Home ਰਾਸ਼ਟਰੀ ਖ਼ਬਰਾਂ ਚਿੱਟੀ ਨਹੀਂ, ਭੂਰੀ ਕਪਾਹ! ਇਹ ਕਿਵੇਂ ਤਿਆਰ ਹੁੰਦੀ ਹੈ ਅਤੇ ਕਿੰਨੀ ਫਾਇਦੇਮੰਦ...

ਚਿੱਟੀ ਨਹੀਂ, ਭੂਰੀ ਕਪਾਹ! ਇਹ ਕਿਵੇਂ ਤਿਆਰ ਹੁੰਦੀ ਹੈ ਅਤੇ ਕਿੰਨੀ ਫਾਇਦੇਮੰਦ ਹੈ

3
0

Source :- BBC PUNJABI

ਕਪਾਹ

ਅਸੀਂ ਆਪਣੇ ਰੋਜ਼ ਇਸਤੇਮਾਲ ਵਾਲੀ ਜੀਂਸ ਲਈ ਕਿੰਨੇ ਪੈਸੇ ਖਰਚ ਕਰਦੇ ਹਾਂ, ਇਸ ਦਾ ਜਵਾਬ ਲਗਭਗ ਹਰ ਕੋਈ ਤੁਰੰਤ ਦੇ ਸਕਦਾ ਹੈ।

ਪਰ ਕੀ ਤੁਹਾਨੂੰ ਅੰਦਾਜ਼ਾ ਹੈ ਕਿ ਇੱਕ ਜੋੜੀ ਜੀਂਸ ਲਈ ਵਾਤਾਵਰਣ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ?

ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੇ ਅਨੁਸਾਰ, ਕਪਾਹ ਦੇ ਉਤਪਾਦਨ ਤੋਂ ਲੈ ਕੇ ਜੀਨਸ ਦੇ ਸ਼ੋਅਰੂਮ ਤੱਕ ਪਹੁੰਚਣ ਤੱਕ ਕੁੱਲ 3781 ਲੀਟਰ ਪਾਣੀ ਦੀ ਲੋੜ ਹੁੰਦੀ ਹੈ।

ਜੇ ਇੱਕ ਜੋੜੀ ਜੀਂਸ ਲਈ ਇੰਨਾ ਪਾਣੀ ਲੱਗਦਾ ਹੈ ਤਾਂ ਪੂਰੇ ਕੱਪੜਾ ਉਦਯੋਗ ਲਈ ਕਿੰਨਾ ਪਾਣੀ ਖਰਚ ਹੁੰਦਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।

ਇਨ੍ਹਾਂ ਉਦਯੋਗਾਂ ਵਿੱਚ ਸਭ ਤੋਂ ਵੱਧ ਪਾਣੀ ਕੱਪੜਿਆਂ ਨੂੰ ਖ਼ਾਸ ਰੰਗ ਦੇਣ ਲਈ ਵਰਤਿਆ ਜਾਂਦਾ ਹੈ।

ਅਮਰੀਕਾ ਦੇ ਗ਼ੈਰ-ਮੁਨਾਫ਼ਾ ਖੋਜ ਕੇਂਦਰ ਵਰਲਡ ਰਿਸੋਰਸਿਜ਼ ਇੰਸਟੀਚਿਊਟ ਦੇ ਅਨੁਸਾਰ, ਕੱਪੜਾ ਉਦਯੋਗ ਹਰ ਸਾਲ ਕੱਪੜਿਆਂ ਨੂੰ ਰੰਗਣ ਲਈ ਲਗਭਗ ਪੰਜ ਟ੍ਰਿਲੀਅਨ ਲੀਟਰ ਪਾਣੀ ਦੀ ਵਰਤੋਂ ਕਰਦਾ ਹੈ।

ਪਰ ਕੀ ਕੱਪੜਾ ਉਦਯੋਗ ਵਿੱਚ ਹੋਣ ਵਾਲੇ ਇਸ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ? ਇਸ ਲਈ ਵੀ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੀ ਹੀ ਇੱਕ ਕੋਸ਼ਿਸ਼ ਨਾਗਪੁਰ ਸਥਿਤ ਕਪਾਹ ਖੋਜ ਸੰਸਥਾਨ ਦੀ ਮੁੱਖ ਵਿਗਿਆਨੀ ਡਾ. ਵਿਨਿਤਾ ਗੋਤਮਾਰੇ ਨੇ ਕੀਤੀ ਹੈ।

ਵਿਨਿਤਾ ਗੋਤਮਾਰੇ ਨੇ ਜੰਗਲੀ ਪ੍ਰਜਾਤੀਆਂ ਦੀ ਵਰਤੋਂ ਕਰਕੇ ਭੂਰੇ (ਬ੍ਰਾਊਨ) ਰੰਗ ਦੇ ਕਪਾਹ ਦੀ ਇੱਕ ਕਿਸਮ ਵਿਕਸਤ ਕੀਤੀ ਹੈ। ਭਾਵ ਜ਼ਮੀਨ ਤੋਂ ਹੀ ਕੁਦਰਤੀ ਤੌਰ ‘ਤੇ ਭੂਰੇ ਰੰਗ ਦਾ ਕਪਾਹ ਉੱਗਦਾ ਹੈ।

ਰੰਗੀਨ ਕਪਾਹ ਦੀਆਂ ਚਾਰ ਭਾਰਤੀ ਕਿਸਮਾਂ ਹੁਣ ਸਾਹਮਣੇ ਆ ਚੁੱਕੀਆਂ ਹਨ। ਬੀਜ ਕਿਸਾਨਾਂ ਨੂੰ ਵੀ ਦਿੱਤੇ ਗਏ ਹਨ ਅਤੇ ਉਨ੍ਹਾਂ ਤੋਂ ਕੱਪੜਾ ਵੀ ਤਿਆਰ ਕੀਤਾ ਜਾ ਰਿਹਾ ਹੈ।

ਕਪਾਹ

ਰੰਗੀਨ ਕਪਾਹ ਕਿਵੇਂ ਖੋਜੀ ਗਈ?

ਡਾ. ਗੋਤਮਾਰੇ ਦੱਸਦੇ ਹਨ, “ਮੈਂ ਸ਼ੁਰੂ ਤੋਂ ਹੀ ਜੰਗਲੀ ਪ੍ਰਜਾਤੀਆਂ ‘ਤੇ ਕੰਮ ਕੀਤਾ ਹੈ। ਇਨ੍ਹਾਂ ਜੰਗਲੀ ਪ੍ਰਜਾਤੀਆਂ ਦੀ ਵਰਤੋਂ ਕਰ ਕੇ ਮੈਂ ਕਿਸਾਨਾਂ ਲਈ ਲਾਭਕਾਰੀ ਕਿਸਮਾਂ ਵਿਕਸਤ ਕਰਦੀ ਹਾਂ। ਜੰਗਲੀ ਪ੍ਰਜਾਤੀਆਂ ਨੂੰ ਕਿਸਾਨਾਂ ਵੱਲੋਂ ਉਗਾਈਆਂ ਜਾਣ ਵਾਲੀਆਂ ਕਿਸਮਾਂ ਨਾਲ ਕਰਾਸ ਕਰਦੇ ਸਮੇਂ ਮੈਨੂੰ ਰੰਗੀਨ ਕਪਾਹ ਦੇ ਕੁਝ ਡੈਰੀਵੇਟਿਵ ਮਿਲੇ।”

“ਇਸ ਤੋਂ ਬਾਅਦ ਇਸ ਦੇ ਵਪਾਰਕ ਮਹੱਤਵ ਨੂੰ ਦੇਖਦੇ ਹੋਏ ਇਸ ਨੂੰ ਸਥਿਰ ਕਰਨਾ ਜ਼ਰੂਰੀ ਸੀ। ਇਸ ਦਾ ਰੰਗ ਫਿੱਕਾ ਨਾ ਪਵੇ, ਇਸ ਲਈ ਕੋਸ਼ਿਸ਼ਾਂ ਸ਼ੁਰੂ ਹੋਈਆਂ। ਇਸ ਕੰਮ ਵਿੱਚ ਕਾਫ਼ੀ ਮਿਹਨਤ ਅਤੇ ਸਮਾਂ ਲੱਗਦਾ ਹੈ।”

ਉਹ ਕਹਿੰਦੇ ਹਨ, “ਜੰਗਲੀ ਪ੍ਰਜਾਤੀਆਂ ਦੇ ਕਰਾਸਿੰਗ ਦੌਰਾਨ ਕਈ ਕਿਸਮਾਂ ਮਿਲਦੀਆਂ ਹਨ, ਪਰ ਉਨ੍ਹਾਂ ਵਿੱਚੋਂ ਇੱਕ ਨੂੰ ਚੁਣ ਕੇ ਉਸ ਨੂੰ ਸਥਿਰ ਕਰਨਾ ਵੱਡਾ ਕੰਮ ਹੁੰਦਾ ਹੈ।”

ਡਾ. ਵਿਨਿਤਾ ਗੋਤਮਾਰੇ

ਭੂਰਾ ਕਪਾਹ

ਉਨ੍ਹਾਂ ਨੇ ਹਿਰਸੁਟਮ, ਥਰਬੇਰੀ, ਬਾਰਬਾਡੇਂਸ ਅਤੇ ਰਾਇਮੋਂਡੀ ਵਰਗੀਆਂ ਜੰਗਲੀ ਪ੍ਰਜਾਤੀਆਂ ਨੂੰ ਕਰਾਸ ਕਰਕੇ ਉਨ੍ਹਾਂ ਤੋਂ ਪ੍ਰੋਜਿਨਸ ਹਾਸਲ ਕੀਤੀ।

2013 ਵਿੱਚ “ਵੈਦਹੀ 95” ਨੂੰ ਜੈਨੇਟਿਕ ਸਟਾਕ ਦੇ ਰੂਪ ਵਿੱਚ ਰਜਿਸਟਰ ਕੀਤਾ ਗਿਆ। ਇਸ ਤੋਂ ਬਾਅਦ ਪਹਿਲੀ ਕਿਸਮ ਜਾਰੀ ਹੋਣ ਵਿੱਚ 2021 ਤੱਕ ਦਾ ਸਮਾਂ ਲੱਗਿਆ।

ਡਾ. ਗੋਤਮਾਰੇ ਅਤੇ ਕਪਾਹ ਖੋਜ ਸੰਸਥਾਨ ਦੀ ਟੀਮ ਨੂੰ ਇਸ ਕੰਮ ਵਿੱਚ ਲਗਭਗ 25 ਸਾਲ ਲੱਗੇ। 2021 ਵਿੱਚ “ਵੈਦਹੀ 1” ਨਾਮ ਦੀ ਪਹਿਲੀ ਰੰਗੀਨ ਕਪਾਹ ਦੀ ਕਿਸਮ ਜਾਰੀ ਕੀਤੀ ਗਈ। ਇਹ ਕਿਸਮ ਗੂੜ੍ਹੇ ਭੂਰੇ ਰੰਗ ਦੀ ਹੈ ਅਤੇ ਦੱਖਣੀ ਸੂਬਿਆਂ ਲਈ ਜਾਰੀ ਕੀਤੀ ਗਈ ਸੀ।

ਇਸ ਤੋਂ ਬਾਅਦ ਹੁਣ ਤੱਕ ਰੰਗੀਨ ਕਪਾਹ ਦੀਆਂ ਚਾਰ ਕਿਸਮਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ। ਇਹ ਕਿਸਮਾਂ ਮੱਧ ਅਤੇ ਦੱਖਣੀ ਖੇਤਰਾਂ ਵਿੱਚ ਜਾਰੀ ਕੀਤੀਆਂ ਗਈਆਂ ਹਨ।

ਇਨ੍ਹਾਂ ਵਿੱਚ ਗੂੜ੍ਹਾ ਭੂਰਾ ਅਤੇ ਹਲਕਾ ਭੂਰਾ ਸ਼ੇਡ ਸ਼ਾਮਲ ਹੈ। ਹਾਲ ਹੀ ਵਿੱਚ “ਸੀਐੱਨਐੱਚ 18529” ਕਿਸਮ ਵੀ ਜਾਰੀ ਕੀਤੀ ਗਈ ਹੈ।

ਦੁਨੀਆ ਦੇ ਕੁਝ ਹੋਰ ਦੇਸ਼ਾਂ ਵਿੱਚ ਵੀ ਰੰਗੀਨ ਕਪਾਹ ਵਿਕਸਤ ਕੀਤੇ ਗਏ ਹਨ, ਪਰ ਭਾਰਤੀ ਕਿਸਮਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਜੰਗਲੀ ਪ੍ਰਜਾਤੀਆਂ ਤੋਂ ਵਿਕਸਿਤ ਕੀਤੀਆਂ ਗਈਆਂ ਹਨ, ਅਜਿਹਾ ਡਾ. ਗੋਤਮਾਰੇ ਦੱਸਦੇ ਹਨ।

ਡਾ. ਵਿਨਿਤਾ ਗੋਤਮਾਰੇ

ਬਿਨਾ ਰਸਾਇਣ ਦੇ ਤਿਆਰ ਹੁੰਦਾ ਹੈ ਕੱਪੜਾ

ਇਸ ਕਪਾਹ ਦਾ ਉਤਪਾਦਨ ਖੋਜ ਸੰਸਥਾਨ ਦੀ ਜ਼ਮੀਨ ‘ਤੇ ਕੀਤਾ ਜਾਂਦਾ ਹੈ। ਨਾਲ ਹੀ ਜੈਵਿਕ ਖੇਤੀ ਕਰਨ ਵਾਲੇ ਸੱਤ ਤੋਂ ਅੱਠ ਕਿਸਾਨਾਂ ਨੂੰ ਵੀ ਬੀਜ ਦਿੱਤੇ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਕਪਾਹ ਨੂੰ ਰਸਾਇਣਕ ਛਿੜਕਾਅ ਦੀ ਲੋੜ ਨਹੀਂ ਹੁੰਦੀ।

ਵਰਧਾ ਦੇ ਖਾਦੀ ਗ੍ਰਾਮ ਉਦਯੋਗ ਵਿੱਚ ਵੀ ਇਸ ਭੂਰੇ ਕਪਾਹ ਦਾ ਉਤਪਾਦਨ ਕੀਤਾ ਜਾਂਦਾ ਹੈ।

ਇਸ ਕਪਾਹ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਵਿੱਚੋਂ ਇੱਕ ਹਰੀਭਾਉ ਕੁੰਭਰੇ ਦੱਸਦੇ ਹਨ, “ਪਿਛਲੇ ਦੋ ਸਾਲਾਂ ਤੋਂ ਅਸੀਂ ਅੱਧੇ ਏਕੜ ਵਿੱਚ ਇਹ ਕਪਾਹ ਉਗਾ ਰਹੇ ਹਾਂ। ਚਿੱਟੇ ਕਪਾਹ ਦੀ ਤੁਲਨਾ ਵਿੱਚ ਇਸ ਦੀ ਪੈਦਾਵਾਰ ਘੱਟ ਹੈ, ਪਰ ਇਸ ਵਿੱਚ ਰਸਾਇਣਕ ਛਿੜਕਾਅ ਦੀ ਲੋੜ ਨਹੀਂ ਹੁੰਦੀ। ਜੈਵਿਕ ਛਿੜਕਾਅ ਨਾਲ ਹੀ ਇਸ ਦੀ ਪੈਦਾਵਾਰ ਹੋ ਜਾਂਦੀ ਹੈ।”

ਕਪਾਹ ਖੋਜ ਕੇਂਦਰ ਅਤੇ ਇਸ ਨੂੰ ਉਗਾਉਣ ਵਾਲੇ ਕਿਸਾਨਾਂ ਤੋਂ ਵਰਧਾ ਦੇ ਗੋਪੁਰੀ ਸਥਿਤ ਖਾਦੀ ਗ੍ਰਾਮ ਉਦਯੋਗ ਕੇਂਦਰ ਕਪਾਹ ਖਰੀਦਦਾ ਹੈ।

ਇਸ ਨੂੰ ਚਿੱਟੀ ਕਪਾਹ ਨਾਲੋਂ ਵੱਧ ਕੀਮਤ ਦਿੱਤੀ ਜਾਂਦੀ ਹੈ। ਇਸ ਤੋਂ ਸੂਤ ਕੱਤਣਾ, ਕੱਪੜਾ ਬਣਾਉਣਾ ਅਤੇ ਫੈਸ਼ਨ ਦੇ ਅਨੁਸਾਰ ਕੱਪੜੇ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਹੈ।

ਖਾਦੀ ਗ੍ਰਾਮ ਉਦਯੋਗ ਵਸੰਤ ਫੁਟਾਣੇ ਦੇ ਮਾਰਗਦਰਸ਼ਨ ਹੇਠ ਕੰਮ ਕਰਦਾ ਹੈ। ਉਹ ਦੱਸਦੇ ਹਨ, “ਭੂਰੇ ਰੰਗ ਦਾ ਕਪਾਹ ਸਾਡੇ ਲਈ ਮਹੱਤਵਪੂਰਨ ਹੈ। ਪਹਿਲਾਂ ਅਸੀਂ ਇਸ ਨੂੰ ਕਰਨਾਟਕ ਤੋਂ ਲੈਂਦੇ ਸੀ, ਪਰ ਹੁਣ ਇਹ ਨਾਗਪੁਰ ਦੇ ਕਪਾਹ ਖੋਜ ਕੇਂਦਰ ਤੋਂ ਉਪਲਬਧ ਹੋ ਰਿਹਾ ਹੈ।

ਇਹ ਕੱਪੜਾ ਘੱਟੋਂ-ਘੱਟ ਪ੍ਰਦੂਸ਼ਣ ਕਰਦਾ ਹੈ। ਇਸ ਵਿੱਚ ਬਲੀਚਿੰਗ ਲਈ ਡਿਟਰਜੈਂਟ ਜਾਂ ਹਾਈਡ੍ਰੋਜਨ ਪੇਰਾਆਕਸਾਈਡ ਵਰਗੇ ਰਸਾਇਣਾਂ ਦੀ ਲੋੜ ਨਹੀਂ ਹੁੰਦੀ। ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇਹ ਕਪਾਹ ਬਹੁਤ ਮਹੱਤਵਪੂਰਨ ਹੈ। ਜੇ ਅਜਿਹੇ ਹੋਰ ਰੰਗੀਨ ਕਪਾਹ ਵਿਕਸਤ ਹੋਈ ਤਾਂ ਟੈਕਸਟਾਈਲ ਉਦਯੋਗ ਵਿੱਚ ਪ੍ਰਦੂਸ਼ਣ ਘਟ ਸਕਦਾ ਹੈ।”

ਕਪਾਹ

ਕੱਪੜਿਆਂ ਨੂੰ ਰੰਗਣ ਵਿੱਚ ਬਹੁਤ ਵੱਧ ਪਾਣੀ ਖਰਚ ਹੁੰਦਾ ਹੈ ਅਤੇ ਇਹੀ ਰਸਾਇਣ ਵਾਲਾ ਪਾਣੀ ਜਦੋਂ ਛੱਡਿਆ ਜਾਂਦਾ ਹੈ ਤਾਂ ਜ਼ਮੀਨ ਅਤੇ ਜਲ ਸਰੋਤ ਵੀ ਪ੍ਰਦੂਸ਼ਿਤ ਹੁੰਦੇ ਹਨ।

ਇਸ ਪ੍ਰਦੂਸ਼ਣ ਨੂੰ ਰੋਕਣ ਲਈ ਰੰਗੀਨ ਕਪਾਹ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੀ ਖੇਤੀ ਲਈ ਕੇਵਲ ਬਰਸਾਤ ਦਾ ਪਾਣੀ ਲੋੜੀਂਦਾ ਹੁੰਦਾ ਹੈ। ਇਸ ਤੋਂ ਬਾਅਦ ਕਪੜਾ ਤਿਆਰ ਹੋਣ ਤੱਕ ਕਿਸੇ ਰਸਾਇਣ ਜਾਂ ਵਾਧੂ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਨੂੰ ਗਰਮ ਪਾਣੀ ਨਾਲ ਧੋ ਕੇ ਸਿੱਧਾ ਵਰਤਿਆ ਜਾ ਸਕਦਾ ਹੈ।

ਵਰਧਾ ਦੇ ਅਨਿਲ ਫਰਸੋਲੇ ਦੱਸਦੇ ਹਨ ਕਿ ਕਿਉਂਕਿ ਇਹ ਕਪਾਹ ਕੁਦਰਤੀ ਤੌਰ ‘ਤੇ ਰੰਗੀਨ ਹੈ, ਇਸ ਲਈ ਇਸ ਵਿੱਚ ਕਿਸੇ ਕਿਸਮ ਦੀ ਡਾਈ ਦੀ ਲੋੜ ਨਹੀਂ ਹੁੰਦੀ। ਬਲੀਚਿੰਗ ਦੀ ਵੀ ਲੋੜ ਨਹੀਂ ਪੈਂਦੀ। ਇਸ ਲਈ ਇਹ ਚਮੜੀ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਉਹ ਇਸ ਕਪਾਹ ਤੋਂ ਬਣੇ ਕਪੜੇ ਵਰਤਦੇ ਹਨ।

ਉਨ੍ਹਾਂ ਦੇ ਮੁਤਾਬਕ, “ਅਸੀਂ ਪਿਛਲੇ ਇੱਕ ਸਾਲ ਤੋਂ ਭੂਰੇ ਰੰਗ ਦੇ ਕਪੜੇ ਵਰਤ ਰਹੇ ਹਾਂ। ਖਾਦੀ ਦਾ ਕਪੜਾ ਥੋੜ੍ਹਾ ਸੁੰਗੜ ਜਾਂਦਾ ਹੈ, ਪਰ ਇਹ ਕੱਪੜਾ ਨਹੀਂ ਸੁੰਗੜਿਆ ਅਤੇ ਨਾਲ ਹੀ ਦੋ ਰੰਗ ਆਪਸ ਵਿੱਚ ਨਹੀਂ ਮਿਲੇ।”

“ਕੁਦਰਤੀ ਡਾਈ ਨਾਲ ਰੰਗੇ ਕੱਪੜਿਆਂ ਵਿੱਚ ਵੀ ਕਈ ਵਾਰ ਸਮੱਸਿਆ ਆ ਜਾਂਦੀ ਹੈ, ਪਰ ਕੁਦਰਤੀ ਤੌਰ ‘ਤੇ ਉੱਗਣ ਵਾਲੇ ਰੰਗੀਨ ਕਪਾਹ ਤੋਂ ਬਣਿਆ ਕਪੜਾ ਮੈਨੂੰ ਬਹੁਤ ਪਸੰਦ ਆਇਆ।”

ਵਸੰਤ ਫੁਟਾਣੇ ਦੱਸਦੇ ਹਨ ਕਿ ਫਰਸੋਲੇ ਦੇ ਪੁੱਤਰ ਅਤੇ ਨੂੰਹ ਇਹ ਕੱਪੜੇ ਆਪਣੇ ਨਾਲ ਨੀਦਰਲੈਂਡ ਵੀ ਲੈ ਗਏ। ਖਾਦੀ ਗ੍ਰਾਮੋਦਯੋਗ ਵਿੱਚ ਇਨ੍ਹਾਂ ਕੱਪੜਿਆਂ ਦੀ ਦੇਸ਼ ਭਰ ਵਿੱਚ ਮੰਗ ਹੈ, ਪਰ ਉਤਪਾਦਨ ਘੱਟ ਹੋਣ ਕਾਰਨ ਸਪਲਾਈ ਸੀਮਤ ਹੈ।

ਉਹ ਕਹਿੰਦੇ ਹਨ, “ਸਾਡੀ ਸਪਲਾਈ ਘੱਟ ਅਤੇ ਮੰਗ ਵੱਧ ਹੈ। ਇਸ ਭੂਰੇ ਕਪਾਹ ਨੂੰ ਉਗਾਉਣ ਵਾਲੇ ਕਿਸਾਨ ਬਹੁਤ ਘੱਟ ਹਨ।”

“ਕਿਉਂਕਿ ਇਹ ਕਪਾਹ ਵਾਤਾਵਰਨ ਅਨੁਕੂਲ ਹੈ, ਇਸ ਲਈ ਇਸ ਦਾ ਪ੍ਰਚਾਰ ਵਧਣਾ ਚਾਹੀਦਾ ਹੈ ਅਤੇ ਇਸ ਲਈ ਨੀਤੀ ਵੀ ਬਣਨੀ ਚਾਹੀਦੀ ਹੈ, ਤਾਂ ਜੋ ਕਿਸਾਨ ਇਸ ਨੂੰ ਉਗਾਉਣ ਲਈ ਅੱਗੇ ਆਉਣ।”

ਕਪਾਹ

ਤਸਵੀਰ ਸਰੋਤ, Getty Images

ਇਸ ਕਪਾਹ ਦੀਆਂ ਸੀਮਾਵਾਂ ਕੀ ਹਨ?

ਫਿਲਹਾਲ ਇਹ ਰੰਗੀਨ ਕਪਾਹ ਸਿਰਫ਼ ਭੂਰੇ ਰੰਗ ਵਿੱਚ ਉਪਲਬਧ ਹੈ, ਹਾਲਾਂਕਿ ਇਸ ਵਿੱਚ ਵੱਖ-ਵੱਖ ਸ਼ੇਡ ਹਨ।

ਡਾ. ਗੋਤਮਾਰੇ ਦੇ ਮੁਤਾਬਕ, ਅਜੇ ਤੱਕ ਕੇਵਲ ਭੂਰੇ ਰੰਗ ਨੂੰ ਸਥਿਰ ਕਰਨ ਵਿੱਚ ਸਫ਼ਲਤਾ ਮਿਲੀ ਹੈ। ਭਾਵ ਧੁੱਪ ਵਿੱਚ ਇਸ ਦਾ ਰੰਗ ਫਿੱਕਾ ਨਹੀਂ ਪੈਂਦਾ, ਬਲਕਿ ਹੋਰ ਗੂੜ੍ਹਾ ਹੋ ਜਾਂਦਾ ਹੈ।

ਹੋਰ ਰੰਗਾਂ ‘ਤੇ ਵੀ ਪ੍ਰਯੋਗ ਕੀਤੇ ਗਏ ਸਨ, ਪਰ ਫਿਲਹਾਲ ਕੇਵਲ ਭੂਰੇ ਰੰਗ ਨੂੰ ਹੀ ਸਥਿਰ ਕੀਤਾ ਜਾ ਸਕਿਆ ਹੈ। ਹੋਰ ਰੰਗਾਂ ਨੂੰ ਸਥਿਰ ਕਰਨ ‘ਤੇ ਖੋਜ ਜਾਰੀ ਹੈ।

ਇਸ ਤੋਂ ਇਲਾਵਾ ਇਹ ਭੂਰੀ ਕਪਾਹ ਅਜੇ ਮੁੱਖ ਤੌਰ ‘ਤੇ ਤੋਂ ਹੈਂਡਲੂਮ ਲਈ ਉਪਯੋਗੀ ਹੈ ਕਿਉਂਕਿ ਇਸ ਦੀ ਲੰਬਾਈ ਅਤੇ ਮਜਬੂਤੀ ਦੀਆਂ ਕੁਝ ਸੀਮਾਵਾਂ ਹਨ।

ਹਾਲਾਂਕਿ, ਇਸ ਵਿੱਚ ਸੁਧਾਰ ਕਰਕੇ ਇਸ ਨੂੰ ਹਾਈ-ਸਪੀਡ ਮਸ਼ੀਨਾਂ ਲਈ ਉਚਿਤ ਬਣਾਉਣ ਦੇ ਯਤਨ ਵੀ ਜਾਰੀ ਹਨ।

ਭਵਿੱਖ ਵਿੱਚ ਜੇ ਹੋਰ ਉੱਨਤ ਕਿਸਮਾਂ ਵਿਕਸਤ ਹੁੰਦੀਆਂ ਹਨ, ਤਾਂ ਵਾਤਾਵਰਨ ਦੇ ਨਜ਼ਰੀਏ ਨਾਲ ਇਹ ਇੱਕ ਬਹੁਤ ਮਹੱਤਵਪੂਰਨ ਉਪਲਬਧੀ ਸਾਬਤ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI