Source :- BBC PUNJABI
ਤਸਵੀਰ ਸਰੋਤ, Getty Images
ਜੰਗ ਕਿਤੇ ਵੀ ਹੋਵੇ, ਉਸਦਾ ਅਸਰ ਕਿਸੇ ਨਾ ਕਿਸੇ ਰੂਪ ਵਿੱਚ ਦੁਨੀਆ ‘ਤੇ ਪੈਂਦਾ ਹੀ ਹੈ। ਜੰਗ ਦਾ ਮਤਲਬ ਹੀ ਇਹ ਹੈ। ਮੱਧ ਪੂਰਬ ਵਿੱਚ ਅਮਰੀਕਾ ਅਤੇ ਇਜ਼ਰਾਇਲ ਦੀ ਈਰਾਨ ਨਾਲ ਜੰਗ ਚੱਲ ਰਹੀ ਹੈ, ਪਰ ਇਸਦਾ ਅਸਰ ਭਾਰਤੀ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚ ਗਿਆ ਹੈ।
ਕਈ ਸ਼ਹਿਰਾਂ ਵਿੱਚ ਗੈਸ ਲਈ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ। ਕਈ ਹੋਟਲ ਅਤੇ ਰੈਸਟੋਰੈਂਟ ਗੈਸ ਦੀ ਕਮੀ ਕਾਰਨ ਪ੍ਰਭਾਵਿਤ ਹੋਏ ਹਨ।
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡੀਜ਼ਲ, ਪੈਟਰੋਲ ਅਤੇ ਖਾਣਾ ਬਣਾਉਣ ਵਾਲੀ ਗੈਸ ਦੀਆਂ ਕੀਮਤਾਂ ਵਧ ਸਕਦੀਆਂ ਹਨ। ਜੇ ਇਹ ਜੰਗ ਲੰਮੇ ਸਮੇਂ ਤੱਕ ਚੱਲਦੀ ਰਹੀ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਹੀ ਸਿਲੰਡਰਾਂ ਦੀ ਕਮੀ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਮੌਜੂਦਾ ਦੌਰ ਵਿੱਚ ਕਈ ਘਰਾਂ ਅਤੇ ਹੋਟਲਾਂ ਵਿੱਚ ਖਾਣਾ ਬਣਾਉਣਾ ਅਤੇ ਪਰੋਸਣਾ ਉਦੋਂ ਹੀ ਸੰਭਵ ਹੈ ਜਦੋਂ ਗੈਸ ਉਪਲੱਬਧ ਹੋਵੇ।
ਇਨਸਾਨ ਕਈ ਲੋੜਾਂ ਨੂੰ ਕੁਝ ਦਿਨਾਂ ਲਈ ਛੱਡ ਸਕਦਾ ਹੈ, ਪਰ ਭੋਜਨ ਰੋਜ਼ਾਨਾ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਜੇ ਗੈਸ ਨਾ ਹੋਵੇ ਤਾਂ ਲੋਕਾਂ ਕੋਲ ਖਾਣਾ ਬਣਾਉਣ ਲਈ ਹੋਰ ਕਿਸੇ ਬਦਲ ਦੀ ਵਿਵਸਥਾ ਕਰਨੀ ਲਾਜ਼ਮੀ ਹੋ ਜਾਂਦੀ ਹੈ।
ਅੱਜ ਭਾਰਤ ਦੇ ਸ਼ਹਿਰੀ ਖੇਤਰਾਂ ਵਿੱਚ ਲੱਕੜ ਦੇ ਚੁੱਲ੍ਹੇ, ਮਿੱਟੀ ਦੇ ਤੇਲ ਦੇ ਚੂਲੇ ਅਤੇ ਕੋਲ਼ੇ ਵਾਲੇ ਚੁੱਲ੍ਹੇ ਲਗਭਗ ਅਲੋਪ ਹੋ ਚੁੱਕੇ ਹਨ। ਨੌਜਵਾਨ ਪੀੜ੍ਹੀ ਦੇ ਕਈ ਲੋਕਾਂ ਨੇ ਤਾਂ ਇਨ੍ਹਾਂ ਨੂੰ ਕਦੇ ਦੇਖਿਆ ਵੀ ਨਹੀਂ ਹੋਵੇਗਾ। ਹਾਲਾਂਕਿ ਪਿੰਡਾਂ ਵਿੱਚ ਇਹ ਅਜੇ ਵੀ ਦੇਖਣ ਨੂੰ ਮਿਲ ਜਾਂਦੇ ਹਨ। ਇਸਦੇ ਨਾਲ ਹੀ ਸ਼ਹਿਰਾਂ ਵਿੱਚ ਮਾਇਕ੍ਰੋਵੇਵ ਓਵਨ ਅਤੇ ਇੰਡਕਸ਼ਨ ਸਟੋਵ ਵਰਗੇ ਆਧੁਨਿਕ ਬਦਲ ਮੌਜੂਦ ਹਨ।
ਇਸ ਕਹਾਣੀ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਹਾਲਾਤਾਂ ਵਿੱਚ ਬਿਨਾਂ ਘਬਰਾਏ ਖਾਣਾ ਪਕਾਉਣ ਲਈ ਕਿਹੜੇ ਚੁੱਲ੍ਹੇ ਜਾਂ ਸਾਧਨ ਵਰਤੇ ਜਾ ਸਕਦੇ ਹਨ ਅਤੇ ਇਨ੍ਹਾਂ ਲਈ ਕਿਸ ਤਰ੍ਹਾਂ ਦੇ ਇੰਧਨ ਦੀ ਲੋੜ ਪੈਂਦੀ ਹੈ।
1. ਇੰਡਕਸ਼ਨ ਕੁਕਟਾਪ
ਤਸਵੀਰ ਸਰੋਤ, Getty Images
ਸ਼ਹਿਰੀ ਖੇਤਰਾਂ ਵਿੱਚ ਗੈਸ ਸਟੋਵ ਦੇ ਮੁੱਖ ਬਦਲ ਵਜੋਂ ਇੰਡਕਸ਼ਨ ਕੁਕਟਾਪ ਕਾਫ਼ੀ ਲੋਕਪ੍ਰਿਯ ਹੋ ਰਹੇ ਹਨ। ਇਹ ਇਲੈਕਟ੍ਰਿਕ ਸਟੋਵ ਭਾਂਡਿਆਂ ਨੂੰ ਅੱਗ ਦੀ ਲੌਅ ਦੀ ਬਜਾਏ ਚੁੰਬਕੀ ਊਰਜਾ ਨਾਲ ਸਿੱਧਾ ਗਰਮ ਕਰਦੇ ਹਨ।
ਇਸ ਨਾਲ ਭਾਂਡੇ ਛੇਤੀ ਗਰਮ ਹੋ ਜਾਂਦੇ ਹਨ ਅਤੇ ਬਿਜਲੀ ਦੀ ਬਰਬਾਦੀ ਵੀ ਘੱਟ ਹੁੰਦੀ ਹੈ। ਇਹ ਦੁੱਧ ਉਬਾਲਣ ਤੋਂ ਲੈ ਕੇ ਦਾਲ, ਸਬਜ਼ੀ ਆਦਿ ਬਣਾਉਣ ਲਈ ਕਾਫ਼ੀ ਲਾਭਦਾਇਕ ਹੈ।
ਲਾਭ: ਇਸ ‘ਤੇ ਖਾਣਾ ਜਲਦੀ ਬਣ ਜਾਂਦਾ ਹੈ। ਇਹ ਬਿਨਾਂ ਅੱਗ ਦੀ ਲੌਅ ਵਾਲਾ ਹੁੰਦਾ ਹੈ, ਜਿਸ ਕਰਕੇ ਇਹ ਸੁਰੱਖਿਅਤ ਵੀ ਹੁੰਦਾ ਹੈ। ਇਸ ਨੂੰ ਸਾਫ ਕਰਨਾ ਵੀ ਆਸਾਨ ਹੁੰਦਾ ਹੈ।
ਕਮੀਆਂ: ਇਸ ਸਟੋਵ ਨੂੰ ਵਰਤਣ ਲਈ ਖਾਸ ਤੌਰ ‘ਤੇ ਬਣੇ ਇੰਡਕਸ਼ਨ ਬੇਸ ਵਾਲੇ ਬਰਤਨਾਂ ਦੀ ਲੋੜ ਹੁੰਦੀ ਹੈ। ਨਾਲ ਹੀ ਇਹ ਬਿਜਲੀ ਤੋਂ ਬਿਨਾਂ ਕੰਮ ਨਹੀਂ ਕਰਦਾ।
ਕਿੱਥੋਂ ਲੈ ਸਕਦੇ ਹੋ: ਇਲੈਕਟ੍ਰਿਕ ਸਮਾਨ ਦੀਆਂ ਦੁਕਾਨਾਂ, ਰਸੋਈ ਦੇ ਸਮਾਨ ਦੀਆਂ ਦੁਕਾਨਾਂ ਅਤੇ ਆਨਲਾਈਨ ਮਾਰਕੀਟਾਂ ਵਿੱਚ ਇਹ ਆਮ ਤੌਰ ‘ਤੇ ਆਸਾਨੀ ਨਾਲ ਮਿਲ ਜਾਂਦਾ ਹੈ।
2. ਇੰਫ੍ਰਾਰੈਡ ਇਲੈਕਟ੍ਰਿਕ ਸਟੋਵ
ਬਾਹਰੋਂ ਦੇਖਣ ਵਿੱਚ ਇੰਫ੍ਰਾਰੈਡ ਸਟੋਵ ਇੰਡਕਸ਼ਨ ਸਟੋਵ ਵਰਗਾ ਹੀ ਲੱਗਦਾ ਹੈ, ਪਰ ਇਸਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਇਹ ਹੇਠਾਂ ਲੱਗੀਆਂ ਇਨਫਰਾਰੈਡ ਕੋਇਲਾਂ ਰਾਹੀਂ ਗਰਮੀ ਪੈਦਾ ਕਰਦਾ ਹੈ ਅਤੇ ਭਾਂਡਿਆਂ ਨੂੰ ਗਰਮ ਕਰਦਾ ਹੈ।
ਇਸ ‘ਤੇ ਤੁਸੀਂ ਹਰ ਕਿਸਮ ਦੇ ਭਾਂਡਿਆਂ ਵਿੱਚ ਖਾਣਾ ਬਣਾ ਸਕਦੇ ਹੋ।
ਲਾਭ: ਇਹ ਬਿਜਲੀ ਨਾਲ ਚੱਲਦਾ ਹੈ। ਇਸ ਦੇ ਲਈ ਸਟੀਲ, ਐਲੂਮੀਨੀਅਮ ਅਤੇ ਕੱਚ ਵਰਗੇ ਸਾਰੇ ਭਾਂਡੇ ਵਰਤੇ ਜਾ ਸਕਦੇ ਹਨ।
ਕਮੀਆਂ: ਸਟੋਵ ਦਾ ਟੌਪ ਬਹੁਤ ਗਰਮ ਹੋ ਜਾਂਦਾ ਹੈ। ਇਸ ਵਿੱਚ ਇੰਡਕਸ਼ਨ ਕੁਕਟਾਪ ਦੇ ਮੁਕਾਬਲੇ ਬਿਜਲੀ ਦੀ ਖਪਤ ਕੁਝ ਵੱਧ ਹੁੰਦੀ ਹੈ।
ਕਿੱਥੇ ਮਿਲੇਗਾ: ਆਨਲਾਈਨ ਸ਼ਾਪਿੰਗ ਸਾਈਟਾਂ, ਇਲੈਕਟ੍ਰਿਕ ਸਮਾਨ ਦੀਆਂ ਦੁਕਾਨਾਂ ਅਤੇ ਰਸੋਈ ਦੇ ਸਮਾਨ ਵਾਲੀਆਂ ਦੁਕਾਨਾਂ ‘ਤੇ।
3. ਕੋਇਲ ਸਟੋਵ
ਤਸਵੀਰ ਸਰੋਤ, Getty Images
ਇਲੈਕਟ੍ਰਿਕ ਹਾਟ ਪਲੇਟ ਨੂੰ ਕੋਇਲ ਸਟੋਵ ਵੀ ਕਿਹਾ ਜਾਂਦਾ ਹੈ। ਇਹ ਖਾਣਾ ਬਣਾਉਣ ਲਈ ਇੱਕ ਬਹੁਤ ਹੀ ਸਸਤਾ ਉਪਕਰਣ ਹੈ। ਇਹ ਬਿਜਲੀ ਨਾਲ ਚੱਲਦਾ ਹੈ। ਇਸਦੇ ਅੰਦਰ ਲੱਗੀ ਕੋਇਲ ਬਿਜਲੀ ਨਾਲ ਭਾਂਡੇ ਨੂੰ ਗਰਮ ਕਰਦੀ ਹੈ।
ਲਾਭ: ਲਗਭਗ ਹਰ ਕਿਸਮ ਦੇ ਬਰਤਨਾਂ ਨਾਲ ਇਸਦੀ ਵਰਤੋਂ ਕੀਤਾ ਜਾ ਸਕਦਾ ਹੈ। ਇਸਦੀ ਕੀਮਤ ਵੀ ਕਾਫ਼ੀ ਘੱਟ ਹੁੰਦੀ ਹੈ।
ਕਮੀਆਂ: ਇਸ ਨੂੰ ਗਰਮ ਹੋਣ ਵਿੱਚ ਕੁਝ ਸਮਾਂ ਲੱਗਦਾ ਹੈ ਅਤੇ ਬਿਜਲੀ ਦੀ ਖਪਤ ਵੱਧ ਹੁੰਦੀ ਹੈ।
ਕਿੱਥੋਂ ਖਰੀਦ ਸਕਦੇ ਹੋ: ਹਾਰਡਵੇਅਰ ਸਟੋਰ, ਇਲੈਕਟ੍ਰਿਕ ਸਮਾਨ ਦੀਆਂ ਦੁਕਾਨਾਂ ਅਤੇ ਆਨਲਾਈਨ ਸਾਈਟਾਂ ‘ਤੇ।
4. ਇਲੈਕਟ੍ਰਿਕ ਰਾਈਸ ਕੁਕਰ
ਤਸਵੀਰ ਸਰੋਤ, Getty Images
ਇਲੈਕਟ੍ਰਿਕ ਰਾਈਸ ਕੁਕਰ ਦੀ ਵਰਤੋਂ ਕਾਫ਼ੀ ਸਮੇਂ ਤੋਂ ਹੋ ਰਹੀ ਹੈ। ਇਹ ਕਈ ਘਰਾਂ ਵਿੱਚ ਮਿਲ ਜਾਂਦਾ ਹੈ। ਇਸ ਦੀ ਮਦਦ ਨਾਲ ਚੌਲ, ਦਾਲ, ਕਰੀ (ਸਬਜ਼ੀ) ਅਤੇ ਸੂਪ ਵਰਗੇ ਵਿਅੰਜਨ ਬਹੁਤ ਹੀ ਆਸਾਨੀ ਨਾਲ ਤਿਆਰ ਕੀਤੇ ਜਾ ਸਕਦੇ ਹਨ।
ਇਸਦੇ ਲਈ ਸਿਰਫ਼ ਖਾਣਾ ਬਣਾਉਣ ਲਈ ਲੋੜੀਂਦੀ ਸਮੱਗਰੀ ਕੁਕਰ ਦੇ ਭਾਂਡੇ ਵਿੱਚ ਪਾਓ, ਪਾਣੀ ਪਾਓ ਅਤੇ ਕੁਕਰ ਚਾਲੂ ਕਰ ਦਿਓ, ਫਿਰ ਇਹ ਆਪਣਾ ਕੰਮ ਖੁਦ ਕਰ ਲੈਂਦਾ ਹੈ।
ਲਾਭ: ਇਹ ਕਾਫ਼ੀ ਸੁਵਿਧਾਜਨਕ ਹੈ। ਇਸ ਵਿੱਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਅਤੇ ਇਸਦੀ ਦੇਖਭਾਲ ਵੀ ਘੱਟ ਕਰਨੀ ਪੈਂਦੀ ਹੈ।
ਕਮੀਆਂ: ਇਸ ‘ਚ ਤਲੀਆਂ ਹੋਈਆਂ ਸਬਜ਼ੀਆਂ ਜਾਂ ਹੋਰ ਖਾਣੇ ਨਹੀਂ ਬਣਾਏ ਜਾ ਸਕਦੇ। ਇਸ ‘ਤੇ ਰੋਟੀ, ਪੂੜੀ ਜਾਂ ਚਪਾਤੀ ਵੀ ਨਹੀਂ ਬਣ ਸਕਦੀ।
ਕਿੱਥੇ ਮਿਲੇਗਾ: ਇਲੈਕਟ੍ਰਿਕ ਸਮਾਨ ਦੀਆਂ ਦੁਕਾਨਾਂ, ਸੁਪਰਮਾਰਕੀਟ ਅਤੇ ਆਨਲਾਈਨ ਸਟੋਰਾਂ ‘ਤੇ।
5. ਮਾਇਕ੍ਰੋਵੇਵ ਓਵਨ
ਤਸਵੀਰ ਸਰੋਤ, Getty Images
ਮਾਇਕ੍ਰੋਵੇਵ ਓਵਨ ਦੀ ਵਰਤੋਂ ਮੁੱਖ ਤੌਰ ‘ਤੇ ਭੋਜਨ ਨੂੰ ਗਰਮ ਕਰਨ ਅਤੇ ਭਾਫ਼ ਨਾਲ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਇਹ ਪਾਣੀ ਦੇ ਮੌਲੀਕਿਊਲਜ਼ ਨੂੰ ਗਰਮ ਕਰਕੇ ਖਾਣੇ ਨੂੰ ਜਲਦੀ ਪਕਾ ਦਿੰਦਾ ਹੈ। ਹਾਲਾਂਕਿ, ਇਹ ਆਮ ਖਾਣਾ ਪਕਾਉਣ ਲਈ ਉਸ ਤਰ੍ਹਾਂ ਢੁਕਵਾਂ ਨਹੀਂ ਹੈ ਜਿਵੇਂ ਇੱਕ ਰਵਾਇਤੀ ਚੁੱਲ੍ਹਾ ਹੁੰਦਾ ਹੈ।
ਲਾਭ: ਖਾਣਾ ਬਹੁਤ ਜਲਦੀ ਗਰਮ ਹੋ ਜਾਂਦਾ ਹੈ। ਇਹ ਸਬਜ਼ੀਆਂ ਨੂੰ ਭਾਫ਼ ‘ਚ ਪਕਾਉਣ ਲਈ ਵਧੀਆ ਸਾਧਨ ਹੈ।
ਕਮੀਆਂ: ਇਸ ਨਾਲ ਤਲੇ ਹੋਏ ਵਿਅੰਜਨ, ਡੋਸਾ, ਚਪਾਤੀ ਆਦਿ ਨਹੀਂ ਬਣਾਏ ਜਾ ਸਕਦੇ।
ਕਿੱਥੇ ਮਿਲੇਗਾ: ਇਲੈਕਟ੍ਰਿਕ ਉਪਕਰਣਾਂ ਦੀਆਂ ਦੁਕਾਨਾਂ ਅਤੇ ਆਨਲਾਈਨ ਮਾਰਕੀਟਾਂ ਵਿੱਚ।
6. ਸੋਲਰ ਕੁਕਰ
ਤਸਵੀਰ ਸਰੋਤ, Getty Images
ਸੋਲਰ ਕੁਕਰ ਖਾਣਾ ਪਕਾਉਣ ਲਈ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਦੇ ਹਨ। ਇਸਦੇ ਸੌਰ ਰਿਫਲੈਕਟਰ ਸੂਰਜ ਦੀ ਰੋਸ਼ਨੀ ਨੂੰ ਇੱਕ ਭਾਂਡੇ ‘ਤੇ ਕੇਂਦਰਿਤ ਕਰਕੇ ਗਰਮੀ ਪੈਦਾ ਕਰਦੇ ਹਨ। ਇਸਦੇ ਲਈ ਬਸ ਭਾਂਡੇ ਵਿੱਚ ਖਾਣਾ ਰੱਖੋ, ਉਸਨੂੰ ਸੋਲਰ ਕੁਕਰ ਵਿੱਚ ਰੱਖੋ ਅਤੇ ਸਿੱਧਾ ਧੁੱਪ ਵਿੱਚ ਰੱਖ ਦਿਓ।
ਲਾਭ: ਸੋਲਰ ਕੁਕਰ ਲਈ ਕਿਸੇ ਹੋਰ ਇੰਧਨ ਦੀ ਲੋੜ ਨਹੀਂ ਹੁੰਦੀ। ਇਹ ਵਾਤਾਵਰਣ ਦੇ ਵੀ ਅਨੁਕੂਲ ਹੁੰਦਾ ਹੈ।
ਕਮੀਆਂ: ਇਸ ਵਿੱਚ ਖਾਣਾ ਬਣਨ ਵਿੱਚ ਕਾਫ਼ੀ ਸਮਾਂ ਲੱਗਦਾ ਹੈ। ਬੱਦਲ ਵਾਲੇ ਦਿਨਾਂ ਜਾਂ ਰਾਤ ਦੇ ਸਮੇਂ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਇਹ ਕਿੱਥੇ ਮਿਲੇਗਾ: ਆਨਲਾਈਨ ਸਟੋਰਾਂ ਅਤੇ ਬਾਜ਼ਾਰ ਵਿੱਚ।
7. ਕੇਰੋਸਿਨ ਸਟੋਵ
ਤਸਵੀਰ ਸਰੋਤ, Getty Images
ਹਾਲਾਂਕਿ ਗੈਸ ਸਿਲੈਂਡਰ ਅਤੇ ਗੈਸ ਸਟੋਵ ਹੁਣ ਆਮ ਗੱਲ ਬਣ ਗਏ ਹਨ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਲਗਭਗ ਹਰ ਘਰ ਵਿੱਚ ਕੇਰੋਸਿਨ ਵਾਲੇ ਸਟੋਵ ਆਮ ਹੁੰਦੇ ਸਨ। ਕੇਰੋਸਿਨ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਵੀ ਉਪਲੱਬਧ ਕਰਵਾਇਆ ਜਾਂਦਾ ਸੀ।
ਇਸ ਚੁੱਲ੍ਹੇ ਵਿੱਚ ਕੇਰੋਸਿਨ ਭਰ ਕੇ ਉਸਨੂੰ ਜਲਾਇਆ ਜਾਂਦਾ ਹੈ, ਜਿਸ ਨਾਲ ਗੈਸ ਸਟੋਵ ਵਾਂਗ ਹੀ ਖਾਣਾ ਪਕਾਇਆ ਜਾ ਸਕਦਾ ਹੈ।
ਲਾਭ: ਕੇਰੋਸਿਨ ਆਮ ਤੌਰ ‘ਤੇ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਦੀ ਲੌਅ ਕਾਫ਼ੀ ਤੇਜ਼ ਹੁੰਦੀ ਹੈ।
ਕਮੀਆਂ: ਇਸ ਦਾ ਧੂੰਆਂ ਤਕਲੀਫ਼ ਪਹੁੰਚਾਉਣ ਵਾਲਾ ਹੁੰਦਾ ਹੈ। ਕਈ ਲੋਕ ਜਲਦੇ ਹੋਏ ਕੇਰੋਸਿਨ ਦੀ ਗੰਧ ਬਰਦਾਸ਼ਤ ਨਹੀਂ ਕਰ ਪਾਉਂਦੇ। ਇਸ ‘ਤੇ ਖਾਣਾ ਪਕਾਉਣ ਤੋਂ ਬਾਅਦ ਭਾਂਡਿਆਂ ‘ਤੇ ਕਾਲਖ ਜੰਮ ਜਾਂਦੀ ਹੈ ਅਤੇ ਭਾਂਡਿਆਂ ਨੂੰ ਸਾਫ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇਹ ਕਿੱਥੇ ਮਿਲੇਗਾ: ਹਾਰਡਵੇਅਰ ਸਟੋਰਾਂ ਅਤੇ ਪਿੰਡਾਂ ਤੇ ਕਸਬਿਆਂ ਦੇ ਬਾਜ਼ਾਰਾਂ ਵਿੱਚ।
8. ਬਾਇਓਗੈਸ ਸਟੋਵ
ਤਸਵੀਰ ਸਰੋਤ, Getty Images
ਬਾਇਓਗੈਸ ਇੱਕ ਮੀਥੇਨ ਗੈਸ ਹੈ, ਜੋ ਪਸ਼ੂਆਂ ਦੇ ਗੋਹੇ ਅਤੇ ਰਸੋਈ ਦੇ ਕੂੜੇ ਵਰਗੇ ਜੈਵਿਕ ਪਦਾਰਥਾਂ ਤੋਂ ਬਣਦੀ ਹੈ। ਇਸ ਵਿੱਚ ਆਰਗੈਨਿਕ ਕੂੜੇ ਨੂੰ ਬਾਇਓਗੈਸ ਪਲਾਂਟ ਵਿੱਚ ਪਾਇਆ ਜਾਂਦਾ ਹੈ ਅਤੇ ਇੱਕ ਤੈਅ ਪ੍ਰਕਿਰਿਆ ਤੋਂ ਬਾਅਦ ਨਿਕਲਣ ਵਾਲੀ ਗੈਸ ਦਾ ਇਸਤੇਮਾਲ ਚੁੱਲ੍ਹੇ ਵਿੱਚ ਕੀਤਾ ਜਾਂਦਾ ਹੈ।
ਲਾਭ: ਸਸਤਾ ਇੰਧਨ, ਵਾਤਾਵਰਣ ਲਈ ਚੰਗਾ ਅਤੇ ਅੰਤ ਵਿੱਚ ਬਚੇ ਪਦਾਰਥਾਂ ਨੂੰ ਖਾਦ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਕਮੀਆਂ: ਇਸ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਅਤੇ ਜੈਵਿਕ ਕੂੜੇ ਦੀ ਵੀ ਲੋੜ ਹੁੰਦੀ ਹੈ।
ਇਹ ਕਿੱਥੇ ਮਿਲੇਗਾ: ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਅਤੇ ਕਈ ਪਿੰਡਾਂ ਦੀਆਂ ਸੰਸਥਾਵਾਂ ਕੋਲ।
9. ਬਿਊਟੇਨ ਕਾਰਟ੍ਰਿਜ ਸਟੋਵ
ਇਹ ਇੱਕ ਪੋਰਟੇਬਲ ਸਟੋਵ ਹੁੰਦਾ ਹੈ ਜੋ ਛੋਟੇ ਗੈਸ ਕਾਰਟ੍ਰਿਜ ਨਾਲ ਚੱਲਦਾ ਹੈ। ਤੁਸੀਂ ਕਾਰਟ੍ਰਿਜ ਨੂੰ ਸਟੋਵ ਵਿੱਚ ਰੱਖ ਕੇ ਅਤੇ ਉਸਨੂੰ ਜਲਾ ਕੇ ਗੈਸ ਦੀ ਆਂਚ ‘ਤੇ ਖਾਣਾ ਪਕਾ ਸਕਦੇ ਹੋ।
ਲਾਭ: ਇਹ ਆਮ ਤੌਰ ‘ਤੇ ਯਾਤਰਾਂ ਸਮੇਂ ਨਾਲ ਲਿਜਾਇਆ ਜਾਂਦਾ ਹੈ। ਇਹ ਗੈਸ ਸਟੋਵ ਵਾਂਗ ਖਾਣਾ ਪਕਾ ਸਕਦਾ ਹੈ।
ਕਮੀਆਂ: ਬਿਊਟੇਨ ਕਾਰਟ੍ਰਿਜ ਕੁਝ ਮਹਿੰਗੇ ਹੁੰਦੇ ਹਨ।
ਕਿੱਥੇ ਮਿਲੇਗਾ: ਕੈਂਪਿੰਗ ਉਪਕਰਣਾਂ ਦੀਆਂ ਦੁਕਾਨਾਂ ਵਿੱਚ ਅਤੇ ਆਨਲਾਈਨ ਮਾਰਕੀਟਾਂ ਵਿੱਚ।
10. ਬਾਇਓਮਾਸ ਪੇਲੇਟ ਸਟੋਵ
ਤਸਵੀਰ ਸਰੋਤ, Getty Images
ਇਹ ਇੱਕ ਅਜਿਹਾ ਚੁੱਲ੍ਹਾ ਹੈ, ਜਿਸ ਵਿੱਚ ਈਂਧਨ ਦੇ ਰੂਪ ਵਿੱਚ ਖੇਤੀਬਾੜੀ ਦੀ ਰਹਿੰਦ-ਖੂਹੰਦ ਤੋਂ ਬਣੇ ਛੋਟੇ-ਛੋਟੇ ਦਾਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦਾਣਿਆਂ ਨੂੰ ਚੁੱਲ੍ਹੇ ਵਿੱਚ ਰੱਖ ਕੇ ਜਲਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਨਿਕਲਣ ਵਾਲੀ ਅੱਗ ਨਾਲ ਖਾਣਾ ਪਕਾਇਆ ਜਾਂਦਾ ਹੈ।
ਲਾਭ: ਰਵਾਇਤੀ ਲੱਕੜ ਵਾਲੇ ਚੁੱਲ੍ਹਿਆਂ ਦੇ ਮੁਕਾਬਲੇ ਘੱਟ ਧੂੰਆਂ ਪੈਦਾ ਕਰਦਾ ਹੈ।
ਨੁਕਸਾਨ: ਹਰ ਖੇਤਰ ਵਿੱਚ ਪੇਲੇਟਸ ਆਸਾਨੀ ਨਾਲ ਉਪਲੱਬਧ ਨਹੀਂ ਹੁੰਦੇ ਹਨ।
ਕਿੱਥੇ ਮਿਲਣਗੇ: ਖੇਤੀਬਾੜੀ ਉਪਕਰਣ ਸਪਲਾਇਰਾਂ ਅਤੇ ਨਵਿਆਉਣਯੋਗ ਊਰਜਾ ਕੰਪਨੀਆਂ ਤੋਂ।
11. ਰਾਕੇਟ ਸਟੋਵ
ਤਸਵੀਰ ਸਰੋਤ, Getty Images
ਇਹ ਇੱਕ ਖ਼ਾਸ ਕਿਸਮ ਦਾ ਚੁੱਲ੍ਹਾ ਹੈ ਜਿਸ ਨੂੰ ਲੱਕੜ ਦੇ ਛੋਟੇ ਟੁਕੜਿਆਂ ਨਾਲ ਵੱਧ ਗਰਮੀ ਪੈਦਾ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਲੱਕੜ ਨੂੰ ਚੁੱਲ੍ਹੇ ਵਿੱਚ ਰੱਖ ਕੇ ਜਲਾਇਆ ਜਾਂਦਾ ਹੈ ਅਤੇ ਉਸ ਅੱਗ ‘ਤੇ ਖਾਣਾ ਪਕਾਇਆ ਜਾਂਦਾ ਹੈ।
ਲਾਭ: ਇਸ ਵਿੱਚ ਘੱਟ ਇੰਧਨ ਨਾਲ ਵੱਧ ਗਰਮੀ ਮਿਲਦੀ ਹੈ। ਜਲਾਉਣ ਵਾਲੀ ਲੱਕੜ ਆਸਾਨੀ ਨਾਲ ਮਿਲ ਜਾਂਦੀ ਹੈ।
ਕਮੀਆਂ: ਆਮ ਤੌਰ ‘ਤੇ ਇਹ ਘਰ ਤੋਂ ਬਾਹਰ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ।
ਇਹ ਕਿੱਥੇ ਮਿਲੇਗਾ: ਪੇਂਡੂ ਤਕਨਾਲੋਜੀ ਕੰਪਨੀਆਂ ਕੋਲ ਜਾਂ ਖੁਦ ਬਣਾਉਣ ਵਾਲੇ ਤਰੀਕਿਆਂ ਰਾਹੀਂ।
12. ਕੋਲ਼ੇ ਦਾ ਚੁੱਲ੍ਹਾ
ਤਸਵੀਰ ਸਰੋਤ, Getty Images
ਕੋਲ਼ੇ ਜਾਂ ਚਾਰਕੋਲ ਦੀ ਵਰਤੋਂ ਨਾਲ ਖਾਣਾ ਪਕਾਉਣ ਦਾ ਤਰੀਕਾ ਰਿਵਾਇਤੀ ਹੈ। ਚੁੱਲ੍ਹੇ ਵਿੱਚ ਕੋਲ਼ੇ ਨੂੰ ਜਲਾਇਆ ਜਾਂਦਾ ਹੈ ਅਤੇ ਉਸ ਉੱਪਰ ਬਰਤਨ ਰੱਖ ਕੇ ਖਾਣਾ ਪਕਾਇਆ ਜਾਂਦਾ ਹੈ।
ਲਾਭ: ਕੋਲ਼ਾ ਆਸਾਨੀ ਨਾਲ ਮਿਲ ਜਾਂਦਾ ਹੈ। ਗਰਮੀ ਇਕਸਾਰ ਰਹਿੰਦੀ ਹੈ।
ਨੁਕਸਾਨ: ਇਸ ਦਾ ਧੂੰਆਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ। ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ, ਜਿਸ ਨਾਲ ਬਿਮਾਰੀ ਹੋ ਸਕਦੀ ਹੈ।
ਇਹ ਕਿੱਥੇ ਮਿਲੇਗਾ: ਪਿੰਡਾਂ ਦੇ ਬਾਜ਼ਾਰਾਂ ਅਤੇ ਹਾਰਡਵੇਅਰ ਸਟੋਰਾਂ ਵਿੱਚ।
ਇੱਕ ਹਾਈਬ੍ਰਿਡ ਕਿਚਨ – ਸਭ ਤੋਂ ਵਧੀਆ ਹੱਲ
ਸ਼ਹਿਰੀ ਖੇਤਰਾਂ ਵਿੱਚ ਬਿਜਲੀ ਵਾਲੇ ਉਪਕਰਣ ਆਮ ਤੌਰ ‘ਤੇ ਵੱਧ ਲਾਭਦਾਇਕ ਹੁੰਦੇ ਹਨ। ਖਾਣਾ ਪਕਾਉਣ ਦੇ ਜ਼ਿਆਦਾਤਰ ਕੰਮ ਇੰਡਕਸ਼ਨ ਸਟੋਵ, ਇਲੈਕਟ੍ਰਿਕ ਕੁਕਰ ਅਤੇ ਮਾਇਕ੍ਰੋਵੇਵ ਵਰਗੇ ਉਪਕਰਣਾਂ ਨਾਲ ਕੀਤੇ ਜਾ ਸਕਦੇ ਹਨ।
ਪਿੰਡਾਂ ਵਿੱਚ ਸਥਾਨਕ ਤੌਰ ‘ਤੇ ਉਪਲੱਬਧ ਇੰਧਨ ਸਭ ਤੋਂ ਵੱਧ ਲਾਭਦਾਇਕ ਹੁੰਦੇ ਹਨ। ਬਾਇਓਗੈਸ, ਪੇਲੇਟ ਸਟੋਵ ਅਤੇ ਰਾਕੇਟ ਸਟੋਵ ਵਰਗੇ ਉਪਕਰਣ ਵਰਤਣ ਵਿੱਚ ਆਸਾਨ ਹੁੰਦੇ ਹਨ।
ਮੌਜੂਦਾ ਹਾਲਾਤਾਂ ਵਿੱਚ ਹਾਈਬ੍ਰਿਡ ਕਿਚਨ ਬਣਾਉਣਾ ਸਭ ਤੋਂ ਵਧੀਆ ਤਰੀਕਾ ਹੈ। ਇਸ ਦਾ ਮਤਲਬ ਹੈ, ਵੱਖ-ਵੱਖ ਕਿਸਮ ਦੇ ਖਾਣਾ ਪਕਾਉਣ ਵਾਲੇ ਉਪਕਰਣ ਇਕੱਠੇ ਵਰਤਣ ਨਾਲ ਗੈਸ ਨਾ ਹੋਣ ਦੇ ਬਾਵਜੂਦ ਵੀ ਖਾਣਾ ਬਿਨਾਂ ਕਿਸੇ ਦਿੱਕਤ ਦੇ ਬਣਾਇਆ ਜਾ ਸਕਦਾ ਹੈ।
ਮਿਸਾਲ ਵਜੋਂ ਜੇ ਤੁਸੀਂ ਗੈਸ ਸਟੋਵ ਦੇ ਨਾਲ ਇੰਡਕਸ਼ਨ ਸਟੋਵ ਜਾਂ ਇਲੈਕਟ੍ਰਿਕ ਕੁਕਰ ਦੀ ਵਰਤੋਂ ਕਰਦੇ ਹੋ, ਤਾਂ ਇੱਕ ਇੰਧਨ ਉਪਲੱਬਧ ਨਾ ਹੋਣ ‘ਤੇ ਵੀ ਖਾਣਾ ਪਕਾਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



