Home ਰਾਸ਼ਟਰੀ ਖ਼ਬਰਾਂ ਤੁਸੀਂ ਜੋ ਮੇਕਅਪ ਲਗਾ ਰਹੇ ਹੋ, ਉਹ ਕਿੰਨਾ ਸੁਰੱਖਿਅਤ ਹੈ? ਮੇਕਅਪ ਵਰਤਣ...

ਤੁਸੀਂ ਜੋ ਮੇਕਅਪ ਲਗਾ ਰਹੇ ਹੋ, ਉਹ ਕਿੰਨਾ ਸੁਰੱਖਿਅਤ ਹੈ? ਮੇਕਅਪ ਵਰਤਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ

2
0

Source :- BBC PUNJABI

ਮੇਕਅੱਪ ਕਰ ਰਹੀ ਕੁੜੀ

ਤਸਵੀਰ ਸਰੋਤ, Getty Images

ਇਮਾਨਦਾਰੀ ਨਾਲ ਦੱਸੋ… ਤੁਸੀਂ ਆਖਰੀ ਵਾਰ ਕਦੋਂ ਆਪਣੇ ਮੇਕਅਪ ਪ੍ਰੋਡਕਟਸ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਸੀ? ਜਿਹੜੇ ਮੇਕਅਪ ਦੇ ਸਮਾਨ ਦੀ ਮਿਆਦ ਪੂਰੀ ਹੋ ਚੁਕੀ ਹੈ ਕੀ ਇਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਇਸ ਨਾਲ ਤੁਹਾਡੀ ਸਿਹਤ ਨੂੰ ਵੀ ਕੋਈ ਖ਼ਤਰਾ ਹੋ ਸਕਦਾ ਹੈ?

ਤੁਸੀਂ ਆਪਣਾ ਮੇਕਅਪ ਵਾਲਾ ਬੁਰਸ਼ ਕਿੰਨੀ ਵਾਰ ਧੋਂਦੇ ਹੋ? ਕੀ ਤੁਸੀਂ ਕਦੇ ਕਿਸੇ ਦੋਸਤ ਦਾ ਮਸਕਾਰਾ ਉਧਾਰ ਲਿਆ ਹੈ ਜਾਂ ਕਿਸੀ ਦੁਕਾਨ ‘ਤੇ ਲਿਪਸਟਿਕ ਚੈੱਕ ਕੀਤੀ ਹੈ? ਤੁਹਾਡੇ ਮੇਕਅਪ ਬੈਗ ਵਿੱਚ ਕਿਹੜੀ ਚੀਜ਼ ਸਭ ਤੋਂ ਵੱਧ ਬੈਕਟੀਰੀਆ ਜਮ੍ਹਾਂ ਕਰਦੀ ਹੈ- ਮਸਕਾਰਾ, ਆਈਲਾਇਨਰ, ਸਪੰਜ ਜਾਂ ਬੁਰਸ਼?

ਮੈਂ ਮੰਨਦੀ ਹਾਂ ਕਿ ਮੈਂ ਆਪਣੇ ਮੇਕਅਪ ਵਾਲੇ ਬੁਰਸ਼ਾਂ ਨੂੰ ਸਾਫ਼ ਕਰਨ ਜਾਂ ਉਨ੍ਹਾਂ ਦੀ ਮਿਆਦ ਪੂਰੀ ਹੋਣ ਦੀ ਤਰੀਕ ਦੇਖਣ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਦੀ। ਇਸ ਲਈ ਮੈਂ ਇਨ੍ਹਾਂ ਨੂੰ ਲੰਡਨ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਇੱਕ ਖੋਜਕਰਤਾ ਦੇ ਮਾਈਕ੍ਰੋਸਕੋਪ ਰਾਹੀਂ ਦੇਖਣ ਦਾ ਫੈਸਲਾ ਕੀਤਾ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ

ਇਹ ਅਧਿਐਨ ਸਕੂਲ ਆਫ਼ ਹਿਊਮਨ ਸਾਇੰਸਜ਼ ਵਿਖੇ ਬਾਇਓਸਾਇੰਸਜ਼ ਦੇ ਸੀਨੀਅਰ ਲੈਕਚਰਾਰ ਡਾ. ਮਾਰੀਆ ਪਿਲਰ ਬੋਤੇਈ-ਸੈਲੋ ਦੀ ਨਿਗਰਾਨੀ ਹੇਠ ਹੋਇਆ। ਉਨ੍ਹਾਂ ਨੇ ਆਪਣੀ ਲੈਬ ਵਿੱਚ 70 ਤੋਂ ਵੱਧ ਐਕਸਪਾਇਰ ਹੋ ਚੁੱਕੇ ਆਈਲਾਈਨਰ, ਮਸਕਾਰਾ, ਲਿਪ ਗਲਾਸ, ਲਿਪਸਟਿਕ ਅਤੇ ਫਾਊਂਡੇਸ਼ਨ ਦੇ ਨਾਲ-ਨਾਲ ਮੇਕਅਪ ਬੁਰਸ਼ ਅਤੇ ਸਪੰਜ (ਮੇਰੇ ਆਪਣੇ ਸਮੇਤ) ਦੀ ਜਾਂਚ ਕੀਤੀ।

ਨਮੂਨੇ ਕੱਢੇ ਗਏ ਅਤੇ ਉਨ੍ਹਾਂ ਨੂੰ ਏਗਰ ਪਲੇਟਾਂ ‘ਤੇ ਰੱਖਿਆ ਗਿਆ। ਫਿਰ ਉਨ੍ਹਾਂ ਨੂੰ ਇਨਕਿਉਬੇਟ ਕੀਤਾ ਗਿਆ ਤਾਂਕਿ ਪਤਾ ਚਲ ਸਕੇ ਕਿ ਉਨ੍ਹਾਂ ਵਿੱਚ ਕੀ ਲੁਕਿਆ ਹੈ।

ਮੇਰੇ ਮੇਕਅਪ ਦੇ ਸਮਾਨ ਦੀ ਸਥਿਤੀ ਕੀ ਹੈ?

ਡਾ. ਮਾਰੀਆ ਪਿਲਰ ਬੋਤੇਈ-ਸੈਲੋ ਦੀ ਤਸਵੀਰ (ਖੱਬੇ)

ਮੇਰੇ ਮੇਕਅਪ ਤੋਂ ਏਗਰ ਪਲੇਟਾਂ ‘ਤੇ ਹੈਰਾਨੀਜਨਕ ਰੂਪ ‘ਚ ਕਾਫ਼ੀ ਮਾਤਰਾ ‘ਚ ਬੈਕਟੀਰੀਆ ਸੀ।

ਡਾ. ਬੋਤੇਈ ਸੈਲੋ ਨੇ ਕਿਹਾ, “ਤੁਹਾਡੀ ਅੱਖਾਂ ‘ਤੇ ਵਰਤੀ ਜਾਣ ਵਾਲੀ ਪੈਂਸਿਲ ਸਭ ਤੋਂ ਜ਼ਿਆਦਾ ਗੰਦੀ ਸੀ, ਜਿਸ ਵਿੱਚ ਤੁਹਾਡੇ ਦੂਸਰੇ ਮੇਕਅਪ ਦੇ ਸਮਾਨ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਬੈਕਟੀਰੀਆ ਦਿਖਾਈ ਦਿੱਤਾ।”

ਉਨ੍ਹਾਂ ਨੇ ਦੱਸਿਆ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਪੈਂਸਿਲ ਨੇ ਚਮੜੀ ਤੋਂ ਬੈਕਟੀਰੀਆ ਨੂੰ ਚੁੱਕਿਆ ਸੀ, ਜਿਸ ਵਿੱਚ ਸਟੈਫ਼ਿਲੋਕੋਕਸ (ਇੱਕ ਤਰ੍ਹਾਂ ਦਾ ਬੈਕਟੀਰੀਆ) ਵੀ ਸ਼ਾਮਲ ਹੈ। ਇਸ ਦੇ ਪਿੱਛੇ ਦਾ ਕਾਰਨ ਪੈਂਸਿਲ ਦਾ ਅੱਖ ਦੀ ਪਲਕ ਦੇ ਸੰਪਰਕ ਵਿੱਚ ਆਉਣਾ ਹੈ।

ਮੈਂ ਸਵੀਕਾਰ ਕੀਤਾ ਕਿ ਮੈਂ ਆਮ ਤੌਰ ‘ਤੇ ਆਪਣਾ ਮੇਕਅਪ ਬਾਥਰੂਮ ਵਿੱਚ ਰੱਖਦੀ ਹਾਂ ਅਤੇ ਅਕਸਰ ਵਰਤਣ ਤੋਂ ਬਾਅਦ ਕੁਝ ਮਿੰਟਾਂ ਲਈ ਆਪਣੇ ਆਈਲਾਈਨਰ ਨੂੰ ਬਿਨਾਂ ਢੱਕਣ ਲਗਾਏ ਛੱਡ ਦਿੰਦੀ ਹਾਂ।

ਡਾ. ਬੋਤੇਈ ਸੈਲੋ ਨੇ ਕਿਹਾ, “ਤਾਂ ਹਾਂ, ਇਹੀ ਕਾਰਨ ਹੋ ਸਕਦਾ ਹੈ। ਜੇਕਰ ਇਹ ਹਵਾ ਤੋਂ ਨਮੀ ਪ੍ਰਾਪਤ ਕਰਦਾ ਹੈ, ਤਾਂ ਇਸ ਨਾਲ ਮਾਈਕ੍ਰੋਬਿਅਲ (ਸੂਖਮ ਜੀਵਾਣੂ) ਵੱਧ ਸਕਦੇ ਹਨ। ਅਸੀਂ ਅਧਿਐਨ ਦੇ ਹੋਰ ਨਮੂਨਿਆਂ ਵਿੱਚ, ਜਿਵੇਂ- ਬੁਰਸ਼, ਸਪੰਜ ਅਤੇ ਮਸਕਾਰੇ ਵਿੱਚ ਵੀ ਸਟੈਫ਼ਿਲੋਕੋਕਸ ਪਾਇਆ ਹੈ।”

ਸਟੈਫ਼ਿਲੋਕੋਕਸ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਹੋ ਸਕਦਾ ਹੈ- ਜਿਵੇਂ ਹਲਕੀ ਜਲਨ ਤੋਂ ਲੈ ਕੇ ਕੰਨਜਕਟਿਵਾਇਟਿਸ, ਏਰੀਸੀਪੇਲਸ (ਚਮੜੀ ਸਬੰਧੀ ਲਾਗ) ਅਤੇ ਇਮਪੇਟੀਗੋ (ਚਮੜੀ ਦੀ ਲਾਗ) ਵਰਗੀਆਂ ਗੰਭੀਰ ਇਨਫੈਕਸ਼ਨਾਂ ਤੱਕ।

ਤਾਂ ਫਿਰ ਮੈਨੂੰ ਇਨ੍ਹਾਂ ਵਿੱਚੋਂ ਕੁਝ ਵੀ ਕਿਉਂ ਨਹੀਂ ਹੋਇਆ, ਜਦੋਂਕਿ ਮੈਂ ਕਈ ਵਾਰ ਆਈਲਾਇਨਰ ਦੀ ਵਰਤੋਂ ਕੀਤੀ ਹੈ?

ਡਾ. ਬੋਤੇਈ ਸੈਲੋ ਨੇ ਸਮਝਾਇਆ, “ਜੇਕਰ ਤੁਹਾਡੀ ਚਮੜੀ ਸਹੀ ਸਲਾਮਤ ਹੈ ਤਾਂ ਇਹ ਕਾਫ਼ੀ ਚੰਗੀ ਹੈ ਅਤੇ ਕੁਝ ਵੀ ਨਹੀਂ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਡੇ ਕੋਈ ਕੱਟ ਜਾਂ ਸੱਟ ਲੱਗੀ ਹੈ ਤਾਂ ਬੈਕਟੀਰੀਆ ਉੱਥੋਂ ਦਾਖਲ ਹੋ ਕੇ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਕਿਸੇ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।”

ਇਹ ਵੀ ਪੜ੍ਹੋ:-

ਮੇਕਅਪ ਲਗਾਉਣ ਤੋਂ ਪਹਿਲਾਂ ਹੱਥ ਧੋਂਦੇ ਹੋ?

ਮੇਕਅੱਪ ਕਰ ਰਹੀ ਕੁੜੀ

ਤਸਵੀਰ ਸਰੋਤ, Getty Images

ਕੀ ਤੁਸੀਂ ਮੇਕਅਪ ਲਗਾਉਣ ਤੋਂ ਪਹਿਲਾਂ ਆਪਣੇ ਹੱਥ ਧੋਂਦੇ ਹੋ? ਹੱਥਾਂ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਤੱਤ ਹੋ ਸਕਦੇ ਹਨ ਅਤੇ ਸਹੀ ਤਰ੍ਹਾਂ ਸਫ਼ਾਈ ਤੋਂ ਬਿਨਾਂ ਇਨ੍ਹਾਂ ਕੀਟਾਣੂਆਂ ਦਾ ਸੁੰਦਰਤਾ ਵਾਲੇ ਉਤਪਾਦਾਂ ‘ਚ ਚਲੇ ਜਾਣ ਦਾ ਜੋਖਮ ਰਹਿੰਦਾ ਹੈ। ਅਜਿਹਾ ਖਾਸ ਤੌਰ ‘ਤੇ ਉਦੋਂ ਹੁੰਦਾ ਹੈ ਜਦੋਂ ਅਸੀਂ ਸਿੱਧਾ ਆਪਣੇ ਹੱਥਾਂ ਨਾਲ ਆਈਸ਼ੈਡੋ, ਲਿਪ ਬਾਮ ਅਤੇ ਫਾਊਂਡੇਸ਼ਨ ਲਗਾਉਂਦੇ ਹਾਂ।

ਡਾ. ਬੋਤੇਈ ਸੈਲੋ ਨੇ ਹੈਰਾਨ ਕਰਨ ਵਾਲੇ ਨਤੀਜੇ ਕੱਢੇ। ਉਨ੍ਹਾਂ ਨੇ ਦੱਸਿਆ, “ਕੁਝ ਉਤਪਾਦਾਂ ਵਿੱਚ ਸਾਨੂੰ ਐਂਟਰੋਬੈਕਟਰ ਕਲੋਕੋ ਮਿਲਿਆ, ਜੋ ਆਮ ਤੌਰ ‘ਤੇ ਅੰਤੜੀਆਂ ਵਿੱਚ ਪਾਏ ਜਾਣ ਵਾਲਾ ਬੈਕਟੀਰੀਆ ਹੈ।”

ਇਸ ਦਾ ਮਤਲਬ ਹੈ ਕਿ ਹੱਥ ਸਹੀ ਤਰ੍ਹਾਂ ਨਾ ਧੋਣ ਜਾਂ ਟਾਇਲਟ ਦੇ ਛਿੱਟੇ ਪੈਣ ਕਾਰਨ ਇਸ ਵਿੱਚ ਮਲ ਦੇ ਅੰਸ਼ ਪਾਏ ਜਾ ਸਕਦੇ ਹਨ।

ਖੋਜ ਤੋਂ ਪਤਾ ਚਲਦਾ ਹੈ ਕਿ ਟਾਇਲਟ ਨੂੰ ਫਲੱਸ਼ ਕਰਨ ਨਾਲ ਏਰੋਸੋਲਾਈਜ਼ਡ ਬੂੰਦਾਂ ਨਿਕਲ ਸਕਦੀਆਂ ਹਨ ਜੋ ਕੁਝ ਸਕਿੰਟਾਂ ਵਿੱਚ 2 ਮੀਟਰ ਦੀ ਉੱਚਾਈ ਤੱਕ ਪਹੁੰਚ ਜਾਂਦੀਆਂ ਹਨ।

ਏਰੋਸੋਲਾਈਜ਼ਡ ਬੂੰਦਾਂ ਵਿੱਚ ਅਕਸਰ ਛੂਤ ਵਾਲੇ ਵਾਇਰਸ ਹੁੰਦੇ ਹਨ। ਇਨ੍ਹਾਂ ਬੂੰਦਾਂ ਦੇ ਜ਼ਰੀਏ ਐਂਟਰੋਬੈਕਟਰ (ਇੱਕ ਤਰ੍ਹਾਂ ਦਾ ਬੈਕਟੀਰੀਆ) ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਜੇਕਰ ਤੁਹਾਡੇ ਮੇਕਅਪ ਉਤਪਾਦ ਇਸ 2 ਮੀਟਰ ਦੀ ਰੇਂਜ ਵਿੱਚ ਹਨ, ਤਾਂ ਉਹ ਬੈਕਟੀਰੀਆ ਦੇ ਸੰਪਰਕ ਵਿੱਚ ਆ ਸਕਦੇ ਹਨ।

ਐਂਟਰੋਬੈਕਟਰ ਦੀਆਂ ਕੁਝ ਕਿਸਮਾਂ ਚਿੰਤਾਜਨਕ ਹਨ ਕਿਉਂਕਿ ਇਹ ਪਿਸ਼ਾਬ ਸਬੰਧੀ ਲਾਗ, ਸਾਹ ਸਬੰਧੀ ਲਾਗ, ਓਸਟੀਓਮਾਈਲਾਈਟਿਸ (ਹੱਡੀਆਂ ਦੀ ਲਾਗ) ਅਤੇ ਐਂਡੋਕਾਰਡਾਈਟਿਸ (ਦਿਲ ਸਬੰਧੀ ਲਾਗ) ਦਾ ਕਾਰਨ ਬਣ ਸਕਦੀਆਂ ਹਨ।

ਪਿਛਲੇ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਈ. ਕੋਲਾਈ (ਐਸ਼ੋਰਿਸ਼ਿਆ ਕੋਲਾਈ- ਮਲ ਕਾਰਨ ਹੋਣ ਵਾਲਾ ਇੱਕ ਕਿਸਮ ਦਾ ਬੈਕਟੀਰੀਆ) ਮੇਕਅਪ ਉਤਪਾਦਾਂ ‘ਤੇ ਜਿਉਂਦਾ ਰਹਿ ਸਕਦਾ ਹੈ। ਇਹ ਚਿੰਤਾਜਨਕ ਹੈ ਕਿਉਂਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਚਿਹਰੇ ਅਤੇ ਅੱਖਾਂ ਦੇ ਨੇੜੇ ਕੀਤੀ ਜਾਂਦੀ ਹੈ।

ਮੇਕਅੱਪ ਉਤਪਾਦਾਂ ਦੀ ਐਕਸਪਾਇਰੀ ਡੇਟ ਬਾਰੇ ਡਾ. ਅਮਰੀਨ ਬਸ਼ੀਰ ਨੇ ਦੱਸਿਆ

ਮੈਟਰੋਪੋਲੀਟਨ ਯੂਨੀਵਰਸਿਟੀ ਦੀ ਖੋਜ ਟੀਮ ਨੇ ਕਾਸਮੈਟਿਕ ਉਤਪਾਦਾਂ ਵਿੱਚ ਕੈਂਡੀਡਾ ਨਾਮ ਦਾ ਇੱਕ ਫੰਗਸ (ਉੱਲੀ) ਵੀ ਪਾਇਆ। ਜੇਕਰ ਫੰਗਸ ਚਮੜੀ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਇਹ ਯੋਨੀ ਕੈਂਡੀਡੀਆਸਿਸ (ਯੋਨੀ ਵਿੱਚ ਹੋਣ ਵਾਲਾ ਇੱਕ ਫੰਗਲ ਇਨਫੈਕਸ਼ਨ) ਜਾਂ ਥ੍ਰਸ਼ (ਮੂੰਹ ਵਿੱਚ ਹੋਣ ਵਾਲਾ ਫੰਗਲ ਇਨਫੈਕਸ਼ਨ) ਦਾ ਕਾਰਨ ਬਣ ਸਕਦਾ ਹੈ।

ਬ੍ਰਿਟੇਨ ਦੇ ਬਰਮਿੰਘਮ ਵਿੱਚ ਐਸਟਨ ਯੂਨੀਵਰਸਿਟੀ ਵਿਖੇ ਕਰੀਬ 500 ਕਾਸਮੈਟਿਕ ਉਤਪਾਦਾਂ ‘ਤੇ ਹੋਰ ਖੋਜ ਕੀਤੀ ਗਈ। ਇਸ ਅਧਿਐਨ ਤੋਂ ਪਤਾ ਚਲਿਆ ਕਿ ਵਰਤੇ ਜਾਣ ਵਾਲੇ 79-90% ਕਾਸਮੈਟਿਕ ਉਤਪਾਦਾਂ ਵਿੱਚ ਕਿਸੇ ਨਾ ਕਿਸੇ ਕਿਸਮ ਦੇ ਪਰਜੀਵੀ, ਬੈਕਟੀਰੀਆ ਜਾਂ ਫੰਗਸ ਹੁੰਦੇ ਹਨ। ਇਨ੍ਹਾਂ ਵਿੱਚ ਘੱਟ ਜੋਖਮ ਵਾਲੇ ਬੈਕਟੀਰੀਆ ਤੋਂ ਲੈ ਕੇ ਸੰਭਾਵੀ ਤੌਰ ‘ਤੇ ਘਾਤਕ ਈ. ਕੋਲਾਈ ਤੱਕ ਸ਼ਾਮਲ ਹਨ।

ਅਧਿਐਨ ਦੇ ਮੁੱਖ ਖੋਜਕਰਤਾ, ਡਾ. ਅਮਰੀਨ ਬਸ਼ੀਰ ਨੇ ਕਿਹਾ, “ਹਾਲਾਂਕਿ ਵਰਤੇ ਗਏ ਕਾਸਮੈਟਿਕ ਉਤਪਾਦ ਅਤੇ ਉਪਕਰਣ (ਬੁਰਸ਼ ਆਦਿ) ਬੈਕਟੀਰੀਆ ਹੋਣ ਦਾ ਸੰਕੇਤ ਦਿੰਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਲਾਗ ਦਾ ਕੋਈ ਵੱਡਾ ਜੋਖਮ ਪੈਦਾ ਕਰਨ।”

”ਲਾਗ ਲਈ ਵੀ ਪ੍ਰਵੇਸ਼ ਦਾ ਰਸਤਾ ਜ਼ਰੂਰੀ ਹੁੰਦਾ ਹੈ, ਜਿਵੇਂ ਕਿ ਕੱਟ ਜਾਂ ਭੋਜਨ ਰਾਹੀਂ। ਸਫਾਈ, ਜਿਸ ਵਿੱਚ ਚੀਜ਼ਾਂ ਨੂੰ ਧੋਣਾ ਅਤੇ ਕੀਟਾਣੂ ਰਹਿਤ ਕਰਨਾ ਅਤੇ ਮਿਆਦ ਪੂਰੀ ਹੋਣ ਤੋਂ ਬਾਅਦ ਚੀਜ਼ਾਂ ਦੀ ਵਰਤੋਂ ਨਾ ਕਰਨਾ ਸ਼ਾਮਲ ਹੈ ਅਤੇ ਇਹ ਕਿਸੇ ਵੀ ਸੰਭਾਵੀ ਜੋਖਮ ਨੂੰ ਹੋਰ ਘਟਾ ਸਕਦਾ ਹੈ।”

ਮਿਆਦ ਪੂਰੀ ਹੋਣ ਦੀ ਮਿਤੀ (ਐਕਸਪਾਇਰੀ ਡੇਟ) ਦਾ ਧਿਆਨ ਰੱਖਣਾ ਕਿਉਂ ਜ਼ਰੂਰੀ?

ਮੇਕਅੱਪ ਦੀ ਐਕਸਪਾਈਰੀ ਡੇਟ ਚੈੱਕ ਕਰ ਰਹੀਆਂ ਕੁੜੀਆਂ

ਤਸਵੀਰ ਸਰੋਤ, Getty Images

ਐਕਸਪਾਇਰੀ ਡੇਟ ਜ਼ਰੂਰੀ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਉਤਪਾਦ ਵਿੱਚ ਮੌਜੂਦ ਬਚਾਅ ਕਰਨ ਵਾਲੇ ਤੱਤ (ਪ੍ਰੀਜ਼ਰਵੇਟਿਵ) ਸੂਖਮ ਜੀਵਾਂ ਦੇ ਵਾਧੇ ਨੂੰ ਰੋਕਣ ਲਈ ਕਿੰਨੀ ਦੇਰ ਤੱਕ ਪ੍ਰਭਾਵਸ਼ਾਲੀ ਰਹਿੰਦੇ ਹਨ। ਜਿਨ੍ਹਾਂ ਉਤਪਾਦਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇ ਜਲਦੀ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ। ਕਿਉਂਕਿ ਅਜਿਹੇ ਉਤਪਾਦ ਬੈਕਟੀਰੀਆ ਅਤੇ ਫੰਗਸ ਨੂੰ ਵਧਣ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਦੇ ਹਨ।

ਉਤਪਾਦ ਖੋਲ੍ਹਣ ਤੋਂ ਬਾਅਦ ਆਈਟਮ ਦੇ ਆਧਾਰ ‘ਤੇ ਮਿਆਦ ਪੂਰੀ ਹੋਣ ਦੀ ਤਰੀਕ 3 ਤੋਂ 12 ਮਹੀਨਿਆਂ ਤੱਕ ਦੀ ਹੁੰਦੀ ਹੈ।

ਡਾ. ਬਸ਼ੀਰ ਕਹਿੰਦੇ ਹਨ, “ਜੇਕਰ ਕਿਸੇ ਕਾਸਮੈਟਿਕ ਉਤਪਾਦ ‘ਤੇ ਕੋਈ ਐਕਸਪਾਇਰੀ ਡੇਟ ਨਹੀਂ ਹੈ, ਤਾਂ ਇਸ ਨੂੰ ਤਿੰਨ ਮਹੀਨਿਆਂ ਬਾਅਦ ਜਾਂ ਜਿਵੇਂ ਹੀ ਇਹ ਅਹਿਸਾਸ ਹੋਵੇ ਕਿ ਇਹ ਖਰਾਬ ਹੋ ਗਿਆ ਹੈ, ਇਸ ਨੂੰ ਸੁੱਟ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਲਾਗ ਫੈਲਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ।”

“ਜੇਕਰ ਕੋਈ ਖਪਤਕਾਰ ਮੇਕਅਪ ਉਤਪਾਦ ਦੀ ਮਿਆਦ ਪੂਰੀ ਹੋਣ ਦੀ ਤਰੀਕ ਬਾਰੇ ਅਨਿਸ਼ਚਿਤ ਹੈ, ਤਾਂ ਇਸ ਦੀ ਥਾਂ ਨਵੇਂ ਉਤਪਾਦ ਦੀ ਵਰਤੋਂ ਕਰ ਲੈਣਾ ਹੀ ਸਭ ਤੋਂ ਵਧੀਆ ਬਦਲ ਹੈ।”

ਕਿਵੇਂ ਕਰੀਏ ਬਚਾਅ?

ਲੰਡਨ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਇੱਕ ਪ੍ਰਯੋਗਸ਼ਾਲਾ

ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਖੋਜ ਦੇ ਅਨੁਸਾਰ, ਹਾਨੀਕਾਰਕ ਅਤੇ ਸੂਖਮ ਜੀਵਾਂ ਦੇ ਸਭ ਤੋਂ ਵੱਧ ਪੱਧਰ ਵਾਲੇ ਉਤਪਾਦ, ਮਸਕਾਰਾ ਅਤੇ ਤਰਲ ਫਾਊਂਡੇਸ਼ਨ ਹਨ, ਜਦੋਂ ਕਿ ਸਭ ਤੋਂ ਵੱਧ ਹਾਨੀਕਾਰਕ ਬੈਕਟੀਰੀਆ ਤਰਲ ਫਾਊਂਡੇਸ਼ਨ ਲਗਾਉਣ ਲਈ ਵਰਤੇ ਜਾਣ ਵਾਲੇ ਬੁਰਸ਼ ਅਤੇ ਸਪੰਜ ਵਿੱਚ ਹੁੰਦੇ ਹਨ।

ਡਾ. ਬੋਤੇਈ ਸੈਲੋ ਨੇ ਕਿਹਾ, “ਜਿਨ੍ਹਾਂ ਉਤਪਾਦਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਵੇਂ ਕਿ ਸਪੰਜ ਅਤੇ ਬੁਰਸ਼, ਇਨ੍ਹਾਂ ਵਿੱਚ ਸੂਖਮ ਜੀਵਾਂ ਦੇ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸਾਡੀ ਖੋਜ ਮੇਕਅਪ ਉਤਪਾਦਾਂ, ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁਕੀ ਹੈ ਅਤੇ ਵਰਤੇ ਗਏ ਉਪਕਰਣਾਂ ‘ਤੇ ਹੀ ਅਧਾਰਿਤ ਸੀ।”

ਡਾ. ਬੋਤੇਈ ਸੈਲੋ ਨੇ ਸੰਭਾਵੀ ਜੋਖਮਾਂ ਤੋਂ ਬਚਣ ਲਈ ਇਹ ਸੁਝਾਅ ਦਿੱਤੇ ਹਨ:

  • ਮੇਕਅਪ ਲਗਾਉਣ ਤੋਂ ਪਹਿਲਾਂ ਆਪਣੇ ਹੱਥ ਧੋਵੋ।
  • ਦੁਕਾਨਾਂ ਵਿੱਚ ਮੇਕਅਪ ਟੈਸਟਰ ਦੀ ਵਰਤੋਂ ਨਾ ਕਰੋ। ਤੁਹਾਨੂੰ ਨਹੀਂ ਪਤਾ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਪਹਿਲਾਂ ਆਪਣੇ ਹੱਥ ਧੋਤੇ ਸਨ ਜਾਂ ਨਹੀਂ।
  • ਸਪੰਜ ਅਤੇ ਬੁਰਸ਼ ਵਰਗੀਆਂ ਚੀਜ਼ਾਂ ਨੂੰ ਨਿਯਮਿਤ ਤੌਰ ‘ਤੇ ਗਰਮ ਪਾਣੀ ਅਤੇ ਸਾਬਣ ਨਾਲ ਸਾਫ਼ ਕਰੋ, ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਉਣਾ ਯਕੀਨੀ ਬਣਾਓ। ਮਹਿੰਗੇ ਤਰੀਕਿਆਂ ਦੀ ਕੋਈ ਲੋੜ ਨਹੀਂ ਹੈ। ਬੈਕਟੀਰੀਆ ਅਤੇ ਐਰੋਸੋਲ ਦੇ ਸੰਪਰਕ ਵਿੱਚ ਆਉਣ ਤੋਂ ਰੋਕਣ ਲਈ ਉਹਨਾਂ ਨੂੰ ਇੱਕ ਵੱਖਰੇ ਛੋਟੇ ਬੈਗ ਵਿੱਚ ਰੱਖਣ ਤੋਂ ਪਹਿਲਾਂ ਹਵਾ ਵਿੱਚ ਪੂਰੀ ਤਰ੍ਹਾਂ ਸੁੱਕਣ ਦਿਓ।
  • ਮੇਕਅਪ ਨੂੰ ਸਟੋਰ ਕਰਨ ਲਈ ਸਭ ਤੋਂ ਮਾੜੀ ਥਾਂ ਬਾਥਰੂਮ ਹੈ ਕਿਉਂਕਿ ਇਹ ਨਮ ਹੁੰਦਾ ਹੈ ਅਤੇ ਇੱਥੇ ਹਨੇਰਾ ਹੁੰਦਾ ਹੈ।
  • ਤਰਲ ਫਾਊਂਡੇਸ਼ਨ, ਮਸਕਾਰਾ ਅਤੇ ਆਈਲਾਈਨਰ ਨੂੰ ਢੱਕਣ ਲਗਾ ਕੇ ਰੱਖਣਾ ਚਾਹੀਦਾ ਹੈ। ਅਜਿਹਾ ਹਵਾ ਵਿੱਚ ਮੌਜੂਦ ਕੀਟਾਣੂਆਂ ਅਤੇ ਧੂੜ ਦੇ ਕਣਾਂ ਨੂੰ ਚੀਜ਼ਾਂ ‘ਤੇ ਟਿਕਣ ਤੋਂ ਰੋਕਣ ਲਈ ਕੀਤਾ ਜਾਂਦਾ ਹੈ।
  • ਮਿਆਦ ਪੁੱਗਣ ਦੀ ਤਰੀਕ ‘ਤੇ ਧਿਆਨ ਦਿਓ। ਹਰੇਕ ਮੇਕਅਪ ਉਤਪਾਦ ‘ਤੇ ਇੱਕ ਨੋਟ ਚਿਪਕਾ ਦਵੋ ਤਾਂ ਜੋ ਤੁਹਾਨੂੰ ਯਾਦ ਰਹੇ ਕਿ ਤੁਹਾਨੂੰ ਇਸ ਨੂੰ ਕਦੋਂ ਸੁੱਟਣਾ ਹੈ।
  • ਆਪਣੇ ਮੇਕਅਪ ਦੇ ਸਮਾਨ ਨੂੰ ਦੂਜਿਆਂ ਨਾਲ ਸਾਂਝਾ ਨਾ ਕਰੋ।
ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI