Home ਰਾਸ਼ਟਰੀ ਖ਼ਬਰਾਂ ਜਿਸ ਬੰਦੇ ਨੂੰ ਸੱਪ ਨੇ 200 ਵਾਰ ਡੰਗ ਮਾਰਿਆ, ਹੁਣ ਉਸੇ ਦੇ...

ਜਿਸ ਬੰਦੇ ਨੂੰ ਸੱਪ ਨੇ 200 ਵਾਰ ਡੰਗ ਮਾਰਿਆ, ਹੁਣ ਉਸੇ ਦੇ ਖੂਨ ਤੋਂ ਬਣ ਰਹੀ ਜ਼ਹਿਰ ਦੀ ਦਵਾਈ

2
0

Source :- BBC PUNJABI

ਸੱਪ

ਤਸਵੀਰ ਸਰੋਤ, Getty Images

  • ਲੇਖਕ, ਜੇਮਜ਼ ਗੈਲਹਰ
  • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
  • 4 ਮਈ 2025, 10:58 IST

    ਅਪਡੇਟ 4 ਮਈ 2025, 10:58 IST

ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਅਮਰੀਕੀ ਵਿਅਕਤੀ, ਜਿਸ ਨੇ ਲਗਭਗ ਦੋ ਦਹਾਕਿਆਂ ਤੱਕ ਜਾਣਬੁੱਝ ਕੇ ਆਪਣੇ ਆਪ ਨੂੰ ਸੱਪ ਦੇ ਜ਼ਹਿਰ ਦਾ ਟੀਕਾ ਲਗਾਇਆ, ਉਸ ਦੇ ਖੂਨ ਨਾਲ ਇੱਕ “ਬੇਮਿਸਾਲ” ਐਂਟੀਵੇਨਮ ਬਣਾਇਆ ਗਿਆ ਹੈ – ਭਾਵ ਜ਼ਹਿਰ ਦੀ ਦਵਾਈ।

ਟਿਮ ਫ੍ਰਾਈਡ ਦੇ ਖੂਨ ਵਿੱਚ ਪਾਏ ਜਾਣ ਵਾਲੇ ਐਂਟੀਬਾਡੀਜ਼ ਨੂੰ ਜਾਨਵਰਾਂ ਦੇ ਟੈਸਟਾਂ ਵਿੱਚ ਕਈ ਕਿਸਮਾਂ ਦੀਆਂ ਘਾਤਕ ਖੁਰਾਕਾਂ ਤੋਂ ਬਚਾਉਣ ਵਾਲੇ ਸਾਬਿਤ ਹੋਏ ਹਨ।

ਮੌਜੂਦਾ ਇਲਾਜਾਂ ਦਾ ਅਜਿਹੇ ਜ਼ਹਿਰੀਲੇ ਸੱਪਾਂ ਦੀਆਂ ਖਾਸ ਕਿਸਮਾਂ ਨਾਲ ਮੇਲ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਕਿਸੇ ਨੂੰ ਵੀ ਡੰਗਿਆ ਹੈ।

ਪਰ ਫ੍ਰਾਈਡ ਦਾ 18 ਸਾਲਾਂ ਦਾ ਮਿਸ਼ਨ ਸਾਰੀਆਂ ਕਿਸਮਾਂ ਦੇ ਸੱਪਾਂ ਦੇ ਡੰਗਣ ਕਾਰਨ ਫੈਲਣ ਵਾਲੇ ਜ਼ਹਿਰ ਦੀ ਕਾਟ (ਯੂਨੀਵਰਸਲ ਐਂਟੀਵੇਨਮ) ਲੱਭਣ ਵਿੱਚ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ।

ਇੱਕ ਸਾਲ ਵਿੱਚ ਸੱਪਾਂ ਦੇ ਡੰਗਣ ਕਾਰਨ 14,000 ਲੋਕਾਂ ਦੀ ਜਾਨ ਜਾਂਦੀ ਹੈ ਅਤੇ ਤਿੰਨ ਗੁਣਾ ਤੋਂ ਜ਼ਿਆਦਾ ਲੋਕਾਂ ਦੇ ਅੰਗ ਕੱਟਣ ਦੀ ਲੋੜ ਪੈਂਦੀ ਹੈ ਜਾਂ ਉਨ੍ਹਾਂ ਨੂੰ ਸਥਾਈ ਅਪੰਗਤਾ ਹੋ ਜਾਂਦੀ ਹੈ।

200 ਵਾਰ ਸੱਪ ਤੋਂ ਡੰਗ ਮਰਵਾਇਆ

ਸੱਪ

ਤਸਵੀਰ ਸਰੋਤ, Getty Images

ਫ੍ਰਾਈਡ ਨੇ ਕੁੱਲ ਮਿਲਾ ਕੇ 200 ਵਾਰ ਸੱਪ ਤੋਂ ਡੰਗ ਮਰਵਾਇਆ ਹੈ ਅਤੇ ਦੁਨੀਆਂ ਦੇ ਕੁਝ ਸਭ ਤੋਂ ਘਾਤਕ ਸੱਪਾਂ – ਜਿਨ੍ਹਾਂ ਵਿੱਚ ਮਾਂਬਾ, ਕੋਬਰਾ, ਤਾਈਪਾਨ ਅਤੇ ਕਰੇਟ ਸ਼ਾਮਲ ਹਨ – ਤੋਂ ਤਿਆਰ ਕੀਤੇ ਜ਼ਹਿਰ ਦੇ 700 ਤੋਂ ਵੱਧ ਟੀਕੇ ਲਗਾਏ ਹਨ।

ਫ੍ਰਾਈਡ ਇੱਕ ਸਾਬਕਾ ਟਰੱਕ ਮਕੈਨਿਕ ਹਨ, ਉਹ ਸ਼ੁਰੂ ਵਿੱਚ ਸੱਪਾਂ ਨੂੰ ਸੰਭਾਲਣ ਵੇਲੇ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਪ੍ਰਤੀਰੋਧਕ ਸ਼ਕਤੀ ਵਧਾਉਣਾ ਚਾਹੁੰਦੇ ਸਨ ਅਤੇ ਯੂਟਿਊਬ ‘ਤੇ ਆਪਣੇ ਕਾਰਨਾਮਿਆਂ ਦਾ ਦਸਤਾਵੇਜ਼ੀਕਰਨ ਕਰਦੇ ਸਨ।

ਪਰ ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਦੀ ਹਾਲਤ “ਪੂਰੀ ਤਰ੍ਹਾਂ ਖਰਾਬ” ਹੋ ਗਈ ਸੀ, ਜਦੋਂ ਦੋ ਕੋਬਰਾ ਦੇ ਡੰਗਣ ਨਾਲ ਉਹ ਕੋਮਾ ਵਿੱਚ ਚਲੇ ਗਏ ਸਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਮੈਂ ਮਰਨਾ ਨਹੀਂ ਚਾਹੁੰਦਾ ਸੀ। ਮੈਂ ਕੰਮ ਨਹੀਂ ਗੁਆਉਣਾ ਚਾਹੁੰਦਾ ਸੀ।”

ਫ੍ਰਾਈਡ ਕਹਿੰਦੇ ਹਨ ਕਿ ਉਨ੍ਹਾਂ ਦਾ ਮੰਤਵ ਹੈ ਕਿ ਦੁਨੀਆਂ ਨੂੰ ਅਜਿਹੇ ਮਾਮਲਿਆਂ ‘ਚ ਬਿਹਤਰ ਇਲਾਜ ਮਿਲ ਸਕੇ।

ਆਪਣੀ ਗੱਲ ਨੂੰ ਸਮਝਾਉਂਦਿਆਂ ਉਹ ਕਹਿੰਦੇ ਹਨ, “ਇਹ ਇੱਕ ਜੀਵਨ ਸ਼ੈਲੀ ਬਣ ਗਈ ਅਤੇ ਮੈਂ ਜਿੰਨਾ ਜ਼ੋਰ ਲਗਾ ਸਕਦਾ ਸੀ ਲਗਾਉਂਦਾ ਰਿਹਾ – ਉਨ੍ਹਾਂ ਲੋਕਾਂ ਲਈ ਜੋ ਸ਼ਾਇਦ ਮੇਰੇ ਤੋਂ 8,000 ਮੀਲ ਦੂਰ ਹਨ ਅਤੇ ਸੱਪ ਦੇ ਡੰਗ ਨਾਲ ਮਰ ਜਾਂਦੇ ਹਨ”।

”ਮੈਨੂੰ ਤੁਹਾਡਾ ਖੂਨ ਚਾਹੀਦਾ ਹੈ”

ਟਿਮ ਫ੍ਰਾਈਡ

ਤਸਵੀਰ ਸਰੋਤ, Jacob Glanville

ਵਰਤਮਾਨ ਵਿੱਚ ਐਂਟੀਵੇਨਮ ਨੂੰ, ਘੋੜਿਆਂ ਵਰਗੇ ਜਾਨਵਰਾਂ ਵਿੱਚ ਸੱਪ ਦੇ ਜ਼ਹਿਰ ਦੀਆਂ ਛੋਟੀਆਂ ਖੁਰਾਕਾਂ ਦੇ ਟੀਕੇ ਲਗਾ ਕੇ ਬਣਾਇਆ ਜਾਂਦਾ ਹੈ। ਉਨ੍ਹਾਂ ਦਾ ਇਮਿਊਨ ਸਿਸਟਮ ਐਂਟੀਬਾਡੀਜ਼ ਪੈਦਾ ਕਰਕੇ ਜ਼ਹਿਰ ਨਾਲ ਲੜਦਾ ਹੈ ਅਤੇ ਫਿਰ ਇਨ੍ਹਾਂ ਐਂਟੀਬਾਡੀਜ਼ ਨੂੰ ਥੈਰੇਪੀ ਵਜੋਂ ਵਰਤਣ ਲਈ ਇਕੱਠਾ ਕੀਤਾ ਜਾਂਦਾ ਹੈ।

ਪਰ ਜ਼ਹਿਰ ਅਤੇ ਐਂਟੀਵੇਨਮ (ਜ਼ਹਿਰ ਦੀ ਕਾਟ) ਬਹੁਤੇ ਨੇੜਲੀ ਕਿਸਮ ਦੇ ਹੋਣੇ ਚਾਹੀਦੇ ਹਨ, ਕਿਉਂਕਿ ਵੱਖ-ਵੱਖ ਪ੍ਰਜਾਤੀਆਂ ਦੇ ਜ਼ਹਿਰ ਵਿੱਚ ਮੌਜੂਦ ਪਦਾਰਥ ਵੱਖੋ-ਵੱਖਰੇ ਹੋ ਸਕਦੇ ਹਨ।

ਇੱਕੋ ਪ੍ਰਜਾਤੀ ਦੇ ਅੰਦਰ ਵੀ ਵਿਆਪਕ ਵਿਭਿੰਨਤਾ ਹੁੰਦੀ ਹੈ – ਭਾਰਤ ਵਿੱਚ ਸੱਪਾਂ ਤੋਂ ਬਣਿਆ ਐਂਟੀਵੇਨਮ ਸ਼੍ਰੀਲੰਕਾ ਵਿੱਚ ਉਸੇ ਪ੍ਰਜਾਤੀ ਦੇ ਜ਼ਹਿਰ ਵਿਰੁੱਧ ਘੱਟ ਪ੍ਰਭਾਵਸ਼ਾਲੀ ਹੈ।

ਖੋਜਕਰਤਾਵਾਂ ਦੀ ਇੱਕ ਟੀਮ ਨੇ ਇੱਕ ਕਿਸਮ ਦੀ ਇਮਿਊਨ ਡਿਫੈਂਸ ਦੀ ਖੋਜ ਸ਼ੁਰੂ ਕੀਤੀ ਜਿਸਨੂੰ ਵਿਆਪਕ ਤੌਰ ‘ਤੇ ਨਿਊਟਰਲਾਈਜ਼ਿੰਗ ਐਂਟੀਬਾਡੀਜ਼ ਕਿਹਾ ਜਾਂਦਾ ਹੈ। ਕਿਸੇ ਜ਼ਹਿਰ ਦੇ ਉਸ ਹਿੱਸੇ ਨੂੰ ਟਾਰਗੇਟ ਕਰਨ ਦੀ ਬਜਾਏ ਜੋ ਇਸਨੂੰ ਵਿਲੱਖਣ ਬਣਾਉਂਦਾ ਹੈ, ਉਹ ਉਨ੍ਹਾਂ ਹਿੱਸਿਆਂ ਨੂੰ ਟਾਰਗੇਟ ਕਰਦੇ ਹਨ ਜੋ ਜ਼ਹਿਰ ਦੀਆਂ ਸਾਰੀਆਂ ਕਿਸਮਾਂ ਵਿੱਚ ਆਮ ਹਨ।

ਟਿਮ ਫ੍ਰਾਈਡ

ਇਸੇ ਦੌਰਾਨ ਬਾਇਓਟੈਕ ਕੰਪਨੀ ਸੈਂਟੀਵੈਕਸ ਦੇ ਮੁੱਖ ਕਾਰਜਕਾਰੀ ਡਾਕਟਰ ਜੈਕਬ ਗਲੈਨਵਿਲ, ਟਿਮ ਫ੍ਰਾਈਡ ਨੂੰ ਮਿਲੇ।

ਡਾਕਟਰ ਜੈਕਬ ਕਹਿੰਦੇ ਹਨ, “ਮੈਂ ਤੁਰੰਤ ਸੋਚਿਆ ਕਿ ‘ਜੇਕਰ ਦੁਨੀਆਂ ਵਿੱਚ ਕਿਸੇ ਨੇ ਵੀ ਵਿਆਪਕ ਤੌਰ ‘ਤੇ ਨਿਊਟਰਲਾਈਜ਼ਿੰਗ ਐਂਟੀਬਾਡੀਜ਼ ਵਿਕਸਤ ਕੀਤੇ ਹਨ, ਤਾਂ ਇਹ ਉਹੀ ਵਿਅਕਤੀ ਹੋ ਸਕਦਾ ਹੈ’ ਅਤੇ ਇਸ ਲਈ ਮੈਂ ਉਨ੍ਹਾਂ ਨੂੰ ਸੰਪਰਕ ਕੀਤਾ।”

ਉਨ੍ਹਾਂ ਕਿਹਾ, “ਪਹਿਲੀ ਹੀ ਕਾਲ ਵਿੱਚ ਮੈਂ ਕਿਹਾ, ‘ਇਹ ਸੁਣਨ ‘ਚ ਅਜੀਬ ਲੱਗ ਸਕਦਾ ਹੈ, ਪਰ ਮੈਨੂੰ ਤੁਹਾਡਾ ਥੋੜ੍ਹਾ ਜਿਹਾ ਖੂਨ ਚਾਹੀਦਾ ਹੈ।”

ਫ੍ਰਾਈਡ ਵੀ ਸਹਿਮਤ ਹੋ ਗਏ ਅਤੇ ਕੰਮ ਨੂੰ ਨੈਤਿਕ ਪ੍ਰਵਾਨਗੀ ਦੇ ਦਿੱਤੀ ਗਈ ਕਿਉਂਕਿ ਅਧਿਐਨ ਵਿੱਚ ਸਿਰਫ਼ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਜਾਣੇ ਸਨ, ਨਾ ਕਿ ਉਨ੍ਹਾਂ ਨੂੰ ਹੋਰ ਜ਼ਹਿਰ ਦਿੱਤਾ ਜਾਣਾ ਸੀ।

ਇਹ ਵੀ ਪੜ੍ਹੋ-

ਖੋਜ ਲਈ ਧਰਤੀ ਦੇ ਸਭ ਤੋਂ ਖਤਰਨਾਕ ਸੱਪ ਚੁਣੇ ਗਏ

ਸੱਪ

ਤਸਵੀਰ ਸਰੋਤ, Getty Images

ਖੋਜ ਇਲਾਪਿਡਸ ‘ਤੇ ਕੇਂਦ੍ਰਿਤ ਸੀ, ਜੋ ਕਿ ਜ਼ਹਿਰੀਲੇ ਸੱਪਾਂ ਦੇ ਦੋ ਪਰਿਵਾਰਾਂ ਵਿੱਚੋਂ ਇੱਕ ਹਨ – ਜਿਵੇਂ ਕਿ ਕੋਰਲ ਸੱਪ, ਮਾਂਬਾ, ਕੋਬਰਾ, ਟਾਈਪਾਨ ਅਤੇ ਕਰੇਟ।

ਇਲਾਪਿਡਸ ਮੁੱਖ ਤੌਰ ‘ਤੇ ਆਪਣੇ ਜ਼ਹਿਰ ਵਿੱਚ ਨਿਊਰੋਟੌਕਸਿਨ ਦੀ ਵਰਤੋਂ ਕਰਦੇ ਹਨ, ਜੋ ਉਨ੍ਹਾਂ ਦੇ ਸ਼ਿਕਾਰ ਨੂੰ ਅਧਰੰਗ ਕਰ ਦਿੰਦੇ ਹਨ ਅਤੇ ਜਦੋਂ ਇਹ ਸਾਹ ਲੈਣ ਲਈ ਲੋੜੀਂਦੀਆਂ ਮਾਸਪੇਸ਼ੀਆਂ ਨੂੰ ਰੋਕ ਦਿੰਦਾ ਹੈ ਤਾਂ ਘਾਤਕ ਸਾਬਿਤ ਹੁੰਦਾ ਹੈ।

ਖੋਜਕਰਤਾਵਾਂ ਨੇ ਵਿਸ਼ਵ ਸਿਹਤ ਸੰਗਠਨ ਦੁਆਰਾ ਧਰਤੀ ‘ਤੇ ਮੌਜੂਦ ਸਭ ਤੋਂ ਘਾਤਕ ਸੱਪਾਂ ਵਿੱਚੋਂ ਪਛਾਣੇ ਗਏ 19 ਇਲਾਪਿਡਸ ਨੂੰ ਚੁਣਿਆ। ਫਿਰ ਉਨ੍ਹਾਂ ਨੇ ਬਚਾਅ ਦੇ ਉਪਾਅ ਲੱਭਣ ਲਈ ਫ੍ਰਾਈਡ ਦੇ ਖੂਨ ਦੀ ਜਾਂਚ ਸ਼ੁਰੂ ਕੀਤੀ।

ਉਨ੍ਹਾਂ ਦੇ ਕੰਮ, ਜਰਨਲ ਸੈੱਲ ਵਿੱਚ ਵਿਸਤ੍ਰਿਤ ਤੌਰ ‘ਤੇ ਮੌਜੂਦ ਹਨ। ਇਸ ਦੌਰਾਨ ਉਨ੍ਹਾਂ ਨੇ ਦੋ ਵਿਆਪਕ ਤੌਰ ‘ਤੇ ਜ਼ਹਿਰ ਨੂੰ ਬੇਅਸਰ ਕਰਨ ਵਾਲੇ ਐਂਟੀਬਾਡੀਜ਼ ਦੀ ਪਛਾਣ ਕੀਤੀ ਜੋ ਨਿਊਰੋਟੌਕਸਿਨ ਦੇ ਦੋ ਵਰਗਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਨਿਊਰੋਟੌਕਸਿਨ ਦੇ ਇੱਕ ਤੀਸਰੇ ਵਰਗ ਨੂੰ ਨਿਸ਼ਾਨਾ ਬਣਾਉਣ ਲਈ, (ਐਂਟੀਵੈਨਮ ਕਾਕਟੇਲ ਬਣਾਉਣ ਲਈ) ਉਨ੍ਹਾਂ ਨੇ ਇਸ ਨੂੰ ਇੱਕ ਦਵਾਈ ਵਿੱਚ ਵੀ ਸ਼ਾਮਲ ਕੀਤਾ।

ਉਨ੍ਹਾਂ ਕਿਹਾ ਕਿ ਇਹ “ਸੰਭਾਵਤ ਤੌਰ ‘ਤੇ ਇਲਾਪਿਡਸ ਦੇ ਇੱਕ ਪੂਰੇ ਸਮੂਹ ਨੂੰ ਕਵਰ ਕਰਦਾ ਹੈ, ਜਿਸ ਲਈ ਕੋਈ ਮੌਜੂਦਾ ਐਂਟੀਵੇਨਮ ਨਹੀਂ ਹੈ”।

ਪ੍ਰਯੋਗ ‘ਚ ਕੀ ਸਾਹਮਣੇ ਆਇਆ

ਪ੍ਰਯੋਗ

ਤਸਵੀਰ ਸਰੋਤ, Jacob Glanville

ਚੂਹਿਆਂ ‘ਤੇ ਕੀਤੇ ਗਏ ਪ੍ਰਯੋਗਾਂ ਵਿੱਚ, ਕਾਕਟੇਲ ਦਾ ਮਤਲਬ ਸੀ ਕਿ ਜਾਨਵਰ ਜ਼ਹਿਰੀਲੇ ਸੱਪਾਂ ਦੀਆਂ 19 ਕਿਸਮਾਂ ਵਿੱਚੋਂ 13 ਵਿੱਚੋਂ ਘਾਤਕ ਖੁਰਾਕਾਂ ਤੋਂ ਸੁਰੱਖਿਅਤ ਬਚ ਗਏ। ਉਨ੍ਹਾਂ ਨੂੰ ਬਾਕੀ ਛੇ ਦੇ ਵਿਰੁੱਧ ਅੰਸ਼ਕ ਸੁਰੱਖਿਆ ਮਿਲੀ।

ਡਾਕਟਰ ਗਲੈਨਵਿਲ ਦੇ ਅਨੁਸਾਰ, ਸੁਰੱਖਿਆ ਦੀ ਵਿਆਪਕਤਾ “ਬੇਮਿਸਾਲ” ਹੈ।

ਮਾਹਿਰਾਂ ਦੀ ਟੀਮ ਐਂਟੀਬਾਡੀਜ਼ ਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਚੌਥਾ ਹਿੱਸਾ ਜੋੜਨ ਨਾਲ ਇਲਾਪਿਡ ਸੱਪ ਦੇ ਜ਼ਹਿਰ ਤੋਂ ਪੂਰੀ ਸੁਰੱਖਿਆ ਮਿਲ ਸਕਦੀ ਹੈ।

ਸੱਪਾਂ ਦਾ ਦੂਜਾ ਵਰਗ – ਵਾਈਪਰ ਹੈ ਜੋ ਨਿਊਰੋਟੌਕਸਿਨ ਦੀ ਬਜਾਏ ਹੀਮੋਟੌਕਸਿਨ ‘ਤੇ ਜ਼ਿਆਦਾ ਨਿਰਭਰ ਕਰਦੇ ਹਨ, ਜੋ ਖੂਨ ‘ਤੇ ਹਮਲਾ ਕਰਦੇ ਹਨ।

ਕੁੱਲ ਮਿਲਾ ਕੇ ਸੱਪ ਦੇ ਜ਼ਹਿਰ ਵਿੱਚ ਜ਼ਹਿਰ ਦੇ ਲਗਭਗ ਇੱਕ ਦਰਜਨ ਵਿਆਪਕ ਵਰਗ ਹਨ, ਜਿਸ ਵਿੱਚ ਸਾਈਟੋਟੌਕਸਿਨ ਵੀ ਸ਼ਾਮਲ ਹਨ, ਜੋ ਸਿੱਧੇ ਤੌਰ ‘ਤੇ ਸਰੀਰ ਦੇ ਸੈੱਲਾਂ ਨੂੰ ਮਾਰਦੇ ਹਨ।

ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਵਿੱਚੋਂ ਇੱਕ, ਪ੍ਰੋਫੈਸਰ ਪੀਟਰ ਕਵਾਂਗ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਅਗਲੇ 10 ਜਾਂ 15 ਸਾਲਾਂ ਵਿੱਚ ਸਾਡੇ ਕੋਲ ਉਨ੍ਹਾਂ ਜ਼ਹਿਰੀਲੇ ਵਰਗਾਂ ਵਿੱਚੋਂ ਹਰੇਕ ਦੇ ਵਿਰੁੱਧ ਕੁਝ ਪ੍ਰਭਾਵਸ਼ਾਲੀ ਹੋਵੇਗਾ।”

ਅਤੇ ਫ੍ਰਾਈਡ ਦੇ ਖੂਨ ਦੇ ਨਮੂਨਿਆਂ ਦੀ ਮਦਦ ਨਾਲ ਇਹ ਕੰਮ ਜਾਰੀ ਹੈ।

ਪ੍ਰੋਫੈਸਰ ਕਵਾਂਗ ਨੇ ਕਿਹਾ, “ਟਿਮ ਦੇ ਐਂਟੀਬਾਡੀਜ਼ ਸੱਚਮੁੱਚ ਬਹੁਤ ਹੀ ਅਸਾਧਾਰਨ ਹਨ – ਉਨ੍ਹਾਂ ਨੇ ਆਪਣੇ ਇਮਿਊਨ ਸਿਸਟਮ ਨੂੰ (ਸੱਪਾਂ ਦੇ ਜ਼ਹਿਰ ਖ਼ਿਲਾਫ਼) ਇਹ ਬਹੁਤ, ਬਹੁਤ ਵਿਆਪਕ ਮਾਨਤਾ ਪ੍ਰਾਪਤ ਕਰਨਾ ਸਿਖਾਇਆ ਹੈ।”

“ਮੈਂ ਮਨੁੱਖਤਾ ਲਈ ਕੁਝ ਚੰਗਾ ਕਰ ਰਿਹਾ ਹਾਂ”

ਸੱਪ

ਤਸਵੀਰ ਸਰੋਤ, Getty Images

ਅੰਤਮ ਉਮੀਦ ਇਹ ਹੈ ਕਿ ਜਾਂ ਤਾਂ ਇੱਕ ਸਿੰਗਲ ਐਂਟੀਵੇਨਮ ਹੋਵੇ ਜੋ ਸਾਰੇ ਜ਼ਹਿਰਾਂ ਖ਼ਿਲਾਫ਼ ਕੰਮ ਕਰੇ ਜਾਂ ਫਿਰ ਇੱਕ ਟੀਕਾ ਇਲਾਪਿਡਜ਼ ਲਈ ਅਤੇ ਇੱਕ ਟੀਕਾ ਵਾਈਪਰਾਂ ਲਈ ਹੋਵੇ।

ਪ੍ਰੋਫੈਸਰ ਨਿੱਕ ਕੇਸਵੈੱਲ, ਲਿਵਰਪੂਲ ਸਕੂਲ ਆਫ਼ ਟ੍ਰੋਪਿਕਲ ਮੈਡੀਸਨ ਵਿਖੇ ਸੱਪ ਦੇ ਕੱਟਣ ਸਬੰਧੀ ਰਿਸਰਚ ਅਤੇ ਇੰਟਰਵੈਂਸ਼ਨ ਸੈਂਟਰ ਦੇ ਮੁਖੀ ਹਨ।

ਉਨ੍ਹਾਂ ਕਿਹਾ ਕਿ ਰਿਪੋਰਟ ਕੀਤੀ ਗਈ ਸੁਰੱਖਿਆ ਦੀ ਵਿਸ਼ਾਲਤਾ “ਨਿਸ਼ਚਤ ਤੌਰ ‘ਤੇ ਨਵੀਂ” ਹੈ ਅਤੇ “ਇੱਕ ਮਜ਼ਬੂਤ ਸਬੂਤ” ਪ੍ਰਦਾਨ ਕਰਦੀ ਹੈ ਕਿ ਇਹ ਇੱਕ ਸੰਭਵ ਪਹੁੰਚ ਹੈ।

“ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਕੰਮ ਇਸ ਖੇਤਰ ਨੂੰ ਇੱਕ ਦਿਲਚਸਪ ਦਿਸ਼ਾ ਵਿੱਚ ਅੱਗੇ ਵਧਾਉਂਦਾ ਹੈ।”

ਪਰ ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ “ਬਹੁਤ ਸਾਰਾ ਕੰਮ ਕਰਨਾ ਅਜੇ ਬਾਕੀ ਹੈ” ਅਤੇ ਐਂਟੀਵੇਨਮ ਨੂੰ ਲੋਕਾਂ ਵਿੱਚ ਵਰਤਣ ਤੋਂ ਪਹਿਲਾਂ ਅਜੇ ਵੀ ਵਿਆਪਕ ਟੈਸਟਿੰਗ ਦੀ ਲੋੜ ਹੈ।

ਪਰ ਫ੍ਰਾਈਡ ਕਹਿੰਦੇ ਹਨ ਇਸ ਪੜਾਅ ‘ਤੇ ਪਹੁੰਚਣਾ “ਮੈਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ”।

ਉਹ ਕਹਿੰਦੇ ਹਨ, “ਮੈਂ ਮਨੁੱਖਤਾ ਲਈ ਕੁਝ ਚੰਗਾ ਕਰ ਰਿਹਾ ਹਾਂ ਅਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਮੈਨੂੰ ਇਸ ‘ਤੇ ਮਾਣ ਹੈ। ਇਹ ਬਹੁਤ ਵਧੀਆ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI