Home ਰਾਸ਼ਟਰੀ ਖ਼ਬਰਾਂ ‘ਡੀਐੱਮਈ’ ਕੀ ਹੈ, ਜਿਸ ਨੂੰ ਐੱਲਪੀਜੀ ਨਾਲ ਮਿਲਾ ਕੇ ਬਾਲਣ ਵਜੋਂ ਵਰਤਿਆ...

‘ਡੀਐੱਮਈ’ ਕੀ ਹੈ, ਜਿਸ ਨੂੰ ਐੱਲਪੀਜੀ ਨਾਲ ਮਿਲਾ ਕੇ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ, ਕਿੱਥੇ ਤੱਕ ਪਹੁੰਚੀ ਖੋਜ

7
0

Source :- BBC PUNJABI

ਡੀਐੱਮਈ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਐੱਲਪੀਜੀ ਦੀ ਉਪਲਬਧਤਾ ‘ਤੇ ਜੰਗ ਦਾ ਅਸਰ ਭਾਰਤ ਤੱਕ ਵੀ ਪਹੁੰਚਿਆ।

ਕਈ ਥਾਵਾਂ ‘ਤੇ ਮੈੱਸ ਸਹੂਲਤਾਂ ਬੰਦ ਹੋ ਗਈਆਂ, ਰੈਸਟੋਰੈਂਟਾਂ ਦੇ ਮੈਨਿਊ ਬਦਲ ਗਏ ਅਤੇ ਚਾਹ-ਕਾਫੀ ਮਿਲਣੀ ਮੁਸ਼ਕਲ ਹੋ ਗਈ। ਇਸ ਦਾ ਮੁੱਖ ਕਾਰਨ ਭਾਰਤ ਦੀ ਐੱਲਪੀਜੀ ‘ਤੇ ਨਿਰਭਰਤਾ ਸੀ।

ਪੁਣੇ ਸਥਿਤ ਰਾਸ਼ਟਰੀ ਰਸਾਇਣ ਪ੍ਰਯੋਗਸ਼ਾਲਾ ਦੇ ਵਿਗਿਆਨੀਆਂ ਨੇ ਇੱਕ ਅਜਿਹੀ ਤਕਨੀਕ ‘ਤੇ ਕੰਮ ਕੀਤਾ ਹੈ ਜੋ ਭਾਰਤ ਦੀ ਇਸ ਨਿਰਭਰਤਾ ਨੂੰ ਕੁਝ ਹੱਦ ਤੱਕ ਘਟਾ ਸਕਦੀ ਹੈ ਅਤੇ ਤੇਲ ਆਯਾਤ ਨੂੰ ਘੱਟ ਕਰਨ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ।

ਪੁਣੇ ਦੀ ਰਾਸ਼ਟਰੀ ਰਸਾਇਣ ਪ੍ਰਯੋਗਸ਼ਾਲਾ (ਐੱਨਸੀਐੱਲ) ਦੇ ਵਿਗਿਆਨੀਆਂ ਨੇ ‘ਡਾਈਮਿਥਾਈਲ ਈਥਰ (ਡੀਐੱਮਈ)’ ਤਿਆਰ ਕਰਨ ਲਈ ਇੱਕ ਪੂਰਨ ਤੌਰ ‘ਤੇ ਸਵਦੇਸ਼ੀ ਤਕਨੀਕ ਵਿਕਸਿਤ ਕੀਤੀ ਹੈ। ਡੀਐੱਮਈ ਨੂੰ ਕੁਝ ਹੱਦ ਤੱਕ ਐਲਪੀਜੀ ਨਾਲ ਮਿਲਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ‘ਚ ਭਾਰਤ ‘ਚ 8 ਫੀਸਦ ਡੀਐੱਮਈ ਨੂੰ ਐੱਲਪੀਜੀ ਨਾਲ ਮਿਲਾਇਆ ਜਾ ਸਕਦਾ ਹੈ ਅਤੇ ਇਸ ਨੂੰ ਬਾਲਣ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਖੋਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਖੋਜ ਨੂੰ ਸਨਅੱਤੀ ਪੱਧਰ ‘ਤੇ ਵਧਾਇਆ ਜਾ ਸਕੇ ਤਾਂ ਭਾਰਤ ਦੇ ਤੇਲ ਆਯਾਤ ਨੂੰ ਘਟਾਇਆ ਜਾ ਸਕਦਾ ਹੈ ਜਿਸ ਨਾਲ ਵਿਦੇਸ਼ੀ ਮੁਦਰਾ ਦੀ ਕਾਫੀ ਹੱਦ ਤੱਕ ਬਚਤ ਹੋ ਸਕਦੀ ਹੈ।

ਜਾਪਾਨ ਸਥਿਤ ਡਾਈਮਿਥਾਇਲ ਈਥਰ ਪਲਾਂਟ ਦੀ ਤਸਵੀਰ

ਤਸਵੀਰ ਸਰੋਤ, Getty Images

ਡਾਈਮਿਥਾਈਲ ਈਥਰ ਦੇ ਉਤਪਾਦਨ ਲਈ ਪੂਰਨ ਸਵਦੇਸ਼ੀ ਢੰਗ ਨੂੰ ਵਿਕਸਿਤ ਕਰਨ ਲਈ 20 ਸਾਲਾਂ ਤੋਂ ਰਿਸਰਚ ਕੀਤੀ ਜਾ ਰਹੀ ਸੀ। ਵਿਗਿਆਨੀਆਂ ਵੱਲੋਂ ਡਾਈਮਿਥਾਈਲ ਈਥਰ ਨੂੰ ਐੱਲਪੀਜੀ ਨਾਲ ਮਿਲਾਉਣ ਦੀ ਪ੍ਰਕਿਰਿਆ ਨੂੰ ਵੀ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਇਸਦਾ ਪ੍ਰੈਕਟੀਕਲ ਤੌਰ ‘ਤੇ ਇਸਤੇਮਾਲ ਕੀਤਾ ਜਾ ਸਕੇ।

ਵਿਗਿਆਨੀਆਂ ਮੁਤਾਬਕ ਇਸ ਤਕਨੀਕ ਨੂੰ ਪੂਰਨ ਤੌਰ ‘ਤੇ ਭਾਰਤ ‘ਚ ਤਿਆਰ ਪ੍ਰਕਿਰਿਆ, ਕੱਚੇ ਮਾਲ ਅਤੇ ਸਿਸਟਮ ਜ਼ਰੀਏ ਇਸਤੇਮਾਲ ਕੀਤਾ ਜਾ ਸਕਦਾ ਹੈ।

ਹਾਲਾਂਕਿ ਇਹ ਤਕਨੀਕ ਹੋਰਨਾਂ ਮੁਲਕਾਂ ‘ਚ ਵੀ ਮੌਜੂਦ ਹੈ ਪਰ ਭਾਰਤ ‘ਚ ਇਹ ਪਹਿਲਾਂ ਮੌਜੂਦ ਨਹੀਂ ਸੀ। ਵਿਗਿਆਨੀਆਂ ਨੇ ਇਸ ਤਕਨੀਕ ਨੂੰ ਪੂਰਨ ਤੌਰ ‘ਤੇ ਸਵਦੇਸ਼ੀ ਪ੍ਰਕਿਰਿਆ ਅਤੇ ਕੱਚੇ ਮਾਲ ਦਾ ਇਸਤੇਮਾਲ ਕਰ ਵਿਕਸਿਤ ਕੀਤਾ ਹੈ ਅਤੇ ਇਸ ਦਾ ਪੇਟੈਂਟ ਵੀ ਹਾਸਲ ਕੀਤਾ ਹੈ।

ਇਹ ਜਾਣਕਾਰੀ ਪੁਣੇ ਸਥਿਤ ਰਾਸ਼ਟਰੀ ਰਸਾਇਣ ਪ੍ਰਯੋਗਸ਼ਾਲਾ ਦੇ ਮੁੱਖ ਵਿਗਿਆਨੀ ਡਾ. ਤਿਰੁਮਲੈਸਵਾਮੀ ਰਾਜਾ ਵੱਲੋਂ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਗਈ।

ਡਾ. ਰਾਜਾ ਨੇ ਇਹ ਵੀ ਦੱਸਿਆ ਕਿ ਵਿਗਿਆਨੀ ਹੁਣ ਇਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਤਕਨੀਕ ਨੂੰ ਸਨਅਤੀ ਪੱਧਰ ‘ਤੇ ਕਿਵੇਂ ਵੱਡਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਅੱਗੇ ਇਹ ਅਧਿਐਨ ਕੀਤਾ ਜਾ ਰਿਹਾ ਹੈ ਕਿ ਕੀ ਇਸ ਤਕਨੀਕ ਨੂੰ ਐੱਲਪੀਜੀ ਦੇ ਪੂਰਨ ਬਦਲ ਵੱਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਡੀਐੱਮਈ ਕਿਹੋ ਜਿਹਾ ਬਾਲਣ ਹੈ ?

ਡਾਈਮਿਥਾਈਲ ਈਥਰ ਜਾਂ ਡੀਐੱਮਈ ਇੱਕ ਸਿੰਥੈਟਿਕ ਬਾਲਣ ਹੈ। ਇਹ ਬਾਲਣ ਇੱਕ ਰਸਾਇਣਕ ਪ੍ਰਕਿਰਿਆ ਰਾਹੀਂ ਤਿਆਰ ਕੀਤਾ ਜਾਂਦਾ ਹੈ।

ਪਿਛਲੇ 20 ਸਾਲਾਂ ਤੋਂ ਐੱਨਸੀਐੱਲ ਦੇ ਵਿਗਿਆਨੀ ਡਾਇਰੈਕਟਰ ਡਾ. ਆਸ਼ੀਸ਼ ਲੇਲੇ ਅਤੇ ਡਾ. ਤਿਰੁਮਲੈਸਵਾਮੀ ਰਾਜਾ ਇਸ ‘ਤੇ ਖੋਜ ਕਰ ਰਹੇ ਹਨ।

ਇਸ ਬਾਰੇ ਗੱਲ ਕਰਦੇ ਹੋਏ ਡਾ. ਤਿਰੁਮਲੈਸਵਾਮੀ ਰਾਜਾ ਨੇ ਕਿਹਾ, “ਅਸੀਂ ਸਿੱਧਾ ਡੀਐੱਮਈ ਅਤੇ ਅਸਿੱਧੇ ਦੋਵੇਂ ਤਰ੍ਹਾਂ ਦੇ ਡੀਐੱਮਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਲਈ ਉਤਪ੍ਰੇਰਕ (ਰਸਾਇਣ ਪ੍ਰਕਿਰਿਆ ਨੂੰ ਤੀਬਰ ਕਰਨ ਵਾਲਾ ਪਦਾਰਥ) ਮਹੱਤਵਪੂਰਨ ਸੀ।”

“ਇਹ ਉਤਪ੍ਰੇਰਕ ਭਾਰਤ ਵਿੱਚ ਉਪਲਬਧ ਸਮੱਗਰੀ ਦੇ ਆਧਾਰ ‘ਤੇ ਬਣਾਇਆ ਗਿਆ ਸੀ। ਚਾਰ ਵੱਖ-ਵੱਖ ਕਿਸਮ ਦੇ ਉਤਪ੍ਰੇਰਕ ਬਣਾਏ ਗਏ ਅਤੇ ਆਖਿਰਕਾਰ ਇਹ ਉਤਪ੍ਰੇਰਕ ਤਿਆਰ ਕੀਤਾ ਗਿਆ।”

ਉੱਧਰ ਡਾ. ਆਸ਼ੀਸ਼ ਲੇਲੇ ਕਹਿੰਦੇ ਹਨ, “ਸਾਡੀ ਕੋਸ਼ਿਸ ਇੱਕ ਅਜਿਹਾ ਉਤਪ੍ਰੇਰਕ ਬਣਾਉਣਾ ਸੀ ਜੋ 100 ਫੀਸਦੀ ਡੀਐੱਮਈ ਦੇ ਉਤਪਾਦਨ ਵਿੱਚ ਸਹਾਇਕ ਹੋਵੇ। ਇਸ ਲਈ ਲੋੜੀਂਦੇ ਸਾਰੇ ਘਟਕ ਭਾਰਤ ਵਿੱਚ ਉਪਲਬਧ ਹਨ। ਕਿਸੇ ਵੀ ਚੀਜ਼ ਨੂੰ ਆਯਾਤ ਕਰਨ ਦੀ ਲੋੜ ਨਹੀਂ ਹੈ। ਇਹ ਉਤਪ੍ਰੇਰਕ ਲਗਭਗ 10 ਵਾਰ ਦੇ ਦਬਾਅ ਨੂੰ ਸਹਿਣ ਦੇ ਯੋਗ ਹੈ। ਇਹ ਕਾਫ਼ੀ ਮਜ਼ਬੂਤ ਹੈ।”

ਪ੍ਰਕਿਰਿਆ ਕੀ ਹੈ

ਡਾ. ਲੇਲੇ ਦੇ ਅਨੁਸਾਰ, ਰਸਾਇਣਕ ਪ੍ਰਕਿਰਿਆ ਨੂੰ ਸਮਝਣਾ ਬਹੁਤ ਆਸਾਨ ਹੈ। ਇਸ ਪ੍ਰਕਿਰਿਆ ਵਿੱਚ ਮੈਥਨੋਲ ਦੇ ਦੋ ਅਣੂਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਵਿੱਚੋਂ ਪਾਣੀ ਦਾ ਇੱਕ ਅਣੂ ਵੱਖ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜੋ ਬਚਦਾ ਹੈ, ਉਹ ਡਾਈਮਿਥਾਈਲ ਈਥਰ ਜਾਂ ਡੀਐੱਮਈ ਹੁੰਦਾ ਹੈ।

ਪਰ ਇਹ ਪ੍ਰਕਿਰਿਆ ਬਹੁਤ ਜਟਿਲ ਹੈ।

ਡਾ. ਲੇਲੇ ਕਹਿੰਦੇ ਹਨ, “ਇਸ ਲਈ ਪਹਿਲਾਂ ਮੈਥਨੋਲ ਅਤੇ ਉਤਪ੍ਰੇਰਕ ਨੂੰ ਮਿਲਾਇਆ ਗਿਆ ਅਤੇ ਫਿਰ ਇੱਕ ਪ੍ਰਕਿਰਿਆ ਅਪਣਾਈ ਗਈ ਜਿਸ ਨਾਲ ਡੀਐੱਮਈ ਦਾ ਉਤਪਾਦਨ ਹੋਇਆ। ਸਵਾਲ ਇਹ ਸੀ ਕਿ ਜੋ ਪ੍ਰਕਿਰਿਆ ਪਹਿਲਾਂ ਛੋਟੇ ਪੱਧਰ ‘ਤੇ ਕੀਤੀ ਗਈ ਸੀ, ਕੀ ਉਹ ਵੱਡੇ ਪੱਧਰ ‘ਤੇ ਵੀ ਕੰਮ ਕਰੇਗੀ।”

“ਇਸ ਲਈ ਡੀਐੱਮਈ ਨੂੰ ਵੱਖ-ਵੱਖ ਮਾਤਰਾ ਵਿੱਚ ਤਿਆਰ ਕੀਤਾ ਗਿਆ। ਇਸ ਦੇ ਸਫਲ ਹੋਣ ਤੋਂ ਬਾਅਦ ਇਹ ਸਵਾਲ ਉੱਠਿਆ ਕਿ ਕੀ ਇਸ ਦਾ ਉਤਪਾਦਨ ਵੱਡੇ ਪੱਧਰ ‘ਤੇ ਕੀਤਾ ਜਾ ਸਕਦਾ ਹੈ?”

ਡੀਐੱਮਈ ਆਪਣੇ ਮੌਜੂਦਾ ਰੂਪ ਵਿੱਚ ਇੰਨਾ ਸਾਫ਼ ਹੈ ਕਿ ਜੇ ਤੁਸੀਂ ਇਸ ਨੂੰ ਗੈਸ ਵਿੱਚ ਮਿਲਾ ਕੇ ਜਲਾਓ, ਤਾਂ ਤੁਹਾਨੂੰ ਲੌ ਵੀ ਨਜ਼ਰ ਨਹੀਂ ਆਏਗੀ। ਇਹ ਧੂੰਏਂ, ਨਾਈਟ੍ਰੋਜਨ ਆਕਸਾਈਡ (ਐੱਨਓਐਕਸ), ਸਲਫਰ ਆਕਸਾਈਡ (ਐੱਸਓਐਕਸ) ਅਤੇ ਕਣਾਤਮਕ ਪਦਾਰਥਾਂ ਦੇ ਉਤਸਰਜਨ ਨੂੰ ਕਾਫ਼ੀ ਹੱਦ ਤੱਕ ਘੱਟ ਕਰਦਾ ਹੈ।

ਡੀਐੱਮਈ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਸਾਫ-ਸੁਥਰਾ ਬਾਲਣ

ਇਸ ਤੋਂ ਇਲਾਵਾ, ਇਸ ਦਾ ਤਾਪ ਸਮਰਥਾ ਰਵਾਇਤੀ ਬਾਲਣਾਂ ਦੇ ਬਰਾਬਰ ਹੈ, ਜਿਸ ਨਾਲ ਇਹ ਇੱਕ ਪ੍ਰਭਾਵਸ਼ਾਲੀ ਬਦਲ ਬਣ ਜਾਂਦਾ ਹੈ। ਨਾਲ ਹੀ, ਇਸ ਬਾਲਣ ਦੀ ਵਰਤੋਂ ਵਾਤਾਵਰਣ ਲਈ ਵੀ ਅਨੁਕੂਲ ਹੈ।

ਡਾ. ਲੇਲੇ ਕਹਿੰਦੇ ਹਨ, “ਆਮ ਤੌਰ ‘ਤੇ ਅਸੀਂ ਘਰਾਂ ਵਿੱਚ ਜੋ ਐੱਲਪੀਜੀ ਗ੍ਰਿੱਲ ਵਰਤਦੇ ਹਾਂ, ਉਸ ‘ਤੇ ਕਾਰਬਨ ਜਮ ਜਾਂਦਾ ਹੈ। ਉਸ ਕਾਰਬਨ ਨੂੰ ਸਾਫ਼ ਕਰਨਾ ਪੈਂਦਾ ਹੈ। ਪਰ ਡੀਐੱਮਈ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਇਹ ਬਹੁਤ ਸਾਫ਼ ਤਰੀਕੇ ਨਾਲ ਸੜਦਾ ਹੈ। ਇੰਨਾ ਸਾਫ਼ ਕਿ ਇਸ ਦੀ ਲਪਟ ਵੀ ਨਹੀਂ ਦਿਖਦੀ।”

ਐੱਨਸੀਐਲ ਵੱਲੋਂ ਵਿਕਸਿਤ ਕੀਤੀ ਗਈ ਇਹ ਤਕਨੀਕ ਪੂਰੀ ਤਰ੍ਹਾਂ ਸਵਦੇਸ਼ੀ ਹੈ। ਇਸ ਵਿੱਚ ਵਰਤਿਆ ਗਿਆ ਉਤਪ੍ਰੇਰਕ ਵੀ ਕਿਫਾਇਤੀ ਹੈ।

ਡਾ. ਤਿਰੁਮਲੈਸਵਾਮੀ ਰਾਜਾ ਨੇ ਉਤਪ੍ਰੇਰਕ ‘ਤੇ ਪ੍ਰਯੋਗ ਕਰਨ ਦੇ ਨਾਲ-ਨਾਲ ਰਿਐਕਟਰ ਦਾ ਨਿਰਮਾਣ ਵੀ ਕੀਤਾ। ਇਸ ਨਾਲ ਇਹ ਤਕਨੀਕ ਵਿਲੱਖਣ ਬਣ ਗਈ ਹੈ। ਮੌਜੂਦਾ ਪਲਾਂਟ 12 ਤੋਂ 13 ਕਿਲੋਗ੍ਰਾਮ ਡੀਐੱਮਈ ਦਾ ਉਤਪਾਦਨ ਕਰ ਰਿਹਾ ਹੈ। ਇਸ ਵੇਲੇ ਹਰ ਰੋਜ਼ 250 ਕਿਲੋਗ੍ਰਾਮ ਬਾਲਣ ਤਿਆਰ ਕਰਨ ਲਈ ਇੱਕ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ।

ਐਲਪੀਜੀ ਗੈਸ ਸਿਲੰਡਰ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਐੱਲਪੀਜੀ ਸਿਲੰਡਰ ਦੀ ਵਰਤੋਂ ਅਤੇ ਮੌਜੂਦਗੀ

ਹਾਲਾਂਕਿ ਡੀਐੱਮਈ ਦਾ ਉਤਪਾਦਨ ਇਸ ਸਮੇਂ ਘੱਟ ਮਾਤਰਾ ਵਿੱਚ ਹੋ ਰਿਹਾ ਹੈ, ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਐੱਲਪੀਜੀ ‘ਤੇ ਨਿਰਭਰਤਾ ਘਟਾਉਣ ਵਿੱਚ ਵੱਡੀ ਮਦਦ ਕਰ ਸਕਦਾ ਹੈ।

ਐੱਨਸੀਐੱਲ ਵਿੱਚ ਇਸ ਸਮੇਂ ਤਿਆਰ ਕੀਤਾ ਜਾ ਰਿਹਾ ਪ੍ਰੋਟੋਟਾਈਪ ਐੱਲਪੀਜੀ ਜਾਂ ਡੀਐੱਮਈ ਦੋਵਾਂ ‘ਤੇ 100 ਫੀਸਦੀ ਸਮਰੱਥਾ ਨਾਲ ਚੱਲ ਸਕਦਾ ਹੈ। ਇਸ ਦਾ ਟੈਸਟ ਬੈਂਗਲੁਰੂ ਸਥਿਤ ਐੱਲਪੀਜੀ ਉਪਕਰਣ ਅਨੁਸੰਧਾਨ ਕੇਂਦਰ (ਐੱਲਈਆਰਸੀ) ਵਿੱਚ ਕੀਤਾ ਗਿਆ ਹੈ।

ਇਹ ਤਕਨੀਕ ਸਿਰਫ਼ 10 ਵਾਰ ਦੇ ਦਬਾਅ ‘ਤੇ ਡੀਐੱਮਈ ਦਾ ਉਤਪਾਦਨ ਕਰ ਸਕਦੀ ਹੈ ਅਤੇ ਇਸ ਨੂੰ ਸਿੱਧਾ ਐੱਲਪੀਜੀ ਸਿਲੰਡਰਾਂ ਵਿੱਚ ਭਰਿਆ ਜਾ ਸਕਦਾ ਹੈ।

ਡਾ. ਲੇਲੇ ਕਹਿੰਦੇ ਹਨ, “ਜਿਵੇਂ ਐੱਲਪੀਜੀ ਤਰਲ ਹੁੰਦਾ ਹੈ, ਉਸੇ ਤਰ੍ਹਾਂ ਡੀਐੱਮਈ ਵੀ ਤਰਲ ਹੁੰਦਾ ਹੈ। 7 ਵਾਰ ਦੇ ਦਬਾਅ ‘ਤੇ ਡੀਐੱਮਈ ਤਰਲ ਹੋ ਜਾਂਦੀ ਹੈ ਅਤੇ ਐੱਲਪੀਜੀ ਨਾਲ ਪੂਰੀ ਤਰ੍ਹਾਂ ਮਿਲ ਸਕਦੀ ਹੈ।”

“ਇਸ ਵੇਲੇ ਐੱਲਪੀਜੀ ਵਿੱਚ 8 ਫੀਸਦੀ ਡੀਐੱਮਈ ਮਿਲਾ ਕੇ ਪ੍ਰਯੋਗ ਕੀਤੇ ਜਾ ਰਹੇ ਹਨ। ਜੇ ਐੱਲਪੀਜੀ ਵਿੱਚ 8 ਫੀਸਦੀ ਡੀਐੱਮਈ ਮਿਲਾਇਆ ਜਾਵੇ, ਤਾਂ ਇਸ ਦਾ ਇਸਤੇਮਾਲ ਗ੍ਰਿੱਲ ਅਤੇ ਸਿਲੰਡਰ ਵਿੱਚ ਕੀਤਾ ਜਾ ਸਕਦਾ ਹੈ।”

“ਜੇ ਅਸੀਂ ਐੱਲਪੀਜੀ ਦੀ ਕੁੱਲ ਖਪਤ ਦਾ 8 ਫੀਸਦੀ ਹਿੱਸਾ ਆਯਾਤ ਕਰੀਏ, ਤਾਂ ਆਯਾਤ ਦੀ ਮਾਤਰਾ ‘ਤੇ ਵੱਡਾ ਅਸਰ ਪਵੇਗਾ। ਅਸੀਂ 8 ਫੀਸਦੀ ਨਾਲ ਸ਼ੁਰੂਆਤ ਕਰ ਸਕਦੇ ਹਾਂ ਅਤੇ ਫਿਰ ਇਸ ਨੂੰ ਵਧਾ ਕੇ 20 ਫੀਸਦੀ ਕਰ ਸਕਦੇ ਹਾਂ।”

ਐਲਪੀਜੀ ਸਿਲੰਡਰਾਂ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਭਾਰਤ ਨੇ 2024 ਵਿੱਚ 21 ਮਿਲੀਅਨ ਟਨ ਐੱਲਪੀਜੀ ਦਾ ਆਯਾਤ ਕੀਤਾ। ਇਸ ਵਿੱਚ ਸਿਰਫ਼ 8 ਫੀਸਦੀ ਡੀਐੱਮਈ ਮਿਲਾਉਣ ਨਾਲ ਹਰ ਸਾਲ ਲਗਭਗ 9500 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋ ਸਕਦੀ ਹੈ।

ਇਸ ਤੋਂ ਇਲਾਵਾ, ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਹੇਠਾਂ 10.5 ਕਰੋੜ ਗੈਸ ਕਨੈਕਸ਼ਨਾਂ ਲਈ 8 ਫੀਸਦੀ ਡੀਐੱਮਈ ਵਰਤੀ ਜਾਂਦੀ ਹੈ, ਤਾਂ ਹਰ ਰੋਜ਼ 1300 ਟਨ ਡੀਐੱਮਈ ਦੇ ਉਤਪਾਦਨ ਦੀ ਲੋੜ ਹੋਵੇਗੀ। ਕਿਉਂਕਿ ਇਸ ਨੂੰ ਐੱਲਪੀਜੀ ਵਿੱਚ ਮਿਲਾਇਆ ਜਾਂਦਾ ਹੈ, ਇਸ ਲਈ ਵੱਖਰੇ ਤੌਰ ‘ਤੇ ਗ੍ਰਿੱਲ ਜਾਂ ਸਿਲੰਡਰ ਤਿਆਰ ਕਰਨ ਦੀ ਲੋੜ ਨਹੀਂ ਹੁੰਦੀ।

ਇਸ ਤਰ੍ਹਾਂ ਦੀ ਡੀਐੱਮਈ ਕਈ ਦੇਸ਼ਾਂ ਵਿੱਚ ਤਿਆਰ ਕੀਤੀ ਜਾਂਦੀ ਹੈ। ਪਰ ਇਸ ਦਾ ਇਸਤੇਮਾਲ ਜ਼ਿਆਦਾਤਰ ਡਿਓਡਰੈਂਟ ਜਾਂ ਹੋਰ ਥਾਵਾਂ ‘ਤੇ ਵਾਤਾਵਰਣ-ਅਨੁਕੂਲ ਤੌਰ ‘ਤੇ ਕੀਤਾ ਜਾਂਦਾ ਹੈ।

ਹੁਣ ਭਾਰਤ ਵਿੱਚ ਤਿਆਰ ਕੀਤਾ ਗਿਆ ਉਤਪ੍ਰੇਰਕ ਅਤੇ ਡੀਐੱਮਈ ਦਾ ਉਤਪਾਦਨ ਵੀ ਕੀਤਾ ਜਾ ਚੁੱਕਾ ਹੈ। ਇਸ ਦਾ ਪ੍ਰੋਜੈਕਟ ਵੀ ਲਗਾਇਆ ਜਾ ਚੁੱਕਿਆ ਹੈ।

ਐੱਨਸੀਐੱਲ ਇਸ ਸਮੇਂ ਇੱਕ ਇੰਜੀਨੀਅਰਿੰਗ ਹਿੱਸੇਦਾਰ ਨਾਲ ਮਿਲ ਕੇ 6-9 ਮਹੀਨਿਆਂ ਵਿੱਚ 2.5 ਟਨ ਪ੍ਰਤੀ ਦਿਨ ਸਮਰੱਥਾ ਵਾਲਾ ਇੱਕ ਉਦਯੋਗਿਕ ਡੈਮੋਨਸਟ੍ਰੇਸ਼ਨ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ।

ਇਹ ਪ੍ਰੋਜੈਕਟ ਹਰ ਰੋਜ਼ 500-1000 ਟਨ ਸਮਰੱਥਾ ਵਾਲੀ ਵਪਾਰਕ ਪ੍ਰੋਜੈਕਟ ਸਥਾਪਿਤ ਕਰਨ ਦਾ ਰਾਹ ਪੱਧਰਾ ਕਰੇਗੀ।

ਕੀ ਇਹ ਬਾਲਣ ਪੂਰਨ ਤੌਰ ‘ਤੇ ਐੱਲਪੀਜੀ ਦਾ ਬਦਲ ਬਣ ਸਕਦਾ ਹੈ ?

ਇਸ ਤਕਨਾਲੋਜੀ ਨਾਲ ਸਬੰਧਤ ਕੈਟਾਲਿਸਟ ਖੋਜ ਲਈ ਕੁੱਲ ਪੰਜ ਪੇਟੈਂਟ ਹਾਸਲ ਕੀਤੇ ਗਏ ਹਨ। ਡਾ. ਰਾਜਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਇਸ ਪ੍ਰਕਿਰਿਆ ਦਾ ਵੀ ਪੇਟੈਂਟ ਹਾਸਲ ਕੀਤਾ ਗਿਆ ਹੈ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਡਾ. ਰਾਜਾ ਨੇ ਕਿਹਾ, “ਸ਼ੁਰੂ ਤੋਂ ਹੀ ਅਸੀਂ ਇਸ ਖੋਜ ‘ਤੇ ਇਸ ਮਕਸਦ ਨਾਲ ਕੰਮ ਕੀਤਾ ਕਿ ਇਸਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਇਸ ਨੂੰ ਉਦਯੋਗਿਕ ਪੱਧਰ ‘ਤੇ ਲਾਗੂ ਕੀਤਾ ਜਾ ਸਕੇ। ਧਰਤੀ ‘ਤੇ ਅਵਸ਼ੇਸ਼ਾਂ ਦੇ ਭੰਡਾਰ ਸੀਮਿਤ ਹਨ। ਇਸ ਲਈ ਇਹ ਪ੍ਰਕਿਰਿਆ ਭਵਿੱਖ ‘ਚ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ।”

“ਇਹ ਬਦਲਾਅ ਲਿਆਉਣ ਲਈ ਸਰਕਾਰ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਹੈ। ਸਰਕਾਰ ਦੇ ਸਹਿਯੋਗ ਨਾਲ ਹੀ ਇਸ ਬਾਲਣ ਦੇ ਭੰਡਾਰਨ, ਵੰਡ ਅਤੇ ਸਪਲਾਈ ਨੂੰ ਸੁਚੱਜੇ ਢੰਗ ਨਾਲ ਮੈਨੇਜ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਇਸ ਸਬੰਧ ‘ਚ ਸਹਿਯੋਗ ਲਈ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ।”

ਡੀਐੱਮਈ

ਐੱਲਪੀਜੀ ਦੇ ਮੁਕਾਬਲੇ ਡੀਐੱਮਈ ਮਿਸ਼ਰਿਤ ਬਾਲਣ ਦੀ ਲਾਗਤ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਡਾ. ਰਾਜਾ ਨੇ ਕਿਹਾ ਕਿ ਦੋਵਾਂ ਦੀ ਲਾਗਤ ਲਗਭਗ ਬਰਾਬਰ ਹੀ ਹੋਵੇਗੀ। ਹਾਲਾਂਕਿ ਡੀਐੱਮਈ ਦਾ ਮੁੱਖ ਲਾਭ ਇਹ ਹੈ ਕਿ ਇਹ ਸਾਫ਼ ਬਾਲਣ ਹੈ ਅਤੇ ਇਸਦੀ ਕਾਰਗੁਜ਼ਾਰੀ ਵੀ ਚੰਗੀ ਹੈ। ਇਸ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ ਅਤੇ ਕਾਲਖ ਵੀ ਘੱਟ ਬਣਦੀ ਹੈ।

ਭਵਿੱਖ ਵਿੱਚ ਕੀ ਡੀਐੱਮਈ ਮਿਸ਼ਰਿਤ ਬਾਲਣ ਪੂਰਨ ਤੌਰ ‘ਤੇ ਐੱਲਪੀਜੀ ਦੀ ਥਾਂ ਲੈ ਸਕਦਾ ਹੈ, ਇਸ ਬਾਰੇ ਡਾ. ਰਾਜਾ ਨੇ ਕਿਹਾ ਕਿ ਇਹ ਸੰਭਵ ਹੈ ਪਰ 100 ਫੀਸਦ ਡੀਐੱਮਈ ਨੂੰ ਬਾਲਣ ਵਜੋਂ ਇਸਤੇਮਾਲ ਨੂੰ ਲੈ ਕੇ ਅਜੇ ਤੱਕ ਕੋਈ ਅਧਿਐਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਸਨਅਤੀ ਖੇਤਰਾਂ ‘ਚ ਇਸ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਇਸ ਲਈ ਨਿਯਮਿਕ ਮਨਜ਼ੂਰੀ ਅਤੇ ਇਸ ਦੀ ਸਫਲਤਾ ਨੂੰ ਸਾਬਿਤ ਕਰਨ ਲਈ ਹੋਰ ਵਿਗਿਆਨਕ ਖੋਜ ਦੀ ਲੋੜ ਹੈ।

ਡਾ. ਰਾਜਾ ਨੇ ਇਹ ਵੀ ਕਿਹਾ ਕਿ ਇਸ ਤਕਨੀਕ ਨੂੰ ਸਰਕਾਰੀ ਖੇਤਰ ਦੀਆਂ ਕੰਪਨੀਆਂ (PSUs) ਨਾਲ ਹਿੱਸੇਦਾਰੀ ਨਾਲ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਅਜਿਹੀਆਂ ਕੰਪਨੀਆਂ ਨਾਲ ਇਸ ਸਬੰਧੀ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਪ੍ਰਕਿਰਿਆ ਨੂੰ ਉਦਯੋਗਿਕ ਪੱਧਰ ‘ਤੇ ਲਿਜਾਣ ਲਈ ਤਿਆਰ ਹਨ।

ਹਾਲਾਂਕਿ ਇਸ ਹਿੱਸੇਦਾਰੀ ਦੀ ਲਾਗਤ, ਲੋੜੀਂਦੇ ਨਿਵੇਸ਼ ਅਤੇ ਮਨੁੱਖੀ ਸੰਸਾਧਨਾਂ ਬਾਰੇ ਇੰਟਰਵਿਊ ਦੌਰਾਨ ਕੋਈ ਗੱਲਬਾਤ ਨਹੀਂ ਹੋਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI