Source :- BBC PUNJABI

ਤਸਵੀਰ ਸਰੋਤ, X/@HamiltonPolice
ਅਪਡੇਟ 51 ਮਿੰਟ ਪਹਿਲਾਂ
ਕੈਨੇਡਾ ਦੇ ਓਨਟਾਰੀਓ ਦੇ ਹੈਮਿਲਟਨ ਵਿੱਚ ਇੱਕ ਭਾਰਤੀ ਪੰਜਾਬ ਦੀ ਕੁੜੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਕੈਨੇਡਾ ਵਿੱਚ ਭਾਰਤੀ ਕਾਊਂਸਲੇਟ ਦੇ ਅਧਿਕਾਰਿਤ ਐਕਸ ਅਕਾਊਂਟ ਰਾਹੀਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ, ਮ੍ਰਿਤਕ ਕੁੜੀ ਦਾ ਨਾਮ ਹਰਸਿਮਰਤ ਰੰਧਾਵਾ ਹੈ ਜੋ ਕਿ ਭਾਰਤੀ ਪੰਜਾਬ ਦੀ ਰਹਿਣ ਵਾਲੇ ਸਨ। ਹਰਸਿਮਰਤ ਇੱਕ ਬੱਸ ਸਟੈਂਡ ‘ਤੇ ਖੜ੍ਹੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜਦੋਂ ਇੱਕ ਗੋਲ਼ੀ ਉਨ੍ਹਾਂ ਨੂੰ ਆ ਕੇ ਵੱਜੀ।
ਪੁਲਿਸ ਦਾ ਕਹਿਣਾ ਹੈ ਕਿ ਹੈਮਿਲਟਨ ਵਿੱਚ ਦੋ ਵਾਹਨਾਂ ਵਿੱਚ ਬੈਠੇ ਲੋਕਾਂ ਵਿਚਕਾਰ ਗੋਲੀਬਾਰੀ ਹੋ ਰਹੀ ਸੀ ਅਤੇ ਉਸੇ ਦੌਰਾਨ ਇੱਕ ਗੋਲੀ ਹਰਸਿਮਰਤ ਨੂੰ ਜਾ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।
ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ

ਤਸਵੀਰ ਸਰੋਤ, X/@IndiainToronto
ਭਾਰਤੀ ਕਾਊਂਸਲੇਟ ਦੀ ਪੋਸਟ ਵਿੱਚ ਲਿਖਿਆ ਗਿਆ ਹੈ, ”ਸਾਨੂੰ ਓਨਟਾਰੀਓ ਦੇ ਹੈਮਿਲਟਨ ਵਿੱਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਦੁਖਦਾਈ ਮੌਤ ਦਾ ਬਹੁਤ ਅਫਸੋਸ ਹੈ। ਸਥਾਨਕ ਪੁਲਿਸ ਅਨੁਸਾਰ, ਉਹ ਇੱਕ ਮਾਸੂਮ ਪੀੜਤ ਸੀ ਅਤੇ ਦੋ ਵਾਹਨਾਂ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਗੋਲ਼ੀ ਲੱਗਣ ਨਾਲ ਉਸਦੀ ਮੌਤ ਹੋ ਗਈ।”
”ਫਿਲਹਾਲ ਇਸ ਕਤਲ ਦੀ ਜਾਂਚ ਜਾਰੀ ਹੈ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਸਾਡੀਆਂ ਪ੍ਰਾਰਥਨਾਵਾਂ ਸੋਗ ਵਿੱਚ ਡੁੱਬੇ ਪਰਿਵਾਰ ਦੇ ਨਾਲ ਹਨ।”
ਓਨਟਾਰੀਓ ਦੇ ਵਿਧਾਨ ਸਭਾ ਦੇ ਸਪੀਕਰ ਡੋਨਾ ਸਕੇਲੀ ਨੇ ਵੀ ਇਸ ਸਬੰਧੀ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ”ਮੇਰੀਆਂ ਪ੍ਰਾਰਥਨਾਵਾਂ ਹਰਸਿਮਰਤ ਰੰਧਾਵਾ ਦੇ ਪਰਿਵਾਰ ਨਾਲ ਹਨ, ਜੋ ਕਿ ਇੱਕ ਮਾਸੂਮ ਰਾਹਗੀਰ ਸੀ, ਜਿਸਦੀ ਵੀਰਵਾਰ ਸ਼ਾਮ ਨੂੰ ਹੈਮਿਲਟਨ ਮਾਓਂਟੇਨ ‘ਤੇ ਬੱਸ ਦੀ ਉਡੀਕ ਕਰਦੇ ਸਮੇਂ ਇੱਕ ਅਵਾਰਾ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।”

ਤਸਵੀਰ ਸਰੋਤ, X/@SkellyHamilton
ਕਿਵੇਂ ਵਾਪਰੀ ਘਟਨਾ
ਸੀਬੀਸੀ ਦੀ ਰਿਪੋਰਟ ਮੁਤਾਬਕ, ਹੈਮਿਲਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਹਰਸਿਮਰਤ ਮੋਹੌਕ ਕਾਲਜ ਵਿੱਚ ਪੜ੍ਹਦੇ ਸਨ ਅਤੇ ਇੱਕ “ਮਾਸੂਮ ਰਾਹਗੀਰ” ਸਨ, ਜੋ ਗੋਲੀਬਾਰੀ ਦਾ ਸ਼ਿਕਾਰ ਹੋ ਗਏ।
ਪੁਲਿਸ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਜਿਸ ਸਮੇਂ ਰੰਧਾਵਾ ਆਪਣੇ ਕੰਮ ‘ਤੇ ਜਾ ਰਹੇ ਸਨ ਤਾਂ ਅੱਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ ਦੇ ਨੇੜੇ ਗੋਲੀਬਾਰੀ ਸ਼ੁਰੂ ਹੋ ਗਈ। ਪੁਲਿਸ ਨੂੰ ਸ਼ਾਮ 7:30 ਵਜੇ ਦੇ ਕਰੀਬ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ।
ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਰੰਧਾਵਾ ਨੂੰ ਜ਼ਖਮੀ ਹਾਲਤ ਵਿੱਚ ਪਾਇਆ। ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਪੈਰਾਮੈਡਿਕਸ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਬਾਅਦ ਵਿੱਚ ਹਰਸਿਮਰਤ ਰੰਧਾਵਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਮੁਤਾਬਕ, ਘਟਨਾ ਨਾਲ ਸਬੰਧਿਤ ਵੀਡੀਓ ਜਾਂਚਣ ਤੋਂ ਬਾਅਦ ਜਾਂਚਕਰਤਾਵਾਂ ਨੇ ਦੱਸਿਆ ਕਿ ਇੱਕ ਕਾਲੇ ਰੰਗ ਦੀ ਮਰਸੀਡੀਜ਼ ਐੱਸਯੂਵੀ ਵਿੱਚ ਸਵਾਰ ਇੱਕ ਯਾਤਰੀ ਨੇ ਇੱਕ ਚਿੱਟੇ ਰੰਗ ਦੀ ਸੇਡਾਨ ਵਿੱਚ ਬੈਠੇ ਲੋਕਾਂ ‘ਤੇ ਗੋਲੀਬਾਰੀ ਕੀਤੀ।
ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਚਿੱਟੀ ਸੇਡਾਨ ਅੱਪਰ ਜੇਮਸ ਸਟਰੀਟ ਦੇ ਉੱਤਰ ਵੱਲ ਚਲੀ ਗਈ ਜਦਕਿ ਮਰਸੀਡੀਜ਼ ਸਾਊਥ ਬੈਂਡ ਰੋਡ ‘ਤੇ ਪੱਛਮ ਵੱਲ ਗਈ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਐਲਨਬੀ ਐਵੇਨਿਊ ‘ਦੇ ਇੱਕ ਘਰ ਦੀ ਪਿਛਲੀ ਖਿੜਕੀ ਵਿੱਚ ਵੀ ਗੋਲੀਆਂ ਲੱਗੀਆਂ। ਉਸ ਵੇਲੇ ਘਰ ‘ਚ ਮੌਜੂਦ ਲੋਕ ਟੀਵੀ ਦੇਖ ਰਹੇ ਸਨ ਅਤੇ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ ਹੈ ਕੁੜੀ

ਤਸਵੀਰ ਸਰੋਤ, X/@HamiltonPolice
ਜਾਣਕਾਰੀ ਮੁਤਾਬਕ, 21 ਸਾਲਾ ਹਰਸਿਮਰਤ ਕੋਰ ਰੰਧਾਵਾ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਰਹਿਣ ਵਾਲੇ ਸਨ।
ਧੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਧੂੰਦਾ ਸਥਿਤ ਉਨ੍ਹਾਂ ਦੇ ਘਰ ਪਹੁੰਚੇ ਤਾਂ ਘਰ ਵਿੱਚ ਦੁੱਖ ਵਿੱਚ ਸ਼ਰੀਕ ਹੋਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ।

ਤਸਵੀਰ ਸਰੋਤ, Ravinder Singh Robin/BBC
ਹਰਸਿਮਰਤ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦਾਦਾ, ਦਾਦੀ, ਮਾਤਾ ਪਿਤਾ ਅਤੇ ਭੈਣ-ਭਰਾ ਹਨ।
ਹਰਸਿਰਮਤ ਦੇ ਭਰਾ ਜੈ ਸਿੰਘ ਰੰਧਾਵਾ ਨੇ ਰੋਂਦਿਆਂ ਹੈ,”ਹਰ ਪਲ ਅਸੀਂ ਸੋਚਦੇ ਹਾਂ ਕਿ ਕੋਈ ਫ਼ੋਨ ਕਰੇਗਾ ਅਤੇ ਕਹੇਗਾ ਇਹ ਖ਼ਬਰ ਝੂਠੀ ਸੀ। ਪਰ ਅੰਦਰੋਂ ਸਾਨੂੰ ਸੱਚਾਈ ਵੀ ਪਤਾ ਹੈ।”
ਮਾਪੇ ਭਾਰਤ ਅਤੇ ਕੈਨੇਡਾ ਸਰਕਾਰ ਨੂੰ ਹਰਸਿਮਰਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਾ ਰਹੇ ਹਨ ਤਾਂ ਜੋ ਆਖ਼ਰੀ ਰਸਮਾਂ ਜੱਦੀ ਪਿੰਡ ਵਿੱਚ ਨਿਭਾਈਆਂ ਜਾ ਸਕਣ।
ਉਨ੍ਹਾਂ ਦੇ ਦਾਦਾ ਸੁਖਵਿੰਦਰ ਸਿੰਘ ਨੇ ਕਿਹਾ,”ਸਾਡਾ ਬੱਚਾ ਪੰਜਾਬ ਵਿੱਚ ਸੁਰੱਖਿਅਤ ਸੀ। ਹੁਣ ਤਾਂ ਵਿਦੇਸ਼ਾਂ ਵਿੱਚ ਵੀ ਹਿੰਸਾ ਨਹੀਂ ਰੁਕਦੀ। ਨਾ ਪੰਜਾਬ ਵਿੱਚ ਅਪਰਾਧ ਰੁਕਦੇ ਹਨ ਤੇ ਨਾ ਹੀ ਕੈਨੇਡਾ ਵਿੱਚ।”
“ਸਾਡੇ ਕੋਲ ਆਪਣਾ ਦੁੱਖ ਦੱਸਣ ਲਈ ਸ਼ਬਦ ਨਹੀਂ ਹਨ”

ਤਸਵੀਰ ਸਰੋਤ, Ravinder Singh Robin/BBC
ਹਰਸਿਮਰਤ ਦੇ ਭਰਾ ਜੈ ਸਿੰਘ ਰੰਧਾਵਾ ਨੇ ਕਿਹਾ,”ਸਾਨੂੰ ਕੈਨੇਡਾ ਤੋਂ ਮਾਸੀ ਜੀ ਦਾ ਫ਼ੋਨ ਆਇਆ ਅਤੇ ਇਸ ਘਟਨਾ ਬਾਰੇ ਪਤਾ ਲੱਗਿਆ।”
“ਸਾਡੇ ਹੌਲ ਪੈ ਰਹੇ ਹਨ। ਸਾਡੇ ਘਰ ਦੇ ਹਾਲਾਤ ਬਹੁਤ ਖ਼ਰਾਬ ਸੀ। ਮੇਰੀ ਭੈਣ ਦਾ ਸੁਭਾਅ ਬਹੁਤ ਵਧੀਆ ਸੀ। ਅਸੀਂ ਦੋ ਭੈਣ-ਭਰਾ ਹੀ ਹਾਂ ਪਰ ਹੁਣ ਭੈਣ ਨਹੀਂ ਰਹੀ।”
“ਮੇਰੀ ਭੈਣ ਤਾਂ ਵਿਦੇਸ਼ ਜਾਣਾ ਹੀ ਨਹੀਂ ਸੀ ਚਾਹੁੰਦੀ। ਉਸ ਨੂੰ ਅਸੀਂ ਚੰਡੀਗੜ੍ਹ ਕਾਲਜ ਵਿੱਚ ਦਾਖਲ ਵੀ ਕਰਵਾ ਦਿੱਤਾ ਸੀ। ਪਰ ਹਾਲਾਤ ਅਜਿਹੇ ਬਣ ਗਏ ਕਿ ਉਸ ਨੂੰ ਬਾਹਰ ਭੇਜ ਦਿੱਤਾ।”
ਜੈ ਸਿੰਘ ਨੇ ਕਿਹਾ, “ਅਸੀਂ ਕਿਹਾ ਸੀ ਕਿ ਪੜ੍ਹਾਈ ਕਰਕੇ ਵਾਪਸ ਆ ਜਾਵੀਂ। ਅਸੀਂ ਲੋਕਾਂ ਨਾਲ ਅਜਿਹਾ ਹੁੰਦਾ ਦੇਖਿਆ ਸੀ ਤੇ ਹੁਣ ਯਕੀਨ ਨਹੀਂ ਹੋ ਰਿਹਾ ਕਿ ਇਹ ਹਾਦਸਾ ਸਾਡੇ ਆਪ ਨਾਲ ਵਾਪਰ ਗਿਆ।”
“ਸਾਡੇ ਕੋਲ ਆਪਣਾ ਦੁੱਖ ਦੱਸਣ ਲਈ ਸ਼ਬਦ ਨਹੀਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI