Home ਰਾਸ਼ਟਰੀ ਖ਼ਬਰਾਂ ਕੀ ਦੁਬਈ ਦਾ ਚਮਕੀਲਾ ਅਕਸ ਖ਼ਤਰੇ ਹੇਠ ਹੈ? ਉੱਥੇ ਰਹਿਣ ਵਾਲੇ ਪਰਵਾਸੀ...

ਕੀ ਦੁਬਈ ਦਾ ਚਮਕੀਲਾ ਅਕਸ ਖ਼ਤਰੇ ਹੇਠ ਹੈ? ਉੱਥੇ ਰਹਿਣ ਵਾਲੇ ਪਰਵਾਸੀ ਕੀ ਸੋਚਦੇ ਹਨ?

14
0

Source :- BBC PUNJABI

ਦੁਬਈ

ਤਸਵੀਰ ਸਰੋਤ, AFP

ਸਟੈਫਨੀ ਬੇਕਰ ਆਪਣੇ ਦੋਸਤਾਂ ਨਾਲ ਪਾਮ ਜੁਮੇਰਾ ਦੇ ਇੱਕ ਬਾਰ ਵਿੱਚ ਆਪਣਾ ਜਨਮਦਿਨ ਮਨਾ ਰਹੀ ਸੀ। ਪਾਮ ਜੁਮੇਰਾ ਦੁਬਈ ਦਾ ਮਸ਼ਹੂਰ ਮਨੁੱਖੀ ਬਣਾਇਆ ਗਿਆ ਪਾਮ ਦੇ ਆਕਾਰ ਵਾਲਾ ਟਾਪੂ ਹੈ ਜਿਸ ਦੇ ਕਿਨਾਰੇ ਲਗਜ਼ਰੀ ਹੋਟਲਾਂ ਅਤੇ ਬੀਚ ਕਲੱਬਾਂ ਦੀ ਕਤਾਰ ਹੈ।

ਪਰ ਜਦੋਂ ਸਮੂਹ ਨੇੜਲੇ ਕਿਸੇ ਹੋਰ ਥਾਂ ਵੱਲ ਜਾਣ ਲਈ ਬਾਹਰ ਨਿਕਲਿਆ ਤਾਂ ਰਾਤ ਦੇ ਆਸਮਾਨ ਵਿੱਚ ਕੁਝ ਅਜੀਬ ਤੇਜ਼ੀ ਨਾਲ ਲੰਘਦਾ ਹੋਇਆ ਦਿੱਸਿਆ।

ਕੁਝ ਪਲਾਂ ਬਾਅਦ ਇੱਕ ਡਰੋਨ ਦਾ ਮਲਬਾ ਫਾਈਵ ਸਟਾਰ ਵਾਲੇ ਫੇਅਰਮਾਂਟ ਹੋਟਲ ਨਾਲ ਟਕਰਾਇਆ, ਬੇਕਰ ਅਤੇ ਉਸ ਦੇ ਦੋਸਤ ਬਿਲਕੁਲ ਸੜਕ ਦੇ ਸਾਹਮਣੇ ਖੜ੍ਹੇ ਸਨ।

ਉਹ ਕਹਿੰਦੀ ਹੈ, “ਅਸੀਂ ਸਭ ਡਰ ਗਏ ਸੀ। ਇਹੋ ਜਿਹਾ ਕੁਝ ਦੇਖਣਾ ਉਮੀਦ ਤੋਂ ਪਰੇ ਸੀ।”

ਬ੍ਰਿਟਿਸ਼ ਰੀਅਲ ਐਸਟੇਟ ਸਲਾਹਕਾਰ ਬੇਕਰ ਇੱਕ ਸਾਲ ਪਹਿਲਾਂ ਇਸ ਸ਼ਹਿਰ ਵਿੱਚ ਆ ਕੇ ਵਸੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਦੁਬਈ ਨੂੰ ਖੇਤਰ ਦੀਆਂ ਸਭ ਤੋਂ ਸੁਰੱਖਿਅਤ ਥਾਵਾਂ ਵਿੱਚੋਂ ਇੱਕ ਮੰਨਦੇ ਸੀ।

ਸਟੈਫਨੀ ਬੇਕਰ

ਤਸਵੀਰ ਸਰੋਤ, Stephanie Baker

ਫਿਰ ਵੀ ਇਰਾਨ ਨਾਲ ਜੁੜੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਦੋ ਹਫ਼ਤਿਆਂ ਬਾਅਦ ਵੀ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਇਥੋਂ ਜਾਣ ਦਾ ਕੋਈ ਇਰਾਦਾ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ, “ਜੇ ਕੁਝ ਹੈ ਤਾਂ ਇਹ ਕਿ ਜਿਸ ਤਰੀਕੇ ਨਾਲ ਇਸ ਸਥਿਤੀ ਨੂੰ ਸੰਭਾਲਿਆ ਗਿਆ ਹੈ, ਉਸ ਨਾਲ ਮੈਨੂੰ ਹੋਰ ਵੀ ਸੁਰੱਖਿਅਤ ਮਹਿਸੂਸ ਹੁੰਦਾ ਹੈ।”

ਦੁਬਈ ਵਿੱਚ ਬੇਕਰ ਵਰਗੇ ਲੱਖਾਂ ਵਿਦੇਸ਼ੀ ਰਹਿੰਦੇ ਹਨ ਜੋ ਵੱਖ-ਵੱਖ ਦੇਸ਼ਾਂ ਤੋਂ ਆਏ ਹਨ, ਜਿਨ੍ਹਾਂ ਵਿੱਚ 2,40,000 ਬ੍ਰਿਟਿਸ਼ ਵੀ ਸ਼ਾਮਲ ਹਨ। ਐਮਿਰਾਤੀ ਨਾਗਰਿਕ ਕੁੱਲ ਆਬਾਦੀ ਦਾ ਸਿਰਫ਼ 10% ਹਨ।

ਦਹਾਕਿਆਂ ਤੋਂ ਇਹ ਸ਼ਹਿਰ ਅਸਥਿਰ ਖੇਤਰ ਵਿੱਚ ਸਥਿਰਤਾ ਅਤੇ ਸੁਰੱਖਿਆ ਦਾ ਅਕਸ ਬਣਾਉਂਦਾ ਆ ਰਿਹਾ ਹੈ। ਕੱਚ ਦੀਆਂ ਉੱਚੀਆਂ ਇਮਾਰਤਾਂ ਵਾਲੀ ਇਸ ਦੀ ਸਕਾਈਲਾਈਨ, ਟੈਕਸ-ਮੁਕਤ ਤਨਖਾਹਾਂ ਅਤੇ ਨਿੱਜੀ ਸੁਰੱਖਿਆ ਦੇ ਅਕਸ ਨੇ ਇਸ ਨੂੰ ਮੱਧ ਪੂਰਬ ਦਾ ਤੇਜ਼ੀ ਨਾਲ ਵਧਦਾ ਕਾਰੋਬਾਰੀ ਅਤੇ ਸੈਰ-ਸਪਾਟਾ ਕੇਂਦਰ ਬਣਾਇਆ ਹੈ।

ਇੱਕ ਅਜਿਹੀ ਥਾਂ ਵਜੋਂ ਮਸ਼ਹੂਰ ਹੋਇਆ, ਜਿੱਥੇ ਦੁਨੀਆ ਭਰ ਤੋਂ ਲੋਕ ਬਿਹਤਰ ਜੀਵਨ ਬਣਾਉਣ ਦੀ ਉਮੀਦ ਨਾਲ ਆਉਂਦੇ ਹਨ।

ਜੇਬਲ ਅਲੀ ਬੰਦਰਗਾਹ

ਤਸਵੀਰ ਸਰੋਤ, Planet Labs PBC via REUTERS

ਪਿਛਲੇ ਸਾਲਾਂ ਵਿੱਚ ਟਕਰਾਵਾਂ ਨੇ ਖੇਤਰ ਦੇ ਕਾਫ਼ੀ ਹਿੱਸਿਆਂ ਨੂੰ ਬਦਲ ਦਿੱਤਾ ਹੈ, ਪਰ ਦੁਬਈ ਜ਼ਿਆਦਾਤਰ ਅਸਰ ਤੋਂ ਬਚਿਆ ਰਿਹਾ ਹੈ। ਹੁਣ ਇਹ ਅਕਸ ਕਸੌਟੀ ‘ਤੇ ਹੈ।

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਧਿਕਾਰੀਆਂ ਦੇ ਮੁਤਾਬਕ, ਇਰਾਨ ਦੇ ਹਮਲਿਆਂ ਦੀ ਸ਼ੁਰੂਆਤ ਤੋਂ ਬਾਅਦ ਯੂਏਈ ਦੀ ਹਵਾਈ ਰੱਖਿਆ ਨੇ 285 ਬੈਲਿਸਟਿਕ ਮਿਜ਼ਾਈਲਾਂ, 15 ਕ੍ਰੂਜ਼ ਮਿਜ਼ਾਈਲਾਂ ਅਤੇ 1,567 ਡਰੋਨਾਂ ਨਾਲ ਨਜਿੱਠਿਆ ਗਿਆ ਹੈ। ਅਧਿਕਾਰੀਆਂ ਕਹਿੰਦੇ ਹਨ ਕਿ 90% ਤੋਂ ਵੱਧ ਨੂੰ ਰੋਕ ਕੇ ਨਸ਼ਟ ਕਰ ਦਿੱਤਾ ਗਿਆ।

ਪਰ ਕੁਝ ਮਲਬਾ ਦੁਬਈ ਦੇ ਕੁਝ ਹਿੱਸਿਆਂ ਵਿੱਚ ਡਿੱਗਿਆ ਹੈ, ਜਿਸ ਵਿੱਚ ਵੱਡੇ ਰਿਹਾਇਸ਼ੀ ਇਲਾਕੇ ਅਤੇ ਸ਼ਹਿਰ ਦੇ ਹਵਾਈ ਅੱਡੇ ਦੇ ਨੇੜਲੇ ਖੇਤਰ ਵੀ ਸ਼ਾਮਲ ਹਨ।

ਇੱਕ ਉੱਚ ਦਰਜੇ ਦੀ ਰਿਹਾਇਸ਼ੀ ਇਮਾਰਤ, ਇੱਕ ਲਗਜ਼ਰੀ ਹੋਟਲ ਅਤੇ ਹਵਾਈ ਅੱਡੇ ਨਾਲ ਟਕਰਾਉਂਦੇ ਟੁਕੜਿਆਂ ਦੀਆਂ ਤਸਵੀਰਾਂ ਆਨਲਾਈਨ ਵਿਆਪਕ ਤੌਰ ਉੱਤੇ ਫੈਲੀਆਂ ਹਨ।

ਅਧਿਕਾਰੀਆਂ ਮੁਤਾਬਕ ਹੁਣ ਤੱਕ ਯੂਏਈ ਭਰ ਵਿੱਚ ਛੇ ਲੋਕ ਮਾਰੇ ਗਏ ਹਨ ਅਤੇ 141 ਜ਼ਖ਼ਮੀ ਹੋਏ ਹਨ।

ਬੀਬੀਸੀ ਨੇ 20 ਤੋਂ ਵੱਧ ਨਿਵਾਸੀਆਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਵਿੱਚ ਕੁਝ ਦਹਾਕਿਆਂ ਤੋਂ ਦੁਬਈ ਵਿੱਚ ਰਹਿ ਰਹੇ ਹਨ ਅਤੇ ਕੁਝ ਹਾਲ ਹੀ ਵਿੱਚ ਆਏ ਹਨ। ਜ਼ਿਆਦਾਤਰ ਕਹਿੰਦੇ ਹਨ ਕਿ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਨਾਲ ਉਹ ਹੈਰਾਨ ਹਨ। ਪਰ ਲਗਭਗ ਸਭ ਕਹਿੰਦੇ ਹਨ ਕਿ ਉਹ ਜਾਣ ਦੀ ਯੋਜਨਾ ਨਹੀਂ ਬਣਾ ਰਹੇ।

ਐਤੀ ਭਸੀਨ

ਤਸਵੀਰ ਸਰੋਤ, Eti Bhasin

ਆਪਣੀ ਪੂਰੀ ਜ਼ਿੰਦਗੀ ਦੁਬਈ ਵਿੱਚ ਬਿਤਾਉਣ ਵਾਲੀ ਭਾਰਤੀ ਮੂਲ ਦੀ ਐਤੀ ਭਸੀਨ ਕਹਿੰਦੀ ਹੈ, “ਇਹ ਪਹਿਲੀ ਵਾਰ ਹੈ ਕਿ ਅਸੀਂ ਅਜਿਹਾ ਕੁਝ ਦੇਖ ਰਹੇ ਹਾਂ। ਦੁਬਈ ਇੱਕ ਵੱਡੇ ਸ਼ਹਿਰ ਵਜੋਂ ਬੇਹੱਦ ਤੇਜ਼ੀ ਨਾਲ ਵਧਿਆ ਹੈ। ਪਰ ਸਾਨੂੰ ਅਧਿਕਾਰੀਆਂ ‘ਤੇ ਭਰੋਸਾ ਹੈ। ਇਹ ਮੇਰਾ ਘਰ ਹੈ। ਅਸੀਂ ਇਸ ਦੇ ਨਾਲ ਖੜ੍ਹੇ ਹਾਂ।”

ਕੁਝ ਨਿਵਾਸੀਆਂ ਲਈ ਪਿਛਲੇ ਦੋ ਹਫ਼ਤੇ ਚਿੰਤਾਜਨਕ ਰਹੇ ਹਨ। ਐਡਮ ਕੈਲੋ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਛੋਟੇ ਪੁੱਤਰ 2024 ਵਿੱਚ ਯੂਕੇ ਤੋਂ ਦੁਬਈ ਆਏ ਸਨ, ਜਿਸ ਦਾ ਇੱਕ ਕਾਰਨ ਸ਼ਹਿਰ ਦੀ ਸੁਰੱਖਿਆ ਦਾ ਅਕਸ ਵੀ ਸੀ।

ਜੰਗ ਦੇ ਪਹਿਲੇ ਕੁਝ ਦਿਨਾਂ ਵਿੱਚ ਪਰਿਵਾਰ ਇੱਕ ਹੀ ਕਮਰੇ ਵਿੱਚ ਸੁੱਤਾ ਕਿਉਂਕਿ ਧਮਾਕਿਆਂ ਦੀਆਂ ਆਵਾਜ਼ਾਂ ਸ਼ਹਿਰ ਵਿੱਚ ਗੂੰਜਦੀਆਂ ਰਹੀਆਂ ਅਤੇ ਬੱਚੇ ਖਿੜਕੀਆਂ ਦੇ ਕੋਲ ਸੌਣ ਤੋਂ ਬਹੁਤ ਡਰਦੇ ਸਨ।

ਕੈਲੋ ਕਹਿੰਦੇ ਹਨ, “ਅਧਿਕਾਰੀ ਸਾਨੂੰ ਇੱਥੇ ਰਹਿਣ ਅਤੇ ਸੁਰੱਖਿਅਤ ਮਹਿਸੂਸ ਕਰਨ ਲਈ ਕਾਫ਼ੀ ਕੁਝ ਕਰ ਰਹੇ ਹਨ, ਪਰ ਅਸੀਂ ਬੇਚੈਨੀ ਵੀ ਮਹਿਸੂਸ ਕਰਦੇ ਹਾਂ।”

ਦੁਬਈ ਦਾ ਉਭਾਰ, ਜਿੱਥੇ ਮੈਂ ਆਪਣੇ ਕੰਮ ਲਈ ਤੈਨਾਤ ਹਾਂ, ਇੱਕ ਛੋਟੇ ਖਾੜੀ ਵਪਾਰਕ ਬੰਦਰਗਾਹ ਤੋਂ ਇੱਕ ਵਿਸ਼ਵ ਪੱਧਰੀ ਮੰਜ਼ਿਲ ਬਣਨ ਤੱਕ, ਕਨੈਕਟਿਵਿਟੀ ‘ਤੇ ਅਧਾਰਿਤ ਰਿਹਾ ਹੈ।

ਅੰਤਰਰਾਸ਼ਟਰੀ ਯਾਤਰੀਆਂ ਲਈ ਦੁਨੀਆ ਦੇ ਸਭ ਤੋਂ ਮਸਰੂਫ਼ ਹਵਾਈ ਅੱਡੇ ਦੁਬਈ ਇੰਟਰਨੈਸ਼ਨਲ ਏਅਰਪੋਰਟ ਨੇ ਪਿਛਲੇ ਸਾਲ ਲਗਭਗ 90 ਕਰੋੜ ਯਾਤਰੀ ਸੰਭਾਲੇ।

ਐਡਮ ਕੈਲੋ ਅਤੇ ਉਨ੍ਹਾਂ ਦਾ ਪਰਿਵਾਰ

ਟਕਰਾਅ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਹਨ, ਜਿਸ ਨਾਲ ਖੇਤਰ ਦੇ ਸਭ ਤੋਂ ਮਸਰੂਫ਼ ਯਾਤਰਾ ਕੇਂਦਰਾਂ ਵਿੱਚੋਂ ਇੱਕ ਠੱਪ ਹੋ ਗਿਆ।

ਹਾਲ ਦੇ ਦਿਨਾਂ ਵਿੱਚ ਅਸਥਾਈ ਤੌਰ ‘ਤੇ ਕਾਰਵਾਈ ਮੁੜ ਸ਼ੁਰੂ ਹੋਈ ਹੈ, ਜਿੱਥੇ ਐਮੀਰੇਟਸ ਘਟੇ ਹੋਏ ਉਡਾਣ ਸ਼ਡਿਊਲ ਨਾਲ ਕੰਮ ਕਰ ਰਿਹਾ ਹੈ ਅਤੇ ਪੂਰਾ ਨੈੱਟਵਰਕ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਰੁਕਾਵਟ ਸੈਲਾਨੀਆਂ ਲਈ ਸਾਲ ਦੇ ਇੱਕ ਮਸਰੂਫ ਸਮੇਂ ਵਿੱਚ ਆਈ ਹੈ, ਜਦੋਂ ਤੀਬਰ ਗਰਮੀ ਆਉਣ ਤੋਂ ਪਹਿਲਾਂ ਲੋਕ ਇੱਥੇ ਆਉਂਦੇ ਹਨ ਅਤੇ ਇਸ ਦਾ ਪ੍ਰਭਾਵ ਸਪਸ਼ਟ ਦਿੱਸ ਰਿਹਾ ਹੈ।

ਹੁਣ ਦੇਸ਼ ਵਿੱਚ ਉਡਾਣਾਂ ਅਤੇ ਹੋਟਲਾਂ ਦੀਆਂ ਕਈ ਬੁਕਿੰਗਾਂ ਰੱਦ ਹੋ ਰਹੀਆਂ ਹਨ ਕਿਉਂਕਿ ਲੋਕ ਦੂਰ ਰਹਿਣਾ ਚਾਹੁੰਦੇ ਹਨ। ਕੁਝ ਸ਼ਾਨਦਾਰ ਹੋਟਲਾਂ ਵਿੱਚ ਕਮਰੇ ਆਮ ਕੀਮਤ ਦੇ ਇੱਕ ਹਿੱਸੇ ‘ਤੇ ਮਿਲ ਰਹੇ ਹਨ।

ਦੁਬਈ

ਤਸਵੀਰ ਸਰੋਤ, Getty Images

ਗੇਟਸ ਹੋਸਪਿਟੈਲਿਟੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਡਾ. ਨਾਇਮ ਮਆਦਾਦ ਕਹਿੰਦੇ ਹਨ, “ਬਦਕਿਸਮਤੀ ਨਾਲ ਅਸੀਂ ਕਈ ਬੁਕਿੰਗਾਂ ਕੈਂਸਲ ਹੁੰਦੇ ਦੇਖ ਰਹੇ ਹਾਂ।” ਉਹ ਆਸਟ੍ਰੇਲੀਆਈ ਵਿਦੇਸ਼ੀ ਹਨ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੁਬਈ ਵਿੱਚ ਰਹਿ ਰਹੇ ਹਨ।

“ਜਦੋਂ ਸਾਲ ਦੀ ਪਹਿਲੀ ਤਿਮਾਹੀ ਖ਼ਰਾਬ ਸ਼ੁਰੂ ਹੁੰਦੀ ਹੈ, ਤਾਂ ਬਾਕੀ ਸਾਲ ਸਿਰਫ਼ ਪਿੱਛੇ ਰਹਿ ਗਏ ਹਾਲਾਤਾਂ ਨੂੰ ਫੜ੍ਹਨ ਦੀ ਦੌੜ ਬਣ ਜਾਂਦਾ ਹੈ।”

ਕਈ ਸੰਭਾਵੀ ਯਾਤਰੀ ਦੁਬਈ ਦੀ ਲਗਜ਼ਰੀ ਜੀਵਨਸ਼ੈਲੀ ਦੇ ਅਕਸ ਨਾਲ ਆਕਰਸ਼ਿਤ ਹੁੰਦੇ ਹਨ, ਇੰਫਲੂਐਂਸਰਾਂ ਦੇ ਆਨਲਾਈਨ ਵੀਡੀਓ ਜਿੱਥੇ ਛੱਤਾਂ ਤੇ ਬਣੇ ਪੂਲ, ਪੰਜ ਤਾਰਿਆਂ ਵਾਲੇ ਹੋਟਲਾਂ ਦੇ ਬਾਹਰ ਖੜੀਆਂ ਸੁਪਰਕਾਰਾਂ ਅਤੇ ਨਿੱਜੀ ਬੀਚਾਂ ਤੇ ਧੁੱਪ ਸੇਕਦੇ ਸੈਲਾਨੀ ਦਿੱਸਦੇ ਹਨ।

ਪਰ ਇਸ ਅਕਸ ਦੇ ਪਿੱਛੇ ਇੱਕ ਹੋਰ ਹਕੀਕਤ ਵੀ ਹੈ।

ਡਾ. ਨਈਮ ਮਾਅਦਾਦ

ਤਸਵੀਰ ਸਰੋਤ, Dr Naim Maadad

ਦੁਬਈ ਦਾ ਦੂਜਾ ਪਾਸਾ

ਸ਼ਹਿਰ ਦੇ ਚਰਚਾ ਵਿੱਚ ਆਉਣ ਦੇ ਮੌਕੇ ਤਿੱਖੇ ਵਿਰੋਧਾਂ ਨਾਲ ਆਉਂਦੇ ਹਨ। ਜਦਕਿ ਦੁਬਈ ਦਾ ਚਮਕੀਲਾ ਅਕਸ ਆਨਲਾਈਨ ਹਰ ਜਗ੍ਹਾ ਦਿੱਸਦਾ ਹੈ, ਇੱਥੋਂ ਦੀ ਅਰਥਵਿਵਸਥਾ ਨੂੰ ਚਲਾਉਣ ਵਿੱਚ ਮਦਦ ਕਰਨ ਵਾਲੇ ਕਈ ਪਰਵਾਸੀ ਮਜ਼ਦੂਰ ਘੱਟ ਤਨਖਾਹ ਲੈਂਦੇ ਹਨ ਅਤੇ ਸ਼ਹਿਰ ਦੇ ਬਾਹਰੀ ਹਿੱਸਿਆਂ ਵਿੱਚ ਸਾਂਝੀ ਰਹਾਇਸ਼ ਵਿੱਚ ਰਹਿੰਦੇ ਹਨ।

ਯੂਏਈ ਦੀ ਮਜ਼ਦੂਰ ਸ਼ਕਤੀ ਵੱਡੇ ਪੱਧਰ ਉੱਤੇ ਵਿਦੇਸ਼ੀ ਹੈ, ਸਿਰਫ਼ ਦੱਖਣੀ ਏਸ਼ੀਆਈ ਹੀ ਸ਼ਹਿਰ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਅੱਧ ਤੋਂ ਵੱਧ ਹਿੱਸਾ ਹਨ, ਜੋ ਅਕਸਰ ਨਿਰਮਾਣ, ਲੋਜਿਸਟਿਕਸ ਅਤੇ ਡਿਲਿਵਰੀ ਸੇਵਾਵਾਂ ਵਿੱਚ ਕੰਮ ਕਰਦੇ ਹਨ।

ਕਈਆਂ ਲਈ ਜੰਗ ਨੇ ਰੋਜ਼ਾਨਾ ਜੀਵਨ ਵਿੱਚ ਘੱਟ ਹੀ ਬਦਲਾਅ ਕੀਤਾ ਹੈ।

ਪਾਕਿਸਤਾਨ ਦਾ ਡਿਲਿਵਰੀ ਡਰਾਈਵਰ ਹਮਜ਼ਾ ਕਹਿੰਦੇ ਹਨ ਕਿ ਜੰਗ ਦੇ ਪਹਿਲੇ ਕੁਝ ਦਿਨਾਂ ਵਿੱਚ ਆਰਡਰ ਵਧ ਗਏ ਕਿਉਂਕਿ ਜ਼ਿਆਦਾ ਲੋਕ ਘਰਾਂ ਵਿੱਚ ਰਹਿ ਰਹੇ ਸਨ।

ਉਹ ਕਹਿੰਦੇ ਹਨ, “ਜਦੋਂ ਅਸੀਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਦੇ ਹਾਂ ਜਾਂ ਮਲਬਾ ਡਿੱਗਦਾ ਵੇਖਦੇ ਹਾਂ ਤਾਂ ਕੁਝ ਡਰ ਹੁੰਦਾ ਹੈ। ਪਰ ਮੈਂ ਕੰਮ ਰੋਕ ਨਹੀਂ ਸਕਦਾ। ਮੇਰਾ ਪਰਿਵਾਰ ਮੇਰੇ ‘ਤੇ ਨਿਰਭਰ ਹੈ। ਮੈਂ ਡਰ ਕਾਰਨ ਘਰ ਨਹੀਂ ਰਹਿ ਸਕਦਾ।”

ਅਧਿਕਾਰ ਸਮੂਹ ਲੰਬੇ ਸਮੇਂ ਤੋਂ ਖਾੜੀ ਦੇਸ਼ਾਂ ਵਿੱਚ ਕੁਝ ਘੱਟ ਤਨਖਾਹ ਵਾਲੇ ਮਜ਼ਦੂਰਾਂ ਦੇ ਨਾਲ ਵਰਤਾਓ ਅਤੇ ਰਹਿਣ ਦੀਆਂ ਸਥਿਤੀਆਂ ਬਾਰੇ ਚਿੰਤਾ ਜਤਾਉਂਦੇ ਰਹੇ ਹਨ, ਜਿਸ ਵਿੱਚ ਕੰਮ ਕਰਨ ਦੀਆਂ ਸਥਿਤੀਆਂ ਅਤੇ ਕਾਮਿਆਂ ਦੇ ਸਪਾਂਸਰਸ਼ਿਪ ਨਿਯਮਾਂ ਨਾਲ ਜੁੜੇ ਮੁੱਦੇ ਵੀ ਸ਼ਾਮਲ ਹਨ।

ਜਦਕਿ ਹਮਜ਼ਾ ਸਮੇਤ ਜ਼ਿਆਦਾਤਰ ਨਿਵਾਸੀ ਕਹਿੰਦੇ ਹਨ ਕਿ ਉਹ ਇੱਥੇ ਹੀ ਰਹਿਣ ਦਾ ਇਰਾਦਾ ਰੱਖਦੇ ਹਨ, ਕੁਝ ਲੋਕ ਜਿਨ੍ਹਾਂ ਨੂੰ ਫਲਾਈਟ ਮਿਲ ਗਈ ਉਹ ਜਾਣ ਦਾ ਫ਼ੈਸਲਾ ਕਰ ਚੁੱਕੇ ਹਨ।

ਦੁਬਈ

ਤਸਵੀਰ ਸਰੋਤ, AFP

ਇੱਕ ਏਅਰਲਾਈਨ ਕਰਮਚਾਰੀ, ਜਿਸ ਨੇ ਆਪਣਾ ਨਾਮ ਨਾ ਦੱਸਣ ਦੀ ਬੇਨਤੀ ਕੀਤੀ, ਮੈਨੂੰ ਦੱਸਦੀ ਹੈ ਕਿ ਉਹ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦੇ ਮੇਲਬਰਨ ਵਾਪਸ ਚਲੀ ਗਈ।

ਉਹ ਕਹਿੰਦੀ ਹੈ, “ਹਰ ਰੋਜ਼ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਮੈਂ ਬਹੁਤ ਚਿੰਤਤ ਹੋ ਰਹੀ ਸੀ। ਫਿਲਹਾਲ ਲਈ ਜਾਣਾ ਜ਼ਿਆਦਾ ਸੁਰੱਖਿਅਤ ਲੱਗਿਆ ਅਤੇ ਜਦੋਂ ਹਾਲਾਤ ਸਥਿਰ ਹੋ ਜਾਣਗੇ ਤਾਂ ਵਾਪਸ ਆਵਾਂਗੀ।”

ਪਰ ਉਹ ਇਹ ਵੀ ਕਹਿੰਦੀ ਹੈ ਕਿ ਉਹ ਫਿਰ ਵੀ ਵਾਪਸ ਆਵੇਗੀ।

ਜਦੋਂ ਕਈ ਪੱਛਮੀ ਦੇਸ਼ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕਰ ਰਹੇ ਹਨ ਅਤੇ ਪਰਵਾਸ ਦੇ ਪ੍ਰਭਾਵ ‘ਤੇ ਚਰਚਾ ਕਰ ਰਹੇ ਹਨ, ਦੁਬਈ ਇੱਕ ਵੱਖਰਾ ਮਾਡਲ ਪੇਸ਼ ਕਰਦਾ ਹੈ।

ਇਹ ਅਮੀਰਾਤ ਆਪਣੇ ਆਪ ਨੂੰ ਵਿਸ਼ਵ ਪੱਧਰੀ ਟੈਲੈਂਟ ਅਤੇ ਧਨਾਢ ਲੋਕਾਂ ਲਈ ਇੱਕ ਆਕਰਸ਼ਣ ਕੇਂਦਰ ਵਜੋਂ ਪੇਸ਼ ਕਰਦਾ ਹੈ ਅਤੇ ਮਹਾਮਾਰੀ ਤੋਂ ਬਾਅਦ ਕਈ ਕਰੋੜਪਤੀਆਂ ਦੇ ਆਉਣ ਨੂੰ ਦੇਖ ਚੁੱਕਾ ਹੈ।

ਵਿਕਾਸਸ਼ੀਲ ਦੇਸ਼ਾਂ ਦੇ ਪੇਸ਼ੇਵਰਾਂ ਲਈ, ਭਾਵੇਂ ਉਹ ਭਾਰਤੀ ਇੰਜੀਨੀਅਰ ਹੋਵੇ, ਮਿਸਰੀ ਡਾਕਟਰ ਜਾਂ ਫਿਲੀਪੀਨੀ ਨਰਸ, ਕੰਮ ਕਰਨ ਲਈ ਵੀਜ਼ਾ ਲੈਣਾ ਯੂਰਪ ਜਾਂ ਉੱਤਰੀ ਅਮਰੀਕਾ ਨਾਲੋਂ ਕਈ ਵਾਰ ਆਸਾਨ ਹੁੰਦਾ ਹੈ ਅਤੇ ਕਈ ਵਾਰ ਉੱਚੀਆਂ ਤਨਖਾਹਾਂ ਵੀ ਮਿਲਦੀਆਂ ਹਨ।

ਅੰਤਰਰਾਸ਼ਟਰੀ ਮੀਡੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਜਾਚਾਂ ਪਹਿਲਾਂ ਇਹ ਵੀ ਦੱਸ ਚੁੱਕੀਆਂ ਹਨ ਕਿ ਕੁਝ ਸ਼ੱਕੀ ਸੰਗਠਿਤ ਅਪਰਾਧ ਨਾਲ ਜੁੜੇ ਲੋਕ ਦੁਬਈ ਵਿੱਚ ਅਧਾਰਿਤ ਰਹੇ ਹਨ, ਹਾਲਾਂਕਿ ਹਾਲੀਆ ਸਾਲਾਂ ਵਿੱਚ ਯੂਏਈ ਅਤੇ ਕਈ ਦੇਸ਼ਾਂ ਵਿਚਕਾਰ ਹਵਾਲਗੀ ਸਹਿਯੋਗ ਵਧਿਆ ਹੈ।

ਦੁਬਈ ਹਵਾਈ ਅੱਡਾ

ਤਸਵੀਰ ਸਰੋਤ, Getty Images

ਕੀ ‘ਬਰਾਂਡ ਦੁਬਈ’ ਕਾਇਮ ਰਹੇਗਾ?

ਜਦਕਿ ਸ਼ਹਿਰ ਦੀ ਸਭ ਤੋਂ ਵੱਡੀ ਖਿੱਚ ਹਮੇਸ਼ਾ ਇੱਕ ਅਸਥਿਰ ਖੇਤਰ ਵਿੱਚ ਸਥਿਰ ਓਏਸਿਸ ਦਾ ਅਕਸ ਰਹੀ ਹੈ, ਕੀ ਹੁਣ ਇਹ ਬਰਾਂਡ ਸਦਾ ਲਈ ਖ਼ਤਰੇ ਵਿੱਚ ਹੈ?

ਮੱਧ ਪੂਰਬ ਦੀ ਰਾਜਨੀਤਕ ਅਰਥਵਿਵਸਥਾ ਦੇ ਮਾਹਰ ਕ੍ਰਿਸਟੋਫਰ ਡੇਵਿਡਸਨ, ਜਿਨ੍ਹਾਂ ਨੇ ਯੂਏਈ ਬਾਰੇ ਵਿਸਥਾਰ ਨਾਲ ਲਿਖਿਆ ਹੈ, ਮੰਨਦੇ ਹਨ ਕਿ ਇਹ ਹਮਲੇ ਛੋਟੇ ਸਮੇਂ ਲਈ ਦੁਬਈ ਦੀ ਖਿੱਚ ਨੂੰ ਕੁਝ ਘਟਾ ਸਕਦੇ ਹਨ।

ਉਹ ਕਹਿੰਦੇ ਹਨ, “ਪਰ ਮੂਲ ਤੱਤ, ਢਾਂਚਾਗਤ ਸਹੂਲਤਾਂ, ਨਿਯਮ, ਮੌਸਮ ਅਤੇ ਭੂਗੋਲ, ਅਣਬਦਲੇ ਹਨ। ਲੰਬੇ ਸਮੇਂ ਵਿੱਚ ਇਸ ਦੀ ਖਿੱਚ ਕਾਇਮ ਰਹੇਗੀ।”

ਨਿਵਾਸੀਆਂ ਅਤੇ ਕਾਰੋਬਾਰਾਂ ਨੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ ਜੋ ਹਮਲਿਆਂ ਬਾਰੇ ਰੋਜ਼ਾਨਾ ਜਾਣਕਾਰੀ ਦੇ ਰਹੇ ਹਨ ਅਤੇ ਸੰਭਾਵੀ ਹਮਲਿਆਂ ਬਾਰੇ ਚੇਤਾਵਨੀ ਦੇਣ ਲਈ ਮੋਬਾਈਲ ਅਲਰਟ ਭੇਜ ਰਹੇ ਹਨ।

ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਦੇਸ਼ ਉਨ੍ਹਾਂ ਦੀ ਰੱਖਿਆ ਕਰੇਗਾ ਅਤੇ ਚੇਤਾਵਨੀ ਦਿੱਤੀ ਹੈ ਕਿ ਯੂਏਈ ਉਨ੍ਹਾਂ ਲਈ “ਸੌਖਾ ਸ਼ਿਕਾਰ” ਨਹੀਂ ਜੋ ਇਸ ਦੀ ਸੁਰੱਖਿਆ ਨੂੰ ਧਮਕੀ ਦਿੰਦੇ ਹਨ।

ਵਸੀਨੀਅਰ ਨੇਤਾਵਾਂ ਨੇ ਦੁਬਈ ਵਿੱਚ ਜਨਤਕ ਹਾਜ਼ਰੀ ਵੀ ਦਿੱਤੀ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਜੀਵਨ ਜਾਰੀ ਹੈ।

ਦੁਬਈ

ਤਸਵੀਰ ਸਰੋਤ, NurPhoto/Getty Images

ਕੁਝ ਦਿਨਾਂ ਤੱਕ ਅਸਧਾਰਣ ਤੌਰ ਤੇ ਸ਼ਾਂਤ ਰਹੀਆਂ ਸੜਕਾਂ ਤੋਂ ਬਾਅਦ ਹੁਣ ਟ੍ਰੈਫਿਕ ਅਤੇ ਭੀੜ ਮੁੜ ਆਮ ਗਤੀ ਨਾਲ ਵਾਪਸ ਆ ਗਈ ਹੈ।

ਵਿਸ਼ਲੇਸ਼ਕ ਕਹਿੰਦੇ ਹਨ ਕਿ ਦੁਬਈ ਅਤੇ ਯੂਏਈ ਤੇ ਲੰਬੇ ਸਮੇਂ ਦਾ ਪ੍ਰਭਾਵ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਟਕਰਾਅ ਕਿਵੇਂ ਅੱਗੇ ਵਧਦਾ ਹੈ।

ਡੇਵਿਡਸਨ ਕਹਿੰਦੇ ਹਨ, “ਇੱਕ ਕਮਜ਼ੋਰ ਈਰਾਨ ਯੂਏਈ ਦੀ ਖਿੱਚ ਨੂੰ ਹੋਰ ਵਧਾ ਸਕਦਾ ਹੈ।”

ਇੱਕ ਨਿਵੇਸ਼ ਬੈਂਕਰ ਨੇ ਮੈਨੂੰ ਦੱਸਿਆ ਕਿ ਪਰ ਜੇ ਰਾਜ ਕਾਇਮ ਰਹਿੰਦਾ ਹੈ ਤਾਂ ਇਸ ਦਾ ਖਾੜੀ ਗੁਆਂਢੀਆਂ ਨਾਲ ਤਣਾਅ ਵੱਧ ਸਕਦਾ ਹੈ। “ਇਹ ਚਿੰਤਾ ਵਾਲੀ ਗੱਲ ਹੈ। ਜੇ ਕਿਸੇ ਬੈਂਕ ਜਾਂ ਵਿੱਤੀ ਸੰਸਥਾ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਹ ਕਾਰੋਬਾਰਾਂ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਸਕਦਾ ਹੈ।”

ਬੁੱਧਵਾਰ ਨੂੰ ਇਰਾਨੀ ਫੌਜ ਨੇ ਖੇਤਰ ਵਿੱਚ ਅਮਰੀਕਾ ਅਤੇ ਇਜ਼ਰਾਇਲ ਨਾਲ ਜੁੜੇ ਆਰਥਿਕ ਅਤੇ ਬੈਂਕਿੰਗ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ।

ਇਸ ਤੋਂ ਬਾਅਦ ਦੁਬਈ ਵਿੱਚ ਕਈ ਵਿੱਤੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰਾਂ ਤੋਂ ਖਾਲ੍ਹੀ ਕਰਨ ਲਈ ਕਿਹਾ।

ਫਿਲਹਾਲ ਦੁਬਈ ਦੇ ਜ਼ਿਆਦਾਤਰ ਨਿਵਾਸੀ ਸਾਵਧਾਨ ਪਰ ਆਸ਼ਾਵਾਦੀ ਹਨ। ਉਹ ਦੱਸਦੇ ਹਨ ਕਿ ਸ਼ਹਿਰ ਪਹਿਲਾਂ ਵੀ ਸੰਕਟਾਂ ਦਾ ਸਾਹਮਣਾ ਕਰ ਚੁੱਕਾ ਹੈ, 2008 ਦੀ ਵਿਸ਼ਵ ਵਿੱਤੀ ਮੰਦੀ ਤੋਂ ਲੈ ਕੇ 2020 ਦੀ ਮਹਾਮਾਰੀ ਤੱਕ ਅਤੇ ਹਰ ਵਾਰ ਹੋਰ ਮਜ਼ਬੂਤ ਹੋ ਕੇ ਨਿਕਲਿਆ ਹੈ।

ਮਆਦਾਦ ਕਹਿੰਦੇ ਹਨ, “ਦੁਬਈ ਹਮੇਸ਼ਾ ਤੇਜ਼ੀ ਨਾਲ ਵਾਪਸੀ ਕਰਦਾ ਹੈ। ਲਚੀਲਾਪਣ ਯੂਏਈ ਦੇ ਡੀਐੱਨਏ ਦਾ ਹਿੱਸਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI