Source :- BBC PUNJABI

ਤਸਵੀਰ ਸਰੋਤ, Getty Images
“ਨਾਨਾ ਕੀ ਤੁਸੀਂ ਵੂਮੈਨਾਈਜ਼ਰ ਹੋ”, ਖ਼ੁਸ਼ਵੰਤ ਸਿੰਘ ਦੀ ਦੋਹਤੀ ਨੇ ਜਦੋਂ 77 ਸਾਲਾਂ ਦੇ ਆਪਣੇ ਨਾਨੇ ਨੂੰ ਇਹ ਸਵਾਲ ਪੁੱਛਿਆ ਤਾਂ ਉਸ ਦੀ ਮਾਂ ਤੇ ਨਾਨੀ ਵੀ ਉੱਥੇ ਹੀ ਬੈਠੀਆਂ ਸਨ।
ਅਸਲ ਵਿੱਚ 16 ਸਾਲਾਂ ਦੀ ਇਹ ਸਕੂਲ ਪੜ੍ਹਦੀ ਬੱਚੀ ਨਾਨੇ ਨੂੰ ਉਨ੍ਹਾਂ ਦੇ ਔਰਤਾਂ ਨਾਲ ਸਬੰਧਾਂ ਬਾਰੇ ਪੁੱਛ ਰਹੀ ਸੀ।
ਖੁਸ਼ਵੰਤ ਸਿੰਘ ਲਿਖਦੇ ਹਨ,”ਮੈਂ ਇਸ ਦਾ ਸਿੱਧਾ ਜਵਾਬ ਦਿੱਤਾ।”
“ਹਾਂ, ਬਿਲਕੁਲ ਮੈਂ ਹਾਂ। ਤੂੰ ਨਹੀਂ ਜਾਣਦੀ ਕਿੰਨੀਆਂ ਖ਼ੂਬਸੂਰਤ ਔਰਤਾਂ ਮੈਨੂੰ ਨਿੱਤ ਮਿਲਣ ਆਉਂਦੀਆਂ ਨੇ।”
ਤਾਂ ਅੱਗਿਓਂ ਜਵਾਬ ਆਇਆ,”ਇਹ ਤਾਂ ਉਸ ਤਰ੍ਹਾਂ ਨਹੀਂ ਹੈ।” ਯਾਨੀ ਬੱਚੀ ਨੇ ਕਿਹਾ ਉਹ ਔਰਤਾਂ ਜੋ ਮਿਲਣ ਆਉਂਦੀਆਂ ਨੇ ਉਸ ਨੂੰ ਉਨ੍ਹਾਂ ਦਾ ਆਉਣਾ ਤਾਂ ਮਾੜਾ ਨਹੀਂ ਲੱਗਦਾ ਸੀ।
ਇਸ ਸਵਾਲ ਜਵਾਬ ਪਿਛਲਾ ਕਾਰਨ ਦੋਹਤੀ ਨੂੰ ਉਸ ਦੀ ਸਕੂਲੀ ਅਧਿਆਪਕਾਂ ਵੱਲੋਂ ਖ਼ੁਸ਼ਵੰਤ ਸਿੰਘ ਦੀ ਇੱਕ ਕਹਾਣੀ ਪੜ੍ਹਾਉਂਦਿਆਂ ਲੇਖਕ ਬਾਰੇ ਦਿੱਤੀ ਜਾਣਕਾਰੀ ਸੀ।
ਅਧਿਆਪਕਾਂ ਨੇ ਕਲਾਸ ਵਿੱਚ ਖ਼ੁਸ਼ਵੰਤ ਸਿੰਘ ਨੂੰ ਇੱਕ ਸ਼ਰਾਬੀ ਤੇ ਅੱਯਾਸ਼ ਮਾਨਸਿਕਤਾ ਦਾ ਦਰਸਾਇਆ। ਜਿਸ ਬਾਰੇ ਖ਼ੁਸ਼ਵੰਤ ਲਿਖਦੇ ਹਨ,”ਇਸ ਵਿੱਚ ਮੈਂ ਉਸ ਦਾ ਕਸੂਰ ਨਹੀਂ ਕੱਢਦਾ। ਆਮ ਲੋਕ ਮੈਨੂੰ ਇਸੇ ਤਰ੍ਹਾਂ ਦੇਖਦੇ ਹਨ। ਕਾਫ਼ੀ ਹੱਦ ਤੱਕ ਇਸ ਪਿੱਛੇ ਮੈਂ ਹੀ ਜ਼ਿੰਮੇਵਾਰ ਹਾਂ।”
“ਮੈਂ ਖ਼ੁਦ ਹੀ ਆਪਣਾ ਅਕਸ ਗੂੜ੍ਹੇ ਰੰਗਾਂ ਵਿੱਚ ਇਸ ਤਰ੍ਹਾਂ ਦਾ ਚਿਤਰਿਆ ਸੀ। ਪਰ ਹਕੀਕਤ ਵਿੱਚ ਮੈਂ ਅਜਿਹਾ ਬਿਲਕੁਲ ਨਹੀਂ। ਬੀਤੇ 50 ਵਰ੍ਹਿਆਂ ਤੋਂ ਮੈਂ ਸ਼ਰਾਬ ਪੀ ਤਾਂ ਰਿਹਾ ਹਾਂ ਪਰ ਇਸ ਦੌਰਾਨ ਇੱਕ ਵੀ ਦਿਨ ਅਜਿਹਾ ਨਹੀਂ ਰਿਹਾ ਜਦੋਂ ਮੈਂ ਸ਼ਰਾਬੀ ਹੋਇਆ ਹੋਵਾਂ। ਨਾ ਹੀ ਔਰਤਾਂ ਪ੍ਰਤੀ ਮੇਰੀ ਮਾਨਸਿਕਤਾ ਅਜਿਹੀ ਰਹੀ।”

ਤਸਵੀਰ ਸਰੋਤ, ALEPH BOOKS COMPANY
ਖ਼ੁਸ਼ਵੰਤ ਸਿੰਘ ਦਾ ਲਿਖਿਆ ਇਹ ਵਾਕਿਆ ‘ਅਨਫ਼ਰੋਗੌਟੇਬਲ ਖ਼ੁਸ਼ਵੰਤ ਸਿੰਘ’ ਨਾਮ ਦੀ ਕਿਤਾਬ ਵਿੱਚ ਦਰਜ ਹੈ।
ਟਰੇਨ ਟੂ ਪਾਕਿਸਤਾਨ ਤੋਂ ਲੈ ਕੇ ਸਿੱਖ ਇਤਿਹਾਸ ਜਿਹੇ ਸੰਵੇਦਨਸ਼ੀਲ ਵਿਸ਼ਿਆ ‘ਤੇ ਲਿਖਣ ਵਾਲੇ ਇਸ ਲੇਖਕ ਬਾਰੇ ਉਨ੍ਹਾਂ ਦੇ ਪੁੱਤ ਅਤੇ ਲੇਖਕ ਰਾਹੁਲ ਸਿੰਘ ਕਹਿੰਦੇ ਹਨ ਕਿ ਉਹ ਬੇਪਰਵਾਹ ਅਤੇ ਮਨਮੌਜੀ ਸਨ ਜਿਨ੍ਹਾਂ ਨੇ ਕਦੇ ਖ਼ੁਦ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ।
ਪੰਜਾਬੀ ਇਤਿਹਾਸਕਾਰ ਹਰਪਾਲ ਸਿੰਘ ਪੰਨੂ ਮੰਨਦੇ ਹਨ,” ਖ਼ੁਸ਼ਵੰਤ ਸਿੰਘ ਨੇ ਪੰਜਾਬ ਤੇ ਪੰਜਾਬੀ ਨੂੰ ਦੁਨੀਆ ਤੱਕ ਪਹੁੰਚਾਇਆ। ਉਨ੍ਹਾਂ ਕਰਕੇ ਪੰਜਾਬ ਦਾ ਦੁਨੀਆਂ ਭਰ ਵਿੱਚ ਸਤਿਕਾਰ ਹੋਇਆ।”
ਖ਼ੁਸ਼ਵੰਤ ਸਿੰਘ ਨੂੰ ਉਨ੍ਹਾਂ ਦੀ ਸਵੈ-ਜੀਵਨੀ ਵਿੱਚ ਦਰਜ ਔਰਤਾਂ ਨਾਲ ਸਬੰਧਾਂ ਬਾਰੇ ਬੇਹੱਦ ਬੇਬਾਕੀ ਨਾਲ ਗੱਲ ਕਰਨ ਬਦਲੇ ਪਾਠਕਾਂ ਦੇ ਇੱਕ ਤਬਕੇ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ, ਇਹ ਅਲੋਚਨਾ ਉਨ੍ਹਾਂ ‘ਤੇ ਬੇਅਸਰ ਸੀ ਤੇ ਉਨ੍ਹਾਂ ਨੇ ਆਪਣੀਆਂ ਕਦਰਾਂ-ਕੀਮਤਾਂ ‘ਤੇ 99 ਸਾਲ ਲੰਬੀ ਖ਼ੁਸ਼ਹਾਲ ਜ਼ਿੰਦਗੀ ਬਤੀਤ ਕੀਤੀ।
‘ਔਰਤਾਂ ਮੇਰਾ ਸਾਥ ਪਸੰਦ ਕਰਦੀਆਂ ਹਨ’

ਤਸਵੀਰ ਸਰੋਤ, https://linktr.ee/kslitfest
ਖ਼ੁਸ਼ਵੰਤ ਸਿੰਘ ਦੀ ਆਲੋਚਨਾ ਉਨ੍ਹਾਂ ਦੀਆਂ ਲਿਖਤਾਂ ਵਿੱਚ ਮੌਜੂਦ ਔਰਤ ਪਾਤਰਾਂ ਨੂੰ ਜਿਸ ਤਰੀਕੇ ਨਾਲ ਚਿਤਰਿਆ ਗਿਆ ਹੈ, ਉਸ ਕਾਰਨ ਤਾਂ ਹੋਈ ਹੀ, ਇਸ ਦਾ ਇੱਕ ਹੋਰ ਕਾਰਨ ਸੀ ਖ਼ੁਸ਼ਵੰਤ ਦੇ ਕਈ ਔਰਤਾਂ ਨਾਲ ਸਬੰਧਾਂ ਬਾਰੇ ਕੀਤੇ ਦਾਅਵੇ।
ਉਨ੍ਹਾਂ ਨੇ ਖ਼ੁਦ ‘ਫ਼ੈਮਿਲੀ ਮੈਟਰਜ਼’ (ਪਰਿਵਾਰਕ ਮਸਲੇ) ਸਿਰਲੇਖ ਲੇਖ ਹੇਠ ਲਿਖਿਆ,”ਹਾਲਾਂਕਿ, ਮੇਰੀ ਜ਼ਿੰਦਗੀ ਵਿੱਚ ਕਈ ਔਰਤਾਂ ਆਈਆਂ, ਜਿਵੇਂ ਕਈ ਮਰਦਾਂ ਦੀ ਜ਼ਿੰਦਗੀ ਵਿੱਚ ਆਉਂਦੀਆਂ ਹਨ।”
“ਪਰ ਮੈਂ ਕਦੇ ਕਿਸੇ ਨਾਲ ਬੇਹੁਦਾ ਮਜ਼ਾਕ ਨਹੀਂ ਕੀਤਾ ਅਤੇ ਨਾ ਹੀ ਕਿਸੇ ਨਾਲ ਬੇਲੋੜੀ ਖੁੱਲ੍ਹ ਲਈ ਕਿ ਉਨ੍ਹਾਂ ਔਰਤਾਂ ਨੇ ਮੈਨੂੰ ਕਦੇ ਕੋਈ ਤਾੜਨਾ ਕੀਤੀ ਹੋਵੇ।”
ਖ਼ੁਸ਼ਵੰਤ ਲਿਖਦੇ ਹਨ ਕਿ ਔਰਤਾਂ ਉਨ੍ਹਾਂ ਦੇ ਸਾਥ ਨੂੰ ਵਧੇਰੇ ਪਸੰਦ ਕਰਦੀਆਂ ਸਨ ਕਿਉਂਕਿ ਉਹ ਚੰਗੇ ਸੁਣਨ ਵਾਲੇ ਅਤੇ ਉਦਾਰ ਦਿਲ ਵਾਲੇ ਸਨ।

ਤਸਵੀਰ ਸਰੋਤ, Rahul Singh
ਰਾਹੁਲ ਸਿੰਘ ਇਸ ਬਾਰੇ ਕਹਿੰਦੇ ਹਨ, “ਉਹ ਸਾਡੀ ਮਾਂ ਪ੍ਰਤੀ ਬੇਹੱਦ ਸਮਰਪਿਤ ਸਨ, ਤਾਂ ਹੀ ਦੋਵਾਂ ਦਾ ਸਾਥ ਇੰਨਾ ਲੰਬਾ ਤੇ ਖ਼ੂਬਸੂਰਤ ਸੀ।”
“ਉਨ੍ਹਾਂ ਜੋ ਕੁਝ ਲਿਖਿਆ ਉਹ ਅਸਲ ਵਿੱਚ ਉਨ੍ਹਾਂ ਦੇ ਕਾਲਪਨਿਕ ਵਿਚਾਰ ਸਨ, ਅਸਲ ਜ਼ਿੰਦਗੀ ਉਨ੍ਹਾਂ ਦੀ ਕਿਤਾਬਾਂ ਵਿੱਚ ਦਰਜ ਜ਼ਿੰਦਗੀ ਤੋਂ ਬਹੁਤ ਅਲੱਗ ਸੀ।”
ਇਸ ਦੀ ਇੱਕ ਉਦਾਹਰਣ ਖ਼ੁਸ਼ਵੰਤ ਸਿੰਘ ਦੀ ਜੀਵਨੀ ‘ֲਟਰੁੱਥ, ਲਵ ਐਂਡ ਏ ਲਿਟਲ ਮਾਲੇਸ’ ਵਿੱਚ ਲਿਖਦੇ ਹਨ,”ਜਦੋਂ ਇੱਕ ਵਾਰ ਮੇਰੇ ਮੇਰੀ ਪਤਨੀ ਨਾਲ ਸਬੰਧ ਕੁਝ ਖ਼ਰਾਬ ਹੋਏ ਤਾਂ ਮੈਂ ਸਾਰੀ ਰਾਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸਾਂ ਕਰਦਿਆਂ ਬਿਤਾਈ ਤੇ ਰੱਬ ਤੋਂ ਇਸ ਔਖੀ ਘੜੀ ਵਿੱਚੋਂ ਕੱਢਣ ਲਈ, ਤਾਕਤ ਮੰਗੀ।”
‘ਨਰਗਿਸ ਮੇਰੇ ਕਮਰੇ ‘ਚ ਸੁੱਤੀ’

ਤਸਵੀਰ ਸਰੋਤ, Getty Images
ਰਾਹੁਲ ਆਪਣੇ ਪਿਤਾ ਖ਼ੁਸ਼ਵੰਤ ਸਿੰਘ ਦੀਆਂ ਕਲਪਨਾਵਾਂ ਦੀ ਅਸੀਮ ਦੁਨੀਆਂ ਦੀ ਮਿਸਾਲ ਉਨ੍ਹਾਂ ਦੇ ਮਖੌਲੀਆ ਸੁਭਾਅ ‘ਚੋਂ ਜਨਮਿਆਂ ਇੱਕ ਕਿੱਸਾ ਸਾਂਝਾ ਕਰਕੇ ਦਿੰਦੇ ਹਨ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਰਗਿਸ ਦੇ ਬੱਚੇ ਹਿਮਾਚਲ ਪ੍ਰਦੇਸ਼, ਸੋਲਨ ਦੇ ਇੱਕ ਸਕੂਲ ਵਿੱਚ ਪੜ੍ਹਦੇ ਸਨ। ਨਰਗਿਸ ਨੇ ਬੱਚਿਆਂ ਦੇ ਸਕੂਲ ਇੱਕ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ ਪਰ ਇਲਾਕੇ ਦੇ ਹੋਟਲ ਪਹਿਲਾਂ ਹੀ ਬੁੱਕ ਹੋ ਚੁੱਕੇ ਸਨ।
ਖ਼ੁਸ਼ਵੰਤ ਸਿੰਘ ਦਾ ਕਸੌਲੀ ਵਿੱਚ ਇੱਕ ਵੀਲਾ ਹੈ। ਨਰਗਿਸ ਨੇ ਖ਼ੁਸ਼ਵੰਤ ਸਿੰਘ ਨੂੰ ਉਨ੍ਹਾਂ ਦੀ ਕਸੌਲੀ ਰਿਹਾਇਸ਼ ਵਿੱਚ ਰਹਿਣ ਦੀ ਸੰਭਾਵਨਾ ਬਾਰੇ ਪੁੱਛਣ ਲਈ ਫ਼ੋਨ ਕੀਤਾ।
ਖੁਸ਼ਵੰਤ ਸਿੰਘ ਨੇ ਨਰਗਿਸ ਨੂੰ ਪਹਿਲਾਂ ਤਾਂ ਪੁੱਛਿਆ ਕਿ ਕੀ ਇਹ ਮਦਰ ਇੰਡੀਆ ਫ਼ਿਲਮ ਵਾਲੀ ਨਰਗਿਸ ਦਾ ਫ਼ੋਨ ਹੈ?
ਜਦੋਂ ਨਰਗਿਸ ਨੇ ਹਾਂ ਕਿਹਾ ਤਾਂ ਖ਼ੁਸ਼ਵੰਤ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੱਤਾ,”ਹਾਂ ਰਹਿ ਸਕਦੇ ਹੋ, ਪਰ ਤਾਂ ਜੇ ਤੁਸੀਂ ਮੈਨੂੰ ਮੇਰੇ ਦੋਸਤਾਂ ਨੂੰ ਦੱਸਣ ਦਿਓਗੇ ਕਿ ਨਰਗਿਸ ਮੇਰੇ ਕਮਰੇ ‘ਚ ਸੁੱਤੀ ਸੀ?”
ਨਰਗਿਸ ਇਹ ਸ਼ਰਤ ਸੁਣ ਕੇ ਬੇਹੱਦ ਹੱਸੀ।
ਜਦੋਂ ਐਮਰਜੈਂਸੀ ਦੀ ਹਮਾਇਤ ਕਰਨ ‘ਤੇ ਪਰਿਵਾਰ ਦੀ ਮੁਖ਼ਾਲਫ਼ਤ ਜਰੀ

ਤਸਵੀਰ ਸਰੋਤ, Getty Images
ਰਾਹੁਲ ਸਿੰਘ ਦੱਸਦੇ ਹਨ ਕਿ ਖ਼ੁਸ਼ਵੰਤ ਇੱਕ ਬੇਹੱਦ ਸੰਜੀਦਾ ਅਤੇ ਭਾਵੁਕ ਕਿਸਮ ਦੇ ਇਨਸਾਨ ਸਨ। ਉਹ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਦੇ ਕਰੀਬੀ ਸਨ।
ਉਹ ਦੋਵਾਂ ਦੀਆਂ ਨੀਤੀਆਂ ਦੇ ਸਮਰਥਕ ਵੀ ਸਨ। ਇਸ ਲਈ ਜਦੋਂ ਇੰਦਰਾਂ ਗਾਂਧੀ ਨੇ 1975 ਵਿੱਚ ਐਮਰਜੈਂਸੀ ਲਾਈ ਤਾਂ ਖ਼ੁਸ਼ਵੰਤ ਸਿੰਘ ਨੇ ਇਸ ਦੀ ਹਮਾਇਤ ਕੀਤੀ।
ਇੱਕ ਲੇਖਕ ਵਜੋਂ ਅਜਿਹਾ ਪੱਖ ਲੈਣ ਬਦਲੇ ਉਨ੍ਹਾਂ ਨੂੰ ਅੰਤਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।
ਰਾਹੁਲ ਦੱਸਦੇ ਹਨ ਕਿ ਇਹ ਇਕਲੌਤਾ ਅਜਿਹਾ ਮੌਕਾ ਸੀ ਜਦੋਂ ਉਨ੍ਹਾਂ ਨੇ ਆਪਣੀ ਮਾਂ ਕਵਲ ਮਲਿਕ ਨੂੰ ਪਿਤਾ ਦੇ ਵਿਰੁੱਧ ਖੜੀ ਦੇਖਿਆ।
ਪਤਨੀ ਕਵਲ ਸਣੇ ਸਾਰੇ ਪਰਿਵਾਰ ਨੇ ਖ਼ੁਸ਼ਵੰਤ ਸਿੰਘ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ।
ਖ਼ੁਸ਼ਵੰਤ ਸਿੰਘ ਦਾ ਪੁੱਤ ਹੋਣ ਲਈ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ

ਮੈਂ ਰਾਹੁਲ ਸਿੰਘ ਨੂੰ ਪੁੱਛਿਆ ਕਿ ਖ਼ੁਸ਼ਵੰਤ ਸਿੰਘ ਜਿਹੇ ਮਹਾਨ ਲੇਖਕ ਜਿਸਦੀ ਸਰਾਹਨਾ ਦੇ ਨਾਲ-ਨਾਲ ਅਲੋਚਨਾ ਵੀ ਰੱਜ ਕੇ ਹੋਈ ਹੋਵੇ ਦਾ ਪੁੱਤ ਹੋਣਾ ਸਮਾਜਿਕ ਤੌਰ ‘ਤੇ ਕਿੰਨਾ ਕੁ ਔਖਾ ਕੰਮ ਸੀ।
ਉਨ੍ਹਾਂ ਦੱਸਿਆ ਕਿ ਔਖਾ ਤਾਂ ਨਹੀਂ ਸੀ ਪਰ ਕਈ ਵਾਰ ਸ਼ਰਮਿੰਦਗੀ ਜ਼ਰੂਰ ਹੋਣਾ ਪਿਆ।
ਰਾਹੁਲ ਨੇ ਐਮਰਜੈਂਸੀ ਦੇ ਦਿਨਾਂ ਹੀ ਇੱਕ ਉਦਾਹਰਣ ਦਿੱਤੀ।
“ਜਦੋਂ ਮੇਰੇ ਪਿਤਾ ਨੇ ਐਮਰਜੈਂਸੀ ਦੀ ਹਮਾਇਤ ਕੀਤੀ, ਉਨੀਂ ਦਿਨੀਂ ਮੈਂ ਅਮਰੀਕਾ ਵਿੱਚ ਸੀ।”
“ਮੇਰੇ ਸਣੇ ਸਾਰਾ ਪਰਿਵਾਰ ਉਨ੍ਹਾਂ ਨਾਲ ਨਾਰਾਜ਼ ਸੀ। ਮੈਂ ਐਮਰਜੈਂਸੀ ਅਤੇ ਆਪਣੇ ਪਿਤਾ ਦੀ ਮੁਖ਼ਾਲਫ਼ਤ ਕਰ ਰਿਹਾ ਸੀ। ਪਰ ਇਸ ਬਾਰੇ ਲੋਕਾਂ ਨੂੰ ਨਹੀਂ ਸੀ ਪਤਾ।”
“ਅਮਰੀਕਾ ਵਿੱਚ ਮੇਰੇ ਦੋਸਤ ਨੇ ਇੱਕ ਪਾਰਟੀ ਰੱਖੀ ਤੇ ਮੈਂ ਵੀ ਉਸ ਵਿੱਚ ਸ਼ਿਰਕਤ ਕੀਤੀ। ਕਾਫ਼ੀ ਪੜ੍ਹੇ-ਲਿਖੇ ਲੋਕ ਉੱਥੇ ਮੌਜੂਦ ਸਨ ਕਈ ਭਾਰਤੀ ਵੀ ਸਨ ਅਤੇ ਐਮਰਜੈਂਸੀ ਬਾਰੇ ਬਹਿਸ ਛਿੜ ਗਈ।”
ਉਹ ਦੱਸਦੇ ਹਨ,” ਇੱਕ ਵਿਅਕਤੀ ਇਸ ਦੌਰਾਨ ਇੰਨਾ ਤਹਿਸ਼ ਵਿੱਚ ਆ ਗਿਆ ਕਿ ਉਸ ਨੇ ਕਿਹਾ ਜੇ ਖ਼ੁਸ਼ਵੰਤ ਸਿੰਘ ਉਸ ਦੇ ਸਾਹਮਣੇ ਹੋਵੇ ਤਾਂ ਮੈਂ ਉਸ ਨੂੰ ਗੋਲੀ ਮਾਰ ਦਿਆਂ।”
ਰਾਹੁਲ ਦੇ ਦੋਸਤ ਨੇ ਮਾਹੌਲ ਕੁਝ ਸੁਖਾਵਾਂ ਕਰਨ ਦੀ ਸੋਚ ਨਾਲ ਕਿਹਾ ਕਿ ਖ਼ੁਸ਼ਵੰਤ ਤਾਂ ਨਹੀਂ ਤੂੰ ਇੱਥੇ ਉਸ ਦੇ ਪੁੱਤ ਦੇ ਜ਼ਰੂਰ ਗੋਲੀ ਮਾਰ ਸਕਦਾਂ।
ਰਾਹੁਲ ਸਿੰਘ ਕਹਿੰਦੇ ਹਨ,”ਅਜਿਹੇ ਮੌਕਿਆਂ ‘ਤੇ ਸ਼ਰਮਿੰਦਾ ਹੋਣ ਤੋਂ ਬਿਨ੍ਹਾਂ ਕੋਈ ਚਾਰਾ ਹੀ ਨਹੀਂ ਸੀ ਹੁੰਦਾ।”
ਹਾਲਾਂਕਿ, ਖ਼ੁਸ਼ਵੰਤ ਸਿੰਘ ਨੇ 1984 ਦੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਉਨ੍ਹਾਂ ਨੂੰ 1974 ਵਿੱਚ ਮਿਲਿਆ ਪਦਮ ਭੂਸ਼ਣ ਸਨਮਾਨ ਵਾਪਸ ਕਰ ਦਿੱਤਾ ਸੀ।
ਬਾਅਦ ਵਿੱਚ 2007 ਵਿੱਚ ਉਨ੍ਹਾਂ ਨੂੰ ਦੇਸ਼ ਦੇ ਸਰਬ-ਉੱਚ ਸਨਮਾਨ ਪਦਮ ਵਿਭੂਸ਼ਣ ਨਾਲ ਵੀ ਨਵਾਜ਼ਿਆ ਗਿਆ।
ਆਲੋਚਕਾਂ ਦੀ ਕਦੇ ਪਰਵਾਹ ਨਹੀਂ ਕੀਤੀ

ਤਸਵੀਰ ਸਰੋਤ, Getty Images
ਰਾਹੁਲ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਸੋਚ ਵਿੱਚ ਮਗਨ ਆਪਣੇ ਫ਼ਲਸਫੇ ਉੱਤੇ ਜ਼ਿੰਦਗੀ ਬਿਤਾਈ ਅਤੇ ਕਦੇ ਵੀ ਆਲੋਚਨਾ ਨੂੰ ਸਵੀਕਾਰਿਆ ਨਹੀਂ।
ਹਰਪਾਲ ਸਿੰਘ ਪੰਨੂ ਦਾ ਕਹਿਣਾ ਹੈ,”ਖ਼ੁਸ਼ਵੰਤ ਸਿੰਘ ਨੇ ਜਿਸ ਪੱਧਰ ਦਾ ਕੰਮ ਕੀਤਾ ਉਸ ਨੂੰ ਸਰਾਹਿਆ ਹੀ ਜਾ ਸਕਦਾ ਹੈ। ਬਹੁਤੇ ਲੋਕਾਂ ਦੀ ਉਨ੍ਹਾਂ ਦੀਆਂ ਲਿਖਤਾਂ ਉੱਤੇ ਟਿੱਪਣੀ ਕਰਨ ਦੀ ਸਮਰੱਥਾ ਹੀ ਨਹੀਂ ਹੈ।”
ਪੰਜਾਬੀ ਲੇਖਕ ਗੁਲਜ਼ਾਰ ਸੰਧੂ ਖੁਸ਼ਵੰਤ ਸਿੰਘ ਦੇ ਅਲੋਚਕਾਂ ਬਾਰੇ ਲਿਖਦੇ ਹਨ, “ਖੁਸ਼ਵੰਤ ਸਿੰਘ ਦੇ ਬਹੁਤੇ ਬਿਰਤਾਂਤ ਪੜ੍ਹ ਕੇ ਗੁੱਸਾ ਤਾਂ ਆਉਂਦਾ ਹੈ ਪਰ ਜੀਅ ਲੱਗਿਆ ਰਹਿੰਦਾ ਹੈ।”
“ਉਸਦੀਆਂ ਲਿਖਤਾਂ ਨਾਪਸੰਦ ਕਰਨ ਵਾਲੇ ਲੋਕ ਉਸ ਨੂੰ ਚੋਰੀ ਪੜ੍ਹਦੇ ਹਨ। ਉਸ ਨੂੰ ਸੁਰਮਾ ਪਾਉਣਾ ਵੀ ਆਉਂਦਾ ਹੈ ਅਤੇ ਮਟਕਾਉਣਾ ਵੀ।”
‘ਮੇਰੀ ਆਪਣੀ ਸਮਾਰਕ’

ਤਸਵੀਰ ਸਰੋਤ, Getty Images
ਖ਼ੁਸ਼ਵੰਤ ਸਿੰਘ ਦਾ ਹੌਸਲਾ ਇੰਨਾ ਸੀ ਕਿ ਉਨ੍ਹਾਂ ਨੇ ਆਪਣੀ ਸਮਾਰਕ ਦੀ ਤਖ਼ਤੀ ‘ਤੇ ਉਕਰਨ ਲਈ ਵੀ ਸ਼ਬਦ ਲਿਖ ਦਿੱਤੇ।
ਉਨ੍ਹਾਂ ਲਿਖਿਆ, “ਇੱਥੇ ਉਹ ਬੰਦਾ ਪਿਆ ਹੈ ਜਿਸ ਨੇ ਨਾ ਬੰਦਿਆਂ ਨੂੰ ਬਖ਼ਸ਼ਿਆ ਤੇ ਨਾ ਰੱਬ ਨੂੰ। ਆਪਣੇ ਹੰਝੂ ਇਸ ‘ਤੇ ਬਰਬਾਦ ਨਾ ਕਰੋ।”
“ਉਸ ਨੇ ਬੇਹੁਦਾ ਗੱਲਾਂ ਲਿਖੀਆਂ, ਜਿਨ੍ਹਾਂ ਨੂੰ ਉਹ ਮਜ਼ੇਦਾਰ ਮੰਨਦਾ ਸੀ।”
ਖ਼ੁਸ਼ਵੰਤ ਸਿੰਘ ਨੇ ਆਪਣੀ ਕਿਤਾਬ ‘ਡੈੱਥ ਐਟ ਮਾਈ ਡੋਰਸਟੈਪ’ ਵਿੱਚ ਲਿਖਿਆ,”ਮੈਂ ਮੌਤ ਨੂੰ ਅੰਤਿਮ ਸੱਚ ਮੰਨਦਾ ਹਾਂ।”
“ਮੈਂ 90 ਸਾਲ ਤੋਂ ਉੱਪਰ ਹਾਂ ਅਤੇ ਇਸ ਪੱਖੋਂ ਸੁਚੇਤ ਹਾਂ ਕਿ ਮੌਤ ਨਾਲ ਮੇਰੇ ਮੇਲ ਦੀ ਘੜੀ ਨੇੜੇ ਆ ਰਹੀ ਹੈ। ਮੈਂ ਇਸ ਬਾਰੇ ਬਹੁਤ ਸੋਚ-ਵਿਚਾਰ ਕੀਤੀ ਹੈ।”
“ਇੱਕ ਤਰਕਵਾਦੀ ਹੋਣ ਕਾਰਨ ਮੈਂ ਜੀਵਨ-ਮਰਨ ਅਤੇ ਪੁਨਰ ਜਨਮ ਦਾ ਇਹ ਪ੍ਰਵਾਣਿਤ ਸਿਧਾਂਤ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਨਿਰਵਾਣ ਪ੍ਰਾਪਤ ਕਰਨ ਤੱਕ ਤੇ ਪ੍ਰਮਾਤਮਾ ਨਾਲ ਅਭੇਦ ਹੋਣ ਤੱਕ ਵੱਖ-ਵੱਖ ਹਾਲਾਤ ਦੀ ਅਮੁੱਕ ਪ੍ਰਕਿਰਿਆ ਵਿੱਚੋਂ ਲੰਘਦੇ ਹਾਂ।”
“ਮੈਂ ਇਸ ਵਿਸ਼ਵਾਸ ਦਾ ਹਮਾਇਤੀ ਕਦੇ ਵੀ ਨਹੀਂ ਰਿਹਾ ਕਿ ਮਰ ਗਿਆਂ ਬਾਰੇ ਕੁਝ ਬੁਰਾ ਨਾ ਕਿਹਾ ਜਾਵੇ। ਸ਼ਰਧਾਂਜਲੀਆਂ ਤਾਂ ਨਿਰਪੱਖ ਤੇ ਸੱਚੀਆਂ ਹੋਣੀਆਂ ਚਾਹੀਦੀਆਂ ਹਨ।”
ਹਡਾਲੀ ਪਿੰਡ ਵਿੱਚ ਜੰਮੇ ਖ਼ੁਸ਼ਵੰਤ ਸਿੰਘ ਦੀ ਮੌਤ ਬਾਰੇ ਹਰਪਾਲ ਸਿੰਘ ਪੰਨੂ ਨੇ ਆਪਣੇ ਇੱਕ ਲੇਖ ਵਿੱਚ ਉਰਦੂ ਦੇ ਮਸ਼ਹੂਰ ਸ਼ਾਇਰ ਬਲਰਾਜ ਕੋਮਲ ਦਾ ਹਵਾਲਾ ਦਿੱਤਾ।
ਬਲਰਾਜ ਕੋਮਲ ਨੇ ਕਿਹਾ, “ਉਹ ਸਾਂਚੇ ਟੁੱਟ ਚੁੱਕੇ ਹਨ ਜਿਨ੍ਹਾਂ ਵਿੱਚ ਖ਼ੁਸ਼ਵੰਤ ਸਿੰਘ ਵਰਗੀਆਂ ਸ਼ਖ਼ਸੀਅਤਾਂ ਢਲੀਆਂ ਸਨ।”
ਰਾਹੁਲ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਿਹਾ ਸੀ, “ਮੇਰੇ ਪਿਤਾ ਨੇ ਇੱਕ ਭਰਪੂਰ ਜ਼ਿੰਦਗੀ ਜੀਵੀ, ਉਨ੍ਹਾਂ ਨੇ ਉਹ ਸਭ ਕੁਝ ਹਾਸਿਲ ਕੀਤਾ ਜਿਸ ਦਾ ਵੀ ਤਸੱਵੁਰ ਕੀਤਾ। ਆਪਣੀ ਮੌਤ ਤੋਂ ਪਹਿਲਾਂ ਉਹ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਿਹਤਰ ਸਬੰਧ ਦੇਖਣਾ ਚਾਹੁੰਦੇ ਸਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI