Source :- BBC PUNJABI
ਤਸਵੀਰ ਸਰੋਤ, Getty Images
ਵ੍ਹਾਈਟ ਹਾਊਸ ਦੇ ਈਸਟ ਵਿੰਗ ਨੂੰ ਢਾਹੁਣ ਤੋਂ ਲੈ ਕੇ ਵਿਦੇਸ਼ੀ ਨੇਤਾਵਾਂ ਨੂੰ ਫੜਨ ਤੱਕ, ਇਸ ਰਾਸ਼ਟਰਪਤੀ ਨੂੰ ‘ਨਾ’ ਸੁਣਨ ਦੀ ਆਦਤ ਨਹੀਂ ਰਹੀ ਹੈ। ਪਰ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਉਨ੍ਹਾਂ ਦੀ ਮੌਜੂਦਾ ਵਪਾਰ ਰਣਨੀਤੀ ਨੂੰ ਪਟੜੀ ਤੋਂ ਉਤਾਰ ਦਿੱਤਾ ਹੈ।
ਇਸ ਫ਼ੈਸਲੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਡੌਨਲਡ ਟਰੰਪ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕਰਕੇ ਰੇਸਿਪਰੋਕਲ (ਪਰਸਪਰ) ਅਤੇ ਦੇਸ਼-ਵਿਸ਼ੇਸ਼ ਟੈਰਿਫ਼ ਨਹੀਂ ਲਗਾ ਸਕਦੇ।
ਪਿਛਲੇ ਸਾਲ ਅਪ੍ਰੈਲ ਵਿੱਚ ਲਿਬਰੇਸ਼ਨ ਡੇਅ ‘ਤੇ ਰੋਜ਼ ਗਾਰਡਨ ਵਿੱਚ ਦਿਖਾਈ ਗਈ ਟੈਰਿਫ਼ ਦੀ ਸੂਚੀ ਅਤੇ ਹਾਲ ਹੀ ਵਿੱਚ ਟਰੰਪ ਵੱਲੋਂ ਗ੍ਰੀਨਲੈਂਡ ‘ਤੇ ਕਬਜ਼ੇ ਦੀ ਉਨ੍ਹਾਂ ਦੀ ਯੋਜਨਾ ਦਾ ਸਮਰਥਨ ਨਾ ਕਰਨ ਵਾਲੇ ਯੂਰਪੀ ਦੇਸ਼ਾਂ ਨੂੰ ਟੈਰਿਫ਼ ਦੀ ਧਮਕੀ, ਇਨ੍ਹਾਂ ਦੋਵਾਂ ਨੇ ਵਿਸ਼ਵ ਵਪਾਰ ਪ੍ਰਣਾਲੀ ਨੂੰ ਉਲਟ-ਪੁਲਟ ਕਰ ਦਿੱਤਾ।
ਇਸ ਨਾਲ ਵਿਕਾਸ ਨੂੰ ਭਾਰੀ ਝਟਕਾ ਲੱਗਣ ਦਾ ਖ਼ਤਰਾ ਪੈਦਾ ਹੋ ਗਿਆ।
ਪਰ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਟਰੰਪ ਤੋਂ ਪਹਿਲਾਂ ਦੇ ਦੌਰ ਵਿੱਚ ਵਾਪਸ ਜਾ ਰਹੇ ਹਾਂ, ਜਦੋਂ ਸਭ ਕੁਝ ਸਧਾਰਣ ਸੀ, ਤਾਂ ਰੁਕੋ ਅਤੇ ਫਿਰ ਸੋਚੋ।
ਪਹਿਲੀ ਗੱਲ ਇਹ ਹੈ ਕਿ ਇਹ ਫ਼ੈਸਲਾ ਕੇਵਲ ਉਨ੍ਹਾਂ ਵਾਧੂ ਟੈਰਿਫ਼ਾਂ ਨੂੰ ਆਸਾਧਾਰਣ ਕਰਦਾ ਹੈ ਜੋ ਟਰੰਪ ਨੇ ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਲਗਾਏ ਸਨ। ਲਿਬਰੇਸ਼ਨ ਡੇਅ ਤੋਂ ਬਾਅਦ ਹੋਈ ਸਖ਼ਤ ਸੌਦੇਬਾਜ਼ੀ ਤੋਂ ਬਾਅਦ ਅਮਰੀਕਾ ਵਿੱਚ ਸਮਾਨ ਵੇਚਣ ਵਾਲੇ ਦੇਸ਼ਾਂ ਲਈ ਔਸਤ ਟੈਰਿਫ਼ ਦਰ ਲਗਭਗ 15 ਫੀਸਦੀ ‘ਤੇ ਆ ਟਿਕੀ ਸੀ।
ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸਿਧਾਂਤਕ ਤੌਰ ‘ਤੇ ਇਸ ਦਰ ਨੂੰ ਅੱਧ ਤੋਂ ਵੀ ਘੱਟ ਕਰ ਦਿੱਤਾ ਹੈ। ਪਰ ਇਹ ਹੁਣ ਵੀ 6 ਫੀਸਦੀ ਤੋਂ ਉੱਪਰ ਹੈ, ਜੋ 2025 ਦੀ ਸ਼ੁਰੂਆਤ ਵਿੱਚ ਆਮ ਦਰ ਨਾਲੋਂ ਲਗਭਗ ਤਿੰਨ ਗੁਣਾ ਹੈ, ਕਿਉਂਕਿ ਵੱਖ-ਵੱਖ ਤਰੀਕਿਆਂ ਨਾਲ ਲਗਾਏ ਗਏ ਟੈਰਿਫ਼ ਅਜੇ ਵੀ ਲਾਗੂ ਹਨ।
ਦੂਜੀ ਗੱਲ, ਆਯਾਤ ਕਰਨ ਵਾਲਿਆਂ ਨੂੰ ਮੌਜੂਦਾ ਟੈਰਿਫ਼ ਪੱਧਰਾਂ ਦੇ ਮੁਕਾਬਲੇ ਬਹੁਤ ਵੱਡਾ ਬਦਲਾਅ ਨਹੀਂ ਦਿਖੇਗਾ।
ਧਿਆਨ ਰੱਖੋ ਕਿ 1977 ਦੇ ਇੰਟਰਨੈਸ਼ਨਲ ਐਮਰਜੈਂਸੀ ਇਕੋਨਾਮਿਕ ਪਾਵਰਜ਼ ਐਕਟ (ਆਈਈਈਪੀਏ) ਤਹਿਤ ਲਗਾਏ ਗਏ ਟੈਰਿਫ਼ਾਂ ਦਾ ਕੀ ਹੋਇਆ ਸੀ। ਪਿਛਲੇ ਸਾਲ ਜੋ ਰਕਮ ਵਸੂਲ ਕੀਤੀ ਗਈ ਸੀ, ਉਸ ਨੂੰ ਵੇਖੀਏ ਤਾਂ ਉਹ ਔਸਤਨ ਲਗਭਗ 11 ਫੀਸਦੀ ਟੈਰਿਫ਼ ਦੇ ਬਰਾਬਰ ਬੈਠਦੀ ਹੈ।
ਟੈਰਿਫ਼ ਦਾ ਅਸਰ ਹਲਕਾ ਰਿਹਾ
ਤਸਵੀਰ ਸਰੋਤ, Heather Diehl/Getty Images
ਇੰਪੋਰਟਰ ਤੇਜ਼ੀ ਨਾਲ ਆਪਣੀ ਸਪਲਾਈ ਚੇਨ ਉਨ੍ਹਾਂ ਦੇਸ਼ਾਂ ਤੋਂ ਹਟਾ ਰਹੇ ਹਨ ਜਿਨ੍ਹਾਂ ‘ਤੇ ਸਭ ਤੋਂ ਉੱਚੇ ਟੈਰਿਫ਼ ਲੱਗੇ ਹਨ।
ਚੀਨ ਤੋਂ ਕੱਪੜਿਆਂ ਅਤੇ ਖਿਡੌਣਿਆਂ ਵਰਗੀਆਂ ਵਸਤੂਆਂ ਦੀ ਵਿਕਰੀ ‘ਤੇ ਇਸ ਦਾ ਅਸਰ ਪਿਆ ਹੈ। ਜਾਂ ਤਾਂ ਅਯਾਤ ਕਰਨ ਵਾਲਿਆਂ ਨੇ ਕੁਝ ਵਾਧੂ ਲਾਗਤ ਖ਼ੁਦ ਝੱਲੀ ਹੈ ਜਾਂ ਸਪਲਾਈ ਚੇਨ ਵਿੱਚ ਵੰਡ ਦਿੱਤੀ ਹੈ, ਜਿਸ ਨਾਲ ਅਮਰੀਕਾ ਵਿੱਚ ਮਹਿੰਗਾਈ ‘ਤੇ ਅਸਰ ਸੀਮਤ ਰਿਹਾ ਹੈ।
ਇਹ ਅਤੇ ਨਾਲ ਹੀ ਰੇਵਨਿਊ ਕਾਇਮ ਰੱਖਣ ਦੀ ਇੱਛਾ (ਪਿਛਲੇ ਸਾਲ ਟੈਰਿਫ਼ ਤੋਂ ਆਮਦਨ 240 ਅਰਬ ਡਾਲਰ ਤੱਕ ਪਹੁੰਚ ਗਈ ਸੀ, ਹਾਲਾਂਕਿ ਹੁਣ ਇਹ ਸਥਿਰ ਹੁੰਦੀ ਦਿਖ ਰਹੀ ਹੈ) ਸ਼ਾਇਦ ਟਰੰਪ ਨੂੰ ਪਲਟਵਾਰ ਕਰਨ ਦੀ ਤਾਕਤ ਦਿੰਦੀ ਹੈ।
ਫ਼ੈਸਲੇ ਤੋਂ ਪਹਿਲਾਂ ਰਾਸ਼ਟਰਪਤੀ ਨੇ ਕਿਹਾ ਸੀ, “ਅਸੀਂ ਕੋਈ ਨਾ ਕੋਈ ਰਸਤਾ ਕੱਢ ਲਵਾਂਗੇ।”
ਕਈ ਕਾਨੂੰਨੀ ਤਰੀਕੇ ਹਨ ਜਿਨ੍ਹਾਂ ਨੂੰ ਟਰੰਪ ਆਈਈਈਪੀਏ ਟੈਰਿਫ਼ਾਂ ਦੇ ਮਾਮਲੇ ਨੂੰ ਦੁਹਰਾਉਣ ਲਈ ਅਜ਼ਮਾ ਸਕਦੇ ਹਨ। ਪਰ ਇਹ ਕਾਫੀ ਜ਼ਿਆਦਾ ਜਟਿਲ ਅਤੇ ਲੰਬੇ ਕਾਨੂੰਨੀ ਰਸਤੇ ਹਨ।
ਇਸ ਨਾਲ ਦਰ ਕਰਨ ਵਾਲਿਆਂ ਲਈ ਇਹ ਸੰਭਾਵਨਾ ਖੁਲਦੀ ਹੈ ਕਿ ਉਹ ਜਲਦੀ-ਜਲਦੀ ਸਮਾਨ ਮੰਗਵਾ ਲੈਣ, ਪਰ ਨਾਲ ਹੀ ਖ਼ਤਰਾ ਵੀ ਹੈ, ਕਿਉਂਕਿ ਇਹ ਤੈਅ ਨਹੀਂ ਕਿ ਟਰੰਪ ਵੱਖ-ਵੱਖ ਦੇਸ਼ਾਂ ਅਤੇ ਉਤਪਾਦਾਂ ‘ਤੇ ਲਗਾਏ ਟੈਰਿਫ਼ਾਂ ਨੂੰ ਕਿਸ ਹੱਦ ਤੱਕ ਬਦਲ ਸਕਦੇ ਹਨ।
ਹਾਲ ਦੇ ਦਿਨਾਂ ਵਿੱਚ ਰਾਸ਼ਟਰਪਤੀ ਦੇ ਸੁਰ ਕੁਝ ਨਰਮ ਵੀ ਹੋਏ ਹਨ, ਖ਼ਾਸਕਰ ਰਹਿਣ-ਸਹਿਣ ਦੀ ਲਾਗਤ ‘ਤੇ ਅਸਰ ਨੂੰ ਦੇਖਦਿਆਂ।
ਉਦਾਹਰਣ ਲਈ, ਫਰਨੀਚਰ ‘ਤੇ ਉੱਚੇ ਟੈਰਿਫ਼ ਲਗਾਉਣ ਦੀਆਂ ਯੋਜਨਾਵਾਂ ਪਹਿਲਾਂ ਹੀ ਟਾਲ ਦਿੱਤੀਆਂ ਗਈਆਂ ਹਨ, ਜਦਕਿ ਕੁਝ ਦਰਾਮਦ ਕੀਤੇ ਗਏ ਖਾਦ ਪਦਾਰਥਾਂ ‘ਤੇ ਲਗਾਈਆਂ ਫੀਸਾਂ ‘ਤੇ ਮੁੜ ਵਿਚਾਰ ਕੀਤਾ ਗਿਆ ਹੈ।
ਅਮਰੀਕੀ ਪਰਿਵਾਰਾਂ ਦੇ ਖਰੀਦ ਬਿੱਲਾਂ ‘ਤੇ ਹੋਰ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ, ਖ਼ਾਸਕਰ ਉਦੋਂ, ਜਦੋਂ ਰੇਵਨਿਊ ਵਿੱਚ ਹੋਰ ਘਟਣ ਕਾਰਨ ‘ਟੈਰਿਫ਼ ਡਿਵਿਡੈਂਡ ਚੈਕ’ ਦੇਣ ਦੀ ਸੰਭਾਵਨਾ ਘੱਟ ਹੋ ਜਾਵੇ।
ਪਰ ਇਹ ਸੰਭਾਵਨਾ ਅਮਰੀਕੀ ਇੰਪੋਰਟਰਾਂ ਲਈ ਨਵੀਆਂ ਅਨਿਸ਼ਚਿਤਤਾਵਾਂ ਨਾਲ ਭਰੀਆ ਹੋਣਗੀਆਂ, ਖ਼ਾਸਕਰ ਛੋਟੇ ਦਰਾਮਦ ਕਰਨ ਵਾਲਿਆਂ ਲਈ, ਜਿਨ੍ਹਾਂ ਦੀ ਸਪਲਾਈ ਚੇਨ ਅਤੇ ਖਰੀਦ ਸਮਰੱਥਾ ਮਜ਼ਬੂਤ ਨਹੀਂ ਹੈ ਅਤੇ ਦੁਨੀਆ ਭਰ ਵਿੱਚ ਐਕਸਪੋਰਟ ਨਾਲ ਜੁੜੇ ਕਾਰੋਬਾਰਾਂ ਲਈ ਵੀ।
ਵਪਾਰਕ ਸਾਥੀਆਂ ਨੂੰ ਨੇੜੇ ਧੱਕਣਾ
ਤਸਵੀਰ ਸਰੋਤ, SAUL LOEB / AFP via Getty Images
ਤਾਂ ਅਮਰੀਕਾ ਦੇ ਵਪਾਰਕ ਭਾਈਵਾਲਾਂ ਦਾ ਕੀ?
ਪਿਛਲੇ ਸਾਲ ਜਦੋਂ ਅਮਰੀਕੀ ਇੰਪੋਰਟਰ ਸਪਲਾਇਰ ਬਦਲਣ ਲਈ ਦੌੜੇ, ਤਾਂ ਚੀਨ ‘ਤੇ ਉੱਚੇ ਟੈਰਿਫ਼ ਹੋਣ ਕਾਰਨ ਥਾਈਲੈਂਡ ਅਤੇ ਵੀਅਤਨਾਮ ਵਰਗੇ ਏਸ਼ੀਆਈ ਉਤਪਾਦਕਾਂ ਨੂੰ ਫ਼ਾਇਦਾ ਹੋਇਆ।
ਪਰ ਚੀਨ ਫਿਰ ਵੀ ਫਲਦਾ-ਫੁੱਲਦਾ ਰਿਹਾ ਕਿਉਂਕਿ ਏਆਈ ਬੂਮ ਦੇ ਦਰਮਿਆਨ ਅਮਰੀਕਾ ਵਿੱਚ ਆਈਟੀ ਹਾਰਡਵੇਅਰ ਐਕਸਪੋਰਟ ਵਿੱਚ ਉਛਾਲ ਆਇਆ ਸੀ।
ਚੀਨ ਨੇ ਅਫ਼ਰੀਕਾ ਦੇ ਉਭਰਦੇ ਬਾਜ਼ਾਰਾਂ ‘ਤੇ ਹੋਰ ਧਿਆਨ ਕੇਂਦਰਿਤ ਕੀਤਾ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਉਸ ਨੂੰ ਲੁਭਾਇਆ। ਟਰੰਪ ਵੱਲੋਂ ਪੈਦਾ ਕੀਤੀ ਵਪਾਰਕ ਹਲਚਲ ਕਈ ਦੇਸ਼ਾਂ ਲਈ ਫ਼ਾਇਦੇਮੰਦ ਸਾਬਤ ਹੋਈ, ਜਿਸ ਨੇ ਉਨ੍ਹਾਂ ਨੂੰ ਨਵੇਂ ਵਪਾਰਕ ਰਿਸ਼ਤੇ ਬਣਾਉਣ ਅਤੇ ਮਜ਼ਬੂਤ ਕਰਨ ਵੱਲ ਧੱਕਿਆ।
ਅਸਲ ਵਿੱਚ, ਪਿਛਲੇ ਸਾਲ ਵਿਸ਼ਵ ਵਪਾਰ ਨੇ ਸ਼ਾਇਦ ਵਿਸ਼ਵ ਆਰਥਿਕ ਵਿਕਾਸ ਨੂੰ ਪਿੱਛੇ ਛੱਡ ਦਿੱਤਾ। ਪਰ ਇਹ ਸਵਾਲ ਤਾਂ ਉੱਠਦਾ ਹੀ ਹੈ ਕਿ ਨਵੀਆਂ ਅਨਿਸ਼ਚਿਤਤਾਵਾਂ ਵਿਚਾਲੇ, ਕੀ ਇਸ ਸਾਲ ਇਸ ਨੂੰ ਦੁਹਰਾਇਆ ਜਾ ਸਕੇਗਾ।
ਅਮਰੀਕਾ ਵਾਰ-ਵਾਰ ਇਹ ਦਰਸਾ ਰਿਹਾ ਹੈ ਕਿ ਉਹ ਇਕ ਅਸਥਿਰ ਸਾਥੀ ਹੈ, ਵਪਾਰ ਦੀਆਂ ਸ਼ਰਤਾਂ ਭਾਵੇਂ ਜੋ ਵੀ ਹੋਣ। ਇਹ ਯੂਰਪੀ ਸੰਘ ਅਤੇ ਬ੍ਰਿਟੇਨ ਵਰਗੇ ਅਮਰੀਕਾ ਦੇ ਪਹਿਲਾਂ ਦੇ ਕਰੀਬੀ ਸਾਥੀਆਂ ਨੂੰ ਹੋਰ ਦੂਰ ਧੱਕ ਸਕਦਾ ਹੈ ਅਤੇ ਇੱਕ-ਦੂਜੇ ਦੇ ਨੇੜੇ ਕਰ ਸਕਦਾ ਹੈ।
ਅਤੇ ਅਨਿਸ਼ਚਿਤਤਾਵਾਂ ਅਜੇ ਵੀ ਹੋਰ ਵੀ ਹਨ, ਜਿਵੇਂ ਕਿ ਜਪਾਨ ਵਰਗੇ ਦੇਸ਼ਾਂ ਨਾਲ ਹੋਏ ਉਨ੍ਹਾਂ ਸਮਝੌਤਿਆਂ ਦਾ ਕੀ ਹੋਵੇਗਾ, ਜਿਨ੍ਹਾਂ ਵਿੱਚ ਅਮਰੀਕਾ ਵਿੱਚ ਵੱਧ ਨਿਵੇਸ਼ ਦੇ ਬਦਲੇ ਉਸ ਨੂੰ ਸਭ ਤੋਂ ਖ਼ਰਾਬ ਆਈਈਈਪੀਏ ਟੈਰਿਫ਼ਾਂ ਤੋਂ ਰਾਹਤ ਮਿਲੀ ਸੀ।
ਬੇਸ਼ੱਕ ਵਿੱਤੀ ਬਾਜ਼ਾਰਾਂ ਨੂੰ ਵੀ ਅਨਿਸ਼ਚਿਤਤਾ ਦੇ ਇਸ ਨਵੇਂ ਦੌਰ ਨਾਲ ਜੂਝਣਾ ਪਵੇਗਾ।
ਤਾਂ ਭਾਵੇਂ ਰਾਸ਼ਟਰਪਤੀ ਟਰੰਪ ਦਾ ਇੱਕ ਤਾਕਤਵਰ ਹਥਿਆਰ ਖੋਹ ਲਿਆ ਗਿਆ ਹੋਵੇ, ਪਰ ਉਨ੍ਹਾਂ ਦੇ ਚੁੱਕੇ ਕਦਮਾਂ ਦੇ ਅਸਰ ਕਾਇਮ ਹਨ।
ਪਿਛਲਾ ਸਾਲ ਅਜਿਹੇ ਰਾਸ਼ਟਰਪਤੀ ਦੇ ਨਾਮ ਰਿਹਾ ਜੋ ਅਨਿਸ਼ਚਿਤਤਾ ਨੂੰ ਹਥਿਆਰ ਬਣਾ ਕੇ ਗੱਲਬਾਤ ਵਿੱਚ ਮੋਹਰੀ ਹੋਣ ਦਾ ਆਦੀ ਹੈ। ਪਰ ਇਹ ਵੀ ਓਨਾਂ ਹੀ ਸੱਚ ਹੈ ਕਿ ਦੁਨੀਆ ਹੁਣ ਇਸ ਲਹਿਰ ‘ਤੇ ਸਵਾਰ ਹੋਣਾ ਅਤੇ ਇਸ ਦਾ ਫ਼ਾਇਦਾ ਚੁੱਕਣਾ ਸਿੱਖ ਚੁੱਕੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



