Source :- BBC PUNJABI
ਤਸਵੀਰ ਸਰੋਤ, Getty Images
ਟੀ-20 ਪੁਰਸ਼ ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਕਰ ਰਹੇ ਹਨ ਅਤੇ 20 ਟੀਮਾਂ ਵਿਚਕਾਰ ਵਿਸ਼ਵ ਜੇਤੂ ਬਣਨ ਦਾ ਮੁਕਾਬਲਾ ਹੋਵੇਗਾ।
ਇਸ ਦੌਰਾਨ ਇੱਕ ਟੀਮ ਦੇ ਕਪਤਾਨ ਦੀ ਚਰਚਾ ਭਾਰਤ ਵਿੱਚ ਖ਼ਾਸੀ ਹੋ ਰਹੀ ਹੈ ਅਤੇ ਉਹ ਹਨ ਟੀਮ ਓਮਾਨ ਦੇ ਕਪਤਾਨ ਜਤਿੰਦਰ ਸਿੰਘ।
ਜਤਿੰਦਰ ਸਿੰਘ ਸੱਜੇ ਹੱਥ ਦੇ ਬੱਲੇਬਾਜ਼ ਹਨ। ਜਤਿੰਦਰ ਸਿੰਘ 2024 ਵਿੱਚ ਓਮਾਨ ਟੀਮ ਦੇ ਕਪਤਾਨ ਬਣੇ ਸਨ।
ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇਸ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ 22 ਜਨਵਰੀ ਨੂੰ ਹੀ ਸ਼੍ਰੀਲੰਕਾ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਇੱਥੋਂ ਦੀਆਂ ਪਿੱਚਾਂ ਅਤੇ ਮੌਸਮ ਓਮਾਨ ਦੇ ਮੁਕਾਬਲੇ ਬਹੁਤ ਵੱਖਰਾ ਹੈ ਅਤੇ ਹੁੰਮਸ ਭਰਿਆ ਹੈ।
ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ, ਪੇਸ਼ ਹਨ ਉਸੇ ਗੱਲਬਾਤ ਦੇ ਖਾਸ ਅੰਸ਼…
ਪੰਜਾਬ ਤੋਂ ਓਮਾਨ ਤੱਕ ਦਾ ਸਫ਼ਰ
ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 1975 ਤੋਂ ਓਮਾਨ ਵਿੱਚ ਸਨ ਅਤੇ ਉੱਥੇ ਰਾਇਲ ਓਮਾਨ ਪੁਲਿਸ ਦੇ ਕਰਮਚਾਰੀ ਸਨ। ਉਹ ਅਜੇ ਵੀ ਓਮਾਨ ‘ਚ ਹੀ ਹਨ।
ਉਨ੍ਹਾਂ ਕਿਹਾ, “ਮੇਰਾ ਜਨਮ 1989 ਦਾ ਹੈ ਅਤੇ ਜਦੋਂ ਮੈਂ 14 ਸਾਲ ਦਾ ਸੀ ਤਾਂ ਉਸੇ ਵੇਲੇ ਅਸੀਂ ਇੱਥੇ ਸਾਰਾ ਪਰਿਵਾਰ ਹੀ ਆ ਗਏ ਸੀ ਅਤੇ ਉਦੋਂ ਤੋਂ ਹੀ ਇੱਥੇ ਹਾਂ।”
ਉਨ੍ਹਾਂ ਦੱਸਿਆ ਕਿ ਉਹ 3 ਭਰਾ ਅਤੇ ਇੱਕ ਭੈਣ ਹਨ। ਪਿਤਾ ਦੇ ਓਮਾਨ ‘ਚ ਹੋਣ ਕਾਰਨ ਉਨ੍ਹਾਂ ਦੇ ਮਾਤਾ ਲਈ ਇੱਕਲੇ ਚਾਰ ਬੱਚਿਆਂ ਦੀ ਦੇਖ-ਭਾਲ ਕਰਨ ਵਿੱਚ ਮੁਸ਼ਕਿਲ ਹੋ ਰਹੀ ਸੀ।
ਜਤਿੰਦਰ ਮੁਤਾਬਕ, “ਅਸੀਂ ਤਿੰਨੇ ਭਰਾ ਬਹੁਤ ਸ਼ਰਾਰਤੀ ਸੀ।”
ਉਨ੍ਹਾਂ ਦੱਸਿਆ ਕਿ ਫਿਰ ਪੂਰੇ ਪਰਿਵਾਰ ਦਾ ਓਮਾਨ ਜਾਣ ਦਾ ਫ਼ੈਸਲਾ ਲਿਆ ਗਿਆ ਅਤੇ 2003 ਵਿੱਚ ਉਹ ਸਾਰੇ ਓਮਾਨ ਚਲੇ ਗਏ।
ਤਸਵੀਰ ਸਰੋਤ, Getty Images
ਕ੍ਰਿਕਟ ਨਾਲ ਕਿਵੇਂ ਜੁੜੇ
ਜਤਿੰਦਰ ਸਿੰਘ ਕਹਿੰਦੇ ਹਨ, “ਮੇਰੇ ਖ਼ਾਨਦਾਨ ਵਿੱਚ ਕਿਸੇ ਦਾ ਵੀ ਖੇਡ ਨਾਲ ਕੋਈ ਸਬੰਧ ਨਹੀਂ ਹੈ ਤੇ ਮੈਂ ਪਹਿਲਾ ਹਾਂ ਜਿਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਮੌਕਾ ਮਿਲਿਆ ਹੈ। ਹੁਣ ਕਪਤਾਨੀ ਦਾ ਮੌਕਾ ਮਿਲਿਆ ਹੈ ਤੇ ਮੈਂ ਇਸ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ।”
“ਮੈਂ ਕ੍ਰਿਕਟ ਦੀ ਸ਼ੁਰੂਆਤ ਲੁਧਿਆਣਾ, ਪੰਜਾਬ ‘ਚ ਹੀ ਕਰ ਦਿੱਤੀ ਸੀ ਪਰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਵਿੱਚ ਕੋਈ ਏਜ ਗਰੁੱਪ ਵੀ ਹੁੰਦੇ ਹਨ ਜਿਵੇਂ ਅੰਡਰ-15, ਅੰਡਰ-19 ਆਦਿ। ਮੈਨੂੰ ਤਾਂ ਮੇਰੇ ਕਜ਼ਿਨ ਆਪਣੇ ਨਾਲ ਫੀਲਡਰ ਵਜੋਂ ਲੈ ਕੇ ਜਾਂਦੇ ਸਨ ਜਾਂ ਕਹਿੰਦੇ ਸਨ ਕਿ ਚਲੋ ਠੀਕ ਹੈ, ਲਾਸਟ ਮੈਨ ਹੈ, ਇਹ ਆ ਕੇ ਰਨਿੰਗ ਕਰ ਦੇਵੇਗਾ।”
“ਮੇਰਾ ਕੋਈ ਸਪੋਰਟਸ ਦਾ ਬੈਕਗਰਾਊਂਡ ਨਹੀਂ ਹੈ ਅਤੇ ਨਾ ਹੀ ਮੈਂ ਪੰਜਾਬ ‘ਚ ਕਿਸੇ ਲੈਵਲ ‘ਤੇ ਕ੍ਰਿਕਟ ਖੇਡੀ ਹੈ। ਕ੍ਰਿਕਟ ਮੈਂ ਓਮਾਨ ‘ਚ ਆ ਕੇ ਹੀ ਸ਼ੁਰੂ ਕੀਤੀ। 2003 ਦੇ ਅਖੀਰ ‘ਚ ਮੈਂ ਉੱਥੇ ਇੰਡੀਅਨ ਸਕੂਲ, ਮਸਕਟ ਵਿੱਚ ਦਾਖ਼ਲਾ ਲਿਆ ਸੀ ਅਤੇ ਉੱਥੋਂ ਹਾਊਸ ਮੈਚਾਂ ‘ਚ ਹਿੱਸਾ ਲੈਣਾ ਸ਼ੁਰੂ ਕੀਤਾ।”

ਉਹ ਕਹਿੰਦੇ ਹਨ, “ਉਸ ਦੇ ਲਈ ਵੀ ਮੈਂ ਬਹੁਤ ਲੜਾਈ ਲੜੀ। ਇੱਕ ਤਾਂ ਮੈਂ ਪੜ੍ਹਾਈ ‘ਚ ਬਹੁਤ ਨਾਲਾਇਕ ਸੀ। ਘਰ ਦੇ ਕਹਿੰਦੇ ਸਨ ਕਿ ਤੁਹਾਨੂੰ ਇੱਥੇ ਲੈ ਕੇ ਆਏ ਹਾਂ ਤਾਂ ਜੋ ਤੁਸੀਂ ਚੰਗੀ ਪੜ੍ਹਾਈ-ਲਿਖਾਈ ਕਰ ਸਕੋ। ਪਰ ਤੁਸੀਂ ਇੱਥੇ ਆ ਕੇ ਵੀ ਇਹੀ ਸਭ ਸ਼ੁਰੂ ਕਰ ਦਿੱਤਾ। ਤੁਹਾਨੂੰ ਖੇਡਾਂ ਨੇ ਕੁਝ ਨਹੀਂ ਦੇਣਾ।”
“ਬਹੁਤ ਸੁਣਨਾ ਪੈਂਦਾ ਸੀ। ਪਰ ਮੈਨੂੰ ਖੇਡਣਾ ਚੰਗਾ ਲੱਗਦਾ ਸੀ। ਇਸ ਲਈ ਮੈਂ ਚੋਰੀ-ਛਿਪੇ ਜਾ ਕੇ ਟ੍ਰਾਇਲ ਦਿੱਤਾ ਤੇ ਮੈਂ ਸਿਲੈਕਟ ਹੋ ਗਿਆ। ਹਾਊਸ ਮੈਚ ਖੇਡੇ ਤੇ ਉਸ ਤੋਂ ਤੁਰੰਤ ਬਾਅਦ ਮੈਨੂੰ ਅੰਡਰ-15 ਸਕੂਲ ਵੱਲੋਂ ਖੇਡਣ ਦਾ ਮੌਕਾ ਮਿਲਿਆ।”
ਉਨ੍ਹਾਂ ਨੇ ਅੱਗੇ ਕਿਹਾ, “ਫਿਰ ਮੈਂ ਓਮਾਨ ਦੀ ਡੋਮੈਸਟਿਕ ਲੀਗ ‘ਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਫਿਰ 2007 ‘ਚ ਮੈਨੂੰ ਓਮਾਨ ਵੱਲੋਂ ਅੰਡਰ-19 ਖੇਡਣ ਦਾ ਮੌਕਾ ਮਿਲਿਆ। ਉਦੋਂ ਸਾਡੇ ਕੋਲ ਸਿਰਫ਼ ਸੀਮੈਂਟ ਦੀਆਂ ਵਿਕਟਾਂ ਤੇ ਮਿੱਟੀ ਵਾਲੇ ਗਰਾਊਂਡ ਹੁੰਦੇ ਸਨ।”
“2007 ‘ਚ ਮੈਂ ਇਲੀਟ ਗਰੁੱਪ ਦਾ ਅੰਡਰ-19 ਟੂਰਨਾਮੈਂਟ ਖੇਡਿਆ ਸੀ, ਉਸ ਤੋਂ ਚਾਰ ਸਾਲ ਬਾਅਦ ਮੈਨੂੰ ਓਮਾਨ ਦੀ ਮੇਨ ਟੀਮ ‘ਚ ਖੇਡਣ ਦਾ ਮੌਕਾ ਮਿਲਿਆ। 2011 ‘ਚ ਫਿਰ ਮੈਂ ਓਮਾਨ ਦੀ ਮੇਨ ਟੀਮ ‘ਚ ਡੈਬਿਊ ਕੀਤਾ।”
ਉਹ ਅੱਗੇ ਦੱਸਦੇ ਹਨ, “ਇੱਕ-ਦੋ ਟੂਰਨਾਮੈਂਟਾਂ ਨੂੰ ਛੱਡ ਦੇਈਏ ਤਾਂ ਉਦੋਂ ਤੋਂ ਹੁਣ ਤੱਕ ਮੈਂ ਓਮਾਨ ਦੀ ਟੀਮ ਦਾ ਪਰਮਾਨੈਂਟ ਮੈਂਬਰ ਹਾਂ। 2011 ‘ਚ ਹੀ ਸਾਨੂੰ ਟਰਫ਼ ਮਿਲੀ ਸੀ ਅਤੇ ਫਿਰ ਅਸੀਂ ਟਰਫ਼ ਤੋਂ ਖੇਡਣਾ ਸ਼ੁਰੂ ਕਰ ਦਿੱਤਾ।”
ਜਤਿੰਦਰ ਨੇ ਓਮਾਨ ਲਈ 61 ਵਨਡੇਅ ਮੈਚ ਖੇਡੇ ਹਨ ਤੇ ਉਨ੍ਹਾਂ ਵਿੱਚ 1704 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਟੀ-20 ਕ੍ਰਿਕਟ ਵਿੱਚ 72 ਮੁਕਾਬਲੇ ਖੇਡੇ ਹਨ। ਟੀ-20 ਵਿੱਚ ਜਤਿੰਦਰ ਸਿੰਘ ਹੁਣ ਤੱਕ 1605 ਦੌੜਾਂ ਬਣਾ ਚੁੱਕੇ ਹਨ। ਜਿਸ ਦੇ ਵਿੱਚ 9 ਅਰਧ ਸੈਂਕੜੇ ਸ਼ਾਮਿਲ ਹਨ।
ਤਸਵੀਰ ਸਰੋਤ, Getty Images
ਮਾਪਿਆਂ ਨੂੰ ਕਿਵੇਂ ਮਨਾਇਆ
ਉਨ੍ਹਾਂ ਦੱਸਿਆ, “ਜਿਵੇਂ ਹੀ ਮੇਰੀ 12ਵੀਂ ਪੂਰੀ ਹੋਈ, ਮੈਨੂੰ ਕ੍ਰਿਕਟ ਦੇ ਅਧਾਰ ‘ਤੇ ਨੌਕਰੀ ਕਰਨ ਦਾ ਮੌਕਾ ਮਿਲਿਆ। ਉਦੋਂ ਮੈਂ ਪੜ੍ਹਾਈ ਛੱਡ ਦਿੱਤੀ ਕਿ ਮੇਰਾ ਪੜ੍ਹਾਈ ‘ਚ ਕੋਈ ਕਰੀਅਰ ਨਹੀਂ ਹੈ ਇਸ ਲਈ ਚੰਗਾ ਰਹੇਗਾ ਜੇ ਮੈਂ ਖੇਡਾਂ ਵਿੱਚ ਹੀ ਅੱਗੇ ਵਧਾਂ। ਮੈਨੂੰ ਆਪਣੇ ਆਪ ‘ਤੇ ਪੂਰਾ ਭਰੋਸਾ ਹੈ ਕਿ ਮੈਂ ਕੁਝ ਨਾ ਕੁਝ ਕਰ ਦਿਖਾਵਾਂਗਾ।”
“ਹੌਲੀ-ਹੌਲੀ ਮਾਪੇ ਵੀ ਮੰਨ ਗਏ, ਥੋੜ੍ਹਾ ਸਮਾਂ ਲੱਗਾ ਪਰ ਮੰਨ ਗਏ।”
ਘਰ ਦੇ ਹਾਲਾਤਾਂ ਬਾਰੇ ਉਹ ਕਹਿੰਦੇ ਹਨ ਕਿ ਵਿਦੇਸ਼ਾਂ ‘ਚ ਪੜ੍ਹਾਈ ਬਹੁਤ ਮਹਿੰਗੀ ਹੈ। “ਮੇਰੇ ਕੋਲ ਤਾਂ ਕੋਈ ਸਮਾਨ ਵੀ ਨਹੀਂ ਹੁੰਦਾ ਸੀ, ਮੈਂ ਤਾਂ ਮੰਗ ਕੇ ਹੀ ਕ੍ਰਿਕਟ ਖੇਡੀ ਹੈ, ਜਿੰਨੀ ਵੀ ਖੇਡੀ ਹੈ। ਪਰ 2007 ਤੋਂ ਬਾਅਦ ਚੀਜ਼ਾਂ ਥੋੜ੍ਹਾ ਬਦਲਣ ਲੱਗ ਪਈਆਂ।”
ਉਹ ਕਹਿੰਦੇ ਹਨ, “ਅਸੀਂ ਕੰਪਨੀਆਂ ਵੱਲੋਂ ਖੇਡਦੇ ਸੀ। ਉਹ ਸਾਲ ਬਾਅਦ ਸਾਨੂੰ ਬੈਟ, ਗਲਵਜ਼, ਪੈਡ ਆਦਿ ਸਮਾਨ ਦੇ ਦਿੰਦੇ ਸੀ। ਉਸ ਨਾਲ ਬੜੀ ਇੱਕ ਰਾਹਤ ਜਿਹੀ ਮਿਲਦੀ ਸੀ ਕਿ ਜ਼ਰੂਰੀ ਚੀਜ਼ਾਂ ਮਿਲ ਰਹੀਆਂ ਹਨ। ਪਰ ਜਦੋਂ ਤੋਂ ਨੈਸ਼ਨਲ ਟੀਮ ‘ਚ ਆਏ ਹਾਂ, ਰੱਬ ਦੀ ਬੜੀ ਮਿਹਰ ਹੈ।”
ਓਮਾਨ ‘ਚ ਖੇਡਾਂ ਨੂੰ ਕਿੰਨਾ ਕੁ ਉਤਸ਼ਾਹ ਮਿਲਦਾ ਹੈ
ਜਤਿੰਦਰ ਕਹਿੰਦੇ ਹਨ ਕਿ ਉੱਥੇ ਉਤਸ਼ਾਹ ਮਿਲਦਾ ਹੈ ਪਰ ਅਜੇ ਥੋੜ੍ਹਾ ਸਮਾਂ ਹੋਰ ਲੱਗੇਗਾ ਸਪੋਰਟਸ ਕਲਚਰ ਆਉਣ ਵਿੱਚ।
ਉਹ ਕਹਿੰਦੇ ਹਨ, “ਹੌਲੀ-ਹੌਲੀ ਚੀਜ਼ਾਂ ਅੱਗੇ ਵਧ ਰਹੀਆਂ ਹਨ। ਇਸ ਵਿੱਚ ਕਾਰਪੋਰੇਟ ਕੰਪਨੀਆਂ ਦਾ ਵੱਡਾ ਹੱਥ ਹੈ। ਕਾਰਪੋਰੇਟ ਟੀਮਾਂ ਦੇ ਮਾਲਕ ਇਨਵੈਸਟ ਕਰਕੇ ਖਿਡਾਰੀਆਂ ਨੂੰ ਲੈ ਕੇ ਆਉਂਦੇ ਹਨ। ਆਈਸੀਸੀ ਦਾ ਨਿਯਮ ਹੈ ਕਿ ਤੁਹਾਨੂੰ ਦੇਸ਼ ਵਿੱਚ 3 ਸਾਲ ਰਹਿਣਾ ਪਵੇਗਾ, ਫਿਰ ਹੀ ਤੁਸੀਂ ਨੈਸ਼ਨਲ ਟੀਮ ਲਈ ਕੁਆਲੀਫਾਈ ਕਰ ਸਕਦੇ ਹੋ।”
ਉਨ੍ਹਾਂ ਦੱਸਿਆ, “ਕ੍ਰਿਕਟ ਵਿੱਚ ਹੀ ਓਮਾਨ ਇੰਨੇ ਵੱਡੇ ਲੈਵਲ ‘ਤੇ ਖੇਡ ਰਿਹਾ ਹੈ, ਬਾਕੀ ਸਪੋਰਟਸ ‘ਚ ਓਮਾਨ ਵਿਸ਼ਵ ਕੱਪ ਨਹੀਂ ਖੇਡਿਆ ਅਜੇ।”
ਵਿੱਤੀ ਮਦਦ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਸੀਸੀਆਈ ਵਾਂਗ ਤਾਂ ਨਹੀਂ ਹੈ ਪਰ ਚੰਗਾ ਹੈ।
ਤਸਵੀਰ ਸਰੋਤ, Getty Images
ਵਿਸ਼ਵ ਕੱਪ ‘ਚ ਕਿਹੜੀ ਟੀਮ ਚੁਣੌਤੀ ਲੱਗ ਰਹੀ
ਵਿਸ਼ਵ ਕੱਪ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਗਰੁੱਪ ਸਟੇਜ ਵਾਲੇ ਮੈਚਾਂ ਬਾਰੇ ਅਸੀਂ ਉਮੀਦ ਕੀਤੀ ਸੀ ਕਿ ਭਾਰਤ ‘ਚ ਖੇਡਣ ਨੂੰ ਮਿਲਣਗੇ, “ਪਰ ਨਹੀਂ ਮਿਲੇ ਤਾਂ ਕੋਈ ਗੱਲ ਨਹੀਂ, ਅਸੀਂ ਇਸੇ ‘ਚ ਰਾਜ਼ੀ ਹਾਂ।”
“ਅਸੀਂ ਤਾਂ ਇਸ ਗੱਲ ‘ਚ ਖੁਸ਼ ਹਾਂ ਕਿ ਸਾਡੇ ਗਰੁੱਪ ‘ਚ ਚਾਰ ਟੈਸਟ ਖੇਡਣ ਵਾਲੇ ਦੇਸ਼ ਹਨ ਅਤੇ ਅਸੀਂ ਉਨ੍ਹਾਂ ਨਾਲ ਟੱਕਰ ਦਾ ਮੁਕਾਬਲਾ ਕਰਾਂਗੇ ਤੇ ਚਾਹੁੰਦੇ ਹਾਂ ਕਿ ਘੱਟੋ-ਘੱਟ 2 ਮੈਚ ਅਸੀਂ ਜਿੱਤੀਏ।”
ਇਸ ਸਵਾਲ ‘ਤੇ ਕਿ ਓਮਾਨ ਲਈ ਉਨ੍ਹਾਂ ਦੇ ਗਰੁੱਪ ‘ਚੋਂ ਕਿਹੜੀ ਟੀਮ ਚੁਣੌਤੀ ਵਾਂਗ ਹੈ, ਜਤਿੰਦਰ ਨੇ ਕਿਹਾ, “ਟੀ-20 ਅਜਿਹੀ ਗੇਮ ਹੈ, ਕੋਈ ਟੀਮ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿਹੜੀ ਟੀਮ ਚੰਗੀ ਜਾਂ ਮਾੜੀ ਹੈ। ਮਾਇਨੇ ਇਹ ਰੱਖਦਾ ਹੈ ਕਿ ਤੁਸੀਂ ਉਸ ਮੂਮੈਂਟ ‘ਚ ਆਪਣੇ ਆਪ ਨੂੰ ਕਿਵੇਂ ਰੱਖਿਆ ਹੈ। ਇੱਕ ਓਵਰ ਉਪਰ-ਨੀਚੇ ਹੋਏ, ਗੇਮ ਹੱਥੋਂ ਨਿਕਲ ਜਾਂਦੀ ਹੈ।”
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਏਸ਼ੀਅਨ ਕੱਪ ‘ਚ “ਸਾਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਵਿਸ਼ਵ ਪੱਧਰ ਦੀਆਂ ਟੀਮਾਂ ਮੁਕਾਬਲੇ ਅਸੀਂ ਕਿੱਥੇ ਖੜ੍ਹੇ ਹਾਂ। ਇੰਡੀਆ ਨਾਲ ਮੈਚ ‘ਚ ਤਾਂ ਇੱਕ ਵੇਲੇ ਅਜਿਹਾ ਹੋਇਆ ਸੀ ਕਿ ਮੈਚ ਓਮਾਨ ਜਿੱਤਣ ਵਾਲਾ ਲੱਗ ਰਿਹਾ ਸੀ।”
ਤਸਵੀਰ ਸਰੋਤ, Getty Images
ਭਾਰਤੀ ਖਿਡਾਰੀਆਂ ਨਾਲ ਕਿਹੋ-ਜਿਹਾ ਤਜਰਬਾ ਰਿਹਾ
ਜਤਿੰਦਰ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਸ਼ਰਮਾ ਗੇਮ ਨੂੰ ਬਹੁਤ ਵੱਖਰੇ ਲੈਵਲ ‘ਤੇ ਖੇਡਦੇ ਹਨ। ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਨਾਲ ਵੀ ਉਨ੍ਹਾਂ ਦੀ ਕਾਫੀ ਗੱਲਬਾਤ ਹੋਈ ਖੇਡ ਬਾਰੇ।
ਜਤਿੰਦਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਬਹੁਤ ਖੁਸ਼ਮਿਜਾਜ਼ ਹਨ। “ਜਦੋਂ ਮੈਂ 2023-24 ‘ਚ ਚੰਡੀਗੜ੍ਹ ਵਿੱਚ ਆਪਣੀ ਸੱਟ ਦਾ ਇਲਾਜ ਕਰਵਾ ਰਿਹਾ ਸੀ ਤਾਂ ਅਕਸਰ ਉਨ੍ਹਾਂ ਨੂੰ ਮਿਲਦਾ ਸੀ ਗੌਰਵ ਸ਼ਰਮਾ ਜੀ ਕੋਲ।”
ਉਨ੍ਹਾਂ ਕਿਹਾ, “ਸੂਰਿਆਕੁਮਾਰ ਯਾਦਵ ਗੇਮ ਨੂੰ ਲੈ ਕੇ ਬਹੁਤ ਪਾਜ਼ਿਟਿਵ ਹਨ। ਗੇਮ ਖ਼ਤਮ ਹੋਣ ‘ਤੇ ਉਨ੍ਹਾਂ ਨੇ ਆ ਕੇ ਸਾਡੀ ਟੀਮ ਦੀ ਬਹੁਤ ਤਾਰੀਫ ਕੀਤੀ ਕਿ ਤੁਸੀਂ ਬਹੁਤ ਵਧੀਆ ਖੇਡੇ ਹੋ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


