Source :- BBC PUNJABI
2 ਘੰਟੇ ਪਹਿਲਾਂ
32 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ ਕਥਿਤ ਫ਼ਰਜ਼ੀ ਮੁਕਾਬਲੇ ਯਾਨੀ ਫੈਕ ਐਨਕਾਊਂਟਰ ਤਹਿਤ ਦੋ ਵਿਅਕਤੀਆਂ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।
ਬੀਬੀਸੀ ਸਹਿਯੋਗੀ ਮਯੰਕ ਮੌਂਗੀਆ ਮੁਤਾਬਕ ਇਹ ਕੇਸ 1992 ਦਾ ਹੈ, ਜਿਸ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਹੀ ਦੋ ਮੁਲਾਜ਼ਮਾਂ ਦਾ ਕਥਿਤ ਫਰਜ਼ੀ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਗਿਆ ਸੀ।
ਅਦਾਲਤ ਨੇ ਥਾਣਾ ਸਿਟੀ ਤਰਨ ਤਾਰਨ ਦੇ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ, ਏਐੱਸਆਈ ਰੇਸ਼ਮ ਸਿੰਘ ਅਤੇ ਪੁਲੀਸ ਅਧਿਕਾਰੀ ਹੰਸਰਾਜ ਸਿੰਘ ਨੂੰ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਮੱਖਣ ਅਤੇ ਗੁਰਨਾਮ ਸਿੰਘ ਪਾਲੀ ਦੇ ਕਤਲ ਮਾਮਲੇ ਵਿੱਚ ਦੋਸ਼ੀ ਪਾਇਆ ਹੈ।
ਤਿੰਨਾਂ ਦੋਸ਼ੀਆਂ ਨੂੰ ਅਦਾਲਤ ਨੇ ਧਾਰਾ 302 ਅਤੇ 120ਬੀ ਤਹਿਤ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਕੀ ਹੈ ਕੇਸ ਦਾ ਪਿਛੋਕੜ
ਸੀਬੀਆਈ ਦੀ ਚਾਰਜਸ਼ੀਟ ਅਨੁਸਾਰ 18 ਨਵੰਬਰ 1992 ਨੂੰ ਪੁਲੀਸ ਨੇ ਜਗਦੀਪ ਸਿੰਘ ਮੱਖਣ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਘਰ ਗੋਲੀ ਚਲਾ ਦਿੱਤੀ ਸੀ। ਇਸ ਗੋਲੀਬਾਰੀ ਵਿੱਚ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਇਸ ਤੋਂ ਬਾਅਦ 21 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਮੱਖਣ ਅਤੇ ਉਸ ਦੇ ਦੋਸਤ ਗੁਰਨਾਮ ਸਿੰਘ ਪਾਲੀ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਅਤੇ 30 ਨਵੰਬਰ 1992 ਨੂੰ ਦੋਵੇਂ ਮੁਲਾਜ਼ਮਾਂ ਦਾ ਕਥਿਤ ਝੂਠੇ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਦੋਸ਼ੀਆਂ ਨੇ ਕਿਵੇਂ ਇਸ ਮਾਮਲੇ ਨੂੰ ਐਨਕਾਊਂਟਰ ਵਜੋਂ ਦਰਸਾਇਆ
ਸੀਬੀਆਈ ਵੱਲੋਂ 2021 ਵਿੱਚ ਅਦਾਲਤ ‘ਚ ਇੱਕ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਜਿਸਦੇ ਮੁਤਾਬਕ ਪੁਲੀਸ ਨੇ ਇਸ ਹੱਤਿਆ ਨੂੰ ਐਨਕਾਊਂਟਰ ਦੱਸਦਿਆਂ ਐੱਫਆਈਆਰ ਨੰਬਰ 130/92 ਦਰਜ ਕੀਤੀ ਸੀ।
ਐੱਫਆਈਆਰ ਵਿੱਚ ਕਿਹਾ ਗਿਆ ਸੀ ਕਿ ਗੁਰਬਚਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਵੇਰੇ ਗਸ਼ਤ ਦੌਰਾਨ ਇੱਕ ਵਾਹਨ ਵਿੱਚ ਸਵਾਰ ਇੱਕ ਸ਼ੱਕੀ ਨੌਜਵਾਨ ਨੂੰ ਫੜਿਆ, ਜਿਸ ਨੇ ਆਪਣੀ ਪਛਾਣ ਗੁਰਨਾਮ ਸਿੰਘ ਵਜੋਂ ਦੱਸੀ। ਇਸ ਤੋਂ ਬਾਅਦ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।
ਸੀਬੀਆਈ ਨੇ ਘਟਨਾ ਦੀ ਜਾਂਚ ਤੋਂ ਬਾਅਦ 2021 ਵਿੱਚ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਮੁਲਜ਼ਮ ਪੁਲਿਸ ਮੁਲਾਜ਼ਮ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ, ਜਿਸ ਕਾਰਨ ਉਸ ਖ਼ਿਲਾਫ਼ ਕਾਰਵਾਈ ਬੰਦ ਕਰ ਦਿੱਤੀ ਗਈ ਸੀ।
“ਉਸ ਦਿਨ ਪੁਲਿਸ ਵਾਲੇ ਉਸ ਨੂੰ ਸਵੇਰੇ ਹੀ ਲੈ ਗਏ”
ਕਰੀਬ 32 ਸਾਲ ਪਹਿਲਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਆਪਣੇ ਭਰਾ ਗੁਰਨਾਮ ਸਿੰਘ ਪਾਲੀ ਨੂੰ ਯਾਦ ਕਰਦਿਆਂ ਹਰਬੰਸ ਕੌਰ ਅੱਜ ਆਪਣੇ ਹੰਝੂ ਨਹੀਂ ਰੋਕ ਸਕੇ।
ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨਾਲ ਹਰਬੰਸ ਕੌਰ ਨੇ ਖਾਸ ਗੱਲਬਾਤ ਕੀਤੀ ਹੈ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਖਿਰਕਾਰ ਨਿਆਂ ਦੀ ਜਿੱਤ ਹੋਈ ਹੈ।
ਹਰਬੰਸ ਕੌਰ ਦੱਸਦੇ ਹਨ, “ਮੇਰੇ ਭਰਾ ਨੂੰ ਪੁਲਿਸ ਅਧਿਕਾਰੀ ਗੁਰਬਚਨ ਸਿੰਘ ਸਵੇਰੇ ਹੀ ਘਰ ਆ ਕੇ ਆਪਣੇ ਨਾਲ ਲੈ ਗਏ ਸਨ ਤੇ ਬਾਅਦ ਵਿੱਚ ਸਾਨੂੰ ਕਦੇ ਮਿਲਣ ਨਹੀਂ ਦਿੱਤਾ ਗਿਆ। ਕੁਝ ਦਿਨ ਬਾਅਦ ਅਖਬਾਰ ਵਿੱਚ ਖਬਰ ਪੜ੍ਹੀ ਕਿ ਐਨਕਾਊਂਟਰ ਵਿੱਚ ਮੇਰੇ ਭਰਾ ਅਤੇ ਉਸ ਨਾਲ ਜਗਜੀਤ ਸਿੰਘ ਮੱਖਣ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਨੇ ਸਾਨੂੰ ਨਾ ਲਾਸ਼ ਦਿੱਤੀ ਤੇ ਨਾ ਹੀ ਦੇਖਣ ਦਿੱਤਾ।”
“ਮੇਰੀ ਮਾਂ ਇਨਸਾਫ ਦੀ ਉਡੀਕ ਕਰਦੇ-ਕਰਦੇ ਚਾਰ ਸਾਲ ਪਹਿਲਾਂ ਚੱਲ ਵਸੇ। ਉਹ ਇਹੀ ਕਹਿੰਦੇ ਹੁੰਦੇ ਸੀ ਕਿ ਕਦੋਂ ਮੇਰੇ ਪੁੱਤ ਦਾ ਫ਼ੈਸਲਾ ਆਵੇਗਾ।”
ਕੇਸ ਵਾਪਸ ਲੈਣ ਲਈ ਵੀ ਪਾਇਆ ਗਿਆ ਦਬਾਅ
ਹਰਬੰਸ ਕੌਰ ਦੱਸਦੇ ਹਨ, “ਸੀਬੀਆਈ ਦੀ ਬਦੌਲਤ ਹੀ ਅੱਜ ਸਾਨੂੰ ਇਨਸਾਫ਼ ਮਿਲਿਆ, ਉਨ੍ਹਾਂ ਨੇ ਅੱਜ ਤੱਕ ਸਾਡਾ ਸਾਥ ਦਿੱਤਾ। ਪਰ ਪੁਲਿਸ ਵਾਲੇ ਸਾਨੂੰ ਕੇਸ ਛੱਡਣ ਲਈ ਕਈ ਪੇਸ਼ਕਸ਼ ਦਿੰਦੇ ਰਹੇ ਹਨ। ਮੈਂ ਮੌਕੇ ਦੀ ਗਵਾਹ ਸੀ, ਇਸ ਲਈ ਮੇਰੇ ਭਰਾਵਾਂ ਨੂੰ ਕਹਿੰਦੇ ਸਨ ਕਿ ਇਸ ਨੂੰ ਕਹੋ ਗਵਾਹੀ ਨਾ ਦੇਵੇ। ਸਾਨੂੰ ਲਾਲਚ ਦਿੰਦੇ ਰਹੇ ਕਿ ਅਸੀਂ ਇਸ ਨੂੰ ਨੌਕਰੀ ਲਵਾ ਦੇਵਾਂਗੇ, ਪੈਸੇ ਵੀ ਦੇਵਾਂਗੇ ਤੇ ਘਰ ਵੀ ਬਣਾ ਕੇ ਦੇਵਾਂਗੇ ਪਰ ਮੇਰੀ ਮਾਂ ਨੇ ਕਿਹਾ ਸਾਨੂੰ ਸਿਰਫ ਇਨਸਾਫ਼ ਚਾਹੀਦਾ।”
ਹਰਬੰਸ ਕੌਰ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੇ ਭਰਾ ਦਾ ਐਨਕਾਊਂਟਰ ਕੀਤਾ ਗਿਆ, ਉਸ ਵੇਲੇ ਉਸ ਦੀ ਉਮਰ ਸਿਰਫ 19-20 ਸਾਲ ਦੀ ਸੀ।
“ਉਹ ਸਭ ਤੋਂ ਛੋਟਾ ਸੀ ਤੇ ਸਭ ਦਾ ਲਾਡਲਾ ਸੀ। ਉਸ ਦੀ ਅੱਜ ਵੀ ਬਹੁਤ ਯਾਦ ਆਉਂਦੀ ਹੈ। ਸਾਨੂੰ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਮੇਰੇ ਭਰਾ ਨੇ ਕੀ ਗਲਤੀ ਕੀਤੀ ਸੀ।”
ਹਰਬੰਸ ਕੌਰ ਦੱਸਦੇ ਹਨ ਕਿ ਇਸ ਕੇਸ ਵਿੱਚ ਸਰਬਜੀਤ ਵੇਰਕਾ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ।
ਮ੍ਰਿਤਕ ਜਗਜੀਤ ਸਿੰਘ ਮੱਖਣ ਦੇ ਵੱਡੇ ਭਰਾ ਹੀਰਾ ਸਿੰਘ ਨੇ ਵੀ ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨਾਲ ਗੱਲਬਾਤ ਕੀਤੀ ਹੈ।
ਉਹ ਕਹਿੰਦੇ ਹਨ, “ਜੇ ਸੀਬੀਆਈ ਨੇ ਮਦਦ ਨਾ ਕੀਤੀ ਹੁੰਦੀ ਅਤੇ ਸਰਬਜੀਤ ਵੇਰਕਾ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਇਨਸਾਫ਼ ਨਾਲ ਮਿਲਦਾ। ਉਨ੍ਹਾਂ ਕਿਹਾ ਕਿ ਪਿਛਲੇ 32 ਸਾਲ ਉਨ੍ਹਾਂ ਲਈ ਬਹੁਤ ਸੰਘਰਸ਼ਪੂਰਨ ਰਹੇ ਹਨ।”
ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲਿਸ ਨੇ ਕੇਸ ਵਾਪਸ ਲੈਣ ਲਈ ਕਈ ਪੇਸ਼ਕਸ਼ ਕੀਤੀਆਂ ਸਨ, ਪਰ ਉਹ ਡਟੇ ਰਹੇ ਅਤੇ ਪਿੱਛੇ ਨਹੀਂ ਹਟੇ।
ਉਨ੍ਹਾਂ ਕਿਹਾ, “ਗੁਰਬਚਨ ਸਿੰਘ ਨੇ ਆਪਣੀਆਂ ਫੀਤੀਆਂ ਲਗਾਉਣ ਖਾਤਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI