Source :- BBC PUNJABI
ਤਸਵੀਰ ਸਰੋਤ, Reuters
ਅਮਰੀਕਾ ਅਤੇ ਇਜ਼ਰਾਈਲ ਦਾ ਈਰਾਨ ਨਾਲ ਇੱਕ ਨਵੀਂ ਜੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਇੱਕ ਬਹੁਤ ਹੀ ਖ਼ਤਰਨਾਕ ਪਲ ਹੈ, ਜਿਸ ਦੇ ਨਤੀਜੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਜ਼ਰਾਈਲ ਨੇ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ “ਪ੍ਰੀ-ਐਂਪਟਿਵ” ਸ਼ਬਦ ਦੀ ਵਰਤੋਂ ਕੀਤੀ, ਜਿਸ ਦਾ ਅਰਥ ਹੈ ਕਿਸੇ ਹਮਲੇ ਜਾਂ ਖਤਰੇ ਨੂੰ ਰੋਕਣ ਲਈ ਪਹਿਲਾਂ ਤੋਂ ਕੀਤੀ ਗਈ ਕਾਰਵਾਈ।
ਸਬੂਤ ਦੱਸਦੇ ਹਨ ਕਿ ਇਹ ਕਿਸੇ ਆਉਣ ਵਾਲੇ ਖ਼ਤਰੇ ਦਾ ਜਵਾਬ ਨਹੀਂ ਹੈ, ਜਿਵੇਂ ਕਿ “ਪ੍ਰੀ-ਐਂਪਟਿਵ” ਸ਼ਬਦ ਤੋਂ ਪ੍ਰਤੀਤ ਹੁੰਦਾ ਹੈ। ਸਗੋਂ, ਇਹ ਸਵੈ-ਇੱਛਾ ਨਾਲ ਛੇੜੀ ਗਈ ਜੰਗ ਹੈ।
ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਨੇ ਮੁਲਾਂਕਣ ਕੀਤਾ ਹੈ ਕਿ ਈਰਾਨ ਵਿੱਚ ਇਸਲਾਮੀ ਸ਼ਾਸਨ ਇੱਕ ਕਮਜ਼ੋਰ ਸਥਿਤੀ ਵਿੱਚ ਹੈ। ਉਹ ਇੱਕ ਗੰਭੀਰ ਆਰਥਿਕ ਸੰਕਟ, ਇਸ ਸਾਲ ਦੇ ਸ਼ੁਰੂ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਬੇਰਹਿਮੀ ਨਾਲ ਕੀਤੀ ਗਈ ਕਾਰਵਾਈ ਦੇ ਨਤੀਜੇ ਅਤੇ ਪਿਛਲੀ ਗਰਮੀਆਂ ਦੀ ਜੰਗ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਰੱਖਿਆ ਪ੍ਰਣਾਲੀ ਨਾਲ ਜੂਝ ਰਿਹਾ ਹੈ।
ਉਨ੍ਹਾਂ ਦਾ ਸਿੱਟਾ ਇਹ ਦਰਸਾਉਂਦਾ ਹੈ ਕਿ ਇਹ ਇੱਕ ਅਜਿਹਾ ਮੌਕਾ ਸੀ ਜਿਸ ਨੂੰ ਗੁਆਉਣਾ ਨਹੀਂ ਚਾਹੀਦਾ।
ਇਹ ਅੰਤਰਰਾਸ਼ਟਰੀ ਕਾਨੂੰਨ ਦੀ ਕਮਜ਼ੋਰ ਪ੍ਰਣਾਲੀ ਲਈ ਇੱਕ ਹੋਰ ਝਟਕਾ ਹੈ।
ਆਪਣੇ ਬਿਆਨਾਂ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੋਵਾਂ ਨੇ ਕਿਹਾ ਕਿ ਈਰਾਨ ਉਨ੍ਹਾਂ ਦੇ ਦੇਸ਼ਾਂ ਲਈ ਖ਼ਤਰਾ ਹੈ। ਟਰੰਪ ਨੇ ਇਸ ਨੂੰ ਇੱਕ ਵਿਸ਼ਵਵਿਆਪੀ ਖ਼ਤਰਾ ਵੀ ਦੱਸਿਆ। ਬਿਨ੍ਹਾਂ ਕਿਸੇ ਸ਼ੱਕ ਇਸਲਾਮੀ ਸ਼ਾਸਨ ਉਨ੍ਹਾਂ ਦਾ ਕੱਟੜ ਦੁਸ਼ਮਣ ਹੈ।
ਪਰ ਇਹ ਸਮਝਣਾ ਮੁਸ਼ਕਲ ਹੈ ਕਿ ਸੈਲਫ-ਡਿਫੈਂਸ ਵਿੱਚ ਕਾਨੂੰਨੀ ਪੱਖ ਕਿਵੇਂ ਤੈਅ ਕਰਨਗੇ ਕਿਉਂਕਿ ਇੱਕ ਪਾਸੇ ਅਮਰੀਕਾ ਤੇ ਇਜ਼ਰਾਇਲ ਅਤੇ ਦੂਜੇ ਪਾਸੇ ਈਰਾਨ ਵਿਚਾਲੇ ਤਾਕਤ ਦਾ ਬਹੁਤ ਵੱਡਾ ਅੰਤਰ ਹੈ।
ਜੰਗਾਂ ਦੌਰਾਨ ਨੇਤਨਯਾਹੂ ਦੀ ਮਜ਼ਬੂਤ ਸਿਆਸੀ ਸਥਿਤੀ
ਜੰਗ ਇੱਕ ਸਿਆਸੀ ਕਾਰਵਾਈ ਹੈ। ਹਥਿਆਰਬੰਦ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਕਾਬੂ ਕਰਨਾ ਸੁਭਾਵਿਕ ਤੌਰ ‘ਤੇ ਮੁਸ਼ਕਲ ਹੁੰਦਾ ਹੈ। ਨੇਤਾਵਾਂ ਨੂੰ ਸਪੱਸ਼ਟ ਉਦੇਸ਼ਾਂ ਦੀ ਲੋੜ ਹੁੰਦੀ ਹੈ।
ਬੇਂਜਾਮਿਨ ਨੇਤਨਯਾਹੂ ਦਹਾਕਿਆਂ ਤੋਂ ਈਰਾਨ ਨੂੰ ਇਜ਼ਰਾਈਲ ਦਾ ਸਭ ਤੋਂ ਵੱਡਾ ਖਤਰਨਾਕ ਦੁਸ਼ਮਣ ਮੰਨਦੇ ਆ ਰਹੇ ਹਨ। ਉਨ੍ਹਾਂ ਲਈ ਇਹ ਤੇਹਰਾਨ ਦੀ ਸਰਕਾਰ ਅਤੇ ਈਰਾਨ ਦੀਆਂ ਫੌਜੀ ਸਮਰੱਥਾਵਾਂ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦਾ ਮੌਕਾ ਹੈ।
ਨੇਤਨਯਾਹੂ ਨੇ ਇਸ ਸਾਲ ਦੇ ਅੰਤ ਵਿੱਚ ਆਮ ਚੋਣਾਂ ਦਾ ਵੀ ਸਾਹਮਣਾ ਕਰਨਾ ਹੈ। ਉਹ ਮੰਨਦੇ ਹਨ ਕਿ ਹਮਾਸ ਨਾਲ ਦੋ ਸਾਲਾਂ ਦੀ ਜੰਗ ਤੋਂ ਸਬੂਤ ਮਿਲਦੇ ਹਨ ਕਿ ਜਦੋਂ ਇਜ਼ਰਾਈਲ ਜੰਗ ਵਿੱਚ ਹੁੰਦਾ ਹੈ ਤਾਂ ਉਨ੍ਹਾਂ ਦੀ ਰਾਜਨੀਤਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਡੌਨਲਡ ਟਰੰਪ ਦੇ ਉਦੇਸ਼ ਹਮੇਸ਼ਾ ਦੀ ਤਰ੍ਹਾਂ ਬਦਲਦੇ ਰਹੇ ਹਨ। ਜਨਵਰੀ ਵਿੱਚ ਉਨ੍ਹਾਂ ਨੇ ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ ਮਦਦ ਭੇਜੀ ਜਾ ਰਹੀ ਹੈ।
ਉਸ ਸਮੇਂ ਅਮਰੀਕੀ ਜਲ ਸੈਨਾ ਦਾ ਬਹੁਤ ਸਾਰਾ ਹਿੱਸਾ ਵੈਨੇਜ਼ੁਏਲਾ ਦੇ ਨੇਤਾ ਨੂੰ ਹਟਾਉਣ ਵਿੱਚ ਰੁੱਝਿਆ ਹੋਇਆ ਸੀ, ਇਸ ਲਈ ਉਨ੍ਹਾਂ ਕੋਲ ਫੌਜੀ ਬਦਲ ਦੀ ਘਾਟ ਸੀ।
ਤਸਵੀਰ ਸਰੋਤ, Getty Images
ਪਰਮਾਣੂ ਹਥਿਆਰਾਂ ਬਾਰੇ ਈਰਾਨ ਨੇ ਕੀ ਕਿਹਾ
ਜਦੋਂ ਅਮਰੀਕਾ ਇਸ ਇਲਾਕੇ ਵਿੱਚ ਦੋ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਅਤੇ ਜ਼ਮੀਨ ‘ਤੇ ਮੌਜੂਦ ਕਾਫੀ ਫਾਇਰਪਾਵਰ ਤਾਇਨਾਤ ਕਰ ਰਿਹਾ ਸੀ ਤਾਂ ਉਸ ਸਮੇਂ ਟਰੰਪ ਨੇ ਈਰਾਨ ਦੀਆਂ ਪ੍ਰਮਾਣੂ ਇੱਛਾਵਾਂ ਦੇ ਖ਼ਤਰਿਆਂ ਬਾਰੇ ਵਿਆਪਕ ਤੌਰ ‘ਤੇ ਗੱਲ ਕੀਤੀ।
ਹਾਲਾਂਕਿ ਪਿਛਲੀ ਗਰਮੀਆਂ ਦੀ ਜੰਗ ਤੋਂ ਬਾਅਦ ਟਰੰਪ ਨੇ ਐਲਾਨ ਕੀਤਾ ਸੀ ਕਿ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ “ਨਸ਼ਟ” ਹੋ ਗਿਆ ਹੈ।
ਈਰਾਨੀ ਸ਼ਾਸਨ ਨੇ ਹਮੇਸ਼ਾ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਪ੍ਰਮਾਣੂ ਹਥਿਆਰ ਚਾਹੁੰਦੇ ਹਨ, ਪਰ ਉਸ ਨੇ ਯੂਰੇਨੀਅਮ ਸੋਧ ਗਤੀਵਿਧੀਆਂ ਇਸ ਪੱਧਰ ਤੱਕ ਵਧਾ ਲਈਆਂ ਹਨ ਕਿ ਇਹ ਨਹੀਂ ਲੱਗ ਰਿਹਾ ਕਿ ਇਹ ਸ਼ਾਂਤਮਈ ਮਕਸਦ ਲਈ ਕੀਤਾ ਜਾ ਰਿਹਾ।
ਅਜਿਹਾ ਲੱਗ ਰਿਹਾ ਹੈ ਕਿ ਉਹ ਬੰਬ ਬਣਾਉਣ ਦਾ ਬਦਲ ਚਾਹੁੰਦਾ ਹੈ। ਅਜੇ ਤੱਕ ਇਜ਼ਰਾਈਲ ਅਤੇ ਅਮਰੀਕਾ ਨੇ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ ਹੈ ਕਿ ਅਜਿਹਾ ਹੋਣ ਵਾਲਾ ਹੈ।

ਆਪਣੀ ਵੀਡੀਓ ਵਿੱਚ ਟਰੰਪ ਨੇ ਈਰਾਨੀ ਲੋਕਾਂ ਨੂੰ ਕਿਹਾ ਕਿ “ਆਜ਼ਾਦੀ ਦਾ ਸਮਾਂ” ਨੇੜੇ ਆ ਗਿਆ ਹੈ। ਨੇਤਨਯਾਹੂ ਦਾ ਵੀ ਅਜਿਹਾ ਹੀ ਸੰਦੇਸ਼ ਸੀ ਕਿ ਯੁੱਧ ਈਰਾਨੀ ਲੋਕਾਂ ਨੂੰ ਸ਼ਾਸਨ ਨੂੰ ਪੁੱਟ ਸੁੱਟਣ ਦਾ ਮੌਕਾ ਦੇਵੇਗਾ। ਹਾਲਾਂਕਿ, ਇਹ ਕਿਸੇ ਵੀ ਤਰ੍ਹਾਂ ਨਿਸ਼ਚਿਤ ਨਹੀਂ ਹੈ।
ਸਿਰਫ ਹਵਾਈ ਹਮਲੇ ਕਾਰਨ ਸਰਕਾਰ ਬਦਲਣ ਦੀ ਕੋਈ ਉਦਾਹਰਨ ਨਹੀਂ ਹੈ।
2003 ਵਿੱਚ ਇਰਾਕ ਦੇ ਸੱਦਾਮ ਹੁਸੈਨ ਨੂੰ ਇੱਕ ਵੱਡੀ ਅਮਰੀਕੀ ਫੌਜੀ ਨੇ ਡੇਗ ਦਿੱਤਾ ਸੀ। 2011 ਵਿੱਚ ਲੀਬੀਆ ਦੇ ਮੁਅੱਮਰ ਗੱਦਾਫੀ ਨੂੰ ਵਿਦਰੋਹੀ ਫੌਜਾਂ ਨੇ ਸੱਤਾ ਤੋਂ ਉਤਾਰ ਦਿੱਤਾ ਸੀ, ਜਿਨ੍ਹਾਂ ਨੂੰ ਨਾਟੋ ਅਤੇ ਕੁਝ ਅਰਬ ਦੇਸ਼ਾਂ ਨੇ ਹਵਾਈ ਫੌਜਾਂ ਦਿੱਤੀਆਂ ਸਨ।
ਦੋਵਾਂ ਮਾਮਲਿਆਂ ਵਿੱਚ ਨਤੀਜਾ ਇਹ ਹੋਇਆ ਕਿ ਦੇਸ਼ ਦਾ ਪਤਨ, ਘਰੇਲੂ ਯੁੱਧ ਅਤੇ ਹਜ਼ਾਰਾਂ ਲੋਕ ਮਾਰੇ ਗਏ। ਲੀਬੀਆ ਅਜੇ ਵੀ ਇੱਕ ਅਸਫਲ ਦੇਸ਼ ਹੈ। ਇਰਾਕ ਅਜੇ ਵੀ ਹਮਲੇ ਅਤੇ ਉਸ ਤੋਂ ਬਾਅਦ ਹੋਏ ਖੂਨ-ਖਰਾਬੇ ਦੇ ਨਤੀਜਿਆਂ ਨਾਲ ਜੂਝ ਰਿਹਾ ਹੈ।
ਇਜ਼ਰਾਇਲ ਦੀ ਨੀਤੀ ਕੀ ਹੈ
ਭਾਵੇਂ ਇਹ ਪਹਿਲੀ ਵਾਰ ਹੋਵੇ ਜਦੋਂ ਕਿਸੇ ਸਰਕਾਰ ਨੂੰ ਸਿਰਫ਼ ਹਵਾਈ ਤਾਕਤ ਰਾਹੀਂ ਹੀ ਸੱਤਾ ਤੋਂ ਉਤਾਰਿਆ ਜਾਵੇ, ਫਿਰ ਵੀ ਇਸਲਾਮੀ ਸਰਕਾਰ ਦੀ ਥਾਂ ਕੋਈ ਲਿਬਰਲ ਡੇਮੋਕ੍ਰੇਸੀ ਨਹੀਂ ਲੈ ਪਾਏਗੀ, ਜੋ ਮਨੁੱਖੀ ਅਧਿਕਾਰਾਂ ਦਾ ਸਾਥ ਦੇਵੇ। ਦੇਸ਼ ਨਿਕਾਲੇ ਵਿੱਚ ਕੋਈ ਭਰੋਸੇਮੰਦ ਦੂਜੀ ਸਰਕਾਰ ਇੰਤਜ਼ਾਰ ਨਹੀਂ ਕਰ ਰਹੀ ਹੈ।
ਲਗਭਗ ਅੱਧੀ ਸਦੀ ਤੋਂ ਈਰਾਨੀ ਸਰਕਾਰ ਨੇ ਇੱਕ ਮੁਸ਼ਕਲ ਪੌਲੀਟਿਕਲ ਸਿਸਟਮ ਬਣਾਇਆ ਹੈ, ਜੋ ਵਿਚਾਰਧਾਰਾ, ਭ੍ਰਿਸ਼ਟਾਚਾਰ ਅਤੇ ਲੋੜ ਪੈਣ ‘ਤੇ ਬੇਰਹਿਮੀ ਨਾਲ ਤਾਕਤ ਦੇ ਇਸਤੇਮਾਲ ‘ਤੇ ਟਿਕਿਆ ਹੈ।
ਤੇਹਰਾਨ ਸਰਕਾਰ ਨੇ ਜਨਵਰੀ ਵਿੱਚ ਇਹ ਵੀ ਦਿਖਾਇਆ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਲਈ ਵੀ ਤਿਆਰ ਹੈ। ਉਸ ਕੋਲ ਅਜਿਹੇ ਸੁਰੱਖਿਆ ਬਲ ਹਨ, ਜੋ ਸੜਕਾਂ ‘ਤੇ ਸਿਸਮਟ ਨੂੰ ਚੁਣੌਤੀ ਦੇਣ ਅਤੇ ਆਜ਼ਾਦੀ ਦੀ ਮੰਗ ਕਰਨ ਵਾਲੇ ਹਜ਼ਾਰਾਂ ਸਾਥੀ ਨਾਗਰਿਕਾਂ ਨੂੰ ਗੋਲੀ ਮਾਰ ਕੇ ਮਾਰਨ ਦੇ ਹੁਕਮਾਂ ਨੂੰ ਮੰਨਦੇ ਹਨ।
ਅਮਰੀਕਾ ਅਤੇ ਇਜ਼ਰਾਈਲ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਜ਼ਰਾਈਲ ਕਤਲ ਦੀ ਤਾਕਤ ਨੂੰ ਇੱਕ ਰਣਨੀਤੀ ਵਜੋਂ ਮੰਨਦਾ ਹੈ।
ਪਿਛਲੇ ਦੋ ਸਾਲਾਂ ਵਿੱਚ ਉਸਨੇ ਗਾਜ਼ਾ ਵਿੱਚ ਹਮਾਸ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਨੇਤਾਵਾਂ ਨੂੰ ਅਤੇ ਉਨ੍ਹਾਂ ਦੇ ਕਈ ਲੈਫਟੀਨੈਂਟਾਂ ਨੂੰ ਮਾਰ ਦਿੱਤਾ।
ਤਸਵੀਰ ਸਰੋਤ, Getty Images
ਟਰੰਪ ਦਾ ਆਫਰ
ਈਰਾਨ ਵਿੱਚ ਇਸਲਾਮੀ ਸ਼ਾਸਨ ਇੱਕ ਵੱਖਰਾ ਮਾਮਲਾ ਹੈ। ਇਹ ਇੱਕ ਦੇਸ਼ ਨੂੰ ਚਲਾਉਂਦਾ ਹੈ, ਹਥਿਆਰਬੰਦ ਅੰਦੋਲਨ ਨੂੰ ਨਹੀਂ। ਇਸ ਨੂੰ ਕੋਈ ਇੱਕ ਵਿਅਕਤੀ ਨਹੀਂ ਚਲਾਉਂਦਾ। ਜੇਕਰ ਸੁਪਰੀਮ ਲੀਡਰ ਮਾਰਿਆ ਜਾਂਦਾ ਹੈ ਤਾਂ ਉਸਦੀ ਥਾਂ ਇੱਕ ਹੋਰ ਧਾਰਮਿਕ ਆਗੂ ਆ ਜਾਵੇਗਾ, ਜਿਸਨੂੰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਦਾ ਸਮਰਥਨ ਪ੍ਰਾਪਤ ਹੋਵੇਗਾ, ਜੋ ਰਵਾਇਤੀ ਹਥਿਆਰਬੰਦ ਬਲਾਂ ਦੇ ਨਾਲ ਮੌਜੂਦ ਹੈ ਅਤੇ ਜਿਸਦਾ ਸਪੱਸ਼ਟ ਕੰਮ ਦੇਸ਼ ਅਤੇ ਵਿਦੇਸ਼ ਵਿੱਚ ਖਤਰਿਆਂ ਤੋਂ ਸ਼ਾਸਨ ਦੀ ਰੱਖਿਆ ਕਰਨਾ ਹੈ।
ਟਰੰਪ ਨੇ ਉਨ੍ਹਾਂ ਨੂੰ ਨਿਸ਼ਚਤ ਮੌਤ ਦੀ ਧਮਕੀ ਦੇ ਕੇ ਜਾਂ ਆਤਮ ਸਮਰਪਣ ਕਰਕੇ ਛੱਡਣ ਦੀ ਪੇਸ਼ਕਸ਼ ਕੀਤੀ ਸੀ।
ਉਸ ਦੀ ਪੇਸ਼ਕਸ਼ ਸ਼ਾਇਦ ਹੀ ਆਈਆਰਜੀਸੀ ਨੂੰ ਭਰਮਾ ਸਕੇ ਕਿਉਂਕਿ ਇਸਲਾਮੀ ਗਣਰਾਜ ਅਤੇ ਸ਼ੀਆ ਇਸਲਾਮ ਦੀ ਸੋਚ ਵਿੱਚ ਸ਼ਹਾਦਤ ਇੱਕ ਆਮ ਗੱਲ ਹੈ।
ਟਰੰਪ ਦਾ ਮੰਨਣਾ ਹੈ ਕਿ ਰਾਜਨੀਤੀ ਅਤੇ ਜੀਵਨ ਵਿੱਚ ਸਭ ਤੋਂ ਵੱਡੀ ਪ੍ਰੇਰਣਾ ਸ਼ਕਤੀ ਲੈਣ-ਦੇਣ ਦੀ ਹੁੰਦੀ ਹੈ, ਜਿਵੇਂ ਕਿ ਉਨ੍ਹਾਂ ਦੀ ਕਿਤਾਬ, ‘ਦਿ ਆਰਟ ਆਫ਼ ਦਿ ਡੀਲ’ ਵਿੱਚ ਕਿਹਾ ਗਿਆ ਹੈ।
ਪਰ ਈਰਾਨ ਨਾਲ ਨਜਿੱਠਣ ਲਈ ਵਿਚਾਰਧਾਰਾ ਅਤੇ ਵਿਸ਼ਵਾਸ ਦੀ ਤਾਕਤ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਨੂੰ ਮਾਪਣਾ ਬਹੁਤ ਮੁਸ਼ਕਲ ਹੈ।
ਤਸਵੀਰ ਸਰੋਤ, Getty Images
ਸਾਲ ਦੀ ਸ਼ੁਰੂਆਤ ਤੋਂ ਹੀ ਇਹ ਸੰਕਟ ਵਧਦਾ ਗਿਆ ਅਤੇ ਅਮਰੀਕਾ ਨੇ ਆਪਣਾ ਫੌਜੀ ਬੇੜਾ ਤਿਆਰ ਕੀਤਾ। ਤੇਹਰਾਨ ਦੀ ਲੀਡਰਸ਼ਿਪ ਨੂੰ ਇਹ ਲੱਗਣ ਲੱਗਿਆ ਸੀ ਕਿ ਯੁੱਧ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਇਸੇ ਦੌਰਾਨ ਉਨ੍ਹਾਂ ਨੇ ਗੱਲਬਾਤ ਸ਼ੁਰੂ ਕੀਤੀ। ਉਹ ਜਾਣਦੇ ਸਨ ਕਿ ਜਦੋਂ ਇਜ਼ਰਾਈਲ ਨੇ ਪਿਛਲੀ ਗਰਮੀਆਂ ਵਿੱਚ ਹਮਲਾ ਕੀਤਾ ਸੀ, ਤਾਂ ਗੱਲਬਾਤ ਅਜੇ ਵੀ ਜਾਰੀ ਸੀ, ਜਿਸ ਵਿੱਚ ਅਮਰੀਕਾ ਨੇ ਹਿੱਸਾ ਲਿਆ ਸੀ।
ਉਹ ਨਾ ਤਾਂ ਅਮਰੀਕਾ ‘ਤੇ ਅਤੇ ਨਾ ਹੀ ਇਜ਼ਰਾਇਲ ਉਪਰ ਭਰੋਸਾ ਕਰਦੇ ਹਨ।
ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਈਰਾਨ ਪ੍ਰਮਾਣੂ ਸਮਝੌਤੇ, (ਜੇਸੀਪੀਓਏ) ਤੋਂ ਪਿੱਛੇ ਹਟ ਗਏ, ਜਿਸਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰ ਦਿੱਤਾ ਸੀ ਅਤੇ ਇਹ ਓਬਾਮਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਵਿਦੇਸ਼ ਨੀਤੀ ਦੀ ਕਾਮਯਾਬੀ ਸੀ।
ਅਜਿਹੇ ਸੰਕੇਤ ਮਿਲੇ ਹਨ ਕਿ ਸ਼ਾਇਦ ਈਰਾਨ ਜੇਸੀਪੀਓਏ ਨੂੰ ਮੰਨਣ ਲਈ ਤਿਆਰ ਹੋ ਗਿਆ ਹੈ ਪਰ ਅਮਰੀਕਾ ਉਸ ਦੇ ਮਿਜ਼ਾਈਲ ਪ੍ਰੋਗਰਾਮ ‘ਤੇ ਸਖ਼ਤ ਪਾਬੰਦੀਆਂ ਲਗਾਉਣ ਅਤੇ ਈਰਾਨ ਵੱਲੋਂ ਇਜ਼ਰਾਈਲ ਤੇ ਅਮਰੀਕਾ ਦਾ ਵਿਰੋਧ ਕਰਨ ਵਾਲਿਆਂ ਨੂੰ ਸਮਰਥਣ ਦੇਣਾ ਬੰਦ ਕਰਨ ਦੀ ਵੀ ਮੰਗ ਕਰ ਰਿਹਾ ਹੈ।
ਪਰ ਇਹ ਉਨ੍ਹਾਂ ਦੇ ਲਈ ਹਾਰ ਮੰਨਣ ਦੇ ਬਰਾਬਰ ਸੀ, ਇੱਕ ਪ੍ਰਕਾਰ ਨਾਲ ਆਤਮ ਸਮਰਪਣ ਕਰਨ ਦੇ ਸਮਾਨ।
ਲੀਡਰਸ਼ਿਪ ਦਾ ਇਹ ਵੀ ਮੰਨਣਾ ਸੀ ਕਿ ਮਿਜ਼ਾਈਲਾਂ ਅਤੇ ਸਹਿਯੋਗੀਆਂ ਨੂੰ ਛੱਡਣ ਨਾਲ ਹਮਲੇ ਦੇ ਖ਼ਤਰੇ (ਅਤੇ ਹੁਣ ਹਕੀਕਤ) ਨਾਲੋਂ ਸ਼ਾਸਨ ਤਬਦੀਲੀ ਦੀ ਸੰਭਾਵਨਾ ਕਿਤੇ ਜ਼ਿਆਦਾ ਵਧ ਜਾਵੇਗੀ।
ਈਰਾਨ ਦੇ ਨੇਤਾ ਹੁਣ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਯੁੱਧ ਦੇ ਨਤੀਜਿਆਂ ਨਾਲ ਕਿਵੇਂ ਨਜਿੱਠਿਆ ਜਾਵੇ, ਕਿਵੇਂ ਬਚਿਆ ਜਾਵੇ ਅਤੇ ਇਸ ਦੇ ਨਤੀਜਿਆਂ ਨੂੰ ਕਿਵੇਂ ਸੰਭਾਲਿਆ ਜਾਵੇ। ਸਾਊਦੀ ਅਰਬ ਦੀ ਅਗਵਾਈ ਹੇਠ ਉਨ੍ਹਾਂ ਦੇ ਗੁਆਂਢੀ ਅੱਜ ਦੀਆਂ ਘਟਨਾਵਾਂ ਤੋਂ ਪੈਦਾ ਹੋਈ ਭਾਰੀ ਅਨਿਸ਼ਚਿਤਤਾ ਅਤੇ ਸੰਭਾਵੀ ਨਤੀਜਿਆਂ ਤੋਂ ਚਿੰਤਤ ਹੋਣਗੇ।
ਮਿਡਲ ਈਸਟ ਦੀ ਪ੍ਰੇਸ਼ਾਨੀ ਫੈਲਾਉਣ ਦੀ ਸਮਰੱਥਾ ਨੂੰ ਦੇਖਦੇ ਹੋਏ, ਨਵੇਂ ਅਤੇ ਤੇਜ਼ ਜੰਗ ਦੇ ਸ਼ੁਰੂ ਹੋਣ ਨਾਲ ਇਸ ਖੇਤਰ ਅਤੇ ਪੂਰੀ ਦੁਨੀਆ ਵਿੱਚ ਅਸਥਿਰਤਾ ਹੋਰ ਵੱਧ ਜਾਵੇਗੀ, ਜੋ ਪਹਿਲਾਂ ਤੋਂ ਹੀ ਅਸ਼ਾਂਤ, ਹਿੰਸਕ ਅਤੇ ਖਤਰਨਾਕ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



