Source :- BBC PUNJABI

ਤਸਵੀਰ ਸਰੋਤ, Reuters
6 ਘੰਟੇ ਪਹਿਲਾਂ
ਸੋਮਵਾਰ ਨੂੰ ਏਸ਼ੀਆ ਦੇ ਸਾਰੇ ਸ਼ੇਅਰ ਬਾਜ਼ਾਰਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਸਮਾਨ ‘ਤੇ ਆਯਾਤ ਕਰ ਲਗਾਉਣ ਦਾ ਐਲਾਨ ਕੀਤਾ ਸੀ।
ਇਸ ਤੋਂ ਬਾਅਦ ਹੀ ਏਸ਼ੀਆ ਦੇ ਨਾਲ-ਨਾਲ ਅਮਰੀਕਾ ਦੇ ਸ਼ੇਅਰ ਬਾਜ਼ਾਰਾਂ ‘ਚ ਉੱਥਲ-ਪੁੱਥਲ ਮਚ ਗਈ ਹੈ।
ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ, “ਮੈਂ ਕਿਸੇ ਵੀ ਚੀਜ਼ ‘ਚ ਗਿਰਾਵਟ ਨਹੀਂ ਚਾਹੁੰਦਾ ਹਾਂ, ਪਰ ਕਈ ਵਾਰ ਚੀਜ਼ਾਂ ਠੀਕ ਕਰਨ ਲਈ ਦਵਾਈ ਲੈਣੀ ਹੀ ਪੈਂਦੀ ਹੈ।”
ਸੋਮਵਾਰ ਨੂੰ ਏਸ਼ੀਆ ਦੇ ਵੱਡੇ ਸ਼ੇਅਰ ਬਾਜ਼ਾਰਾਂ ਦੇ ਖੁੱਲ੍ਹਦਿਆਂ ਹੀ ਭਾਰੀ ਗਿਰਾਵਟ ਦਰਜ ਕੀਤੀ ਗਈ।
ਆਓ, ਵੇਖਦੇ ਹਾਂ ਕਿ ਭਾਰਤ ਸਮੇਤ ਹੋਰ ਕਿਹੜੇ ਦੇਸ਼ਾਂ ‘ਚ ਕਿੰਨੀ ਗਿਰਾਵਟ ਵੇਖਣ ਨੂੰ ਮਿਲੀ ਹੈ?

ਏਸ਼ੀਆ ‘ਚ ਕਿੱਥੇ ਕਿੰਨਾ ਡਿੱਗਿਆ ਬਾਜ਼ਾਰ?
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਰੇਸੀਪ੍ਰੋਕਲ ਟੈਰਿਫ ਲਗਾਉਣ ਦੇ ਐਲਾਨ ਦਾ ਪ੍ਰਭਾਵ ਭਾਰਤੀ ਸ਼ੇਅਰ ਬਾਜ਼ਾਰ ‘ਚ ਵੀ ਵੇਖਿਆ ਗਿਆ।
ਸ਼ੋਮਵਾਰ ਦੀ ਸਵੇਰ ਨੂੰ ਨਿਫਟੀ ‘ਚ ਚਾਰ ਫੀਸਦੀ ਤੋਂ ਵੀ ਵੱਧ ਗਿਰਾਵਟ ਵੇਖਣ ਨੂੰ ਮਿਲੀ। ਉੱਥੇ ਹੀ ਸੈਂਸੈਕਸ ‘ਚ 2,300 ਅੰਕਾਂ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।
ਏਸ਼ੀਆ ਦੇ ਬਾਕੀ ਦੇਸ਼ਾਂ ‘ਚ ਵੀ ਸ਼ੇਅਰ ਬਾਜ਼ਾਰ ਦਾ ਹਾਲ ਕੁਝ ਇਸ ਤਰ੍ਹਾਂ ਦਾ ਹੀ ਰਿਹਾ।
- ਜਾਪਾਨ ਦੇ ਨਿੱਕੇਈ ‘ਚ 6.3 ਫੀਸਦ ਦੀ ਗਿਰਾਵਟ
- ਹਾਂਗ ਕਾਂਗ ਦੇ ਹੇਂਗ ਸੇਂਗ ‘ਚ 9.8 ਫੀਸਦ ਦੀ ਗਿਰਾਵਟ
- ਮੇਨਲੈਂਡ ਚੀਨ ਦੇ ਸ਼ੰਘਾਈ ਕੰਪੋਜ਼ਿਟ ‘ਚ 6.6 ਫੀਸਦ ਦੀ ਗਿਰਾਵਟ
- ਆਸਟ੍ਰੇਲੀਆ ਦੇ ਏਐੱਸਐਕਸ 200 ‘ਚ 4.5 ਫੀਸਦ ਦੀ ਗਿਰਾਵਟ
- ਦੱਖਣੀ ਕੋਰੀਆ ਦੇ ਕੋਸਪੀ ‘ਚ 4.4 ਫੀਸਦ ਦੀ ਗਿਰਾਵਟ
- ਤਾਈਵਾਨ ਦੇ ਤਾਈਐਕਸ ‘ਚ 9.6 ਫੀਸਦ ਦੀ ਗਿਰਾਵਟ
- ਸਿੰਗਾਪੁਰ ਦੇ ਐੱਸਟੀਆਈ ‘ਚ 7.1 ਫੀਸਦ ਦੀ ਗਿਰਾਵਟ
- ਅਮਰੀਕਾ ਦੇ ਡਾਓ ਜੋਨਸ ਫਿਊਚਰਜ਼ ‘ਚ 2 ਫੀਸਦ ਦੀ ਗਿਰਾਵਟ
ਸ਼ੁੱਕਰਵਾਰ ਨੂੰ ਜਨਤਕ ਛੁੱਟੀ ਹੋਣ ਦੇ ਕਾਰਨ ਇੱਥੋਂ ਦੇ ਸ਼ੇਅਰ ਬਾਜ਼ਾਰ ਬੰਦ ਸਨ।

ਤਸਵੀਰ ਸਰੋਤ, EPA-EFE/REX/Shutterstock
ਟੈਰਿਫ ਬਾਰੇ ਕੀ ਬੋਲੇ ਰਾਸ਼ਟਰਪਤੀ ਟਰੰਪ ?
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੇਅਰ ਬਾਜ਼ਾਰ ‘ਚ ਮਚੀ ਹਲਚਲ ‘ਤੇ ਆਪਣੀ ਰਾਏ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਏਅਰਫੋਰਸ ਵਨ ‘ਤੇ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਅਚਾਨਕ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਜਦੋਂ ਸ਼ੇਅਰ ਬਾਜ਼ਾਰ ਦੇ ਸਬੰਧ ‘ਚ ਰਾਸ਼ਟਰਪਤੀ ਟਰੰਪ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆ ਕਿਹਾ, “ਬਾਜ਼ਾਰ ‘ਚ ਕੀ ਹੋਣ ਵਾਲਾ ਹੈ, ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਹਾਂ, ਪਰ ਸਾਡਾ ਦੇਸ਼ ਜ਼ਿਆਦਾ ਮਜ਼ਬੂਤ ਹੈ।”
ਰਾਸ਼ਟਰਪਤੀ ਟਰੰਪ ਨੇ ਕਿਹਾ, “ਮੈਂ ਕਿਸੇ ਚੀਜ਼ ‘ਚ ਗਿਰਾਵਟ ਨਹੀਂ ਵੇਖਣਾ ਚਾਹੁੰਦਾ ਹਾਂ, ਪਰ ਕਈ ਵਾਰ ਚੀਜ਼ਾਂ ਠੀਕ ਕਰਨ ਲਈ ਤੁਹਾਨੂੰ ਦਵਾਈ ਲੈਣੀ ਪੈਂਦੀ ਹੈ।”

ਤਸਵੀਰ ਸਰੋਤ, Reuters
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਟੈਰਿਫ ਲਗਾਉਣ ਤੋਂ ਬਾਅਦ ਨੌਕਰੀਆਂ ਅਤੇ ਨਿਵੇਸ਼ ਅਮਰੀਕਾ ‘ਚ ਵਾਪਸ ਆ ਰਹੇ ਹਨ ਅਤੇ ਦੁਨੀਆ ਜਲਦੀ ਹੀ ਅਮਰੀਕਾ ਨਾਲ ਬੁਰਾ ਵਤੀਰਾ ਕਰਨਾ ਬੰਦ ਕਰ ਦੇਵੇਗੀ।
ਟਰੰਪ ਟੈਰਿਫ ਲਗਾਉਣ ਦੇ ਫ਼ੈਸਲੇ ਦਾ ਬਚਾਅ ਕਰਦੇ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਵਸਥਾ ਅਸਥਾਈ ਹੋਵੇਗੀ।
ਉਨ੍ਹਾਂ ਨੇ ਕਿਹਾ, “ਮੈਂ ਕਈ ਯੂਰਪੀ ਅਤੇ ਏਸ਼ੀਆਈ ਆਗੂਆਂ ਨਾਲ ਗੱਲ ਕੀਤੀ ਹੈ। ਉਹ ਲੋਕ ਸਮਝੌਤਾ ਕਰਨ ਲਈ ਬੇਤਾਬ ਹਨ।”

ਕੀ ਕਹਿਣਾ ਹੈ ਮਾਹਰਾਂ ਦਾ?
ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ ‘ਤੇ ਰੈਸੀਪ੍ਰੋਕਲ ਟੈਰਿਫ ਲਗਾ ਕੇ ਸ਼ੇਅਰ ਬਾਜ਼ਾਰ ‘ਚ ਉੱਥਲ-ਪੁੱਥਲ ਦੀ ਸੰਭਾਵਨਾ ਨੂੰ ਵਧਾ ਦਿੱਤਾ ਸੀ।
ਬੀਬੀਸੀ ਨੇ ਇਸ ਮਾਮਲੇ ‘ਚ ਆਰਥਿਕ ਵਿਸ਼ਲੇਸ਼ਕ ਜੂਲੀਆ ਲੀ ਨਾਲ ਗੱਲਬਾਤ ਕੀਤੀ। ਉਹ ਐੱਫਟੀਐੱਸਈ ਰਸੇਲ ਨਾਲ ਸਬੰਧਤ ਹਨ। ਇਹ ਲੰਡਨ ਸਟਾਕ ਐਕਸਚੈਂਜ ਦੀ ਇੱਕ ਸਹਾਇਕ ਕੰਪਨੀ ਹੈ।
ਜੂਲੀਆ ਲੀ ਨੇ ਬੀਬੀਸੀ ਨੂੰ ਦੱਸਿਆ, “ਸਾਰੇ ਹੀ ਸ਼ੇਅਰ ਬਾਜ਼ਾਰ ਡਾਵਾਂਡੋਲ ਨਜ਼ਰ ਆ ਰਹੇ ਹਨ। ਸਾਰੇ ਹੀ ਖੇਤਰਾਂ ‘ਚ ਘੱਟ ਟ੍ਰੇਡਿੰਗ ਹੋ ਰਹੀ ਹੈ। ਅਮਰੀਕਾ ‘ਚ ਟ੍ਰੇਡਿੰਗ ਦਾ ਕੰਮ ਘੱਟ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਅੱਜ ਰਾਤ ਫਿਰ ਵਾਲ ਸਟ੍ਰੀਟ ‘ਤੇ ਮੁਸ਼ਕਲ ਦਾ ਦੌਰ ਆਵੇਗਾ।”
ਉਨ੍ਹਾਂ ਨੇ ਅੱਗੇ ਕਿਹਾ, “ਟੈਰਿਫ ਕਾਰਨ ਮਹਿੰਗਾਈ ਅਤੇ ਮੰਦੀ ਸਬੰਧੀ ਡਰ ‘ਚ ਵਾਧਾ ਹੋ ਰਿਹਾ ਹੈ।”
ਇਸ ਤੋਂ ਇਲਾਵਾ ਬੀਬੀਸੀ ਦੇ ਬਿਜਨੇਸ ਟੂਡੇ ਪ੍ਰੋਗਰਾਮ ‘ਚ ਆਰਥਿਕ ਮਾਮਲਿਆਂ ਦੇ ਮਾਹਰ ਨੀਲ ਨਿਊਮੈਨ ਨੇ ਵੀ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਉਨ੍ਹਾਂਕਿਹਾ ਕਿ ਸ਼ੇਅਰ ਬਾਜ਼ਾਰ ਦੇ ਸੰਭਲਣ ਦੀ ਸੰਭਾਵਨਾ ਹੈ, ਪਰ ਮੰਦੀ ਦਾ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ।
ਨੀਲ ਨਿਊਮੈਨ ਜਾਪਾਨ ਦੀ ਇੱਕ ਕੰਪਨੀ ਐਟ੍ਰਿਸ ਐਡਵਾਈਜ਼ਰੀ ਟਕਿੲ ‘ਚ ਹੈੱਡ ਆਫ਼ ਸਟ੍ਰੈਟਜੀ ਹਨ।
ਜਾਪਾਨ ਦੇ ਸ਼ੇਅਰ ਬਾਜ਼ਾਰ ‘ਚ ਬੈਂਕਿੰਗ ਸਟਾਕ, ਧਾਤੂ, ਖਣਿਜ ਅਤੇ ਤਕਨਾਲੋਜੀ ਉਦਯੋਗਾਂ ‘ਤੇ ਬਹੁਤ ਮਾਰ ਪਈ ਹੈ।
ਉਨ੍ਹਾਂ ਕਿਹਾ, “ਅਮਰੀਕਾ ਇੱਕ ਮਹੱਤਵਪੂਰਨ ਬਾਜ਼ਾਰ ਹੈ, ਪਰ ਇਹ ਦੁਨੀਆ ਦਾ ਇਕਲੌਤਾ ਬਾਜ਼ਾਰ ਨਹੀਂ ਹੈ। ਜਾਪਾਨ, ਚੀਨ ਅਤੇ ਦੱਖਣੀ ਕੋਰੀਆ ਦਰਮਿਆਨ ਗੱਲਬਾਤ ਵੀ ਸ਼ੁਰੂ ਹੋ ਗਈ ਹੈ।”
ਨਿਊਮੈਨ ਨੇ ਕਿਹਾ, “ਜਦੋਂ ਤੱਕ ਨਵੇਂ ਵਪਾਰਕ ਸਬੰਧ ਨਹੀਂ ਬਣ ਜਾਂਦੇ, ਉਦੋਂ ਤੱਕ ਦੁਨੀਆ ‘ਚ ਮੰਦੀ ਦਾ ਖ਼ਤਰਾ ਕਾਇਮ ਰਹੇਗਾ।”

ਭਾਰਤੀ ਬਾਜ਼ਾਰ ‘ਚ ਆਈ ਗਿਰਾਵਟ
ਏਸ਼ੀਆਈ ਬਾਜ਼ਾਰਾਂ ਦੀ ਤਰਜ਼ ‘ਤੇ ਭਾਰਤੀ ਸ਼ੇਅਰ ਬਾਜ਼ਾਰ ਵੀ ਸੋਮਵਾਰ ਸਵੇਰ ਤੋਂ ਹੀ ਭਾਰੀ ਗਿਰਾਵਟ ਨਾਲ ਅੱਗੇ ਵੱਧ ਰਿਹਾ ਹੈ। ਮਾਰਚ ਮਹੀਨੇ ਬਾਜ਼ਰ ‘ਚ ਜੋ ਥੋੜ੍ਹੀ ਬਹੁਤ ਤੇਜ਼ੀ ਵੇਖੀ ਗਈ ਸੀ, ਉਹ ਵੀ ਟੈਰਿਫ ਦੇ ਐਲਾਨ ਤੋਂ ਬਾਅਦ ਗਾਇਬ ਹੋ ਗਈ ਹੈ।
ਸ਼ੇਅਰ ਬਜ਼ਾਰ ਦੇ ਵਿਸ਼ਲੇਸ਼ਕ ਅਰੁਣ ਕੇਜਰੀਵਾਲ ਨੇ ਬੀਬੀਸੀ ਪੱਤਰਕਾਰ ਨਿਖਿਲ ਇਨਾਮਦਾਰ ਨੂੰ ਦੱਸਿਆ ਕਿ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਫਿਲਹਾਲ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਵਪਾਰਕ ਗੱਲਬਾਤ ਹੀ ਇਸ ਗਿਰਾਵਟ ਨੂੰ ਰੋਕ ਸਕਦੀ ਹੈ।
ਅਮਰੀਕਾ ‘ਚ ਮੰਦੀ ਦੇ ਡਰ ਦੇ ਕਾਰਨ ਭਾਰਤੀ ਆਈਟੀ ਕੰਪਨੀਆਂ ‘ਚ ਵੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਅਮਰੀਕੀ ਅਰਥਵਿਵਸਥਾ ਡਾਵਾਂਡੋਲ ਹੋਈ ਤਾਂ ਆਈਟੀ ਕੰਪਨੀਆਂ ਦੇ ਕੰਟਰੈਕਟ ਘੱਟ ਜਾਣਗੇ।
ਬੀਬੀਸੀ ਪੱਤਰਕਾਰ ਨਿਖਿਲ ਇਨਾਮਦਾਰ ਦੇ ਅਨੁਸਾਰ, “ਟੈਰਿਫ ਦੇ ਕਾਰਨ ਭਾਰਤ ਦਾ ਵਿਕਾਸ ਹੌਲੀ ਹੋ ਸਕਦਾ ਹੈ। ਕਈ ਵਿਸ਼ਲੇਸ਼ਕਾਂ ਨੇ ਤਾਂ ਭਾਰਤ ਦੇ ਜੀਡੀਪੀ ਅਨੁਮਾਨ ਨੂੰ ਵੀ ਘਟਾ ਦਿੱਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI