Source :- BBC PUNJABI

ਤਸਵੀਰ ਸਰੋਤ, Getty Images
ਜਦੋਂ ਗੈਸਟ੍ਰੋਐਂਟਰੌਲੋਜਿਸਟ ਜੁਲਿਆਣਾ ਸੁਆਰੇਜ਼ ਨੇ ਸੋਸ਼ਲ ਮੀਡੀਆ ‘ਤੇ ਸਮੱਗਰੀ ਪੋਸਟ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਇੱਕ ਵੱਡੀ ਸਮੱਸਿਆ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਦੇਖਿਆ ਕਿ ਲੋਕ ਆਪਣੇ ਪਾਚਨ ਤੰਤਰ ਦੀ ਕਾਰਜ ਪ੍ਰਣਾਲੀ ਬਾਰੇ ਗੱਲ ਕਰਨ ਤੋਂ ਅਸਹਿਜ ਮਹਿਸੂਸ ਕਰਦੇ ਹਨ।
ਸੁਆਰੇਜ਼ ਨੇ ਬੀਬੀਸੀ ਨੂੰ ਦੱਸਿਆ, “ਲੋਕਾਂ ਨੂੰ ਆਪਣੇ ਲੱਛਣਾਂ ਦੇ ਬਾਰੇ ਗੱਲ ਕਰਨ ਵਿੱਚ ਔਖਾ ਲੱਗਦਾ ਹੈ, ਉਹ ਸ਼ਰਮ ਮਹਿਸੂਸ ਕਰਦੇ ਹਨ।”
“ਅਤੇ ਮੈਂ ਬਹੁਤ ਸਾਰੇ ਵਿਸ਼ਿਆਂ ‘ਤੇ ਗੱਲ ਕਰਨਾ ਸ਼ੁਰੂ ਕੀਤਾ ਜਿਵੇਂ ਕਿ ਗੈਸਟ੍ਰਾਈਟਿਸ, ਹੈਪੇਟਾਈਟਿਸ, ਪੈਨਕ੍ਰੇਟਾਈਟਿਸ, ਰਿਫਲਕਸ। ਇਸ ਦੌਰਾਨ ਅਹਿਸਾਸ ਹੋਇਆ ਕਿ ਅਜਿਹੇ ਲੋਕ ਵੀ ਹਨ ਜੋ ਗੈਸਟ੍ਰੋਐਂਟਰੌਲੋਜਿਸਟ ਸ਼ਬਦ ਦਾ ਉਚਾਰਨ ਵੀ ਨਹੀਂ ਕਰ ਸਕਦੇ।”

ਤਸਵੀਰ ਸਰੋਤ, Dra. Juliana Suárez
ਕੋਲੰਬੀਆਈ ਮਾਹਰ ਦੱਸਦੇ ਹਨ, “ਜਦੋਂ ਮੈਂ ਮਲ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਅਕਾਊਂਟ ਉੱਪਰ ਅੰਕੜੇ ਦਿਖਾਉਣੇ ਸ਼ੁਰੂ ਕੀਤੇ ਤਾਂ ਲੋਕ ਮੇਰੇ ਨਾਲ ਜੁੜਨੇ ਸ਼ੁਰੂ ਹੋ ਗਏ। ਉਦੋਂ ਹੀ ਉਨ੍ਹਾਂ ਨੇ ਮੈਨੂੰ ‘ਡਾ.ਪੂਪ’ ਦਾ ਨਾਮ ਦੇ ਦਿੱਤਾ।”
ਉਦੋਂ ਤੋਂ ਡਾ. ਸੁਆਰੇਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ @ladoctorapopo_ ਦੀ ਵਰਤੋਂ ਪਾਚਨ ਤੰਤਰ ਦੇ ਉਚਿਤ ਕੰਮਕਾਜ ਬਾਰੇ ਗੱਲ ਕਰਨ ਅਤੇ ਮਲ ਦੇ ਬਾਰੇ ‘ਚ ਗੰਭੀਰ ਗੱਲਬਾਤ ਕਰਨ ਲਈ ਕੀਤਾ ਹੈ।
ਉਨ੍ਹਾਂ ਨੇ ‘ਦਿ ਆਰਟ ਆਫ ਪੂਪਿੰਗ: ਹੈਲਦੀ ਡਾਈਜੇਸ਼ਨ’ ਨਾਮ ਦੀ ਈ-ਬੁੱਕ ਵੀ ਪ੍ਰਕਾਸ਼ਿਤ ਕੀਤੀ ਹੈ।
“ਜਦੋਂ ਅਸੀਂ ਬੱਚੇ ਸੀ ਤਾਂ ਉਦੋਂ ਸਾਡੇ ਤੋਂ ਮਲ ਦੇ ਬਾਰੇ ਜਾਣਨ ਦੀ ਜਿਗਿਆਸਾ ਖੋਹ ਲਈ ਗਈ, ਸਾਨੂੰ ਕਿਹਾ ਜਾਂਦਾ ਸੀ ਇਹ ਬਦਸੂਰਤ ਹੈ ਪਰ ਹੁਣ ਬਾਲਗ ਹੋਣ ਦੇ ਨਾਤੇ ਸਾਡੇ ਕੋਲ ਇੱਕ ਅਜਿਹੀ ਥਾਂ ਹੈ, ਜਿੱਥੇ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ।”
ਡਾ. ਸੁਆਰੇਜ਼ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਲੋਕਾਂ ਵੱਲੋਂ ਆਪਣੇ ਪਾਚਨ ਸਿਹਤ ਦੇ ਸਬੰਧ ਵਿੱਚ ਕੀਤੀਆਂ ਜਾਣ ਵਾਲੀਆਂ ਮੁੱਖ ਗਲਤੀਆਂ ਬਾਰੇ ਦੱਸਿਆ ਅਤੇ ਨਿਯਮਿਤ ਤੌਰ ‘ਤੇ ਪਖਾਨੇ ਜਾਣ ਵਿੱਚ ਮਦਦ ਦੇ ਲਈ ਕੁਝ ਸੁਝਾਅ ਦਿੱਤੇ ਹਨ।

ਤਸਵੀਰ ਸਰੋਤ, Dra. Juliana Suárez
1. ਜ਼ਿਆਦਾ ਭੋਜਨ ਸ਼ਾਮਲ ਕਰੋ
ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਟੀਵੀ ਦੇਖਦੇ ਹੋਏ ਜਾਂ ਮੈਗਜ਼ੀਨ ਪੜ੍ਹਦੇ ਹੋਏ ਅਣਗਿਣਤ ‘ਚਮਤਕਾਰ ਖੁਰਾਕਾਂ’ ਦਾ ਜ਼ਿਕਰ ਦੇਖਿਆ ਜਾਂਦਾ ਹੈ, ਜੋ ਇੱਕ ਜਾਂ ਵੱਧ ਖਾਦ ਪਦਾਰਥਾਂ ਨੂੰ ਬੰਦ ਕਰਕੇ ਭਾਰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਨ ਦਾ ਵਾਅਦਾ ਕਰਦੇ ਹਨ।
ਪਰ ਡਾ. ਸੁਆਰੇਜ਼ ਦੀ ਸਲਾਹ ਇਸ ਤੋਂ ਉਲਟ ਹੈ।
ਉਹ ਕਹਿੰਦੇ ਹਨ, “ਮੈਂ ਲੋਕਾਂ ਨੂੰ ਦੱਸਦੀ ਹਾਂ ਕਿ ਸਮੱਸਿਆ ਭੋਜਨ ਨਹੀਂ ਹੈ, ਬਲਕਿ ਹਰੇਕ ਵਿਅਕਤੀ ਦਾ ਮਾਇਕ੍ਰੋਬਾਇਟੋ ਹੈ।”
ਮਾਇਕ੍ਰੋਬਾਇਟੋ ਬੈਕਟੀਰੀਆ ਦਾ ਇੱਕ ਇਕੋਸਿਸਟਮ ਹੈ, ਜੋ ਸਾਡੇ ਪਾਚਨ ਤੰਤਰ ਵਿੱਚ ਨਿਵਾਸ ਕਰਦਾ ਹੈ ਅਤੇ ਸਾਡੇ ਵੱਲੋਂ ਖਾਦੇ ਜਾਣ ਵਾਲੇ ਭੋਜਨ ਨੂੰ ਤੋੜਨ ਵਿੱਚ ਸਾਡੀ ਮਦਦ ਕਰਦਾ ਹੈ। ਮਾਇਕ੍ਰੋਬਾਇਟੋ ਵਿਭਿੰਨਤਾ ‘ਤੇ ਵਧਦਾ-ਫੁੱਲਦਾ ਹੈ।
ਡਾ. ਸੁਆਰੇਜ਼ ਦੱਸਦੇ ਹਨ ਕਿ ਸੋਸ਼ਲ ਮੀਡੀਆ ‘ਤੇ ‘ਪਰਫੈਕਟ ਡਾਇਟ’ ਲੱਭਣ ਦੀ ਚਾਹਤ ਨੇ ਲੋਕਾਂ ਨੂੰ ਆਪਣੇ ਭੋਜਨ ‘ਚੋਂ ਸਾਰੇ ਖਾਦ ਪਦਾਰਥ ਹਟਾਉਣ ਲਈ ਪ੍ਰੇਰਿਤ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦਾ ਮਾਈਕ੍ਰੋਬਾਇਟੋ ਕਮਜ਼ੋਰ ਹੋ ਗਿਆ ਹੈ।
“ਨਾ ਇਹ ਦਾਲ ਦੀ ਗ਼ਲਤੀ ਹੈ ਤੇ ਨਾ ਹੀ ਗਲੁਟੇਨ ਦੀ, ਜਿਸ ਨੂੰ ਪੂਰੀ ਤਰ੍ਹਾਂ ਬੁਰਾ ਮੰਨਿਆ ਜਾਂਦਾ ਹੈ। ਇਹ ਲੱਸਣ ਦੀ ਗ਼ਲਤੀ ਵੀ ਨਹੀਂ ਹੈ ਪਰ ਭੋਜਨ ਵਿੱਚ ਫਾਈਬਰ ਦੀ ਘਾਟ, ਤਣਾਅ, ਕਸਰਤ ਵਿੱਚ ਘਾਟ ਨਾਲ ਮਾਈਕ੍ਰੋਬਾਇਟੋ ਪ੍ਰਭਾਵਿਤ ਹੁੰਦਾ ਹੈ।”
“ਮੈਂ ਕਿਤਾਬ ਵਿੱਚ ਜੋ ਕਿਹਾ, ਉਹ ਇਹ ਹੈ ਕਿ ਤੁਹਾਨੂੰ ਫਿਰ ਤੋਂ ਖਾਣਾ ਸ਼ੁਰੂ ਕਰਨਾ ਹੋਵੇਗਾ। ਪਰ ਇਹ ਅਜਿਹਾ ਹੈ ਜਿਵੇਂ ਮੈਂ ਇੱਕ ਮੈਰਾਥਨ ਦੌੜਾਕ ਹਾਂ, ਜਿਸ ਨੇ ਲੰਬੇ ਸਮੇਂ ਤੋਂ ਸਿਖਲਾਈ ਨਹੀਂ ਲਈ ਹੈ ਅਤੇ ਮੈਂ 42 ਕਿਲੋਮੀਟਰ ਦੀ ਮੈਰਾਥਨ ਦਾ ਸਾਹਮਣਾ ਕਰ ਰਿਹਾ ਹਾਂ। ਤੁਹਾਨੂੰ ਹੌਲੀ-ਹੌਲੀ ਆਪਣੇ ਮਾਈਕ੍ਰੋਬਾਇਟੋ ਦਾ ਨਿਰਮਾਣ ਸ਼ੁਰੂ ਕਰਨਾ ਹੋਵੇਗਾ।”
ਡਾਕਟਰ ਸਿਫਾਰਸ਼ ਕਰਦੇ ਹਨ ਕਿ ਆਪਣੇ ਭੋਜਨ ਵਿੱਚ ਨਵੇਂ ਕੁਦਰਤੀ ਖਾਦ ਪਦਾਰਥਾਂ ਨੂੰ ਸ਼ਾਮਲ ਕਰੋ, ਜਦੋਂ ਤੱਕ ਤੁਸੀਂ ਸਾਰੇ ਖਾਦ ਸਮੂਹਾਂ ਨੂੰ ਸ਼ਾਮਲ ਨਹੀਂ ਕਰ ਲੈਂਦੇ, ਜਿਵੇਂ-ਡੇਅਰੀ, ਜ਼ਿਆਦਾ ਫਲ਼, ਜ਼ਿਆਦਾ ਸਬਜ਼ੀਆਂ, ਜ਼ਿਆਦਾ ਫਲੀਆਂ, ਜ਼ਿਆਦਾ ਦਾਲ, ਜ਼ਿਆਦਾ ਛੋਲੇ, ਜ਼ਿਆਦਾ ਮੇਵੇ ਤੇ ਜ਼ਿਆਦਾ ਬੀਜ।

ਤਸਵੀਰ ਸਰੋਤ, Getty Images
2. ਸਿਹਤਮੰਦ ਜੀਵਨ ਜੀਓ ਅਤੇ ਉਤਮ ਭੋਜਨ ਦੇ ਪਿੱਛੇ ਜਨੂਨੀ ਨਾ ਬਣੋ
ਭੋਜਨ ਨੂੰ ਤੋੜਨ ‘ਚ ਮਾਇਕ੍ਰੋਬਾਇਟੋ ਦੀ ਭੂਮਿਕਾ ਤੋਂ ਇਲਾਵਾ ਡਾ. ਸੁਆਰੇਜ਼ ਦਾ ਕਹਿਣਾ ਹੈ ਕਿ ਸਾਡੀ ਅੰਤੜੀਆਂ ਵਿੱਚ ਰਹਿਣ ਵਾਲਾ ਇਹ ਇਕੋਸਿਸਟਮ ਸਾਡੇ ਸਰੀਰ ਵਿੱਚ ਮੂਡ ਤੋਂ ਲੈ ਕੇ ਇਮਿਊਨ ਸਿਸਟਮ ਤੱਕ ਕਈ ਪ੍ਰਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਇਹ ਸਾਡੀ ਭਲਾਈ ਲਈ ਇੱਕ ਬੁਨਿਆਦੀ ਤੱਤ ਬਣ ਜਾਂਦਾ ਹੈ।
“ਇੱਥੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਇਕੋਸਿਸਟਮ ਹੈ, ਇਹ ਮੈਟੋਬੋਲਿਕ ਸਿਹਤ, ਦਿਲ ਦੀ ਸਿਹਤ, ਹਾਰਮੋਨਲ ਸਿਹਤ, ਚਮੜੀ ਸਿਹਤ ਅਤੇ ਆਟੋਐਂਟੀਬਾਡੀਜ਼ ਰੋਗਾਂ ਨੂੰ ਕੰਟਰੋਲ ਕਰਦਾ ਹੈ ਅਤੇ ਅਸੀਂ ਅਜੇ ਵੀ ਇਹ ਸਮਝਣ ਦੇ ਲਈ ਸੰਘਰਸ਼ ਕਰ ਰਹੇ ਹਾਂ ਕਿ ਸਾਨੂੰ ਇਸ ਨੂੰ ਇਸ ਦਾ ਮੁੱਖ ਭੋਜਨ ਖਿਲਾਉਣ ਦੀ ਜ਼ਰੂਰਤ ਹੈ, ਜੋ ਕਿ ਫਾਈਬਰ ਹੈ, ਨਾ ਕਿ ਅਲਟਰਾ ਪ੍ਰੋਸੈਸਡ ਭੋਜਨ, ਜਿਸ ਵਿੱਚ ਹਰ ਇੱਕ ਪ੍ਰਕਾਰ ਦੇ ਐਡਿਟਿਵ ਅਤੇ ਪ੍ਰੀਜ਼ਰਵੇਟਿਵ ਹੁੰਦੇ ਹਨ।”
ਇਸ ਤੋਂ ਇਲਾਵਾ ਇਹ ਇਕੋਸਿਸਟਮ ਸਾਡੇ ਜੀਵਨ ਦੇ ਕਈ ਕਾਰਕਾਂ ਦੇ ਪ੍ਰਤੀ ਵਿਸ਼ੇਸ਼ ਰੂਪ ਨਾਲ ਸੰਵੇਦਨਸ਼ੀਲ ਹੈ, ਜਿਸ ਵਿੱਚ ਤਣਾਅ, ਲੰਬੇ ਸਮੇਂ ਤੱਕ ਐਂਟੀਬਾਇਓਟਿਕ ਦੀ ਵਰਤੋਂ ਅਤੇ ਗਤੀਹੀਨ ਜੀਵਨ ਸ਼ੈਲੀ ਸ਼ਾਮਲ ਹੈ।
“ਜਿਹੜੇ ਲੋਕਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ, ਉਨ੍ਹਾਂ ਵਿੱਚ ਵਿਭਿੰਨ ਮਾਈਕ੍ਰੋਬਾਇਟੋ ਹੁੰਦੇ ਹਨ, ਜੋ ਕਈ ਪ੍ਰਕਾਰ ਦੇ ਖਾਦ ਪਦਾਰਥ ਖਾਂਦੇ ਹਨ, ਕਸਰਤ ਕਰਦੇ ਹਨ, ਚੰਗੀ ਨੀਂਦ ਲੈਂਦੇ ਹਨ ਅਤੇ ਜਦੋਂ ਤੁਸੀਂ ਇਨ੍ਹਾਂ ਸਾਰੇ ਤੱਤਾਂ ਨੂੰ ਇਕੱਠਾ ਰੱਖਦੇ ਹੋ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਉਹ ਆਈਸਕ੍ਰੀਮ ਖਾ ਰਹੇ ਹਨ ਜਾਂ ਬਰਗਰ।”

ਤਸਵੀਰ ਸਰੋਤ, Getty Images
ਡਾਕਟਰ ਦਾ ਇਹ ਵੀ ਮੰਨਣਾ ਹੈ ਕਿ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ, ਇਸ ਬਾਰੇ ਇੰਨਾ ਨਹੀਂ ਸੋਚਣਾ ਚਾਹੀਦਾ ਕਿਉਂਕਿ ਇਸ ਨਾਲ ਚਿੰਤਾ ਪੈਦਾ ਹੁੰਦੀ ਹੈ ਅਤੇ ਲੋਕ ਭੋਜਨ ਦਾ ਅਨੰਦ ਨਹੀਂ ਮਾਣ ਪਾਉਂਦੇ।
“ਇਹ ਸੰਪੂਰਨ ਭੋਜਨ ਬਾਰੇ ਨਹੀਂ ਹੈ, ਇਹ ਚੰਗੇ ਬਦਲ ਚੁਣਨ ਦੇ ਬਾਰੇ ਹੈ ਅਤੇ ਇਸ ਵਿੱਚ ਅਪਵਾਦਾਂ ਬਾਰੇ ਹਮੇਸ਼ਾ ਥਾਂ ਹੋਣੀ ਚਾਹੀਦੀ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਮਰੀਜ਼ਾਂ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਉਨ੍ਹਾਂ ਦੇ ਮਾਈਕ੍ਰੋਬਾਇਟੋ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਉਹ ਗਾਜਰ ਦੇ ਨਾਲ ਚਿਕਨ ਵੀ ਨਹੀਂ ਖਾ ਪਾਉਂਦੇ ਕਿਉਂਕਿ ਬਾਕੀ ਸਭ ਕੁਝ ਹਾਨੀਕਾਰਕ ਹੈ।
“ਜਦੋਂ ਭੋਜਨ ਤੋਂ ਲੱਛਣ ਪੈਦਾ ਹੋਣ ਲੱਗਦੇ ਹਨ ਤਾਂ ਪਾਚਨ ਮੁਸ਼ਕਲ ਹੋ ਜਾਂਦਾ ਹੈ ਅਤੇ ਉਦੋਂ ਲੋਕ ਸੋਸ਼ਲ ਮੀਡੀਆ ‘ਤੇ ਭਰੋਸਾ ਕਰਕੇ ਭੋਜਨ ਨੂੰ ਦੋਸ਼ ਦਿੰਦੇ ਹਨ। ਇਸ ਨਾਲ ਵੀ ਚਿੰਤਾ ਪੈਦਾ ਹੁੰਦੀ ਹੈ ਅਤੇ ਲੋਕ ਜ਼ਿਆਦਾਤਰ ਭੋਜਨ ਤਿਆਗ ਦਿੰਦੇ ਹਨ।”
ਜਦੋਂ ਤੱਕ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ, ਉਦੋਂ ਤੱਕ ਉਹ ਸਿਹਤਮੰਦ ਮਾਈਕ੍ਰੋਬਾਇਟੋ ਬਣਾਈ ਰੱਖਣ ਦੇ ਲਈ ਜ਼ਰੂਰੀ ਭੋਜਨ ਨੂੰ ਤਿਆਗ ਚੁੱਕੇ ਹੁੰਦੇ ਹਨ।

ਤਸਵੀਰ ਸਰੋਤ, Getty Images
3. ਬਚਪਨ ਵਿੱਚ ਹੀ ਸ਼ੁਰੂ ਕਰੋ ਅਤੇ ਕਦੇ ਵੀ ਰੁਕੋ ਨਾ
ਡਾ. ਸੁਆਰੇਜ਼ ਦੱਸਦੇ ਹਨ, “ਇਨ੍ਹਾਂ ਵਿੱਚੋਂ ਕਈ ਸਮੱਸਿਆਵਾਂ ਬਚਪਨ ਵਿੱਚ ਹੀ ਸ਼ੁਰੂ ਹੋ ਜਾਂਦੀਆਂ ਹਨ।”
“ਜਦੋਂ ਤੁਸੀਂ ਵੱਡੇ ਹੁੰਦੇ ਹੋ ਤਾਂ ਉਸ ਸਮੇਂ ਕੁਝ ਵਿਸ਼ੇਸ਼ ਪਲ ਹੁੰਦੇ ਹਨ, ਜਿਵੇਂ ਮਲ ਦੀ ਸਿਖਲਾਈ, ਜੋ ਬਹੁਤ ਪ੍ਰੇਸ਼ਾਨੀ ਵਾਲਾ ਕੰਮ ਹੈ। ਜਾਂ ਬੱਚੇ ਦੇ ਭੋਜਨ ਵਿੱਚ ਫਲ ਅਤੇ ਸਬਜ਼ੀਆਂ ਸ਼ਾਮਲ ਕਰਨਾ, ਜੋ ਅਸਾਨ ਨਹੀਂ ਹੈ।”
ਸੁਆਰੇਜ਼ ਦੇ ਅਨੁਸਾਰ ਮਾਤਾ-ਪਿਤਾ ਅਕਸਰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਫਲ ਅਤੇ ਸਬਜ਼ੀਆਂ ਨਹੀਂ ਖਿਲਾ ਪਾਉਂਦੇ। ਅਜਿਹੇ ਵਿੱਚ ਸਭ ਤੋਂ ਵਧੀਆ ਤਰੀਕਾ ਹੈ, ਉਨ੍ਹਾਂ ਨੂੰ ਖਿਲੌਣਿਆਂ ਦੀ ਤਰ੍ਹਂ ਖੁਆਉਣਾ।
“ਚਲੋ ਗੁੜੀਆ ਲਈ ਐਵੋਕਾਡੋ ਦਾ ਮਾਸਕ ਬਣਾਉਂਦੇ ਹਾਂ ਅਤੇ ਉਹ ਇਸ ਨੂੰ ਖਾਵੇਗੀ ਨਹੀਂ ਪਰ ਜੇ ਉਹ ਐਵੋਕਾਡੋ ਦੇ ਬਾਰੇ ਜਾਣਦੀ ਹੈ ਅਤੇ ਇਸ ਦੇ ਨਾਲ ਖੇਡਦੀ ਹੈ ਤਾਂ ਉਹ ਜਦੋਂ ਵੱਡੀ ਹੋਵੇਗੀ ਤਾਂ ਉਹ ਇਸ ਨੂੰ ਅਸਾਨੀ ਨਾਲ ਆਪਣੇ ਭੋਜਨ ਵਿੱਚ ਸ਼ਾਮਲ ਕਰ ਲਵੇਗੀ।”
ਨਵੇਂ ਸਵਾਦਾਂ, ਸੁਗੰਧਾਂ ਅਤੇ ਬਣਾਵਟਾਂ ਤੋਂ ਜਾਣੂ ਹੋਣ ਦਾ ਇੱਕ ਵੱਡਾ ਫਾਇਦਾ ਇਹ ਵੀ ਹੈ ਕਿ ਇਹ ਜੀਵਨ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ, ਜਿਵੇਂ ਕਿ ਸੁਆਰੇਜ਼ ਨੇ ਦਾਅਵਾ ਕੀਤਾ ਕਿ ਉਸ ਨਾਲ ਵੀ ਅਜਿਹਾ ਹੀ ਹੋਇਆ।
“ਮੈਨੂੰ ਬੈਂਗਨ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ ਪਰ ਮੈਂ ਕੁਝ ਸਾਲ ਪਹਿਲਾਂ ਇਸ ਨੂੰ ਖਾਣਾ ਸਿੱਖਿਆ। ਮੈਨੂੰ ਐਵੋਕਾਡੋ ਕਦੇ ਪਸੰਦ ਨਹੀਂ ਸੀ। ਪਰ ਜੇ ਤੁਸੀਂ ਇਸ ਦੇ ਸਵਾਦ ਦੇ ਆਦੀ ਨਹੀਂ ਹੋ ਅਤੇ ਇਸ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਨਹੀਂ ਕਰਦੇ ਤਾਂ ਇਹ ਤੁਹਾਡੇ ਭੋਜਨ ਤੋਂ ਬਾਹਰ ਹੋ ਜਾਵੇਗਾ।”
ਡਾਕਟਰ ਦੇ ਅਨੁਸਾਰ ਇਨ੍ਹਾਂ ਨਵੇਂ ਭੋਜਨਾਂ ਦੇ ਨਾਲ ਆਪਣੇ ਮਾਈਕ੍ਰੋਬਾਇਟੋ ਨੂੰ ਸਿਖਿਅਤ ਕਰਕੇ ਅਸੀਂ ਆਪਣੇ ਸਵਾਦ ਨੂੰ ਵੀ ਬਣਾ ਕਰ ਰਹੇ ਹਨ।
“ਸਵਾਦ ਬਦਲਦੇ ਹਨ ਕਿਉਂਕਿ ਉਹ ਕਾਫੀ ਹੱਦ ਤੱਕ ਮਾਈਕ੍ਰੋਬਾਇਟੋ ਵੱਲੋਂ ਕੰਟਰੋਲ ਹੁੰਦੇ ਹਨ।”

ਤਸਵੀਰ ਸਰੋਤ, Getty Images
4. ਆਪਣੇ ਸਰੀਰ ਦੀ ਸੁਣੋ
ਸਾਡਾ ਸਰੀਰ ਕਿਸ ਪ੍ਰਕਾਰ ਕੰਮ ਕਰਦਾ ਹੈ, ਇਸ ਦੇ ਬਾਰੇ ਅਜਿਹੀਆਂ ਕਈ ਗੱਲਾਂ ਹਨ, ਜਿਨ੍ਹਾਂ ਨੂੰ ਅਸੀਂ ਅੱਜ ਤੱਕ ਪੂਰੀ ਤਰ੍ਹਾਂ ਤੋਂ ਨਹੀਂ ਸਮਝ ਪਾਏ ਹਾਂ ਪਰ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਅਸੀਂ ਸਖ਼ਤ ਵਿਗਿਆਨਕ ਖੋਜ ਦੇ ਮਾਧਿਅਮ ਨਾਲ ਜਾਣਨ ਵਿੱਚ ਸਫਲ ਹੋਏ ਹਾਂ।
ਹਾਲਾਂਕਿ ਸਾਡੇ ਕੋਲ ਜਾਣਕਾਰੀ ਦਾ ਖਜ਼ਾਨਾ ਮੌਜੂਦ ਹੈ, ਫਿਰ ਵੀ ਡਾ. ਸੁਆਰੇਜ਼ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਲੋਕ ਆਪਣੇ ਸਰੀਰ ਬਾਰੇ ਕਿੰਨਾ ਘੱਟ ਜਾਣਦੇ ਹਨ ਅਤੇ ਪੁੱਛਣ ‘ਚ ਉਨ੍ਹਾਂ ਨੂੰ ਕਿੰਨੀ ਸ਼ਰਮ ਆਉਂਦੀ ਹੈ।
“ਜੋ ਵਿਅਕਤੀ ਸਫ਼ਾਈ ਚਾਹੁੰਦਾ ਹੈ, ਜੋ ਮਹਿਸੂਸ ਕਰਦਾ ਹੈ ਕਿ ਉਸ ਨੂੰ ਸਫਾਈ ਦੀ ਜ਼ਰੂਰਤ ਹੈ, ਉਹ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਉਹ ਠੀਕ ਤਰ੍ਹਾਂ ਨਾਲ ਮਲ-ਮੂਤਰ ਨਹੀਂ ਕਰ ਰਿਹਾ। ਮਨੁੱਖ ਦੇ ਤੌਰ ‘ਤੇ ਸਾਡੇ ਕੋਲ ਅਜਿਹੇ ਅੰਗ ਹਨ, ਜੋ ਇਹ ਕੰਮ ਕਰਦੇ ਹਨ, ਸਾਡੇ ਕੋਲ ਗੁਰਦੇ, ਜਿਗਰ, ਫੇਫੜੇ ਅਤੇ ਕੋਲਨ ਹੈ, ਜੋ ਰਹਿੰਦ-ਖੂੰਹਦ ਨੂੰ ਸੰਭਾਲਦੇ ਹਨ।”
“ਜੇ ਮੈਂ ਇਸ ਬਾਰੇ ਜਾਗਰੂਕ ਹਾਂ ਤਾਂ ਮੈਨੂੰ ਸਫਾਈ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਮੈਂ ਜ਼ਿਆਦਾ ਫਾਈਬਰ, ਜ਼ਿਆਦਾ ਫਲ, ਜ਼ਿਆਦਾ ਸਬਜ਼ੀਆਂ ਖਾਣਾ ਸ਼ੁਰੂ ਕਰ ਦਿੰਦਾ ਹਾਂ ਤੇ ਕਸਰਤ ਕਰਦਾ ਹਾਂ, ਚੰਗੀ ਨੀਂਦ ਲੈਂਦਾ ਹਾਂ ਤੇ ਸਹੀ ਤਰੀਕੇ ਨਾਲ ਮਲ-ਮੂਤਰ ਕਰਦਾ ਹਾਂ।”
ਤੁਸੀਂ ਆਪਣੇ ਸਰੀਰ ਦੀ ਸੁਣੋ, ਤੁਹਾਡਾ ਸਰੀਰ ਸਭ ਤੋਂ ਪਹਿਲਾਂ ਤੁਹਾਨੂੰ ਦੱਸੇਗਾ ਕਿ ਉਸ ਨੂੰ ਕੀ ਚਾਹੀਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI