Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਦੀਪਾਲੀ ਜਗਤਾਪ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
-
11 ਨਵੰਬਰ 2024
ਅਪਡੇਟ 9 ਘੰਟੇ ਪਹਿਲਾਂ
“ਮੇਰੀ ਛੇ ਸਾਲ ਦੀ ਧੀ ਵਿੱਚ ਕਈ ਸਰੀਰਕ ਬਦਲਾਅ ਹੋ ਰਹੇ ਸਨ। ਉਸ ‘ਚ ਇੰਨੀ ਛੋਟੀ ਉਮਰ ਵਿੱਚ ਆ ਰਹੇ ਬਦਲਾਅ ਦੇਖ ਕੇ ਮੈਂ ਡਰ ਗਈ ਸੀ। ਉਸ ਨੂੰ ਹਰ ਗੱਲ ‘ਤੇ ਗੁੱਸਾ ਆਉਣ ਲੱਗ ਪਿਆ ਸੀ। ਇਹ ਬਦਲਾਅ ਮੈਨੂੰ ਚਿੰਤਾ ਵਿੱਚ ਪਾ ਰਹੇ ਸਨ।”
ਇਹ ਬੋਲ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਅਰਚਨਾ (ਬਦਲਿਆ ਹੋਇਆ ਨਾਮ) ਦੇ ਹਨ।
ਅਰਚਨਾ ਦਾ ਪਤੀ ਪੇਸ਼ੇ ਤੋਂ ਕਿਸਾਨ ਹੈ। ਉਹ ਆਪਣੇ ਖੇਤ ਵਿੱਚ ਬਣੇ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਹਨ। ਇੱਕ ਪੁੱਤਰ ਅਤੇ ਇੱਕ ਧੀ।
ਬੱਚਿਆਂ ਵਿੱਚੋਂ ਧੀ ਵੱਡੀ ਹੈ।
ਜਦੋਂ ਅਰਚਨਾ ਨੂੰ ਉਨ੍ਹਾਂ ਦੀ ਛੇ ਸਾਲ ਦੀ ਬੇਟੀ ਆਪਣੀ ਉਮਰ ਤੋਂ ਵੱਡੀ ਦਿਖਣ ਲੱਗੀ ਤਾਂ ਉਨ੍ਹਾਂ ਨੇ ਬੇਟੀ ਨੂੰ ਡਾਕਟਰ ਕੋਲ ਲੈ ਕੇ ਜਾਣ ਦਾ ਫ਼ੈਸਲਾ ਕੀਤਾ।
ਦਿੱਲੀ ‘ਚ ਰਹਿਣ ਵਾਲੀ ਰਾਸ਼ੀ ਵੀ ਆਪਣੀ ਬੇਟੀ ਦੇ ਸਰੀਰ ‘ਚ ਅਜਿਹੇ ਕਈ ਬਦਲਾਅ ਦੇਖ ਰਹੀ ਸੀ ਪਰ ਉਹ ਉਨ੍ਹਾਂ ਨੂੰ ਆਮ ਸਮਝ ਰਹੀ ਸੀ।
ਉਹ ਆਪਣੀ 40 ਕਿੱਲੋ ਦੀ ਛੇ ਸਾਲਾਂ ਧੀ ਨੂੰ ‘ਤੰਦਰੁਸਤ ਬੱਚਾ’ ਮੰਨਦੀ ਸੀ।
ਪਰ ਇੱਕ ਦਿਨ ਅਚਾਨਕ ਰਾਸ਼ੀ ਦੀ ਬੇਟੀ ਨੇ ਖੂਨ ਵਗਣ ਦੀ ਸ਼ਿਕਾਇਤ ਕੀਤੀ। ਡਾਕਟਰ ਕੋਲ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਛੇ ਸਾਲ ਦੀ ਧੀ ਦੇ ਪੀਰੀਅਡਜ਼ ਸ਼ੁਰੂ ਹੋ ਗਏ ਹਨ।

“ਸਾਡੇ ਲਈ ਇਹ ਮੰਨਣਾ ਔਖਾ ਸੀ”
ਰਾਸ਼ੀ ਕਹਿੰਦੇ ਹਨ, ”ਸਾਡੇ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਸੀ। ਮੇਰੀ ਧੀ ਸਮਝ ਨਹੀਂ ਪਾ ਰਹੀ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ।”
ਇਸ ਦੇ ਨਾਲ ਹੀ ਸਥਾਨਕ ਡਾਕਟਰ ਨੇ ਅਰਚਨਾ ਨੂੰ ਗਾਇਨੀਕੋਲੋਜਿਸਟ ਨਾਲ ਸਲਾਹ ਕਰਨ ਦਾ ਸੁਝਾਅ ਦਿੱਤਾ।
ਮਦਰਹੁੱਡ ਹਸਪਤਾਲ, ਪੁਣੇ ਦੇ ਡਾਕਟਰ ਸੁਸ਼ੀਲ ਗਰੁੜ (ਵਿੰਗ ਕਮਾਂਡਰ) ਕਹਿੰਦੇ ਹਨ, “ਜਦੋਂ ਅਰਚਨਾ ਆਪਣੀ ਧੀ ਨੂੰ ਸਾਡੇ ਕੋਲ ਲੈ ਕੇ ਆਈ, ਜਾਂਚ ਤੋਂ ਬਾਅਦ ਅਸੀਂ ਦੇਖਿਆ ਕਿ ਉਸ ਵਿੱਚ ਪਿਊਬਰਟੀ ਦੇ ਸਾਰੇ ਲੱਛਣ ਸਨ। ਉਸ ਦੇ ਸਰੀਰ ਦੀ ਬਣਤਰ 14-15 ਸਾਲ ਦੀ ਕੁੜੀ ਵਰਗੀ ਸੀ ਅਤੇ ਉਸ ਨੂੰ ਕਿਸੇ ਵੀ ਸਮੇਂ ਮਾਹਵਾਰੀ ਸ਼ੁਰੂ ਹੋ ਸਕਦੀ ਸੀ।”
ਪਿਊਬਰਟੀ ਯਾਨਿ ਉਹ ਸਮਾਂ ਜਦੋਂ ਕੁੜੀ ਜਾਂ ਮੁੰਡੇ ਵਿੱਚ ਕਿਸ਼ੋਰਾਵਸਥਾ ਆਉਂਦੀ ਹੈ।
ਡਾਕਟਰ ਸੁਸ਼ੀਲ ਗਰੁੜ ਦੱਸਦੇ ਹਨ ਕਿ ਬੱਚੀ ਵਿੱਚ ਹਾਰਮੋਨ ਦਾ ਪੱਧਰ ਉਸ ਦੀ ਉਮਰ ਨਾਲੋਂ ਤਿੰਨ ਗੁਣਾ ਵੱਧ ਸਨ ਅਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ।
ਡਾਕਟਰ ਦਾ ਕਹਿਣਾ ਹੈ, “ਅਰਚਨਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਘਰ ਪੰਜ ਕਿੱਲੋ ਕੀਟਨਾਸ਼ਕ ਦੇ ਦੋ ਡੱਬੇ ਰੱਖੇ ਹੋਏ ਹਨ ਅਤੇ ਉਸ ਦੀ ਧੀ ਇਨ੍ਹਾਂ ਦੇ ਆਲੇ-ਦੁਆਲੇ ਖੇਡਦੀ ਰਹਿੰਦੀ ਹੈ। ਇਹ ਬੱਚੇ ਦੇ ਹਾਰਮੋਨਸ ਵਿੱਚ ਬਦਲਾਅ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ।”

ਤਸਵੀਰ ਸਰੋਤ, Getty Images
ਕੀ ਹੁੰਦੀ ਹੈ ਅਰਲੀ ਪਿਊਬਰਟੀ ?
ਡਾ. ਸੁਸ਼ੀਲ ਗਰੁੜ ਦੱਸਦੇ ਹਨ ਕਿ ਬੱਚਿਆਂ ਦੇ ਸਰੀਰ ਵਿੱਚ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਅਜਿਹੀਆਂ ਤਬਦੀਲੀਆਂ ਨੂੰ ਡਾਕਟਰੀ ਭਾਸ਼ਾ ਵਿੱਚ ਪ੍ਰੀਕੋਸ਼ੀਅਸ ਪਿਊਬਰਟੀ ਜਾਂ ਅਰਲੀ ਪਿਊਬਰਟੀ ਕਿਹਾ ਜਾਂਦਾ ਹੈ।
ਜਵਾਨੀ ਜਾਂ ਕਿਸ਼ੋਰ ਅਵਸਥਾ ਦੇ ਦੌਰਾਨ, ਸਰੀਰ ਵਿੱਚ ਤਬਦੀਲੀਆਂ ਆਉਂਦੀਆਂ ਹਨ ਅਤੇ ਇਸ ਵਿੱਚ ਬੱਚਾ ਆਪਣੇ ਬਚਪਨੇ ਦੀ ਅਵਸਥਾ ਤੋਂ ਬਾਹਰ ਆ ਕੇ ਕਿਸ਼ੋਰ ਅਵਸਥਾ ਵਿੱਚ ਦਾਖ਼ਲ ਹੁੰਦਾ ਹੈ।
ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ (ਐੱਨਸੀਬੀਆਈ) ਦੀ ਵੈਬਸਾਈਟ ਦੇ ਮੁਤਾਬਕ, ਪਿਊਬਰਟੀ ਇੱਕ ਸਰੀਰਕ ਪ੍ਰਕਿਰਿਆ ਹੈ ਜਿਸ ਵਿੱਚ ਮੁੰਡੇ ਜਾਂ ਕੁੜੀ ਦੇ ਸਰੀਰ ਵਿੱਚ ਤਬਦੀਲੀਆਂ ਆਉਂਦੀਆਂ ਹਨ, ਉਨ੍ਹਾਂ ਦੇ ਜਿਨਸੀ ਅੰਗਾਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਪ੍ਰਜਨਨ ਦੇ ਸਮਰੱਥ ਬਣ ਜਾਂਦੇ ਹਨ।
ਵੈੱਬਸਾਈਟ ਦੇ ਅਨੁਸਾਰ, ਜਵਾਨੀ ਲੜਕੀਆਂ ਵਿੱਚ ਅੱਠ ਤੋਂ 13 ਸਾਲ ਅਤੇ ਲੜਕਿਆਂ ਵਿੱਚ 9 ਤੋਂ 14 ਸਾਲ ਦੇ ਵਿਚਕਾਰ ਸ਼ੁਰੂ ਹੁੰਦੀ ਹੈ।
ਗਾਇਨੀਕੋਲੋਜਿਸਟ ਡਾ. ਐੱਸਐੱਨ ਬਾਸੂ ਦਾ ਕਹਿਣਾ ਹੈ ਕਿ ਮੁੰਡਿਆਂ ਨਾਲੋਂ ਕੁੜੀਆਂ ਵਿੱਚ ਪਿਊਬਰਟੀ ਪਹਿਲਾਂ ਆਉਂਦੀ ਹੈ, ਪਰ ਜਦੋਂ ਪਿਊਬਰਟੀ ਦੀ ਉਮਰ ਡਾਕਟਰੀ ਕਿਤਾਬਾਂ ਵਿੱਚ ਦਿੱਤੀ ਗਈ ਉਮਰ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਤਾਂ ਉਸ ਨੂੰ ਪ੍ਰੀਕੋਸ਼ੀਅਸ ਪਿਊਬਰਟੀ ਕਿਹਾ ਜਾਂਦਾ ਹੈ।
ਡਾ. ਵੈਸ਼ਾਖੀ ਰੁਸਤੇਗੀ, ਇੱਕ ਬਾਲ ਰੋਗ ਵਿਗਿਆਨੀ ਅਤੇ ਐਂਡੋਕਰੀਨੋਲੋਜਿਸਟ ਜੋ ਕਿਸ਼ੋਰਾਂ ਵਿੱਚ ਹਾਰਮੋਨ ਸੰਬੰਧੀ ਵਿਗਾੜਾਂ ਦਾ ਇਲਾਜ ਕਰਦੇ ਹਨ । ਉਨ੍ਹਾਂ ਦਾ ਕਹਿਣਾ ਹੈ, “ਕੁਝ ਸਾਲ ਪਹਿਲਾਂ ਤੱਕ, ਅਸੀਂ ਦੇਖਦੇ ਸੀ ਕਿ ਕੁੜੀਆਂ ਵਿੱਚ ਸਰੀਰਕ ਤਬਦੀਲੀਆਂ ਦੇ ਪਹਿਲੇ ਲੱਛਣ ਆਉਣ ਦੇ ਲਗਭਗ 18 ਮਹੀਨਿਆਂ ਤੋਂ ਤਿੰਨ ਸਾਲ ਬਾਅਦ ਮਾਹਵਾਰੀ ਸ਼ੁਰੂ ਹੁੰਦੀ ਸੀ ਜੋ ਹੁਣ ਤਿੰਨ ਚਾਰ ਮਹੀਨਿਆਂ ਵਿੱਚ ਸ਼ੁਰੂ ਹੋ ਲੱਗ ਗਈ ਹੈ।”
ਉਹ ਦੱਸਦੇ ਹਨ ਕਿ ਹੁਣ ਮੁੰਡਿਆਂ ‘ਚ ਵੀ ਪਿਊਬਰਟੀ ਸ਼ੁਰੂ ਹੋਣ ਤੋਂ ਡੇਢ ਸਾਲ ਬਾਅਦ ਦਾੜ੍ਹੀ ਅਤੇ ਮੁੱਛਾਂ ਆਉਣ ਲੱਗ ਜਾਂਦੀਆਂ ਹਨ, ਜਦੋਂ ਕਿ ਪਹਿਲਾਂ ਇਸ ਵਿੱਚ ਚਾਰ ਸਾਲ ਦਾ ਸਮਾਂ ਲੱਗ ਜਾਂਦਾ ਸੀ।
ਫਿਲਹਾਲ ਅਰਚਨਾ ਅਤੇ ਰਾਸ਼ੀ, ਦੋਵਾਂ ਦੀਆਂ ਬੇਟੀਆਂ ਦਾ ਇਲਾਜ ਚੱਲ ਰਿਹਾ ਹੈ।

ਤਸਵੀਰ ਸਰੋਤ, Getty Images
ਕਿਉਂ ਵੱਧ ਰਿਹਾ ਹੈ ਇਹ ਚਲਣ
ਐੱਨਸੀਬੀਆਈ ‘ਤੇ ਪ੍ਰਕਾਸ਼ਿਤ ਜਾਣਕਾਰੀ ਦੇ ਅਨੁਸਾਰ, ਪਿਊਬਰਟੀ ਦੇ ਕਾਰਨ ਬੱਚਿਆਂ ਵਿੱਚ ਕਈ ਸਰੀਰਕ ਅਤੇ ਭਾਵਨਾਤਮਕ ਤਬਦੀਲੀਆਂ ਆਉਂਦੀਆਂ ਹਨ।
ਸਰੀਰ ਵਿੱਚ ਆਈਆਂ ਇਹ ਤਬਦੀਲੀਆਂ ਉਨ੍ਹਾਂ ਲਈ ਤਣਾਅ ਦਾ ਕਾਰਨ ਬਣਦੀਆਂ ਹਨ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਮਹਾਰਾਸ਼ਟਰ ਦੇ ਚਾਈਲਡ ਹੈਲਥ ਰਿਸਰਚ ਵਿਭਾਗ ਦੇ ਡਾਕਟਰ ਸੁਚਿਤਰਾ ਸੁਰਵੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਧਿਐਨ ਵਿੱਚ ਪਾਇਆ ਹੈ ਕਿ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਆਈਸੀਐੱਮਆਰ-ਐੱਨਆਈਆਰਆਰਸੀਐੱਚ ਦੇ 2000 ਕੁੜੀਆਂ ‘ਤੇ ਕੀਤੇ ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮਾਤਾ ਪਿਤਾ ਵੀ ਅਕਸਰ ਪਿਊਬਰਟੀ ਦੇ ਸੰਕੇਤਾਂ ਨੂੰ ਨਹੀਂ ਸਮਝਦੀਆਂ।
ਵਰਤਮਾਨ ਵਿੱਚ, ਇਹ ਸੰਸਥਾ ਨੌਂ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿੱਚ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਕਾਰਨਾਂ ਅਤੇ ਇਸ ਨਾਲ ਜੁੜੇ ਜੋਖ਼ਮਾਂ ਦਾ ਅਧਿਐਨ ਕਰ ਰਹੀ ਹੈ।
ਡਾਕਟਰਾਂ ਅਨੁਸਾਰ ਕੁੜੀਆਂ ਵਿੱਚ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਕਈ ਕਾਰਨ ਹੋ ਸਕਦੇ ਹਨ।
ਡਾਕਟਰ ਪ੍ਰਸ਼ਾਂਤ ਪਾਟਿਲ, ਜੋ ਮੁੰਬਈ ਵਿੱਚ ਕੁੜੀਆਂ ਵਿੱਚ ਇਸੇ ਮੁੱਦੇ ‘ਤੇ ਕੰਮ ਕਰ ਰਹੇ ਹਨ, ਦਾ ਕਹਿਣਾ ਹੈ ਕਿ ਕੀਟਨਾਸ਼ਕ ਦਵਾਈਆਂ ਅਰਚਨਾ ਦੀ ਛੇ ਸਾਲ ਦੀ ਧੀ ਵਿੱਚ ਸਰੀਰਕ ਤਬਦੀਲੀਆਂ ਦਾ ਕਾਰਨ ਹੋ ਸਕਦੀਆਂ ਹਨ।
ਹਾਲਾਂਕਿ ਇਹ ਇੱਕ ਦੁਰਲੱਭ ਕਾਰਨ ਹੋ ਸਕਦਾ ਹੈ, ਜ਼ਹਿਰੀਲੇ ਕੀਟਨਾਸ਼ਕ ਹਾਰਮੋਨਲ ਤਬਦੀਲੀਆਂ ਦੇ ਕਾਰਨ ਅਚਨਚੇਤੀ ਪਿਊਬਰਟੀ ਦਾ ਕਾਰਨ ਬਣ ਸਕਦੇ ਹਨ।
ਇਸ ਦੇ ਨਾਲ ਹੀ ਮੁੰਬਈ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਅਵਿਨਾਸ਼ ਭੋਂਡਵੇ ਦਾ ਕਹਿਣਾ ਹੈ ਕਿ ਫਸਲਾਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਕੀਟਨਾਸ਼ਕ ਨੱਕ ਅਤੇ ਮੂੰਹ ਰਾਹੀਂ ਸਾਡੇ ਸਰੀਰ ਵਿੱਚ ਦਾਖ਼ਲ ਹੋ ਸਕਦੇ ਹਨ। ਕਈ ਕੀਟਨਾਸ਼ਕ ਭੋਜਨ ਰਾਹੀਂ ਵੀ ਸਰੀਰ ਵਿਚ ਦਾਖ਼ਲ ਹੁੰਦੇ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਦਿਮਾਗ਼ ਵਿਚ ਮੌਜੂਦ ਗਲੈਂਡ ‘ਤੇ ਪੈਂਦਾ ਹੈ ਜੋ ਹਾਰਮੋਨਸ ਨੂੰ ਕੰਟ੍ਰੋਲ ਕਰਦੀ ਹੈ।
ਇਸ ਤੋਂ ਇਲਾਵਾ ਸਬਜ਼ੀਆਂ ਨੂੰ ਤੇਜ਼ੀ ਨਾਲ ਉਗਾਉਣ ਜਾਂ ਗਾਵਾਂ-ਮੱਝਾਂ ਤੋਂ ਜ਼ਿਆਦਾ ਦੁੱਧ ਲੈਣ ਲਈ ਵੀ ਹਾਰਮੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਸਰੀਰ ‘ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ।

ਤਸਵੀਰ ਸਰੋਤ, Getty Images
ਕਾਰਨ ਬਹੁਤ ਸਾਰੇ ਹਨ
ਡਾਕਟਰਾਂ ਦਾ ਕਹਿਣਾ ਹੈ ਕਿ ਜਲਦੀ ਆਈ ਪਿਊਬਰਟੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਇਸ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਧਿਐਨ ਅਜੇ ਚੱਲ ਰਿਹਾ ਹੈ।
ਮੁੰਬਈ ਦੇ ਬੀਜੇ ਵਾਡੀਆ ਹਸਪਤਾਲ ਨੇ ਆਈਸੀਐੱਮਆਰ ਦੇ ਸਹਿਯੋਗ ਨਾਲ ਸਾਲ 2020 ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਸੀ।
ਇਹ ਕੈਂਪ ਛੇ ਤੋਂ ਨੌਂ ਸਾਲ ਦੀਆਂ ਕੁੜੀਆਂ ਲਈ ਲਗਾਇਆ ਗਿਆ ਸੀ।
ਹਸਪਤਾਲ ਦੇ ਬਾਲ ਚਿਕਿਤਸਾ ਵਿਭਾਗ ਵਿੱਚ ਕੰਮ ਕਰ ਰਹੀ ਡਾਕਟਰ ਸੁਧਾ ਰਾਉ ਕਹਿੰਦੇ ਹਨ, “60 ਕੁੜੀਆਂ, ਜਿਨ੍ਹਾਂ ਦੀ ਉਮਰ ਛੇ ਤੋਂ ਨੌਂ ਸਾਲ ਦੇ ਵਿਚਕਾਰ ਸੀ, ਸਮੇਂ ਤੋਂ ਪਹਿਲਾਂ ਪਿਊਬਰਟੀ ਦੀ ਪ੍ਰਕਿਰੀਆਂ ਵਿੱਚੋਂ ਲੰਘ ਚੁੱਕੀਆਂ ਸਨ ਅਤੇ ਉਨ੍ਹਾਂ ਵਿੱਚੋ ਕੁਝ ਨੂੰ ਕਿਸੇ ਵੀ ਸਮੇਂ ਮਾਹਵਾਰੀ ਸ਼ੁਰੂ ਹੋ ਸਕਦੀ ਸੀ।”
ਉਹ ਦੱਸਦੇ ਹਨ ਕਿ ਮੋਟੇ ਬੱਚਿਆਂ ਵਿੱਚ ਇਹ ਲੱਛਣ ਜ਼ਿਆਦਾ ਪਾਏ ਜਾਂਦੇ ਹਨ ਅਤੇ ਕੋਰੋਨਾ ਦੌਰਾਨ ਬੱਚਿਆਂ ਵਿੱਚ ਮੋਟਾਪਾ ਵਧਣ ਕਾਰਨ ਇਹ ਸਮੱਸਿਆ ਵੱਧ ਗਈ ਹੈ।

ਤਸਵੀਰ ਸਰੋਤ, Getty Images
ਮੋਟਾਪਾ, ਬਹੁਤ ਜ਼ਿਆਦਾ ਟੀਵੀ ਵੀ ਇੱਕ ਕਾਰਨ ਹੋ ਸਕਦਾ ਹੈ
ਡਾਕਟਰਾਂ ਦਾ ਕਹਿਣਾ ਹੈ ਕਿ ਮੋਟਾਪੇ ਤੋਂ ਇਲਾਵਾ ਮੋਬਾਈਲ, ਟੀਵੀ ਜਾਂ ਸਕਰੀਨ ਦੀ ਜ਼ਿਆਦਾ ਵਰਤੋਂ, ਕਸਰਤ ਦੀ ਕਮੀ ਆਦਿ ਵੀ ਇਸ ਦੇ ਕਾਰਨ ਹੋ ਸਕਦੇ ਹਨ।
ਡਾਕਟਰ ਐੱਸਐੱਨ ਬਾਸੂ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਜਵਾਨੀ ਦੇ ਕਾਰਨਾਂ ਨੂੰ ਸਮਝਣ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੀਟਨਾਸ਼ਕ, ਭੋਜਨ ਵਿੱਚ ਵਰਤੇ ਜਾਣ ਵਾਲੇ ਪ੍ਰੀਜ਼ਰਵੇਟਿਵ, ਪ੍ਰਦੂਸ਼ਣ, ਮੋਟਾਪਾ ਆਦਿ ਬਾਹਰੀ ਕਾਰਨ ਹੋ ਸਕਦੇ ਹਨ।
ਇਸ ਤੋਂ ਇਲਾਵਾ, ਸਰੀਰ ਵਿੱਚ ਟਿਊਮਰ ਦੀ ਮੌਜੂਦਗੀ ਜਾਂ ਜੈਨੇਟਿਕ ਵਿਕਾਰ ਵੀ ਸਰੀਰ ਦੀ ਸਰਕੇਡੀਅਨ ਲੈਅ ਨੂੰ ਵਿਗਾੜਦੇ ਹਨ, ਜਿਸ ਕਾਰਨ ਇਹ ਹੋ ਰਿਹਾ ਹੈ।
ਡਾਕਟਰ ਵੈਸਾਖੀ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਉਨ੍ਹਾਂ ਦੀ ਓਪੀਡੀ ਵਿੱਚ ਹਰ ਰੋਜ਼ ਪੰਜ ਤੋਂ ਛੇ ਛੋਟੀ ਬੱਚੀਆਂ ਦੇ ਪੀਰੀਅਡਜ਼ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਉਹ ਕਹਿੰਦੀ ਹੈ, “ਮੈਨੂੰ ਅਜਿਹੇ ਕੇਸ ਵੀ ਮਿਲਦੇ ਹਨ ਜਿੱਥੇ ਮਾਵਾਂ ਮੈਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਅਪ੍ਰੈਲ ਵਿੱਚ ਬਦਲਾਅ ਦੇਖਿਆ ਅਤੇ ਕੁੜੀਆਂ ਨੂੰ ਜੂਨ-ਜੁਲਾਈ ਵਿੱਚ ਮਾਹਵਾਰੀ ਆਉਣੀ ਸ਼ੁਰੂ ਹੋ ਗਈ। ਹੁਣ ਮੁੰਡਿਆਂ ਦੇ ਅਜਿਹੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।”
ਉਹ ਕਹਿੰਦੀ ਹੈ ਕਿ ਸਕ੍ਰੀਨ ਟਾਈਮ ਵੀ ਅਸਿੱਧੇ ਤੌਰ ‘ਤੇ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰਭਾਵਿਤ ਕਰਦਾ ਹੈ।
ਉਨ੍ਹਾਂ ਦੇ ਮੁਤਾਬਕ, “ਦਿਮਾਗ਼ ਤੋਂ ਨਿਕਲਣ ਵਾਲਾ ਮੇਲਾਟੋਨਿਨ ਹਾਰਮੋਨ ਸਾਨੂੰ ਸੌਣ ਵਿੱਚ ਮਦਦ ਕਰਦਾ ਹੈ, ਪਰ ਸਕਰੀਨ ਦਾ ਸਮਾਂ ਵੱਧਣ ਨਾਲ, ਸਲੀਪ ਸਾਈਕਲ ਯਾਨਿ ਸਰਕੇਡੀਅਨ ਰਿਦਮ ਵਿੱਚ ਵਿਘਨ ਪੈ ਜਾਂਦਾ ਹੈ ਕਿਉਂਕਿ ਸਕਰੀਨ ਦੀ ਰੌਸ਼ਨੀ ਇਸਦੇ ਸੰਤੁਲਨ ਨੂੰ ਵਿਗਾੜਦੀ ਹੈ। ਇਹ ਹਾਰਮੋਨ ਸਾਡੇ ਜਿਨਸੀ ਹਾਰਮੋਨਸ ਨੂੰ ਦਬਾਉਣ ਵਿੱਚ ਮਦਦ ਕਰਦਾ ਹੈ, ਪਰ ਮੇਲਾਟੋਨਿਨ ਦੇ ਅਸੰਤੁਲਨ ਕਾਰਨ, ਜਿਨਸੀ ਹਾਰਮੋਨ ਜਲਦੀ ਨਿਕਲਦੇ ਹਨ।”

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਸੈਨੀਟਾਈਜ਼ਰ ‘ਚ ਪਾਏ ਜਾਣ ਵਾਲੇ ਕੈਮੀਕਲ ਵੀ ਖੂਨ ਰਾਹੀਂ ਚਮੜੀ ‘ਚ ਦਾਖਲ ਹੁੰਦੇ ਹਨ ਅਤੇ ਇਹ ਹਾਰਮੋਨਸ ‘ਤੇ ਵੀ ਅਸਰ ਪਾਉਂਦੇ ਹਨ।
ਡਾ. ਐੱਸਐੱਨ ਬਾਸੂ ਦਾ ਕਹਿਣਾ ਹੈ ਕਿ ਸਾਡੇ ਸਰੀਰ ਵਿੱਚ ਕਿਸਪੇਪਟਿਨ ਨਾਮ ਦਾ ਇੱਕ ਹਾਰਮੋਨ ਹੁੰਦਾ ਹੈ ਅਤੇ ਇਹ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਲੱਛਣ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ।
ਇਸ ਦੇ ਨਾਲ ਹੀ ਹੋਰ ਕਾਰਨ ਮਿਲ ਕੇ ਹਾਰਮੋਨਸ ਦੇ ਸੰਤੁਲਨ ਨੂੰ ਵਿਗਾੜਦੇ ਹਨ ਅਤੇ ਜਲਦੀ ਪਿਊਬਰਟੀ ਦਾ ਕਾਰਨ ਬਣਦੇ ਹਨ।
ਪਰ ਇਨ੍ਹਾਂ ਸਾਰੇ ਕਾਰਨਾਂ ਦਾ ਅਜੇ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਹਾਲ ਹੀ ਵਿੱਚ ਆ ਰਹੇ ਮਾਮਲਿਆਂ ਦੇ ਲਈ ਸਿਰਫ ਪੰਜ ਫੀਸਦੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਅਰਚਨਾ ਅਤੇ ਰਾਸ਼ੀ ਦੀਆਂ ਬੇਟੀਆਂ ਨੂੰ ਦਵਾਈਆਂ ਦੇ ਨਾਲ ਟੀਕੇ ਲਗਾਏ ਜਾ ਰਹੇ ਹਨ ਤਾਂ ਜੋ ਇੱਕ ਉਮਰ ਤੱਕ ਉਨ੍ਹਾਂ ਦੇ ਪੀਰੀਅਡਜ਼ ਨੂੰ ਰੋਕਿਆ ਜਾ ਸਕੇ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਉਮਰ ਵਿੱਚ ਕੁੜੀਆਂ ਇੰਨੀਆਂ ਬੁੱਧੀਮਾਨ ਨਹੀਂ ਹੁੰਦੀਆਂ ਕਿ ਉਹ ਪੀਰੀਅਡਜ਼ ਦੌਰਾਨ ਆਪਣੀ ਸਹਿਤ ਅਤੇ ਸਫਾਈ ਦਾ ਧਿਆਨ ਰੱਖ ਸਕਣ।
ਇਸ ਦੇ ਨਾਲ ਹੀ, ਜਲਦੀ ਹੋ ਜਵਾਨੀ ਦੀ ਸ਼ੁਰੂਆਤ ਦਾ ਨਕਾਰਾਤਮਕ ਪ੍ਰਭਾਵ ਮਨੋਵਿਗਿਆਨਕ ਤੌਰ ‘ਤੇ ਵੀ ਦੇਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਆਲੇ ਦੁਆਲੇ ਦੀਆਂ ਕੁੜੀਆਂ ਉਨ੍ਹਾਂ ਨੂੰ ਵੱਖਰਾ ਸਮਝਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI