Source :- BBC PUNJABI

ਤਸਵੀਰ ਸਰੋਤ, Getty Images
4 ਘੰਟੇ ਪਹਿਲਾਂ
ਇਸ ਨੂੰ ਅਕਸਰ ਬੋਲਚਾਲ ਵਿੱਚ ‘ਤਰਲ ਸੋਨਾ’ ਕਿਹਾ ਜਾਂਦਾ ਹੈ, ਯਾਨੀ ਬੇਸ਼ਕੀਮਤੀ। ਕੁਝ ਮਾਹਰ ਤਾਂ ਇਹ ਵੀ ਕਹਿੰਦੇ ਹਨ ਕਿ ਇਹ ‘ਜਾਦੂਈ ਸ਼ਕਤੀਆਂ’ ਦਾ ਸਰੋਤ ਹੈ।
ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਮਾਂ ਦਾ ਦੁੱਧ ਬੱਚਿਆਂ ਲਈ ਪੌਸ਼ਟਿਕ ਤੱਤ ਅਤੇ ਐਂਟੀਬਾਡੀਜ਼ ਪ੍ਰਦਾਨ ਕਰਦਾ ਹੈ ਅਤੇ ਇਹ ਉਨ੍ਹਾਂ ਦੀ ਵਿਕਾਸ ਲਈ ਜ਼ਰੂਰੀ ਹੈ।
ਪਰ ਕੁਝ ਬਾਲਗ ਵੀ ਇਸ ਦੀਆਂ ਮੰਨੀਆਂ ਜਾਂਦੀਆਂ ਸੁਪਰਫੂਡ ਯੋਗਤਾਵਾਂ ‘ਤੇ ਭਰੋਸਾ ਕਰ ਰਹੇ ਹਨ।
39 ਸਾਲਾ ਜੇਮਸਨ ਰਿਟੇਨੌਰ, ਜੋ ਕਿ ਤਿੰਨ ਬੱਚਿਆਂ ਦਾ ਪਿਤਾ ਹੈ, ਨੇ ਪਹਿਲੀ ਵਾਰ ਮਾਂ ਦਾ ਦੁੱਧ ਉਦੋਂ ਪੀਤਾ ਜਦੋਂ ਉਸ ਦੀ ਸਾਥਣ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਅਤੇ ਦੁੱਧ ਬੱਚੇ ਦੀ ਲੋੜ ਤੋਂ ਵੱਧ ਪੈਦਾ ਹੋ ਰਿਹਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਮੈਂ ਇਸਨੂੰ ਆਪਣੇ ਸ਼ੇਕ ਵਿੱਚ ਪਾਇਆ, ਭਾਵੇਂ ਇਹ ਥੋੜ੍ਹਾ ਅਜੀਬ ਲੱਗਿਆ।”
ਜੇਮਸਨ ਨੂੰ ਇੱਕ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਬ੍ਰੈਸਟ ਮਿਲਕ ਦੇ ਫਾਇਦਿਆਂ ਬਾਰੇ ਜਾਣਨ ਦੀ ਉਤਸੁਕਤਾ ਹੋ ਗਈ ਸੀ, ਇਸ ਵੀਡੀਓ ਵਿੱਚ ਇੱਕ ਬਾਡੀ ਬਿਲਡਰ ਨੇ ਇਸਨੂੰ ਪੀਣ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ ਸੀ।

ਆਪਣੀ ਸਾਥਣ ਦਾ ਬ੍ਰੈਸਟ ਮਿਲਕ ਪੀਣਾ ਜੇਮਸਨ ਦੇ ਰੁਟੀਨ ਦਾ ਹਿੱਸਾ ਬਣ ਗਿਆ। ਉਸ ਕੋਲ ਇੱਕ ਦਿਨ ਵਿੱਚ ਦੋ ਬੈਗ ਹੁੰਦੇ ਸਨ ਜਿਨ੍ਹਾਂ ਵਿੱਚ ਲਗਭਗ ਅੱਠ ਔਂਸ ਦੁੱਧ ਹੁੰਦਾ ਸੀ।
ਉਨ੍ਹਾਂ ਦੱਸਿਆ, “ਮੈਂ ਸ਼ਾਇਦ ਆਪਣੀ ਜ਼ਿੰਦਗੀ ਦੀ ਸਭ ਤੋਂ ਬਹਿਤਰ ਸਰੀਰੀਕ ਸਥਿਤੀ ਵਿੱਚ ਸੀ।”
“ਇਹ ਯਕੀਨੀ ਤੌਰ ‘ਤੇ ਮੈਨੂੰ ਮਾਸਪੇਸ਼ੀਆਂ ਬਣਾਉਣ ਵਿੱਚ ਮਦਦ ਕਰ ਰਿਹਾ ਸੀ। ਮੇਰਾ ਭਾਰ ਘੱਟ ਰਿਹਾ ਸੀ, ਨਾਲ ਹੀ ਮੈਂ ਲਗਭਗ ਅੱਠ ਹਫ਼ਤਿਆਂ ਵਿੱਚ ਲਗਭਗ 5 ਫ਼ੀਸਦੀ ਮਾਸਪੇਸ਼ੀਆਂ ਵੀ ਵਧਾ ਰਿਹਾ ਸੀ।”
ਜੇਮਸਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਜਦੋਂ ਮਨੁੱਖੀ ਦੁੱਧ ਉਸਦੀ ਖੁਰਾਕ ਦਾ ਹਿੱਸਾ ਸੀ, ਤਾਂ ਉਹ ਕਦੇ ਬਿਮਾਰ ਹੋਇਆ ਜਾਂ ਉਸ ਨੂੰ ਜ਼ੁਕਾਮ ਵੀ ਹੋਇਆ ਹੋਵੇ।
ਉਹ ਕਹਿੰਦੇ ਹਨ, “ਮੈਂ ਇੱਕ ਬੱਚੇ ਵਾਂਗ ਵੱਡਾ ਹੋਣਾ ਅਤੇ ਇੱਕ ਬੱਚੇ ਵਾਂਗ ਸੌਣਾ ਚਾਹੁੰਦਾ ਸੀ, ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਵੀ ਇੱਕ ਬੱਚੇ ਵਾਂਗ ਖਾਵਾਂਗਾ।”
“ਮੈਨੂੰ ਚੰਗਾ ਮਹਿਸੂਸ ਹੋ ਰਿਹਾ ਸੀ ਅਤੇ ਮੈਂ ਚੰਗਾ ਲੱਗ ਰਿਹਾ ਸੀ।”

ਤਸਵੀਰ ਸਰੋਤ, Jameson Ritenour
ਆਨਲਾਈਨ ਖ਼ਰੀਦਣਾ ਖ਼ਤਰਨਾਕ ਹੈ
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਮਾਂ ਦਾ ਦੁੱਧ ਪੀਣ ਨਾਲ ਬਾਲਗ ਸਰੀਰ ਨੂੰ ਕੋਈ ਲਾਭ ਹੁੰਦਾ ਹੈ।
ਪਰ ਮਾਹਰ ਕਹਿੰਦੇ ਹਨ ਕਿ ਇਹ ਫ਼ਿਰ ਵੀ ਲਾਭਦਾਇਕ ਹੋ ਸਕਦਾ ਹੈ। ਉਹ ਕੁਝ ਸਬੂਤਾਂ ਦਾ ਜ਼ਿਕਰ ਕਰਦੇ ਹਨ।
ਡਾਕਟਰ ਲਾਰਸ ਬੋਡੇ, ਅਮਰੀਕਾ ਵਿੱਚ ਸੈਨ ਡਿਏਗੋ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਹਿਊਮਨ ਮਿਲਕ ਇੰਸਟੀਚਿਊਟ ਦੇ ਸੰਸਥਾਪਕ ਨਿਰਦੇਸ਼ਕ ਹਨ।
ਉਨ੍ਹਾਂ ਕਿਹਾ, “ਇਸ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ। ਇਹ ਇੱਕ ਬੱਚੇ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਤੇਜ਼ੀ ਨਾਲ ਵਧਾਉਂਦਾ ਹੈ, ਅਤੇ ਬੇਸ਼ੱਕ ਬਾਡੀਬਿਲਡਰ ਇਹ ਹੀ ਚਾਹੁੰਦੇ ਹਨ।”
“ਬਾਡੀ ਬਿਲਡਰ ਆਪਣੇ ਸਰੀਰ ਪ੍ਰਤੀ ਬਹੁਤ ਜਾਗਰੂਕ ਹੁੰਦੇ ਹਨ ਅਤੇ ਨਿਰਸੰਦੇਹ ਉਹ ਇਹ ਜਾਣ ਸਕਦੇ ਹਨ ਕਿ ਕਿਸ ਖੁਰਾਕ ਨਾਲ ਉਨ੍ਹਾਂ ਦੇ ਸਰੀਰ ਉੱਤੇ ਕੀ ਅਸਰ ਪੈ ਰਿਹਾ ਹੈ।”
“ਸਾਨੂੰ ਇਸਦੇ ਪਿੱਛੇ ਦਾ ਵਿਗਿਆਨ ਨਹੀਂ ਪਤਾ।”
ਪਰ ਡਾਕਟਰ ਬੋਡੇ ਫਿਲਹਾਲ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ, ਕਿਉਂਕਿ ਮਨੁੱਖੀ ਦੁੱਧ ਅਕਸਰ ਫੇਸਬੁੱਕ, ਕ੍ਰੈਗਲਿਸਟ ਅਤੇ ਰੈੱਡਿਟ ‘ਤੇ ਸੰਦੇਹ ਭਰੇ ਸਰੋਤਾਂ ਤੋਂ ਖਰੀਦਿਆ ਜਾਂਦਾ ਹੈ।
ਡਾਕਟਰ ਬੋਡੇ ਨੇ ਚੇਤਾਵਨੀ ਦਿੰਦਿਆਂ ਕਿਹਾ,”ਉਹ ਦੁੱਧ ਅਣਪਰਖਿਆ ਹੋਇਆ ਹੈ ਅਤੇ ਇਸ ਦਾ ਸੇਵਨ ਸਿਹਤ ਲਈ ਜੋਖਮ ਭਰਿਆ ਹੋ ਸਕਦਾ ਹੈ।”
“ਇਹ ਐੱਚਆਈਵੀ ਜਾਂ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦੇ ਫ਼ੈਲਾਅ ਦਾ ਕਾਰਨ ਬਣ ਸਕਦਾ ਹੈ।”
ਮਾਂ ਦਾ ਦੁੱਧ ਉਸ ਵਿਅਕਤੀ ਦੀ ਖੁਰਾਕ ਅਤੇ ਆਮ ਸਿਹਤ ਜਿੰਨਾ ਹੀ ਚੰਗਾ ਹੁੰਦਾ ਹੈ ਜੋ ਇਸਨੂੰ ਪੈਦਾ ਕਰਦਾ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਲਾਗਾਂ ਦੇ ਸੰਚਾਰ ਦਾ ਸਾਧਨ ਹੋ ਸਕਦਾ ਹੈ।
ਔਰਤਾਂ ਅਕਸਰ ਅਜਿਹੇ ਵਾਤਾਵਰਣ ਵਿੱਚ ਪੰਪ ਕਰਦੀਆਂ ਹਨ ਜੋ ਨਿਯੰਤਰਿਤ ਜਾਂ ਸਵੱਛ ਨਹੀਂ ਹੁੰਦਾ ਅਤੇ ਇਸ ਲਈ ਦੁੱਧ ਆਸਾਨੀ ਨਾਲ ਦੂਸ਼ਿਤ ਹੋ ਸਕਦਾ ਹੈ।

ਤਸਵੀਰ ਸਰੋਤ, Jameson Ritenour
ਅਮਰੀਕਾ ਦੇ ਨੇਸ਼ਨਵਾਈਡ ਚਿਲਡਰਨ ਹਸਪਤਾਲ ਵਲੋਂ 2015 ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਆਨਲਾਈਨ ਖਰੀਦੇ ਗਏ ਬ੍ਰੈਸਟ ਮਿਲਕ ਦੇ 101 ਨਮੂਨਿਆਂ ਵਿੱਚੋਂ, 75 ਫ਼ੀਸਦ ਵਿੱਚ ਨੁਕਸਾਨਦੇਹ ਰੋਗਾਣੂ ਮੌਜੂਦ ਸਨ ਅਤੇ 10 ਫ਼ੀਸਦ ਨਮੂਨਿਆਂ ਵਿੱਚ ਗਾਂ ਦਾ ਦੁੱਧ ਜਾਂ ਬੱਚਿਆ ਲਈ ਬਣਾਇਆ ਗਿਆ ਫਾਰਮੂਲਾ ਮਿਲਕ ਮਿਲਾਇਆ ਗਿਆ ਸੀ।
ਜਦੋਂ ਜੇਮਸਨ ਆਪਣੇ ਸਾਥੀ ਤੋਂ ਵੱਖ ਹੋਏ ਅਤੇ ਹੁਣ ਉਨ੍ਹਾਂ ਦੇ ਫ੍ਰੀਜ਼ਰ ਵਿੱਚ ਸਟੋਰ ਕੀਤਾ ਬ੍ਰੈਸਟ ਮਿਲਕ ਨਹੀਂ ਸੀ, ਤਾਂ ਉਸਨੇ ਇਸਨੂੰ ਆਨਲਾਈਨ ਖਰੀਦਣ ਦਾ ਫੈਸਲਾ ਕੀਤਾ।
ਉਹ ਕਹਿੰਦੇ ਹੈ ਕਿ ਉਨ੍ਹਾਂ ਨੂੰ ਦੁੱਧ ਦੇ ਦੂਸ਼ਿਤ ਹੋਣ ਦੇ ਜੋਖਮਾਂ ਬਾਰੇ ਪਤਾ ਨਹੀਂ ਸੀ।
ਜੇਮਸਨ ਨੇ ਕਿਹਾ, “ਮੈਂ ਇਸਨੂੰ ਇੰਟਰਨੈੱਟ ‘ਤੇ ਇੱਕ ਬੇਤਰਤੀਬ ਵਿਅਕਤੀ ਤੋਂ ਖਰੀਦਿਆ, ਪਰ ਮੈਂ ਫੇਸਬੁੱਕ ‘ਤੇ ਕੁਝ ਜਾਂਚ ਕੀਤੀ ਅਤੇ ਉਹ ਆਮ ਲੱਗ ਰਿਹਾ ਸੀ।”
“ਇਸ ਲਈ, ਮੈਂ ਇੱਕ ਖ਼ਰੀਦਣ ਦਾ ਫੈਸਲਾ ਲਿਆ।”
ਵਿਗਿਆਨਕ ਅੰਕੜਿਆਂ ਦੀ ਘਾਟ ਉਨ੍ਹਾਂ ਨੂੰ ਚਿੰਤਿਤ ਨਹੀਂ ਕਰਦੀ, ਕਿਉਂਕਿ ਉਹ ਕਹਿੰਦੇ ਹੈ ਕਿ ਉਨ੍ਹਾਂ ਦਾ ਆਪਣਾ ਤਜਰਬਾ ਬਹੁਤ ਸਕਾਰਾਤਮਕ ਸੀ।
ਉਨ੍ਹਾਂ ਕਿਹਾ ਕਿ ਜੋ ਘੱਟ ਸਕਾਰਾਤਮਕ ਸੀ ਉਹ ਸੀ ਉਹ ਸਮਾਜਿਕ ਸੋਚ ਜਿਸਦਾ ਉਸਨੂੰ ਸਾਹਮਣਾ ਕਰਨਾ ਪੈ ਰਿਹਾ ਸੀ।
“ਲੋਕ ਮੈਨੂੰ ਬਿਲਕੁਲ ਉਲਟੀ ਨਜ਼ਰ ਨਾਲ ਦੇਖਦੇ ਸਨ, ਕਿਉਂਕਿ ਮਾਨਸਿਕ ਤੌਰ ‘ਤੇ ਸਮਾਜ ਮੰਨ ਚੁੱਕਿਆ ਹੈ ਕਿ ਦੁੱਧ ਬੱਚਿਆਂ ਲਈ ਹੁੰਦਾ ਹੈ। ਪਰ ਇਹ ਓਨਾ ਅਜੀਬ ਨਹੀਂ ਜਿੰਨਾ ਲੋਕ ਸੋਚਦੇ ਹਨ।”
ਕਮਜ਼ੋਰ ਬੱਚਿਆਂ ਬਾਰੇ ਕੀ?

ਤਸਵੀਰ ਸਰੋਤ, Getty Images
ਡਾਕਟਰ ਮੇਘਨ ਆਜ਼ਾਦ ਖੋਜ ਕਰ ਰਹੇ ਹਨ ਕਿ ਮਨੁੱਖੀ ਮਾਂ ਦਾ ਦੁੱਧ ਬੱਚਿਆਂ ਦੀ ਸਿਹਤ ਦਾ ਕਿਵੇਂ ਸਮਰਥਨ ਕਰਦਾ ਹੈ।
ਉਨ੍ਹਾਂ ਕਿਹਾ, “ਮੈਂ ਕਦੇ ਵੀ ਬਾਲਗਾਂ ਨੂੰ ਮਾਂ ਦਾ ਦੁੱਧ ਪੀਣ ਦੀ ਸਲਾਹ ਨਹੀਂ ਦੇਵਾਂਗੀ।”
“ਮੈਨੂੰ ਨਹੀਂ ਲੱਗਦਾ ਕਿ ਇਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਏਗਾ, ਪਰ ਉਨ੍ਹਾਂ ਹਾਂ ਇਹ ਬੱਚਿਆਂ ਲਈ ਸੰਭਾਵੀ ਨੁਕਸਾਨ ਹੈ ਜਿਨ੍ਹਾਂ ਨੂੰ ਸੱਚਮੁੱਚ ਮਾਂ ਦੇ ਦੁੱਧ ਦੀ ਲੋੜ ਹੁੰਦੀ ਹੈ। ਜਿਵੇਂ ਕਿ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਅਤੇ ਜਿਨ੍ਹਾਂ ਨੂੰ ਇਹ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।”
ਡਾਕਟਰ ਬੋਡੇ ਕਹਿੰਦੇ ਹਨ ਕਿ ਵਾਧੂ ਮਨੁੱਖੀ ਦੁੱਧ ਲੋੜਵੰਦ ਬੱਚਿਆਂ ਨੂੰ ਦਾਨ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮੁਨਾਫ਼ੇ ਲਈ ਵੇਚਿਆ ਜਾਣਾ।
“ਸਾਡੇ ਕੋਲ ਕਮਜ਼ੋਰ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਕਾਫ਼ੀ ਦੁੱਧ ਨਹੀਂ ਹੈ। ਮਾਂ ਦੇ ਦੁੱਧ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਵਿੱਚ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ। ਇਹ ਜੀਵਨ ਬਚਾਉਣ ਵਾਲਾ ਹੋ ਸਕਦਾ ਹੈ।”

ਡਾਕਟਰ ਆਜ਼ਾਦ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਜੇ ਸੰਘਰਸ਼ ਕਰ ਰਹੀਆਂ ਮਾਵਾਂ ਸੋਚਦੀਆਂ ਹਨ ਕਿ ਉਹ ਬਾਡੀ ਬਿਲਡਰਾਂ ਨੂੰ ਆਨਲਾਈਨ ਦੁੱਧ ਵੇਚ ਕੇ ਪੈਸਾ ਕਮਾ ਸਕਦੀਆਂ ਹਨ। ਪਰ ਇਸ ਨਾਲ ਬਾਲਗਾਂ ਲਈ ਬ੍ਰੈਸਟ ਮਿਲਕ ਖਰੀਦਣ ਦੇ ਮੌਕੇ ਤਾਂ ਵਧ ਰਹੇ ਹਨ ਨਾਲ ਹੀ ਜੋਖਮ ਵਿੱਚ ਵੀ ਵਾਧਾ ਹੋ ਸਕਦਾ ਹੈ।
ਪਰ ਜੇਮਸਨ ਕਹਿੰਦੇ ਹਨ ਕਿ ਉਹ ਦੋਸ਼ੀ ਮਹਿਸੂਸ ਨਹੀਂ ਕਰਦਾ।
“ਲੋਕਾਂ ਨੇ ਮੇਰੇ ‘ਤੇ ਬੱਚਿਆਂ ਨੂੰ ਭੁੱਖੇ ਰੱਖਣ ਦਾ ਇਲਜ਼ਾਮ ਲਗਾਇਆ ਹੈ। ਪਰ ਅਜਿਹਾ ਨਹੀਂ ਹੈ ਕਿ ਮੈਂ ਹਸਪਤਾਲਾਂ ਦੇ ਬਾਹਰ ਖੜ੍ਹਾ ਹਾਂ, ਮਾਵਾਂ ਨੂੰ ਆਪਣਾ ਸਾਰਾ ਦੁੱਧ ਮੈਨੂੰ ਦੇਣ ਲਈ ਕਹਿ ਰਿਹਾ ਹਾਂ!”
ਉਹ ਕਹਿੰਦੇ ਹਨ ਕਿ 100 ਤੋਂ ਵੱਧ ਔਰਤਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ, ਉਹ ਆਪਣਾ ਵਾਧੂ ਬ੍ਰੈਸਟ ਮਿਲਕ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸੰਭਾਵੀ ਸਿਹਤ ਲਾਭਾਂ ਬਾਰੇ ਜਾਣਨਾ

ਤਸਵੀਰ ਸਰੋਤ, EPA
ਮਨੁੱਖੀ ਦੁੱਧ ਬਾਰੇ ਹਾਲੇ ਖੋਜਾਂ ਹੋਣੀਆਂ ਬਾਕੀ ਹਨ। ਇਸ ਬਾਰੇ ਜਿੰਨੀ ਵੀ ਜਾਣਕਾਰੀ ਹੈ ਉਹ ਬਹੁਤ ਘੱਟ ਹੈ।
ਡਾਕਟਰ ਆਜ਼ਾਦ ਨੇ ਕਿਹਾ,”ਲੰਬੇ ਸਮੇਂ ਤੱਕ, ਖੋਜ ਨੂੰ ਫੰਡ ਦੇਣ ਵਾਲੇ ਲੋਕਾਂ ਨੂੰ ਮਾਂ ਦੇ ਦੁੱਧ ਦੀ ਕੋਈ ਪਰਵਾਹ ਨਹੀਂ ਸੀ, ਕਿਉਂਕਿ ਉਹ ਇਸਨੂੰ ਔਰਤਾਂ ਦੇ ਇੱਕ ਗ਼ੈਰ-ਮਹੱਤਵਪੂਰਨ ਮੁੱਦੇ ਵਜੋਂ ਦੇਖਦੇ ਸਨ।”
“ਇਹ ਇੱਕ ਪੁਰਖ-ਪ੍ਰਧਾਨ ਦ੍ਰਿਸ਼ਟੀਕੋਣ ਹੈ। ਪਰ ਇਹ ਬਦਲ ਰਿਹਾ ਹੈ।”
ਬਾਲਗਾਂ ਲਈ ਬ੍ਰੈਸਟ ਮਿਲਕ ਪੀਣ ਦੇ ਜੋਖਮਾਂ ਦੇ ਉਲਟ, ਹੁਣ ਬਾਲਗਾਂ ਦੀਆਂ ਸਥਿਤੀਆਂ ਲਈ ਸੰਭਾਵੀ ਇਲਾਜ ਵਜੋਂ ਵੀ ਇਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਇਨ੍ਹਾਂ ਬਿਮਾਰੀਆਂ ਵਿੱਚ ਗਠੀਆ, ਦਿਲ ਦੀ ਬਿਮਾਰੀ, ਕੈਂਸਰ ਅਤੇ ਇਰੀਟੇਬਲ ਬਾਲ ਸਿੰਡਰੋਮ ਸ਼ਾਮਲ ਹਨ।
ਡਾਕਟਰ ਆਜ਼ਾਦ ਮਨੁੱਖੀ ਦੁੱਧ ਦੇ ਓਲੀਗੋਸੈਕਰਾਈਡਜ਼ (ਐੱਚਐੱਮਓਜ਼) ਦੇ ਸੰਭਾਵੀ ਸਿਹਤ ਲਾਭਾਂ ਬਾਰੇ ਖਾਸ ਤੌਰ ‘ਤੇ ਉਤਸ਼ਾਹਿਤ ਹਨ, ਜੋ ਕਿ ਬ੍ਰੈਸਟ ਮਿਲਕ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕ ਫਾਈਬਰ ਹਨ।
ਇਹ ਰੇਸ਼ੇ ਮਨੁੱਖਾਂ ਵੱਲੋਂ ਹਜ਼ਮ ਨਹੀਂ ਕੀਤੇ ਜਾਂਦੇ ਪਰ ਬੱਚਿਆਂ ਵਿੱਚ ਇੱਕ ਸਿਹਤਮੰਦ ਮਾਈਕ੍ਰੋਬਾਇਓਮ ਨੂੰ ਉਤਸ਼ਾਹਿਤ ਕਰਨ ਲਈ ਲਾਭਦਾਇਕ ਅੰਤੜੀਆਂ ਦੇ ਬੈਕਟੀਰੀਆ ਵੱਲੋਂ ਵਰਤੇ ਜਾਂਦੇ ਹਨ।
ਡਾਕਟਰ ਆਜ਼ਾਦ ਨੇ ਕਿਹਾ,”ਖੋਜਕਰਤਾ ਇਹ ਦੇਖ ਰਹੇ ਹਨ ਕਿ ਕੀ ਐੱਚਐੱਮਓਜ਼ ਨੂੰ ਬਾਲਗਾਂ ਲਈ ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ ਵਰਗੀਆਂ ਸਥਿਤੀਆਂ ਵਿੱਚ ਮਦਦ ਕਰਨ ਲਈ ਵਰਤਿਆ ਜਾ ਸਕਦਾ ਹੈ।”
“ਅਸੀਂ ਜਾਣਦੇ ਹਾਂ ਕਿ ਮਾਈਕ੍ਰੋਬਾਇਓਮ ਸਾਡੀ ਸਿਹਤ ਦੇ ਬਹੁਤ ਸਾਰੇ ਪਹਿਲੂਆਂ ਲਈ ਅਹਿਮ ਹਨ। ਇਸ ਲਈ ਜੇਕਰ ਅਸੀਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਹੇਰਾਫੇਰੀ ਅਤੇ ਸੁਧਾਰ ਕਰਨ ਦੇ ਨਵੇਂ ਤਰੀਕੇ ਲੱਭ ਸਕਦੇ ਹਾਂ, ਤਾਂ ਇਹ ਕਈ ਪੱਖਾਂ ਤੋਂ ਫਾਇਦੇਮੰਦ ਹੋ ਸਕਦੇ ਹਨ।”
2021 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਜੋ ਕਿ ਚੂਹਿਆਂ ਉੱਤੇ ਕੀਤਾ ਗਿਆ ਸੀ ਵਿੱਚ ਡਾਕਟਰ ਬੋਡੇ ਨੇ ਪਾਇਆ ਕਿ ਇੱਕ ਐੱਚਐੱਮਓ ਨੇ ਐਥੀਰੋਸਕਲੇਰੋਸਿਸ ਦੇ ਵਿਕਾਸ ਨੂੰ ਘਟਾ ਦਿੱਤਾ ਹੈ, ਯਾਨੀ ਇਹ ਧਮਨੀਆਂ ਦੀ ਰੁਕਾਵਟ ਨੂੰ ਖ਼ਤਮ ਕਰਦਾ ਹੈ ਜੋ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਕਾਰਨ ਹੋ ਸਕਦੀਆਂ ਹਨ।
ਡਾਕਟਰ ਬੋਡੇ ਨੇ ਕਿਹਾ, “ਮਨੁੱਖੀ ਦੁੱਧ ਦੇ ਤੱਤ ਬਹੁਤ ਹੀ ਵਿਲੱਖਣ ਹਨ। ਇਹ ਇੱਕੋ ਇੱਕ ਚੀਜ਼ ਹੈ ਜੋ ਮਨੁੱਖਾਂ ਵੱਲੋਂ ਮਨੁੱਖਾਂ ਲਈ ਵਿਕਸਤ ਕੀਤੀ ਗਈ ਹੈ।”
ਜ਼ਿਆਦਾਤਰ ਦਵਾਈਆਂ ਦੇ ਉਲਟ, ਜੋ ਕਿ ਨਕਲੀ ਮਿਸ਼ਰਣਾਂ ਦੁਆਰਾ ਵਿਕਸਤ ਕੀਤੀਆਂ ਜਾਂਦੀਆਂ ਹਨ ਜੋ ਲੋਕ ਫਿਰ ਆਪਣੇ ਸਰੀਰ ਵਿੱਚ ਪਾਉਂਦੇ ਹਨ, ਉਹ ਕਹਿੰਦੇ ਹਨ ਕਿ ਮਨੁੱਖੀ ਦੁੱਧ ਦੇ ਮਿਸ਼ਰਣ ਸੰਭਾਵੀ ਤੌਰ ‘ਤੇ ਸੁਰੱਖਿਅਤ ਅਤੇ ਵਧੇਰੇ ਪ੍ਰਭਾਵਸ਼ਾਲੀ ਹਨ।
ਜਦੋਂ ਕਿ ਉਨ੍ਹਾਂ ਕੋਲ ਮਹੱਤਵਪੂਰਨ ਵਾਅਦਾ ਹੈ, ਕਲੀਨਿਕਲ ਡੇਟਾ ਅਜੇ ਵੀ ਬਹੁਤ ਘੱਟ ਹੈ।
ਜੇਕਰ ਚੱਲ ਰਹੇ ਕਲੀਨਿਕਲ ਅਧਿਐਨ ਸਫਲ ਸਾਬਤ ਹੁੰਦੇ ਹਨ ਤਾਂ ਡਾਕਟਰ ਬੋਡੇ ਨੂੰ ਭਰੋਸਾ ਹੈ ਕਿ ਇਹ ਮਿਸ਼ਰਣ ਦਿਲ ਦੇ ਦੌਰੇ ਅਤੇ ਸਟ੍ਰੋਕ ਨੂੰ ਰੋਕਣ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਟ੍ਰੋਕ ਹਰ ਸਾਲ ਲੱਖਾਂ ਮੌਤਾਂ ਦਾ ਕਾਰਨ ਬਣਦੇ ਹਨ।
ਡਾਕਟਰ ਬੋਡੇ ਨੇ ਕਿਹਾ,”ਕਲਪਨਾ ਕਰੋ ਕਿ ਮੈਡੀਕਲ ਜਗਤ ਦਿਲ ਦੇ ਦੌਰੇ ਅਤੇ ਸਟ੍ਰੋਕ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਲੱਖ ਤੱਕ ਘਟਾਉਣ ਦੇ ਯੋਗ ਹੋ ਜਾਵੇ। ਇਹ ਇੱਕ ਨਾਟਕੀ ਵਿਕਾਸ ਹੋਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI