Home ਰਾਸ਼ਟਰੀ ਖ਼ਬਰਾਂ ਕੈਨੇਡਾ ਵਿੱਚ ਪੰਜਾਬੀਆਂ ਦੀ ਨੀਂਹ ਰੱਖਣ ਵਾਲੀ ਸੰਸਥਾ ਦਾ ਕੀ ਹੈ ਇਤਿਹਾਸ,...

ਕੈਨੇਡਾ ਵਿੱਚ ਪੰਜਾਬੀਆਂ ਦੀ ਨੀਂਹ ਰੱਖਣ ਵਾਲੀ ਸੰਸਥਾ ਦਾ ਕੀ ਹੈ ਇਤਿਹਾਸ, ਪਰਵਾਸੀਆਂ ਨੂੰ ਵੋਟ ਦਾ ਹੱਕ ਦਵਾਉਣ ਲਈ ਕਿਵੇਂ ਲੜੀ ਸੀ ਕਾਨੂੰਨੀ ਲੜਾਈ

4
0

Source :- BBC PUNJABI

ਖਾਲਸਾ ਦੀਵਾਨ ਸੁਸਾਇਟੀ

  • ਲੇਖਕ, ਸਰਬਜੀਤ ਸਿੰਘ ਧਾਲੀਵਾਲ
  • ਰੋਲ, ਬੀਬੀਸੀ ਪੱਤਰਕਾਰ
  • 14 ਜੂਨ 2025, 16:23 IST

    ਅਪਡੇਟ 4 ਘੰਟੇ ਪਹਿਲਾਂ

ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ (KDS) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਭ ਤੋਂ ਪੁਰਾਣੀ ਅਤੇ ਪੰਜਾਬੀਆਂ ਦੀਆਂ ਅਹਿਮ ਸੰਸਥਾਵਾਂ ਵਿੱਚੋਂ ਇੱਕ ਹੈ।

ਵਿਦੇਸ਼, ਖ਼ਾਸ ਤੌਰ ਉੱਤੇ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ 22 ਜੁਲਾਈ, 1906 ਨੂੰ ਮੀਟਿੰਗ ਕਰਕੇ ਇੱਥੇ ਰਹਿਣ ਵਾਲੇ ਭਾਰਤੀਆਂ ਨੇ ਗੁਰੂ ਘਰ ਬਣਾਉਣ ਦੀ ਤਜਵੀਜ਼ ਰੱਖੀ ਅਤੇ ਇਸ ਨੂੰ ਨਾਮ ਦਿੱਤਾ ਗਿਆ ਖ਼ਾਲਸਾ ਦੀਵਾਨ ਸੁਸਾਇਟੀ।

ਅਸਲ ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਇੱਕ ਗੁਰਦੁਆਰਾ ਸਾਹਿਬ ਹੈ, ਜਿਸ ਦਾ ਆਪਣਾ ਇਤਿਹਾਸ ਹੈ। ਸੁਸਾਇਟੀ ਦੇ ਸ਼ੁਰੂਆਤੀ ਦਿਨਾਂ ਦੌਰਾਨ ਇਸ ਦੇ ਮੁੱਢਲੇ ਮੈਂਬਰਾਂ ਵਿੱਚ ਸਿੱਖਾਂ ਤੋਂ ਇਲਾਵਾ ਮੁਸਲਿਮ, ਹਿੰਦੂ ਅਤੇ ਇਸਾਈ ਭਾਈਚਾਰੇ ਦੇ ਲੋਕ ਵੀ ਸਨ।

ਇਹ ਵੀ ਪੜ੍ਹੋ-

ਕੈਨੇਡਾ ਵਿੱਚ ਗੁਰੂ ਘਰ ਦੀ ਸਥਾਪਨਾ

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ

ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ 19 ਜਨਵਰੀ, 1908 ਵਿੱਚ, ਵੈਨਕੂਵਰ ਦੇ ਵੈਸਟ ਸੈਕੰਡ ਐਵਿਨਿਊ ਇਲਾਕੇ ਵਿਖੇ ਗੁਰਦੁਆਰਾ ਸਾਹਿਬ ਸਥਾਪਤ ਕੀਤਾ, ਜੋ ਉਸ ਸਮੇਂ ਉੱਤਰੀ ਅਮਰੀਕਾ ਦਾ ਪਹਿਲਾ ਅਤੇ ਉਸ ਸਮੇਂ ਦਾ ਸਭ ਤੋਂ ਵੱਡਾ ਗੁਰੂ ਘਰ ਸੀ।

13 ਮਾਰਚ, 1909 ਨੂੰ ਸੁਸਾਇਟੀ ਦਾ ਵਿਧਾਨ ਲਿਖ ਕੇ ਇਸ ਨੂੰ ਬਕਾਇਦਾ ਰਜਿਸਟਰ ਕਰਵਾਇਆ ਗਿਆ ਸੀ।

ਖ਼ਾਲਸਾ ਦੀਵਾਨ ਸੁਸਾਇਟੀ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਦੀ ਪ੍ਰਬੰਧਕੀ ਕਮੇਟੀ ਵਿੱਚ ਸਹਿਜਧਾਰੀ ਸਿੱਖ ਵੀ ਸ਼ਾਮਲ ਹਨ।

ਗੁਰਦੁਆਰਾ ਸਾਹਿਬ

ਪੰਜਾਬੀਆਂ ਦੀ ਕੈਨੇਡਾ ਵਿੱਚ ਵਧਦੀ ਗਿਣਤੀ ਨੂੰ ਦੇਖਦੇ ਹੋਏ 1968 ਵਿੱਚ ਵੈਨਕੂਵਰ ਦੀ 8000 ਰੌਸ ਸਟਰੀਟ ਵਿਖੇ 2.75 ਏਕੜ ਜ਼ਮੀਨ ਖ਼ਰੀਦ ਕੇ 1970 ਵਿੱਚ ਇੱਥੇ ਨਵਾਂ ਗੁਰੂ ਘਰ ਸਥਾਪਤ ਕੀਤਾ। ਮੌਜੂਦਾ ਸਮੇਂ ਵਿੱਚ ਵੈਸਟ ਸੈਕੰਡ ਐਵਿਨਿਊ ਇਲਾਕੇ ਵਾਲਾ ਗੁਰੂ ਘਰ ਬੰਦ ਕਰ ਦਿੱਤਾ ਗਿਆ ਹੈ।

2018 ਵਿੱਚ, ਵੈਨਕੂਵਰ ਸਿਟੀ ਕੌਂਸਲ ਨੇ ਰੌਸ ਸਟਰੀਟ ਨੂੰ “ਖ਼ਾਲਸਾ ਦੀਵਾਨ ਰੋਡ” ਦਾ ਨਾਮ ਦਿੱਤਾ, ਜਿਸ ਦੀ ਸਿੱਖ ਭਾਈਚਾਰੇ ਲਈ ਕਾਫ਼ੀ ਅਹਿਮੀਅਤ ਹੈ।

ਸੁਸਾਇਟੀ ਦਾ ਇਤਿਹਾਸ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਦੀ ਮਦਦ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਇਲਾਕੇ ਵਿੱਚ ਪੰਜਾਬੀਆਂ ਦੀਆਂ ਵੱਖ ਵੱਖ ਮੰਗਾਂ ਨੂੰ ਹੱਲ ਕਰਵਾਉਣ ਲਈ ਚੀਫ਼ ਖ਼ਾਲਸਾ ਦੀਵਾਨ ਸੁਸਾਇਟੀ ਦੀ ਭੂਮਿਕਾ ਅਹਿਮ ਰਹੀ ਹੈ।

ਜੇਕਰ ਕੈਨੇਡਾ ਵਿੱਚ ਪੰਜਾਬੀਆਂ ਦੀ ਆਮਦ ਉੱਤੇ ਨਜ਼ਰ ਮਾਰੀ ਜਾਵੇ ਤਾਂ ਸੁਸਾਇਟੀ ਵਿੱਚ ਰੱਖੇ ਗਏ ਇਤਿਹਾਸ ਮੁਤਾਬਕ ਕੈਨੇਡਾ ਵਿੱਚ ਪੰਜਾਬੀਆਂ ਦਾ ਆਉਣਾ 1897 ਦੇ ਨੇੜੇ-ਤੇੜੇ ਸ਼ੁਰੂ ਹੋਇਆ।

ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ 1906 ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ 2500 ਦੇ ਕਰੀਬ ਭਾਰਤੀ ਮੂਲ ਦੇ ਲੋਕ ਵੱਸ ਚੁੱਕੇ ਸਨ ਜਿਨ੍ਹਾਂ ਵਿੱਚ 98 ਫ਼ੀਸਦੀ ਪੰਜਾਬੀ ਸਨ।

ਕਸ਼ਮੀਰ ਸਿੰਘ ਧਾਲੀਵਾਲ ਮੁਤਾਬਕ ਵੈਨਕੂਵਰ ਵਾਸੀ ਅਰਜਨ ਸਿੰਘ ਮਲਿਕ 1904 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਪਣੇ ਨਾਲ ਲੈ ਕੇ ਇੱਥੇ ਆਏ ਸਨ।

ਕਸ਼ਮੀਰ ਸਿੰਘ ਧਾਲੀਵਾਲ

ਸੁਸਾਇਟੀ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਇਸ ਦਾ ਅਤੀਤ ਕਾਮਾਗਾਟਾਮਾਰੂ ਜਹਾਜ਼ ਨਾਲ ਵੀ ਜੁੜਦਾ ਹੈ। ਕਸ਼ਮੀਰ ਸਿੰਘ ਧਾਲੀਵਾਲ ਆਖਦੇ ਹਨ, “ਹਾਂਗਕਾਂਗ ਤੋਂ 376 ਮੁਸਾਫ਼ਰਾਂ ਨੂੰ ਲੈ ਕੇ ਜਦੋਂ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਪਹੁੰਚਿਆ ਤਾਂ ਉਸ ਸਮੇਂ ਦੀ ਕੈਨੇਡੀਅਨ ਸਰਕਾਰ ਨੇ ਜਹਾਜ਼ ਨੂੰ ਬੰਦਰਗਾਹ ਉੱਤੇ ਨਾ ਲੱਗਣ ਦਿੱਤਾ।”

”ਜਦੋਂ ਜਹਾਜ਼ ਕਈ ਦਿਨ ਤੱਕ ਸਮੁੰਦਰ ਵਿੱਚ ਖੜ੍ਹਾ ਰਿਹਾ ਤਾਂ ਮੁਸਾਫ਼ਰਾਂ ਲਈ ਰਸਦ ਅਤੇ ਕਾਨੂੰਨੀ ਮਦਦ ਦਾ ਪ੍ਰਬੰਧ ਵੀ ਖ਼ਾਲਸਾ ਦੀਵਾਨ ਸੁਸਾਇਟੀ ਨੇ ਹੀ ਕੀਤਾ ਸੀ।”

ਯਾਦ ਰਹੇ ਕਿ ਕਾਮਾਗਾਟਾਮਾਰੂ ਜਹਾਜ਼ ਨੂੰ ਅੰਮ੍ਰਿਤਸਰ ਦੇ ਸਰਹਾਲੀ ਪਿੰਡ ਨਾਲ ਸਬੰਧਿਤ ਗੁਰਦਿੱਤ ਸਿੰਘ ਨੇ ਗੁਰੂ ਨਾਨਕ ਜਹਾਜ਼ ਦਾ ਨਾਮ ਵੀ ਦਿੱਤਾ ਸੀ। ਕਰੀਬ ਦੋ ਮਹੀਨੇ ਸਮੁੰਦਰ ਵਿੱਚ ਖੜ੍ਹੇ ਰਹਿਣ ਤੋਂ ਬਾਅਦ ਜਦੋਂ ਜਹਾਜ਼ ਦੇ ਯਾਤਰੀਆਂ ਨੂੰ ਕੈਨੇਡਾ ਵਿੱਚ ਐਂਟਰੀ ਨਹੀਂ ਮਿਲੀ ਤਾਂ 23 ਜੁਲਾਈ 1914 ਨੂੰ ਇਸ ਨੂੰ ਵਾਪਸ ਕੋਲਕਾਤਾ (ਭਾਰਤ) ਪਰਤਣਾ ਪਿਆ।

ਕੈਨੇਡਾ ਸਰਕਾਰ ਕਾਮਾਗਾਟਾਮਾਰੂ ਦੀ ਘਟਨਾ ਲਈ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੀ ਹੈ ਅਤੇ ਖ਼ਾਲਸਾ ਦੀਵਾਨ ਸੁਸਾਇਟੀ ਵਿੱਚ ਬਕਾਇਦਾ ਸਰਕਾਰੀ ਪੈਸੇ ਨਾਲ ਕਾਮਾਗਾਟਾਮਾਰੂ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੇ ਸੰਘਰਸ਼ ਨੂੰ ਦਰਸਾਉਂਦਾ ਇੱਕ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ।

ਪੰਜਾਬੀਆਂ ਦਾ ਵੋਟ ਦੇ ਹੱਕ ਤੋਂ ਲੈ ਕੇ ਆਗੂ ਬਣਨ ਦਾ ਇਤਿਹਾਸ

ਜੋਗਿੰਦਰ ਸਿੰਘ ਸੁੰਨਰ

ਅਮਰੀਕਾ ਰਹਿੰਦੇ ਸਿੱਖਾਂ ਨੇ ਭਾਰਤ ਨੂੰ ਬ੍ਰਿਟਿਸ ਸ਼ਾਸਨ ਤੋਂ ਆਜ਼ਾਦੀ ਦਿਵਾਉਣ ਦੇ ਲਈ 1913 ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਆਖਦੇ ਹਨ ਕਿ “ਗ਼ਦਰ ਪਾਰਟੀ ਨੂੰ ਸਥਾਪਤ ਕਰਨ ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਨੇ ਅਹਿਮ ਯੋਗਦਾਨ ਪਾਇਆ ਸੀ ਅਤੇ ਬਕਾਇਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਗ਼ਦਰ ਪਾਰਟੀ ਦੇ 41 ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਜਾਨਾਂ ਵਾਰੀਆਂ।

ਖ਼ਾਲਸਾ ਦੀਵਾਨ ਸੁਸਾਇਟੀ ਨਾਲ ਜੁੜੇ ਜੋਗਿੰਦਰ ਸਿੰਘ ਸੁੰਨਰ ਨੇ ਦਾਅਵਾ ਕੀਤਾ ਕਿ ਇਸ ਸਮੇਂ ਕੈਨੇਡਾ ਦੀ ਸਿਆਸਤ ਵਿੱਚ ਭਾਰਤੀਆਂ ਖ਼ਾਸ ਤੌਰ ਉੱਤੇ ਪੰਜਾਬੀਆਂ ਦਾ ਦਬਦਬਾ ਹੈ ਤਾਂ ਇਸ ਦਾ ਇਤਿਹਾਸ ਵੀ ਖ਼ਾਲਸਾ ਦੀਵਾਨ ਸੁਸਾਇਟੀ ਨਾਲ ਜੁੜਦਾ ਹੈ।

ਬਰੈਂਪਟਨ

ਉਨ੍ਹਾਂ ਦੱਸਿਆ ਕਿ 26 ਮਾਰਚ 1907 ਨੂੰ ਕੈਨੇਡਾ ਦੀ ਸਰਕਾਰ ਨੇ ਪ੍ਰਵਾਸੀਆਂ ਤੋਂ ਵੋਟਿੰਗ ਦਾ ਅਧਿਕਾਰ ਖੋਹ ਲਿਆ ਸੀ, ਇਸ ਤੋਂ ਬਾਅਦ ਸੁਸਾਇਟੀ ਨੇ ਇਸ ਬਾਰੇ ਕਾਨੂੰਨੀ ਲੜਾਈ ਲੜੀ ਅਤੇ 40 ਸਾਲ ਦੀ ਜੱਦੋ-ਜਹਿਦ ਤੋਂ ਬਾਅਦ 2 ਅਪ੍ਰੈਲ 1947 ਨੂੰ ਵੋਟ ਦਾ ਹੱਕ ਮੁੜ ਦਿਵਾਇਆ।

ਜਿਸ ਤੋਂ ਬਾਅਦ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਦੀ ਐਂਟਰੀ ਸ਼ੁਰੂ ਹੋਈ ਅਤੇ ਹੁਣ ਸਥਿਤੀ ਇਹ ਹੈ ਕਿ ਪੰਜਾਬੀਆਂ ਤੋਂ ਬਿਨ੍ਹਾਂ ਕੈਨੇਡਾ ਦੀ ਸਿਆਸਤ ਅਧੂਰੀ ਹੈ।

ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਜ਼ਿਆਦਾਤਰ ਪ੍ਰਧਾਨ ਮੰਤਰੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਜੋਗਿੰਦਰ ਸਿੰਘ ਸੁੰਨਰ ਮੁਤਾਬਕ ਧਾਰਮਿਕ ਕਾਰਜਾਂ ਤੋਂ ਇਲਾਵਾ ਸੁਸਾਇਟੀ ਸਮਾਜਿਕ ਕਾਰਜ ਵੀ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਨਿੱਤਨੇਮ ਤੋਂ ਇਲਾਵਾ ਸਮੇਂ-ਸਮੇਂ ਉੱਤੇ ਹੋਰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਕੈਨੇਡਾ ਦੀ ਨਵੀਂ ਪੀੜੀ ਆਪਣੇ ਵਿਰਸੇ ਨਾਲ ਜੁੜੀ ਰਹੇ ਇਸ ਦੇ ਲਈ ਪੰਜਾਬੀ ਭਾਸ਼ਾ, ਸਿੱਖ ਇਤਿਹਾਸ ਅਤੇ ਸਿਧਾਂਤਾਂ ਬਾਰੇ ਵੀ ਸਮੇਂ ਸਮੇਂ ਉੱਤੇ ਇੱਥੇ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਜੋਗਿੰਦਰ ਸਿੰਘ ਸੁੰਨਰ ਦੱਸਦੇ ਹਨ ਕਿ ਖ਼ਾਲਸਾ ਦੀਵਾਨ ਸੁਸਾਇਟੀ ਨੇ ਵੈਨਕੂਵਰ ਵਿੱਚ ਸਿੱਖ ਭਾਈਚਾਰੇ ਦਾ ਨੀਂਹ ਪੱਥਰ ਰੱਖਣ ਦਾ ਕੰਮ ਕੀਤਾ ਅਤੇ 1906 ਤੋਂ ਲੈ ਕੇ ਹੁਣ ਤੱਕ, ਇਸ ਨੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI