Source :- BBC PUNJABI

ਤਸਵੀਰ ਸਰੋਤ, BBC/family of vashinka
2 ਘੰਟੇ ਪਹਿਲਾਂ
“ਮੇਰੀ ਧੀ ਵੱਡੀ ਡਾਕਟਰ ਬਣਨਾ ਚਾਹੁੰਦੀ ਸੀ। ਪਰ ਉਸਦੀ ਇੱਛਾ ਵਿੱਚ ਹੀ ਅਧੂਰੀ ਰਹਿ ਗਈ।”
ਇਹ ਗੱਲ ਆਖ ਕੇ ਵੰਸ਼ਿਕਾ ਦੇ ਪਿਤਾ ਦਵਿੰਦਰ ਸੈਣੀ ਫੁੱਟ-ਫੁੱਟ ਕੇ ਰੋਣ ਲੱਗ ਪਏ।
ਕੈਨੇਡਾ ਦੇ ਓਟਵਾ ਵਿੱਚ 21 ਸਾਲਾ ਪੰਜਾਬਣ ਕੁੜੀ ਵੰਸ਼ਿਕਾ ਸੈਣੀ ਦੀ ਮੌਤ ਹੋ ਗਈ। ਵੰਸ਼ਿਕਾ ਮੁਹਾਲੀ ਦੇ ਡੇਰਾਬਸੀ ਸ਼ਹਿਰ ਦੀ ਰਹਿਣ ਵਾਲੀ ਸੀ। ਮੌਤ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਚੱਲਿਆ ਹੈ।
ਵੰਸ਼ਿਕਾ ਦੀ ਮ੍ਰਿਤਕ ਦੇਹ ਕੈਨੇਡਾ ਪੁਲਿਸ ਨੂੰ ਇੱਕ ਬੀਚ ਤੋਂ ਮਿਲੀ, ਜਿਸ ਤੋਂ ਬਾਅਦ ਪੰਜਾਬ ਵਿੱਚ ਪਰਿਵਾਰ ਨੂੰ ਸੂਚਨਾ ਦਿੱਤੀ ਗਈ।
ਫਿਲਹਾਲ ਕੈਨੇਡਾ ਵਿੱਚ ਪੁਲਿਸ ਵੱਲੋਂ ਵੰਸ਼ਿਕਾ ਦੀ ਮੌਤ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਸ ਹਾਦਸੇ ਤੋਂ ਬਾਅਦ ਪੂਰਾ ਪਰਿਵਾਰ ਵੰਸ਼ਿਕਾ ਦੀ ਮੌਤ ਉੱਤੇ ਸਦਮੇ ਵਿੱਚ ਹੈ। ਵੰਸ਼ਿਕਾ ਸੈਣੀ ਦੀ ਮਾਂ ਬੇਸੁੱਧ ਸਨ ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸੰਭਾਲ ਰਹੇ ਸਨ।
ਮ੍ਰਿਤਕ ਵੰਸ਼ਿਕਾ ਦੇ ਪਿਤਾ ਪੰਜਾਬ ਦੇ ਡੇਰਾਬਸੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਐੱਮਐੱਲਏ ਦਫਤਰ ਦੇ ਇੰਚਾਰਜ ਹਨ।
ਵੰਸ਼ਿਕਾ ਦੇ ਪਿਤਾ ਨੇ ਕੀ ਦੱਸਿਆ

ਦਵਿੰਦਰ ਸੈਣੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਘਟਨਾ 26 ਅਪ੍ਰੈਲ ਦੀ ਹੈ ਤੇ ਉਨ੍ਹਾਂ ਨੂੰ 27 ਅਪ੍ਰੈਲ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ।
ਉਹ ਦੱਸਦੇ ਹਨ, “ਵੰਸ਼ਿਕਾ ਬਾਹਰਵੀਂ ਪਾਸ ਕਰਨ ਤੋਂ ਬਾਅਦ 2023 ਵਿੱਚ ਕੈਨੇਡਾ ਦੇ ਓਟਵਾ ਵਿੱਚ ਗਈ ਸੀ। ਦੋ ਸਾਲ ਵੰਸ਼ਿਕਾ ਨੇ ਉੱਥੇ ਪੜ੍ਹਾਈ ਕੀਤੀ ਹੈ ਪਰ ਹੁਣ ਉਸ ਨੇ ਅੱਗੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ, ਇਸ ਲਈ 26 ਅਪ੍ਰੈਲ ਨੂੰ ਉਸ ਦਾ ਆਈਲੈਟਸ ਦਾ ਪੇਪਰ ਸੀ ਤੇ ਉਹ ਇਸ ਦੀ ਤਿਆਰੀ ਕਰ ਰਹੀ ਸੀ।”
ਕੈਨੇਡਾ ਵਿੱਚ ਵੀ ਵੰਸ਼ਿਕਾ ਨੇ ਦੋ ਸਾਲ ਮੈਡੀਕਲ ਦੀ ਹੀ ਪੜ੍ਹਾਈ ਕੀਤੀ ਸੀ, ਹੁਣ ਉਹ ਥੋੜੇ ਸਮੇਂ ਤੋਂ ਨੌਕਰੀ ਵੀ ਕਰ ਰਹੀ ਸੀ।
ਵੰਸ਼ਿਕਾ ਦੇ ਪਿਤਾ ਕਹਿੰਦੇ ਹਨ, “ਅਸੀਂ ਉਸ ਨੂੰ ਕਿਹਾ ਸੀ ਕਿ ਨੌਕਰੀ ਦੀ ਲੋੜ ਨਹੀਂ ਹੈ ਪਰ ਉਹ ਕਹਿੰਦੀ ਕਿ ਉਸ ਨੂੰ ਚੰਗਾ ਲੱਗ ਰਿਹਾ ਤਾਂ ਅਸੀਂ ਉਸ ਨੂੰ ਨਹੀਂ ਰੋਕਿਆ।”
ਦਵਿੰਦਰ ਸੈਣੀ ਦੱਸਦੇ ਹਨ, “ਵੰਸ਼ਿਕਾ ਨਾਲ ਅਸੀਂ 25 ਅਪ੍ਰੈਲ ਨੂੰ ਸਵੇਰੇ ਗੱਲ ਕੀਤੀ ਸੀ, ਜਦੋਂ ਉਹ ਬੱਸ ਅੱਡੇ ‘ਤੇ ਖੜ੍ਹੀ ਸੀ। ਸਾਰਾ ਕੁਝ ਠੀਕ-ਠਾਕ ਸੀ, ਉਸ ਨੇ ਦੱਸਿਆ ਕਿ ਉਹ ਬਾਹਰ ਜਾ ਰਹੀ ਹੈ। ਕਿਉਂਕਿ ਅਗਲੇ ਦਿਨ ਪੇਪਰ ਸੀ ਤਾਂ ਅਸੀਂ ਵੀ ਉਸ ਨੂੰ ਕਿਹਾ ਕਿ ਉਹ ਪੜ੍ਹੇ ਅਤੇ ਚੰਗੀ ਤਰ੍ਹਾਂ ਆਪਣਾ ਪੇਪਰ ਦੇਵੇ, ਇਸ ਤੋਂ ਬਾਅਦ ਸਾਡੀ ਉਸਦੇ ਨਾਲ ਕੋਈ ਗੱਲ ਨਹੀਂ ਹੋਈ।”
ਮੌਤ ਦੇ ਕਾਰਨ ਸਪੱਸ਼ਟ ਨਹੀਂ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਧੀ ਆਪਣੀ ਜਾਨ ਨਹੀਂ ਲੈ ਸਕਦੀ।
ਉਨ੍ਹਾਂ ਨੇ ਵੰਸ਼ਿਕਾ ਨਾਲ ਵਾਪਰੇ ਕਿਸੇ ਅਪਰਾਧ ਦਾ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਕੈਨੇਡਾ ਪੁਲਿਸ ਨੇ ਅਜੇ ਜਾਂਚ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਸੀਂ ਪੁਲਿਸ ਦੀ ਜਾਂਚ ਉੱਤੇ ਭਰੋਸਾ ਜਤਾਉਂਦੇ ਹਾਂ ਪਰ ਪੁਲਿਸ ਜਾਂਚ ਵਿੱਚ ਤੇਜ਼ੀ ਦਿਖਾਵੇ।
ਪਿਤਾ ਦਵਿੰਦਰ ਸੈਣੀ ਦਾਅਵਾ ਕਰਦੇ ਹਨ ਕਿ ਵੰਸ਼ਿਕਾ ਦੀ ਯੂ-ਟਿਊਬ ਹਿਸਟਰੀ ਤੋਂ ਪਤਾ ਲੱਗਿਆ ਹੈ ਕਿ ਉਹ 25 ਅਪ੍ਰੈਲ ਦੀ ਰਾਤ ਨੂੰ 11 ਵਜੇ ਤੱਕ ਪੜ੍ਹਦੀ ਰਹੀ ਹੈ। ਉਹ ਆਨਲਾਈਨ ਵੀਡੀਓਜ਼ ਦੇਖਦੀ ਰਹੀ ਹੈ। ਅਗਲੇ ਦਿਨ ਪੇਪਰ ਦੀ ਤਿਆਰੀ ਕਰਦੀ ਹੋਈ ਉਹ ਇਕਦਮ ਬਾਹਰ ਗਈ ਹੈ, ਜਦੋਂ ਉਸ ਦਾ ਫੋਨ ਬੰਦ ਹੋਇਆ ਹੈ, ਉਸਦੇ ਫੋਨ ਦੀ ਆਖਰੀ ਲੋਕੇਸ਼ਨ ਘਰ ਦੇ ਨੇੜੇ ਦੀ ਹੀ ਦੇਖੀ ਗਈ ਹੈ। ਇਸ ਦੇ ਪਿੱਛੇ ਕੋਈ ਤਾਂ ਅਹਿਮ ਕਾਰਨ ਹੈ ਜੋ ਸਾਹਮਣੇ ਆਉਣਾ ਚਾਹੀਦਾ ਹੈ।”
‘ਸਾਥੀ ਵਿਦਿਆਰਥੀ ਕਰਦੇ ਸਨ ਈਰਖਾ’

ਵੰਸ਼ਿਕਾ ਸੈਣੀ ਦੇ ਪਿਤਾ ਕਹਿੰਦੇ ਹਨ ਕਿ ਉਨ੍ਹਾਂ ਦੀ ਧੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਬਸ ਉਹ ਸਾਨੂੰ ਕਦੇ ਕਦੇ ਇਹ ਦੱਸਦੀ ਰਹਿੰਦੀ ਸੀ ਕਿ ਨਾਲ ਦੇ ਵਿਦਿਆਰਥੀ ਉਸ ਤੋਂ ਈਰਖਾ ਕਰਦੇ ਹਨ, ਕਿਉਂਕਿ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਲਗਾਤਾਰ ਸਫਲ ਹੋ ਰਹੀ ਸੀ।
ਦਵਿੰਦਰ ਸੈਣੀ ਨੇ ਬੀਬੀਸੀ ਨੂੰ ਦੱਸਿਆ, “ਵੰਸ਼ਿਕਾ ਦੀ ਮੌਤ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹ 25 ਅਪ੍ਰੈਲ ਦੀ ਸ਼ਾਮ ਨੂੰ ਘਰ ਆਈ ਸੀ ਤੇ ਰੂਮ ਵਿੱਚੋਂ ਤਿਆਰ ਹੋ ਕੇ ਬਾਹਰ ਗਈ। 26 ਅਪ੍ਰੈਲ ਨੂੰ ਵੰਸ਼ਿਕਾ ਨਾਲ ਕੀ ਬੀਤਿਆ ਸਾਨੂੰ ਕੁਝ ਨਹੀਂ ਪਤਾ। ਕਿਉਂਕਿ ਉਸਦਾ ਫੋਨ ਬੰਦ ਆ ਰਿਹਾ ਸੀ।”
ਉਹ ਅੱਗੇ ਦੱਸਦੇ ਹਨ, “ਫੇਰ 27 ਅਪ੍ਰੈਲ ਦੀ ਸਵੇਰ ਸਾਨੂੰ ਪਤਾ ਲੱਗਿਆ ਕਿ ਵੰਸ਼ਿਕਾ ਦੀ ਮ੍ਰਿਤਕ ਦੇਹ ਵੋਟ ਕਲੱਬ ਕੋਲ ਮਿਲੀ ਹੈ। ਉਸ ਤੋਂ ਬਾਅਦ ਸਾਡਾ ਸਭ ਕੁਝ ਖਤਮ ਹੋ ਗਿਆ।”
‘ਵੰਸ਼ਿਕਾ ਨੂੰ ਅਪਾਰਟਮੈਂਟ ਨੇੜੇ ਲੱਭਦੀ ਰਹੀ ਭੈਣ’
ਵੰਸ਼ਿਕਾ ਦੇ ਭੂਆ ਮੀਨਾ ਦੀ ਧੀ ਸਿਮਰ ਵੀ ਓਟਾਵਾ ਵਿੱਚ ਹੀ ਰਹਿੰਦੇ ਹਨ। ਉਹ ਨਵੰਬਰ 2024 ਵਿੱਚ ਵੰਸ਼ਿਕਾ ਕੋਲ ਹੀ ਗਏ ਸਨ।
ਮੀਨਾ ਕੁਮਾਰੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਨੇ ਦੱਸਿਆ ਸੀ ਕਿ ਕੈਨੇਡਾ ਵਿੱਚ ਵੰਸ਼ਿਕਾ ਦੀ ਮੌਤ ਹੋ ਗਈ ਹੈ।
ਉਹ ਦੱਸਦੇ ਹਨ, “ਸਿਮਰਜੋਤ ਕੰਮ ਉੱਤੇ ਗਈ ਹੋਈ ਸੀ। ਸਾਨੂੰ ਵੀ ਉਸ ਨੇ ਦੱਸਿਆ ਸੀ ਕਿ ਵੰਸ਼ਿਕਾ ਦਾ ਪੇਪਰ ਹੈ। ਪਰ ਜਦੋਂ 26 ਅਪ੍ਰੈਲ ਨੂੰ ਵੰਸ਼ਿਕਾ ਪੇਪਰ ਦੇਣ ਨਾ ਪਹੁੰਚੀ ਤਾਂ ਇੱਕ ਦੋਸਤ ਨੇ ਸਿਮਰ ਨੂੰ ਦੱਸਿਆ ਕਿ ਵੰਸ਼ਿਕਾ ਪੇਪਰ ਦੇਣ ਨਹੀਂ ਆਈ ਤਾਂ ਸਿਮਰ ਨੇ ਵੰਸ਼ਿਕਾ ਦੇ ਅਪਾਰਟਮੈਂਟ ਵਿੱਚ ਫੋਨ ਕੀਤਾ ਉਦੋਂ ਉਸਨੂੰ ਪਤਾ ਲੱਗਿਆ ਕਿ ਵੰਸ਼ਿਕਾ ਲਾਪਤਾ ਹੈ। ਇਸ ਸਮੇਂ ਤੱਕ ਵੰਸ਼ਿਕਾ ਦਾ ਫੋਨ ਬੰਦ ਹੋ ਚੁੱਕਿਆ ਸੀ।”

ਤਸਵੀਰ ਸਰੋਤ, family of vanshika
ਵੰਸ਼ਿਕਾ ਦੇ ਫੁੱਫੜ ਹਰਵਿੰਦਰ ਦੱਸਦੇ ਹਨ, “ਸਾਡੀ ਧੀ ਸਿਮਰ ਨੇ ਵੰਸ਼ਿਕਾ ਦੇ ਅਪਾਰਟਮੈਂਟ ਅਤੇ ਆਲੇ ਦੁਆਲੇ ਵੰਸ਼ਿਕਾ ਨੂੰ ਲੱਭਿਆ ਪਰ ਉਹ ਨਹੀਂ ਮਿਲੀ। ਫੇਰ ਸਿਮਰ ਨੇ ਸਾਡੇ ਇੱਕ ਹੋਰ ਰਿਸ਼ਤੇਦਾਰ ਦੀ ਮਦਦ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪਰ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਵੰਸ਼ਿਕਾ ਬਾਲਗ ਹੈ, 24 ਘੰਟੇ ਬੀਤਣ ਤੱਕ ਅਸੀਂ ਜਾਂਚ ਸ਼ੁਰੂ ਨਹੀਂ ਕਰਾਂਗੇ। ਪਰ ਜਦੋਂ 24 ਘੰਟੇ ਬੀਤ ਗਏ ਤਾਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਵੰਸ਼ਿਕਾ ਦੀ ਮ੍ਰਿਤਕ ਦੇਹ ਬਰਾਮਦ ਹੋ ਗਈ।”
ਭਾਰਤੀ ਹਾਈ ਕਮਿਸ਼ਨ ਨੇ ਘਟਨਾ ਬਾਰੇ ਕੀ ਕਿਹਾ?
ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ ਹੈ।
ਆਪਣੇ ਐਕਸ ਅਕਾਊਂਟ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਹਾਈ ਕਮਿਸ਼ਨ ਨੇ ਲਿਖਿਆ, “ਸਾਨੂੰ ਓਟਵਾ ਵਿੱਚ ਭਾਰਤ ਦੀ ਵਿਦਿਆਰਥਣ ਵੰਸ਼ਿਕਾ ਦੀ ਮੌਤ ਦੀ ਸੂਚਨਾ ਮਿਲਣ ‘ਤੇ ਬਹੁਤ ਦੁੱਖ ਹੋਇਆ ਹੈ। ਇਹ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਅਤੇ ਸਥਾਨਕ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਸੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਸੰਗਠਨਾਂ ਨਾਲ ਸੰਪਰਕ ਵਿੱਚ ਹਾਂ।”
ਪਿਤਾ ਦੀ ਭਾਵੁਕ ਅਪੀਲ
ਵੰਸ਼ਿਕਾ ਦੀ ਮੌਤ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਦਵਿੰਦਰ ਸੈਣੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, “ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ। ਇੱਥੇ ਆਪਣੇ ਕੋਲ ਹੀ ਰੱਖ ਲਵੋ, ਪਰ ਆਪਣੇ ਤੋਂ ਦੂਰ ਨਾ ਕਰੋ। ਮੇਰੇ ਕੋਲ ਹੁਣ ਕੁਝ ਨਹੀਂ ਬਚਿਆ।”
“ਮੈਂ ਆਪਣੀ ਧੀ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦਾ ਸੀ, ਵਿਦੇਸ਼ ਭੇਜਣ ਤੋਂ ਪਹਿਲਾਂ ਬਹੁਤ ਲੋਕਾਂ ਦੀ ਸਲਾਹ ਲਈ ਪਰ ਕੀ ਪਤਾ ਸੀ ਕਿ ਮੇਰੇ ਕੋਲ ਉਹ ਮੁੜ ਕਦੇ ਵਾਪਸ ਨਹੀਂ ਆਵੇਗੀ।”

ਪਰਿਵਾਰ ਦੀ ਸਰਕਾਰ ਨੂੰ ਅਪੀਲ
ਵੰਸ਼ਿਕਾ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲੈ ਕੇ ਆਉਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ।
ਪਰਿਵਾਰਕ ਕਰੀਬੀ ਨਰਿੰਦਰ ਸੈਣੀ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਵੰਸ਼ਿਕਾ ਦਾ ਪੋਸਟਮਾਰਟਮ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਆਖਰ ਮੌਤ ਦਾ ਕਾਰਨ ਕੀ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹਨਾਂ ਦੀ ਧੀ ਦੀ ਮੌਤ ਬਾਰੇ ਨਿਰਪੱਖ ਜਾਂਚ ਕੀਤੀ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI