Source :- BBC PUNJABI

ਤਸਵੀਰ ਸਰੋਤ, Getty Images
5 ਘੰਟੇ ਪਹਿਲਾਂ
ਤੁਸੀਂ ਅੱਜਕੱਲ੍ਹ ਮੀਡੀਆ ਵਿੱਚ ਇੱਕ ਟਰਮ ਬਾਰੇ ਕਾਫੀ ਸੁਣ ਰਹੇ ਹੋਵੋਗੇ – ਰੈਸੀਪ੍ਰੋਕਲ ਟੈਰਿਫ… ਜੋ ਅਮਰੀਕਾ ਨੇ ਲਗਭਗ ਦੁਨੀਆਂ ਦੇ 100 ਦੇਸ਼ਾਂ ਉੱਤੇ ਲਗਾਇਆ ਹੈ।
ਰੈਸੀਪ੍ਰੋਕਲ ਟੈਰਿਫ ਕੀ ਹੈ ਅਤੇ ਟਰੰਪ ਦੇ ਇਸ ਕਦਮ ਨੂੰ ਵਰਲਡ ਟਰੇਡ ਵਾਰ ਦਾ ਆਗਾਜ਼ ਕਿਉਂ ਦੱਸਿਆ ਜਾ ਰਿਹਾ ਹੈ, ਇਹ ਸਭ ਦੱਸਣ ਤੋਂ ਪਹਿਲਾਂ, ਆਓ ਇਸ ਟਰਮ ਨੂੰ ਸਮਝੀਏ।
ਟੈਰਿਫ ਇੱਕ ਟੈਕਸ ਹੈ ਜੋ ਕਿਸੇ ਹੋਰ ਦੇਸ਼ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ‘ਤੇ ਲਗਾਇਆ ਜਾਂਦਾ ਹੈ। ਸਾਮਾਨ ਦਰਾਮਦ ਕਰਨ ਵਾਲੀ ਕੰਪਨੀ ਇਹ ਰਕਮ ਆਪਣੇ ਦੇਸ਼ ਦੀ ਸਰਕਾਰ ਨੂੰ ਅਦਾ ਕਰਦੀ ਹੈ। ਆਮ ਤੌਰ ‘ਤੇ ਦੇਸ਼ ਆਪਣੇ ਕੁਝ ਖੇਤਰਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਲਈ ਅਜਿਹੇ ਟੈਰਿਫ ਲਗਾਉਂਦੇ ਹਨ।
ਵਪਾਰ ਮਾਹਰ ਵਿਸ਼ਵਜੀਤ ਧਰ ਦੱਸਦੇ ਹਨ, “ਰੈਸੀਪਰੋਕਲ ਟੈਰਿਫ ਦਾ ਮਤਲਬ ਹੈ ਉਹ ਟੈਰਿਫ ਜੋ ਦੋ ਦੇਸ਼ ਆਪਣੇ ਆਪਸੀ ਵਪਾਰ ‘ਤੇ ਲਗਾਉਂਦੇ ਹਨ।”
”ਉਦਾਹਰਣ ਵਜੋਂ, ਅਮਰੀਕਾ ਤੋਂ ਆਏ ਸਮਾਨ ‘ਤੇ ਭਾਰਤ ਜਿੰਨਾ ਟੈਰਿਫ ਲਗਾਉਂਦਾ ਹੈ ਅਤੇ ਭਾਰਤ ਤੋਂ ਗਏ ਸਮਾਨ ‘ਤੇ ਅਮਰੀਕਾ ਜਿੰਨਾ ਟੈਰਿਫ ਲਗਾਉਂਦਾ ਹੈ, ਉਹ ਦੋਵੇਂ ਬਰਾਬਰ ਹੋਣੇ ਚਾਹੀਦੇ ਹਨ।”

ਰੈਸੀਪ੍ਰੋਕਲ ਯਾਨੀ ਵਾਰੀ-ਵਾਰੀ… ਜੋ ਇੱਕ ਧਿਰ ਕਰਦੀ, ਉਹੀ ਦੂਜੀ ਧਿਰ ਵੀ ਕਰਦੀ ਹੈ… ਜਿਵੇਂ ਇੱਕ ਤਰਾਜੂ ਹੈ- ਜਿਨਾਂ ਭਾਰ ਤੁਸੀਂ ਤਰਾਜੂ ਦੇ ਇੱਕ ਪਾਸੇ ਪਾਇਆ, ਉਨਾ ਹੀ ਭਾਰ ਤੁਸੀਂ ਤਰਾਜੂ ਦੇ ਦੂਜੇ ਪਾਸੇ ਪਾਇਆ ਤਾਂ ਇਹ ਹੋ ਗਿਆ ਰੈਸੀਪ੍ਰੋਕਲ।
ਹੁਣ ਜਾਣਦੇ ਹਾਂ ਅਮਰੀਕੀ ਰਾਸ਼ਟਰਪਤੀ ਵੱਲੋਂ ਲਗਾਏ ਗਏ ‘ਡਿਸਕਾਉਂਟਿਡ ਰੈਸੀਪ੍ਰੋਕਲ ਟੈਰਿਫ’ ਬਾਰੇ ਅਤੇ ਇਸ ਐਲਾਨ ਤੋਂ ਬਾਅਦ ਛਿੜੀ ਵਿਸ਼ਵ ਪੱਧਰੀ ਵਪਾਰ ਜੰਗ ਬਾਰੇ।


ਤਸਵੀਰ ਸਰੋਤ, Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਸਣੇ ਕਈ ਦੇਸ਼ਾਂ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ। ਹਾਲਾਂਕਿ ਟਰੰਪ ਨੇ ਇਸ ਟੈਰਿਫ ਨੂੰ ਡਿਸਕਾਊਂਟਿਡ ਰੈਸੀਪ੍ਰੋਕਲ ਟੈਰਿਫ ਦਾ ਨਾਮ ਦਿੱਤਾ ਹੈ।
ਡਿਸਕਾਊਂਟਿਡ ਟੈਰਿਫ ਯਾਨੀ ਅਮਰੀਕਾ ਵੱਲੋਂ ਦੂਜੇ ਦੇਸ਼ਾਂ ਨੂੰ ਲਗਾਇਆ ਜਾ ਰਿਹਾ ਟੈਰਿਫ, ਉਨ੍ਹਾਂ ਵੱਲੋਂ ਅਮਰੀਕਾ ਨੂੰ ਲਗਾਏ ਗਏ ਟੈਰਿਫ ਤੋਂ ਘੱਟ ਹੈ।
ਵ੍ਹਾਈਟ ਹਾਊਸ ਨੇ ਲਗਭਗ 100 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਇਆ ਹੈ।
ਇਨ੍ਹਾਂ ਵਿੱਚ ਕੁਝ ਦੇਸ਼ ਅਜਿਹੇ ਹਨ ਜਿਨ੍ਹਾਂ ਉੱਤੇ ਲਗਾਇਆ ਗਿਆ ਟੈਰਿਫ, ਉਨ੍ਹਾਂ ਵੱਲੋਂ ਅਮਰੀਕਾ ਉੱਤੇ ਲਗਾਏ ਗਏ ਟੈਰਿਫ ਦਾ ਅੱਧਾ ਜਾਂ ਲਗਭਗ ਅੱਧੇ ਦੇ ਬਰਾਬਰ ਹੈ।
ਹਾਲਾਂਕਿ ਕੁਝ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਉੱਤੇ ਓਨਾਂ ਹੀ ਟੈਰਿਫ ਲਗਾਇਆ ਗਿਆ ਹੈ ਜਿੰਨਾ ਟੈਰਿਫ ਉਨ੍ਹਾਂ ਵੱਲੋਂ ਅਮਰੀਕਾ ਉੱਤੇ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਦੇਸ਼ਾਂ ਉੱਤੇ ਸਿਰਫ 10 ਫੀਸਦ ਦਾ ਬੇਸਲਾਈਨ ਟੈਰਿਫ ਹੀ ਲਗਾਇਆ ਗਿਆ ਹੈ।
ਟਰੰਪ ਨੇ ਇਸ ਨੂੰ ਅਮਰੀਕਾ ਦਾ ‘ਲਿਬਰੇਸ਼ਨ ਡੇਅ’ ਆਖਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਦਿਨ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ।


ਟਰੰਪ ਨੇ ਸਭ ਤੋਂ ਜ਼ਿਆਦਾ ਟੈਰਿਫ਼ ਕੰਬੋਡੀਆ ਉੱਤੇ ਲਗਾਇਆ ਹੈ ਅਤੇ ਇਹ ਹੈ 49 ਫ਼ੀਸਦ। ਵੀਅਤਨਾਮ ਉੱਤੇ 46 ਫ਼ੀਸਦ, ਸ੍ਰੀ ਲੰਕਾ ਉੱਤੇ 44 ਫ਼ੀਸਦ, ਬੰਗਲਾਦੇਸ਼ ਉੱਤੇ 37 ਫ਼ੀਸਦ, ਥਾਈਲੈਂਡ ਉੱਤੇ 36 ਫ਼ੀਸਦ ਡਿਸਕਾਊਂਟਿਡ ਰੈਸੀਪ੍ਰੋਕਲ ਟੈਰਿਫ ਲਗਾਇਆ ਹੈ।
ਭਾਰਤ ਦੀ ਗੱਲ ਕਰੀਏ ਤਾਂ ਭਾਰਤ ਉੱਤੇ 26 ਫ਼ੀਸਦ ਟੈਰਿਫ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਚੀਨ ਉੱਤੇ 34 ਫ਼ੀਸਦ, ਪਾਕਿਸਤਾਨ ਉੱਤੇ 29 ਫ਼ੀਸਦ, ਯੂਕੇ ਉੱਤੇ 10 ਫ਼ੀਸਦ, ਜਾਪਾਨ ਉੱਤੇ 24 ਫੀਸਦ ਟੈਰਿਫ ਲਗਾਇਆ ਗਿਆ ਹੈ।
ਹਾਲਾਂਕਿ, ਕੈਨੇਡਾ ਅਤੇ ਮੈਕਸੀਕੋ ਦੋਵਾਂ ਦਾ ਨਾਮ ਇਸ ਨਵੀਂ ਟੈਰਿਫ ਲਿਸਟ ਵਿੱਚ ਸ਼ਾਮਿਲ ਨਹੀਂ ਹੈ।

ਤਸਵੀਰ ਸਰੋਤ, Getty Images
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਅਤੇ ਮੈਕਸੀਕੋ ਨਾਲ ਪਹਿਲਾਂ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰਜ਼ ਦੇ ਹਿਸਾਬ ਨਾਲ ਨਜਿੱਠਣਗੇ। ਪਹਿਲਾਂ ਦੇ ਆਰਡਰਜ਼ ਵਿੱਚ ਕੈਨੇਡਾ ਅਤੇ ਮੈਕਸੀਕੋ ਉੱਤੇ 25 ਫ਼ੀਸਦ ਟੈਰਿਫ ਲਗਾਏ ਸਨ, ਬਾਅਦ ਵਿੱਚ ਜਿਨ੍ਹਾਂ ਵਿੱਚ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਟਰੰਪ ਨੇ ਕਿਹਾ ਹੈ ਕਿ ਯੂਐੱਸ ਸਾਰੇ ਵਿਦੇਸ਼ਾਂ ਵਿੱਚ ਬਣੇ ਆਟੋਮੋਬਾਈਲਾਂ ਉੱਤੇ 25 ਫ਼ੀਸਦ ਟੈਰਿਫ ਲਗਾਇਆ ਜਾਵੇਗਾ।


ਟਰੰਪ ਵੱਲੋਂ ਡਿਸਕਾਊਂਟਿਡ ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਟਰੰਪ ਦੇ ਇਸ ਫੈਸਲੇ ਨੇ ਵਰਲਡ ਟਰੇਡ ਵਾਰ ਦਾ ਆਗਾਜ਼ ਕੀਤਾ ਹੈ।
ਉੱਤਰੀ ਅਮਰੀਕਾ ਦੇ ਪੱਤਰਕਾਰ ਐਂਥਨੀ ਜ਼ੂਰਚਰ ਦੀ ਰਿਪੋਰਟ ਮੁਤਾਬਕ, 1980 ਤੋਂ ਹੀ ਟਰੰਪ ਮੰਨਦੇ ਆਏ ਹਨ ਕਿ ਟੈਰਿਫ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਹੁੰਗਾਰਾ ਮਿਲੇਗਾ।
ਹੁਣ ਜਦੋਂ ਉਹ ਆਪਣੇ ਰਾਸ਼ਟਰਪਤੀ ਅਹੁਦੇ ਦੇ ਦੂਜੇ ਕਾਰਜਕਾਲ ਵਿੱਚ ਸਮਾਨ ਸੋਚ ਦੇ ਆਗੂਆਂ, ਐਡਵਾਈਜ਼ਰਾਂ ਅਤੇ ਅਫ਼ਸਰਾਂ ਨਾਲ ਘਿਰੇ ਹੋਏ ਹਨ, ਟਰੰਪ ਆਪਣਾ ਨਿਊ ਅਮਰੀਕਾ ਦਾ ਵੀਜ਼ਨ ਲਾਗੂ ਕਰਨ ਵਿੱਚ ਸਮਰੱਥ ਹਨ। ਉਹ ਆਪਣੀ ਟਰੇਡ ਪਾਲਿਸੀ ਨੂੰ ਲਾਗੂ ਕਰ ਪਾ ਰਹੇ ਹਨ।
ਪਰ ਉਹ ਮੰਨਦੇ ਹਨ ਕਿ ਟਰੰਪ ਨੇ ਅਜਿਹਾ ਕਰਕੇ ਰਾਸ਼ਟਰਪਤੀ ਦੇ ਤੌਰ ਤੇ ਕਾਫੀ ਵੱਡਾ ਰਿਸਕ ਲਿਆ ਹੈ।
ਦੁਨੀਆਂ ਭਰ ਦੇ ਆਰਥਿਕ ਮਾਹਰ ਮੰਨਦੇ ਹਨ ਕਿ ਟਰੰਪ ਵੱਲੋਂ ਲਗਾਏ ਗਏ ਇਨ੍ਹਾਂ ਭਾਰੀ ਟੈਰਿਫ ਨਾਲ ਕੀਮਤਾਂ ਵਧਣਗੀਆਂ ਅਤੇ ਦੁਨੀਆਂ ਭਰ ਵਿੱਚ ਆਰਥਿਕ ਮੰਦੀ ਦਾ ਦੌਰ ਆ ਸਕਦਾ ਹੈ।
ਇੰਟਰੈਨਸ਼ਨਲ ਮੋਨੇਟਰੀ ਫੰਡਜ਼ ਦੇ ਸਾਬਕਾ ਚੀਫ ਇਕੋਨੋਮਿਸਟ ਕੈਨ ਰੋਜੌਫ ਦੀ ਭਵਿੱਖਬਾਣੀ ਹੈ ਕਿ ਅਮਰੀਕਾ ਦੀ ਆਰਥਿਕਤਾ ਇਸ ਐਲਾਨ ਤੋਂ ਬਾਅਦ ਕਰੀਬ 50 ਫ਼ੀਸਦ ਮੰਦੀ ਵੱਲ ਵੱਧ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਨੇ ਅਜਿਹਾ ਕਰਕੇ ਗਲੋਬਲ ਟਰੇਡਿੰਗ ਸਿਸਟਮ ਉੱਤੇ ਨਿਊਕਲਰ ਬੰਬ ਸੁੱਟਣ ਵਾਲਾ ਕੰਮ ਕੀਤਾ ਹੈ।
ਉਹ ਕਹਿੰਦੇ ਹਨ ਅਜਿਹਾ ਕਰਕੇ ਟਰੰਪ ਨੇ ਉਨ੍ਹਾਂ ਦੇਸ਼ਾਂ ਨਾਲ ਵੀ ਟਰੇਡ ਵਾਰ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਨ੍ਹਾਂ ਨਾਲ ਅਮਰੀਕਾ ਹਮੇਸ਼ਾ ਮਜ਼ਬੂਤ ਸਬੰਧ ਰੱਖਦਾ ਸੀ।

ਤਸਵੀਰ ਸਰੋਤ, Getty Images
ਪਰ ਹਾਂ ਜੇਕਰ ਟਰੰਪ ਇਸ ਫੈਸਲੇ ਨਾਲ ਸਫਲਤਾ ਦੀ ਇਬਾਰਤ ਲਿਖਦੇ ਹਨ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਸ਼ਵ ਭਰ ਦੀ ਆਰਥਿਕਤਾ ਨੂੰ ਨਵਾਂ ਰੂਪ ਦੇਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਜਾਵੇਗਾ।
ਟਰੰਪ ਦਾ ਮੰਨਣਾ ਹੈ ਕਿ ਇਸ ਐਲਾਨ ਤੋਂ ਬਾਅਦ ਅਮਰੀਕਾ ਵਿੱਚ ਮੈਨੂਫੈਕਚਰਿੰਗ ਮੁੜ ਸੁਰਜੀਤ ਹੋਵੇਗੀ, ਮਾਲੀਆ ਦੇ ਨਵੇਂ ਸਰੋਤ ਪੈਦਾ ਹੋਣਗੇ ਅਤੇ ਅਮਰੀਕਾ ਹੋਰ ਆਤਮ ਨਿਰਭਰ ਬਣੇਗਾ।
ਪਰ ਇੱਕ ਗੱਲ ਸਾਫ ਹੈ ਕਿ ਜੋ ਵੀ ਹੋਵੇ, ਇਸ ਨਾਲ ਵਿਸ਼ਵ ਪੱਧਰ ਉੱਤੇ ਵਪਾਰ ਦੇ ਖੇਤਰ ਵਿੱਚ ਇਤਿਹਾਸਕ ਬਦਲਾਅ ਆਉਣਗੇ। ਪਰ ਸਵਾਲ ਇਹ ਹੈ ਕਿ ਇਹ ਟਰੰਪ ਲਈ ਪ੍ਰਾਪਤੀਆਂ ਦੀ ਵਿਰਾਸਤ ਸਾਬਤ ਹੋਵੇਗਾ ਜਾਂ ਮਹਿਜ਼ ਬਦਨਾਮੀ।
ਇਸੇ ਤਰ੍ਹਾਂ ਨਿਊਯੌਰਕ ਤੋਂ ਬੀਬੀਸੀ ਪੱਤਰਕਾਰ ਨੈਟੇਲਾਈ ਸ਼ੈਰਮਾਨ ਦੀ ਰਿਪੋਰਟ ਦੇ ਮੁਤਾਬਕ, ਮਾਹਰ ਮੰਨਦੇ ਹਨ ਕਿ ਇਸ ਟਰੇਡ ਵਾਰ ਨਾਲ ਅਮਰੀਕੀਆਂ ਲਈ ਸਾਮਾਨ ਮਹਿੰਗਾ ਹੋਵੇਗਾ, ਅਮਰੀਕਾ ਦੀ ਆਰਥਿਕਤਾ ਦੀ ਰਫ਼ਤਾਰ ਹੌਲੀ ਹੋ ਜਾਵੇਗੀ ਅਤੇ ਕੁਝ ਦੇਸ਼ ਤਾਂ ਮੰਦੀ ਵੱਲ ਧੱਕੇ ਜਾਣਗੇ।


ਤਸਵੀਰ ਸਰੋਤ, Getty Images
ਹੁਣ ਜ਼ਰਾ ਟਰੰਪ ਦੇ ਤਰਕ ਵੀ ਜਾਣ ਲੈਂਦੇ ਹਾਂ। ਟਰੰਪ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਜ਼ਰੂਰੀ ਸੀ ਕਿਉਂਕਿ ਕੁਝ ਦੇਸ਼ ਭਾਰੀ ਟੈਰਿਫ ਅਤੇ ਹੋਰ ਪਾਬੰਦੀਆਂ ਲਗਾ ਕੇ ਅਮਰੀਕਾ ਦਾ ਫਾਇਦਾ ਚੁੱਕ ਰਹੇ ਸਨ।
ਇਸ ਨੂੰ ਨੈਸ਼ਨਲ ਐਮਰਜੈਂਸੀ ਕਹਿੰਦਿਆਂ ਟਰੰਪ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਰੀਬ ਪਿਛਲੇ 5 ਦਹਾਕਿਆਂ ਤੋਂ “ਦੋਸਤ ਅਤੇ ਦੁਸ਼ਮਣ, ਦੋਹਾਂ ਦੇਸ਼ਾਂ ਵੱਲੋਂ ਅਮਰੀਕਾ ਨੂੰ ਲੁੱਟਿਆ ਗਿਆ।”
ਉਨ੍ਹਾਂ ਕਿਹਾ, “ਇਹ ਸਾਡੀ ਆਰਥਿਕ ਆਜ਼ਾਦੀ ਦਾ ਐਲਾਨ ਹੈ।”
ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਹ ਅਮਰੀਕਾ ਦੇ ਕਾਮਿਆਂ ਨਾਲ ਖੜ੍ਹੇ ਹੋਏ ਹਨ ਅਤੇ ਅਮੇਰੀਕਾ ਫਰਸਟ ਦੇ ਵੀਜ਼ਨ ਨੂੰ ਸਾਰਥਕ ਕਰ ਰਹੇ ਹਨ।
ਅਮੇਰੀਕਾ ਦੇ ਟ੍ਰੈਜ਼ਰ ਸੈਕ੍ਰੇਟਰੀ ਸਕੌਟ ਬੇਸੇਂਟ ਨੇ ਸਾਰੇ ਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਜਵਾਬੀ ਕਾਰਵਾਈ ਬਾਰੇ ਨਾ ਸੋਚਣ।
ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, “ਇਸ ਵੇਲੇ ਹਰ ਦੇਸ਼ ਨੂੰ ਮੇਰੀ ਸਲਾਹ ਹੈ, ਬਦਲਾ ਲੈਣ ਬਾਰੇ ਨਾ ਸੋਚੋ।”
ਉਨ੍ਹਾਂ ਕਿਹਾ, “ਆਰਾਮ ਨਾਲ ਬੈਠੋ, ਧਿਆਨ ਨਾਲ ਸਮਝੋ, ਦੇਖੋ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ। ਕਿਉਂਕਿ ਜੇ ਤੁਸੀਂ ਜਵਾਬੀ ਕਾਰਵਾਈ ਕਰਦੇ ਹੋ, ਤਾਂ ਇਹ ਗੱਲ ਹੋਰ ਵਧੇਗੀ।”


ਤਸਵੀਰ ਸਰੋਤ, Getty Images
ਭਾਰਤ ਕਾਮਰਸ ਅਤੇ ਇੰਡਸਟ੍ਰੀ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਵੇਂ ਘਟਨਾਕ੍ਰਮ ਨਾਲ ਹੋਣ ਵਾਲੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਸਾਰੇ ਪੱਖਾਂ ਤੋਂ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਅਮਰੀਕੀ ਟੈਰਿਫ ਨੂੰ ਗਲ਼ਤ ਦੱਸਿਆ ਅਤੇ ਕਿਹਾ ਕਿ ਇਸ ਨਾਲ ਵਪਾਰ ਜੰਗ ਛਿੜ ਸਕਦੀ ਹੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਇਸ ਟੈਰਿਫ ਦੇ ਐਲਾਨ ਦਾ ਕੋਈ ਤਰਕ ਨਹੀਂ ਹੈ। ਇਹ ਆਸਟ੍ਰੇਲੀਆ ਅਤੇ ਅਮਰੀਕਾ ਦੇ ਵਿਚਾਲੇ ਸਾਂਝੇਦਾਰੀ ਦੇ ਖ਼ਿਲਾਫ਼ ਹੈ। ਇਹ ਕਿਸੇ ਦੋਸਤ ਦਾ ਕੰਮ ਨਹੀਂ ਹੈ।
ਯੂਰੋਪੀ ਸੰਘ ਦੀ ਚੀਫ ਉਰਸੁਲਾ ਵੌਨ ਡੇਰ ਲੇਏਨ ਨੇ ਟਰੰਪ ਦੇ ਇਸ ਫੈਸਲੇ ਨੂੰ ਵਿਸ਼ਵ ਦੀ ਆਰਥਿਕਤਾ ਲਈ ਵੱਡਾ ਝਟਕਾ ਦੱਸਦਿਆ ਕਿਹਾ ਕਿ ਇਹ ਸਾਫ ਹੈ ਕਿ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਵਿਸ਼ਵ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚੇਗਾ, ਅਨਿਸ਼ਤਿਤਾ ਵਧੇਗੀ ਅਤੇ ਲੱਖਾਂ ਲੋਕਾਂ ਨੂੰ ਇਸ ਦਾ ਨੁਕਸਾਨ ਭਰਨਾ ਪਵੇਗਾ।
ਚੀਨ ਦੇ ਖਜ਼ਾਨਾ ਮੰਤਰੀ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਕਤਰਫਾ ਲਗਾਏ ਗਏ ਟੈਰਿਫ ਨੂੰ ਤੁਰੰਤ ਵਾਪਸ ਲੈਣ ਅਤੇ ਆਪਣੇ ਸਾਂਝੇਦਾਰਾਂ ਨਾਲ ਮਿਲ ਕੇ ਵਪਾਰ ਨਾਲ ਜੁੜੇ ਵਿਵਾਦਾਂ ਦਾ ਸਹੀ ਹਲ ਕੱਢਣਗੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, “ਇਸ ਬਾਬਤ ਉਦੇਸ਼ ਅਤੇ ਤਾਕਤ ਨਾਲ ਕੰਮ ਕਰਨਾ ਜ਼ਰੂਰੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI