Home ਰਾਸ਼ਟਰੀ ਖ਼ਬਰਾਂ ਟੀ-20 ਵਿਸ਼ਵ ਕੱਪ: ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਭਾਰਤ, ਅਭਿਸ਼ੇਕ...

ਟੀ-20 ਵਿਸ਼ਵ ਕੱਪ: ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਭਾਰਤ, ਅਭਿਸ਼ੇਕ ਸ਼ਰਮਾ ‘ਤੇ ਉੱਠਦੇ ਸਵਾਲਾਂ ਵਿਚਾਲੇ ਕੀ ਟੀਮ ‘ਚ ਹੋਵੇਗਾ ਕੋਈ ਬਦਲਾਅ

4
0

Source :- BBC PUNJABI

ਭਾਰਤੀ ਟੀਮ ਦੇ ਖਿਡਾਰੀ ਮੈਚ ਦੌਰਾਨ ਜਸ਼ਨ ਮਨਾਉਂਦੇ ਹੋਏ

ਤਸਵੀਰ ਸਰੋਤ, Getty Images

ਭਾਰਤੀ ਕ੍ਰਿਕਟ ਟੀਮ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ।

ਇਸ ਜਿੱਤ ਨਾਲ ਭਾਰਤ ਲਗਾਤਾਰ ਦੂਜਾ ਫਾਈਨਲ ਮੈਚ ਖੇਡੇਗੀ। 2024 ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ ਚੈਂਪੀਅਨ ਬਣੀ ਸੀ।

ਹੁਣ ਭਾਰਤ ਇਤਿਹਾਸ ਰਚਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਟੀ-20 ਵਿਸ਼ਵ ਕੱਪ ਦਾ ਫਾਈਨਲ 8 ਮਾਰਚ ਨੂੰ ਨਿਊਜ਼ੀਲੈਂਡ ਨਾਲ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।

ਇਸ ਰਿਪੋਰਟ ਵਿੱਚ ਭਾਰਤ ਅਤੇ ਇਗਲੈਂਡ ਵਿਚਾਲੇ ਹੋਏ ਮੁਕਾਬਲੇ ਦੇ ਟਰਨਿੰਗ ਪੁਆਇੰਟ ਤੇ ਟੀ-20 ਵਿਸ਼ਵ ਕੱਪ ਦੇ ਟਾਪ 5 ਫਾਈਨਲ ਮੁਕਾਬਲਿਆਂ ਦੀ ਗੱਲ ਕਰਾਂਗੇ।

ਭਾਰਤ ਨੇ ਕਿਵੇਂ ਜਿੱਤ ਕੀਤੀ ਦਰਜ ?

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਪਰ ਭਾਰਤ ਨੇ ਇੰਗਲੈਂਡ ਦੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਗਲਤ ਸਾਬਿਤ ਕਰਦਿਆਂ 20 ਓਵਰਾਂ ਵਿੱਚ 253 ਦੌੜਾਂ ਬਣਾਈਆਂ।

ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਦੂਜਾ ਸਭ ਤੋਂ ਵੱਡਾ ਟੋਟਲ ਸਕੋਰ ਸੀ। ਇਸ ਤੋਂ ਪਹਿਲਾਂ ਇਸੇ ਵਿਸ਼ਵ ਕੱਪ ਵਿੱਚ ਭਾਰਤ ਨੇ ਜ਼ਿੰਮਬਾਬਵੇ ਖ਼ਿਲਾਫ਼ 256 ਦੌੜਾਂ ਬਣਾਈਆਂ ਸਨ।

ਇੱਕ ਸਮੇਂ ਲੱਗ ਰਿਹਾ ਸੀ ਭਾਰਤੀ ਟੀਮ ਅਸਾਨੀ ਨਾਲ ਇਹ ਮੈਚ ਜਿੱਤ ਜਾਵੇਗੀ। ਪਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਵੀ ਪੂਰੀ ਟੱਕਰ ਦਿੱਤੀ। ਭਾਰਤ ਵੱਲੋਂ ਸੰਜੂ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 89 ਦੌੜਾਂ ਦੀ ਪਾਰੀ ਖੇਡੀ।

ਸ਼ਿਵਮ ਦੂਬੇ ਨੇ 43, ਈਸ਼ਾਨ ਕਿਸ਼ਨ ਨੇ 39, ਹਾਰਦਿਕ ਪਾਂਡਿਆ ਨੇ 27 ਤੇ ਤਿਲਕ ਵਰਮਾ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਦੇ ਵਿਲ ਜੈਕਸ ਤੇ ਆਦਿਲ ਰਸ਼ੀਦ ਨੂੰ 2-2 ਵਿਕਟ ਮਿਲੇ।

ਜਵਾਬ ਵਿੱਚ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ। ਇੰਗਲੈਂਡ ਨੇ 13 ਦੌੜਾਂ ‘ਤੇ ਪਹਿਲਾ ਵਿਕਟ ਗੁਆ ਦਿੱਤਾ ਸੀ। ਪਾਵਰਪਲੇਅ ਵਿੱਚ ਹੀ ਇੰਗਲੈਂਡ ਦੇ ਤਿੰਨ ਵਿਕਟ ਡਿੱਗ ਚੁੱਕੇ ਸਨ।

ਪਰ ਇਸ ਮਗਰੋਂ ਨੰਬਰ-4 ‘ਤੇ ਬੱਲੇਬਾਜ਼ੀ ਕਰਨ ਆਏ ਜੈਕਬ ਬੈਥਲ ਨੇ ਇੱਕ ਪਾਸੇ ਤੋਂ ਪਾਰੀ ਸੰਭਾਲੀ ਰੱਖੀ। ਉਨ੍ਹਾਂ ਨੇ 48 ਗੇਂਦਾਂ ਵਿੱਚ 105 ਦੌੜਾਂ ਬਣਾਈਆਂ। ਬੈਥਲ ਨੇ ਤਿੰਨ ਅਹਿਮ ਸਾਂਝੇਦਾਰੀਆਂ ਕੀਤੀਆਂ।

ਉਨ੍ਹਾਂ ਨੇ ਟੌਮ ਬੈਂਟਨ ਨਾਲ ਚੌਥੇ ਵਿਕਟ ਲਈ 10 ਗੇਂਦਾਂ ‘ਤੇ 31 ਦੌੜਾਂ, ਵਿਲ ਜੈਕਸ ਨਾਲ ਪੰਜਵੇਂ ਵਿਕਟ ਲਈ 39 ਗੇਂਦਾਂ ‘ਤੇ 77 ਦੌੜਾਂ ਅਤੇ ਸੈਮ ਕਰਨ ਨਾਲ ਛੇਵੇਂ ਵਿਕਟ ਲਈ 27 ਗੇਂਦਾਂ ‘ਤੇ 50 ਦੌੜਾਂ ਦੀ ਸਾਂਝੇਦਾਰੀ ਕੀਤੀ।

ਪਰ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਰਨ ਆਉਟ ਹੋਣ ਤੋਂ ਬਾਅਦ ਇੰਗਲੈਂਡ ਦੀ ਟੀਮ 7 ਦੌੜਾਂ ਦੂਰ ਰਹਿ ਗਈ।

ਮੈਚ ਵਿੱਚ ਕਿਹੜੇ ਰਹੇ ਟਰਨਿੰਗ ਪੁਆਇੰਟ?

ਭਾਰਤੀ ਟੀਮ ਵੱਲੋਂ ਜਸ਼ਨ ਮਨਾਉਂਦਿਆਂ ਵੇਲੇ ਦੀ ਤਸਵੀਰ।

ਤਸਵੀਰ ਸਰੋਤ, Getty Images

ਭਾਰਤ ਦੀ ਬੱਲੇਬਾਜ਼ੀ ਵਿੱਚ ਜਿੱਥੇ ਸੰਜੂ ਸੈਮਸਨ ਨੇ ਕਮਾਲ ਕੀਤਾ ਉੱਥੇ ਹੀ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੇ ਆਪਣੇ ਗੇਂਦ ਨਾਲ ਅਹਿਮ ਯੋਗਦਾਨ ਦਿੱਤਾ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 33 ਦੌੜਾਂ ਦਿੱਤੀਆਂ।

ਜਸਪ੍ਰੀਤ ਦੇ 16ਵੇਂ ਅਤੇ 18ਵੇਂ ਓਵਰ ਕਾਫੀ ਚੰਗੇ ਰਹੇ। ਉਨ੍ਹਾਂ ਨੇ 16ਵੇਂ ਓਵਰ ਵਿੱਚ ਸਿਰਫ਼ 8 ਦੌੜਾਂ ਦਿੱਤੀਆਂ। ਜਦੋਂ ਇੰਗਲੈਂਡ ਨੂੰ 3 ਓਵਰਾਂ ਵਿੱਚ ਜਿੱਤਣ ਲਈ 45 ਦੌੜਾਂ ਚਾਹੀਦੀਆਂ ਸਨ ਤਾਂ ਜਸਪ੍ਰੀਤ ਨੇ 18ਵੇਂ ਓਵਰ ਵਿੱਚ ਸਿਰਫ਼ 6 ਦੌੜਾਂ ਦਿੱਤੀ।

ਜਦਕਿ ਕਰੀਜ਼ ‘ਤੇ ਬੈਥਲ ਵੀ ਮੌਜੂਦ ਸਨ। ਇਸ ਸ਼ਾਨਦਾਰ ਗੇਂਦਬਾਜ਼ੀ ਸਦਕਾ ਇੰਗਲੈਂਡ ਦੇ ਬੱਲੇਬਾਜ਼ ਕਾਫ਼ੀ ਦਬਾਅ ਵਿੱਚ ਆ ਗਏ। ਅੰਤ ਵਿੱਚ ਇੰਗਲੈਂਡ ਦੀ ਟੀਮ ਨੂੰ 2 ਓਵਰਾਂ ਵਿੱਚ ਜਿੱਤਣ ਲਈ 39 ਦੌੜਾਂ ਚਾਹੀਦੀਆਂ ਸਨ।

ਜਿਸ ਮਗਰੋਂ ਹਾਰਦਿਕ ਪਾਂਡਿਆ ਤੇ ਸ਼ਿਵਮ ਦੂਬੇ ਨੇ ਇਸ ਸਕੋਰ ਨੂੰ ਬਚਾਅ ਲਿਆ। ਟੀਮ ਨੂੰ ਜਿੱਤ ਹਾਸਲ ਹੋਈ। ਬੁਮਰਾਹ ਦੇ ਦੋ ਓਵਰ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਏ।

ਸੈਮੀਫਾਈਨਲ ਮੁਕਾਬਲੇ ਵਿੱਚ ਦੋਨੋਂ ਟੀਮਾਂ ਤਕਰੀਬਨ ਬਰਾਬਰ ਖੇਡੀਆਂ। ਹਾਲਾਂਕਿ ਮੈਚ ਵਿੱਚ ਟੀਮਾਂ ਵੱਲੋਂ ਇੱਕ ਦੋ ਗਲਤੀਆਂ ਵੀ ਹੋਈਆਂ ਜੋ ਉਨ੍ਹਾਂ ‘ਤੇ ਭਾਰੂ ਵੀ ਪਈਆਂ।

ਜਿਵੇਂ ਸਭ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਵੱਲੋਂ ਸੰਜੂ ਸੈਮਸਨ ਦਾ 15 ਦੇ ਸਕੋਰ ‘ਤੇ ਕੈਚ ਛੱਡਣਾ। ਇਸ ਮਗਰੋਂ ਸੰਜੂ ਸੈਮਸਨ ਨੇ 74 ਦੌੜਾਂ ਬਣਾਈਆਂ ਤੇ ਉਹ 89 ਦੌੜਾਂ ਬਣਾ ਕੇ ਆਊਟ ਹੋਏ।

ਮੈਚ ਤੋਂ ਬਾਅਦ ਹੈਰੀ ਬਰੂਕ ਨੇ ਮੰਨਿਆ ਵੀ ਕਿ ਉਨ੍ਹਾਂ ਵੱਲੋਂ ਕੈਚ ਛੱਡਣਾ ਵੱਡੀ ਗਲਤੀ ਸੀ। ਹੈਰੀ ਬਰੂਕ ਨੇ ਕਿਹਾ ਮੈਂ ਮੰਨਦਾ ਹਾਂ ਅਸੀਂ ਫੀਲਡਿੰਗ ਚੰਗੀ ਨਹੀਂ ਕੀਤੀ। ਜਦੋਂ ਭਾਰਤੀ ਟੀਮ ਗੇਂਦਬਾਜ਼ੀ ਕਰਨ ਉੱਤਰੀ ਤਾਂ ਅਕਸ਼ਰ ਪਟੇਲ ਨੇ ਜ਼ਬਰਦਸਤ ਫਿਲਡਿੰਗ ਕੀਤੀ।

ਪਟੇਲ ਨੇ ਪਹਿਲਾਂ ਇੰਗਲੈਂਡ ਦੇ ਕਪਤਾਨ ਦੇ ਕੈਚ ਪਿੱਛੇ ਵੱਲ ਦੌੜ ਲਗਾਉਂਦੇ ਹੋਏ ਫੜਿਆ। ਦੂਜਾ ਕੈਚ ਉਨ੍ਹਾਂ ਨੇ ਵਿਲ ਜੈਕਸ ਦਾ ਬਾਊਂਡਰੀ ‘ਤੇ ਫੜ ਕੇ ਨੇੜੇ ਖੜੇ ਸ਼ਿਵਮ ਦੂਬੇ ਵੱਲ ਸੁੱਟਿਆ।

ਨਿਊਜ਼ੀਲੈਂਡ ਟੂਰਨਾਮੈਂਟ ਦੀ ਬੈਸਟ ਟੀਮ

ਖੇਡ ਪੱਤਰਕਾਰ ਚੰਦਰਸ਼ੇਖਰ ਲੁਥਰਾ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਇਸ ਟੂਰਨਾਮੈਂਟ ਦੀ ਸਭ ਤੋਂ ਬੈਸਟ ਟੀਮ ਦੱਸਿਆ।

ਤਸਵੀਰ ਸਰੋਤ, Getty Images

ਖੇਡ ਪੱਤਰਕਾਰ ਚੰਦਰਸ਼ੇਖਰ ਲੁਥਰਾ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਇਸ ਟੂਰਨਾਮੈਂਟ ਦੀ ਸਭ ਤੋਂ ਬੈਸਟ ਟੀਮ ਦੱਸਿਆ। ਚੰਦਰਸ਼ੇਖਰ ਲੁਥਰਾ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਨਿਊਜ਼ੀਲੈਂਡ ਟੂਰਨਾਮੈਂਟ ਦੀ ਬੈਸਟ ਟੀਮ ਹੈ।”

”ਜਦਕਿ ਹੁਣ ਭਾਰਤ ਦੀ ਟੀਮ ਫਾਈਨਲ ਵਿੱਚ ਪੁੱਜੀ ਹੈ ਤਾਂ ਭਾਰਤ ਦੂਜੇ ਨੰਬਰ ‘ਤੇ ਬੈਸਟ ਹੈ।”

ਲੁਥਰਾ ਨੇ ਕਿਹਾ ਨਿਊਜ਼ੀਲੈਂਡ ਦੀ ਟੀਮ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ।

”ਭਾਰਤ ਨੂੰ ਜੇਕਰ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾਉਣਾ ਹੈ ਤਾਂ ਉਸ ਨੂੰ ਆਪਣੀ ਖੇਡ ਉਸੇ ਤਰ੍ਹਾਂ ਖੇਡਣੀ ਪਵੇਗੀ ਜਿਵੇਂ ਇੰਗਲੈਂਡ ਦੇ ਖ਼ਿਲਾਫ਼ ਖੇਡੀ।”

ਚੰਦਰਸ਼ੇਖਰ ਲੁਥਰਾ ਕਹਿੰਦੇ ਹਨ ਕਿ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਕੁਝ ਗਲਤੀਆਂ ਕੀਤੀਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਗਲਤੀਆਂ ਨੂੰ ਸੁਧਾਰ ਲਿਆ ਤੇ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ।

ਲੁਥਰਾ ਨੇ ਕਿਹਾ ਭਾਰਤ ਨੂੰ ਪੌਜ਼ੀਟਿਵ ਅਪਰੋਚ ਰੱਖਣੀ ਪਵੇਗੀ। ਉਸ ਦਿਨ ਚੰਗਾ ਕ੍ਰਿਕਟ ਖੇਡਣਾ ਪਵੇਗਾ।

ਕੀ ਭਾਰਤੀ ਟੀਮ ਅਭਿਸ਼ੇਕ ਸ਼ਰਮਾ ਨੂੰ ਬਦਲ ਸਕਦੀ?

ਭਾਰਤ ਦੇ ਓਪਨਰ ਅਭਿਸ਼ੇਕ ਸ਼ਰਮਾ ਸੈਮੀਫਾਈਨਲ ਮੁਕਾਬਲੇ ਵਿੱਚ ਸ਼ਾਟ ਖੇਡਦੇ ਹੋਏ

ਤਸਵੀਰ ਸਰੋਤ, Getty Images

ਭਾਰਤ ਦੇ ਓਪਨਰ ਅਭਿਸ਼ੇਕ ਸ਼ਰਮਾ ਸੈਮੀਫਾਈਨਲ ਮੁਕਾਬਲੇ ਵਿੱਚ ਕੇਵਲ 9 ਦੌੜਾਂ ਬਣਾ ਕੇ ਆਊਟ ਹੋ ਗਏ। ਅਭਿਸ਼ੇਕ ਸ਼ਰਮਾ ਵਿਸ਼ਵ ਕੱਪ ਵਿੱਚ ਲਗਾਤਾਰ ਫੇਲ੍ਹ ਹੁੰਦੇ ਆਏ ਹਨ।

ਹੁਣ ਨਿਊਜ਼ੀਲੈਂਡ ਖ਼ਿਲਾਫ਼ ਕੀ ਉਨ੍ਹਾਂ ਦੀ ਥਾਂ ਕੋਈ ਹੋਰ ਖਿਡਾਰੀ ਖੇਡ ਸਕਦਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਖੇਡ ਪੱਤਰਕਾਰ ਚੰਦਰਸ਼ੇਖਰ ਲੁਥਰਾ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਫਾਈਨਲ ਵਿੱਚ ਅਭਿਸ਼ੇਕ ਸ਼ਰਮਾ ਦੀ ਥਾਂ ਹੋਰ ਖਿਡਾਰੀ ਨੂੰ ਖਿਡਾਉਣਾ ਚਾਹੀਦਾ ਹੈ।”

ਲੁਥਰਾ ਨੇ ਕਿਹਾ ਅਭਿਸ਼ੇਕ ਸ਼ਰਮਾ ਨੇ ਜੇਕਰ ਰਨ ਨਹੀਂ ਬਣਾਏ ਤਾਂ ਟੀਮਾਂ ਨੇ ਉਨ੍ਹਾਂ ਖ਼ਿਲਾਫ਼ ਤਿਆਰੀ ਵੀ ਖ਼ਾਸ ਕੀਤੀ। ਜਿਸ ਨਾਲ ਹੋਰ ਖਿਡਾਰੀਆਂ ਨੂੰ ਖੇਡਣਾ ਆਸਾਨ ਹੋ ਗਿਆ।

ਲੁਥਰਾ ਕਹਿੰਦੇ ਹਨ ਕਿ ਅਭਿਸ਼ੇਕ ਸ਼ਰਮਾ ਕਦੇ ਵੀ ਮੈਚ ਜਿਤਾ ਸਕਦੇ ਹਨ। ਉਨ੍ਹਾਂ ਵਿੱਚ ਕਾਬਲੀਅਤ ਹੈ। ਕੀ ਪਤਾ ਆਖਰੀ ਮੈਚ ਵਿੱਚ ਅਭਿਸ਼ੇਕ ਚੰਗਾ ਸਕੋਰ ਬਣਾ ਦੇਣ।

ਸਾਬਕਾ ਕ੍ਰਿਕਟਰ ਸਰਨਦੀਪ ਸਿੰਘ ਦਾ ਵੀ ਮੰਨਣਾ ਹੈ ਕਿ ਭਾਰਤ ਨੂੰ ਫਾਈਨਲ ਲਈ ਟੀਮ ਵਿੱਚ ਕੋਈ ਬਦਲਾਅ ਨਹੀਂ ਕਰਨਾ ਚਾਹੀਦਾ।

ਅਭਿਸ਼ੇਕ ਸ਼ਰਮਾ ਬਾਰੇ ਸਰਨਦੀਪ ਕਹਿੰਦੇ ਹਨ ਕਿ ਉਹ ਮੈਚ ਵਿਨਰ ਹੈ ਅਤੇ ਅਜਿਹੇ ਮੌਕੇ ਉਸ ਨੂੰ ਬਾਹਰ ਬਿਠਾਉਣਾ ਚੰਗਾ ਨਹੀਂ ਹੋਵੇਗਾ। ਟੀਮ ਨੂੰ ਵਿਨਿੰਗ ਕਾਮਬੀਨੇਸ਼ਨ ਨਾਲ ਹੀ ਫਾਈਨਲ ਵਿੱਚ ਉਤਰਨਾ ਚਾਹੀਦਾ ਹੈ।

ਟਾਪ 5 ਟੀ-20 ਵਿਸ਼ਵ ਕੱਪ ਦੇ ਫਾਈਨਲ

ਟਾਪ 5 ਟੀ-20 ਵਿਸ਼ਵ ਕੱਪ ਦੇ ਫਾਈਨਲ

ਤਸਵੀਰ ਸਰੋਤ, Getty Images

ਟੀ-20 ਕ੍ਰਿਕਟ ਆਪਣੀ ਤੇਜ਼ ਰਫ਼ਤਾਰ ਅਤੇ ਰੋਮਾਂਚ ਲਈ ਜਾਣੀ ਜਾਂਦੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਈ ਅਜਿਹੇ ਫਾਈਨਲ ਹੋਏ ਹਨ ਜਿਨ੍ਹਾਂ ਦਾ ਫੈਸਲਾ ਆਖ਼ਰੀ ਓਵਰ ਵਿੱਚ ਹੋਇਆ ਅਤੇ ਦਰਸ਼ਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ।

2007- ਭਾਰਤ ਬਨਾਮ ਪਾਕਿਸਤਾਨ

ਸਾਲ 2007 ਵਿੱਚ ਪਹਿਲਾ ਹੀ ਟੀ-20 ਵਿਸ਼ਵ ਕੱਪ ਦਾ ਫਾਈਨਲ ਰੋਮਾਂਚਕ ਮੋੜ 'ਤੇ ਸਮਾਪਤ ਹੋਇਆ ਸੀ।

ਤਸਵੀਰ ਸਰੋਤ, Getty Images

ਸਾਲ 2007 ਵਿੱਚ ਪਹਿਲਾ ਹੀ ਟੀ-20 ਵਿਸ਼ਵ ਕੱਪ ਦਾ ਫਾਈਨਲ ਰੋਮਾਂਚਕ ਮੋੜ ‘ਤੇ ਸਮਾਪਤ ਹੋਇਆ ਸੀ। ਟੀ-20 ਵਿਸ਼ਵ ਕੱਪ ਦਾ ਪਹਿਲਾ ਫਾਈਨਲ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਜਦੋਂ ਵੀ ਆਹਮੋ ਸਾਹਮਣੇ ਹੁੰਦੀਆਂ ਹਨ ਇਸ ਦਾ ਰੋਮਾਂਚ ਹਮੇਸ਼ਾ ਹੀ ਵੱਖਰਾ ਹੁੰਦਾ ਹੈ। ਦਰਸ਼ਕ ਵੀ ਇਸ ਮੈਚ ਵਿੱਚ ਵੱਖਰੀ ਦਿਲਚਸਪੀ ਦਿਖਾਉਂਦੇ ਹਨ।

ਇਸ ਫਾਈਨਲ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 157 ਦੌੜਾਂ ਬਣਾਈਆਂ ਸਨ। ਲੋਅ ਸਕੋਰਿੰਗ ਮੈਚ ਵਿੱਚ ਮੈਚ ਕਦੇ ਭਾਰਤ ਤੇ ਕਦੇ ਪਾਕਿਸਤਾਨ ਵਾਲੇ ਪਾਸੇ ਜਾਂਦਾ ਦਿਖਾਈ ਦਿੱਤਾ।

158 ਦੌੜਾਂ ਦਾ ਪਿੱਛਾ ਕਰ ਰਹੀ ਪਾਕਿਸਤਾਨ ਦੀ ਟੀਮ ਨੂੰ ਆਖ਼ਰੀ ਓਵਰ ਵਿੱਚ ਜਿੱਤਣ ਲਈ 13 ਦੌੜਾਂ ਦੀ ਲੋੜ ਸੀ। ਪਾਕਿਸਤਾਨ ਦੇ ਬੱਲੇਬਾਜ਼ ਮਿਸਬਾਹ-ਉਲ-ਹੱਕ ਕਰੀਜ਼ ‘ਤੇ ਸਨ।

ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਗੇਂਦ ਜੋਗਿੰਦਰ ਸ਼ਰਮਾ ਨੂੰ ਦਿੱਤੀ। ਆਖਰੀ ਓਵਰ ਦੀ ਪਹਿਲੀ ਗੇਂਦ ਡਾਟ ਗਈ। ਦੂਜੇ ਗੇਂਦ ਉੱਤੇ ਮਿਸਬਾਹ ਨੇ ਛੱਕਾ ਜੜ ਦਿੱਤਾ। 4 ਗੇਂਦਾਂ ਵਿੱਚ 6 ਦੌੜਾਂ ਦੀ ਲੋੜ ਸੀ।

ਪਾਕਿਸਤਾਨ ਦੇ ਬੱਲੇਬਾਜ਼ ਮਿਸਬਾਹ-ਉਲ-ਹਕ ਨੇ ਸਕੂਪ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਹਵਾ ਵਿੱਚ ਚਲੀ ਗਈ ਅਤੇ ਉਹ ਕੈਚ ਆਊਟ ਹੋ ਗਏ। ਭਾਰਤ ਨੇ 5 ਦੌੜਾਂ ਨਾਲ ਮੈਚ ਜਿੱਤ ਕੇ ਪਹਿਲਾ ਟੀ-20 ਵਿਸ਼ਵ ਕੱਪ ਆਪਣੇ ਨਾਮ ਕੀਤਾ।

2016 – ਵੈਸਟ ਇੰਡੀਜ਼ ਵਿਰੁੱਧ ਇੰਗਲੈਂਡ

ਵੈਸਟ ਇੰਡੀਜ਼ ਅਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਇਹ ਫਾਈਨਲ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦੇ ਸਭ ਤੋਂ ਯਾਦਗਾਰ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images

ਵੈਸਟ ਇੰਡੀਜ਼ ਅਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਇਹ ਫਾਈਨਲ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦੇ ਸਭ ਤੋਂ ਯਾਦਗਾਰ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਦਰਅਸਲ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟ ਇੰਡੀਜ਼ ਸਾਹਮਣੇ 156 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਟਾਰਗੇਟ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਨੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾ ਲਈਆਂ ਸਨ।

ਵੈਸਟ ਇੰਡੀਜ਼ ਨੂੰ ਆਖ਼ਰੀ ਓਵਰ ਵਿੱਚ ਜਿੱਤਣ ਲਈ 19 ਦੌੜਾਂ ਦੀ ਲੋੜ ਸੀ। ਇੰਗਲੈਂਡ ਦੇ ਗੇਂਦਬਾਜ਼ ਬੈਨ ਸਟੋਕਸ ਗੇਂਦਬਾਜ਼ੀ ਕਰ ਰਹੇ ਸਨ।

ਵੈਸਟ ਇੰਡੀਜ਼ ਦੇ ਬੱਲੇਬਾਜ਼ ਕਾਰਲੋਸ ਬ੍ਰੈਥਵੇਟ ਨੇ ਲਗਾਤਾਰ ਚਾਰ ਗੇਂਦਾਂ ‘ਤੇ ਚਾਰ ਛੱਕੇ ਲਗਾ ਕੇ ਮੈਚ ਖ਼ਤਮ ਕਰ ਦਿੱਤਾ ਅਤੇ ਆਪਣੀ ਟੀਮ ਨੂੰ ਚੈਂਪੀਅਨ ਬਣਾ ਦਿੱਤਾ।

2014 – ਸ਼੍ਰੀਲੰਕਾ ਵਿਰੁੱਧ ਭਾਰਤ

2014 ਦਾ ਫਾਈਨਲ ਸ਼੍ਰੀਲੰਕਾ ਅਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

ਤਸਵੀਰ ਸਰੋਤ, Getty Images

2014 ਦਾ ਫਾਈਨਲ ਸ਼੍ਰੀਲੰਕਾ ਅਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 130 ਦੌੜਾਂ ਬਣਾਈਆਂ ਸਨ।

ਇਸ ਮੁਕਾਬਲੇ ਵਿੱਚ ਯੁਵਰਾਜ ਸਿੰਘ ਨੇ 21 ਗੇਂਦਾਂ ਵਿੱਚ ਸਿਰਫ਼ 11 ਦੌੜਾਂ ਬਣਾਈਆਂ ਸਨ। ਜਿਸ ਕਾਰਨ ਉਨ੍ਹਾਂ ਦੀ ਕਾਫ਼ੀ ਅਲੋਚਨਾ ਵੀ ਹੋਈ ਸੀ। 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਵਾਬ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਵੀ ਖ਼ਰਾਬ ਰਹੀ ਸੀ।

ਪਰ ਤਜਰਬੇਕਾਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਮੈਚ ਨੂੰ ਆਖ਼ਰੀ ਓਵਰਾਂ ਤੱਕ ਪਹੁੰਚਾ ਦਿੱਤਾ।

ਸੰਗਾਕਾਰਾ ਦੀ ਨਾਬਾਦ 52 ਦੌੜਾਂ ਦੀ ਪਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਮੈਚ ਜਿੱਤ ਕੇ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਮ ਕੀਤਾ।

2022 – ਇੰਗਲੈਂਡ ਬਨਾਮ ਪਾਕਿਸਤਾਨ

ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਇਹ ਫਾਈਨਲ ਵੀ ਕਾਫ਼ੀ ਰੋਮਾਂਚਕ ਰਿਹਾ।

ਤਸਵੀਰ ਸਰੋਤ, Getty Images

ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਇਹ ਫਾਈਨਲ ਵੀ ਆਖਰੀ ਦੇ ਓਵਰਾਂ ਵਿੱਚ ਪਹੁੰਚਿਆ।ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 137 ਦੌੜਾਂ ਬਣਾਈਆਂ।

ਪਰ ਇੰਗਲੈਂਡ ਨੂੰ ਜਿੱਤ ਲਈ ਸੰਘਰਸ਼ ਕਰਨਾ ਪਿਆ ਅਤੇ ਮੈਚ ਆਖ਼ਰੀ ਓਵਰਾਂ ਤੱਕ ਚੱਲਿਆ। ਇੰਗਲੈਂਡ ਨੇ 45 ਦੌੜਾਂ ‘ਤੇ 3 ਵਿਕਟ ਗਵਾ ਦਿੱਤੇ ਸਨ। ਪਰ ਬੈਨ ਸਟੋਕਸ ਨੇ ਸ਼ਾਨਦਾਰ ਪਾਰੀ ਖੇਡੀ।

ਬੈਨ ਸਟੋਕਸ ਨੇ ਨਾਬਾਦ 52 ਦੌੜਾਂ ਦੀ ਪਾਰੀ ਖੇਡੀ ਅਤੇ ਇੰਗਲੈਂਡ ਨੂੰ 19ਵੇਂ ਓਵਰ ਵਿੱਚ ਜਿੱਤ ਦਿਵਾਈ। ਇਹ ਇੰਗਲੈਂਡ ਦਾ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਸੀ।

2024 – ਭਾਰਤ ਬਨਾਮ ਦੱਖਣੀ ਅਫਰੀਕਾ

2024 – ਭਾਰਤ ਬਨਾਮ ਦੱਖਣੀ ਅਫਰੀਕਾ

ਤਸਵੀਰ ਸਰੋਤ, Getty Images

2024 ਦੇ ਫਾਈਨਲ ਨੇ ਰੋਮਾਂਚ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ। ਇਹ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਸੀ। ਜੋ ਅਖੀਰਲੇ ਓਵਰ ਵਿੱਚ ਨਤੀਜੇ ‘ਤੇ ਪਹੁੰਚਿਆ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਅੱਗੇ 177 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਟੀਚਾ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੇ 12ਵੇਂ ਸਕੋਰ ‘ਤੇ ਦੋ ਵਿਕਟ ਆਊਟ ਹੋ ਚੁੱਕੇ ਸਨ।

ਪਰ ਹੈਨਰੀਚ ਕਲਾਸਨ ਦੀ 52 ਦੌੜਾਂ ਦੀ ਪਾਰੀ ਨੇ ਟੀਮ ਨੂੰ ਟੀਚੇ ਦੇ ਕਾਫ਼ੀ ਨੇੜੇ ਪਹੁੰਚਾ ਦਿੱਤਾ। ਆਖ਼ਰੀ ਓਵਰ ਵਿੱਚ ਦੱਖਣੀ ਅਫਰੀਕਾ ਨੂੰ ਮੈਚ ਜਿੱਤਣ ਲਈ 16 ਦੌੜਾਂ ਦੀ ਲੋੜ ਸੀ ਅਤੇ ਗੇਂਦਬਾਜ਼ੀ ਕਰ ਰਹੇ ਸਨ ਹਾਰਦਿਕ ਪਾਂਡਿਆ।

ਸਾਹਮਣੇ ਸਨ ਦੱਖਣੀ ਅਫਰੀਕੀ ਬੱਲੇਬਾਜ਼ ਡੇਵਿਡ ਮਿਲਰ। ਪਾਂਡਿਆ ਦੀ ਪਹਿਲੀ ਹੀ ਗੇਂਦ ਤੇ ਮਿਲਰ ਨੇ ਹਵਾ ਵਿੱਚ ਸ਼ਾਟ ਖੇਡਿਆ ਤੇ ਲੌਂਗ ਆਫ ਉੱਤੇ ਖੜ੍ਹੇ ਸੁਰਿਆ ਕੁਮਾਰ ਯਾਦਵ ਨੇ ਲਾਜਵਾਬ ਕੈਚ ਫੜਿਆ। ਇਹ ਕੈਚ ਫੈਸਲਾਕੁੰਨ ਸਾਬਤ ਹੋਇਆ।

ਭਾਰਤੀ ਗੇਂਦਬਾਜ਼ਾਂ ਨੇ ਦਬਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੇ 7 ਦੌੜਾਂ ਨਾਲ ਜਿੱਤ ਦਰਜ ਕਰਕੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਦੂਜੀ ਵਾਰ ਆਪਣੇ ਨਾਮ ਕੀਤਾ।

ਕੌਣ ਕਿੰਨੀ ਵਾਰ ਬਣਿਆ ਚੈਂਪੀਅਨ

ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 2007 ਵਿੱਚ ਹੋਈ ਸੀ। ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਹੋ ਰਿਹਾ 2026 ਦਾ ਵਿਸ਼ਵ ਕੱਪ 10ਵਾਂ ਟੂਰਨਾਮੈਂਟ ਹੈ।

ਹੁਣ ਤੱਕ ਭਾਰਤ, ਇੰਗਲੈਂਡ ਤੇ ਵੈਸਟ ਇੰਡੀਜ਼ ਨੇ 2-2 ਵਾਰ ਜਦਕਿ ਆਸਟ੍ਰੇਲੀਆ,ਪਾਕਿਸਤਾਨ ਤੇ ਸ਼੍ਰੀਲੰਕਾ ਨੇ 1-1 ਵਾਰ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ। )

source : BBC PUNJABI