Home ਰਾਸ਼ਟਰੀ ਖ਼ਬਰਾਂ ਕੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਈਰਾਨ ਖਿਲਾਫ਼ ਛੇੜੀ ਗਈ ਜੰਗ ਗੈਰ-ਕਾਨੂੰਨੀ ਹੈ

ਕੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਈਰਾਨ ਖਿਲਾਫ਼ ਛੇੜੀ ਗਈ ਜੰਗ ਗੈਰ-ਕਾਨੂੰਨੀ ਹੈ

6
0

Source :- BBC PUNJABI

ਈਰਾਨ

ਤਸਵੀਰ ਸਰੋਤ, Amirhossein Khorgooei/ISNA/West Asia News Agency via Reuters

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਅਤੇ ਉਸਦੇ ਜਵਾਬ ਵਿੱਚ ਈਰਾਨ ਦੀ ਕਾਰਵਾਈ ਨੇ ਹੁਣ ਤੱਕ ਕਈ ਨਾਗਰਿਕਾਂ ਦੀ ਜਾਨ ਲੈ ਲਈ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਇਸ ਜੰਗ ਦੀ ਨਿੰਦਾ ਕੀਤੀ ਅਤੇ ਦੋਵਾਂ ਪੱਖਾਂ ਨੂੰ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

ਦੋਵੇਂ ਪੱਖ ਦਾਅਵਾ ਕਰ ਰਹੇ ਹਨ ਕਿ ਉਹ ਸਹੀ ਹਨ, ਪਰ ਇਹ ਤੈਅ ਕਰਨ ਲਈ ਕਿ ਈਰਾਨ ‘ਤੇ ਹੋਏ ਸ਼ੁਰੂਆਤੀ ਹਮਲੇ ਕਾਨੂੰਨੀ ਸਨ ਜਾਂ ਨਹੀਂ, ਸਾਨੂੰ ਪਿੱਛੇ ਝਾਤ ਮਾਰਨੀ ਪਵੇਗੀ।

ਸਾਨੂੰ ਕੌਮਾਂਤਰੀ ਕਾਨੂੰਨ ਦੇ ਉਨ੍ਹਾਂ ਮਾਪਦੰਡਾਂ ਨੂੰ ਮੁੜ ਦੇਖਣਾ ਹੋਵੇਗਾ ਜੋ ਦੂਜੇ ਵਿਸ਼ਵ ਯੁੱਧ ਦੀਆਂ ਭਿਆਨਕ ਘਟਨਾਵਾਂ ਤੋਂ ਬਾਅਦ ਬਣਾਏ ਗਏ ਸਨ ਅਤੇ ਜਿਨ੍ਹਾਂ ‘ਤੇ ਜ਼ਿਆਦਾਤਰ ਦੇਸਾਂ ਨੇ ਸਹਿਮਤੀ ਦਿਖਾਈ ਸੀ।

28 ਫਰਵਰੀ ਨੂੰ ਜਦੋਂ ਅਮਰੀਕਾ ਅਤੇ ਇਜ਼ਰਾਇਲ ਨੇ ਈਰਾਨ ‘ਤੇ ਬੰਬਾਰੀ ਸ਼ੁਰੂ ਕੀਤੀ, ਤਾਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ‘ਤੇ ਇਲਜ਼ਾਮ ਲਾਇਆ ਕਿ ਉਹ ਅਜਿਹੇ ਪਰਮਾਣੂ ਹਥਿਆਰ ਬਣਾ ਰਿਹਾ ਹੈ ਜੋ ਅਮਰੀਕੀ ਸਹਿਯੋਗੀਆਂ ਲਈ ਖਤਰਾ ਹਨ ਅਤੇ ‘ਜਲਦੀ ਹੀ ਅਮਰੀਕਾ ਤੱਕ ਪਹੁੰਚ ਸਕਦੇ ਹਨ।’

ਹਾਲਾਂਕਿ, 2 ਮਾਰਚ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਤਾ ਸੀ ਕਿ ਇਜ਼ਰਾਈਲ ਈਰਾਨ ਵਿਰੁੱਧ ਕਾਰਵਾਈ ਕਰਨ ਵਾਲਾ ਹੈ ਅਤੇ ਈਰਾਨ ਇਸ ਤੋਂ ਬਾਅਦ ਅਮਰੀਕਾ ਨੂੰ ਵੀ ਨਿਸ਼ਾਨਾ ਬਣਾਉਂਦਾ, ਇਸ ਕਾਰਨ ‘ਅਮਰੀਕਾ ਨੂੰ ਉਸ ‘ਤੇ ਹਮਲਾ ਕਰਨ ਦੀ ਪਹਿਲ ਕਰਨੀ ਪਈ।’

ਦੂਜੇ ਪਾਸੇ, ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਬੀਬੀਸੀ ਰੇਡੀਓ4 ਦੇ ਟੂਡੇ ਪ੍ਰੋਗਰਾਮ ਵਿੱਚ ਕਿਹਾ ਕਿ ਈਰਾਨ ਦੀ ‘ਬੰਬ ਬਣਾਉਣ ਦੀ ਕਥਿਤ ਯੋਜਨਾ’ ਹਮਲਿਆਂ ਨੂੰ ਜਾਇਜ਼ ਠਹਿਰਾਉਣ ਲਈ ਕਾਫੀ ਹੈ।

ਈਰਾਨ ਨੇ ਇਸ ਦੇ ਜਵਾਬ ਵਿੱਚ ਇਜ਼ਰਾਈਲ ਅਤੇ ਉਨ੍ਹਾਂ ਮੱਧ ਪੂਰਬੀ ਮੁਲਕਾਂ ‘ਤੇ ਬੰਬਾਰੀ ਕੀਤੀ, ਜਿੱਥੇ ਅਮਰੀਕੀ ਫੌਜੀ ਟਿਕਾਣੇ ਮੌਜੂਦ ਹਨ, ਅਤੇ ਇਸ ਨੂੰ ਆਤਮ-ਰੱਖਿਆ ਦੱਸਿਆ।

ਇਸ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਦੇ ਅਨੁਸਾਰ, ਈਰਾਨ ਵਿੱਚ 780 ਤੋਂ ਵੱਧ ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚ ਕਥਿਤ ਤੌਰ ‘ਤੇ ਇੱਕ ਸਕੂਲ ‘ਤੇ ਹੋਏ ਅਮਰੀਕਾ-ਇਜ਼ਰਾਈਲ ਹਮਲੇ ਵਿੱਚ ਮਾਰੀਆਂ ਗਈਆਂ 165 ਕੁੜੀਆਂ ਅਤੇ ਸਟਾਫ਼ ਵੀ ਸ਼ਾਮਲ ਹਨ। ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਨੇ ਹੁਣ ਤੱਕ ਨਹੀਂ ਮੰਨਿਆ ਹੈ ਕਿ ਇਹ ਹਮਲਾ ਉਨ੍ਹਾਂ ਨੇ ਕੀਤਾ ਹੈ।

ਲੇਬਨਾਨ ਵਿੱਚ ਵੀ ਸੋਮਵਾਰ ਨੂੰ ਹੋਏ ਇਜ਼ਰਾਈਲੀ ਹਮਲਿਆਂ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋਈ।

ਦੂਜੇ ਪਾਸੇ, ਇਜ਼ਰਾਈਲ ਅਤੇ ਹੋਰ ਖਾੜੀ ਦੇਸਾਂ ਵਿੱਚ ਛੇ ਅਮਰੀਕੀ ਸੈਨਿਕਾਂ ਸਮੇਤ ਕਈ ਦਰਜਨ ਲੋਕ ਮਾਰੇ ਗਏ ਹਨ।

ਕੀ ਇਹ ਹਮਲੇ ਕਾਨੂੰਨੀ ਤੌਰ ‘ਤੇ ਸਹੀ ਸਨ?

ਈਰਾਨੀ ਸਰਕਾਰ

ਤਸਵੀਰ ਸਰੋਤ, EPA

ਬੀਬੀਸੀ ਨੇ ਜਿਨ੍ਹਾਂ ਕਾਨੂੰਨੀ ਮਾਹਰਾਂ ਨਾਲ ਗੱਲ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ-ਇਜ਼ਰਾਈਲ ਵੱਲੋਂ ਕੀਤੇ ਗਏ ਸ਼ੁਰੂਆਤੀ ਹਮਲਿਆਂ ਲਈ ਕਾਨੂੰਨੀ ਸ਼ਰਤਾਂ ਪੂਰੀਆਂ ਹੁੰਦੀਆਂ ਨਹੀਂ ਜਾਪਦੀਆਂ, ਪਰ ਨਾਲ ਹੀ, ਈਰਾਨ ਦੀ ਜਵਾਬੀ ਕਾਰਵਾਈ ਵੀ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੋ ਸਕਦੀ ਹੈ।

ਸੰਯੁਕਤ ਰਾਸ਼ਟਰ ਦੇ ਚਾਰਟਰ, ਜੋ ਕਿ ਇਸ ਸੰਸਥਾ ਦਾ ਮੂਲ ਦਸਤਾਵੇਜ਼ ਹੈ, ਦੇ ਤਹਿਤ ਕਿਸੇ ਦੇਸ ਨੂੰ ਆਮ ਤੌਰ ‘ਤੇ ਦੂਜੇ ਦੇਸ ‘ਤੇ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਜਦੋਂ ਤੱਕ ਕੋਈ ਖਾਸ ਅਪਵਾਦ ਲਾਗੂ ਨਾ ਹੁੰਦਾ ਹੋਵੇ।

ਇਸ ਵਿੱਚ ਦੋ ਵੱਡੀਆਂ ਵਿਵਸਥਾਵਾਂ ਮਹੱਤਵਪੂਰਨ ਹਨ:

  • ਅਨੁਛੇਦ 2(4): ਕਿਸੇ ਹੋਰ ਦੇਸ ਵਿਰੁੱਧ ਤਾਕਤ ਦੀ ਵਰਤੋਂ ਜਾਂ ਉਸਦੀ ਧਮਕੀ ‘ਤੇ ਪਾਬੰਦੀ ਲਾਉਂਦਾ ਹੈ।
  • ਅਨੁਛੇਦ 51: ਕਿਸੇ ਹਥਿਆਰਬੰਦ ਹਮਲੇ ਦੇ ਜਵਾਬ ਵਿੱਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ।
ਇਜ਼ਰਾਈਲ

ਤਸਵੀਰ ਸਰੋਤ, Reuters

ਇਸ ਲਈ ਅਸਲ ਕਾਨੂੰਨੀ ਸਵਾਲ ਇਹ ਹੈ ਕਿ ਕੀ ਈਰਾਨ ਕਿਸੇ ਹਮਲੇ ਦਾ ਖਤਰਾ ਪੈਦਾ ਕਰ ਰਿਹਾ ਸੀ?

ਬ੍ਰਿਟੇਨ ਦੇ ਇੰਸਟੀਚਿਊਟ ਆਫ ਐਡਵਾਂਸਡ ਲੀਗਲ ਸਟੱਡੀਜ਼ ਦੀ ਕੌਮਾਂਤਰੀ ਕਾਨੂੰਨ ਮਾਹਿਰ ਸੂਜ਼ਨ ਬਰੋ ਕਹਿੰਦੀ ਹੈ ਕਿ ਜਾਇਜ਼ ਆਤਮ-ਰੱਖਿਆ ਲਈ ‘ਹਮਲੇ ਦੇ ਖਦਸ਼ੇ ਦਾ ਠੋਸ, ਬਿਨਾਂ ਸ਼ੱਕ ਸਬੂਤ’ ਹੋਣਾ ਚਾਹੀਦਾ ਹੈ। ਨਾਲ ਹੀ ਉਹ ਕਹਿੰਦੀ ਹੈ ਕਿ ਉਸ ਨੂੰ ਅਜਿਹਾ ਕੋਈ ਸਬੂਤ ਨਹੀਂ ਦਿਖਿਆ।

ਪ੍ਰਸਿੱਧ ਮਨੁੱਖੀ ਅਧਿਕਾਰ ਵਕੀਲ ਸਰ ਜਿਓਫਰੀ ਨਾਈਸ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਨੇ 1998 ਤੋਂ 2006 ਤੱਕ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਵਿੱਚ ਸਾਬਕਾ ਯੂਗੋਸਲਾਵ ਰਾਸ਼ਟਰਪਤੀ ਸਲੋਬੋਦਨ ਮਿਲੋਸ਼ੇਵਿਚ ਵਿਰੁੱਧ ਮੁਕੱਦਮੇ ਦੀ ਅਗਵਾਈ ਕੀਤੀ ਸੀ।

ਉਹ ਕਹਿੰਦੇ ਹਨ, “ਹੁਣ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜੰਗ ਦੀ ਸ਼ੁਰੂਆਤ ਹੀ ਗੈਰ-ਕਾਨੂੰਨੀ ਸੀ।”

ਅਮਰੀਕਾ ਦੇ ਅੰਦਰ ਵੀ ਕਈ ਡੈਮੋਕ੍ਰੇਟ ਨੇਤਾਵਾਂ ਦਾ ਕਹਿਣਾ ਹੈ ਕਿ ਈਰਾਨ ਵਿਰੁੱਧ ਇਹ ਮੁਹਿੰਮ ਗੈਰ-ਕਾਨੂੰਨੀ ਹੈ, ਕਿਉਂਕਿ ਜੰਗ ਦਾ ਐਲਾਨ ਕਰਨ ਦਾ ਅਧਿਕਾਰ ਸਿਰਫ ਕਾਂਗਰਸ ਕੋਲ ਹੈ।

ਹਾਲਾਂਕਿ, ਕਮਾਂਡਰ-ਇਨ-ਚੀਫ ਹੋਣ ਦੇ ਨਾਤੇ, ਅਮਰੀਕਾ ਦੇ ਰਾਸ਼ਟਰਪਤੀ, ਬਿਨਾਂ ਕਿਸੇ ਰਸਮੀ ਜੰਗ ਦੇ ਐਲਾਨ ਦੇ ਕੁਝ ਸੀਮਤ ਫੌਜੀ ਕਾਰਵਾਈ ਕਰ ਸਕਦੇ ਹਨ।

ਕੀ ਈਰਾਨ ਵੱਲੋਂ ਹਮਲੇ ਦਾ ਖ਼ਤਰਾ ਸੀ?

ਬਹਿਰੀਨ

ਤਸਵੀਰ ਸਰੋਤ, Reuters

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੂਨ 2025 ਵਿੱਚ ਤਿੰਨ ਪਰਮਾਣੂ ਟਿਕਾਣਿਆਂ ‘ਤੇ ਬੰਬਾਰੀ ਤੋਂ ਬਾਅਦ ਅਮਰੀਕਾ ਨੇ ਈਰਾਨ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਸੀ, ਪਰ ਈਰਾਨ ਨੇ ‘ਹਰ ਮੌਕੇ ‘ਤੇ ਆਪਣੇ ਪਰਮਾਣੂ ਇਰਾਦਿਆਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ।’

ਉਨ੍ਹਾਂ ਦਾ ਤਰਕ ਸੀ ਕਿ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਦੁਬਾਰਾ ਖੜ੍ਹਾ ਕਰ ਰਿਹਾ ਹੈ ਅਤੇ ਅਜਿਹੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਹੈ ਜੋ ਅਮਰੀਕੀ ਸਹਿਯੋਗੀਆਂ, ਵਿਦੇਸ਼ਾਂ ਵਿੱਚ ਤਾਇਨਾਤ ਅਮਰੀਕੀ ਸੈਨਿਕਾਂ ਅਤੇ ਅੰਤ ਵਿੱਚ ਅਮਰੀਕੀ ਜ਼ਮੀਨ ਤੱਕ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ।

ਅਮਰੀਕਾ ਵਿੱਚ ਟਰੰਪ ਦੇ ਪਹਿਲੇ ਪ੍ਰਸ਼ਾਸਨ ਦੌਰਾਨ ਰਾਸ਼ਟਰਪਤੀ ਟਰੰਪ ਦੀ ਖੁਫੀਆ ਅਤੇ ਸੁਰੱਖਿਆ ਟੀਮ ਵਿੱਚ ਸ਼ਾਮਲ ਰਹੇ ਐਜ਼ਰਾ ਕੋਹੇਨ ਨੇ ਬੀਬੀਸੀ ਨੂੰ ਦੱਸਿਆ, “ਅਜਿਹੀਆਂ ਕਈ ਰਿਪੋਰਟਾਂ ਮੌਜੂਦ ਹਨ… ਕਿ ਅਮਰੀਕਾ ਜਾਂ ਇਜ਼ਰਾਈਲ ਦੇ ਅੱਗੇ ਵਧਣ ਦਾ ਫੈਸਲਾ ਕਰਨ ਤੋਂ ਪਹਿਲਾਂ ਹੀ ਈਰਾਨੀ ਆਪਣੀਆਂ ਮਿਜ਼ਾਈਲ ਫੋਰਸਾਂ ਨੂੰ ਹਮਲੇ ਲਈ ਤਿਆਰ ਕਰ ਰਹੇ ਸਨ।”

ਇਸ ਦੌਰਾਨ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਡਾਇਰੈਕਟਰ ਰਾਫੇਲ ਗ੍ਰੋਸੀ ਨੇ ਸੋਮਵਾਰ ਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਈਰਾਨ ਦਾ ‘ਬਹੁਤ ਵੱਡਾ ਅਤੇ ਅਭਿਲਾਸ਼ਾਪੂਰਨ ਪਰਮਾਣੂ ਪ੍ਰੋਗਰਾਮ’ ਹੈ, ਪਰ ਉਨ੍ਹਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਦਿਖਿਆ ਜੋ ‘ਪਰਮਾਣੂ ਹਥਿਆਰ ਬਣਾਉਣ ਦੀ ਇੱਕ ਸੰਗਠਿਤ ਯੋਜਨਾ’ ਵੱਲ ਇਸ਼ਾਰਾ ਕਰੇ।

ਅਮਰੀਕਾ ਦੀ ਡਿਫੈਂਸ ਇੰਟੈਲੀਜੈਂਸ ਏਜੰਸੀ (ਡੀਆਈਏ) ਦੀ ਮਈ 2025 ਦੀ ਇੱਕ ਰਿਪੋਰਟ ਦਾ ਸਿੱਟਾ ਸੀ ਕਿ ਈਰਾਨ ਕਈ ਸਾਲਾਂ ਤੱਕ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਹੀਂ ਬਣਾ ਸਕਦਾ।

ਮਾਹਿਰ ਇਹ ਵੀ ਕਹਿੰਦੇ ਹਨ ਕਿ ਟਰੰਪ ਦਾ ਪਿਛਲਾ ਦਾਅਵਾ ਹੈ ਕਿ ਪਿਛਲੇ ਸਾਲ 12 ਦਿਨ ਚੱਲੀ ਇਜ਼ਰਾਈਲ-ਈਰਾਨ ਜੰਗ ਵਿੱਚ ਈਰਾਨ ਦਾ ਪਰਮਾਣੂ ਪ੍ਰੋਗਰਾਮ ‘ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ’- ਇੱਕ ਸੰਭਾਵਿਤ ਖਤਰੇ ਦੇ ਵਿਚਾਰ ਨਾਲ ਮੇਲ ਨਹੀਂ ਖਾਂਦਾ।

ਈਰਾਨੀ ਡ੍ਰੋਨ

ਤਸਵੀਰ ਸਰੋਤ, Reuters

ਕੌਮਾਂਤਰੀ ਕਾਨੂੰਨ ਵਿੱਚ ਸਭ ਤੋਂ ਵੱਡਾ ਵਿਵਾਦ ਇਸ ਗੱਲ ‘ਤੇ ਹੈ ਕਿ ਸੰਭਾਵਿਤ ਖਤਰੇ ਦੀ ਵਿਆਖਿਆ ਕਿੰਨੀ ਸੰਕੁਚਿਤ ਜਾਂ ਕਿੰਨੀ ਵਿਆਪਕ ਹੋਣੀ ਚਾਹੀਦੀ ਹੈ।

ਕੈਂਬ੍ਰਿਜ ਯੂਨੀਵਰਸਿਟੀ ਦੇ ਕੌਮਾਂਤਰੀ ਕਾਨੂੰਨ ਮਾਹਿਰ ਮਾਰਕ ਵੇਲਰ ਦੱਸਦੇ ਹਨ ਕਿ ਰਵਾਇਤੀ ਤੌਰ ‘ਤੇ, ਸੰਭਾਵਿਤ ਦਾ ਅਰਥ “ਉਸ ਅੰਤਿਮ ਸੰਭਾਵਿਤ ਪਲ ਤੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਅਜਿਹੇ ਹਮਲੇ ਨੂੰ ਰੋਕ ਸਕਦੇ ਹੋ ਜੋ ਨਿਸ਼ਚਤ ਤੌਰ ‘ਤੇ ਤੁਹਾਡੀ ਜ਼ਮੀਨ ‘ਤੇ ਹੋਣ ਵਾਲਾ ਹੈ।”

ਸੂਜ਼ਨ ਬਰੋ ਕਹਿੰਦੀ ਹੈ ਕਿ ਲੰਬੇ ਸਮੇਂ ਤੋਂ ਇਹ ਬਹਿਸ ਚੱਲ ਰਹੀ ਹੈ ਕਿ ਕਿਸੇ ਦੇਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਗਈ ਤਾਕਤ ਦੀ ਵਰਤੋਂ ਨੂੰ ਕਦੋਂ ਜਾਇਜ਼ ਮੰਨਿਆ ਜਾਵੇ।

ਕੁਝ ਕਹਿੰਦੇ ਹਨ ਕਿ ਜਦੋਂ ਹਮਲਾ ਸ਼ੁਰੂ ਹੋ ਚੁੱਕਾ ਹੋਵੇ, ਉਦੋਂ, ਜਦਕਿ ਦੂਜੇ ਮੰਨਦੇ ਹਨ ਕਿ ਜੇਕਰ ਭਰੋਸੇਯੋਗ ਸਬੂਤ ਹਨ ਕਿ ਹਮਲਾ ਬਹੁਤ ਜਲਦੀ ਹੋਣ ਵਾਲਾ ਹੈ, ਤਾਂ ਉਸ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਜਾਇਜ਼ ਹੋ ਸਕਦੀ ਹੈ।

ਲੇਕਿਨ ਇਸਦੇ ਨਾਲ ਹੀ ਉਹ ਜ਼ੋਰ ਦੇ ਕੇ ਕਹਿੰਦੀ ਹੈ, “ਪਰ ਇਹ (ਜਲਦੀ) 10 ਸਾਲ ਬਾਅਦ ਨਹੀਂ ਹੋ ਸਕਦਾ।”

ਸੂਜ਼ਨ ਬਰੋ ਕਹਿੰਦੀ ਹੈ ਕਿ ਜਾਇਜ਼ ਆਤਮ-ਰੱਖਿਆ ਲਈ ਦੋ ਹੋਰ ਸ਼ਰਤਾਂ ਵੀ ਜ਼ਰੂਰੀ ਹਨ, ਜ਼ਰੂਰਤ “ਭਾਵ ਅਜਿਹੇ ਹਾਲਾਤ ਜਿਸ ਵਿੱਚ ਕੋਈ ਹੋਰ ਵਿਕਲਪ ਬਚਿਆ ਹੀ ਨਾ ਹੋਵੇ।” ਅਤੇ ਅਨੁਪਾਤਕਤਾ ਭਾਵ ਜਵਾਬੀ ਕਾਰਵਾਈ ਉਨੀ ਹੀ ਹੋਵੇ ਜਿੰਨੀ ਬਿਲਕੁਲ ਜ਼ਰੂਰੀ ਹੋਵੇ।

ਵੇਲਰ ਅਤੇ ਬਰੋ ਦੋਵੇਂ ਮੰਨਦੇ ਹਨ ਕਿ 1967 ਵਿੱਚ ਛੇ ਦਿਨਾਂ ਦੀ ਜੰਗ ਦੌਰਾਨ ਮਿਸਰ ਵਿਰੁੱਧ ਇਜ਼ਰਾਈਲ ਦਾ ਹਮਲਾ ਆਧੁਨਿਕ ਇਤਿਹਾਸ ਵਿੱਚ ਪੇਸ਼ੀਨਗੋਈ ਦੇ ਅਧਾਰ ‘ਤੇ ਆਤਮ-ਰੱਖਿਆ ਦੀਆਂ ਸਭ ਤੋਂ ਚਰਚਿਤ ਮਿਸਾਲਾਂ ਵਿੱਚੋਂ ਇੱਕ ਹੈ।

ਬਰੋ ਕਹਿੰਦੀ ਹੈ, ਉਸ ਸਮੇਂ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਮਿਸਰ ਦੀ ਫੌਜ ਸਰਹੱਦ ‘ਤੇ ਇਕੱਠੀ ਹੋ ਕੇ ਹਮਲਾ ਕਰਨ ਵਾਲੀ ਹੈ।

ਪਰ ਉਹ ਇਹ ਵੀ ਕਹਿੰਦੀ ਹੈ ਕਿ ਉਦੋਂ ਵੀ ਇਜ਼ਰਾਈਲ ਦੀ ਕਾਰਵਾਈ ਵਿਵਾਦਤ ਮੰਨੀ ਗਈ ਸੀ।

ਕੀ ਈਰਾਨ ਦੀ ਜਵਾਬੀ ਕਾਰਵਾਈ ਕਾਨੂੰਨੀ ਹੈ?

ਰਾਜਧਾਨੀ ਤੇਲ ਅਵੀਵ

ਤਸਵੀਰ ਸਰੋਤ, Reuters

ਕਈ ਮਾਹਰਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਈਰਾਨ ਨੇ ਵੀ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕੀਤੀ ਹੋਵੇ।

ਵੇਲਰ ਕਹਿੰਦੇ ਹਨ ਕਿ ਈਰਾਨ ਨੇ ਖਾੜੀ ਦੇਸਾਂ ‘ਤੇ ਜੋ ‘ਅੰਨ੍ਹੇਵਾਹ ਹਮਲੇ’ ਕੀਤੇ, ਉਹ ਕੌਮਾਂਤਰੀ ਕਾਨੂੰਨ ਦੇ ਖ਼ਿਲਾਫ਼ ਹਨ।

ਸਰ ਜਿਓਫਰੀ ਨਾਈਸ ਕਹਿੰਦੇ ਹਨ ਕਿ ਭਾਵੇਂ ਈਰਾਨ ਇਸ ਨੂੰ ਆਤਮ-ਰੱਖਿਆ ਦੱਸੇ, ਪਰ ਜਵਾਬ ਅਨੁਪਾਤਕ ਹੋਣਾ ਚਾਹੀਦਾ ਹੈ। ਅਨੁਪਾਤਕਤਾ ਦਾ ਮਤਲਬ ਹੈ, ਫੌਜੀ ਨਿਸ਼ਾਨੇ ਅਤੇ ਉਸ ਤੋਂ ਹੋਣ ਵਾਲੇ ਸੰਭਾਵਿਤ ਨਾਗਰਿਕ ਨੁਕਸਾਨ ਦੇ ਵਿਚਕਾਰ ਸੰਤੁਲਨ।

ਉਨ੍ਹਾਂ ਅਨੁਸਾਰ, “ਈਰਾਨ ਜੋ ਮਿਜ਼ਾਈਲਾਂ ਵਰਤ ਰਿਹਾ ਹੈ, ਜਿਨ੍ਹਾਂ ਦੀ ਦਿਸ਼ਾ ਅਤੇ ਨਿਸ਼ਾਨਾ ਸਟੀਕ ਨਹੀਂ ਹਨ, ਉਨ੍ਹਾਂ ਨੂੰ ਆਸਾਨੀ ਨਾਲ ਗੈਰ-ਅਨੁਪਾਤਕ ਅਤੇ ਇਸ ਲਈ ਗੈਰ-ਕਾਨੂੰਨੀ ਕਿਹਾ ਜਾ ਸਕਦਾ ਹੈ।”

ਬਰੋ ਵੀ ਇਸ ਨਾਲ ਸਹਿਮਤ ਹੈ ਅਤੇ ਉਦਾਹਰਣ ਦਿੰਦੀ ਹੈ ਕਿ ਦੁਬਈ ਦੇ ਮਸ਼ਹੂਰ ਫੇਅਰਮੋਂਟ ਹੋਟਲ ‘ਤੇ ਈਰਾਨੀ ਹਮਲਾ ਹੋਇਆ, “ਉਹ ਕੋਈ ਫੌਜੀ ਨਿਸ਼ਾਨਾ ਨਹੀਂ ਸੀ, ਸਗੋਂ ਨਾਗਰਿਕ ਢਾਂਚਾ ਸੀ।”

ਇੱਕ ਖ਼ਤਰਨਾਕ ਮਿਸਾਲ

ਈਰਾਨ

ਤਸਵੀਰ ਸਰੋਤ, West Asia News Agency via Reuters

ਮਾਹਰ ਚੇਤਾਵਨੀ ਦਿੰਦੇ ਹਨ ਕਿ ਜੇਕਰ ਗੈਰ-ਕਾਨੂੰਨੀ ਤਾਕਤ ਦੀ ਵਰਤੋਂ ਨੂੰ ਸਪੱਸ਼ਟ ਤੌਰ ‘ਤੇ ਚਿੰਨ੍ਹਿਤ ਨਹੀਂ ਕੀਤਾ ਗਿਆ, ਤਾਂ ਸਮੇਂ ਦੇ ਨਾਲ ਕੌਮਾਂਤਰੀ ਕਾਨੂੰਨੀ ਵਿਵਸਥਾ ਕਮਜ਼ੋਰ ਪੈ ਸਕਦੀ ਹੈ।

ਬਰੋ ਚੇਤਾਵਨੀ ਦਿੰਦੀ ਹੈ ਕਿ ਇਸ ਨਾਲ ਦੂਜੇ ਦੇਸਾਂ ਨੂੰ ਵੀ ਇਸੇ ਤਰ੍ਹਾਂ ਦਾ ਤਰਕ ਦੇ ਕੇ ਤਾਕਤ ਦੀ ਵਰਤੋਂ ਕਰਨ ਦਾ ਮੌਕਾ ਮਿਲ ਜਾਵੇਗਾ- ਉਦਾਹਰਣ ਵਜੋਂ ਚੀਨ, ਜੋ ਤਾਈਵਾਨ ਨੂੰ ਆਪਣਾ ਇੱਕ- ਵੱਖ ਹੋ ਚੁੱਕਾ- ਸੂਬਾ ਮੰਨਦਾ ਹੈ।

ਉਹ ਕਹਿੰਦੀ ਹੈ, “ਕੌਮਾਂਤਰੀ ਵਿਵਸਥਾ ਲਈ ਇਸ ਤੋਂ ਵੱਡਾ ਖ਼ਤਰਾ ਹੋਰ ਕੁਝ ਨਹੀਂ ਕਿ ਅਸੀਂ ਗੈਰ-ਕਾਨੂੰਨੀ ਤਾਕਤ ਦੀ ਵਰਤੋਂ ਨੂੰ ਸਵੀਕਾਰ ਕਰ ਲਈਏ।”

ਚੈਟਮ ਹਾਊਸ ਲਈ ਲਿਖੇ ਇੱਕ ਲੇਖ ਵਿੱਚ, ਵੇਲਰ ਚੇਤਾਵਨੀ ਦਿੰਦੇ ਹਨ ਕਿ ਜੇ ਅਜਿਹਾ ਹੋਇਆ, ਤਾਂ ‘ਭਵਿੱਖ ਵਿੱਚ ਰੂਸ ਦੀ ਹੋਰ ਹਮਲਾਵਰਤਾ ਜਾਂ ਚੀਨ ਦੇ ਵਿਸਤਾਰਵਾਦੀ ਕਦਮਾਂ’ ਦਾ ਵਿਰੋਧ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਅਜਿਹਾ ਕਰਨ ‘ਤੇ ‘ਦੋਹਰੇ ਮਾਪਦੰਡ ਅਪਣਾਉਣ ਅਤੇ ਪਾਖੰਡ ਕਰਨ ਦਾ ਇਲਜ਼ਾਮ ਲੱਗੇਗਾ।’ ਫਿਰ ਅਮਰੀਕਾ ਸਮੇਤ ਹੋਰ ਦੇਸਾਂ ਨੂੰ “ਪਛਤਾਵਾ ਹੋਵੇਗਾ ਕਿ ਇਸ ਕਾਰਨ ਕਾਨੂੰਨੀ ਅਤੇ ਨੈਤਿਕ ਭਰੋਸੇਯੋਗਤਾ ਗੁਆ ਦਿੱਤੀ ਗਈ ਹੈ।”

ਜੇਕਰ ਤਾਕਤਵਰ ਦੇਸ਼ ਵਾਰ-ਵਾਰ ਬਿਨਾਂ ਨਤੀਜੇ ਭੁਗਤੇ ਕੌਮਾਂਤਰੀ ਕਾਨੂੰਨ ਤੋੜਦੇ ਰਹੇ, ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੀ ਵਿਵਸਥਾ ਢਹਿ ਸਕਦੀ ਹੈ, ਅਤੇ ਉਸਦੀ ਥਾਂ ‘ਤਾਕਤਵਰ ਦਾ ਹੀ ਕਾਨੂੰਨ’ ਵਾਲੀ ਦੁਨੀਆ ਲੈ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI