ਦੇ ਮਰੀਜ਼ਾਂ ਲਈ ਵੀ ਵੇਗੋਵੀ ਅਤੇ ਮੌਨਜਾਰੋ ਵਰਗੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਤੱਕ ਪਹੁੰਚ ਸੀਮਤ ਹੀ ਹੁੰਦੀ ਹੈ।

ਯੂਕੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ, ਐੱਨਐੱਚਐੱਸ ਮਰੀਜ਼ ਨੂੰ ਮੋਟਾਪਾ ਸੰਬੰਧਤ ਰੋਗ ਹੋਣ ‘ਤੇ ਹੀ ਇਹ ਦਵਾਈਆਂ ਮੁਹਈਆ ਕਰਵਾਉਂਦਾ ਹੈ।

ਪਰ ਰਿਪੋਰਟ ਕਹਿੰਦੀ ਹੈ ਕਿ ਸਿਰਫ਼ ਬੀਐੱਮਆਈ ਮਰੀਜ਼ ਦੀ ਸਮੁੱਚੀ ਸਿਹਤ ਬਾਰੇ ਕੁਝ ਨਹੀਂ ਦੱਸਦਾ।

ਬੀਐੱਮਆਈ ਕਾਫੀ ਕਿਉਂ ਨਹੀਂ ?

ਬੀਐੱਮਆਈ ਮਾਪਢੰਡ ਮਾਸਪੇਸ਼ੀਆਂ ਅਤੇ ਸਰੀਰ ਦੀ ਚਰਬੀ ਵਿੱਚ ਫਰਕ ਕਰਨ ਵਿੱਚ ਅਸਫਲ ਰਹਿੰਦਾ ਹੈ

ਤਸਵੀਰ ਸਰੋਤ, Getty Images

ਬੀਐੱਮਆਈ ਮਾਪਢੰਡ ਮਾਸਪੇਸ਼ੀਆਂ ਅਤੇ ਸਰੀਰ ਦੀ ਚਰਬੀ ਵਿੱਚ ਫਰਕ ਕਰਨ ਵਿੱਚ ਅਸਫਲ ਰਹਿੰਦਾ ਹੈ ਜੋ ਅੱਗੇ ਜਾ ਕੇ ਕਮਰ ਅਤੇ ਅੰਗਾਂ ਦੇ ਆਲੇ ਦੁਆਲੇ ਹੋਣ ਵਾਲੀ ਵਧੇਰੇ ਖਤਰਨਾਕ ਚਰਬੀ ਦਾ ਕਾਰਨ ਬਣਦੀ ਹੈ।

ਮਾਹਰ ਇੱਕ ਨਵੇਂ ਮਾਡਲ ਲਈ ਸਿਫਾਰਿਸ਼ ਕਰਦੇ ਹਨ ਜੋ ਸਰੀਰ ਦੇ ਅੰਗਾਂ ‘ਤੇ ਮੋਟਾਪੇ ਦੇ ਲੱਛਣਾਂ ਨੂੰ ਦਰਸਾਵੇ।

ਮਾਹਰ ਕਹਿੰਦੇ ਹਨ ਕਿ ਮੋਟਾਪੇ ਨਾਲੇ ਜੁੜੇ ਰੋਗ ਜਿਵੇਂ ਕਿ ਦਿਲ ਦੀ ਬਿਮਾਰੀ, ਸਾਹ ਚੜ੍ਹਨਾ, ਟਾਈਪ 2 ਡਾਇਬਟੀਜ਼ ਜਾਂ ਜੋੜਾਂ ਵਿੱਚ ਦਰਦ ਅਤੇ ਹੋਰ ਰੋਜ਼ਾਨਾ ਜੀਵਨ ‘ਤੇ ਮੋਟਾਪੇ ਦੇ ਨੁਕਸਾਨਦੇਹ ਪ੍ਰਭਾਵ ਨੂੰ ਧਿਆਨ ‘ਚ ਲੈ ਕੇ ਆਇਆ ਜਾਵੇ।

ਇੱਕ ਅਜਿਹਾ ਮਾਡਲ ਜਿਸ ਰਾਹੀਂ ਪਤਾ ਲੱਗ ਸਕਦਾ ਹੈ ਕਿ, ਕੀ ਮੋਟਾਪਾ ਇੱਕ ਕਲੀਨਿਕਲ ਬਿਮਾਰੀ ਬਣ ਗਿਆ ਹੈ ਜਾਂ ਨਹੀਂ ਇਸ ਨੂੰ ਦਵਾਈਆਂ ਦੇ ਇਲਾਜ ਦੀ ਲੋੜ ਹੈ ਜਾਂ ਨਹੀਂ।

ਹਾਲਾਂਕਿ, ਰਿਪੋਰਟ ਅਨੁਸਾਰ “ਪ੍ਰੀ-ਕਲੀਨਿਕਲ ਓਬੇਸਿਟੀ” ਵਾਲੇ ਲੋਕਾਂ ਨੂੰ ਦਵਾਈਆਂ ਅਤੇ ਸਰਜਰੀ ਦੀ ਬਜਾਏ, ਸਿਹਤ ਸਮੱਸਿਆਵਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਲਈ ਭਾਰ ਘਟਾਉਣ ਦੀ ਸਲਾਹ, ਜੀਵਨਸ਼ੈਲੀ ਦੀ ਨਿਗਰਾਨੀ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ।

ਜੇਕਰ ਫਿਰ ਵੀ ਉਨ੍ਹਾਂ ਨੂੰ ਇਲਾਜ ਦੀ ਲੋੜ ਹੋਵੇ ਤਾਂ ਉਹ ਵੀ ਦਿੱਤਾ ਜਾ ਸਕਦਾ ਹੈ।

‘ਬੇਲੋੜੇ ਇਲਾਜ ਨੂੰ ਘਟਾਇਆ ਜਾਵੇ’

ਪ੍ਰੋਫੈਸਰ ਰੁਬੀਨੋ ਦੇ ਅਨੁਸਾਰ, “ਮੋਟਾਪਾ ਸਿਹਤ ਲਈ ਇੱਕ ਖ਼ਤਰਾ ਹੈ। ਪਰ ਫਰਕ ਇਹ ਹੈ ਕਿ ਇਹ ਕੁਝ ਲੋਕਾਂ ਲਈ ਇਹ ਇੱਕ ਬਿਮਾਰੀ ਵੀ ਹੈ।”

“ਮੌਜੂਦਾ ‘ਮੋਟਾਪੇ ਦੀ ਧੁੰਦਲੀ ਪਰਿਭਾਸ਼ਾ’ ਦੀ ਬਜਾਏ, ਸਮਝਦਾਰੀ ਇਸੇ ‘ਚ ਹੋਵੇਗੀ ਕਿ ਇਸ ਨੂੰ ਇੱਕ ਨਵੇਂ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਜੋ ਅਬਾਦੀ ਦਾ ਇੱਕ ਵੱਡਾ ਹਿੱਸਾ ਇਸਦੇ ਜੋਖਮਾਂ ਤੋਂ ਬੱਚ ਸਕੇ।”

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਮਰ-ਉਚਾਈ ਅਨੁਪਾਤ ਜਾਂ ਸਿੱਧੇ ਚਰਬੀ ਦਾ ਮਾਪ ਨੂੰ ਮੈਡੀਕਲ ਹਿਸਟਰੀ ਨਾਲ ਕੇ ਜੋੜ ਦੇਖਣਾ, ਬੀਐੱਮਆਈ ਨਾਲੋਂ ਵਧੇਰੇ ਸਪੱਸ਼ਟ ਤਸਵੀਰ ਪੇਸ਼ ਕਰ ਸਕਦਾ ਹੈ।

ਸਿਡਨੀ ਯੂਨੀਵਰਸਿਟੀ ਤੋਂ ਬੱਚਿਆਂ ਦੇ ਮੋਟਾਪੇ ਦੇ ਮਾਹਿਰ ਪ੍ਰੋ: ਲੁਈਸ ਬੌਰ, ਜਿਨ੍ਹਾਂ ਨੇ ਰਿਪੋਰਟ ਵਿੱਚ ਯੋਗਦਾਨ ਪਾਇਆ, ਨੇ ਕਿਹਾ ਕਿ ਨਵੀਂ ਪਹੁੰਚ ਬਾਲਗਾਂ ਅਤੇ ਮੋਟਾਪੇ ਵਾਲੇ ਬੱਚਿਆਂ ਨੂੰ “ਵਧੇਰੇ ਢੁਕਵੀਂ ਦੇਖਭਾਲ ਪ੍ਰਾਪਤ ਕਰਨ” ਚ ਮਦਦ ਕਰੇਗੀ, ਜਦੋਂ ਕਿ ਬਹੁਤ ਜ਼ਿਆਦਾ ਨਿਦਾਨ ਅਤੇ ਬੇਲੋੜੇ ਇਲਾਜ ਦਿੱਤੇ ਜਾਣ ਦੀ ਗਿਣਤੀ ਨੂੰ ਘਟਾਇਆ ਜਾਵੇਗਾ।

ਅਜਿਹੇ ਸਮੇਂ ਵਿੱਚ ਜਦੋਂ ਸਰੀਰ ਦੇ ਭਾਰ ਨੂੰ 20% ਤੱਕ ਘਟਾਉਣ ਵਾਲੀਆਂ ਦਵਾਈਆਂ ਨੂੰ ਵੱਡੇ ਪੱਧਰ ‘ਤੇ ਤਜਵੀਜ਼ ਕੀਤਾ ਜਾ ਰਿਹਾ ਹੈ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੋਟਾਪੇ ਦਾ ਇਹ “ਰਿਫ੍ਰੇਮਿੰਗ” “ਸਭ ਤੋਂ ਜ਼ਿਆਦਾ ਢੁਕਵਾਂ” ਹੈ ਕਿਉਂਕਿ ਇਹ “ਨਿਦਾਨ ਦੀ ਪ੍ਰਣਾਲੀ ਵਿੱਚ ਸੁਧਾਰ ਕਰੇਗਾ”।

'ਮੋਟਾਪਾ ਸਿਹਤ ਲਈ ਇੱਕ ਖਤਰਾ ਹੈ। ਪਰ ਫਰਕ ਇਹ ਹੈ ਕਿ ਇਹ ਕੁਝ ਲੋਕਾਂ ਲਈ ਇਹ ਇੱਕ ਬਿਮਾਰੀ ਵੀ ਹੈ'

ਤਸਵੀਰ ਸਰੋਤ, Getty Images

‘ਸੀਮਤ ਫੰਡਿੰਗ’

ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ ਦਾ ਕਹਿਣਾ ਹੈ ਕਿ ਰਿਪੋਰਟ ਨੇ ਦੂਜੀਆਂ ਪੁਰਾਣੀਆਂ ਜਾਨਲੇਵਾ ਬਿਮਾਰੀਆਂ ਵਾਂਗ ਹੀ ਮੋਟਾਪੇ ਦੇ ਇਲਾਜ ਲਈ ਵੀ ਉਸੇ ਤਰ੍ਹਾਂ ਦੀ ਡਾਕਟਰੀ ਕਠੋਰਤਾ ਅਤੇ ਹਮਦਰਦੀ ਭਰੀ ਮਜ਼ਬੂਤ ​​ਨੀਂਹ ਰੱਖੀ ਹੈ।

ਕਾਲਜ ਨੇ ਕਿਹਾ ਕਿ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਮੋਟਾਪੇ ਦੇ ਵਿਚਕਾਰ ਫਰਕ ਕਰਨਾ “ਇੱਕ ਮਹੱਤਵਪੂਰਨ ਕਦਮ” ਹੋਵੇਗਾ ਅਤੇ “ਛੇਤੀ ਪਛਾਣ ਕਰਨ ਅਤੇ ਦਖਲ ਦੇਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਜਾਵੇਗਾ” ਜਦੋਂ ਕਿ ਉਹਨਾਂ ਮਰੀਜ਼ਾਂ ਨੂੰ ਸਹੀ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ ਜਿਨ੍ਹਾਂ ਦੀ ਸਿਹਤ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ।

ਪਰ ਇਹ ਚਿੰਤਾਵਾਂ ਹਨ ਕਿ ਸਿਹਤ ਬਜਟ ‘ਤੇ ਦਬਾਅ ਦਾ ਮਤਲਬ “ਪ੍ਰੀ-ਕਲੀਨਿਕਲ ਓਬਿਸ” ਸ਼੍ਰੇਣੀ ਦੇ ਲੋਕਾਂ ਲਈ ਘੱਟ ਪੈਸਾ ਹੋ ਸਕਦਾ ਹੈ।

ਓਟੈਗੋ, ਨਿਊਜ਼ੀਲੈਂਡ ਵਿੱਚ ਐਡਗਰ ਡਾਇਬੀਟੀਜ਼ ਅਤੇ ਮੋਟਾਪਾ ਖੋਜ ਕੇਂਦਰ ਦੇ ਸਹਿ-ਨਿਰਦੇਸ਼ਕ, ਪ੍ਰੋ: ਸਰ ਜਿਮ ਮਾਨ ਨੇ ਕਿਹਾ ਕਿ “ਉਨ੍ਹਾਂ ਲੋਕਾਂ ਦੀਆਂ ਲੋੜਾਂ ‘ਤੇ ਜ਼ੋਰ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਡਾਕਟਰੀ ਤੌਰ ‘ਤੇ ਮੋਟੇ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ” ਅਤੇ ਸੀਮਤ ਫੰਡਿੰਗ ਨੂੰ ਸੰਭਾਵਤ ਤੌਰ ‘ਤੇ ਉਹਨਾਂ ਵੱਲ ਨਿਰਦੇਸ਼ਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI