Home ਰਾਸ਼ਟਰੀ ਖ਼ਬਰਾਂ ਐਨਲ ਕੈਂਸਰ ਕੀ ਹੈ ਜਿਸ ਨੂੰ ‘ਸਮਾਜਿਕ ਕਲੰਕ’ ਵਾਂਗ ਦੇਖਿਆ ਜਾਂਦਾ, ਇਹ...

ਐਨਲ ਕੈਂਸਰ ਕੀ ਹੈ ਜਿਸ ਨੂੰ ‘ਸਮਾਜਿਕ ਕਲੰਕ’ ਵਾਂਗ ਦੇਖਿਆ ਜਾਂਦਾ, ਇਹ ਦਰਦਨਾਕ ਕਿਉਂ ਹੁੰਦਾ ਹੈ

13
0

Source :- BBC PUNJABI

ਟ੍ਰਿਸ਼ ਪ੍ਰੌਸਰ

ਤਸਵੀਰ ਸਰੋਤ, Trish Prosser

ਐਨਲ ਕੈਂਸਰ ਨਾਲ ਪੀੜਤ ਇੱਕ ਮਹਿਲਾ ਨੇ ਦੱਸਿਆ ਕਿ ਪੈਲਵਿਕ ਰੇਡੀਓਥੈਰੇਪੀ ਇਲਾਜ ਤੋਂ ਬਾਅਦ ਅਸਹਿਣਯੋਗ ਦਰਦ ਝੱਲਣ ਕਰਕੇ ਉਨ੍ਹਾਂ ਨੂੰ ਲੱਗਿਆ ਜਿਵੇਂ ਉਨ੍ਹਾਂ ਦੀ ਮੌਤ ਹੋਣ ਵਾਲੀ ਹੈ।

57 ਸਾਲ ਦੀ ਟ੍ਰਿਸ਼ ਪ੍ਰੌਸਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਵਜਾਈਨਲ ਵਾਲਜ਼ (ਕੰਧਾਂ) ਸੁੰਗੜ ਗਈਆਂ ਅਤੇ ਛੇ ਸਾਲ ਬਾਅਦ ਵੀ ਉਨ੍ਹਾਂ ਨੂੰ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚਾਰ ਬੱਚਿਆਂ ਦੀ ਮਾਂ ਟ੍ਰਿਸ਼ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਰੀਬੀਆਂ ਨੂੰ ਆਪਣੇ ਕੈਂਸਰ ਦੀ ਕਿਸਮ ਬਾਰੇ ਦੱਸਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਐਨਲ ਕੈਂਸਰ ਨੂੰ ਇੱਕ ਸਮਾਜਿਕ ਕਲੰਕ ਵਾਂਗ ਸਮਝਿਆ ਜਾਂਦਾ ਹੈ।

ਐਨਲ ਕੈਂਸਰ ਜਾਂ ਗੁਦਾ ਦਾ ਕੈਂਸਰ ਕਾਫ਼ੀ ਘੱਟ ਪਾਇਆ ਜਾਂਦਾ ਹੈ। ਬ੍ਰਿਟੇਨ ਵਿੱਚ ਹਰ ਸਾਲ ਇਸ ਦੇ ਲਗਭਗ 1,500 ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਕਰੀਬ 40-50 ਮਾਮਲੇ ਉੱਤਰੀ ਆਇਰਲੈਂਡ ਤੋਂ ਹੁੰਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਐਨਲ ਕੈਂਸਰ ਦੇ ਇਲਾਜ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ।

ਟ੍ਰਿਸ਼ ਨੇ ਕਿਹਾ, “ਲੋਕ ਆਪਣੇ ਨਿੱਜੀ ਅੰਗਾਂ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੇ ਹਨ। ਪਰ ਮੈਂ ਇਸ ਟੈਬੂ ਨੂੰ ਤੋੜਨਾ ਚਾਹੁੰਦੀ ਹਾਂ।”

ਟ੍ਰਿਸ਼ ਪ੍ਰੌਸਰ

ਤਸਵੀਰ ਸਰੋਤ, Trish Prosser

ਸਾਲ 2020 ਵਿੱਚ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਹੋਈ, ਉਸੇ ਸਮੇਂ ਟ੍ਰਿਸ਼ ਨੂੰ ਕੈਂਸਰ ਦਾ ਪਤਾ ਲੱਗਿਆ। ਇਸ ਤੋਂ ਕਰੀਬ ਛੇ ਸਾਲ ਬਾਅਦ ਟ੍ਰਿਸ਼ ਨੇ ਦੱਸਿਆ ਕਿ ਇਸ ਮੁਸ਼ਕਲ ਸਫ਼ਰ ਦੌਰਾਨ ਉਹ ਕਿਵੇਂ ਇਕੱਲੇ ਰਹੇ।

ਉਨ੍ਹਾਂ ਕਿਹਾ, “ਬਾਹਰੋਂ ਦੇਖਣ ‘ਤੇ ਮੈਂ ਠੀਕ ਲੱਗ ਰਹੀ ਸੀ ਕਿਉਂਕਿ ਮੇਰੇ ਵਾਲ ਨਹੀਂ ਝੜੇ ਸਨ, ਪਰ ਅੰਦਰੋਂ ਮੈਂ ਬਹੁਤ ਦੁਖੀ ਸੀ, ਮੈਨੂੰ ਲੱਗਦਾ ਸੀ ਕਿ ਮੈਂ ਟੁੱਟ ਰਹੀ ਹਾਂ।”

“ਮੇਰਾ ਸਭ ਤੋਂ ਵੱਡਾ ਲੱਛਣ ਥਕਾਵਟ ਸੀ, ਮੈਂ ਬਹੁਤ ਥੱਕੀ ਰਹਿੰਦੀ ਸੀ। ਮੈਨੂੰ ਐਨਲ/ਗੁਦਾ ਦੇ ਆਲੇ-ਦੁਆਲੇ ਖੁਰਕ ਵੀ ਹੁੰਦੀ ਸੀ, ਪਰ ਮੇਰੇ ਬਾਊਲ ਮੂਵਮੈਂਟ (ਮਲ ਤਿਆਗ) ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਅਤੇ ਸੱਚ ਦੱਸਾਂ ਤਾਂ ਕੈਂਸਰ ਨਾਲ ਜੁੜੇ ਹੋਰ ਕੋਈ ਖ਼ਾਸ ਲੱਛਣ ਨਹੀਂ ਸਨ।”

ਟ੍ਰਿਸ਼ ਪ੍ਰੌਸਰ

ਤਸਵੀਰ ਸਰੋਤ, Trish Prosser

ਬ੍ਰਿਟੇਨ ਦੇ ਬਾਕੀ ਹਿੱਸਿਆਂ ਦੇ ਉਲਟ, ਉੱਤਰੀ ਆਇਰਲੈਂਡ ਵਿੱਚ ਪੈਲਵਿਕ ਰੇਡੀਓਥੈਰੇਪੀ ਕਰਵਾ ਚੁੱਕੇ ਮਰੀਜ਼ਾਂ ਲਈ ਕਿਸੇ ਇੱਕ ਕਲੀਨਿਕ ਜਾਂ ਇੱਕ ਹੀ ਥਾਂ ‘ਤੇ ਸਾਰੇ ਇਲਾਜ ਉਪਲੱਬਧ ਕਰਵਾਉਣ ਵਾਲੀ ਕੋਈ ਸੁਵਿਧਾ ਨਹੀਂ ਹੈ।

ਬੈਲਫਾਸਟ ਦੇ ਰਹਿਣ ਵਾਲੇ ਟ੍ਰਿਸ਼ ਮੁਤਾਬਕ, ਇਲਾਜ ਤੋਂ ਉੱਭਰਨਾ ਤਾਂ ਰਿਕਵਰੀ ਦਾ ਪਹਿਲਾ ਪੜਾਅ ਹੈ, ਜਿਸ ਵਿੱਚ ਕਈ ਲੋਕਾਂ ਨੂੰ ਕਾਫੀ ਸਾਲ ਲੱਗ ਸਕਦੇ ਹਨ।

ਉਨ੍ਹਾਂ ਕਿਹਾ, “ਸ਼ਰੀਰ ‘ਤੇ ਨਿਸ਼ਾਨ ਰਹਿ ਜਾਂਦੇ ਹਨ। ਪੈਲਵਿਕ ਰੇਡੀਓਥੈਰੇਪੀ ਕਰਵਾਉਣ ਵਾਲਿਆਂ ਨੂੰ ਅੰਤੜੀਆਂ ਅਤੇ ਵਜਾਈਨਾ ਵਿੱਚ ਗੰਭੀਰ ਜ਼ਖਮ ਸਹਿਣੇ ਪੈਂਦੇ ਹਨ, ਜੋ ਬਹੁਤ ਦਰਦਨਾਕ ਹੁੰਦੇ ਹਨ।”

“ਮੈਂ ਨਹੀਂ ਚਾਹੁੰਦੀ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਕਿਸ ਦੌਰ ਵਿੱਚੋਂ ਗੁਜ਼ਰ ਰਹੀ ਹਾਂ, ਕਿਉਂਕਿ ਇਹ ਮੇਰੇ ਸ਼ਰੀਰ ਦਾ ਬਹੁਤ ਨਿੱਜੀ ਹਿੱਸਾ ਸੀ, ਇਸ ਲਈ ਜਦੋਂ ਲੋਕ ਪੁੱਛਦੇ ਸਨ ਤਾਂ ਮੈਂ ਸਿਰਫ਼ ਇਹੀ ਕਹਿੰਦੀ ਸੀ ਕਿ ਮੈਂ ਠੀਕ ਹਾਂ।”

ਐਨਲ ਕੈਂਸਰ ਕੀ ਹੁੰਦਾ ਹੈ?

ਡਾਕਟਰ ਕੈਥਰੀਨ ਹੰਨਾ - ਬੈਲਫਾਸਟ ਹੈਲਥ ਟਰੱਸਟ ਦੇ ਸਲਾਹਕਾਰ

ਐਨਲ ਕੈਂਸਰ ਮੁੱਖ ਤੌਰ ‘ਤੇ ਹਿਊਮਨ ਪੈਪਿਲੋਮਾਵਾਇਰਸ (ਐਚਪੀਵੀ) ਦੇ ਉੱਚ ਖ਼ਤਰੇ ਵਾਲੇ ਸਟ੍ਰੇਨ ਦੀ ਲਗਾਤਾਰ ਲਾਗ ਕਾਰਨ ਹੁੰਦਾ ਹੈ, ਜੋ ਲਗਭਗ 90 ਫ਼ੀਸਦੀ ਮਾਮਲਿਆਂ ਲਈ ਜ਼ਿੰਮੇਵਾਰ ਹੈ।

ਐਚਪੀਵੀ, ਐਨਲ ਕੈਨਾਲ ਵਿੱਚ ਕੋਸ਼ਿਕਾਵਾਂ ਦੇ ਅਸਧਾਰਣ ਤਰੀਕੇ ਨਾਲ ਵਧਣ ਅਤੇ ਟਿਊਮਰ ਬਣਾਉਣ ਦਾ ਕਾਰਨ ਬਣਦਾ ਹੈ।

ਹੋਰ ਮਹੱਤਵਪੂਰਨ ਜੋਖਮ ਕਾਰਕਾਂ ਵਿੱਚ ਕਮਜ਼ੋਰ ਰੋਗ-ਪ੍ਰਤੀਰੋਧਕ ਪ੍ਰਣਾਲੀ ਜਾਂ ਹੋਰ ਇਸਤਰੀ ਰੋਗ ਸੰਬੰਧੀ ਕੈਂਸਰ ਦਾ ਇਤਿਹਾਸ ਸ਼ਾਮਲ ਹੈ।

ਹਾਲਾਂਕਿ, ਐਚਪੀਵੀ ਦੀ ਲਾਗ ਵਾਲੇ ਬਹੁਤ ਘੱਟ ਮਰੀਜ਼ਾਂ ਨੂੰ ਹੀ ਕੈਂਸਰ ਹੁੰਦਾ ਹੈ।

ਕੀ ਪੈਲਵਿਕ ਰੇਡੀਓਥੈਰੇਪੀ ਇਲਾਜ ਨਾਲ ਨਿੱਜੀ ਸੰਬੰਧ ਪ੍ਰਭਾਵਿਤ ਹੁੰਦੇ ਹਨ?

ਟ੍ਰਿਸ਼ ਪ੍ਰੌਸਰ ਅਤੇ ਉਨ੍ਹਾਂ ਦੇ ਪਾਰਟਨਰ ਮਾਰਕ ਸੀਮੋਰ

ਤਸਵੀਰ ਸਰੋਤ, Trish Prosser

ਐਨਲ ਕੈਂਸਰ ਲਈ ਪੈਲਵਿਕ ਰੇਡੀਓਥੈਰੇਪੀ ਵਜਾਈਨਾ ਦੇ ਟਿਸ਼ੂ ਨੂੰ ਲੰਬੇ ਸਮੇਂ ਤੱਕ ਰਹਿਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਸਥਿਤੀ ਨੂੰ ਅਕਸਰ ਰੇਡੀਏਸ਼ਨ-ਇੰਡਿਊਸਡ ਵਜਾਈਨਲ ਸਟੈਨੋਸਿਸ ਕਿਹਾ ਜਾਂਦਾ ਹੈ। ਇਸ ਵਿੱਚ ਅਜਿਹੇ ਟਿਸ਼ੂ ਬਣ ਜਾਂਦੇ ਹਨ, ਜਿਨ੍ਹਾਂ ਨਾਲ ਵਜਾਈਨਾ ਛੋਟੀ ਅਤੇ ਖੁਸ਼ਕ ਹੋ ਜਾਂਦੀ ਹੈ। ਜਿਸ ਕਾਰਨ ਟਿਸ਼ੂ ਵਿੱਚ ਕੱਟ ਲੱਗ ਸਕਦੇ ਹਨ ਅਤੇ ਨੁਕਸਾਨ ਵੀ ਹੋ ਸਕਦਾ ਹੈ।

ਹਾਲਾਂਕਿ ਇਹ ਇਲਾਜ ਦੌਰਾਨ ਹੁੰਦਾ ਹੈ, ਪਰ ਅਕਸਰ ਇਲਾਜ ਖ਼ਤਮ ਹੋਣ ਤੋਂ ਬਾਅਦ ਵੀ ਮਹੀਨਿਆਂ ਜਾਂ ਸਾਲਾਂ ਤੱਕ ਇਹ ਸਮੱਸਿਆ ਬਣੀ ਰਹਿੰਦੀ ਹੈ।

ਟ੍ਰਿਸ਼ ਨੇ ਕਿਹਾ, “ਮੈਨੂੰ ਪਤਾ ਨਹੀਂ ਸੀ ਕਿ ਮੇਰੀ ਵਜਾਈਨਾ ਅਸਲ ਵਿੱਚ ਆਪਸ ਵਿੱਚ ਚਿਪਕ ਗਈ ਸੀ ਅਤੇ ਮੈਨੂੰ ਇਸਨੂੰ ਮੁੜ ਖੋਲ੍ਹਣ ਦੀ ਲੋੜ ਸੀ, ਜੋ ਕਿ ਡਾਇਲੇਟਰ ਜਾਂ ਸਰੀਰਕ ਸੰਬੰਧ ਰਾਹੀਂ ਹੀ ਸੰਭਵ ਸੀ। ਸਰੀਰਕ ਸੰਬੰਧ ਦਰਦਨਾਕ ਸਨ।”

“ਪਰ ਜਿਵੇਂ-ਜਿਵੇਂ ਤੁਸੀਂ ਠੀਕ ਹੋਣ ਲੱਗਦੇ ਹੋ, ਤੁਸੀਂ ਮੁੜ ਸਰੀਰਕ ਸੰਬੰਧ ਬਣਾਉਣ ਬਾਰੇ ਸੋਚਦੇ ਹੋ ਅਤੇ ਮੈਂ ਬਹੁਤ ਖੁਸ਼ਕਿਸਮਤ ਸੀ ਕਿ ਮੇਰੇ ਕੋਲ ਇੱਕ ਮਜ਼ਬੂਤ, ਪਿਆਰ ਕਰਨ ਵਾਲਾ ਸਾਥੀ ਸੀ ਜੋ ਧੀਰਜ ਵਾਲਾ ਸੀ ਅਤੇ ਉਨ੍ਹਾਂ ਨੇ ਉਸ ਦੌਰ ਵਿੱਚ ਮੇਰੀ ਮਦਦ ਕੀਤੀ।”

ਇਲਾਜ ਤੋਂ ਬਾਅਦ ਖ਼ਿਆਲ ਰੱਖਣ ਦੀ ਲੋੜ

ਟ੍ਰਿਸ਼ ਪ੍ਰੌਸਰ

ਤਸਵੀਰ ਸਰੋਤ, Trish Prosser

ਰੇਡੀਓਥੈਰੇਪੀ ਯੂਕੇ ਨੇ ਬੈਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਦੀ ਜੀਆਈ ਕਲਿਨਿਕਲ ਓਨਕੋਲੋਜੀ ਟੀਮ ਨਾਲ ਮਿਲ ਕੇ ਕਿਹਾ ਹੈ ਕਿ ਉਹ ਉਸ ਕੈਂਸਰ ਬਾਰੇ ਇੱਕ ਅਜਿਹੀ ਚਰਚਾ ਸ਼ੁਰੂ ਕਰਨਾ ਚਾਹੁੰਦੇ ਹਨ, ਜਿਸਨੂੰ ਸਭ ਤੋਂ ਘੱਟ ਚਰਚਿਤ ਕੈਂਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਨ੍ਹਾਂ ਦਾ ਮਕਸਦ ਕੈਂਸਰ ਦੌਰਾਨ ਅਤੇ ਉਸ ਤੋਂ ਬਾਅਦ ਪੂਰੀ ਦੇਖਭਾਲ ਦਾ ਇੱਕ ਜ਼ਰੀਆ ਵਿਕਸਤ ਕਰਨਾ ਹੈ।

ਰੇਡੀਓਥੈਰੇਪੀ ਯੂਕੇ ਦੇ ਸਾਰਾ ਕਵੀਨਲਾਨ ਨੇ ਕਿਹਾ, “ਕੈਂਸਰ ਦੇ ਮਾੜੇ ਪ੍ਰਭਾਵ (ਸਾਈਡ ਇਫੈਕਟ) ਮਹੀਨਿਆਂ ਜਾਂ ਸਾਲਾਂ ਬਾਅਦ ਵੀ ਸਾਹਮਣੇ ਆ ਸਕਦੇ ਹਨ, ਜੋ ਜੀਵਨ ਦੀ ਗੁਣਵੱਤਾ, ਆਜ਼ਾਦੀ ਅਤੇ ਵਿਅਕਤੀ ਦੀ ਸਿਹਤ ‘ਤੇ ਬਹੁਤ ਅਸਰ ਪਾਉਂਦੇ ਹਨ।”

“ਅਸੀਂ ਇੱਕ ਵਿਵਸਥਾ ਚਾਹੁੰਦੇ ਹਾਂ, ਜਿਸ ਨਾਲ ਇਲਾਜ ਤੋਂ ਬਾਅਦ ਮਰੀਜ਼ ਆਪਣੇ ਆਪ ਨੂੰ ਇੱਕਲਾ ਮਹਿਸੂਸ ਨਾ ਕਰਨ।”

ਟ੍ਰਿਸ਼ ਵੀ ਪੈਲਵਿਕ ਰੇਡੀਓਥੈਰੇਪੀ ਦੇ ਸਾਈਡ ਇਫੈਕਟਸ ਨਾਲ ਨਜਿੱਠਣ ਲਈ ਇੱਕ ਕਲੀਨਿਕ ਦੀ ਮੰਗ ਕਰ ਰਹੇ ਹਨ।

ਟ੍ਰਿਸ਼ ਕਹਿੰਦੇ ਹਨ, “ਮੇਰੇ ਇਲਾਜ ਦੌਰਾਨ ਮੇਰੇ ਆਮ ਡਾਕਟਰ ਮੇਰੇ ਲਈ ਇੱਕ ਸਹਾਰਾ ਸਨ, ਦਿਆਲੂ ਅਤੇ ਮਦਦ ਲਈ ਤਿਆਰ। ਪਰ ਇਲਾਜ ਖ਼ਤਮ ਹੋਣ ਤੋਂ ਬਾਅਦ ਇਹ ਦਰਦਨਾਕ ਰੂਪ ਨਾਲ ਸਾਫ਼ ਹੋ ਗਿਆ ਕਿ ਪੈਲਵਿਕ ਰੇਡੀਓਥੈਰੇਪੀ ਤੋਂ ਬਾਅਦ ਸਾਹਮਣੇ ਆਉਣ ਵਾਲੇ ਸਾਈਡ ਇਫੈਕਟਸ ਦੌਰਾਨ ਮੈਨੂੰ ਸਭ ਕੁਝ ਇੱਕਲੇ ਹੀ ਸੰਭਾਲਣਾ ਪਿਆ।”

“ਵਜਾਈਨਾ ਟਿਸ਼ੂ ਨੂੰ ਫੈਲਾਉਣ ਲਈ ਡਿਜ਼ਾਈਨ ਕੀਤੇ ਗਏ ਡਾਇਲੇਟਰ ਦਾ ਇਸਤੇਮਾਲ ਬਹੁਤ ਦਰਦਨਾਕ ਸੀ।”

ਟ੍ਰਿਸ਼ ਨੇ ਦੱਸਿਆ, “ਲੰਬੇ ਸਮੇਂ ਤੱਕ ਕਬਜ਼ ਅਤੇ ਭਾਰ ਵਧਣ ਕਰਕੇ ਮੇਰਾ ਢਿੱਡ ਇੰਨਾ ਫੁੱਲ ਗਿਆ ਸੀ ਕਿ ਜਦੋਂ ਮੈਂ ਸ਼ੀਸ਼ੇ ਵਿੱਚ ਦੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਆਪਣੇ ਆਪ ਨੂੰ ਪਛਾਣ ਹੀ ਨਹੀਂ ਪਾ ਰਹੀ ਸੀ।”

ਸਰੀਰਕ ਅਤੇ ਮਾਨਸਿਕ ਪ੍ਰਭਾਵ

ਡਾਕਟਰ ਕੈਥਰੀਨ ਹੰਨਾ

ਜਲਦ ਹੀ ਉੱਤਰੀ ਆਇਰਲੈਂਡ ਵਿੱਚ ਪਹਿਲੀ ਵਾਰ ਮਰੀਜ਼, ਡਾਕਟਰ ਅਤੇ ਚੈਰਿਟੀ ਸੰਸਥਾਵਾਂ ਮਿਲ ਕੇ ਇੱਕ ਅਜਿਹਾ ਪ੍ਰੋਗਰਾਮ ਆਯੋਜਿਤ ਕਰ ਰਹੇ ਹਨ, ਜੋ ਪੂਰੀ ਤਰ੍ਹਾਂ ਐਨਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੈ।

ਬੈਲਫਾਸਟ ਕੈਂਸਰ ਸੈਂਟਰ ਵਿੱਚ ਕਲਿਨਿਕਲ ਨਰਸ ਸਪੈਸ਼ਲਿਸਟ ਐਲਿਸਨ ਇਰਵਿਨ ਆਮ ਤੌਰ ‘ਤੇ ਇਲਾਜ ਤੋਂ ਬਾਅਦ ਮਰੀਜ਼ਾਂ ਨਾਲ ਸੰਪਰਕ ਕਰਨ ਵਾਲੇ ਪਹਿਲੇ ਵਿਅਕਤੀ ਹੁੰਦੇ ਹਨ।

ਉਨ੍ਹਾਂ ਕਿਹਾ, “ਇਸਦਾ ਮਕਸਦ ਉਨ੍ਹਾਂ ਨੂੰ ਐਨਲ ਕੈਂਸਰ ਨਾਲ ਜੁੜੇ ਟੈਬੂ ਨੂੰ ਦੂਰ ਕਰਨ ਲਈ ਲੋੜੀਂਦੇ ਸ਼ਬਦ ਅਤੇ ਸ਼ਬਦਾਵਲੀ ਪ੍ਰਦਾਨ ਕਰਨਾ ਹੈ, ਜਿਸ ਵਿੱਚ ਆਪਣੇ ਪਰਿਵਾਰ ਅਤੇ ਕੰਪਨੀਆਂ ਨੂੰ ਇਸ ਬਾਰੇ ਦੱਸਣਾ ਸ਼ਾਮਲ ਹੈ।”

“ਇਹ ਬਹੁਤ ਜ਼ਰੂਰੀ ਹੈ ਕਿ ਮਰੀਜ਼ ਨੂੰ ਮਹਿਸੂਸ ਹੋਵੇ ਕਿ ਉਹ ਸਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਅਤੇ ਆਪਣੇ ਸਰੀਰ ਬਾਰੇ ਸਭ ਕੁਝ ਦੱਸ ਸਕਦੇ ਹਨ। ਮੈਂ ਇਹ ਸਭ ਪਹਿਲਾਂ ਵੀ ਸੁਣਿਆ ਹੈ, ਇਸ ਲਈ ਮਰੀਜ਼ਾਂ ਨਾਲ ਮੇਰਾ ਰਿਸ਼ਤਾ ਅਹਿਮ ਹੈ।”

ਬੈਲਫਾਸਟ ਹੈਲਥ ਟਰੱਸਟ ਦੇ ਸਲਾਹਕਾਰ ਕਲਿਨਿਕਲ ਓਨਕੋਲੋਜਿਸਟ ਡਾਕਟਰ ਕੈਥਰੀਨ ਹੰਨਾ ਨੇ ਕਿਹਾ ਕਿ ਜੇ ਐਨਲ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਰੇਡੀਓਥੈਰੇਪੀ ਨਾਲ ਇਸਦਾ ਇਲਾਜ ਸੰਭਵ ਹੈ।

ਉਨ੍ਹਾਂ ਕਿਹਾ, “ਇਹ ਇੱਕ ਦੁਰਲੱਭ ਕੈਂਸਰ ਹੈ ਅਤੇ ਲੋਕਾਂ ਨੂੰ ਉਸ ਜਗ੍ਹਾ ‘ਤੇ ਗੰਢ, ਖੁਰਕ ਅਤੇ ਇੱਥੋਂ ਤੱਕ ਕਿ ਖੂਨ ਵਹਿਣ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਜੇ ਕਿਸੇ ਨੂੰ ਆਪਣੇ ਸਰੀਰ ਵਿੱਚ ਕੁਝ ਅਸਧਾਰਣ ਲੱਗੇ, ਤਾਂ ਉਸਨੂੰ ਜਾਂਚ ਕਰਵਾਉਣੀ ਚਾਹੀਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI