Source :- BBC PUNJABI
ਤਸਵੀਰ ਸਰੋਤ, Getty Images
27 ਮਿੰਟ ਪਹਿਲਾਂ
ਪੜ੍ਹਨ ਦਾ ਸਮਾਂ: 4 ਮਿੰਟ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਸੱਤ ਜਣੇ ਮਾਰੇ ਗਏ ਹਨ। ਸਥਾਨਕ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਟੰਬਲਰ ਰਿਜ ਸੈਕੰਡਰੀ ਸਕੂਲ ਦੇ ਅੰਦਰ ਛੇ ਲੋਕ ਮ੍ਰਿਤਕ ਪਾਏ ਗਏ, ਜਦੋਂ ਕਿ ਇੱਕ ਸੱਤਵੇਂ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਅਧਿਕਾਰੀਆਂ ਅਨੁਸਾਰ, ਇੱਕ ਵਿਅਕਤੀ, ਜਿਸ ਦੇ ਸ਼ੂਟਰ ਹੋਣ ਦਾ ਸ਼ੱਕ ਹੈ, ਉਹ ਵੀ ਮ੍ਰਿਤਕ ਪਾਇਆ ਗਿਆ ਹੈ। ਅਜਿਹਾ ਲੱਗਦਾ ਹੈ ਕਿ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਲਈ ਹੈ।
ਇੱਕ ਵੱਖਰੀ ਥਾਂ ‘ਤੇ ਦੋ ਹੋਰ ਲੋਕ ਮ੍ਰਿਤਕ ਪਾਏ ਗਏ ਹਨ, ਜਿਨ੍ਹਾਂ ਬਾਰੇ ਪੁਲਿਸ ਦਾ ਮੰਨਣਾ ਹੈ ਕਿ ਉਹ ਇਸ ਘਟਨਾ ਨਾਲ ਸਬੰਧਤ ਸਨ। ਪੁਲਿਸ ਵੱਲੋਂ ਇਸ ਘਟਨਾ ਵਿੱਚ 25 ਲੋਕ ਜ਼ਖਮੀ ਦੱਸੇ ਦਾ ਰਹੇ ਹਨ।
ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਸ਼ੱਕੀ ਇੱਕ ਔਰਤ ਹੋ ਸਕਦੀ ਹੈ।
ਆਰਸੀਐਮਪੀ, ਕੈਨੇਡਾ ਦੀ ਸੰਘੀ ਪੁਲਿਸ ਫੋਰਸ ਦੀ ਵਰਚੁਅਲ ਨਿਊਜ਼ ਕਾਨਫਰੰਸ ਵਿੱਚ ਚੀਫ ਸੁਪਰਡੈਂਟ ਫਲਾਇਡ ਨੇ ਗੱਲਬਾਤ ਕੀਤੀ।
ਨਿਊਜ਼ ਕਾਨਫਰੰਸ ਵਿੱਚ, ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਕੂਲ ਵਿੱਚ ਮ੍ਰਿਤਕ ਮਿਲਿਆ ਸ਼ੱਕੀ ਉਹੀ ਵਿਅਕਤੀ ਹੈ ਜਿਸਦਾ ਵਰਣਨ ਪੁਲਿਸ ਨੇ ਫੋਨਾਂ ‘ਤੇ ਭੇਜੀ ਗਈ ਇੱਕ ਚੇਤਾਵਨੀ ਵਿੱਚ ਕੀਤਾ ਸੀ।
ਕੈਨੇਡੀਅਨ ਮੀਡੀਆ ਦੇ ਅਨੁਸਾਰ, ਉਸ ਚੇਤਾਵਨੀ ਵਿੱਚ ਸ਼ੱਕੀ ਦਾ ਵਰਣਨ ਇੱਕ ਭੂਰੇ ਵਾਲਾਂ ਵਾਲੀ ਅਤੇ ਡਰੈੱਸ ਪਾਈ ਹੋਈ ਔਰਤ ਵਜੋਂ ਕੀਤਾ ਗਿਆ ਸੀ।
ਪੁਲਿਸ ਦੀ ਪ੍ਰੈੱਸ ਕਾਨਫਰੰਸ ਤੋਂ ਕੀ ਪਤਾ ਲਗਦਾ ਹੈ
ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ, ਸਕੂਲ ਵਿੱਚ ਇੱਕ ਸਰਗਰਮ ਸ਼ੂਟਰ ਹੋਣ ਦੀਆਂ ਕਾਲਾਂ ਦਾ ਜਵਾਬ ਦਿੰਦੇ ਹੋਏ, ਲਗਭਗ 100 ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਵਿੱਚੋਂ ਬਾਹਰ ਕੱਢਿਆ ਗਿਆ।
ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਹਮਲਾਵਰ ਦੀ ਪਛਾਣ ਕਰ ਲਈ ਹੈ, ਪਰ ਫਿਲਹਾਲ ਜਨਤਕ ਤੌਰ ‘ਤੇ ਉਸਦਾ ਨਾਮ ਜਾਰੀ ਨਹੀਂ ਕਰ ਰਹੇ।
ਹਮਲੇ ਦਾ ਮਕਸਦ ਫਿਲਹਾਲ ਅਗਿਆਤ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਪਤਾ ਲਗਾਉਣ ਵਿੱਚ ਮੁਸ਼ਕਲ ਆਵੇਗੀ ਕਿ ਇਹ ਕਿਉਂ ਹੋਇਆ, ਪਰ ਅਸੀਂ ਇਹ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸਲ ਵਿੱਚ ਕੀ ਵਾਪਰਿਆ ਸੀ।
ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਪੀੜਤਾਂ ਵਿੱਚੋਂ ਕਿੰਨੇ ਬੱਚੇ ਹਨ।
ਉਨ੍ਹਾਂ ਕਿਹਾ ਕਿ ਸਕੂਲ ਅਤੇ ਨੇੜਲੇ ਘਰ ਵਿੱਚ ਹੋਈ ਗੋਲੀਬਾਰੀ ਆਪਸ ਵਿੱਚ ਜੁੜੀ ਹੋਈ ਹੈ, ਪਰ ਜਾਂਚਕਰਤਾ ਅਜੇ ਉਸ ਸਬੰਧ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹਨ।
ਹਮਲੇ ਤੋਂ ਬਾਅਦ ਸਥਾਨਕ ਸਕੂਲ ਡਿਸਟਰਿਕਟ ਵੱਲੋਂ ਜਾਰੀ ਬਿਆਨ ਮੁਤਾਬਕ ਘਟਨਾ ਤੋਂ ਬਾਅਦ ਸਾਰੇ ਸਥਾਨਕ ਸਕੂਲਾਂ ਵਿੱਚ ਰਹਿੰਦੇ ਸਮੇਂ ਲਈ ਛੁੱਟੀ ਕਰ ਦਿੱਤੀ ਗਈ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਦਾ ਸੰਦੇਸ਼
ਤਸਵੀਰ ਸਰੋਤ, Reuters
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਟੰਬਲਰ ਰਿਜ ਵਿੱਚ ਹੋਈਆਂ “ਅੱਜ ਦੀਆਂ ਭਿਆਨਕ ਗੋਲੀਬਾਰੀ” ਦੀਆਂ ਘਟਨਾਵਾਂ ਕਾਰਨ “ਬਹੁਤ ਦੁਖੀ” ਹਨ।
ਕਾਰਨੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਮੇਰੀਆਂ ਅਰਦਾਸਾਂ ਅਤੇ ਡੂੰਘੀ ਸੰਵੇਦਨਾ ਉਨ੍ਹਾਂ ਪਰਿਵਾਰਾਂ ਅਤੇ ਦੋਸਤਾਂ ਦੇ ਨਾਲ ਹੈ ਜਿਨ੍ਹਾਂ ਨੇ ਹਿੰਸਾ ਦੀਆਂ ਇਨ੍ਹਾਂ ਭਿਆਨਕ ਘਟਨਾਵਾਂ ਵਿੱਚ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੈਨੇਡਾ ਵਾਸੀਆਂ ਦੇ ਇਸ ਦੁੱਖ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਉਨ੍ਹਾਂ “ਪਹਿਲਾਂ ਪ੍ਰਤੀਕਿਰਿਆ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਸਾਥੀ ਨਾਗਰਿਕਾਂ ਦੀ ਰੱਖਿਆ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਈ।”
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ “ਇਸ ਭਿਆਨਕ ਦੁਖਾਂਤ ਦਾ ਸਾਹਮਣਾ ਕਰ ਰਹੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਨਾਲ ਖੜ੍ਹੀ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਮੈਂ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਪ੍ਰੀਮੀਅਰ ਈਬੀ ਨਾਲ, ਅਤੇ ਜਨਤਕ ਸੁਰੱਖਿਆ ਮੰਤਰੀ, ਗੈਰੀ ਆਨੰਦਸੰਗਰੀ ਨਾਲ ਸੰਪਰਕ ਕੀਤਾ ਹੈ, ਜੋ ਸੰਘੀ ਕਾਰਵਾਈ ਤਾਲਮੇਲ ਕਰ ਰਹੇ ਹਨ।”
ਤਸਵੀਰ ਸਰੋਤ, Getty Images
ਪ੍ਰੀਮੀਅਰ ਦਾ ਸ਼ੋਕ ਸੰਦੇਸ਼
ਸੂਬੇ ਦੇ ਪ੍ਰੀਮੀਅਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਇਸ ‘ਅਕਲਪਿਤ ਦੁਖਾਂਤ’ ਤੋਂ ਬਾਅਦ ਮਦਦ ਦਾ ਭਰੋਸਾ ਦਿੱਤਾ ਹੈ।
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ, ਡੇਵਿਡ ਈਬੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਆਪਣਾ ਸ਼ੋਕ ਸੰਦੇਸ਼ ਪੋਸਟ ਕੀਤਾ ਹੈ।
ਉਹ ਲਿਖਦੇ ਹਨ, “ਅੱਜ ਰਾਤ ਸਾਡਾ ਦਿਲ ਟੰਬਲਰ ਰਿਜ ਦੇ ਉਨ੍ਹਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।”
“ਸਰਕਾਰ ਆਉਣ ਵਾਲੇ ਦਿਨਾਂ ਵਿੱਚ ਭਾਈਚਾਰੇ ਦੇ ਮੈਂਬਰਾਂ ਨੂੰ ਹਰ ਸੰਭਵ ਸਹਾਇਤਾ ਦੇਣਾ ਯਕੀਨੀ ਬਣਾਏਗੀ, ਕਿਉਂਕਿ ਅਸੀਂ ਸਾਰੇ ਇਸ ਅਕਲਪਿਤ ਦੁਖਾਂਤ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਟੰਬਲਰ ਰਿਜ ਤੋਂ ਲਗਭਗ 160 ਕਿਲੋਮੀਟਰ ਪੂਰਬ ਵਿੱਚ ਸਥਿਤ ਸੂਬੇ, ਅਲਬਰਟਾ ਦੀ ਪ੍ਰੀਮੀਅਰ ਨੇ ਵੀ ਆਪਣਾ ਸ਼ੋਕ ਸੰਦੇਸ਼ ਭੇਜਿਆ ਹੈ।
ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ, “ਮੇਰੀਆਂ ਸੰਵੇਦਨਾਵਾਂ ਅੱਜ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ ਇਸ ਭਿਆਨਕ ਗੋਲੀਬਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਹਰ ਵਿਅਕਤੀ ਦੇ ਨਾਲ ਹਨ।”
“ਮੈਂ ਸਿਰਫ਼ ਕਲਪਨਾ ਹੀ ਕਰ ਸਕਦੀ ਹਾਂ ਕਿ ਇਸ ਸਮੇਂ ਵਿਦਿਆਰਥੀ, ਪਰਿਵਾਰ, ਸਟਾਫ਼ ਅਤੇ ਸਾਰਾ ਭਾਈਚਾਰਾ ਕਿਸ ਕਦਰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੋਵੇਗਾ।”
“ਦੁਖੀ ਪਰਿਵਾਰਾਂ, ਪ੍ਰਭਾਵਿਤ ਹੋਣ ਵਾਲੇ ਦੋਸਤਾਂ ਅਤੇ ਸਹਿਪਾਠੀਆਂ, ਅਤੇ ਮੌਕੇ ‘ਤੇ ਮੌਜੂਦ ਪਹਿਲਾਂ ਪਹੁੰਚਣ ਵਾਲਿਆਂ ਲਈ — ਇਹ ਜਾਣ ਲਵੋ ਕਿ ਅਲਬਰਟਾ ਅਤੇ ਪੂਰਾ ਕੈਨੇਡਾ ਤੁਹਾਡੇ ਬਾਰੇ ਸੋਚ ਰਿਹਾ ਹੈ ਅਤੇ ਸਾਡਾ ਦਿਲ ਤੁਹਾਡੇ ਅਤੇ ਤੁਹਾਡੇ ਭਾਈਚਾਰੇ ਦੇ ਨਾਲ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


