Home ਰਾਸ਼ਟਰੀ ਖ਼ਬਰਾਂ ਔਖੀ ਘੜੀ ‘ਚ ਵੀ ਸ਼ਾਂਤ ਕਿਵੇਂ ਰਹੀਏ, ਜਾਣੋ ਨੌ ਸੁਝਾਅ

ਔਖੀ ਘੜੀ ‘ਚ ਵੀ ਸ਼ਾਂਤ ਕਿਵੇਂ ਰਹੀਏ, ਜਾਣੋ ਨੌ ਸੁਝਾਅ

6
0

Source :- BBC PUNJABI

ਮੁਸ਼ਕਿਲ ਘੜੀ ਵਿੱਚ ਵੀ ਸ਼ਾਂਤ ਰਹਿਣ ਦੇ ਕੁਝ ਵਿਗਿਆਨਕ ਤਰੀਕੇ ਹਨ

ਤਸਵੀਰ ਸਰੋਤ, Getty Images

ਅੱਜ ਦੀ ਅਰਾਜਕਤਾ ਭਰੀ ਅਤੇ ਅਨਿਸ਼ਚਤ ਦੁਨੀਆ ਵਿੱਚ ਚਿੰਤਾ ਜਾਂ ਤਣਾਅ ਮਹਿਸੂਸ ਕਰਨਾ ਸੁਭਾਵਿਕ ਹੈ।ਵਿਗਿਆਨ ‘ਤੇ ਆਧਾਰਿਤ ਇਹ ਤਕਨੀਕਾਂ ਤੁਹਾਨੂੰ ਸਹਿਣਸ਼ਕਤੀ ਵਧਾਉਣ ਅਤੇ ਕੁਝ ਹੱਦ ਤੱਕ ਸ਼ਾਂਤ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ।

ਕਈ ਵਾਰ ਤੁਹਾਡੇ ਆਲੇ-ਦੁਆਲੇ ਘਟ ਰਹੀਆਂ ਘਟਨਾਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।

ਚਾਹੇ ਉਹ ਦੁਨੀਆ ਭਰ ਵਿੱਚੋਂ ਲਗਾਤਾਰ ਆ ਰਹੀਆਂ ਬੁਰੀਆਂ ਖ਼ਬਰਾਂ ਅਤੇ ਵੱਡੀਆਂ ਤਬਦੀਲੀਆਂ ਦਾ ਸਿਲਸਿਲਾ ਹੋਵੇ, ਘਰ ਵਿੱਚ ਕੋਈ ਤ੍ਰਾਸਦੀ ਹੋਵੇ ਜਾਂ ਫਿਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਖੁਦ ਨੂੰ ਸੰਭਾਲ ਕੇ ਰੱਖਣ ਦਾ ਦਬਾਅ ਹੋਵੇ, ਅਜਿਹੇ ਪਲਾਂ ਵਿੱਚ ਅਨਿਸ਼ਚਤਤਾ ਤੁਹਾਨੂੰ ਚਿੰਤਤ ਅਤੇ ਤਣਾਅਗ੍ਰਸਤ ਕਰ ਸਕਦੀ ਹੈ।

ਅਜਿਹੇ ਪਲਾਂ ਵਿੱਚ ਤੁਹਾਡੀ ਮਦਦ ਕਰਨ ਲਈ ਬੀਬੀਸੀ ਦੀ ਸਾਇੰਸ ਟੀਮ ਨੇ ਹਾਲ ਹੀ ਦੇ ਸਾਲਾਂ ਵਿੱਚ ਮੁਸ਼ਕਲ ਸਥਿਤੀਆਂ ਨਾਲ ਨਜਿੱਠਣ ਦੇ ਕੁਝ ਉਪਯੋਗੀ ਸੁਝਾਅ ਕੱਢੇ ਹਨ।

ਸਕਾਰਾਤਮਕ ਰੂਪ ਨਾਲ ਚਿੰਤਾ ਕਰਨ ਤੋਂ ਲੈ ਕੇ ਡਰਾਉਣੀਆਂ ਫਿਲਮਾਂ ਦੇਖਣ ਤੱਕ, ਤੁਹਾਨੂੰ ਨੌਂ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਤੁਸੀਂ ਉਥਲ-ਪੁਥਲ ਹਾਲਾਤਾਂ ਵਿਚਾਲੇ ਕੁਝ ਹੱਦ ਤੱਕ ਦ੍ਰਿੜਤਾ ਅਤੇ ਸ਼ਾਂਤੀ ਹਾਸਲ ਕਰ ਸਕਦੇ ਹੋ।

ਕੁਝ ਨਾ ਕਹੀਆਂ ਜਾ ਸਕਣ ਵਾਲੀਆਂ ਭਾਵਨਾਵਾਂ ਨੂੰ ਮਹਿਸੂਸ ਕਰੋ

ਭਾਵਨਾਵਾਂ ਨੂੰ ਸਟੀਕ ਸ਼ਬਦਾਂ ਵਿੱਚ ਪ੍ਰਗਟ ਕਰਨ ਨਾਲ ਮਦਦ ਮਿਲਦੀ ਹੈ।

ਤਸਵੀਰ ਸਰੋਤ, Getty Images

ਤੁਹਾਡੇ ਬੋਲੇ ਗਏ ਸ਼ਬਦ ਤੁਹਾਡੇ ਅੰਦਰੂਨੀ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਸਕਦੇ ਹਨ। ਕਈ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਸਟੀਕ ਸ਼ਬਦਾਂ ਵਿੱਚ ਪ੍ਰਗਟ ਕਰਨ ਨਾਲ ਜੀਵਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲਦੀ ਹੈ।

ਉਦਾਹਰਣ ਲਈ, ਸਿਰਫ਼ ‘ਤਣਾਅਗ੍ਰਸਤ’ ਕਹਿਣ ਦੀ ਬਜਾਏ ਤੁਸੀਂ ਨਿਰਾਸ਼, ਚਿੰਤਾ, ਘਬਰਾਹਟ ਜਾਂ ਹੋਂਦ ਸਬੰਧੀ ਨਿਰਾਸ਼ਾ ਵਰਗੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹੋ।

ਵੱਖ-ਵੱਖ ਭਾਵਨਾਵਾਂ ਵਿਚਕਾਰ ਅੰਤਰ ਕਰਨ ਦੀ ਇਸ ਸਮਰੱਥਾ ਨੂੰ ‘ਭਾਵਨਾਤਮਕ ਸੂਖਮਤਾ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਹੋਰ ਸੱਭਿਆਚਾਰਾਂ ਵਿੱਚ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਤਰੀਕਿਆਂ ਬਾਰੇ ਜਾਣਨ ਨਾਲ ਸਾਨੂੰ ਲਾਭ ਹੋ ਸਕਦਾ ਹੈ, ਜਿਨ੍ਹਾਂ ਵਿੱਚ ਕਈਆਂ ਦਾ ਅੰਗਰੇਜ਼ੀ ਵਿੱਚ ਸਿੱਧਾ ਅਨੁਵਾਦ ਨਹੀਂ ਹੈ। ਉਦਾਹਰਣ ਲਈ ਫਿਨਲੈਂਡ ਦੀ ਧਾਰਨਾ ‘ਸਿਸੂ’ ਨੂੰ ਲਓ, ਜਿਸਦਾ ਅਰਥ ਹੈ ‘ਵਿਰੋਧੀ ਸਥਿਤੀਆਂ ਵਿੱਚ ਅਸਾਧਾਰਨ ਦ੍ਰਿੜ ਸੰਕਲਪ।’

ਬੋਸਟਨ ਵਿੱਚ ਨਾਰਥਈਸਟਰਨ ਯੂਨੀਵਰਸਿਟੀ ਦੀ ਨਿਊਰੋਸਾਇੰਟਿਸਟ ਲਿਸਾ ਫੇਲਡਮੈਨ ਬੈਰੇਟ ਨੇ ਕਿਹਾ, ”ਤੁਹਾਡੇ ਸ਼ਬਦਾਂ ਅਤੇ ਉਨ੍ਹਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਤੁਸੀਂ ਜੀਵਨ ਜਿਉਣ ਦੇ ਉਪਕਰਣ ਦੇ ਰੂਪ ਵਿੱਚ ਸੋਚ ਸਕਦੇ ਹੋ।”

ਆਪਣੀ ਚਿੰਤਾ ਨੂੰ ਆਪਣੇ ਫਾਇਦੇ ਵਿੱਚ ਬਦਲੋ

 ਚਿੰਤਾ ਦੀ ਭਾਵਨਾ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ

ਤਸਵੀਰ ਸਰੋਤ, Getty Images

‘ਚਿੰਤਾ’ ਸ਼ਬਦ ਦੀ ਉਤਪਤੀ ਪ੍ਰਾਚੀਨ ਲੈਟਿਨ ਅਤੇ ਗ੍ਰੀਕ ਸ਼ਬਦਾਂ ‘ਘੁਟਨ’ (choked) ਅਤੇ ‘ਬੇਚੈਨੀ'(uneasy) ਤੋਂ ਹੋਈ ਹੈ। ਜਿਨ੍ਹਾਂ ਲੋਕਾਂ ਨੇ ਕਦੇ ਐਂਗਜ਼ਾਇਟੀ ਅਟੈਕ (ਚਿੰਤਾ ਦਾ ਦੌਰਾ) ਮਹਿਸੂਸ ਕੀਤਾ ਹੈ, ਉਨ੍ਹਾਂ ਲਈ ਇਹ ਸਮਝਣਾ ਸੌਖਾ ਹੈ ਕਿ ਅਜਿਹਾ ਕਿਉਂ ਹੈ। ਇਸ ਲਈ, ਇਹ ਸੋਚਣਾ ਸ਼ਾਇਦ ਅਜੀਬ ਲੱਗੇ ਕਿ ਇਹ ਅਹਿਸਾਸ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।

ਪਰ ਅਧਿਐਨ ਤੋਂ ਵੀ ਇਹੀ ਸੰਕੇਤ ਮਿਲਦਾ ਹੈ। ਚਿੰਤਾ ਵਿਕਾਰਾਂ (ਜਿਨ੍ਹਾਂ ਨੂੰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਮੰਨਿਆ ਜਾਂਦਾ ਹੈ) ਦੀ ਗੰਭੀਰ ਅਤੇ ਕਸ਼ਟਦਾਇਕ ਸਥਿਤੀ ਦੇ ਇਲਾਵਾ, ਚਿੰਤਾ ਦੀ ਭਾਵਨਾ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ ਜੋ ਸਾਡੇ ਵਿੱਚ ਇਨਾਮ ਅਤੇ ਸਮਾਜਿਕ ਜੁੜਾਅ ਦੀ ਚਾਹਤ ਜਗਾਉਂਦੀ ਹੈ। ਜਦੋਂ ਅਸੀਂ ਚਿੰਤਤ ਹੁੰਦੇ ਹਾਂ ਤਾਂ ਅਸੀਂ ਜ਼ਿਆਦਾ ਰਚਨਾਤਮਕ ਅਤੇ ਨਵੇਂ ਵਿਚਾਰਾਂ ਨੂੰ ਅਪਣਾਉਣ ਵਾਲੇ ਵੀ ਹੁੰਦੇ ਹਾਂ।

ਸਾਡਾ ਦਿਮਾਗ਼ ਜ਼ਿਆਦਾ ਇਕਾਗਰ ਅਤੇ ਕੁਸ਼ਲਤਾ ਨਾਲ ਪ੍ਰਤੀਕਿਰਿਆ ਕਰਦਾ ਹੈ। ਇਸ ਨਾਲ ਸਾਡੀ ਉਤਪਾਦਕਤਾ ਵਧ ਸਕਦੀ ਹੈ।

ਤਾਂ ਤੁਸੀਂ ਚਿੰਤਾ ਦੇ ਇਸ ਸਕਾਰਾਤਮਕ ਪਹਿਲੂ ਦਾ ਲਾਭ ਕਿਵੇਂ ਉਠਾ ਸਕਦੇ ਹੋ? ਜਿਵੇਂ ਹੇਠਾਂ ਦਿੱਤੇ ਗਏ ਦੋ ਲੇਖਾਂ ਵਿੱਚ ਦੱਸਿਆ ਗਿਆ ਹੈ, ਇਸ ਲਈ ਸੋਚ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ‘ਨਕਾਰਾਤਮਕ’ ਭਾਵਨਾਵਾਂ ਅਕਸਰ ਮੁਸ਼ਕਿਲ ਘਟਨਾਵਾਂ ਪ੍ਰਤੀ ਸੁਭਾਵਿਕ ਪ੍ਰਤੀਕਿਰਿਆਵਾਂ ਹੁੰਦੀਆਂ ਹਨ ਅਤੇ ਜੋ ਲੋਕ ਮਨੁੱਖੀ ਭਾਵਨਾਵਾਂ ਦੇ ਸੰਪੂਰਨ ਦਾਇਰੇ ਵਿੱਚ ਅਰਥ ਲੱਭ ਸਕਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਆਮ ਤੌਰ ‘ਤੇ ਜ਼ਿਆਦਾ ਮਜ਼ਬੂਤ ਹੁੰਦੀ ਹੈ।

ਚਿੰਤਾ ਨੂੰ ਸੰਕਟ ਦਾ ਸੰਕੇਤ ਮਨ ਕੇ ਉਸ ਨੂੰ ਦੂਰ ਕਰਨ ਦੀ ਬਜਾਏ, ਉਸ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਤਿਆਰੀ ਦਾ ਸਾਧਨ ਸਮਝਣ ਦੀ ਕੋਸ਼ਿਸ਼ ਕਰੋ। ਉਦਾਹਰਨ ਲਈ ਜਿਨ੍ਹਾਂ ਲੋਕਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਆਪਣੀ ਚਿੰਤਾ ਨੂੰ ਸੰਕਟ ਦਾ ਸੰਕੇਤ ਮੰਨਣ ਦੀ ਬਜਾਏ ਚੁਣੌਤੀ ਦਾ ਸਾਹਮਣਾ ਕਰਨ ਦੀ ਤਿਆਰੀ ਦਾ ਸੰਕੇਤ ਸਮਝਣ, ਉਹ ਦਬਾਅ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਹਨ।

ਚਿੰਤਾ ਨੂੰ ਸਕਾਰਾਤਮਕ ਸ਼ਕਤੀ ਵਿੱਚ ਬਦਲਣ ਦੇ ਕੁਝ ਤਰੀਕੇ ਹਨ ਜਿਵੇਂ ਕਿ ਜਿਗਆਸਾ ਨਾਲ ਇਸ ਦੇ ਸਰੋਤ ਦਾ ਪਤਾ ਲਗਾਉਣਾ ਅਤੇ ਇਸ ਦੀ ਵਰਤੋਂ ਉਪਯੋਗੀ ਟੀਚੇ ਨਿਰਧਾਰਤ ਕਰਨ ਲਈ ਕਰਨਾ।

ਉਦਾਹਰਣ ਲਈ ਅਦਾਕਾਰ ਘਬਰਾਹਟ ਨਾਲ ਨਜਿੱਠਣ ਲਈ ਇਸ ਰਣਨੀਤੀ ਦੀ ਵਰਤੋਂ ਕਰਦੇ ਹਨ ਅਤੇ ਖੋਜ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਮੁਸ਼ਕਿਲ ਪ੍ਰੀਖਿਆਵਾਂ ਜਾਂ ਜਨਤਕ ਭਾਸ਼ਣਾਂ ਵਿੱਚ ਵੀ ਮਦਦਗਾਰ ਹੋ ਸਕਦੀ ਹੈ। ਲੰਬੇ ਸਮੇਂ ਵਿੱਚ ਇਹ ਬਰਨਆਊਟ ਦੇ ਜੋਖ਼ਮ ਨੂੰ ਘੱਟ ਕਰਨ ਵਿੱਚ ਵੀ ਸਹਾਇਕ ਹੋ ਸਕਦੀ ਹੈ।

ਰਚਨਾਤਮਕ ਤਰੀਕੇ ਨਾਲ ਚਿੰਤਾ ਕਰਨਾ ਸਿੱਖੋ

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਕਿਉਂਕਿ ਸਾਡੀਆਂ ਚਿੰਤਾਵਾਂ ਅਤੀਤ ਦੀ ਬਜਾਏ ਭਵਿੱਖ ‘ਤੇ ਕੇਂਦਰਿਤ ਹੁੰਦੀਆਂ ਹਨ, ਇਸ ਲਈ ਇਸ ਦਾ ਉਪਯੋਗ ਸਮੱਸਿਆ ਦੇ ਹੱਲ ‘ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕੀਤਾ ਜਾ ਸਕਦਾ ਹੈ। ਇਹ ਸਾਨੂੰ ਢੁੱਕਵੇਂ ਕਦਮ ਚੁੱਕਣ ਲਈ ਪ੍ਰੇਰਿਤ ਵੀ ਕਰ ਸਕਦਾ ਹੈ।

ਖੋਜ ਤੋਂ ਪਤਾ ਲੱਗਿਆ ਹੈ ਕਿ ਚਿੰਤਾ ਕਰਨਾ, ਜੰਗਲ ਦੀ ਅੱਗ ਨਾਲ ਨਜਿੱਠਣ ਦੀ ਤਿਆਰੀ ਤੋਂ ਲੈ ਕੇ ਸਿਗਰਟਨੋਸ਼ੀ ਛੱਡਣ ਦੇ ਯਤਨਾਂ ਤੱਕ, ਕਈ ਚੀਜ਼ਾਂ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਜਦੋਂ ਚਿੰਤਾ ਕਿਸੇ ਅਜਿਹੀ ਚੀਜ਼ ਦੇ ਬਾਰੇ ਹੋਵੇ ਜਿਸ ਬਾਰੇ ਤੁਸੀਂ ਕੁਝ ਨਹੀਂ ਕਰ ਸਕਦੇ, ਤਾਂ ਵਿਕਲਪਾਂ ਦੀ ਇਸ ਕਮੀ ਨੂੰ ਸਮਝਣਾ ਚਿੰਤਾ ਨੂੰ ਘੱਟ ਕਰਨ ਵਿੱਚ ਸਹਾਇਕ ਹੋ ਸਕਦਾ ਹੈ। ਰਿਵਰਸਾਈਡ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਸਿਹਤ ਮਨੋਵਿਗਿਆਨਕ ਕੇਟ ਸਵੀਨੀ ਦੇ ਅਨੁਸਾਰ ਚਿੰਤਾ ਨੂੰ ਕੰਟਰੋਲ ਕਰਨ ਅਤੇ ਜ਼ਰੂਰਤ ਪੈਣ ‘ਤੇ ਉਸ ਨੂੰ ਸਹੀ ਦਿਸ਼ਾ ਦੇਣ ਦੀ ਇੱਕ ਚੰਗੀ ਪ੍ਰਕਿਰਿਆ ਇਹ ਹੈ:

· ਚਿੰਤਾ ਨੂੰ ਨਾਂ ਦਿਓ।

· ਸਮੱਸਿਆ ਨਾਲ ਨਜਿੱਠਣ ਲਈ ਸੰਭਾਵਿਤ ਕਾਰਜਾਂ ਦੀ ਇੱਕ ਮਾਨਸਿਕ ਸੂਚੀ ਬਣਾਓ।

· ਜੇਕਰ ਸਾਰੇ ਸੰਭਾਵਿਤ ਉਪਾਅ ਕਰ ਲਏ ਗਏ ਹਨ ਤਾਂ ਚਿੰਤਾ ਨੂੰ ਘੱਟ ਕਰਨ ਵਾਲੀ ਕਿਸੇ ਇੱਕ ਸਥਿਤੀ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੋ ਜਿਵੇਂ ਕਿ ਪ੍ਰਵਾਹ, ਧਿਆਨ ਅਤੇ ਵਿਸਮਾਦ।

ਕਿਤਾਬ ਜਾਂ ਸੰਗੀਤ ਜ਼ਰੀਏ ਆਪਣਾ ਮੂਡ ਬਿਹਤਰ ਬਣਾਓ

ਚੰਗੀ ਕਿਤਾਬ ਜਾਂ ਸੰਗੀਤ ਤੁਹਾਡਾ ਮੂਡ ਬਿਹਤਰ ਕਰ ਸਕਦੇ।

ਤਸਵੀਰ ਸਰੋਤ, Getty Images

ਇੱਕ ਸਹੀ ਕਿਤਾਬ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੀ ਹੈ। ਇਸ ਦੇ ਪੰਨੇ ਖੋਲ੍ਹਦੇ ਹੀ ਤੁਸੀਂ ਬਿਲਕੁਲ ਅਲੱਗ ਦੁਨੀਆ ਵਿੱਚ ਪਹੁੰਚ ਸਕਦੇ ਹੋ, ਦੂਜੇ ਦੇਸ਼ਾਂ ਵਿੱਚ ਜਾਂ ਫਿਰ ਦੂਜੀ ਦੁਨੀਆ ਵਿੱਚ ਵੀ।

ਖੋਜ ਤੋਂ ਪਤਾ ਚੱਲਿਆ ਹੈ ਕਿ ਜੋ ਲੋਕ ਨਿਯਮਤ ਰੂਪ ਨਾਲ ਮਨੋਰੰਜਨ ਲਈ ਪੜ੍ਹਦੇ ਹਨ, ਉਹ ਘੱਟ ਤਣਾਅਗ੍ਰਸਤ, ਉਦਾਸ ਅਤੇ ਇਕੱਲੇ ਹੁੰਦੇ ਹਨ, ਨਾਲ ਹੀ ਸਮਾਜਿਕ ਰੂਪ ਨਾਲ ਜ਼ਿਆਦਾ ਜੁੜੇ ਹੋਏ ਅਤੇ ਆਤਮਵਿਸ਼ਵਾਸੀ ਵੀ ਹੁੰਦੇ ਹਨ।

‘ਬਿਬਲੀਓਥੈਰੇਪੀ’ ਯਾਨੀ ਕਿਤਾਬ ਥੈਰੇਪੀ ਦਾ ਵਧਦਾ ਰੁਝਾਨ ਕਿਸੇ ਵਿਅਕਤੀ ਦੀ ਮਨੋਦਸ਼ਾ ਜਾਂ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਅਨੁਰੂਪ ਕਿਤਾਬ ਦੀ ਸਿਫਾਰਸ਼ ਕਰਨ ਨਾਲ ਸਬੰਧਿਤ ਹੈ। ਇਸ ਵਿਸ਼ੇ ‘ਤੇ ਕੀਤੇ ਗਏ ਇੱਕ ਅਧਿਐਨ ਅਨੁਸਾਰ ਇਸ ਦਾ ਉਦੇਸ਼ ‘ਪਰੇਸ਼ਾਨ ਮਨ ਨੂੰ ਰਾਹਤ, ਪੁਨਰ ਸਥਾਪਨਾ ਅਤੇ ਨਵੀਂ ਊਰਜਾ ਪ੍ਰਦਾਨ ਕਰਨਾ ਹੈ ਅਤੇ ਇਹ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਵੀ ਸਹਾਇਕ ਹੋ ਸਕਦਾ ਹੈ।

ਪਰ ਡਾਕਟਰ ਦੱਸਦੇ ਹਨ ਕਿ ਕਿਤਾਬ ਹਰ ਮਰਜ਼ ਦੀ ਦਵਾਈ ਨਹੀਂ ਹੈ ਅਤੇ ਅਕਸਰ ਹੋਰ ਇਲਾਜਾਂ ਦੇ ਨਾਲ ਮਿਲ ਕੇ ਹੀ ਇਸ ਦਾ ਸਭ ਤੋਂ ਚੰਗਾ ਅਸਰ ਹੁੰਦਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਕਿਤਾਬ ਦੀ ਚੋਣ ਸੋਚ ਸਮਝ ਕੇ ਕੀਤੀ ਜਾਵੇ, ਗਲਤ ਸਮੇਂ ‘ਤੇ ਗਲਤ ਕਿਤਾਬ ਪੜ੍ਹਨ ਨਾਲ ਤੁਹਾਡੀ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ।

ਅਤੇ ਜੇਕਰ ਤੁਹਾਡੇ ਕੋਲ ਕਿਤਾਬ ਪੜ੍ਹਨ ਦਾ ਸਮਾਂ ਨਹੀਂ ਹੈ ਤਾਂ ਆਪਣੇ ਪਸੰਦੀਦਾ ਗੀਤਾਂ ਵਿੱਚੋਂ ਕੋਈ ਇੱਕ ਗੀਤ ਸੁਣੋ। ਸੰਗੀਤ ਵਿੱਚ ਸਾਡੀਆਂ ਭਾਵਨਾਵਾਂ ਨੂੰ ਬਦਲਣ ਦੀ ਸ਼ਕਤੀ ਹੁੰਦੀ ਹੈ ਅਤੇ ਇਹ ਸਾਡੇ ਮੂਡ ‘ਤੇ ਤੁਰੰਤ ਅਸਰ ਪਾ ਸਕਦਾ ਹੈ। ਪਰ ਧਿਆਨ ਰੱਖੋ, ਸਹੀ ਤਰ੍ਹਾਂ ਦਾ ਸੰਗੀਤ ਤੁਹਾਨੂੰ ਚੰਗਾ ਮਹਿਸੂਸ ਕਰਾ ਸਕਦਾ ਹੈ, ਉੱਥੇ ਹੀ ਗਲਤ ਤਰ੍ਹਾਂ ਦਾ ਸੰਗੀਤ ਤੁਹਾਨੂੰ ਗਲਤ ਕੰਮ ਕਰਨ ਲਈ ਵੀ ਉਕਸਾ ਸਕਦਾ ਹੈ। ਇਸ ਲਈ ਆਪਣੇ ਲਈ ਸਹੀ ਸੰਗੀਤ ਚੁਣੋ।

ਆਪਣੇ ਆਸ-ਪਾਸ ਦੇ ਮਾਹੌਲ ਨੂੰ ਸੋਚ ਸਮਝ ਕੇ ਸੰਵਾਰਨਾ, ਜਿਵੇਂ ਕਿ ਆਪਣੇ ਆਪ ਨੂੰ ਪੌਦਿਆਂ ਨਾਲ ਘੇਰਨਾ ਜਾਂ ਹਰੇ ਭਰੇ ਸਥਾਨਾਂ ਦੀਆਂ ਤਸਵੀਰਾਂ ਦੇਖਣਾ ਜਾਂ ਅਜ਼ੀਜ਼ਾਂ ਦੀਆਂ ਤਸਵੀਰਾਂ ਦੇਖਣਾ ਵੀ ਫਰਕ ਲਿਆਉਣ ਵਿੱਚ ਕਾਰਗਰ ਸਾਬਤ ਹੋਇਆ ਹੈ।

ਡਰਾਉਣੀ ਫਿਲਮ ਦੇਖੋ

ਡਰਾਉਣੀਆਂ ਕਹਾਣੀਆਂ ਦੇ ਪ੍ਰਸ਼ੰਸਕ ਰੋਜ਼ਾਨਾ ਜੀਵਨ ਵਿੱਚ ਘੱਟ ਚਿੰਤਾ ਮਹਿਸੂਸ ਕਰਦੇ ਹਨ।

ਤਸਵੀਰ ਸਰੋਤ, Getty Images

ਅਚਾਨਕ ਡਰਾਉਣ ਵਾਲੇ ਦ੍ਰਿਸ਼, ਖੁੰਖਾਰ ਜ਼ੋਂਬੀ ਅਤੇ ਹਨੇਰੇ ਵਿੱਚ ਛੁਪੀਆਂ ਹੋਈਆਂ ਭੂਤੀਆਂ ਆਕ੍ਰਿਤੀਆਂ ਸ਼ਾਇਦ ਉਦੋਂ ਸਹੀ ਉਪਾਅ ਨਾ ਲੱਗਣ ਜਦੋਂ ਤੁਸੀਂ ਪਹਿਲਾਂ ਤੋਂ ਹੀ ਤਣਾਅ ਵਿੱਚ ਹੋ। ਪਰ ਡਰਾਉਣੀਆਂ ਫਿਲਮਾਂ ਦੇਖਣਾ ”ਸਾਡੀਆਂ ਚਿੰਤਾਵਾਂ ਦੇ ਲਈ ਮੱਲ੍ਹਮ ਦਾ ਕੰਮ ਕਰ ਸਕਦਾ ਹੈ।”

ਸੋਫ਼ੇ ‘ਤੇ ਆਰਾਮ ਨਾਲ ਬੈਠ ਕੇ ਡਰਾਉਣੀ ਫਿਲਮ ਦੇਖਣਾ ਇੱਕ ਤਰ੍ਹਾਂ ਦੀ ਖੇਡ ਹੈ। ਇਹ ਸਾਨੂੰ ਖਤਰਨਾਕ ਸਥਿਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਦਿੰਦੀ ਹੈ, ਜਿਸ ਨਾਲ ਅਸੀਂ ਅਸਲ ਦੁਨੀਆ ਵਿੱਚ ਆਉਣ ਵਾਲੇ ਖਤਰਿਆਂ ਲਈ ਮਾਨਸਿਕ ਰੂਪ ਨਾਲ ਤਿਆਰ ਹੋ ਜਾਂਦੇ ਹਾਂ। ਖੋਜ ਤੋਂ ਪਤਾ ਲੱਗਦਾ ਹੈ ਕਿ ਡਰਾਉਣੀਆਂ ਕਹਾਣੀਆਂ ਦੇ ਪ੍ਰਸ਼ੰਸਕ ਔਖੇ ਸਮੇਂ ਵਿੱਚ ਬਿਹਤਰ ਤਰੀਕੇ ਨਾਲ ਸਾਹਮਣਾ ਕਰਦੇ ਹਨ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਘੱਟ ਚਿੰਤਾ ਮਹਿਸੂਸ ਕਰਦੇ ਹਨ।

ਇਸ ਲਈ ਚਾਹੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਡਰਾਉਣੀ ਫਿਲਮ ਦਾ ਰੋਮਾਂਚ ਪਸੰਦ ਕਰਦੇ ਹੋ ਜਾਂ ਸਿਰਹਾਣੇ ਦੇ ਪਿੱਛੇ ਛੁਪਣਾ ਪਸੰਦ ਕਰਦੇ ਹੋ, ਯਾਦ ਰੱਖੋ ਕਿ ਇਹ ਤੁਹਾਡੇ ਦਿਮਾਗ ਦੇ ਉਸ ਹਿੱਸੇ ਲਈ ਇੱਕ ਕਸਰਤ ਹੈ ਜੋ ਤਣਾਅਪੂਰਨ ਸਮੇਂ ਵਿੱਚ ਤਣਾਅ ਨੂੰ ਕੰਟਰੋਲ ਕਰਦਾ ਹੈ।

ਸ਼ੁਕਰਗੁਜ਼ਾਰ ਹੋਵੋ

ਆਪਣੇ ਨਾਲ ਹੋਈਆਂ ਚੰਗੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਵੋ

ਤਸਵੀਰ ਸਰੋਤ, Getty Images

ਕੁਝ ਬਿਹਤਰੀਨ ਸਲਾਹਾਂ ਅੰਤ ‘ਚ ਇੰਨੀਆਂ ਵਿਆਪਕ ਹੋ ਜਾਂਦੀਆਂ ਹਨ ਕਿ ਉਹ ਇੱਕ ਘਿਸੀ ਪਿਟੀ ਕਹਾਵਤ ਬਣ ਜਾਂਦੀਆਂ ਹਨ। ”ਆਪਣੀਆਂ ਖੁਸ਼ੀਆਂ ਨੂੰ ਗਿਣੋ’ ਉਨ੍ਹਾਂ ਵਿੱਚੋਂ ਇੱਕ ਹੈ।

ਤੁਸੀਂ ਇਸ ਨੂੰ ‘ਤਿੰਨ ਚੰਗੀਆਂ ਗੱਲਾਂ’ ਜਾਂ ‘ਸ਼ੁਕਰਗੁਜ਼ਾਰੀ ਦੀ ਸੂਚੀ’ ਦੇ ਨਾਂ ਨਾਲ ਵੀ ਜਾਣਦੇ ਹੋਵੋਗੇ, ਪਰ ਮੂਲ ਵਿਚਾਰ ਇੱਕ ਹੀ ਹੈ: ਸ਼ਾਮ ਨੂੰ ਕੁਝ ਸਮਾਂ ਕੱਢ ਕੇ ਦਿਨ ਭਰ ਵਿੱਚ ਆਪਣੇ ਨਾਲ ਵਾਪਰੀਆਂ ਤਿੰਨ ਚੰਗੀਆਂ ਗੱਲਾਂ ਲਿਖ ਲਓ। ਇਹ ਇੱਕ ਛੋਟਾ, ਪਰ ਸਕਾਰਾਤਮਕ ਕਦਮ ਹੈ ਜਿਸ ਦੇ ਸ਼ਕਤੀਸ਼ਾਲੀ ਪ੍ਰਭਾਵ ਹੋ ਸਕਦੇ ਹਨ। ਇਸ ਦੇ ਪਿੱਛੇ ਵਿਗਿਆਨਕ ਸਬੂਤ ਵੀ ਮੌਜੂਦ ਹਨ।

ਸਾਲ 2005 ਵਿੱਚ ਹੋਏ ਇੱਕ ਅਧਿਐਨ ਤੋਂ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੇ ਤਿੰਨ ਚੰਗੀਆਂ ਗੱਲਾਂ ਦੀ ਸੂਚੀ ਬਣਾਈ, ਉਨ੍ਹਾਂ ਵਿੱਚ ਸਿਰਫ਼ ਇੱਕ ਮਹੀਨੇ ਦੇ ਅੰਦਰ ਖੁਸ਼ੀ ਦਾ ਪੱਧਰ ਵਧਿਆ ਅਤੇ ਉਦਾਸੀ ਦੀ ਭਾਵਨਾ ਘੱਟ ਹੋਈ। ਇਹ ਸਕਾਰਾਤਮਕ ਪ੍ਰਭਾਵ ਛੇ ਮਹੀਨੇ ਦੇ ਪੂਰੇ ਅਧਿਐਨ ਦੇ ਦੌਰਾਨ ਬਣੇ ਰਹੇ। ਪਲੇਸੀਬੋ ਗਰੁੱਪ, ਜੋ ਸਿਰਫ਼ ਉਨ੍ਹਾਂ ਦੀ ਖੁਸ਼ੀ ਦੇ ਪੱਧਰ ਦਾ ਮੁਲਾਂਕਣ ਕਰ ਰਿਹਾ ਸੀ, ਉਸਨੇ ਖੁਸ਼ੀ ਦੇ ਪੱਧਰ ਵਿੱਚ ਮਾਮੂਲੀ ਵਾਧਾ ਦੇਖਿਆ ਅਤੇ ਉਹ ਵੀ ਸਥਾਈ ਨਹੀਂ ਸੀ।

ਇਨ੍ਹਾਂ ਸੂਚੀਆਂ ਵਿੱਚ ਪਦਉੱਨਤੀ ਜਾਂ ਪ੍ਰੀਖਿਆ ਪਾਸ ਕਰਨ ਵਰਗੀਆਂ ਜੀਵਨ ਬਦਲ ਦੇਣ ਵਾਲੀਆਂ ਘਟਨਾਵਾਂ ਹੋਣਾ ਵੀ ਜ਼ਰੂਰੀ ਨਹੀਂ ਹੈ। ਇਹ ਕਿਸੇ ਚੰਗੇ ਦੋਸਤ ਦਾ ਹਾਲ-ਚਾਲ ਪੁੱਛਣ ਵਰਗੀ ਰੋਜ਼ਾਨਾ ਦੀ ਕੋਈ ਚੀਜ਼ ਵੀ ਹੋ ਸਕਦੀ ਹੈ।

ਇਹ ਪਛਾਣੋ ਕਿ ਤੁਸੀਂ ਕੀ ਕੰਟਰੋਲ ਕਰ ਸਕਦੇ ਹੋ ਅਤੇ ਕੀ ਨਹੀਂ

ਜਿਹੜੀਆਂ ਚੀਜ਼ਾਂ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਉਨ੍ਹਾਂ ਦੀ ਪਛਾਣ ਕਰੋ

ਤਸਵੀਰ ਸਰੋਤ, Getty Images

ਜਦੋਂ ਅਸੀਂ ਅਨਿਸ਼ਚਤ ਸਮੇਂ ਵਿੱਚ ਜੀ ਰਹੇ ਹੁੰਦੇ ਹਾਂ ਤਾਂ ਅਸੀਂ ਪ੍ਰਾਚੀਨ ਦਾਰਸ਼ਨਿਕਾਂ ਦੀ ਸਲਾਹ ਵੱਲ ਰੁਖ਼ ਕਰ ਸਕਦੇ ਹਾਂ ਜੋ ਅੱਜ ਵੀ ਪ੍ਰਸੰਗਿਕ ਅਤੇ ਉਪਯੋਗੀ ਲੱਗਦੀ ਹੈ।

ਲਗਭਗ 55 ਈਸਵੀ ਵਿੱਚ ਪੈਦਾ ਹੋਏ ਐਪਿਕਟੇਟਸ ਨੇ ਮੁਸ਼ਕਿਲਾਂ ਭਰਿਆ ਜੀਵਨ ਗੁਜ਼ਾਰਿਆ ਅਤੇ ਰਾਜਨੀਤਿਕ ਉਥਲ-ਪੁਥਲ ਦਾ ਸਾਹਮਣਾ ਕੀਤਾ। ਇਨ੍ਹਾਂ ਸ਼ੁਰੂਆਤੀ ਅਨੁਭਵਾਂ ਨੇ ਸਟੋਈਸਿਜ਼ਮ ਦੇ ਉਨ੍ਹਾਂ ਦੇ ਬਾਅਦ ਦੇ ਦਾਰਸ਼ਨਿਕ ਉਪਦੇਸ਼ਾਂ ਨੂੰ ਆਕਾਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਸਾਡਾ ਮੁੱਖ ਕੰਮ ਉਨ੍ਹਾਂ ਚੀਜ਼ਾਂ ਵਿਚਲਾ ਫਰਕ ਪਤਾ ਕਰਨਾ ਹੈ, ਜੋ ਅਸੀਂ ਕੰਟਰੋਲ ਕਰ ਸਕਦੇ ਹਾਂ ਜਿਵੇਂ ਸਾਡੇ ਵਿਚਾਰ, ਵਿਕਲਪ ਅਤੇ ਐਕਸ਼ਨ ਅਤੇ ਜਿਨ੍ਹਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਸਟੋਇਕ ਦਾਰਸ਼ਨਿਕਾਂ ਦਾ ਤਰਕ ਸੀ ਕਿ ਸਾਡੀਆਂ ਜ਼ਿਆਦਾਤਰ ਪਰੇਸ਼ਾਨੀਆਂ ਅਟੱਲ ਦਾ ਵਿਰੋਧ ਕਰਨ ਜਾਂ ਉਨ੍ਹਾਂ ਨਤੀਜਿਆਂ ‘ਤੇ ਉਮੀਦਾਂ ਟਿਕਾਉਣ ਨਾਲ ਉਤਪੰਨ ਹੁੰਦੀਆਂ ਹਨ ਜੋ ਪੂਰੀ ਤਰ੍ਹਾਂ ਸਾਡੇ ਕੰਟਰੋਲ ਵਿੱਚ ਨਹੀਂ ਹੁੰਦੀਆਂ।

ਅਪਿਕਟੇਟਸ ਨੇ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਇਸ ਅੰਤਰ ਦਾ ਅਭਿਆਸ ਕਰਨ ਦੀ ਸਲਾਹ ਦਿੱਤੀ ਸੀ ਤਾਂ ਕਿ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਉਥਲ-ਪੁਥਲ ਆਉਣ ‘ਤੇ ਅਸੀਂ ਬਿਹਤਰ ਢੰਗ ਨਾਲ ਤਿਆਰ ਰਹੀਏ। ਇਹ ਵੀ ਯਾਦ ਰੱਖਣਾ ਮਹੱਤਵਪੂਰਨ ਹੈ ਜਿਵੇਂ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ: ”ਲੋਕਾਂ ਨੂੰ ਘਟਨਾਵਾਂ ਪਰੇਸ਼ਾਨ ਨਹੀਂ ਕਰਦੀਆਂ, ਬਲਿਕ ਉਨ੍ਹਾਂ ਬਾਰੇ ਉਨ੍ਹਾਂ ਦੇ ਵਿਚਾਰ ਪਰੇਸ਼ਾਨ ਕਰਦੇ ਹਨ।”

ਜੇਕਰ ਅਸੀਂ ਇਹ ਸਵੀਕਾਰ ਕਰ ਲਈਏ ਕਿ ਤਬਦੀਲੀ ਅਤੇ ਕਠਿਨਾਈਆਂ ਸੁਭਾਵਿਕ ਹਨ ਅਤੇ ਅਸੀਂ ਆਪਣੇ ਜੀਵਨ ਵਿੱਚ ਆਉਣ ਵਾਲੇ ਹਰੇਕ ਮੁਸ਼ਕਿਲ ਹਾਲਾਤ ਜਿਵੇਂ ਯੁੱਧ, ਮਹਾਮਾਰੀ,ਸਿਹਤ ਜਾਂ ਵਿੱਤੀ ਮੁਸ਼ਕਿਲਾਂ ਤੋਂ ਸਿੱਖ ਸਕਦੇ ਹਾਂ ਤਾਂ ਅਜਿਹਾ ਕਰਨ ਨਾਲ ਅਸੀਂ ਹੋਰ ਜ਼ਿਆਦਾ ਮਜ਼ਬੂਤ ਬਣਾਂਗੇ।

ਉਮੀਦ ਨੂੰ ਸਹੀ ਤਰੀਕੇ ਨਾਲ ਉਪਯੋਗ ਵਿੱਚ ਲਿਆਓ

ਅਧਿਐਨ ਮੁਤਾਬਕ ਸਹੀ ਪ੍ਰਕਾਰ ਦੀ ਉਮੀਦ ਖੋਜਣਾ ਮਹੱਤਵਪੂਰਨ ਹੈ।

ਤਸਵੀਰ ਸਰੋਤ, Getty Images

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਇਹ ਉਮੀਦ ਕਰਨਾ ਕਿ ਚੀਜ਼ਾਂ ਬਿਹਤਰ ਹੋ ਜਾਣਗੀਆਂ, ਲੋਕਾਂ ਨੂੰ ਆਪਣੇ ਆਸ-ਪਾਸ ਦੀ ਅਨਿਸ਼ਚਤਤਾ ਅਤੇ ਡਰ ਤੋਂ ਪਿੱਛੇ ਹਟਣ ਦਾ ਬਹਾਨਾ ਦਿੰਦਾ ਹੈ ਅਤੇ ਉਹ ਇਸ ਬਾਰੇ ਕੁਝ ਵੀ ਨਹੀਂ ਕਰਦੇ ਹਨ।

ਪਰ ਜਲਵਾਯੂ ਪਰਿਵਰਤਨ ਦੇ ਸੰਦਰਭ ਵਿੱਚ ਉਮੀਦ ਦੀ ਖੋਜ ਕਰਨ ਦੇ ਬਾਅਦ ਬੀਬੀਸੀ ਦੇ ਪੱਤਰਕਾਰ ਡਿਏਗੋ ਅਰਗੁਏਡਾਸ ਓਰਟੀਜ਼ ਨੇ ਪਾਇਆ ਕਿ ਸਹੀ ਪ੍ਰਕਾਰ ਦੀ ਉਮੀਦ ਖੋਜਣਾ ਮਹੱਤਵਪੂਰਨ ਹੈ।

ਦੂਜਿਆਂ ‘ਤੇ ਆਪਣੀਆਂ ਉਮੀਦਾਂ ਟਿਕਾਉਣ ਜਾਂ ਸਕਾਰਾਤਮਕ ਖ਼ਬਰਾਂ ਦਾ ਇੰਤਜ਼ਾਰ ਕਰਨ ਦੀ ਬਜਾਏ, ਉਮੀਦ ਉਦੋਂ ਸਭ ਤੋਂ ਜ਼ਿਆਦਾ ਪ੍ਰਭਾਵੀ ਹੁੰਦੀ ਹੈ ਜਦੋਂ ਉਹ ਐਕਸ਼ਨ ਨਾਲ ਜੁੜੀ ਹੋਵੇ, ਚਾਹੇ ਉਹ ਸਾਡੀ ਆਪਣੀ ਹੋਵੇ ਜਾਂ ਦੂਜਿਆਂ ਦੇ ਨਾਲ ਮਿਲ ਕੇ ਕੀਤੀ ਗਈ ਹੋਵੇ।

ਸਵੀਡਨ ਦੀ ਓਰਬਰੋ ਯੂਨੀਵਰਸਿਟੀ ਦੀ ਮਨੋਵਿਗਿਆਨਕ ਮਾਰੀਆ ਓਜਾਲਾ ਕਹਿੰਦੇ ਹਨ, ”ਉਮੀਦ ਅਰਥ ਕੇਂਦਰਿਤ ਮੁਕਾਬਲਾ ਕਰਨ ਦਾ ਤਰੀਕਾ ਹੈ। ਇਹ ਲੋਕਾਂ ਨੂੰ ਉਨ੍ਹਾਂ ਦੀ ਦੁਨੀਆ ਦੀਆਂ ਮੁਸ਼ਕਿਲਾਂ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ ਅਤੇ ਅੱਗੇ ਵਧਣ ਦਾ ਰਸਤਾ ਦਿਖਾ ਸਕਦੀ ਹੈ।”

ਦਰਅਸਲ, ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਉਮੀਦ ਵਿਅਕਤੀਗਤ ਰੂਪ ਨਾਲ ਨਿਰਧਾਰਤ ਟੀਚਿਆਂ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਯਾਤਰਾ ਦੋਵਾਂ ਤੋਂ ਉਤਪੰਨ ਹੁੰਦੀ ਹੈ। ਬੱਚਿਆਂ ਨਾਲ ਵਿਪਰੀਤ ਸਥਿਤੀਆਂ ਬਾਰੇ ਕਿਵੇਂ ਗੱਲ ਕਰੀਏ ਮੁਸ਼ਕਿਲ ਸਮੇਂ ਦਾ ਅਸਰ ਸਿਰਫ਼ ਸਾਡੇ ‘ਤੇ ਹੀ ਨਹੀਂ ਪੈਂਦਾ। ਇਸ ਦਾ ਅਸਰ ਸਾਡੇ ਅਜ਼ੀਜ਼ਾਂ, ਖਾਸ ਕਰਕੇ ਬੱਚਿਆਂ ‘ਤੇ ਵੀ ਪੈ ਸਕਦਾ ਹੈ।

ਫਿਰ ਵੀ, ਬੱਚਿਆਂ ਨਾਲ ਦਰਦਨਾਕ ਅਨੁਭਵਾਂ ਬਾਰੇ ਗੱਲ ਕਰਨਾ ਮੁਸ਼ਕਿਲ ਹੋ ਸਕਦਾ ਹੈ ਅਤੇ ਖੋਜ ਤੋਂ ਪਤਾ ਚੱਲਦਾ ਹੈ ਕਿ ਅਸੀਂ ਅਜਿਹਾ ਕਿਵੇਂ ਕਰਦੇ ਹਾਂ, ਇਸ ਨਾਲ ਉਨ੍ਹਾਂ ਦੀ ਸਿਹਤ ‘ਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਦੇਖਭਾਲ ਕਰਨ ਵਾਲਾ ਵਿਅਕਤੀ ਆਪਣੇ ਬੱਚੇ ਨਾਲ ਜਿਸ ਤਰ੍ਹਾਂ ਗੱਲ ਕਰਦਾ ਹੈ, ਉਹ ਉਨ੍ਹਾਂ ਦੀਆਂ ਯਾਦਾਂ ਅਤੇ ਵਿਵਹਾਰ ਨੂੰ ਵੀ ਆਕਾਰ ਦੇ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਬਿਨਾਂ ਗੁੱਸਾ ਦਿਖਾਏ, ਸੋਚ ਸਮਝ ਕੇ ਕੰਮ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਇੱਕ ਅਧਿਐਨ ਵਿੱਚ ਇੱਕ ਟੀਮ ਨੇ ਦੇਖਿਆ ਕਿ ਜੋ ਮਾਤਾ-ਪਿਤਾ ਆਪਣੇ ਬੱਚੇ ਦੇ ਅਨੁਭਵਾਂ ਬਾਰੇ ਗੱਲਬਾਤ ਦੌਰਾਨ ਜ਼ਿਆਦਾ ਪ੍ਰਸ਼ਨ ਪੁੱਛਦੇ ਹਨ, ਉਹ ਬੱਚੇ ਦੇ ਧਿਆਨ ਅਤੇ ਸਵੈ ਕੰਟਰੋਲ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਹਨ।

ਔਖੀਆਂ ਭਾਵਨਾਵਾਂ ਨੂੰ ਜਾਂਚਣਾ ਵਿਸ਼ੇਸ਼ ਰੂਪ ਨਾਲ ਪ੍ਰਭਾਵਸ਼ਾਲੀ ਪ੍ਰਤੀਤ ਹੋਇਆ, ਜਿਸ ਨਾਲ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਕੰਟਰੋਲ ਕਰਨ ਵਿੱਚ ਮਦਦ ਮਿਲੀ। ਇਸ ਨੂੰ ‘ਭਾਵਨਾਤਮਕ ਮਾਰਗਦਰਸ਼ਨ’ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਭਾਵਨਾਵਾਂ ਨੂੰ ਪਛਾਣਨਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ, ਉਨ੍ਹਾਂ ‘ਤੇ ਖੁੱਲ੍ਹ ਕੇ ਚਰਚਾ ਕਰਨਾ ਅਤੇ ਬੱਚਿਆਂ ਨੂੰ ਸਿਹਤਮੰਦ ਤਰੀਕੇ ਨਾਲ ਉਸ ਨਾਲ ਨਜਿੱਠਣ ਲਈ ਪ੍ਰੇਰਿਤ ਕਰਨਾ ਸ਼ਾਮਲ ਹੈ।

ਇਸੀ ਪ੍ਰਕਿਰਿਆ ਨੇ ਮਹਾਮਾਰੀ ਦੌਰਾਨ ਤਣਾਅ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਕੀਤੀ। ਬੱਚੇ ਨੇ ਜੋ ਕੁਝ ਬਰਦਾਸ਼ਤ ਕੀਤਾ ਹੈ, ਉਸ ਨੂੰ ਸਮਝਣਾ ਵੀ ਮਹੱਤਵਪੂਰਨ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਤਣਾਅ ਦੇ ਸਮੇਂ ਬਿਹਤਰ ਢੰਗ ਨਾਲ ਸਾਹਮਣਾ ਕਰਨ ਵਿੱਚ ਮਦਦ ਮਿਲ ਸਕਦੀ ਹੈ, ਨਾਲ ਹੀ ਉਨ੍ਹਾਂ ਨੂੰ ਵਿਆਪਕ ਭਾਵਨਾਤਮਕ ਕੌਸ਼ਲ ਵੀ ਮਿਲ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI