Source :- BBC PUNJABI
ਤਸਵੀਰ ਸਰੋਤ, EPA
ਦੁਨੀਆ ਭਰ ਦੇ ਮੁਸਲਮਾਨ ਉਨ੍ਹਾਂ ਦਸਤਾਵੇਜ਼ਾਂ ‘ਤੇ ਰੋਸ ਪ੍ਰਗਟ ਕਰ ਰਹੇ ਹਨ ਜੋ ਇਹ ਦੱਸਦੇ ਹਨ ਕਿ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਕਾਬਾ ਨੂੰ ਢਕਣ ਵਾਲੇ ਕੱਪੜੇ (ਕਿਸਵਾ) ਦੇ ਕਈ ਟੁਕੜੇ ਸੈਕਸ ਅਪਰਾਧੀ ਜੈਫਰੀ ਐਪਸਟੀਨ ਨੂੰ ਭੇਜੇ ਗਏ ਸਨ।
30 ਜਨਵਰੀ ਨੂੰ ਅਮਰੀਕੀ ਨਿਆਂ ਵਿਭਾਗ ਦੁਆਰਾ ਜਾਰੀ ਕੀਤੀ ਗਈ ‘ਐਪਸਟੀਨ ਫਾਈਲਾਂ’ ਦੀ ਕਿਸ਼ਤ ਵਿੱਚ 2017 ਦੀਆਂ ਈਮੇਲਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਗ਼ਿਲਾਫ਼-ਏ-ਕਾਬਾ (ਕਿਸਵਾ) ਦੇ ਤਿੰਨ ਟੁਕੜਿਆਂ ਦੀ ਖੇਪ ਦੀ ਪਛਾਣ ਕੀਤੀ ਗਈ ਹੈ, ਜੋ ਸਾਊਦੀ ਅਰਬ ਤੋਂ ਕੈਰੇਬੀਅਨ ਵਿੱਚ ਐਪਸਟੀਨ ਦੇ ਘਰ ਭੇਜੇ ਗਏ ਸਨ।
ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਉਪਭੋਗਤਾ ਨੇ ਲਿਖਿਆ, “ਜ਼ਰਾ ਸੋਚੋ ਕਿ ਦੁਨੀਆ ਦੇ ਸਭ ਤੋਂ ਪਵਿੱਤਰ ਸਥਾਨ ਦਾ ਇੱਕ ਹਿੱਸਾ ਸਭ ਤੋਂ ਗੰਦੀ ਥਾਂ ‘ਤੇ ਭੇਜਿਆ ਗਿਆ।”
ਸਾਲ 2014 ਦੀ ਇੱਕ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਪਸਟੀਨ ਇੱਕ ਆਦਮੀ ਨਾਲ ਜ਼ਮੀਨ ‘ਤੇ ਪਏ ਕੱਪੜੇ ਦੇ ਇੱਕ ਟੁਕੜੇ ਦਾ ਮੁਆਇਨਾ ਕਰ ਰਹੇ ਹਨ। ਇਹ ਕੱਪੜਾ ਕਾਬਾ ਦੇ ਦਰਵਾਜ਼ੇ ਨੂੰ ਢਕਣ ਵਾਲੇ ‘ਕਿਸਵਾ’ ਦੇ ਸਭ ਤੋਂ ਸਜਾਵਟੀ ਹਿੱਸੇ ਵਰਗਾ ਨਜ਼ਰ ਆਉਂਦਾ ਹੈ।
ਇੱਕ ਹੋਰ ਐਕਸ ਉਪਭੋਗਤਾ ਨੇ ਲਿਖਿਆ, “ਇਹ ਵੇਖ ਕੇ ਮੇਰਾ ਦਿਲ ਟੁੱਟ ਗਿਆ ਕਿ ਕਿਸਵਾ ਨੂੰ ਕਾਲੀਨ ਵਾਂਗ ਫਰਸ਼ ‘ਤੇ ਵਿਛਾਇਆ ਗਿਆ।”
ਹਾਲਾਂਕਿ ਇਸ ਤਸਵੀਰ ਦਾ ਉਨ੍ਹਾਂ ਦਸਤਾਵੇਜ਼ਾਂ ਨਾਲ ਕੋਈ ਸਿੱਧਾ ਸੰਬੰਧ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਸਵਾ ਦੇ ਹਿੱਸੇ ਸਾਲ 2017 ਵਿੱਚ ਐਪਸਟੀਨ ਨੂੰ ਭੇਜੇ ਗਏ ਸਨ। ਇਹ ਵੀ ਤੈਅ ਨਹੀਂ ਹੈ ਕਿ ਤਸਵੀਰ ਵਿੱਚ ਨਜ਼ਰ ਆ ਰਿਹਾ ਕੱਪੜਾ ਅਸਲ ਵਿੱਚ ‘ਕਿਸਵਾ’ ਦਾ ਹੀ ਹਿੱਸਾ ਹੈ ਜਾਂ ਨਹੀਂ।
ਮਸਜਿਦ
ਤਸਵੀਰ ਸਰੋਤ, Source: US Department of Justice
ਗਿਲਾਫ਼-ਏ-ਕਾਬਾ ਨੂੰ ਕਾਲੇ ਰੰਗ ਦੇ ਜਿਸ ਰੇਸ਼ਮ ਨਾਲ ਤਿਆਰ ਕੀਤਾ ਜਾਂਦਾ ਹੈ, ਉਸ ‘ਤੇ ਸੁਨਹਿਰੀ ਅਤੇ ਚਾਂਦੀ ਦੀਆਂ ਤਾਰਾਂ ਨਾਲ ਕੁਰਾਨ ਦੀਆਂ ਆਯਤਾਂ ਉਕੇਰੀਆਂ ਜਾਂਦੀਆਂ ਹਨ।
ਮੱਕਾ ਵਿੱਚ ਮਸਜਿਦ ਅਲ-ਹਰਮ ਦੇ ਕੇਂਦਰ ਵਿੱਚ ਮੌਜੂਦ ਕਾਬਾ ਦੀਆਂ ਚਾਰਾਂ ਦੀਵਾਰਾਂ ਨੂੰ ‘ਕਿਸਵਾ’ ਨਾਲ ਢੱਕਿਆ ਜਾਂਦਾ ਹੈ। ਹਰ ਸਾਲ ਲੱਖਾਂ ਜ਼ਾਇਰੀਨ (ਤੀਰਥਯਾਤਰੀ) ਇਸ ਨੂੰ ਛੂਹੰਦੇ ਹਨ ਅਤੇ ਨਵੇਂ ਇਸਲਾਮੀ ਸਾਲ ਦੇ ਮੌਕੇ ‘ਤੇ ਇੱਕ ਸਮਾਰੋਹ ਵਿੱਚ ਇਸ ਨੂੰ ਬਦਲਿਆ ਜਾਂਦਾ ਹੈ।
ਅਮਰੀਕੀ ਨਿਆਂ ਵਿਭਾਗ ਦੇ ਆਰਕਾਈਵ ਮੁਤਾਬਕ, ਸਾਲ 2017 ਵਿੱਚ ਐਪਸਟੀਨ ਦੇ ਸਟਾਫ਼ ਅਤੇ ‘ਅਜ਼ੀਜ਼ ਅਲ-ਅਹਮਦੀ’ ਨਾਮ ਦੇ ਇੱਕ ਸ਼ਖ਼ਸ ਵਿਚਕਾਰ ਈਮੇਲ ਰਾਹੀਂ ਗੱਲਬਾਤ ਹੋਈ। ਇਸ ਵਿੱਚ ਐਪਸਟੀਨ ਨੂੰ ‘ਕਿਸਵਾ’ ਦੇ ਤਿੰਨ ਟੁਕੜਿਆਂ ਦੀ ਡਿਲਿਵਰੀ ਦਾ ਇੰਤਜ਼ਾਮ ਕੀਤਾ ਗਿਆ ਸੀ।
ਇਨ੍ਹਾਂ ਵਿੱਚ ਇੱਕ ਹਰੇ ਰੰਗ ਦਾ ਟੁਕੜਾ ਸੀ ਜਿਸਨੂੰ ਕਾਬਾ ਦੇ ਅੰਦਰ ਵਰਤੇ ਜਾਣ ਵਾਲੇ ਕੱਪੜੇ ਵਜੋਂ ਦੱਸਿਆ ਗਿਆ, ਦੂਜਾ ਬਾਹਰੀ ਗਿਲਾਫ਼ ਵਿੱਚ ਵਰਤਿਆ ਜਾਣ ਵਾਲਾ ਕਾਲਾ ਕੱਪੜਾ, ਅਤੇ ਤੀਜਾ ਇਸੇ ਸਮੱਗਰੀ ਨਾਲ ਬਣਿਆ ਇੱਕ ਕੜ੍ਹਾਈ ਵਾਲਾ ਕੱਪੜਾ, ਜੋ ਵਰਤਿਆ ਨਹੀਂ ਗਿਆ ਸੀ।
ਫਰਵਰੀ 2017 ਦੀ ਇੱਕ ਈਮੇਲ ਇਸ਼ਾਰਾ ਕਰਦੀ ਹੈ ਕਿ ‘ਅਹਮਦੀ’ ਕਹੇ ਜਾਣ ਵਾਲੇ ਕਿਸੇ ਸ਼ਖ਼ਸ ਦੇ ਸਹਾਇਕ ਨੇ ਐਪਸਟੀਨ ਦੇ ਸਟਾਫ਼ ਨੂੰ ਦੱਸਿਆ ਕਿ ਉਹ ਮਸਜਿਦ ਲਈ ਕਾਬਾ ਦੇ ਕੁਝ ਟੁਕੜੇ ਭੇਜਣਗੇ। ਇਹ ਸਾਫ਼ ਨਹੀਂ ਹੈ ਕਿ ਉਹ ‘ਮਸਜਿਦ’ ਐਪਸਟੀਨ ਦੀ ਜਾਇਦਾਦ ਦੇ ਕਿਸੇ ਹਿੱਸੇ ਨੂੰ ਕਹਿ ਰਹੇ ਸਨ ਜਾਂ ਨਹੀਂ।
ਹੁਣ ਤੱਕ ਸਮੀਖਿਆ ਕੀਤੀਆਂ ਗਈਆਂ ਐਪਸਟੀਨ ਫ਼ਾਈਲਾਂ ਵਿੱਚ ਉਸ ਟਾਪੂ ‘ਤੇ ਕਿਸੇ ਮਸਜਿਦ ਦਾ ਜ਼ਿਕਰ ਨਹੀਂ ਹੈ, ਪਰ ਅਮਰੀਕੀ ਨਿਆਂ ਵਿਭਾਗ ਦੀ ਵੈੱਬਸਾਈਟ ‘ਤੇ ਮੌਜੂਦ ਦਸਤਾਵੇਜ਼ ਮੁਤਾਬਕ ਇੱਕ ਛੋਟੀ ਇਮਾਰਤ ‘ਮੰਦਰ’ ਦਾ ਜ਼ਿਕਰ ਮਿਲਦਾ ਹੈ।
ਇਹ ਸਾਫ਼ ਨਹੀਂ ਹੈ ਕਿ ਈਮੇਲ ਵਿੱਚ ਇਸ ਦਾ ਕੀ ਮਤਲਬ ਸੀ। ਇਹ ‘ਲਿਟਲ ਸੇਂਟ ਜੇਮਜ਼’ ਟਾਪੂ ‘ਤੇ ਇੱਕ ਮੰਦਰ ਹੈ। ਇਹ ਟਾਪੂ ਦੇ ਦੱਖਣੀ ਹਿੱਸੇ ਵਿੱਚ ਸੁਨਹਿਰੀ ਗੁੰਬਦ ਵਾਲੀ ਇੱਕ ਛੋਟੀ ਜਿਹੀ ਇਮਾਰਤ ਹੈ।
ਚੇਤੇ ਰਹੇ ਕਿ ਦਸਤਾਵੇਜ਼ ਵਿੱਚ ਜਿਸ ‘ਮਸਜਿਦ’ ਦਾ ਜ਼ਿਕਰ ਕੀਤਾ ਗਿਆ, ਉਹ ਮੱਕਾ ਦੀ ਮਸਜਿਦ ਅਲ-ਹਰਮ ਨਹੀਂ ਹੈ ਜਿੱਥੇ ਕਾਬਾ ਸਥਿਤ ਹੈ।
ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਾਰਗੋ 4 ਮਾਰਚ 2017 ਨੂੰ ਪਾਮ ਬੀਚ ਸਥਿਤ ਐਪਸਟੀਨ ਦੇ ਘਰ ਪਹੁੰਚਿਆ ਅਤੇ ਫਿਰ ਉਸਨੂੰ ਅਮਰੀਕੀ ਵਰਜਿਨ ਆਇਲੈਂਡਜ਼ ਵਿੱਚ ਸੇਂਟ ਥਾਮਸ ਭੇਜ ਦਿੱਤਾ ਗਿਆ।
ਇਹ ਐਪਸਟੀਨ ਦੇ ਨਿੱਜੀ ਟਾਪੂ ‘ਲਿਟਲ ਸੇਂਟ ਜੇਮਜ਼’ ਦੇ ਨੇੜੇ ਹੈ, ਜਿਸ ਬਾਰੇ ਕਈ ਪੀੜਤਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਉੱਥੇ ਤਸਕਰੀ ਕਰਕੇ ਲਿਆਂਦਾ ਗਿਆ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਤਸਵੀਰ ਸਰੋਤ, Reuters
14 ਮਾਰਚ 2017 ਦੀ ਤਾਰੀਖ਼ ਵਾਲੇ ਅਮਰੀਕੀ ਕਸਟਮ ਫਾਰਮ ‘ਤੇ ਇਸ ਸਮਾਨ ਨੂੰ ‘ਪੇਂਟਿੰਗਜ਼, ਡਰਾਇੰਗਜ਼ ਅਤੇ ਪੇਸਟਲਜ਼’ ਦੱਸਿਆ ਗਿਆ ਸੀ। 21 ਮਾਰਚ ਦੀ ਇੱਕ ਈਮੇਲ ਵਿੱਚ ‘ਐਪਸਟੀਨ ਦੇ ਘਰ’ ਕਿਸਵਾ ਦੇ ਟੁਕੜੇ ਡਿਲਿਵਰ ਹੋਣ ਦੀ ਪੁਸ਼ਟੀ ਕੀਤੀ ਗਈ।
ਇਸ ਤੋਂ ਬਾਅਦ ਅਹਮਦੀ ਵੱਲੋਂ ਭੇਜੀ ਇੱਕ ਈਮੇਲ ਵਿੱਚ ਐਪਸਟੀਨ ਨੂੰ ਦੱਸਿਆ ਗਿਆ ਕਿ ਉਸ ਕਾਲੇ ਟੁਕੜੇ ਨੂੰ “ਸੁੰਨੀ, ਸ਼ੀਆ ਅਤੇ ਹੋਰ ਫਿਰਕਿਆਂ ਦੇ ਘੱਟੋ-ਘੱਟ ਇੱਕ ਕਰੋੜ ਮੁਸਲਮਾਨਾਂ ਨੇ ਛੂਹਿਆ ਹੈ।”
ਈਮੇਲ ਵਿੱਚ ਕਿਹਾ ਗਿਆ, “ਉਹ ਕਾਬਾ ਦੇ ਚਾਰੇ ਪਾਸੇ ਸੱਤ ਵਾਰ ਚੱਕਰ ਲਗਾਉਂਦੇ ਹਨ। ਫਿਰ ਹਰ ਕੋਈ ਇਸਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਇਸ ਟੁਕੜੇ ‘ਤੇ ਆਪਣੀਆਂ ਦੁਆਵਾਂ, ਖ਼ਾਹਿਸ਼ਾਂ, ਹੰਝੂ ਅਤੇ ਉਮੀਦਾਂ ਰੱਖਦੇ ਹਨ।”
ਇਹ ਸਪਸ਼ਟ ਨਹੀਂ ਹੈ ਕਿ ਐਪਸਟੀਨ ਨੂੰ ‘ਕਿਸਵਾ’ ਦੇ ਟੁਕੜੇ ਤੋਹਫ਼ੇ ਵਜੋਂ ਮਿਲੇ ਸਨ ਜਾਂ ਉਹ ਅਸਲੀ ਸੀ ਵੀ ਜਾਂ ਨਹੀਂ। ਹਾਲਾਂਕਿ ਅਮਰੀਕੀ ਰਿਕਾਰਡ ਮੁਤਾਬਕ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਐਪਸਟੀਨ ਨੂੰ ਸਾਊਦੀ ਅਰਬ ਤੋਂ ਕੋਈ ਸਮਾਨ ਭੇਜਿਆ ਗਿਆ ਹੋਵੇ।
27 ਜਨਵਰੀ 2017 ਨੂੰ ਦੋਹਾਂ ਪਾਸਿਆਂ ਵੱਲੋਂ ਭੇਜੀਆਂ ਗਈਆਂ ਈਮੇਲਾਂ ਵਿੱਚ ਇੱਕ ਸ਼ਖ਼ਸ ਨੇ, ਜਿਸਨੂੰ ‘ਅਹਮਦੀ’ ਦਾ ਸਹਾਇਕ ਦੱਸਿਆ ਗਿਆ, ‘ਮਸਜਿਦ ਦੀਆਂ ਅੰਦਰੂਨੀ ਤਸਵੀਰਾਂ ਲਈ ਬੇਨਤੀ’ ਕੀਤੀ ਤਾਂ ਜੋ ‘ਮਸਜਿਦ ਦੇ ਅੰਦਰ ਕਿਸੇ ਚੀਜ਼’ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਦੀ ਈਮੇਲ ਵਿੱਚ ਐਪਸਟੀਨ ਦੇ ਇੱਕ ਸਹਾਇਕ ਨੇ ਐਪਸਟੀਨ ਦੇ ਘਰ ‘ਟੈਂਟ ਅਤੇ ਹੋਰ ਘਰੇਲੂ ਸਮਾਨ’ ਪਹੁੰਚਣ ਦੀ ਪੁਸ਼ਟੀ ਕੀਤੀ ਸੀ।
ਅਮਰੀਕੀ ਨਿਆਂ ਵਿਭਾਗ ਦੀਆਂ ਫ਼ਾਈਲਾਂ ਵਿੱਚ ਦਰਜ ਇੱਕ ਦਸਤਾਵੇਜ਼ ਵਿੱਚ ਰਵਾਇਤੀ ਅਰਬੀ ਉੱਨੀ ਟੈਂਟ ਅਤੇ ਕਾਲੀਨ, ਕਾਫ਼ੀ ਪੌਟ, ਕੱਪ ਅਤੇ ਟੋਕਰੀਆਂ ਦਿਖਾਈਆਂ ਗਈਆਂ ਹਨ, ਪਰ ਇਹ ਤੈਅ ਨਹੀਂ ਕੀਤਾ ਜਾ ਸਕਿਆ ਕਿ ਇਹ ਚੀਜ਼ਾਂ ਐਪਸਟੀਨ ਨੂੰ ਉਸੇ ਖੇਪ ਵਿੱਚ ਮਿਲੀਆਂ ਸਨ ਜਾਂ ਨਹੀਂ।
ਦੋਹਾਂ ਵਾਰ ਸਮਾਨ ਦੀ ਡਿਲਿਵਰੀ ਜੈਫ਼ਰੀ ਐਪਸਟੀਨ ਨੂੰ 2008 ਵਿੱਚ ਸੈਕਸ ਅਪਰਾਧੀ ਵਜੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੀਤੀ ਗਈ ਸੀ। ਜੈਫ਼ਰੀ ਐਪਸਟੀਨ ਨੇ ਵੇਸਵਾਗਮਨੀ ਦੇ ਦੋ ਇਲਜ਼ਾਮ ਕਬੂਲ ਕੀਤੇ ਸਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਨਾਬਾਲਿਗ ਦਾ ਸੀ।
‘ਅਹਮਦੀ’ ਨੇ ਇਸ ਬਾਰੇ ਬੀਬੀਸੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ, ਇਹ ਤਰਕ ਵੀ ਦਿੱਤਾ ਜਾਂਦਾ ਹੈ ਕਿ ਕਿਸੇ ਦਸਤਾਵੇਜ਼ ਵਿੱਚ ਕਿਸੇ ਦਾ ਨਾਮ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਨਹੀਂ ਹੁੰਦਾ ਕਿ ਉਹ ਕਿਸੇ ਗਲਤ ਕੰਮ ਵਿੱਚ ਸ਼ਾਮਲ ਹੈ।
‘ਧਾਰਮਿਕ ਤੌਰ ‘ਤੇ ਪਵਿੱਤਰ ਨਹੀਂ’

ਗਿਲਾਫ਼-ਏ-ਕਾਬਾ ਦੀ ਤਿਆਰੀ ਤੋਂ ਲੈ ਕੇ ਉਸਨੂੰ ਬਦਲਣ ਅਤੇ ਪੁਰਾਣੇ ਗਿਲਾਫ਼ ਦੇ ਇਸਤੇਮਾਲ ਤੱਕ, ਹਰ ਮਾਮਲੇ ‘ਤੇ ਸਾਉਦੀ ਅਧਿਕਾਰੀਆਂ ਦਾ ਕੰਟਰੋਲ ਹੈ। ਪਰ ਪੁਰਾਣੇ ਕਿਸਵਾ ਨੂੰ ਵੰਡਣ ਬਾਰੇ ਕੋਈ ਸਪਸ਼ਟ ਕਾਨੂੰਨ ਮੌਜੂਦ ਨਹੀਂ ਹੈ।
ਬੀਬੀਸੀ ਨੇ ਇਸ ਮਾਮਲੇ ਵਿੱਚ ਸਾਉਦੀ ਅਧਿਕਾਰੀਆਂ ਨਾਲ ਸੰਪਰਕ ਕੀਤਾ, ਪਰ ਇਸ ਰਿਪੋਰਟ ਦੇ ਆਨਲਾਈਨ ਹੋਣ ਤੱਕ ਕੋਈ ਜਵਾਬ ਨਹੀਂ ਮਿਲਿਆ।
ਹਜ ਅਤੇ ਉਮਰਾ ਮਾਮਲਿਆਂ ਦੇ ਲੇਖਕ ਅਹਮਦ ਅਲ-ਹਲਾਬੀ ਨੇ ਬੀਬੀਸੀ ਨੂੰ ਦੱਸਿਆ, “ਸੋਨੇ ਅਤੇ ਚਾਂਦੀ ਦੀ ਜ਼ਰਦੋਜ਼ੀ ਵਾਲੇ ਹਿੱਸੇ, ਜਿਨ੍ਹਾਂ ਨੂੰ ਅਕਸਰ ਬੈਲਟ ਜਾਂ ਸਮਾਦੀ ਕਿਹਾ ਜਾਂਦਾ ਹੈ, ਸਿਰਫ਼ ਸਾਉਦੀ ਰੌਇਲ ਕੋਰਟ ਦੇ ਅਧਿਕਾਰੀ ਹੀ ਕਿਸੇ ਨੂੰ ਤੋਹਫ਼ੇ ਵਿੱਚ ਦੇ ਸਕਦੇ ਹਨ।”
“ਇਹ ਹਿੱਸੇ ਮੁਸਲਿਮ ਦੇਸ਼ਾਂ ਦੇ ਮੁਖੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਹਨ।”
ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਕਾਲਾ ਕੱਪੜਾ ਆਮ ਤੌਰ ‘ਤੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ।
ਲੰਦਨ ਦੀ ਐਸਓਏਐਸ ਯੂਨੀਵਰਸਿਟੀ ਵਿੱਚ ਇਸਲਾਮੀ ਕਲਾ ਦੇ ਇਤਿਹਾਸਕਾਰ ਡਾਕਟਰ ਸਾਇਮਨ ਓਮੀਰਾ ਕਹਿੰਦੇ ਹਨ ਕਿ ਕਿਸਵਾ ‘ਧਾਰਮਿਕ ਤੌਰ ‘ਤੇ ਪਵਿੱਤਰ’ ਨਹੀਂ ਹੈ, ਪਰ ਮੁਸਲਿਮ ਸਮਾਜ ਵਿੱਚ ਇਸ ਦਾ ਬਹੁਤ ਸਤਿਕਾਰ ਹੈ।
“ਇਹ ਕਾਬਾ ਦੀ ਇਮਾਰਤ ‘ਤੇ ਬਿਲਕੁਲ ਇੱਕ ਬਾਦਸ਼ਾਹ ਦੇ ਲਿਬਾਸ ਵਾਂਗ ਹੈ। ਇੱਕ ਵਾਰ ਜਦੋਂ ਕਿਸਵਾ ਕਾਬਾ ਤੋਂ ਉਤਰ ਜਾਵੇ ਤਾਂ ਵੀ ਉਸ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ। ਤੁਸੀਂ ਉਸ ‘ਤੇ ਪੈਰ ਨਹੀਂ ਰੱਖ ਸਕਦੇ।”
ਦੂਜੇ ਪਾਸੇ, ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਈਮੇਲਾਂ ਵਿੱਚ ਜਿਨ੍ਹਾਂ ਟੁਕੜਿਆਂ ਦੀ ਚਰਚਾ ਹੈ, ਹਲਾਬੀ ਉਨ੍ਹਾਂ ਦੀ ਅਸਲਿਅਤ ‘ਤੇ ਵੀ ਸਵਾਲ ਚੁੱਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੈਰ-ਮੁਸਲਮਾਨਾਂ ਨੂੰ ਕਿਸਵਾ ਤੋਹਫ਼ੇ ਵਿੱਚ ਦੇਣ ਦੀ ਇਜਾਜ਼ਤ ਨਹੀਂ ਹੈ।
ਸਾਉਦੀ ਨਾਲ ਸੰਬੰਧ
ਤਸਵੀਰ ਸਰੋਤ, Source: US Department of Justice
ਅਮਰੀਕੀ ਨਿਆਂ ਵਿਭਾਗ ਦੀਆਂ ਫ਼ਾਈਲਾਂ ਮੁਤਾਬਕ 2016 ਤੋਂ 2019 ਦੇ ਵਿਚਕਾਰ ਐਪਸਟੀਨ ਅਤੇ ਅਹਮਦੀ ਨੇ ਕਈ ਵਿਸ਼ਿਆਂ ‘ਤੇ ਇੱਕ-ਦੂਜੇ ਨੂੰ ਈਮੇਲਾਂ ਭੇਜੀਆਂ। ਕੁਝ ਈਮੇਲਾਂ ਵਿੱਚ ਐਪਸਟੀਨ ਨੂੰ ‘ਬਾਸ’ ਜਾਂ ‘ਮਾਸਟਰ’ ਕਹਿ ਕੇ ਸੰਬੋਧਿਤ ਕੀਤਾ ਗਿਆ। ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਨਿਊਯਾਰਕ ਅਤੇ ਪੈਰਿਸ ਵਿੱਚ ਮਿਲ ਚੁੱਕੇ ਸਨ।
ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਐਪਸਟੀਨ ਨੇ ਅਹਮਦੀ ਰਾਹੀਂ ਸਾਉਦੀ ਸਰਕਾਰ ‘ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ।
ਜੁਲਾਈ 2016 ਦੀ ਇੱਕ ਈਮੇਲ ਤੋਂ ਇਸ਼ਾਰਾ ਮਿਲਦਾ ਹੈ ਕਿ ਐਪਸਟੀਨ ਅਤੇ ‘ਐਚਈ ਰਾਫ਼ਤ’ (HE Raafat) ਨਾਮ ਦੇ ਕਿਸੇ ਸ਼ਖ਼ਸ ਦੇ ਵਿਚਕਾਰ ਮੁਲਾਕਾਤ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਕਿ ਐਪਸਟੀਨ ਦੀ ਕੰਪਨੀ ਰਾਹੀਂ ਲਾਭ ਲੈਣਾ ਚਾਹੁੰਦਾ ਸੀ।
ਇੱਥੇ ‘HE’ ਦਾ ਮਤਲਬ ‘ਹਿਜ਼ ਐਕਸੀਲੈਂਸੀ’ ਹੋ ਸਕਦਾ ਹੈ, ਜੋ ਸਾਉਦੀ ਅਰਬ ਵਿੱਚ ਵੱਡੇ ਸਰਕਾਰੀ ਅਧਿਕਾਰੀਆਂ ਲਈ ਵਰਤਿਆ ਜਾਂਦਾ ਹੈ।
ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਅਗਸਤ 2016 ਦੀ ਇੱਕ ਈਮੇਲ ਵਿੱਚ ਐਪਸਟੀਨ ਨੇ ‘ਅਹਮਦੀ’ ਨਾਮ ਦੇ ਕਿਸੇ ਸ਼ਖ਼ਸ ਨੂੰ ਈਮੇਲ ਵਿੱਚ ਸਾਉਦੀ ਤੇਲ ਕੰਪਨੀ ‘ਅਰਾਮਕੋ’ ਦੀ ਪਬਲਿਕ ਲਿਸਟਿੰਗ ਨਾ ਕਰਨ ਦੀ ਸਲਾਹ ਦਿੱਤੀ ਸੀ।
ਬਾਅਦ ਵਿੱਚ ‘ਅਹਮਦੀ’ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਹ ਇਸਦਾ ਜਾਇਜ਼ਾ ਲੈਣਗੇ ਅਤੇ ਜਵਾਬ ਵਿੱਚ ‘ਰਫ਼ਤ ਅਲ-ਸਿਬਾਗ਼’ ਦਾ ਈਮੇਲ ਐਡਰੈੱਸ ਕਾਪੀ ਕਰਦੇ ਹਨ।
ਤਸਵੀਰ ਸਰੋਤ, EPA
ਕਈ ਈਮੇਲਾਂ ਵਿੱਚ ਐਪਸਟੀਨ ਵੱਲੋਂ ‘ਰਫ਼ਤ ਅਲ-ਸਿਬਾਗ਼’ ਨੂੰ ‘ਸਾਉਦੀ ਕ੍ਰਾਊਨ ਪ੍ਰਿੰਸ’ ਦੇ ‘ਸਲਾਹਕਾਰ’ ਵਜੋਂ ਦੱਸਿਆ ਗਿਆ ਹੈ। ਸਾਉਦੀ ਪ੍ਰੈਸ ਏਜੰਸੀ ਨੇ 2017 ਵਿੱਚ ਉਨ੍ਹਾਂ ਨੂੰ ‘ਸ਼ਾਹੀ ਦਰਬਾਰ ਵਿੱਚ ਸਲਾਹਕਾਰ’ ਵਜੋਂ ਦੱਸਿਆ ਸੀ।
ਅਮਰੀਕੀ ਨਿਆਂ ਵਿਭਾਗ ਦੀਆਂ ਫ਼ਾਈਲਾਂ ਵਿੱਚ ਮੌਜੂਦ ਈਮੇਲਾਂ ਅਨੁਸਾਰ ਸਿਬਾਗ਼ ਨਾਮ ਦਾ ਕੋਈ ਸ਼ਖ਼ਸ ਐਪਸਟੀਨ ਨਾਲ ਅਕਸਰ ਈਮੇਲਾਂ ਕਰਦਾ ਨਜ਼ਰ ਆਉਂਦਾ ਹੈ।
ਸਾਲ 2016 ਦੇ ਇੱਕ ਟੈਕਸਟ ਮੈਸੇਜ ਵਿੱਚ ‘ਰਫ਼ਤ ਅਲ-ਸਿਬਾਗ਼’ ਦੇ ਨਾਮ ਨਾਲ ਇੱਕ ਅਕਾਊਂਟ ਵੱਲੋਂ ਐਪਸਟੀਨ ਨੂੰ ਲਿਖਿਆ ਗਿਆ, “ਮੈਂ ਤੁਹਾਡੀ ਦੋਸਤੀ ਨੂੰ ਪਸੰਦ ਕਰਦਾ ਹਾਂ।”
‘ਰਫ਼ਤ ਅਲ-ਸਿਬਾਗ਼’ ਦੇ ਨਾਮ ਨਾਲ ਐਪਸਟੀਨ ਨੂੰ ਇੱਕ ਹੋਰ ਈਮੇਲ ਵਿੱਚ ਇੱਕ ਅਜਿਹੀ ਖ਼ਬਰ ਦਾ ਲਿੰਕ ਭੇਜਿਆ ਗਿਆ, ਜਿਸ ਵਿੱਚ 17 ਸਾਲ ਦੀ ਇੱਕ ਰੂਸੀ ‘ਬਿਊਟੀ ਕਵੀਨ’ ਦੇ ਕਥਿਤ ਤੌਰ ‘ਤੇ ਦੁਬਈ ਜਾਣ ਅਤੇ ਆਪਣੀ ‘ਵਰਜਿਨਿਟੀ’ ਵੇਚਣ ਦੀ ਗੱਲ ਲਿਖੀ ਗਈ ਸੀ।
ਇਸ ਦੇ ਜਵਾਬ ਵਿੱਚ ਪੀਡੋਫ਼ਾਇਲ ਐਪਸਟੀਨ ਨੇ ਲਿਖਿਆ, “ਆਖ਼ਿਰਕਾਰ ਤੁਸੀਂ ਮੈਨੂੰ ਕੁਝ ਕੀਮਤੀ ਚੀਜ਼ ਭੇਜੀ।”
ਦੂਜੇ ਪਾਸੇ ਇਨ੍ਹਾਂ ਫ਼ਾਈਲਾਂ ਵਿੱਚ ਖ਼ੁਦ ‘ਅਹਮਦੀ’ ਬਾਰੇ ਬਹੁਤ ਘੱਟ ਜਾਣਕਾਰੀ ਹੈ, ਪਰ ਸਤੰਬਰ 2018 ਦੀ ਇੱਕ ਈਮੇਲ ਵਿੱਚ ਇਸ ਨਾਮ ਦਾ ਕੋਈ ਸ਼ਖ਼ਸ ਐਪਸਟੀਨ ਤੋਂ ਆਪਣੀ ਮੋਬਾਈਲ ਗੇਮ ਕੰਪਨੀ ਬਾਰੇ ਸਲਾਹ ਮੰਗਦਾ ਨਜ਼ਰ ਆਉਂਦਾ ਹੈ।
ਕਿਸਵਾ ਭੇਜਣ ਅਤੇ ਇਨ੍ਹਾਂ ਈਮੇਲਾਂ ਵਿੱਚ ਜ਼ਿਕਰ ਕੀਤੇ ਗਏ ਲੋਕਾਂ ਦੇ ਐਪਸਟੀਨ ਨਾਲ ਸੰਬੰਧਾਂ ਬਾਰੇ ਕਈ ਸਵਾਲ ਪੁੱਛੇ ਜਾ ਰਹੇ ਹਨ ਅਤੇ ਮੁਸਲਿਮ ਜਗਤ ਵਿੱਚ ਇਸ ਦੀ ਮੁਕੰਮਲ ਜਾਂਚ ਦੀ ਮੰਗ ਵਧ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



