Home ਰਾਸ਼ਟਰੀ ਖ਼ਬਰਾਂ ਕੀ ਭਾਰਤ ਦੀਆਂ ਟ੍ਰੇਨਾਂ ’ਚ ਕਿੰਗ ਕੋਬਰਾ ‘ਸਫ਼ਰ’ ਕਰ ਰਹੇ ਹਨ? ਇੱਕ...

ਕੀ ਭਾਰਤ ਦੀਆਂ ਟ੍ਰੇਨਾਂ ’ਚ ਕਿੰਗ ਕੋਬਰਾ ‘ਸਫ਼ਰ’ ਕਰ ਰਹੇ ਹਨ? ਇੱਕ ਵਿਗਿਆਨੀ ਦੀ ਖੋਜ ਨੇ ਕਿਹੜੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ

3
0

Source :- BBC PUNJABI

ਰੇਲ ਗੱਡੀ ਤੇੇ ਕਿੰਗ ਕੋਬਰਾ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਭਾਰਤ ਦੇ ਪੱਛਮੀ ਘਾਟ ਦੇ ਸੰਘਣੇ ਜੰਗਲ ਕਿੰਗ ਕੋਬਰਾ ਦਾ ਕੁਦਰਤੀ ਆਵਾਸ ਹਨ। ਕਿੰਗ ਕੋਬਰਾ ਆਮ ਤੌਰ ‘ਤੇ ਜੰਗਲਾਂ ਵਿੱਚ ਹੀ ਰਹਿੰਦਾ ਹੈ ਕਿਉਂਕਿ ਉੱਥੇ ਉਸਨੂੰ ਸ਼ਿਕਾਰ, ਪਾਣੀ ਅਤੇ ਸੁਰੱਖਿਅਤ ਥਾਂ ਮਿਲ ਜਾਂਦੀ ਹੈ।

ਹਾਲਾਂਕਿ ਇੱਕ ਅਧਿਐਨ ਕੀਤਾ ਗਿਆ ਜਿਸ ਨੇ ਜੰਗਲਾਂ ‘ਚ ਰਹਿਣ ਵਾਲੇ ਕਿੰਗ ਕੋਬਰਾ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਸੂਰਤ ਦੇ ਵਿਗਿਆਨੀ ਅਤੇ ਸੱਪਾਂ ਦੇ ਮਾਹਰ ਦਿਕਾਂਸ਼ ਪਰਮਾਰ ਨੇ ਇੱਕ ਵਿਲੱਖਣ ਖੋਜ ਕੀਤੀ ਹੈ। ਉਨ੍ਹਾਂ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਨਾਗਰਾਜ ਕਿੰਗ ਕੋਬਰਾ ਸੰਭਾਵੀ ਤੌਰ ‘ਤੇ ਟ੍ਰੇਨਾਂ ‘ਚ ਸਫ਼ਰ ਕਰ ਰਹੇ ਹਨ। ਜੰਗਲਾਂ ‘ਚ ਰਹਿਣ ਵਾਲੇ ਕਿੰਗ ਕੋਬਰਾ ਰੇਲਵੇ ਟ੍ਰੈਕ ਜਾਂ ਟ੍ਰੇਨਾਂ ਤੱਕ ਕਿਵੇਂ ਪਹੁੰਚ ਰਹੇ ਹਨ ?

ਗੋਆ ਜਾਣ ਵਾਲੀਆਂ ਕਈ ਰੇਲ ਲਾਈਨਾਂ ਸੰਘਣੇ ਜੰਗਲਾਂ ਵਿੱਚੋਂ ਲੰਘਦੀਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿੰਗ ਕੋਬਰਾ ਕਈ ਵਾਰ ਸ਼ਿਕਾਰ ਜਾਂ ਆਸਰਾ ਲੱਭਣ ਲਈ ਪਟੜੀਆਂ ਜਾਂ ਟ੍ਰੇਨਾਂ ਦੇ ਨੇੜੇ ਆ ਜਾਂਦੇ ਹਨ। ਇਸ ਤਰ੍ਹਾਂ ਉਹ ਕੁਦਰਤੀ ਆਵਾਸ ਤੋਂ ਦੂਰ ਉਨ੍ਹਾਂ ਇਲਾਕਿਆਂ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਲਈ ਖੁਰਾਕ ਜਾਂ ਸੁਰੱਖਿਅਤ ਠਿਕਾਣਾ ਨਹੀਂ ਹੁੰਦਾ।

ਉਨ੍ਹਾਂ ਦੀ ਖੋਜ ਨਾਮੀ ਮੈਗਜ਼ੀਨ ‘ਬਾਇਓਟ੍ਰੋਪਿਕਾ’ ‘ਚ ਵੀ ਪ੍ਰਕਾਸ਼ਿਤ ਹੋਈ ਹੈ, ਜੋ ਅਮਰੀਕਾ ਦੇ ਵਾਤਾਵਰਨ, ਇਸਦੀ ਸੰਭਾਲ ਅਤੇ ਪ੍ਰਬੰਧਨ ਵਿਸ਼ਿਆਂ ‘ਤੇ ਖੋਜਾਂ ਨੂੰ ਕਵਰ ਕਰਦੀ ਹੈ।

ਇਸ ਮੈਗਜ਼ੀਨ ‘ਚ ਪ੍ਰਕਾਸ਼ਿਤ ਖੋਜ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ, ਕਿੰਗ ਕੋਬਰਾ (ਓਫੀਓਫੈਗਸ ਕਾਲਿੰਗਾ), ਅਣਜਾਣੇ ਵਿੱਚ ਲੰਬੀ ਦੂਰੀ ਵਾਲੀਆਂ ਟ੍ਰੇਨਾਂ ਵਿੱਚ ਸਫ਼ਰ ਕਰ ਰਿਹਾ ਹੋ ਸਕਦਾ ਹੈ।

ਵਿਗਿਆਨੀਆਂ ਲਈ ਇਸ ਮੈਗਜ਼ੀਨ ‘ਚ ਖੋਜ ਪ੍ਰਕਾਸ਼ਿਤ ਕਰਵਾਉਣਾ ਅਹਿਮ ਹੈ ਕਿਉਂਕਿ ਇਸ ‘ਚ ਖੋਜ ਪ੍ਰਕਾਸ਼ਿਤ ਹੋਣ ਦੀ ਸਫ਼ਲਤਾ ਦਰ ਸਿਰਫ਼ 36 ਫੀਸਦ ਹੈ।

ਇਸ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕਿੰਗ ਕੋਬਰਾ ਦੇ ਖੇਤਰ ਵਿੱਚ ਹੋ ਰਹੇ ਬਦਲਾਅ ਇਸ ਸੱਪ ਪ੍ਰਜਾਤੀ ਦੀ ਸੁਰੱਖਿਆ, ਸੰਭਾਲ ਅਤੇ ਜਨ ਸੁਰੱਖਿਆ ਲਈ ਚੁਣੌਤੀ ਬਣ ਰਹੇ ਹਨ।

ਦਿਕਾਂਸ਼ ਪਰਮਾਰ ਨੇ ਕੌਮਾਂਤਰੀ ਵਿਗਿਆਨੀਆਂ ਦੀ ਟੀਮ ਨਾਲ ਮਿਲ ਕੇ ਗੋਆ ਵਿੱਚ ਕਿੰਗ ਕੋਬਰਾ ਦੇ 47 ਸਥਾਨਾਂ ਦਾ ਅਧਿਐਨ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੱਛਮੀ ਘਾਟਾਂ ਦੇ ਦੂਰ-ਦੁਰੇਡੇ ਜੰਗਲਾਂ ਵਿੱਚ ਸਥਿਤ ਹਨ।

ਇਸ ਲਈ ਉਨ੍ਹਾਂ ਨੇ ਗੋਆ ਸਥਿਤ ਐਨੀਮਲ ਰੈਸਕਿਊ ਸਕੁਐਡ ਦੀ ਮਦਦ ਵੀ ਲਈ। ਇਹ ਸਕੁਐਡ ਕਈ ਸਾਲਾਂ ਤੋਂ ਸੱਪਾਂ ਸਣੇ ਜੰਗਲੀ ਜਾਨਵਰਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ।

ਗੋਆ ‘ਚ ਪੰਜ ਰੇਲਵੇ ਸਟੇਸ਼ਨਾਂ ਦੇ ਨੇੜੇ ਕਿੰਗ ਕੋਬਰਾ ਪਾਇਆ ਗਿਆ

ਰੈਸਕਿਊ ਟੀਮ ਕੋਬਰਾ ਨੂੰ ਫੜਦੀ ਹੋਈ

ਤਸਵੀਰ ਸਰੋਤ, Sourabh Yadav

ਦਿਕਾਂਸ਼ ਪਰਮਾਰ ਨੇ ਗੋਆ ਦੇ ਪਸ਼ੂ ਬਚਾਅ ਦਲ ਵੱਲੋਂ ਬਚਾਏ ਗਏ 47 ਥਾਂਵਾਂ ਦਾ ਅਧਿਐਨ ਕੀਤਾ। ਇਨ੍ਹਾਂ ’ਚੋਂ 18 ਥਾਂਵਾਂ ਉੱਤਰੀ ਗੋਆ ‘ਚ ਅਤੇ 29 ਥਾਂਵਾਂ ਦੱਖਣੀ ਗੋਆ ‘ਚ ਸਨ।

ਦਿਕਾਂਸ਼ ਪਰਮਾਰ ਨੇ ਆਪਣੇ ਅਧਿਐਨ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਕਿੰਗ ਕੋਬਰਾ ਨੂੰ ਭਾਰਤ ਦਾ ਕੌਮੀ ਸੱਪ ਮੰਨਿਆ ਜਾਂਦਾ ਹੈ। ਇਸ ਦੀ ਪ੍ਰਜਾਤੀ ਨੂੰ ਪੂਰੇ ਭਾਰਤ ‘ਚ ਇੱਕ ਹੀ ਮੰਨਿਆ ਜਾਂਦਾ ਸੀ, ਹਾਲਾਂਕਿ ਇਸ ਦੀਆਂ ਧਾਰੀਆਂ ਦਾ ਪੈਟਰਨ ਵੱਖ-ਵੱਖ ਹੁੰਦਾ ਸੀ, ਫਿਰ ਵੀ ਇਸਨੂੰ ਇੱਕ ਵੱਖਰੀ ਪ੍ਰਜਾਤੀ ਨਹੀਂ ਮੰਨਿਆ ਜਾਂਦਾ ਸੀ। ਵਿਗਿਆਨੀਆਂ ਨੂੰ ਸ਼ੱਕ ਸੀ ਕਿ ਇਸ ਦੀਆਂ ਹੋਰ ਪ੍ਰਜਾਤੀਆਂ ਵੀ ਹੋਣਗੀਆਂ। ਇਸ ਲਈ ਉਨ੍ਹਾਂ ਨੇ ਇੱਥੇ, ਵਿਸ਼ੇਸ਼ ਤੌਰ ‘ਤੇ ਪੱਛਮੀ ਘਾਟ ‘ਚ ਪਾਏ ਜਾਣ ਵਾਲੇ ਕੋਬਰਾ ਨੂੰ ਓਫਿਓਫੈਗਸ ਕਾਲਿੰਗਾ ਦੇ ਰੂਪ ਵੱਜੋਂ ਮਾਨਤਾ ਦਿੱਤੀ। ਇਹ ਸੱਪ ਸੁਰੱਖਿਅਤ ਸ਼੍ਰੇਣੀ ਹੇਠ ਆਉਂਦਾ ਹੈ।”

ਕਹਿੰਦੇ ਹਨ ਕਿ ਜੇਕਰ ਇਹ ਸੱਪ ਕਿਸੇ ਵਿਅਕਤੀ ਨੂੰ ਡੰਗ ਲਵੇ ਤਾਂ ਉਹ ਪਾਣੀ ਨਹੀਂ ਮੰਗਦਾ ਅਤੇ ਲਗਭਗ ਤੁਰੰਤ ਹੀ ਮਰ ਜਾਂਦਾ ਹੈ।

ਇਸ ਅਧਿਐਨ ‘ਚ ਪਾਇਆ ਗਿਆ ਕਿ ਇਹ ਸਾਰੇ ਸਥਾਨ ਜਾਂ ਤਾਂ ਰੇਲਵੇ ਸਟੇਸ਼ਨ ਦੇ ਨੇੜੇ ਸਨ ਜਾਂ ਰੇਲਵੇ ਲਾਈਨ ਦੇ ਲਾਗੇ ਸਨ।

ਉਨ੍ਹਾਂ ਦੱਸਿਆ, “ਗੋਆ ਸਥਿਤ ਪਸ਼ੂ ਬਚਾਅ ਦਲ ਨੇ 2002 ਤੋਂ 2024 ਤੱਕ ਕੁੱਲ 120 ਕਿੰਗ ਕੋਬਰਾ ਸੱਪਾਂ ਨੂੰ ਬਚਾਇਆ। ਜਦੋਂ ਅਸੀਂ ਸਾਰੀਆਂ ਥਾਂਵਾਂ ਦਾ ਅਧਿਐਨ ਕੀਤਾ ਤਾਂ ਪਾਇਆ ਕਿ ਉਨ੍ਹਾਂ ਚੋਂ 47 ਰੇਲਵੇ ਪੱਟੜੀਆਂ ਦੇ ਆਸ ਪਾਸ ਸਨ। ਇੱਕ ਸੱਪ ਗੋਆ ਦੇ ਇੱਕ ਰੇਲਵੇ ਸਟੇਸ਼ਨ ਦੀਆਂ ਪੱਟੜੀਆਂ ਕੋਲ ਮਿਲਿਆ ਸੀ।”

ਗੋਆ ਪਸ਼ੂ ਦਲ ਦੇ ਮੁਖੀ ਅੰਮ੍ਰਿਤ ਸਿੰਘ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਦੱਖਣੀ ਗੋਆ ‘ਚ ਚਾਂਦੋਰ ਨਾਂਅ ਦਾ ਇੱਕ ਰੇਲਵੇ ਸਟੇਸ਼ਨ ਹੈ। ਇੱਥੇ ਹੀ ਸਾਨੂੰ ਇੱਕ ਕਿੰਗ ਕੋਬਰਾ ਦੇ ਹੋਣ ਦੀ ਖ਼ਬਰ ਮਿਲੀ ਅਤੇ ਅਸੀਂ ਉਸਨੂੰ ਬਚਾ ਕੇ ਜੰਗਲਾਤ ਮਹਿਕਮੇ ਨੂੰ ਸੌਂਪ ਦਿੱਤਾ। ਉਹ ਜ਼ਖਮੀ ਹਾਲਤ ‘ਚ ਸੀ। ਇਹ ਅਜਿਹੀ ਜਗ੍ਹਾ ਹੈ ਜਿੱਥੇ ਆਮ ਤੌਰ ‘ਤੇ ਅਜਿਹੇ ਸੱਪ ਨਹੀਂ ਦੇਖੇ ਜਾਂਦੇ।”

ਨਾਮੀ ਅਮਰੀਕੀ ਮੈਗਜ਼ੀਨ ਬਾਇਓਟ੍ਰੋਪਿਕਾ ‘ਚ ਪ੍ਰਕਾਸ਼ਿਤ ਇਸ ਖੋਜ ਦੇ ਤੱਥਾਂ ਮੁਤਾਬਕ, “ਚਾਂਦੋਰ ਰੇਲਵੇ ਸਟੇਸ਼ਨ ‘ਤੇ ਮਿਲੇ ਕਿੰਗ ਕੋਬਰਾ ਦੇ ਮਾਮਲੇ ਨੇ ਸਾਨੂੰ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਕਿ ਇਹ ਸੱਪ ਇੰਨੇ ਕੁਦਰਤੀ ਰੂਪ ਨਾਲ ਗੈਰ-ਢੁੱਕਵੀਂ ਥਾਂ ‘ਤੇ ਕਿਵੇਂ ਪਹੁੰਚਿਆ ਹੋਵੇਗਾ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Mehul Thakur

ਇਸ ਤਰ੍ਹਾਂ ਦਾ ਕਿੰਗ ਕੋਬਰਾ ਕਰਨਾਟਕ ਦੇ ਕੈਸਲ ਰੌਕ ਅਤੇ ਦਾਂਡੇਲੀ ਟਾਈਗਰ ਰਿਜ਼ਰਵ ‘ਚ ਪਾਇਆ ਜਾਂਦਾ ਹੈ। ਹੁਣ ਜਦੋਂ ਇਹ ਟ੍ਰੇਨਾਂ ਗੋਆ ‘ਚ ਦਾਖਲ ਹੁੰਦੀਆਂ ਹਨ ਤਾਂ ਸੱਪ ਇਸ ਇਲਾਕੇ ‘ਚ ਰੁਕ ਜਾਂਦੇ ਹਨ। ਸਤੰਬਰ 2021 ‘ਚ, ਗੋਆ ਪਸ਼ੂ ਬਚਾਅ ਦਲ ਨੇ ਵਾਸਕੋ-ਦਾ-ਗਾਮਾ ਦੇ ਨੇੜੇ ਇੱਕ ਕੋਬਰਾ ਨੂੰ ਬਚਾਇਆ ਸੀ। ਇਹ ਰੇਲਵੇ ਸਟੇਸ਼ਨ ਤੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਮਿਲਿਆ ਸੀ। ਲੋਲਿਮ, ਪਾਮੋਲੇਮ ਅਤੇ ਪੇਡਣੇ ਰੇਲਵੇ ਸਟੇਸ਼ਨਾਂ ਦੇ ਆਸ-ਪਾਸ ਵੀ ਤਿੰਨ ਹੋਰ ਕੋਬਰਾ ਪਾਏ ਗਏ ਸਨ।

ਦਿਕਾਂਸ਼ ਮੁਤਾਬਕ, “ਇਹ ਸਾਰੀਆਂ ਪੰਜ ਥਾਂਵਾਂ ਕਿੰਗ ਕੋਬਰਾ ਦੀ ਕੁਦਰਤੀ ਰਿਹਾਇਸ਼ ਨਹੀਂ ਸਨ, ਜਿਸ ਕਾਰਨ ਵਿਗਿਆਨੀਆਂ ਨੂੰ ਸੱਪ ਅਤੇ ਰੇਲਵੇ ਵਿਚਾਲੇ ਇਹ ‘ਹੈਰਾਨੀਜਨਕ ਸਬੰਧ’ ਦੇਖਣ ਨੂੰ ਮਿਲਿਆ। ਇਹ ਕਿੰਗ ਕੋਬਰਾ ਇੱਥੇ ਟ੍ਰੇਨ ਨਾਲ ਹੀ ਆਇਆ ਹੋਵੇਗਾ।”

ਇਸ ਖੋਜ ਦੇ ਮੁੱਖ ਖੋਜਕਰਤਾ ਅਤੇ ਵਿਗਿਆਨੀ ਦਿਕਾਂਸ਼ ਪਰਮਾਰ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਦੌਰਾਨ ਕਿਹਾ, “ਅਸੀਂ ਇਸ ਗੱਲ ਦੀ ਜਾਂਚ ਕੀਤੀ ਕਿ ਸੱਪ ਰੇਲਵੇ ਸਟੇਸ਼ਨ ਤੱਕ ਕਿਵੇਂ ਪਹੁੰਚਿਆ। ਕਰਨਾਟਕ ਤੋਂ ਗੋਆ ਜਾਣ ਵਾਲੀਆਂ ਟ੍ਰੇਨਾਂ ਜ਼ਿਆਦਾਤਰ ਕਰਨਾਟਕ ਦੇ ਕੈਸਲ ਰੌਕ ਤੋਂ ਹੋ ਕੇ ਲੰਘਦੀਆਂ ਹਨ। ਇਨ੍ਹਾਂ ਇਲਾਕਿਆਂ ‘ਚ ਸੰਘਣੇ ਜੰਗਲ ਹਨ ਅਤੇ ਇੱਥੇ ਕਿੰਗ ਕੋਬਰਾ ਵੱਡੇ ਪੱਧਰ ‘ਤੇ ਦੇਖਣ ਨੂੰ ਮਿਲਦਾ ਹੈ।”

ਦਿਕਾਂਸ਼ ਪਰਮਾਰ ਕਹਿੰਦੇ ਹਨ, “ਖੋਜ ਦੇ ਆਧਾਰ ‘ਤੇ, ਸਾਡੀ ਟੀਮ ਨੇ ਇੱਕ ਨਵੀਂ ਰੇਲਵੇ ਡਿਸਪਰਸਲ ਹਾਈਪੋਥੀਸਿਸ ਪ੍ਰਸਤਾਵਿਤ ਕੀਤੀ ਹੈ। ਇਹ ਦੱਸਦੀ ਹੈ ਕਿ ਕਿੰਗ ਕੋਬਰਾ ਕਦੇ-ਕਦੇ ਜੰਗਲੀ ਪਹਾੜੀ ਰੇਲਵੇ ਯਾਰਡ ‘ਚ ਚੂਹਿਆਂ ਜਾਂ ਹੋਰ ਕੀੜਿਆਂ ਦਾ ਸ਼ਿਕਾਰ ਕਰਦੇ ਸਮੇਂ ਮਾਲ ਗੱਡੀਆਂ ਜਾਂ ਯਾਤਰੀ ਟ੍ਰੇਨਾਂ ‘ਚ ਚੜ੍ਹ ਜਾਂਦੇ ਹਨ ਜਾਂ ਅਣਜਾਣੇ ‘ਚ ਕਈ ਕਿਲੋਮੀਟਰ ਦੂਰ, ਪੂਰੀ ਤਰ੍ਹਾਂ ਨਾਲ ਗੈਰ-ਢੁੱਕਵੇਂ ਹਾਲਾਤਾਂ ‘ਚ ਉਤਰ ਜਾਂਦੇ ਹਨ।”

ਦਿਕਾਂਸ਼ ਦਾ ਦਾਅਵਾ ਹੈ ਕਿ ਇਸ ਖੋਜ ਨੂੰ ਸੋਸ਼ਲ ਮੀਡੀਆ ਰਿਪੋਰਟਾਂ ਅਤੇ ਭਾਰਤ ਭਰ ‘ਚ ਦੇਖੀਆਂ ਗਈਆਂ ਹੋਰ ਸਮਾਚਾਰ ਰਿਪੋਰਟਾਂ ਵੱਲੋਂ ਸਮਰਥਨ ਦਿੱਤਾ ਗਿਆ ਸੀ, ਜਿਨ੍ਹਾਂ ਮੁਤਾਬਕ ਕਿੰਗ ਕੋਬਰਾ ਸਣੇ ਸੱਪ ਟ੍ਰੇਨਾਂ ਜਾਂ ਰੇਲਵੇ ਸਟੇਸ਼ਨਾਂ ਦੇ ਆਸ-ਪਾਸ ਦੇਖੇ ਜਾਂਦੇ ਹਨ।

ਦਿਕਾਂਸ਼ ਪਰਮਾਰ ਕਹਿੰਦੇ ਹਨ, “ਜਿਸ ਥਾਂ ‘ਤੇ ਅਸੀਂ ਖੋਜ ਕੀਤੀ, ਉੱਥੇ ਆਮ ਤੌਰ ‘ਤੇ ਸੱਪਾਂ ਦੀ ਰਿਹਾਇਸ਼ ਨਹੀਂ ਹੁੰਦੀ, ਪਰ ਦੂਰ ਕਰਨਾਟਕ ਨੇੜਲੇ ਜੰਗਲਾਂ ‘ਚ ਸੱਪਾਂ ਦੀਆਂ ਇਹ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਅਸੀਂ ਜੋ ਕਿੰਗ ਕੋਬਰੇ ਦੇਖੇ, ਉਹ ਲਗਭਗ ਰੇਲਵੇ ਸਟੇਸ਼ਨਾਂ ਦੇ ਆਸ-ਪਾਸ ਸਨ। ਇਸ ਲਈ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਉਹ ਕਿਸੀ ਵਜ੍ਹਾ ਕਰਕੇ ਰੇਲਵੇ ਦੇ ਜ਼ਰੀਏ ਗੋਆ ਦੇ ਆਸ-ਪਾਸ ਪਹੁੰਚੇ ਹੋਣਗੇ।”

ਇਸ ਤੋਂ ਪਹਿਲਾਂ ਕਰੀਬ 2017 ਵਿੱਚ, ਦਿਕਾਂਸ਼ ਪਰਮਾਰ ਨੇ ਸੂਰਤ ਰੇਲਵੇ ਸਟੇਸ਼ਨ ਤੋਂ ਇਸੇ ਤਰ੍ਹਾਂ ਇੱਕ ਸੱਪ ਨੂੰ ਬਚਾਇਆ ਸੀ।

‘ਸੱਪ ਦਾ ਸਫ਼ਰ’ ਇੱਕ ਦੁਰਘਟਨਾ ਜਾਂ ਭੋਜਨ ਦੀ ਤਲਾਸ਼?

ਗੋਆ ਦੇ ਪਸ਼ੂ ਬਚਾਅ ਦਸਤੇ ਦੇ ਅੰਮ੍ਰਿਤ ਸਿੰਘ ਇੱਕ ਕਿੰਗ ਕੋਬਰਾ ਨੂੰ ਬਚਾਉਂਦੇ ਹੋਏ

ਤਸਵੀਰ ਸਰੋਤ, AMRUT SINGH

ਖੋਜਕਰਤਾਵਾਂ ਦੀ ਟੀਮ ਦਾ ਕਹਿਣਾ ਹੈ ਕਿ ਰੇਲਵੇ ਟ੍ਰੈਕ ਦੇ ਆਸ-ਪਾਸ ਕਿੰਗ ਕੋਬਰਾ ਸੱਪਾਂ ਦੇ ਨਜ਼ਰ ਆਉਣ ਦੀ ਵਜ੍ਹਾ ਸੁਭਾਵਿਕ ਵੀ ਹੋ ਸਕਦੀ ਹੈ। ਅਨਾਜ, ਫਲ ਜਾਂ ਹੋਰ ਪੈਕੇਟਬੰਦ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਰਹਿੰਦ-ਖੂੰਹਦ ਕਾਰਨ ਰੇਲਵੇ ਪੱਟੜੀਆਂ ਦੇ ਆਸ-ਪਾਸ ਚੂਹੇ ਇਕੱਠੇ ਹੋ ਜਾਂਦੇ ਹਨ। ਚੂਹੇ ਉੱਥੇ ਆਪਣਾ ਘਰ ਬਣਾ ਲੈਂਦੇ ਹਨ ਅਤੇ ਉੱਥੇ ਰਹਿਣ ਲੱਗਦੇ ਹਨ। ਇਹੀ ਚੂਹੇ ਸੱਪਾਂ ਦਾ ਭੋਜਨ ਬਣਦੇ ਹਨ।

ਬਰਸਾਤ ਦੇ ਮੌਸਮ ‘ਚ ਹੜ੍ਹ ਆਉਣ ਦੀ ਸਥਿਤੀ ‘ਚ ਉਹ ਸੁਰੱਖਿਅਤ ਥਾਂ ਲਈ ਟ੍ਰੇਨਾਂ ਦਾ ਵੀ ਆਸਰਾ ਲੈ ਸਕਦੇ ਹਨ।

ਇਸ ਅਧਿਐਨ ਵਿੱਚ ਕੈਲੀਫ਼ੋਰਨੀਆ ਦੇ ਵਿਕਟਰ ਵੈਲੀ ਕਾਲਜ ‘ਚ ਜੀਵ ਵਿਗਿਆਨ ਦੇ ਪ੍ਰੋਫੈਸਰ ਡਾ. ਹੇਨਰਿਕ ਕੈਸਰ ਅਤੇ ਜਰਮਨੀ ਦੇ ਬੋਨ ‘ਚ ਸਥਿਤ ਲਾਇਬਨਿਜ਼ ਇੰਸਟੀਟਿਊਟ ਫ਼ੋਰ ਦਿ ਐਨਾਲਿਸਸ ਆਫ਼ ਬਾਇਓਡਾਇਵਰਸਿਟੀ ਚੇਂਜ (LIB) ਦੇ ਸਹਾਇਕ ਪ੍ਰੋਫੈਸਰ ਡਾ. ਡੇਨਿਸ ਰੋਇਡਰ ਵੀ ਸ਼ਾਮਿਲ ਸਨ।

ਡਾ. ਹੇਨਰਿਕ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਅਸੀਂ ਆਮ ਤੌਰ ‘ਤੇ ਸੜਕਾਂ ਅਤੇ ਰੇਲਵੇ ਨੂੰ ਜੰਗਲੀ ਜੀਵਾਂ ਲਈ ਰੁਕਾਵਟ ਜਾਂ ਉਨ੍ਹਾਂ ਲਈ ਮੌਤ ਦੇ ਜਾਲ ਵੱਜੋਂ ਦੇਖਦੇ ਹਾਂ ਪਰ ਇਹ ਖੋਜ ਦੱਸਦੀ ਹੈ ਕਿ ਇਹ ਤੇਜ਼ ਗਲਿਆਰੇ ਅਣਜਾਣੇ ‘ਚ ਉਨ੍ਹਾਂ ਦੀ ਆਵਾਜਾਈ ਦੇ ਮਾਰਗ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।”

ਉਨ੍ਹਾਂ ਦਾ ਕਹਿਣਾ ਹੈ ਕਿ “ਇਹ ਕਿੰਗ ਕੋਬਰਾ ਗਲਤੀ ਨਾਲ ਟ੍ਰੇਨ ਦੇ ਅੰਦਰ ਆ ਗਿਆ ਹੋਵੇਗਾ ਜਾਂ ਭੋਜਨ ਦੀ ਤਲਾਸ਼ ‘ਚ ਜਾਂ ਕਿਸੇ ਹੋਰ ਕਾਰਨ ਕਰਕੇ ਰੇਲਵੇ ਲਾਈਨ ਦੇ ਨੇੜੇ ਆ ਗਿਆ ਹੋਵੇਗਾ।”

ਸਹਾਇਕ ਪ੍ਰੋਫੈਸਰ ਡਾ. ਡੇਨਿਸ ਰੋਇਡਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਇਹ ਖੋਜ ਦਰਸਾਉਂਦੀ ਹੈ ਕਿ ਕਿਵੇਂ ਮਨੁੱਖ ਵੱਲੋਂ ਉਸਾਰਿਆ ਇਹ ਢਾਂਚਾ ਅਣਜਾਣੇ ‘ਚ ਇਸ ਸ਼ਿਕਾਰੀ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਗਿਆਨੀ ਖੋਜ ਹੈ ਅਤੇ ਤੱਥਾਂ ‘ਤੇ ਆਧਾਰਿਤ ਹੈ। ਉਹ ਕਹਿੰਦੇ ਹਨ, “ਤੱਥਾਂ ਅਤੇ ਤਰਕਾਂ ਨੂੰ ਸਬੂਤਾਂ ਦੇ ਨਾਲ ਮਿਲਾ ਕੇ ਪੇਸ਼ ਕੀਤਾ ਗਿਆ ਹੈ।”

ਸੱਪਾਂ ‘ਤੇ ਕੀਤੀ ਇਹ ਖੋਜ ਮਹੱਤਵਪੂਰਣ ਕਿਉਂ ਹੈ?

ਸੂਰਤ ਦੇ ਵਿਗਿਆਨੀ ਦੀਕਾਂਸ਼ ਪਰਮਾਰ ਦੇ ਨਾਲ ਇਸ ਖੋਜ ਵਿੱਚ ਹਿੱਸਾ ਲੈਣ ਵਾਲੇ ਹੋਰ ਖੋਜਕਰਤਾ।

ਤਸਵੀਰ ਸਰੋਤ, DIKANSH PARMAR

ਇਸ ਸਵਾਲ ਦਾ ਜਵਾਬ ਦਿੰਦਿਆਂ ਡਾ. ਰੋਇਡਰ ਕਹਿੰਦੇ ਹਨ, “ਕਿੰਗ ਕੋਬਰਾ ਦੀ ਸੰਭਾਲ ਬੇਹੱਦ ਜ਼ਰੂਰੀ ਹੈ। ਜੇਕਰ ਉਹ ਮਾਲ ਗੱਡੀਆਂ ਜਾਂ ਯਾਤਰੀ ਟ੍ਰੇਨਾਂ ਜ਼ਰੀਏ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਂਦੇ ਹਨ ਤਾਂ ਇਹ ਮਨੁੱਖੀ ਜੀਵਨ ਦੇ ਨਾਲ-ਨਾਲ ਉਨ੍ਹਾਂ ਲਈ ਵੀ ਖਤਰਨਾਕ ਹੈ। ਇਸ ਲਈ, ਇਸ ਖੋਜ ਦੇ ਜ਼ਰੀਏ ਲੋਕਾਂ ‘ਚ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮਨੁੱਖੀ ਜੀਵਨ ਲਈ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਬਚਿਆ ਜਾ ਸਕੇ ਅਤੇ ਕਿੰਗ ਕੋਬਰਾ ਦੀ ਸੰਭਾਲ ਵੀ ਕੀਤੀ ਜਾ ਸਕੇ।”

ਦਿਕਾਂਸ਼ ਪਰਮਾਰ ਕਹਿੰਦੇ ਹਨ, “ਕਿੰਗ ਕੋਬਰਾ ਇੱਕ ਬਹੁਤ ਹੀ ਜ਼ਹਿਰੀਲਾ ਸੱਪ ਹੈ। ਇਸ ਲਈ ਲੋਕ ਅਕਸਰ ਇਸਨੂੰ ਵੇਖਦੇ ਹੀ ਮਾਰ ਦਿੰਦੇ ਹਨ। ਨਾਲ ਹੀ ਜੇਕਰ ਇਹ ਕਿਸੇ ਮਨੁੱਖੀ ਬਸਤੀ ਵਿੱਚ ਆਪਣਾ ਘਰ ਬਣਾ ਲਏ ਤਾਂ ਇਹ ਮਨੁੱਖੀ ਜੀਵਨ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਜੰਗਲ ‘ਚ ਸੰਤੁਲਨ ਬਣਾਈ ਰੱਖਣ ਅਤੇ ਜੈਵਿਕ ਵਿਭਿੰਨਤਾ ਲਈ ਇਸ ਦੀ ਸੰਭਾਲ ਜ਼ਰੂਰੀ ਹੈ। ਇਹ ਖੋਜ ਇਸੇ ਗੱਲ ‘ਤੇ ਜ਼ੋਰ ਦਿੰਦੀ ਹੈ।”

ਖੋਜਕਰਤਾ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਟ੍ਰੇਨਾਂ ਨੂੰ ਜੰਗਲੀ ਖੇਤਰਾਂ ‘ਚ ਬਿਨ੍ਹਾਂ ਕਿਸੇ ਵਜ੍ਹਾ ਦੇ ਨਹੀਂ ਰੋਕਿਆ ਜਾਣਾ ਚਾਹੀਦਾ, ਟ੍ਰੇਨਾਂ ਦੇ ਡੱਬਿਆਂ ‘ਚ ਬਚਿਆ ਹੋਇਆ ਖਾਣਾ ਨਹੀਂ ਰੱਖਿਆ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਚੂਹੇ ਆਉਂਦੇ ਹਨ, ਜੰਗਲਾਂ ਦੇ ਵਿਨਾਸ਼ ਨੂੰ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਸੱਪ ਵਰਗੇ ਜੰਗਲੀ ਜਾਨਵਰ ਰੇਲਵੇ ਪੱਟੜੀਆਂ ‘ਤੇ ਆਉਣ ਲਈ ਮਜਬੂਰ ਨਾ ਹੋਣ।

ਸੱਪ ਫੜਨ ਵਾਲਾ

ਤਸਵੀਰ ਸਰੋਤ, DIKANSH PARMAR

ਦਿਕਾਂਸ਼ ਕਹਿੰਦੇ ਹਨ, “ਜੇ ਉਹ ਟ੍ਰੇਨਾਂ ਜਾਂ ਹੋਰ ਰਸਤਿਆਂ ਜ਼ਰੀਏ ਅਜਿਹੀਆਂ ਮਨੁੱਖੀ ਬਸਤੀਆਂ ਕੋਲੋਂ ਵੀ ਗੁਜ਼ਰਦੇ ਹਨ ਤਾਂ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।”

ਉਨ੍ਹਾਂ ਦੇ ਅਨੁਸਾਰ, ਮਨੁੱਖੀ ਬਸਤੀਆਂ ‘ਚ ਕਿੰਗ ਕੋਬਰਾ ਦੀ ਮੌਜੂਦਗੀ ਨਾਲ ਮਨੁੱਖ-ਸੱਪ ਸੰਘਰਸ਼ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੀਆਂ ਥਾਂਵਾਂ ‘ਤੇ ਪਹੁੰਚਣ ਵਾਲੇ ਸੱਪਾਂ ਨੂੰ ਭੁੱਖ, ਤਣਾਅ ਅਤੇ ਮੌਤ ਦਾ ਖ਼ਤਰਾ ਰਹਿੰਦਾ ਹੈ।

ਡਾ. ਰੋਇਡਰ ਕਹਿੰਦੇ ਹਨ, “ਇਹ ਖੋਜ ਨਾ ਸਿਰਫ ਇੱਕ ਦਿਲਚਸਪ ਵਾਤਾਵਰਣੀ ਕਹਾਣੀ ਹੈ ਸਗੋਂ ਜੰਗਲੀ ਜੀਵ ਸੁਰੱਖਿਆ ਅਤੇ ਜਨ ਸੁਰੱਖਿਆ ਲਈ ਇੱਕ ਚਿਤਾਵਨੀ ਵੀ ਹੈ। ਜੇਕਰ ਰੇਲਵੇ ਅਣਜਾਣੇ ‘ਚ ਜ਼ਹਿਰੀਲੇ ਸੱਪਾਂ ਦੀ ਆਵਾਜਾਈ ਦਾ ਸਾਧਨ ਬਣ ਰਿਹਾ ਹੈ ਤਾਂ ਇਸ ਮਾਮਲੇ ‘ਚ ਜਾਗਰੂਕਤਾ ਅਤੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI