Home ਰਾਸ਼ਟਰੀ ਖ਼ਬਰਾਂ ਜੰਮੂ-ਕਸ਼ਮੀਰ: ਪਹਿਲਗਾਮ ਵਿੱਚ ਹਮਲੇ ਦੌਰਾਨ 20 ਤੋਂ ਵੱਧ ਸੈਲਾਨੀਆਂ ਦੀ ਮੌਤ, ਅਮਿਤ...

ਜੰਮੂ-ਕਸ਼ਮੀਰ: ਪਹਿਲਗਾਮ ਵਿੱਚ ਹਮਲੇ ਦੌਰਾਨ 20 ਤੋਂ ਵੱਧ ਸੈਲਾਨੀਆਂ ਦੀ ਮੌਤ, ਅਮਿਤ ਸ਼ਾਹ ਪਹੁੰਚੇ ਸ਼੍ਰੀ ਨਗਰ

3
0

Source :- BBC PUNJABI

ਫੌਜ

ਤਸਵੀਰ ਸਰੋਤ, Getty Images

  • ਲੇਖਕ, ਮਾਜਿਦ ਜਹਾਂਗੀਰ
  • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ
  • 22 ਅਪ੍ਰੈਲ 2025, 20:56 IST

    ਅਪਡੇਟ 36 ਮਿੰਟ ਪਹਿਲਾਂ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉੱਤੇ ਹਮਲਾ ਹੋਇਆ ਹੈ।

ਬੀਬੀਸੀ ਪੱਤਰਕਾਰ ਜੈਸਿਕਾ ਰੌਂਸਲੇ ਦੀ ਰਿਪੋਰਟ ਮੁਤਾਬਕ, ਸੈਲਾਨੀਆਂ ਦੇ ਇੱਕ ਸਮੂਹ ‘ਤੇ ਬੰਦੂਕਧਾਰੀਆਂ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ 20 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹਨ।

ਮੰਗਲਵਾਰ ਨੂੰ ਹੋਏ ਇਸ ਹਮਲੇ ਤੋਂ ਤੁਰੰਤ ਬਾਅਦ, ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਮੈਡੀਕਲ ਟੀਮ ਵੀ ਮੌਕੇ ‘ਤੇ ਪਹੁੰਚ ਗਈ।

ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਘਟਨਾ ਦੀ ਜਾਣਕਾਰੀ ਲਈ।

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸਭ ਤੋਂ ਵੱਡਾ ਹਮਲਾ ਦੱਸਿਆ ਹੈ।

ਫੌਜ

ਤਸਵੀਰ ਸਰੋਤ, Getty Images

ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਦੇ ਅਨੁਸਾਰ, ਕੁਝ ਜ਼ਖ਼ਮੀਆਂ ਨੂੰ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜੰਮੂ-ਕਸ਼ਮੀਰ ਦੀ ਸਿਹਤ ਮੰਤਰੀ ਸਕੀਨਾ ਇਟੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਜ਼ਖ਼ਮੀਆਂ ਨੂੰ ਅਨੰਤਨਾਗ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਲੋਕਾਂ ਦੀ ਹਾਲਤ ਹੁਣ ਸਥਿਰ ਹੈ ਜਦਕਿ ਇੱਕ ਦੀ ਹਾਲਤ ਨਾਜ਼ੁਕ ਹੈ।

ਉਨ੍ਹਾਂ ਨੇ ਤਿੰਨ ਹੋਰ ਜ਼ਖ਼ਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੂੰ ਸ਼੍ਰੀਨਗਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮਾਜਿਦ ਜਹਾਂਗੀਰ ਨੇ ਇਸ ਹਮਲੇ ਬਾਰੇ ਗੁਜਰਾਤ ਦੇ ਇੱਕ ਸੈਲਾਨੀ ਨਾਲ ਗੱਲ ਕੀਤੀ ਹੈ, ਜੋ ਉਸੇ ਸਮੂਹ ਵਿੱਚ ਸੀ ਜਿਸ ‘ਤੇ ਗੋਲੀਬਾਰੀ ਹੋਈ ਸੀ।

ਸੈਲਾਨੀ ਨੇ ਦੱਸਿਆ ਹੈ ਕਿ ਅਚਾਨਕ ਹੋਈ ਗੋਲੀਬਾਰੀ ਕਾਰਨ ਹਫ਼ੜਾ-ਦਫ਼ੜੀ ਮਚ ਗਈ ਅਤੇ ਹਰ ਕੋਈ ਰੋਂਦਾ-ਕੁਰਲਾਉਂਦਾ ਇਧਰ-ਉਧਰ ਭੱਜਣ ਲੱਗਾ।

ਯਮੁਨਾ ਜਗਦਾਲੇ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਦੇ ਦਿਓਰ ਅਤੇ ਦਰਾਣੀ ਆਪਣੀ ਧੀ ਦੇ ਨਾਲ ਕਸ਼ਮੀਰ ਘੁੰਮਣ ਗਏ ਸਨ।

ਉਨ੍ਹਾਂ ਨੇ ਕਿਹਾ, “ਸਾਨੂੰ ਤਾਂ ਇਹੀ ਖ਼ਬਰ ਮਿਲੀ ਹੈ ਕਿ ਮੇਰੇ ਦਿਓਰ ਨੂੰ ਗੋਲੀ ਲੱਗੀ ਅਤੇ ਬਾਕੀ ਮਾਵਾਂ ਧੀਆਂ ਸੁਰੱਖਿਅਤ ਹਨ। ਬਾਕੀ ਮੇਰਾ ਕੋਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ।”

ਪ੍ਰਧਾਨ ਮੰਤਰੀ ਮੋਦੀ

‘ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ’- ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਇਸ ਘਿਨਾਉਣੀ ਘਟਨਾ ਦੇ ਪਿੱਛੇ ਜੋ ਲੋਕ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੇਗੀ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।”

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਘਾਟੀ ਵਿੱਚ ਸੈਲਾਨੀਆਂ ਦਾ ਸੀਜ਼ਨ ਆਪਣੇ ਸਿਖ਼ਰ ‘ਤੇ ਹੈ।

ਪਹਿਲਗਾਮ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ। ਇਸ ਦੇ ਹਰੇ ਭਰੇ ਮੈਦਾਨਾਂ ਅਤੇ ਝੀਲਾਂ ਦੇ ਕਾਰਨ, ਹਰ ਸਾਲ ਬਹੁਤ ਸਾਰੇ ਸੈਲਾਨੀ ਇੱਥੇ ਆਉਂਦੇ ਹਨ।

ਉਮਰ ਅਬਦੁੱਲ੍ਹਾ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਮੈਂ ਬਿਲਕੁਲ ਹੈਰਾਨ ਹਾਂ। ਸੈਲਾਨੀਆਂ ‘ਤੇ ਇਹ ਹਮਲਾ ਇੱਕ ਘਿਣਾਉਣਾ ਕੰਮ ਹੈ।”

ਉਨ੍ਹਾਂ ਲਿਖਿਆ, “ਮਰਨ ਵਾਲਿਆਂ ਦੀ ਗਿਣਤੀ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ। ਮੈਂ ਇਸ ਸਮੇਂ ਵੇਰਵਿਆਂ ਵਿੱਚ ਨਹੀਂ ਜਾ ਰਿਹਾ ਹਾਂ। ਸਥਿਤੀ ਸਪੱਸ਼ਟ ਹੁੰਦੇ ਹੀ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਵੇਗਾ। ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਇਹ ਹਾਲ ਹੀ ਦੇ ਸਮੇਂ ਵਿੱਚ ਆਮ ਨਾਗਰਿਕਾਂ ‘ਤੇ ਸਭ ਤੋਂ ਵੱਡਾ ਹਮਲਾ ਹੈ।”

ਭਾਰਤੀ ਦੌਰੇ ਉੱਤੇ ਆਏ ਅਮਰੀਕਾ ਉੱਪ ਰਾਸ਼ਟਰਪਤੀ ਜੇਡੀ ਵੇਂਸ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਐਕਸ ਹੈਂਡਲ ਉੱਤੇ ਲਿਖਿਆ ਹੈ, “ਮੈਂ ਅਤੇ ਊਸ਼ਾ ਭਾਰਤ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ, ਅਸੀਂ ਇਸ ਦੇਸ਼ ਅਤੇ ਇਸ ਦੇ ਲੋਕਾਂ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋਏ ਹਾਂ। ਇਸ ਭਿਆਨਕ ਹਮਲੇ ਦੇ ਸੋਗ ਵਿੱਚ ਸਾਡੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ।”

ਇਹ ਵੀ ਪੜ੍ਹੋ-

ਅਮਿਤ ਸ਼ਾਹ ਨੇ ਹਮਲੇ ‘ਤੇ ਕੀ ਕਿਹਾ?

ਸੈਲਾਨੀਆਂ ‘ਤੇ ਹੋਈ ਗੋਲੀਬਾਰੀ ‘ਤੇ ਕੇਂਦਰੀ ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਮੈਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਨ।”

ਅਮਿਤ ਸ਼ਾਹ ਨੇ ਕਿਹਾ ਹੈ ਕਿ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।

ਅਮਿਤ ਸ਼ਾਹ ਨੇ ਕਿਹਾ ਹੈ, “ਪ੍ਰਧਾਨ ਮੰਤਰੀ ਮੋਦੀ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਬੰਧਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ।”

ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਹਮਲਾਵਰਾਂ ਨੂੰ ਛੱਡਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਮੈਂ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਇਹ ਘਿਨਾਉਣਾ ਹਮਲਾ ਕੀਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।”

“ਮੈਂ ਡੀਜੀਪੀ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਫੌਜ ਅਤੇ ਪੁਲਿਸ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਪਣਾ ਆਪਰੇਸ਼ਨ ਚਲਾ ਰਹੇ ਹਨ।”

ਜਦਕਿ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਐਕਸ ‘ਤੇ ਲਿਖਿਆ, “ਮੈਂ ਪਹਿਲਗਾਮ ਵਿੱਚ ਹੋਏ ਇਸ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੀ ਹਾਂ। ਇਸ ਤਰ੍ਹਾਂ ਦੀ ਹਿੰਸਾ ਬਿਲਕੁਲ ਅਸਵੀਕਾਰਨਯੋਗ ਹੈ।”

“ਇਤਿਹਾਸਕ ਤੌਰ ‘ਤੇ, ਕਸ਼ਮੀਰ ਨੇ ਸੈਲਾਨੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹੈ। ਇਸ ਲਈ, ਹਮਲੇ ਦੀਆਂ ਦੁਰਲੱਭ ਘਟਨਾਵਾਂ ਬਹੁਤ ਚਿੰਤਾਜਨਕ ਹਨ।”

ਰਾਹੁਲ ਗਾਂਧੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਵਿੱਚ ਸੈਲਾਨੀਆਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਬਹੁਤ ਨਿੰਦਣਯੋਗ ਅਤੇ ਦਿਲ ਦਹਿਲਾ ਦੇਣ ਵਾਲੀ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI