Home ਰਾਸ਼ਟਰੀ ਖ਼ਬਰਾਂ ਕੈਨੇਡਾ ਚੋਣ ਨਤੀਜੇ: ਜਗਮੀਤ ਸਿੰਘ ਚੋਣਾਂ ਕਿਉਂ ਹਾਰ ਗਏ, ਮਾਰਕ ਕਾਰਨੀ ਦੀ...

ਕੈਨੇਡਾ ਚੋਣ ਨਤੀਜੇ: ਜਗਮੀਤ ਸਿੰਘ ਚੋਣਾਂ ਕਿਉਂ ਹਾਰ ਗਏ, ਮਾਰਕ ਕਾਰਨੀ ਦੀ ਜਿੱਤ ਦਾ ਪਰਵਾਸੀਆਂ ਉੱਤੇ ਕੀ ਅਸਰ ਪੈ ਸਕਦਾ ਹੈ

3
0

Source :- BBC PUNJABI

ਮਾਰਕ ਕਾਰਨੀ ਤੇ ਜਗਮੀਤ ਸਿੰਘ

ਤਸਵੀਰ ਸਰੋਤ, Getty Images

5 ਘੰਟੇ ਪਹਿਲਾਂ

ਕੈਨੇਡਾ ਦੀਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਈ ਹੈ। ਲਿਬਰਲ ਸਭ ਤੋਂ ਵੱਧ ਸੀਟਾਂ 169 ਉੱਤੇ ਅੱਗੇ ਰਹੀ ਹੈ। ਉਥੇ ਹੀ ਕੰਜ਼ਰਵੇਟਿਵ ਪਾਰਟੀ 144 ਸੀਟਾਂ ਨਾਲ ਦੂਜੇ ਸਥਾਨ ਉਪਰ ਰਹੀ ਹੈ।

ਇਸੇ ਤਰ੍ਹਾਂ ਬਲਾਕ ਕਿਊਬੇਕੋਇਸ ਨੂੰ 22 ਸੀਟਾਂ ਅਤੇ ਐੱਨਡੀਪੀ (ਨਿਊ ਡੈਮੋਕ੍ਰੇਟ ਪਾਰਟੀ) ਨੂੰ 7 ਸੀਟਾਂ ਹਾਸਲ ਹੋਈਆਂ ਹਨ।

ਲਿਬਰਲ ਪਾਰਟੀ ਮਹਿਜ਼ ਤਿੰਨ ਮਹੀਨੇ ਪਹਿਲਾਂ ਚੋਣ ਸਰਵੇ ਵਿੱਚ ਕਾਫੀ ਪਿੱਛੇ ਚੱਲ ਰਹੀ ਸੀ ਪਰ ਅਮਰੀਕਾ ਨਾਲ ਵੱਧਦੇ ਤਣਾਅ ਵਿਚਾਲੇ ਕਾਰਨੀ ਨੇ ਪਾਰਟੀ ਦੀ ਵਾਗਡੋਰ ਸੰਭਾਲੀ।

ਇਸ ਤੋਂ ਬਾਅਦ ਪਾਰਟੀ ਦੀ ਪ੍ਰਚਾਰ ਮੁਹਿੰਮ ਵਿੱਚ ਨਵਾਂ ਮੋੜ ਆਇਆ ਤੇ ਉਹ ਮੁੜ ਸੱਤਾ ‘ਤੇ ਕਾਬਜ਼ ਹੋ ਗਏ।

ਇਸ ਨਤੀਜੇ ਦੇ ਅਸਲ ਸਿਆਸੀ ਮਾਅਨੇ ਕੀ ਹਨ, ਨਵੀਂ ਸਰਕਾਰ ਦਾ ਪਰਵਾਸੀਆਂ ‘ਤੇ ਕੀ ਅਸਰ ਪਵੇਗਾ ਅਤੇ ਜਗਮੀਤ ਸਿੰਘ ਦੀ ਹਾਰ ਕਿਉਂ ਹੋਈ ਤੇ ਐੱਨਡੀਪੀ ਨੇ ਲਿਬਰਲ ਲਈ ਕਿਵੇਂ ਜਿੱਤ ਸੌਖੀ ਬਣਾ ਦਿੱਤੀ, ਇਸ ਬਾਰੇ ਰਿਪੋਰਟ ਵਿੱਚ ਜਾਣਾਂਗੇ।

ਟਰੰਪ ਖ਼ਿਲਾਫ਼ ਮਾਰਕ ਕਾਰਨੀ ਵਾਲੇ ਪੱਤੇ ਨੇ ਕਿਵੇਂ ਕੰਮ ਕੀਤਾ?

ਮਾਰਕ ਕਾਰਨੀ

ਤਸਵੀਰ ਸਰੋਤ, Getty Images

ਕੈਨੇਡਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ । ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਇਨ੍ਹਾਂ ਚੋਣ ਨਤੀਜਿਆਂ ਸਬੰਧੀ ਕੈਨੇਡਾ ਦੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਸ਼ਮੀਲ ਨਾਲ ਖਾਸ ਗੱਲਬਾਤ ਕੀਤੀ ਹੈ।

ਸ਼ਮੀਲ ਕਹਿੰਦੇ ਹਨ, “ਇਨ੍ਹਾਂ ਚੋਣਾਂ ਵਿੱਚ ਬਹੁਤ ਵੱਡਾ ਫੇਰਬਦਲ ਹੋਇਆ। ਲਿਬਰਲ ਪਾਰਟੀ ਬਾਰੇ ਕੁਝ ਮਹੀਨਿਆਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਇਨ੍ਹਾਂ ਚੋਣਾਂ ਵਿੱਚ ਚੌਥੇ ਸਥਾਨ ਉਪਰ ਰਹੇਗੀ ਪਰ ਉਹ ਦੁਬਾਰਾ ਖੜ੍ਹੀ ਹੋਈ ਹੈ ਤੇ ਸਰਕਾਰ ਬਣਾਉਣ ਜਾ ਰਹੀ ਹੈ। ਬੇਸ਼ੱਕ ਗੱਠਜੋੜ ਦੀ ਸਰਕਾਰ ਹੋਵੇਗੀ ਪਰ ਲਿਬਰਲ ਪਾਵਰ ਵਿੱਚ ਹਨ।”

ਜਸਵੀਰ ਸ਼ਮੀਲ ਕਹਿੰਦੇ ਹਨ, “ਲਿਬਰਲ ਅਤੇ ਮਾਰਕ ਕਾਰਨੀ ਨੇ ਅਮਰੀਕਾ ਵੱਲੋਂ ਕੈਨੇਡਾ ਨੂੰ ਦਿੱਤੀਆਂ ਧਮਕੀਆਂ ਦੇ ਮੁੱਦੇ ਨੂੰ ਹੀ ਆਧਾਰ ਬਣਾ ਕੇ ਚੋਣ ਲੜੀ ਕਿ ਜੇ ਡੌਨਲਡ ਟਰੰਪ ਨਾਲ ਮੁਕਾਬਲਾ ਕਰਨਾ ਹੈ ਜਾਂ ਕੋਈ ਡੀਲ ਕਰਨੀ ਹੈ ਤਾਂ ਉਸ ਲਈ ਸਭ ਤੋਂ ਮਜ਼ਬੂਤ ਲੀਡਰ ਮਾਰਕ ਕਾਰਨੀ ਹੀ ਹਨ ਤੇ ਉਹ ਹੁਣ ਪ੍ਰਧਾਨ ਮੰਤਰੀ ਬਣ ਗਏ ਹਨ।”

ਬੀਬੀਸੀ ਪੱਤਰਕਾਰ ਐਂਥਨੀ ਜ਼ਰਕਰ ਦੇ ਅਨੁਸਾਰ ਲਿਬਰਲ ਪਾਰਟੀ ਦੀ ਜਿੱਤ ਵਿੱਚ ਡੌਨਲਡ ਟਰੰਪ ਦੀਆਂ ਨੀਤੀਆਂ ਦਾ ਵੀ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਟਰੰਪ ਨੇ ਵਾਰ-ਵਾਰ ਕੈਨੇਡਾ ਨੂੰ ਭੜਕਾਇਆ ਅਤੇ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨ ਲਈ ਕਿਹਾ, ਜਿਸ ਨਾਲ ਕੈਨੇਡੀਅਨ ਵੋਟਰ ਇੱਕਜੁੱਟ ਹੋ ਗਏ।

ਇਹ ਵੀ ਪੜ੍ਹੋ-
ਹਰਮਿੰਦਰ ਸਿੰਘ ਢਿੱਲੋਂ

ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਲਿਬਰਲ ਪਾਰਟੀ ਦੀ ਕਾਫੀ ਆਲੋਚਨਾ ਹੋਣ ਤੋਂ ਬਾਅਦ ਵੀ ਪਾਰਟੀ ਮੁੜ ਸੱਤਾ ਵਿੱਚ ਆ ਰਹੀ ਹੈ।

ਇਸ ਬਾਰੇ ਬੀਬੀਸੀ ਪੱਤਰਕਾਰ ਬਰਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਮਿੰਦਰ ਢਿੱਲੋਂ ਕਹਿੰਦੇ ਹਨ,”ਇਸ ਪਿੱਛੇ ਦੋ ਮੁੱਖ ਪੱਖ ਹਨ, ਇੱਕ ਲਿਬਰਲ ਪਾਰਟੀ ਦਾ ਮੁੱਖ ਲੀਡਰ (ਜਸਟਿਨ ਟਰੂਡੋ) ਲੋਕਾਂ ਦੇ ਮਨਾਂ ਤੋਂ ਉਤਰ ਗਿਆ ਸੀ, ਜਿਸ ਕਾਰਨ ਉਸ ਨੂੰ ਪਿੱਛੇ ਹਟਣਾ ਪਿਆ ਤੇ ਦੂਜਾ ਟਰੰਪ ਦਾ ਅਮਰੀਕਾ ਦੀ ਸੱਤਾ ਵਿੱਚ ਆਉਣਾ।”

“ਡੌਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਕੈਨੇਡਾ ਦੇ ਲੋਕਾਂ ਦੇ ਮਨਾਂ ਵਿੱਚ ਇਹ ਆਉਣ ਲੱਗ ਗਿਆ ਸੀ ਕਿ ਹੁਣ ਟਰੰਪ ਦੇ ਸਾਹਮਣੇ ਕਿਹੜਾ ਲੀਡਰ ਖੜ੍ਹ ਸਕਦਾ, ਜੋ ਕੈਨੇਡਾ ਵੱਲ ਦੀ ਗੱਲ ਕਰੇ। ਇਸ ਵਿੱਚ ਮਾਰਕ ਕਾਰਨੀ ਦਾ ਅਕਸ ਬਹੁਤ ਮਜ਼ਬੂਤ ਹੈ, ਜਿਸ ਦਾ ਇਨ੍ਹਾਂ ਚੋਣਾਂ ਵਿੱਚ ਲਿਬਰਲ ਤੇ ਮਾਰਕ ਕਾਰਨੀ ਨੂੰ ਵੱਡਾ ਫਾਇਦਾ ਹੋਇਆ।”

ਕੀ ਜਗਮੀਤ ਸਿੰਘ ਨੇ ਹਾਰ ਕੇ ਵੀ ਲਿਬਰਲ ਨੂੰ ਬਚਾਇਆ?

ਜਗਮੀਤ ਸਿੰਘ

ਤਸਵੀਰ ਸਰੋਤ, Getty Images

ਕੰਜ਼ਰਵੇਟਿਵ ਨੇ ਬੇਸ਼ੱਕ 144 ਸੀਟਾਂ ਹਾਸਲ ਕੀਤੀਆਂ ਪਰ ਉਹ ਸਰਕਾਰ ਬਣਾਉਣ ਵਿੱਚ ਪਿਛੜ ਗਈ।

ਇਸ ਬਾਰੇ ਜਸਵੀਰ ਸਿੰਘ ਸ਼ਮੀਲ ਕਹਿੰਦੇ ਹਨ, “ਇਸ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਨ ਐੱਨਡੀਪੀ ਦਾ ਬੁਰੀ ਤਰ੍ਹਾਂ ਟੁੱਟਣਾ ਹੈ। ਆਮ ਤੌਰ ‘ਤੇ ਇਹ ਹੁੰਦਾ ਸੀ ਕਿ ਐੱਨਡੀਪੀ 15 ਤੋਂ 20 ਫ਼ੀਸਦ ਤੱਕ ਵੋਟਾਂ ਹਾਸਲ ਕਰਦੀ ਸੀ ਅਤੇ ਜਿਹੜੀ ਅਗਾਂਹਵਧੂ ਵੋਟ ਹੁੰਦੀ ਸੀ, ਉਹ ਹਮੇਸ਼ਾ ਹੀ ਲਿਬਰਲ ਅਤੇ ਐੱਨਡੀਪੀ ਵਿੱਚ ਵੰਡੀ ਜਾਂਦੀ ਸੀ। ਜੇ ਇਸ ਵਾਰ ਅਜਿਹਾ ਹੁੰਦਾ ਤਾਂ ਕੰਜ਼ਰਵੇਟਿਵ ਦੀ ਸਰਕਾਰ ਬਣ ਸਕਦੀ ਸੀ ਪਰ ਐੱਨਡੀਪੀ ਬੁਰੀ ਤਰ੍ਹਾਂ ਪਿਛੜ ਗਈ ਤੇ ਇਹ ਵੋਟ ਲਿਬਰਲ ਵਿੱਚ ਤਬਦੀਲ ਹੋ ਗਈ।”

ਸ਼ਮੀਲ ਅੱਗੇ ਕਹਿੰਦੇ ਹਨ, “ਜੋ ਅਸੀਂ ਦੇਖ ਰਹੇ ਹਾਂ ਕਿ ਲਿਬਰਲ ਨੇ ਵੋਟ ਬੈਂਕ ਵਿੱਚ ਵਾਧਾ ਕੀਤਾ ਤਾਂ ਇਹ ਵੋਟ ਸ਼ੇਅਰ ਲਿਬਰਲ ਨੇ ਕੰਜ਼ਰਵੇਟਿਵ ਤੋਂ ਨਹੀਂ ਲਿਆ ਬਲਕਿ ਉਹ ਜਾਂ ਤਾਂ ਸਾਰਾ ਹੀ ਐੱਨਡੀਪੀ ਵੱਲੋਂ ਆਇਆ ਹੈ ਜਾਂ ਕੁਝ ਸੀਟਾਂ ਇਨ੍ਹਾਂ ਨੇ ਬਲਾਕ ਤੋਂ ਖਿੱਚੀਆਂ ਹਨ। ਇਸ ਕਰ ਕੇ ਐੱਨਡੀਪੀ ਵਾਲੇ ਫੈਕਟਰ ਤੋਂ ਇਲਾਵਾ ਅਸੀਂ ਇਨ੍ਹਾਂ ਚੋਣ ਨਤੀਜਿਆਂ ਨੂੰ ਬਿਆਨ ਨਹੀਂ ਕਰ ਸਕਦੇ। ਉਥੇ ਹੀ ਕੰਜ਼ਰਵੇਟਿਵ ਨੇ ਆਪਣਾ ਵੋਟ ਸ਼ੇਅਰ ਵੀ ਵਧਾਇਆ ਤੇ ਸੀਟਾਂ ਵੀ ਵਧਾਈਆਂ ਹਨ।”

ਸ਼ਮੀਲ ਇਥੋਂ ਤੱਕ ਵੀ ਕਹਿੰਦੇ ਹਨ ਕਿ ਪਹਿਲਾਂ ਜਦੋਂ ਜਗਮੀਤ ਸਿੰਘ ਲਿਬਰਲ ਨੂੰ ਬਾਹਰੋਂ ਸਪੋਰਟ ਕਰਦੇ ਸਨ, ਉਸ ਸਮੇਂ ਇਨ੍ਹਾਂ ਦੀ ਸਰਕਾਰ ਨੂੰ ਜਗਮੀਤ ਸਿੰਘ ਨੇ ਬਚਾਇਆ ਸੀ ਅਤੇ ਹੁਣ ਲੋਕ ਇਹ ਵੀ ਕਹਿੰਦੇ ਹਨ ਕਿ ਜਗਮੀਤ ਸਿੰਘ ਨੇ ਹਾਰ ਕੇ ਵੀ ਲਿਬਰਲ ਨੂੰ ਬਚਾ ਲਿਆ ਹੈ।

ਕੈਨੇਡਾ ਚੋਣਾਂ ਵਿੱਚ ਐੱਨਡੀਪੀ ਪਿੱਛੇ ਕਿਉਂ ਰਹਿ ਗਈ?

ਜਸਵੀਰ ਸਿੰਘ ਸ਼ਮੀਲ

ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਉਹ ਇਸ ਚੋਣ ਵਿੱਚ ਆਪਣੀ ਸੀਟ ਵੀ ਨਹੀਂ ਬਚਾ ਸਕੇ।

ਹਰਮਿੰਦਰ ਸਿੰਘ ਢਿੱਲੋਂ ਕਹਿੰਦੇ ਹਨ ਕਿ ਇਸ ਪਿੱਛੇ ਕੁਝ ਕਾਰਨ ਹਨ। ਸਭ ਤੋਂ ਪਹਿਲਾਂ ਕਾਰਨ ਤਾਂ ਇਹ ਕਿ ਉਹ ਜਿਸ ਹਲਕੇ ਤੋਂ ਜਿੱਤਦੇ ਆ ਰਹੇ ਸਨ, ਉਹ ਹਲਕਾ ਭੰਗ ਹੋ ਚੁੱਕਿਆ ਤੇ ਹੁਣ ਉਹ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਸਨ, ਜਿਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਉਹ ਕਹਿੰਦੇ ਹਨ, “ਦੂਜਾ ਮੁੱਖ ਕਾਰਨ ਇਹ ਕਿ ਐੱਨਡੀਪੀ ਦੀ ਸਾਰੀ ਵੋਟ ਵੰਡੀ ਗਈ। ਅਸਲ ਵਿੱਚ ਐੱਨਡੀਪੀ ਵਿੱਚ ਦੋ ਤਰ੍ਹਾਂ ਦੇ ਸਮਰਥਕ ਸਨ, ਇੱਕ ਯੂਨੀਅਨ ਵਰਕਰ ਅਤੇ ਦੂਜੇ ਕੁਝ ਪੜ੍ਹੇ ਲਿਖੇ ਖੱਬੇਪੱਖੀ। ਐੱਨਡੀਪੀ ਦੇ ਬਹੁਤੇ ਵਰਕਰ ਲਿਬਰਲ ਵੱਲ ਚਲੇ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕੰਜ਼ਰਵੇਟਿਵ ਜਿੱਤੇ ਤੇ ਕੁਝ ਕੁ ਕੰਜ਼ਰਵੇਟਿਵ ਵੱਲ ਵੀ ਭੁਗਤੇ ਜੋ ਯੂਨੀਅਨਾਂ ਨਾਲ ਜੁੜੇ ਹੋਏ ਸਨ।”

ਐੱਨਡੀਪੀ ਦੀ ਹਾਰ ਪਿੱਛੇ ਜਸਵੀਰ ਸਿੰਘ ਸ਼ਮੀਲ ਕਈ ਕਾਰਨ ਮੰਨਦੇ ਹਨ।

ਉਹ ਕਹਿੰਦੇ ਹਨ, “ਐੱਨਡੀਪੀ ਇੱਕ ਸੁਤੰਤਰ ਪਾਰਟੀ ਹੈ, ਜਿਸਦੀ ਆਪਣੀ ਇੱਕ ਵਿਚਾਰਧਾਰਾ ਤੇ ਆਪਣੀ ਸੋਚ ਹੈ। ਜਿਸ ਤਰ੍ਹਾਂ ਜਗਮੀਤ ਸਿੰਘ ਟਰੂਡੋ ਦੇ ਕਾਰਜਕਾਲ ਦੌਰਾਨ ਲਗਾਤਾਰ ਲਿਬਰਲ ਲਈ ਭੁਗਤੇ, ਸ਼ਾਇਦ ਇਸ ਕਾਰਨ ਜੋ ਐੱਨਡੀਪੀ ਦਾ ਸਮਰਥਕ ਸੀ, ਉਸ ਨੂੰ ਇਹ ਲੱਗਣ ਲੱਗਾ ਕਿ ਜੇ ਅਸੀਂ ਲਿਬਰਲ ਦੀ ਝੋਲੀ ਵਿੱਚ ਹੀ ਪੈਣਾ ਹੈ, ਉਸ ਦੀ ਹੀ ਸਪੋਰਟ ਕਰਨੀ ਹੈ ਤਾਂ ਕਿਉਂ ਨਾ ਸਿੱਧਾ ਹੀ ਲਿਬਰਲ ਨੂੰ ਵੋਟ ਪਾਈ ਜਾਵੇ।”

ਸ਼ਮੀਲ ਦੂਜਾ ਮੁੱਖ ਕਾਰਨ ਟਰੰਪ ਦੀਆਂ ਕੈਨੇਡਾ ਨੂੰ ਆਪਣੇ ਨਾਲ ਮਿਲਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਵੀ ਮੰਨਦੇ ਹਨ।

ਉਹ ਕਹਿੰਦੇ ਹਨ, “ਟਰੰਪ ਜਦੋਂ ਲਗਾਤਾਰ ਕੈਨੇਡਾ ਨੂੰ ਯੂਐੱਸ ਦਾ ਹਿੱਸਾ ਬਣਾਉਣ ਬਾਰੇ ਬਿਆਨ ਦੇ ਰਹੇ ਸਨ ਤਾਂ ਐੱਨਡੀਪੀ ਦੇ ਸਮਰਥਾਂ ਨੂੰ ਲੱਗਿਆ ਕਿ ਇਹ ਸਮਾਂ ਇਕੱਠੇ ਹੋਣ ਦਾ ਹੈ ਤੇ ਜੇ ਅਸੀਂ ਐੱਨਡੀਪੀ ਨੂੰ ਵੋਟ ਪਾਉਂਦੇ ਹਾਂ ਤਾਂ ਵੋਟ ਵੰਡੀ ਜਾਵੇਗੀ। ਸ਼ਾਇਦ ਇਸ ਸੈਂਟੀਮੈਂਟ ਨੇ ਵੀ ਕੰਮ ਕੀਤਾ ਹੈ ਤੇ ਉਨ੍ਹਾਂ ਨੇ ਲਿਬਰਲ ਨੂੰ ਵੋਟ ਪਾਈ।”

ਸ਼ਮੀਲ ਮੰਨਦੇ ਹਨ ਕਿ ਉਨ੍ਹਾਂ ਮੁੱਖ ਕਾਰਕਾਂ ਕਰ ਕੇ ਪਾਰਟੀ ਨੇ ਆਪਣਾ ਰੁਤਬਾ ਵੀ ਗੁਆ ਲਿਆ ਅਤੇ ਜਗਮੀਤ ਸਿੰਘ ਆਪਣੀ ਸੀਟ ਵੀ ਨਹੀਂ ਬਚਾ ਸਕੇ।

ਪਰਵਾਸੀ ਭਾਰਤੀ ਭਾਈਚਾਰੇ ਲਈ ਨਤੀਜਿਆਂ ਦੇ ਕੀ ਮਾਅਨੇ?

ਮਾਰਕ ਕਾਰਨੀ

ਤਸਵੀਰ ਸਰੋਤ, Getty Images

ਜਸਵੀਰ ਸਿੰਘ ਸ਼ਮੀਲ ਕਹਿੰਦੇ ਹਨ ਕਿ ਭਾਰਤੀ ਭਾਈਚਾਰੇ ਦੇ ਲੋਕ ਇੱਥੇ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ।

ਭਾਰਤ ਅਤੇ ਕੈਨੇਡਾ ਦੇ ਸਬੰਧਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਦੋਵੇਂ ਦੇਸ਼ਾਂ ਦੇ ਰਿਸ਼ਤੇ ਵਿੱਚ ਕੁੜੱਤਣ ਆਈ ਹੈ।

ਉਹ ਕਹਿੰਦੇ ਹਨ, “ਕਈ ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਸਬੰਧ ਜਗਮੀਤ ਸਿੰਘ ਕਰ ਕੇ ਵਿਗੜੇ ਹਨ ਪਰ ਮੈਂ ਸਮਝਦਾ ਕਿ ਸਿਰਫ ਜਗਮੀਤ ਸਿੰਘ ਕਰਕੇ ਨਹੀਂ ਹੋਇਆ, ਇਸ ਵਿੱਚ ਟਰੂਡੋ ਦੇ ਆਪਣੇ ਜੋ ਗਲਤ ਫ਼ੈਸਲੇ ਸਨ, ਉਨ੍ਹਾਂ ਨੇ ਵੀ ਹਿੱਸਾ ਪਾਇਆ ਕਿਉਂਕਿ ਜਸਟਿਨ ਟਰੂਡੋ ਕੂਟਨੀਤਿਕ ਪੱਖ ਤੋਂ ਕਾਮਯਾਬ ਲੀਡਰ ਨਹੀਂ ਹਨ। ਉਨ੍ਹਾਂ ਨੇ ਸਿਰਫ ਭਾਰਤ ਨਾਲ ਹੀ ਨਹੀਂ ਸਗੋਂ, ਚੀਨ ਤੇ ਯੂਐੱਸ ਨਾਲ ਵੀ ਸਬੰਧ ਖਰਾਬ ਕੀਤੇ ਹਨ।”

“ਜਸਟਿਨ ਟਰੂਡੋ ਵਿਦੇਸ਼ ਨੀਤੀ ਵਿੱਚ ਫੇਲ੍ਹ ਸਾਬਿਤ ਹੋਏ ਹਨ ਤੇ ਇਸ ਕਰ ਕੇ ਉਨ੍ਹਾਂ ਦੀ ਬਹੁਤ ਨੁਕਤਾਚੀਨੀ ਵੀ ਹੁੰਦੀ ਰਹੀ ਹੈ। ਜਸਟਿਨ ਟਰੂਡੋ ਵਪਾਰ ਤੇ ਆਰਥਿਕ ਸਬੰਧਾਂ ਨੂੰ ਕਦੇ ਸਮਝ ਨਹੀਂ ਸਕੇ, ਉਨ੍ਹਾਂ ਦਾ ਸੋਸ਼ਲ ਏਜੰਡੇ ਉਪਰ ਜ਼ਿਆਦਾ ਧਿਆਨ ਕੇਂਦਰਿਤ ਸੀ।”

ਸ਼ਮੀਲ ਕਹਿੰਦੇ ਹਨ ਕਿ ਮਾਰਕ ਕਾਰਨੀ ਵੱਲੋਂ ਪਿਛਲੇ ਦਿਨ ਭਾਰਤ ਨਾਲ ਸਬੰਧ ਠੀਕ ਕਰਨ ਬਾਰੇ ਬਿਆਨ ਦਿੱਤਾ ਗਿਆ ਹੈ।

ਉਹ ਕਹਿੰਦੇ ਹਨ, “ਮਾਰਕ ਕਾਰਨੀ ਵਪਾਰ ਤੇ ਫਾਇਨਾਂਸ ਦੀ ਦੁਨੀਆਂ ਵਿੱਚੋਂ ਆਏ ਹਨ ਤੇ ਮੌਜੂਦਾ ਸਮੇਂ ਵਿੱਚ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੀ ਆਰਥਿਕ ਤੇ ਵਪਾਰ ਦੇ ਪੱਖ ਤੋਂ ਅਹਿਮੀਅਤ ਹੈ ਤੇ ਮਾਰਕ ਕਾਰਨੀ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹਨ। ਕਾਰਨੀ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਉਹ ਇਨ੍ਹਾਂ ਸਬੰਧਾਂ ਨੂੰ ਸੁਧਾਰਨਗੇ। ਇਹ ਇੱਕ ਉਮੀਦ ਹੈ, ਬਾਕੀ ਦੋਵੇਂ ਦੇਸ਼ਾਂ ਵਿੱਚ ਮੁੱਦੇ ਤਾਂ ਹਨ, ਜਿਨ੍ਹਾਂ ਨੂੰ ਕੋਈ ਵੀ ਸਰਕਾਰ ਅਣਦੇਖਿਆ ਨਹੀਂ ਕਰ ਸਕਦੀ। ਪਰ ਇਹ ਗੱਲ ਮੰਨੀ ਜਾ ਰਹੀ ਹੈ ਕਿ ਟਰੂਡੋ ਦੇ ਕਾਰਜਕਾਲ ਨਾਲੋਂ ਨਵੀਂ ਸਰਕਾਰ ਵਿੱਚ ਭਾਰਤ ਨਾਲ ਸਬੰਧ ਚੰਗੇ ਹੋਣਗੇ।”

ਹਰਮਿੰਦਰ ਢਿੱਲੋਂ ਨਵੀਂ ਸਰਕਾਰ ਵਿੱਚ ਪਰਵਾਸ ਨੀਤੀ ਬਾਰੇ ਕਹਿੰਦੇ ਹਨ, “ਟਰੂਡੋ ਵੇਲੇ ਪਰਵਾਸ ਨਿਯਮਾਂ ‘ਚ ਕਈ ਬਦਲਾਅ ਕੀਤੇ ਗਏ ਸਨ, ਜਿਨ੍ਹਾਂ ਕਾਰਨ ਕੌਮਾਂਤਰੀ ਵਿਦਿਆਰਥੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨਵੀਂ ਸਰਕਾਰ ਵਿੱਚ ਵੀ ਇਹ ਨਿਯਮ ਸ਼ਾਇਦ ਹੋਰ ਸਖ਼ਤ ਹੋ ਸਕਦੇ ਹਨ। ਜੇ ਕੰਜ਼ਰਵੇਟਿਵ ਜਿੱਤ ਜਾਂਦੀ ਤਾਂ ਉਨ੍ਹਾਂ ਨੇ ਹੋਰ ਵੀ ਜ਼ਿਆਦਾ ਮੁਸ਼ਕਲਾਂ ਖੜ੍ਹੀਆਂ ਕਰਨੀਆਂ ਸਨ।”

ਨਵੀਂ ਸਰਕਾਰ ਕੀ ਅੱਗੇ ਚੁਣੌਤੀਆਂ ਹਨ?

ਮਾਰਕ ਕਾਰਨੀ

ਤਸਵੀਰ ਸਰੋਤ, Getty Images

ਸ਼ਮੀਲ ਕਹਿੰਦੇ ਹਨ, “ਬਹੁਮਤ ਦੀ ਸਰਕਾਰ ਹੋਣ ਕਰਕੇ ਜਿਹੜੇ ਕਈ ਅਹਿਮ ਕਾਨੂੰਨ ਹਨ, ਉਨ੍ਹਾਂ ਨੂੰ ਲੈ ਕੇ ਨਵੀਂ ਸਰਕਾਰ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡੀਅਨ ਲੋਕਾਂ ਨੇ ਲਿਬਰਲ ਪਾਰਟੀ ਨੂੰ ਇਹ ਸਪੱਸ਼ਟ ਫਤਵਾ ਦਿੱਤਾ ਹੈ ਕਿ ਯੂਐੱਸ ਨਾਲ ਮੁਕਾਬਲਾ ਕਰਨ ਲਈ ਮਾਰਕ ਕਾਰਨੀ ਹੀ ਕੈਨੇਡਾ ਦੀ ਨੁਮਾਇੰਦਗੀ ਕਰਨਗੇ।”

ਸ਼ਮੀਲ ਅੱਗੇ ਕਹਿੰਦੇ ਹਨ, “ਕੈਨੇਡਾ ਵਿੱਚ ਅਪਰਾਧ, ਮਹਿੰਗਾਈ ਤੇ ਮਹਿੰਗੇ ਘਰਾਂ ਵਰਗੇ ਮੁੱਦੇ ਅਜੇ ਵੀ ਬਰਕਰਾਰ ਹਨ। ਕੈਨੇਡਾ ਵਿੱਚ ਲੱਖਾਂ ਲੋਕ ਆਏ ਤੇ ਉਨ੍ਹਾਂ ਦਾ ਅੱਗੇ ਕੀ ਕਰਨਾ ਹੈ। ਕੀ ਉਨ੍ਹਾਂ ਨੂੰ ਇਥੇ ਹੀ ਅਡਜਸਟ ਕਰਨਾ ਹੈ ਜਾਂ ਵਾਪਸ ਭੇਜਣਾ ਹੈ, ਇਹ ਚੁਣੌਤੀਪੂਰਨ ਹੈ ਤੇ ਆਸਾਨ ਨਹੀਂ ਹੈ। ਮਾਰਕ ਕਾਰਨੀ ਲਈ ਅਸਲ ਚੁਣੌਤੀਆਂ ਹੁਣ ਸ਼ੁਰੂ ਹੋਈਆਂ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI